You’re viewing a text-only version of this website that uses less data. View the main version of the website including all images and videos.
ਧੋਖਾਧੜੀ ਦੇ ਇਲਜ਼ਾਮਾਂ ’ਤੇ ਅਡਾਨੀ ਦਾ ਪਲਟਵਾਰ, ਰਿਸਰਚ ਕੰਪਨੀ ਨੇ ਵੀ ਦਿੱਤੀ ਚੁਣੌਤੀ
- ਲੇਖਕ, ਨਿਖਿਲ ਇਨਾਮਦਾਰ ਅਤੇ ਮੋਨਿਕਾ ਮਿਲਰ
- ਰੋਲ, ਬੀਬੀਸੀ ਪੱਤਰਕਾਰ
ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਭਾਰਤੀ ਅਰਬਪਤੀ ਗੌਤਮ ਅਡਾਨੀ ਦੀ ਮਲਕੀਅਤ ਵਾਲੀ ਇੱਕ ਕੰਪਨੀ ਨੇ ਉਸ ਰਿਪੋਰਟ 'ਤੇ ਪਲਟਵਾਰ ਕੀਤਾ ਹੈ ਜਿਸ ਵਿੱਚ ਕੰਪਨੀ 'ਤੇ "ਸ਼ਰੇਆਮ" ਸਟਾਕ ਹੇਰਾਫੇਰੀ ਅਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਗਿਆ ਸੀ।
ਪਰ ਹਿੰਡਨਬਰਗ ਆਪਣੀ ਰਿਸਰਚ ਰਿਪੋਰਟ ਉਪਰ ਕਾਇਮ ਹੈ ਅਤੇ ਅਡਾਨੀ ਨੂੰ ਅਮਰੀਕਾ ਵਿੱਚ ਉਸ ਖਿਲਾਫ਼ ਮਾਨਹਾਨੀ ਦਾ ਕੇਸ ਪਾਉਣ ਦੀ ਚੁਣੌਤੀ ਦਿੱਤੀ ਹੈ।
ਗੌਤਮ ਅਡਾਨੀ ਵੱਲੋਂ ਸਥਾਪਿਤ ਅਡਾਨੀ ਗਰੁੱਪ ਨੇ ਅਮਰੀਕੀ ਨਿਵੇਸ਼ ਫਰਮ ਦੀ ਇਸ ਰਿਪੋਰਟ ਨੂੰ "ਦੋਸ਼ਪੂਰਨ" ਅਤੇ "ਚੋਣਵੀਂ ਗਲਤ ਸੂਚਨਾ" ਨਾਲ ਤਿਆਰ ਕੀਤੀ ਹੋਈ ਦੱਸਿਆ ਹੈ।
ਬੁੱਧਵਾਰ ਨੂੰ ਖੋਜ ਦੇ ਜਨਤਕ ਹੋਣ ਤੋਂ ਬਾਅਦ ਅਡਾਨੀ ਗਰੁੱਪ ਨੇ ਲਗਭਗ 11 ਬਿਲੀਅਨ ਡਾਲਰ (8.7 ਬਿਲੀਅਨ ਪੌਂਡ) ਦਾ ਮਾਰਕੀਟ ਮੁੱਲ ਗੁਆ ਦਿੱਤਾ ਹੈ।
ਇਹ ਹੁਣ ਨਿਊਯਾਰਕ ਦੇ ਹਿੰਡਨਬਰਗ ਰਿਸਰਚ ਦੇ ਖਿਲਾਫ਼ ਕਾਨੂੰਨੀ ਕਾਰਵਾਈ 'ਤੇ ਵਿਚਾਰ ਕਰ ਰਿਹਾ ਹੈ।
