ਟਰੰਪ ਦੇ ਕੇਸ ਦੀ ਸੁਣਵਾਈ ਦੌਰਾਨ ਖ਼ੁਦ ਨੂੰ ਅੱਗ ਲਗਾਉਣ ਵਾਲੇ ਸ਼ਖ਼ਸ ਦੀ ਮੌਤ

    • ਲੇਖਕ, ਨਾਦਾ ਤੌਫੀਕ
    • ਰੋਲ, ਨਿਊਯਾਰਕ ਤੋਂ ਬੀਬੀਸੀ ਪੱਤਰਕਾਰ

ਡੌਨਲਡ ਟਰੰਪ ਨਾਲ ਜੁੜੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਦੇ ਬਾਹਰ ਖੁਦ ਨੂੰ ਅੱਗ ਲਾਉਣ ਵਾਲੇ ਵਿਅਕਤੀ ਦੀ ਮੌਤ ਹੋ ਗਈ ਹੈ।

37 ਸਾਲਾ ਮੈਕਸਵੈੱਲ ਅਜ਼ਾਰੇਲੋ ਨੇ ਪਹਿਲਾਂ ਹਵਾ ਵਿਚ ਕੁਝ ਪਰਚੇ ਸੁੱਟੇ ਅਤੇ ਫਿਰ ਛਿੜਕ ਕੇ ਆਪਣੇ ਆਪ ਨੂੰ ਅੱਗ ਲਗਾ ਲਈ।

ਇਹ ਘਟਨਾ ਅਜਿਹੇ ਸਮੇਂ ਵਿੱਚ ਵਾਪਰੀ ਹੈ ਜਦੋਂ ਡੌਨਲਡ ਟਰੰਪ ਦੇ ਕੇਸ ਦੀ ਸੁਣਵਾਈ ਲਈ ਜਿਊਰੀ ਦੀ ਚੋਣ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ।

ਅਮਰੀਕਾ ਵਿੱਚ ਬੀਬੀਸੀ ਦੇ ਸਹਿਯੋਗੀ ਸੀਬੀਐੱਸ ਨਿਊਜ਼ ਮੁਤਾਬਕ ਮੈਕਸਵੈੱਲ ਨੂੰ ਸ਼ੁੱਕਰਵਾਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਆਪਣੇ ਉੱਤੇ ਤਰਲ ਛਿੜਕਣ ਤੋਂ ਬਾਅਦ ਵਿਅਕਤੀ ਨੇ ਅਦਾਲਤ ਦੇ ਬਾਹਰ ਮੀਡੀਆ ਦੇ ਸਾਹਮਣੇ ਹਵਾ ਵਿੱਚ ਪਰਚੇ ਸੁੱਟੇ।

ਉਨ੍ਹਾਂ ਨੇ ਅਜਿਹਾ ਕਿਉਂ ਕੀਤਾ? ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਟਰੰਪ ਜਿਊਰੀ ਦੀ ਚੋਣ ਵਿੱਚ ਹਿੱਸਾ ਲੈਣ ਲਈ ਆਪਣੀ ਸਕਿਊਰਿਟੀ ਦੇ ਨਾਲ ਇਮਾਰਤ ਦੇ ਅੰਦਰ ਸਨ, ਪਰ ਜਦੋਂ ਇਹ ਘਟਨਾ ਵਾਪਰੀ ਉਦੋਂ ਤੱਕ ਉਹ ਉੱਥੋਂ ਚਲੇ ਗਏ ਸਨ।

ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿੱਚ ਅਦਾਲਤ ਦੀ ਸੁਰੱਖਿਆ ਦੀ ਉਲੰਘਣਾ ਨਹੀਂ ਹੋਈ ਹੈ।

ਬਦਲਵੀਂ ਜਿਊਰੀ ਦੀ ਚੋਣ ਦੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਦੁਪਹਿਰ ਬਾਅਦ ਅਦਾਲਤ ਵਿੱਚ ਕੇਸ ਦੀ ਸੁਣਵਾਈ ਸ਼ੁਰੂ ਹੋ ਗਈ।

