You’re viewing a text-only version of this website that uses less data. View the main version of the website including all images and videos.
'ਬੁੱਢੀ ਮਾਈ ਦੇ ਝਾਟੇ' ਨੂੰ ਗੁਲਾਬੀ ਰੰਗ ਦੇਣ ਵਾਲੀ ਚੀਜ਼ ਵਿੱਚ ਇਹ ਜ਼ਹਿਰ ਛੁਪਿਆ ਹੋਇਆ ਹੈ
- ਲੇਖਕ, ਸ਼ਾਰਦਾ ਵੀ.
- ਰੋਲ, ਬੀਬੀਸੀ ਤਮਿਲ
ਹਾਲ ਹੀ ਵਿੱਚ, ਫੂਡ ਐਂਡ ਸੇਫਟੀ ਡਿਪਾਰਟਮੈਂਟ ਦੀ ਇੱਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਾਟਨ ਕੈਂਡੀ ਜਿਸ ਨੂੰ ਬੁੱਢੀ ਮਾਈ ਦਾ ਝਾਟਾ ਵੀ ਕਿਹਾ ਜਾਂਦਾ ਹੈ ਜੋ ਭਾਰਤ ਦੇ ਕਈ ਹਿੱਸਿਆਂ ਵਿੱਚ ਬੱਚਿਆਂ ਦੀ ਪਸੰਦੀਦਾ ਹੈ, ਵਿੱਚ ਇੱਕ ਜ਼ਹਿਰੀਲਾ ਤੱਤ ਰੋਡਾਮਾਈਨ ਬੀ ਹੁੰਦਾ ਹੈ।
ਹੁਣ ਤਾਮਿਲਨਾਡੂ ਸਰਕਾਰ ਨੇ ਬੁੱਢੀ ਮਾਈ ਦੇ ਝਾਟੇ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਪੁਡੂਚੇਰੀ ਵਿੱਚ ਵੀ ਇਸ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਾਲਾਂਕਿ, ਬਿਨਾਂ ਰੰਗ ਦੇ ਕਾਟਨ ਕੈਂਡੀ ਦੀ ਵਿਕਰੀ ਉਤੇ ਕੋਈ ਪਾਬੰਦੀ ਨਹੀਂ ਹੈ।
ਤਾਮਿਲਨਾਡੂ ਦੀ ਕਾਰਵਾਈ ਤੋਂ ਬਾਅਦ ਗੁਆਂਢੀ ਆਂਧਰਾ ਪ੍ਰਦੇਸ਼ ਵਿੱਚ ਵੀ ਬੁੱਢੀ ਮਾਈ ਦੇ ਝਾਟਿਆਂ ਦੇ ਸੈਂਪਲ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਹਫ਼ਤੇ ਦੇ ਸ਼ੁਰੂ ਵਿੱਚ ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਦਿੱਲੀ ਦੇ ਖੁਰਾਕ ਸੁਰੱਖਿਆ ਅਧਿਕਾਰੀ ਵੀ ਇਸ ਉੱਪਰ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਸਨ।
ਕਾਟਨ ਕੈਂਡੀ ਵਿੱਚ ਪਾਇਆ ਜਾਣ ਵਾਲਾ ਰੋਡਾਮਾਈਨ ਬੀ ਇੱਕ ਸਿੰਥੈਟਿਕ ਰੰਗ ਹੈ ਜੋ ਇਸਨੂੰ ਇਸਦਾ ਗੁਲਾਬੀ ਰੰਗ ਦਿੰਦਾ ਹੈ। ਇਹ ਰਸਾਇਣ ਕੱਪੜਾ ਉਦਯੋਗ (ਟੈਕਸਟਾਈਲ), ਕਾਗਜ਼ ਅਤੇ ਚਮੜਾ ਉਦਯੋਗਾਂ ਵਿੱਚ ਵੱਡੇ ਪੈਮਾਨੇ ਉੱਤੇ ਵਰਤਿਆ ਜਾਂਦਾ ਹੈ।
ਇਸ ਦਾ ਕਾਰਨ ਇਹ ਹੈ ਕਿ ਇਹ ਪਾਣੀ ਵਿੱਚ ਜਲਦੀ ਘੁਲ ਜਾਂਦਾ ਹੈ ਅਤੇ ਸਸਤਾ ਹੁੰਦਾ ਹੈ।
ਰੋਡਾਮਾਈਨ ਬੀ ਕੁਦਰਤੀ ਰੂਪ ਵਿੱਚ ਨਸ਼ਟ ਨਹੀਂ ਹੁੰਦਾ ਹੈ ਅਤੇ ਗਰਮੀ ਅਤੇ ਰੋਸ਼ਨੀ ਪ੍ਰਤੀ ਸਹਿਣਸ਼ੀਲ ਹੈ।
ਕੀ ਰੋਡਾਮਾਈਨ ਬੀ ਪਾਬੰਦੀਸ਼ੁਦਾ ਹੈ?