ਅਡਾਨੀ ਗਰੁੱਪ ਭਾਰਤ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਹੈ।
ਇਹ ਗਰੁੱਪ ਵਪਾਰਕ ਟਰੇਡਿੰਗ, ਹਵਾਈ ਅੱਡਿਆਂ, ਉਪਯੋਗਤਾਵਾਂ ਅਤੇ ਨਵਿਆਉਣਯੋਗ ਊਰਜਾ ਸਮੇਤ ਉਦਯੋਗਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿੱਚ ਕੰਮ ਕਰਦਾ ਹੈ।
ਇਸ ਦੀ ਅਗਵਾਈ ਭਾਰਤੀ ਅਰਬਪਤੀ ਅਡਾਨੀ ਕਰ ਰਹੇ ਹਨ ਜੋ ਕਿ ਫੋਰਬਸ ਮੈਗਜ਼ੀਨ ਦੇ ਅਨੁਸਾਰ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਹਨ।
ਜਦੋਂ ਕਿ ਹਿੰਡਨਬਰਗ, "ਸ਼ਾਰਟ ਸੈਲਿੰਗ" ਵਿੱਚ ਮਾਹਿਰ ਹੈ। ਯਾਨੀ ਇਹ ਅਜਿਹੀਆਂ ਕੰਪਨੀਆਂ ਦੇ ਸ਼ੇਅਰ ਵਿੱਚ ਸੱਟਾ ਲਗਾਉਂਦੀ ਹੈ ਜਿਨਾਂ ਦੀ ਕੀਮਤ ਡਿੱਗਣ ਦੀ ਸੰਭਾਵਨਾ ਹੋਵੇ।
ਹਿੰਡਨਬਰਗ ਵੱਲੋਂ ਅੰਡਾਨੀ ਨੂੰ ਜਵਾਬ
ਆਪਣੀ ਰਿਪੋਰਟ ਵਿੱਚ ਹਿੰਡਨਬਰਗ ਨੇ ਅਡਾਨੀ 'ਤੇ ‘‘ਕਾਰਪੋਰੇਟ ਇਤਿਹਾਸ ਵਿੱਚ ਸਭ ਤੋਂ ਵੱਡੀ ਧੋਖਾਧੜੀ’’ ਕਰਨ ਦਾ ਦੋਸ਼ ਲਗਾਇਆ।
ਇਹ ਰਿਪੋਰਟ ਜਨਤਾ ਲਈ ਅਡਾਨੀ ਗਰੁੱਪ ਦੇ ਸ਼ੇਅਰਾਂ ਦੀ ਯੋਜਨਾਬੱਧ ਵਿਕਰੀ ਤੋਂ ਕੁਝ ਦਿਨ ਪਹਿਲਾਂ ਸਾਹਮਣੇ ਆਈ ਹੈ।
ਰਿਪੋਰਟ ਵਿੱਚ ਮੌਰੀਸ਼ਸ ਅਤੇ ਕੈਰੇਬੀਅਨ ਵਰਗੀਆਂ ਆਫਸ਼ੋਰ ਟੈਕਸ ਹੈਵਨਜ਼ ਵਿੱਚ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੀ ਮਾਲਕੀ 'ਤੇ ਸਵਾਲ ਉਠਾਏ ਗਏ ਹਨ।
ਇਸ ਨੇ ਇਹ ਵੀ ਦਾਅਵਾ ਕੀਤਾ ਕਿ ਅਡਾਨੀ ਕੰਪਨੀਆਂ ’ਤੇ "ਕਾਫ਼ੀ ਕਰਜ਼ਾ" ਸੀ ਜਿਸ ਨੇ ਪੂਰੇ ਗਰੁੱਪ ਨੂੰ "ਨਾਜ਼ੁਕ ਵਿੱਤੀ ਪੱਧਰ" 'ਤੇ ਲੈ ਆਂਦਾ ਸੀ।