ਮਾਮਲੇ ਵਿੱਚ ਸ਼ੁਰੂਆਤੀ ਬਿਆਨ ਦਰਜ ਕਰਨ ਦੀ ਪ੍ਰਕਿਰਿਆ ਸੋਮਵਾਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ।

ਇੱਕ ਪ੍ਰੈਸ ਕਾਨਫਰੰਸ ਵਿੱਚ, ਜਾਂਚ ਅਧਿਕਾਰੀਆਂ ਨੇ ਕਿਹਾ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ 1:30 ਵਜੇ ਐਮਰਜੈਂਸੀ ਕਾਲ ਕੀਤੀ ਗਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਕਿਸੇ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਹੈ।

ਜਾਂਚ ਅਧਿਕਾਰੀਆਂ ਨੇ ਵਿਅਕਤੀ ਦੀ ਪਛਾਣ ਮੈਕਸਵੈੱਲ ਅਜ਼ਾਰੇਲੋ ਵਜੋਂ ਕੀਤੀ ਹੈ, ਜੋ ਪਿਛਲੇ ਹਫ਼ਤੇ ਫਲੋਰਿਡਾ ਸਥਿਤ ਆਪਣੇ ਘਰ ਤੋਂ ਨਿਊਯਾਰਕ ਆਇਆ ਸੀ।

ਉਸ ਵਿਅਕਤੀ ਦਾ ਨਿਊਯਾਰਕ ਵਿੱਚ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਨਾਲ ਹੀ, ਫਲੋਰਿਡਾ ਵਿੱਚ ਉਸਦੇ ਪਰਿਵਾਰ ਨੂੰ ਇਹ ਪਤਾ ਨਹੀਂ ਸੀ ਕਿ ਉਹ ਨਿਊਯਾਰਕ ਜਾ ਰਿਹਾ ਹੈ।

ਸਥਿਤੀ ਕਿਵੇਂ ਹੈ?

ਨਿਊਯਾਰਕ ਦੇ ਪੁਲਿਸ ਮੁਖੀ ਜੈਫਰੀ ਮੈਡਰੇ ਨੇ ਕਿਹਾ ਕਿ ਵਿਅਕਤੀ ਨੂੰ ਅੱਗ ਲਗਾਉਣ ਤੋਂ ਪਹਿਲਾਂ ਪਾਰਕ ਵਿੱਚ ਇੱਧਰ-ਉੱਧਰ ਘੁੰਮਦੇ ਦੇਖਿਆ ਗਿਆ ਸੀ।

ਜੈਫਰੀ ਮੈਡਰੇ ਨੇ ਕਿਹਾ ਕਿ ਮੀਡੀਆ ਦੇ ਸਾਹਮਣੇ ਵਿਅਕਤੀ ਵੱਲੋਂ ਸੁੱਟੇ ਗਏ ਪਰਚੇ ਪ੍ਰਾਪੇਗੰਡਾ ਆਧਾਰਿਤ ਸਨ ਅਤੇ ਸਾਜ਼ਿਸ਼ੀ ਸਿਧਾਂਤ ਨਾਲ ਸਬੰਧਤ ਸਨ।

ਉਨ੍ਹਾਂ ਦੇ ਅਨੁਸਾਰ, ਜਲਣਸ਼ੀਲ ਪਦਾਰਥ ਅਲਕੋਹਲ ਅਧਾਰਤ ਸਫਾਈ ਕਰਨ ਵਾਲਾ ਰਸਾਇਣ ਜਾਪਦਾ ਹੈ, ਜਿਸ ਦੀ ਮਦਦ ਨਾਲ ਵਿਅਕਤੀ ਨੇ ਖ਼ੁਦ ਅੱਗ ਲਾ ਲਈ ਹੈ।