ਰੋਡਾਮਾਈਨ ਬੀ ਨੂੰ ਟੈਕਸਟਾਈਲ, ਚਮੜੇ ਅਤੇ ਹੋਰ ਉਦਯੋਗਾਂ ਵਿੱਚ ਇੱਕ 'ਪਿਗਮੈਂਟ' ਵਜੋਂ ਵਰਤਣ ਦੀ ਇਜਾਜ਼ਤ ਹੈ। ਪਰ ਖਾਣ-ਪੀਣ ਦੀਆਂ ਵਸਤੂਆਂ ਵਿੱਚ ਇਸ ਦੀ ਵਰਤੋਂ ਦੀ ਮਨਾਹੀ ਹੈ।
ਗੂੜ੍ਹਾ ਗੁਲਾਬੀ ਰੰਗ ਪ੍ਰਾਪਤ ਕਰਨ ਲਈ ਇਸ ਛੋਟੀ ਜਿਹੀ ਬੂੰਦ ਨੂੰ ਕਈ ਕਿਲੋਗ੍ਰਾਮ ਚੀਨੀ ਵਿੱਚ ਮਿਲਾਇਆ ਜਾ ਸਕਦਾ ਹੈ। ਇਹ ਸਸਤਾ ਪੈਂਦਾ ਹੋਣ ਕਾਰਨ ਬਹੁਤ ਸਾਰੇ ਰੇਹੜੀ/ਫੜ੍ਹੀ ਵਾਲੇ ਇਸ ਦੀ ਵਰਤੋਂ ਕੌਟਨ ਕੈਂਡੀ ਬਣਾਉਣ ਲਈ ਕਰ ਰਹੇ ਹਨ।
ਹਾਲਾਂਕਿ ਭੋਜਨ ਵਿੱਚ ਹੋਰ ਨਕਲੀ ਰੰਗਾਂ ਦੀ ਵਰਤੋਂ ਦੀ ਇਜਾਜ਼ਤ ਹੈ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਦੇ ਦਿਸ਼ਾ-ਨਿਰਦੇਸ਼ ਹਨ ਕਿ ਕਿਹੜਾ ਤੱਤ ਕਿੰਨੀ ਮਾਤਰਾ ਵਿੱਚ ਵਰਤਿਆ ਜਾ ਸਕਦਾ ਹੈ।
ਐੱਫਐਸਐਸਏਆਈ ਨੇ ਰੋਡਾਮਾਈਨ ਬੀ ਨੂੰ ਖੁਰਾਕੀ ਵਸਤਾਂ ਵਿੱਚ ਵਰਤਣ ਉੱਤੇ ਪਾਬੰਦੀ ਲਾਈ ਹੋਈ ਹੈ। ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਦੇ ਤਹਿਤ ਖੁਰਾਕੀ ਵਸਤਾਂ ਦੀ ਤਿਆਰੀ, ਪ੍ਰੋਸੈਸਿੰਗ ਅਤੇ ਵੰਡ ਵਿੱਚ ਇਸਦੀ ਵਰਤੋਂ ਸਜ਼ਾਯੋਗ ਅਪਰਾਧ ਹੈ।
ਕਿਹੜੇ ਭੋਜਨ ਵਿੱਚ ਰੋਡਾਮਾਈਨ ਬੀ ਹੁੰਦਾ ਹੈ?