ਪਰ ਵੀਰਵਾਰ ਨੂੰ ਅਡਾਨੀ ਗਰੁੱਪ ਨੇ ਕਿਹਾ ਕਿ ਉਹ ਅਮਰੀਕਾ ਅਤੇ ਭਾਰਤ ਵਿੱਚ ਹਿੰਡਨਬਰਗ ਰਿਸਰਚ ਦੇ ਖਿਲਾਫ਼ "ਉਪਚਾਰਾਤਮਕ ਅਤੇ ਦੰਡਕਾਰੀ ਕਾਰਵਾਈ" ਕਰਨ ਬਾਰੇ ਵਿਚਾਰ ਕਰ ਰਿਹਾ ਹੈ।
ਅਡਾਨੀ ਗਰੁੱਪ ਨੇ ਕਿਹਾ ਕਿ ਉਹ ਹਮੇਸ਼ਾ "ਸਾਰੇ ਕਾਨੂੰਨਾਂ ਦੀ ਪਾਲਣਾ" ਕਰਦਾ ਰਿਹਾ ਹੈ।
ਅਡਾਨੀ ਦੀ ਲੀਗਲ ਟੀਮ ਦੇ ਮੁਖੀ ਜਤਿਨ ਜਾਲੁੰਧਵਾਲਾ ਨੇ ਕਿਹਾ, "ਰਿਪੋਰਟ ਨੇ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਜੋ ਅਸਥਿਰਤਾ ਬਣਾਈ ਹੈ, ਉਹ ਚਿੰਤਾਜਨਕ ਹੈ । ਇਸ ਨੇ ਭਾਰਤੀ ਨਾਗਰਿਕਾਂ ਲਈ ਪਰੇਸ਼ਾਨੀ ਪੈਦਾ ਕੀਤੀ ਹੈ।’’
ਉਨ੍ਹਾਂ ਕਿਹਾ, "ਸਪੱਸ਼ਟ ਤੌਰ ’ਤੇ ਰਿਪੋਰਟ ਅਤੇ ਇਸ ਦੀ ਬੇਬੁਨਿਆਦ ਸਮੱਗਰੀ ਨੂੰ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ ਮੁੱਲਾਂ 'ਤੇ ਹਾਨੀਕਾਰਕ ਪ੍ਰਭਾਵ ਪਾਉਣ ਲਈ ਤਿਆਰ ਕੀਤਾ ਗਿਆ ਸੀ। ਹਿੰਡਨਬਰਗ ਰਿਸਰਚ ਨੇ ਖੁਦ ਮੰਨਿਆ ਹੈ ਕਿ ਅਡਾਨੀ ਦੇ ਸ਼ੇਅਰਾਂ ਵਿੱਚ ਆਈ ਗਿਰਾਵਟ ਨਾਲ, ਉਹਨਾਂ ਨੂੰ ਫਾਇਦਾ ਹੋਵੇਗਾ।’’
ਗਰੁੱਪ ਦੀ ਪ੍ਰਮੁੱਖ ਕੰਪਨੀ, ਅਡਾਨੀ ਐਂਟਰਪ੍ਰਾਈਜ਼, ਸ਼ੁੱਕਰਵਾਰ ਨੂੰ ਜਨਤਾ ਨੂੰ ਆਪਣੇ ਸ਼ੇਅਰ ਵੇਚਣਾ ਸ਼ੁਰੂ ਕਰਨ ਵਾਲੀ ਹੈ।
ਰਾਜਨੀਤਿਕ ਪ੍ਰਤੀਕਿਰਿਆ
ਵਿਰੋਧੀ ਸਿਆਸਤਦਾਨ ਜੋ ਲੰਬੇ ਸਮੇਂ ਤੋਂ ਇਲਜ਼ਾਮ ਲਗਾ ਰਹੇ ਹਨ ਕਿ ਅਡਾਨੀ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੇੜਤਾ ਕਾਰਨ ਫਾਇਦਾ ਹੋਇਆ ਹੈ, ਉਹਨਾਂ ਨੇ ਇਸ ਰਿਪੋਰਟ 'ਤੇ ਤੁਰੰਤ ਪ੍ਰਤੀਕਿਰਿਆ ਦਿੱਤੀ ਹੈ।