ਟਰੰਪ ਦੇ ਮੁਕੱਦਮੇ ਕਾਰਨ ਅਦਾਲਤ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਮੌਜੂਦ ਸੀ ਅਤੇ ਪੁਲਿਸ ਨੇ ਜਿਵੇਂ ਹੀ ਉਸ ਨੂੰ ਅੱਗ ਲਾਉਂਦੇ ਦੇਖਿਆ ਤਾਂ ਉਹ ਤੁਰੰਤ ਉਸ ਵੱਲ ਭੱਜੇ।

ਵਿਅਕਤੀ ਨੂੰ ਸਟਰੈਚਰ ਉੱਤੇ ਬਾਹਰ ਲਿਜਾਇਆ ਗਿਆ ਅਤੇ ਉਸ ਦਾ ਸਰੀਰ ਬੁਰੀ ਤਰ੍ਹਾਂ ਸੜਿਆ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦੇ ਬਰਨ ਸੈਂਟਰ ਵਿੱਚ ਲਿਜਾਇਆ ਗਿਆ।

ਚਸ਼ਮਦੀਦ ਗਵਾਹਾਂ ਨੇ ਕੀ ਦੱਸਿਆ?

ਜੂਲੀ ਬਰਮਨ ਨਾਂ ਦੀ ਚਸ਼ਮਦੀਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਭ ਕੁਝ ਇੰਨੀ ਤੇਜ਼ੀ ਨਾਲ ਵਾਪਰਿਆ ਕਿ ਉਸ ਨੂੰ ਕੁਝ ਵੀ ਸਮਝ ਨਹੀਂ ਆਇਆ, "ਇੱਥੇ ਕੀ ਹੋ ਰਿਹਾ ਸੀ ਇਹ ਸਮਝਣ ਵਿੱਚ ਮੈਨੂੰ 20 ਸਕਿੰਟ ਲੱਗੇ।"

ਇੱਕ ਹੋਰ ਚਸ਼ਮਦੀਦ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਇਹ ਉਹ ਦ੍ਰਿਸ਼ ਸਨ ਜੋ ਉਹ ਕਦੇ ਨਹੀਂ ਦੇਖਣਾ ਚਾਹੁੰਦੇ ਸਨ।

ਜਾਂਚ ਅਧਿਕਾਰੀਆਂ ਨੂੰ ਬਾਅਦ ਵਿੱਚ ਘਟਨਾ ਸਥਾਨ 'ਤੇ ਪੈਂਫਲੇਟ ਇਕੱਠੇ ਕਰਦੇ ਦੇਖਿਆ ਗਿਆ ਸੀ ਜੋ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਾਉਣ ਤੋਂ ਪਹਿਲਾਂ ਖਿਲਾਰੇ ਸੀ।

ਉਹ ਅਜੇ ਵੀ ਕੁਝ ਚਸ਼ਮਦੀਦ ਗਵਾਹਾਂ ਤੋਂ ਪੁੱਛਗਿੱਛ ਕਰ ਰਹੇ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਵਿਅਕਤੀ ਨੇ ਖੁਦ ਨੂੰ ਅੱਗ ਲਾਉਣ ਤੋਂ ਪਹਿਲਾਂ ਕੁਝ ਨਹੀਂ ਕਿਹਾ।

ਅੱਗ ਬੁਝਾਉਣ ਵਿੱਚ ਮਦਦ ਕਰਦੇ ਹੋਏ ਨਿਊਯਾਰਕ ਪੁਲਿਸ ਵਿਭਾਗ ਦੇ ਤਿੰਨ ਅਧਿਕਾਰੀ ਅਤੇ ਇੱਕ ਅਦਾਲਤੀ ਅਧਿਕਾਰੀ ਮਾਮੂਲੀ ਜ਼ਖ਼ਮੀ ਹੋ ਗਏ।

ਅਧਿਕਾਰੀਆਂ ਨੇ ਕਿਹਾ ਕਿ ਅਦਾਲਤ ਦੇ ਬਾਹਰ ਸੁਰੱਖਿਆ ਦਾ ਮੁੜ ਮੁਲਾਂਕਣ ਕੀਤਾ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)