ਰੋਡਾਮਾਈਨ ਬੀ ਲਾਲ ਅਤੇ ਗੁਲਾਬੀ ਰੰਗ ਪ੍ਰਦਾਨ ਕਰਦਾ ਹੈ ਅਤੇ ਆਮ ਤੌਰ 'ਤੇ ਗੁਲਾਬੀ ਰੰਗ ਦੀਆਂ ਖਾਣਯੋਗ ਵਸਤਾਂ ਵਿੱਚ ਵਰਤਿਆ ਜਾਂਦਾ ਹੈ।
ਚੇਨਈ ਵਿੱਚ ਫੂਡ ਸੇਫਟੀ ਵਿਭਾਗ ਦੇ ਇੱਕ ਅਧਿਕਾਰੀ ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ ਗੁਲਾਬ ਵਾਲੇ ਦੁੱਧ (ਰੋਜ਼ ਮਿਲਕ) ਵਿੱਚ ਰੋਡਾਮਾਇਨ ਬੀ ਮਿਲਾਇਆ ਜਾਂਦਾ ਹੈ, ਜੋ ਤਾਮਿਲਨਾਡੂ ਵਿੱਚ ਬਹੁਤ ਮਸ਼ਹੂਰ ਹੈ।
ਉਨ੍ਹਾਂ ਨੇ ਬੀਬੀਸੀ ਤਾਮਿਲ ਨੂੰ ਦੱਸਿਆ, “ਕਾਟਨ ਕੈਂਡੀ ਵਿੱਚ ਪਾਏ ਜਾਣ ਵਾਲੇ ਰੌਡਾਮਾਈਨ ਬੀ ਨੂੰ ਰੋਜ਼ ਮਿਲਕ ਤੋਂ ਇਲਾਵਾ ਸੁਪਾਰੀ ਅਤੇ ਲਾਲ ਮੂਲੀ ਵਿੱਚ ਮਿਲਾਇਆ ਜਾਂਦਾ ਹੈ।”
ਉਨ੍ਹਾਂ ਦਾ ਕਹਿਣਾ ਹੈ ਕਿ ਖਾਣ-ਪੀਣ ਦੀਆਂ ਵਸਤੂਆਂ ਵਿੱਚ ਰੰਗ ਪਾਉਣ ਲਈ ਕੁਝ ਪਿਗਮੈਂਟ ਪਾਉਣ ਦੀ ਇਜਾਜ਼ਤ ਹੈ। ਜਿਵੇਂ ਲਾਲ ਰੰਗ ਲਈ ਐਲੂਰਾ ਰੈੱਡ ਜਾਂ ਹਰੇ ਰੰਗ ਲਈ ਐਪਲ ਗ੍ਰੀਨ। ਪਰ ਇਨ੍ਹਾਂ ਦੀ ਮਾਤਰਾ ਵੀ ਨਿਸ਼ਚਿਤ ਹੈ। ਰੋਡਾਮਾਈਨ ਬੀ ਨੂੰ ਮਮੂਲੀ ਮਾਤਰਾ ਵਿੱਚ ਵੀ ਮਿਲਾਉਣ ਦੀ ਆਗਿਆ ਨਹੀਂ ਹੈ।
ਸਤੀਸ਼ ਕੁਮਾਰ ਮੁਤਾਬਕ, "ਜਿਸ ਭੋਜਨ ਵਿੱਚ ਨਕਲੀ ਰੰਗ ਹੁੰਦਾ ਹੈ ਉਹ ਤੁਹਾਨੂੰ ਆਸਾਨੀ ਨਾਲ ਆਪਣੇ ਵੱਲ ਆਕਰਸ਼ਿਤ ਕਰ ਸਕਦਾ ਹੈ। ਅਜਿਹੇ ਭੋਜਨ ਤੋਂ ਸਖ਼ਤੀ ਨਾਲ ਬਚਣਾ ਚਾਹੀਦਾ ਹੈ। ਮੈਸੂਰਪਾਕ, ਰਵਾ ਕੇਸਰੀ ਵਰਗੀਆਂ ਕਈ ਮਿਠਾਈਆਂ ਜਿਨ੍ਹਾਂ ਦਾ ਅਸੀਂ ਰੋਜ਼ਾਨਾ ਸੇਵਨ ਕਰਦੇ ਹਾਂ, ਉਹ ਚਮਕਦਾਰ ਨਜ਼ਰ ਆਉਂਦੀਆਂ ਹਨ। ਸਾਨੂੰ ਇਨ੍ਹਾਂ ਤੋਂ ਸਾਵਧਾਨੀ ਨਾਲ ਬਚਣਾ ਚਾਹੀਦਾ ਹੈ।"