ਸੰਸਦ ਮੈਂਬਰ ਅਤੇ ਸ਼ਿਵ ਸੈਨਾ ਨੇਤਾ ਪ੍ਰਿਯੰਕਾ ਚਤੁਰਵੇਦੀ ਨੇ ਟਵੀਟ ਕੀਤਾ, "ਇਹ ਦੇਖਦੇ ਹੋਏ ਕਿ ਖੋਜ ਜਨਤਕ ਖੇਤਰ ਵਿੱਚ ਹੈ, ਇਹ ਮਹੱਤਵਪੂਰਨ ਹੈ ਕਿ ਭਾਰਤ ਸਰਕਾਰ ਲਗਾਏ ਗਏ ਦੋਸ਼ਾਂ ’ਤੇ ਧਿਆਨ ਦੇਵੇ।’’
ਇੱਕ ਹੋਰ ਉੱਘੇ ਦੱਖਣ ਭਾਰਤੀ ਸਿਆਸਤਦਾਨ ਕੇਟੀ ਰਾਮਾਰਾਓ ਨੇ ਭਾਰਤ ਦੀਆਂ ਜਾਂਚ ਏਜੰਸੀਆਂ ਅਤੇ ਮਾਰਕੀਟ ਰੈਗੂਲੇਟਰ ਨੂੰ ਅਡਾਨੀ ਗਰੁੱਪ ਦੇ ਕਾਰਜਾਂ ਦੀ ਜਾਂਚ ਸ਼ੁਰੂ ਕਰਨ ਲਈ ਕਿਹਾ ਹੈ।
ਪਰ ਮਾਹਿਰਾਂ ਦਾ ਕਹਿਣਾ ਹੈ ਕਿ ਰੈਗੂਲੇਟਰਾਂ ਵੱਲੋਂ ਸੁਤੰਤਰ ਤੌਰ ’ਤੇ ਕੋਈ ਕਾਰਵਾਈ ਸ਼ੁਰੂ ਕਰਨ ਦੀ ਸੰਭਾਵਨਾ ਨਹੀਂ ਹੈ।
ਨਿਵੇਸ਼ਕਾਂ ਨੂੰ ਪ੍ਰਸ਼ਾਸਨ ਦੇ ਮੁੱਦਿਆਂ 'ਤੇ ਸਲਾਹ ਦੇਣ ਵਾਲੀ ਇਨਗਵਰਨ ਰਿਸਰਚ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਸ਼੍ਰੀਰਾਮ ਸੁਬਰਾਮਣੀਅਮ ਨੇ ਕਿਹਾ, "ਭਾਰਤੀ ਸੁਰੱਖਿਆ ਅਤੇ ਐਕਸਚੇਂਜ ਬੋਰਡ [ਜੋ ਭਾਰਤ ਵਿੱਚ ਸੂਚੀਬੱਧ ਕੰਪਨੀਆਂ ਨੂੰ ਕੰਟਰੋਲ ਕਰਦਾ ਹੈ] ਤਾਂ ਹੀ ਕਾਰਵਾਈ ਕਰੇਗਾ, ਜੇਕਰ ਉਸ ਨੂੰ ਕੋਈ ਵਿਸ਼ੇਸ਼ ਸ਼ਿਕਾਇਤ ਭੇਜੀ ਜਾਂਦੀ ਹੈ, ਪਰ ਇਸ ਮਾਮਲੇ ਵਿੱਚ ਅਜਿਹਾ ਨਹੀਂ ਹੈ।’’
"ਰਿਪੋਰਟ ਵਿੱਚ ਬਹੁਤ ਸਾਰੇ ਇਲਜ਼ਾਮ ਹਨ ਜੋ ਅਤੀਤ ਵਿੱਚ ਰੈਗੂਲੇਟਰੀ ਜਾਂਚ ਦਾ ਵਿਸ਼ਾ ਰਹੇ ਹਨ।"
ਬੀਬੀਸੀ ਨੇ ਮਾਰਕੀਟ ਰੈਗੂਲੇਟਰ ਨਾਲ ਸੰਪਰਕ ਕੀਤਾ, ਪਰ ਕੋਈ ਜਵਾਬ ਨਹੀਂ ਮਿਲਿਆ।