ਜਨਰਲ ਫਿਜ਼ੀਸ਼ੀਅਨ ਡਾਕਟਰ ਅਦਿਤੀ ਮੁਤਾਬਕ, "ਚਾਕਲੇਟ ਅਤੇ ਪੇਸਟਰੀ ਆਈਟਮਾਂ ਵਿੱਚ ਨਕਲੀ ਰੰਗ ਮਿਲਾਏ ਜਾਂਦੇ ਹਨ। ਅਜਿਹੇ ਭੋਜਨ ਪਦਾਰਥਾਂ ਵਿੱਚ ਵਰਤੇ ਜਾਣ ਵਾਲੇ ਜ਼ਹਿਰੀਲੇ ਰੰਗਾਂ ਦਾ ਸਿਹਤ ’ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ।"
ਉਹ ਅੱਗੇ ਦੱਸਦੇ ਹਨ, "ਰੋਡਾਮਾਇਨ ਮਨੁੱਖੀ ਦਿਮਾਗ ਵਿੱਚ ਸੈਰੇਬੈਲਮ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸੈਰੇਬੈਲਮ ਮਨੁੱਖਾਂ ਵਿਚਕਾਰ ਹੱਥਾਂ ਦੇ ਤਾਲਮੇਲ ਲਈ ਜ਼ਿੰਮੇਵਾਰ ਹੈ। ਕੁਝ ਅਧਿਐਨ ਰੋਡਾਮਾਇਨ ਨੂੰ ਜੀਨੋ-ਟੌਕਸਿਕ ਕੈਮੀਕਲ ਦੱਸਦੇ ਹਨ ਜੋ ਮਿਊਟੇਸ਼ਨ ਯਾਨੀ ਪਰਿਵਰਤਿਤ ਹੋ ਕੇ ਕੈਂਸਰ ਦੇ ਜੋਖਮ ਨੂੰ ਵਧਾ ਸਕਦਾ ਹੈ।"
ਸਤੀਸ਼ ਕੁਮਾਰ ਦੱਸਦੇ ਹਨ, "ਇਸ ਰੰਗ ਦੀ ਵਰਤੋਂ ਸੁਪਾਰੀ, ਗੁੜ ਤੇ ਰੋਜ਼ ਮਿਲਕ (ਗੁਲਾਬ ਵਾਲੇ ਦੁੱਧ) ਵਿੱਚ ਕੀਤੀ ਜਾ ਰਹੀ ਹੈ। ਸ਼ਕਰਕੰਦੀ ਤੇ ਗੁਲਾਬੀ ਮੂਲੀ ’ਤੇ ਗੁਲਾਬੀ ਰੰਗ ਲਿਆਉਣ ਲਈ ਵੀ ਇਸ ਨੂੰ ਵਰਤਿਆ ਜਾਂਦਾ ਹੈ। ਅਜੋਕੇ ਸਮੇਂ ਵਿੱਚ ਗੁੜ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਣ ਲੱਗੀ ਹੈ। ਐੱਫਐੱਸਐੱਸਏਆਈ ਇਸ ਮਿਲਾਵਟ ’ਤੇ ਸਖ਼ਤ ਨਜ਼ਰ ਰੱਖ ਰਿਹਾ ਹੈ।"
ਮਿਲਾਵਟ ਦੀ ਪਛਾਣ ਕਿਵੇਂ ਕਰੀਏ?