ਵਿੱਤੀ ਬਾਜ਼ਾਰਾਂ ਦੇ ਵਿਸ਼ਲੇਸ਼ਕ ਅੰਬਰੀਸ਼ ਬਲਿਗਾ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਡਾਨੀ ਗਰੁੱਪ ਲਈ ਸ਼ੁੱਕਰਵਾਰ ਨੂੰ ਆਪਣੀ 2.4 ਬਿਲੀਅਨ ਡਾਲਰ ਦੀ ਜਨਤਕ ਸ਼ੇਅਰ ਵਿਕਰੀ ਦੇ ਅੱਗੇ ਵਧਣ ਵਿੱਚ ਰੋਕਾਂ ਸਪੱਸ਼ਟ ਹਨ, ਰਿਪੋਰਟ ਵਿੱਚ ਲਗਾਏ ਗਏ ਦੋਸ਼ ਕੁਝ ਨਿਵੇਸ਼ਕਾਂ ਨੂੰ ਰੋਕ ਸਕਦੇ ਹਨ।
ਇਹ ਵੀ ਪੜ੍ਹੋ-
ਪਰ ਰਿਪੋਰਟ ਦੇ ਲੰਬੇ ਸਮੇਂ ਦੇ ਨਤੀਜੇ ਅਡਾਨੀ ਗਰੁੱਪ ਨੂੰ ਹੋਰ ਜ਼ਿਆਦਾ ਪ੍ਰਭਾਵਿਤ ਕਰ ਸਕਦੇ ਹਨ।
ਨਿਊਜ਼ ਸਰਵਿਸ ਬਲੂਮਬਰਗ ਦੇ ਇੱਕ ਕਾਲਮਨਵੀਸ ਐਂਡੀ ਮੁਖਰਜੀ ਨੇ ਕਿਹਾ ਕਿ ਅਡਾਨੀ ਤੋਂ ਇਲਾਵਾ, ਇਸ ਘਟਨਾ ਨੇ "ਵਿਆਪਕ ਭਾਰਤੀ ਬਾਜ਼ਾਰ ਦੀ ਅਖੰਡਤਾ ਬਾਰੇ ਕਈ ਸਵਾਲ ਖੜ੍ਹੇ ਕੀਤੇ ਹਨ, ਜੋ ਵਿੱਤੀ ਵਿਸ਼ਵੀਕਰਨ ਅਤੇ ਸਿਆਸੀ ਰਾਸ਼ਟਰਵਾਦ ਦੇ ਦਬਾਅ ਵਿਚਕਾਰ ਫਸਿਆ ਹੋਇਆ ਹੈ।’’
ਉਸ ਨੇ ਅੱਗੇ ਕਿਹਾ, "ਕੀ ਭਾਰਤੀ ਸੁਰੱਖਿਆ ਅਤੇ ਐਕਸਚੇਂਜ ਬੋਰਡ ਮਾਰਕੀਟ ਵਿੱਚ ਜਾਣ ਅਤੇ ਇਸ ਨੂੰ ਸਾਫ਼ ਕਰਨ ਲਈ ਜਨਤਕ ਰੋਸ ਦੀ ਉਡੀਕ ਕਰ ਰਿਹਾ ਹੈ?"
ਹਿੰਡਨਬਰਗ ਰਿਸਰਚ ਦਾ ਜਵਾਬ
ਹਿੰਡਨਬਰਗ ਨੇ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਰਵਾਈ ਲਈ ਤਿਆਰ ਹੈ। ਉਹਨਾਂ ਆਪਣੀ ਰਿਪੋਰਟ ਉਪਰ ਕਾਇਮ ਰਹਿਣ ਦੀ ਗੱਲ ਵੀ ਆਖੀ।
ਇੱਕ ਬਿਆਨ ਵਿੱਚ ਕਿਹਾ ਗਿਆ ਹੈ, ‘‘ਸਾਡੀ ਰਿਪੋਰਟ ਜਾਰੀ ਕਰਨ ਤੋਂ 36 ਘੰਟਿਆਂ ਵਿੱਚ ਅਡਾਨੀ ਨੇ ਸਾਡੇ ਵੱਲੋਂ ਉਠਾਏ ਗਏ ਇੱਕ ਵੀ ਮਹੱਤਵਪੂਰਨ ਮੁੱਦੇ ਨੂੰ ਹੱਲ ਨਹੀਂ ਕੀਤਾ ਹੈ। ਆਪਣੀ ਰਿਪੋਰਟ ਦੇ ਅੰਤ ਵਿੱਚ ਅਸੀਂ 88 ਸਿੱਧੇ ਸਵਾਲ ਪੁੱਛੇ ਜੋ ਸਾਨੂੰ ਵਿਸ਼ਵਾਸ ਹੈ ਕਿ ਕੰਪਨੀ ਨੂੰ ਪਾਰਦਰਸ਼ੀ ਹੋਣ ਦਾ ਮੌਕਾ ਦੇਣਗੇ। ਅਜੇ ਤੱਕ ਅਡਾਨੀ ਨੇ ਇਨ੍ਹਾਂ ਵਿੱਚੋਂ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਹੈ।’’