ਹਾਲਾਂਕਿ ਹਰ ਖਾਣ-ਪੀਣ ਵਾਲੀ ਵਸਤੂ ਵਿੱਚ ਰੋਡਾਮਾਇਨ ਬੀ ਹੋਵੇ ਇਹ ਜ਼ਰੂਰੀ ਨਹੀਂ ਹੈ। ਫਿਰ ਵੀ ਤੁਸੀਂ ਘਰ ਵਿੱਚ ਇਹ ਵੀ ਪਰਖ ਕਰ ਸਕਦੇ ਹੋ ਕਿ ਕਿਸੇ ਵੀ ਵਸਤੂ ਵਿੱਚ ਇਸਦੀ ਮੌਜੂਦਗੀ ਹੈ ਜਾਂ ਨਹੀਂ।
ਰੋਡਾਮਾਈਨ ਬੀ ਪਾਣੀ ਅਤੇ ਤੇਲ ਵਿੱਚ ਆਸਾਨੀ ਨਾਲ ਘੁਲ ਜਾਂਦਾ ਹੈ। ਐੱਫਐੱਸਐੱਸਏਆਈ ਨੇ ਇਸ ਰਸਾਇਣ ਦੀ ਮੌਜੂਦਗੀ ਦਾ ਪਤਾ ਲਗਾਉਣ ਦੇ ਤਰੀਕੇ ਸੁਝਾਏ ਹਨ।
ਮਿਸਾਲ ਲਈ, ਮਿੱਠੇ ਆਲੂਆਂ ਦੀ ਸਤ੍ਹਾ 'ਤੇ ਰੋਡਾਮਾਇਨ ਬੀ ਦੀ ਮੌਜੂਦਗੀ ਦਾ ਪਤਾ ਘਰ ਵਿੱਚ ਪਾਇਆ ਜਾ ਸਕਦਾ ਹੈ।
ਇਸ ਦੇ ਲਈ ਕੁਝ ਰੂੰ ਦੇ ਫੰਬੇ ਨੂੰ ਪਾਣੀ ਜਾਂ ਤੇਲ ਵਿੱਚ ਭਿਓ ਕੇ ਸ਼ਕਰਕੰਦੀ ਉੱਤੇ ਰਗੜੋ। ਜੇਕਰ ਫੰਬਾ ਗੁਲਾਬੀ ਹੋ ਜਾਂਦਾ ਹੈ ਤਾਂ ਰੋਡਾਮਾਈਨ ਬੀ ਮੌਜੂਦ ਹੈ। ਰਾਗੀ ਲਈ ਵੀ ਇਹੀ ਤਰੀਕਾ ਵਰਤਿਆ ਜਾਂਦਾ ਹੈ।
ਖੁਰਾਕੀ ਵਸਤਾਂ ਰੋਡਾਮਾਈਨ ਬੀ ਅਤੇ ਹੋਰ ਪਾਬੰਦੀਸ਼ੁਦਾ ਰਸਾਇਣਾਂ ਦੀ ਮੌਜੂਦਗੀ ਦਾ ਪਤਾ ਲਗਾਉਣ ਦੇ ਤਰੀਕੇ ਦੀ ਵਿਆਖਿਆ ਕਰਨ ਵਾਲੇ ਵੀਡੀਓ ਐੱਫਐੱਸਐੱਸਏਆਈ ਦੇ ਯੂਟਿਊਬ ਪੰਨੇ ਉੱਤੇ ਉਪਲਬਧ ਹਨ, ਜਿਨ੍ਹਾਂ ਨੂੰ ਇੱਥੇ ਦੇਖਿਆ ਜਾ ਸਕਦਾ ਹੈ ।
ਖਪਤਕਾਰ ਇਹ ਨਿਰਧਾਰਤ ਨਹੀਂ ਕਰ ਸਕਦੇ ਕਿ ਕੀ ਬੁੱਢੀ ਮਾਈ ਦੇ ਝਾਟੇ ਵਿੱਚ ਰੋਡਾਮਾਈਨ ਬੀ ਹੈ ਜਾਂ ਨਹੀਂ। ਇਸਦੀ ਮੌਜੂਦਗੀ ਦਾ ਪਤਾ ਫੂਡ ਸੇਫਟੀ ਵਿਭਾਗ ਵੱਲੋਂ ਲੈਬ ਵਿੱਚ ਲਏ ਗਏ ਨਮੂਨਿਆਂ ਦੀ ਜਾਂਚ ਕਰਕੇ ਹੀ ਕੀਤਾ ਜਾ ਸਕਦਾ ਹੈ।
ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ, ਫੂਡ ਸੇਫਟੀ ਵਿਭਾਗ ਨੇ ਲੈਬ ਵਿੱਚ ਹੀ ਸੈਂਪਲਾਂ ਦੀ ਜਾਂਚ ਕੀਤੀ।
ਖੁਰਾਕ ਅਤੇ ਸੁਰੱਖਿਆ ਵਿਭਾਗ ਦੇ ਅਧਿਕਾਰੀ ਸਤੀਸ਼ ਕੁਮਾਰ ਨੇ ਕਿਹਾ, “ਸਬਜ਼ੀਆਂ, ਫਲ, ਆਈਸਕ੍ਰੀਮ, ਚਾਕਲੇਟ, ਕੇਕ ਆਦਿ ਜਿਨ੍ਹਾਂ ਦੇ ਗੂੜ੍ਹੇ ਰੰਗ ਧਿਆਨ ਖਿੱਚਦੇ ਹਨ, ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਕੁਦਰਤੀ ਰੰਗ ਬਹੁਤ ਗੂੜ੍ਹੇ ਨਹੀਂ ਹੁੰਦੇ।”
ਕੀ ਰੋਡਾਮਾਈਨ ਬੀ ਕੈਂਸਰ ਦਾ ਕਾਰਨ ਬਣਦਾ ਹੈ?