‘‘ਇਸ ਤੋਂ ਬਾਅਦ, ਜਿਵੇਂ ਕਿ ਉਮੀਦ ਸੀ, ਅਡਾਨੀ ਨੇ ਧਮਕੀਆਂ ਦਾ ਸਹਾਰਾ ਲਿਆ ਹੈ। ਅੱਜ ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਅਡਾਨੀ ਨੇ ਸਾਡੀ 106 ਪੰਨਿਆਂ ਦੀ, 32,000 ਸ਼ਬਦਾਂ ਦੀ ਰਿਪੋਰਟ, ਜਿਸ ਵਿੱਚ 720 ਤੋਂ ਵੱਧ ਹਵਾਲੇ ਹਨ। ਇਸ ਨੂੰ ਦੋ ਸਾਲਾਂ ਵਿੱਚ ਤਿਆਰ ਕੀਤਾ ਗਿਆ ਹੈ, ਇਸ ਨੂੰ ਅਡਾਨੀ ਨੇ "ਬਿਨਾਂ ਖੋਜ ਤੋਂ ਤਿਆਰ ਕੀਤੀ ਰਿਪੋਰਟ" ਦੱਸਿਆ ਹੈ।’’
‘‘ਉਨ੍ਹਾਂ ਨੇ ਕਿਹਾ ਕਿ ਉਹ "ਅਮਰੀਕੀ ਅਤੇ ਭਾਰਤੀ ਕਾਨੂੰਨ ਤਹਿਤ ਪ੍ਰਸੰਗਿਕ ਤਜਵੀਜ਼ਾ ਅਤੇ ਸਾਡੇ ਵਿਰੁੱਧ ਉਪਚਾਰਾਤਮਕ ਅਤੇ ਦੰਡਕਾਰੀ ਕਾਰਵਾਈ ’ਤੇ ਮੁਲਾਂਕਣ ਕਰ ਰਿਹਾ ਹੈ।''
‘‘ਕੰਪਨੀ ਦੀਆਂ ਕਾਨੂੰਨੀ ਕਾਰਵਾਈ ਦੀਆਂ ਧਮਕੀਆਂ ਦੇ ਸਬੰਧ ਵਿੱਚ ਸਪੱਸ਼ਟ ਹੋਣ ਲਈ, ਅਸੀਂ ਇਸ ਦਾ ਸਵਾਗਤ ਕਰਾਂਗੇ। ਅਸੀਂ ਆਪਣੀ ਰਿਪੋਰਟ 'ਤੇ ਪੂਰੀ ਤਰ੍ਹਾਂ ਨਾਲ ਕਾਇਮ ਹਾਂ ਅਤੇ ਵਿਸ਼ਵਾਸ ਕਰਦੇ ਹਾਂ ਕਿ ਸਾਡੇ ਵਿਰੁੱਧ ਕੀਤੀ ਗਈ ਕੋਈ ਵੀ ਕਾਨੂੰਨੀ ਕਾਰਵਾਈ ਬੇਕਾਰ ਹੋਵੇਗੀ।’’
‘‘ਜੇਕਰ ਅਡਾਨੀ ਗੰਭੀਰ ਹੈ, ਤਾਂ ਉਸ ਨੂੰ ਅਮਰੀਕਾ ਵਿੱਚ ਵੀ ਮੁਕੱਦਮਾ ਦਾਇਰ ਕਰਨਾ ਚਾਹੀਦਾ ਹੈ ਜਿੱਥੇ ਅਸੀਂ ਕੰਮ ਕਰਦੇ ਹਾਂ। ਸਾਡੇ ਕੋਲ ਕਾਨੂੰਨੀ ਖੋਜ ਪ੍ਰਕਿਰਿਆ ਵਿੱਚ ਮੰਗੇ ਜਾਣ ਵਾਲੇ ਦਸਤਾਵੇਜ਼ਾਂ ਦੀ ਇੱਕ ਲੰਮੀ ਸੂਚੀ ਉਪਲੱਬਧ ਹੈ।’’