ਕੁਝ ਅਧਿਐਨਾਂ ਦਾ ਮੰਨਣਾ ਹੈ ਕਿ ਰੋਡਾਮਾਈਨ ਬੀ ਕਾਰਸੀਨੋਜੇਨਿਕ ਅਤੇ ਸਯੂਟਾਜੇਨਿਕ (ਕੈਂਸਰ ਪੈਦਾ ਕਰਨ ਵਾਲਾ) ਹੈ। ਇਸ ਨਾਲ ਚਮੜੀ ਦੇ ਰੋਗ, ਸਾਹ ਲੈਣ ਵਿੱਚ ਤਕਲੀਫ, ਜਿਗਰ ਅਤੇ ਗੁਰਦੇ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਕਾਰਖਾਨਿਆਂ ਤੋਂ ਨਿਕਲਣ ਵਾਲਾ ਰੋਡਾਮਾਈਨ ਬੀ ਵਾਤਾਵਰਨ ਅਤੇ ਜ਼ਮੀਨੀ ਪਾਣੀ ਨੂੰ ਗੰਧਲਾ ਕਰਦਾ ਹੈ।
ਚੇਨਈ ਦੇ ਸਰਕਾਰੀ ਸਟੈਨਲੇ ਹਸਪਤਾਲ ਦੇ ਫਾਰਮਾਕੋਲੋਜੀ ਵਿਭਾਗ ਦੇ ਮੁਖੀ ਐੱਸ. ਚੰਦਰਸ਼ੇਖਰ ਮੁਤਾਬਕ ਰੋਡਾਮਾਇਨ ਬੀ ਜਿਗਰ ਨੂੰ ਨੁਕਸਾਨ ਕਰ ਸਕਦਾ ਹੈ।
ਉਨ੍ਹਾਂ ਅਨੁਸਾਰ, “ਰੋਡਾਮਾਈਨ ਬੀ ਦੀ ਲਗਾਤਾਰ ਵਰਤੋਂ ਜਿਗਰ ਦੇ ਕੈਂਸਰ ਦਾ ਕਾਰਨ ਬਣ ਸਕਦੀ ਹੈ। "ਬਹੁਤ ਸਾਰੀਆਂ ਖੋਜਾਂ ਨੇ ਦਿਖਾਇਆ ਹੈ ਕਿ ਰੋਡਾਮਾਈਨ ਬੀ ਅਤੇ ਜਿਗਰ ਦੇ ਨੁਕਸਾਨ ਦੇ ਵਿਚਕਾਰ ਸਬੰਧ ਦੀ ਪੁਸ਼ਟੀ ਕੀਤੀ ਗਈ ਹੈ।"
ਜਿਗਰ ਤੋਂ ਇਲਾਵਾ, ਇਹ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਡਾਕਟਰ ਚੰਦਰਸ਼ੇਖਰ ਅਨੁਸਾਰ ਇਸ ਨਾਲ ਰੀੜ੍ਹ ਦੀ ਹੱਡੀ ਨੂੰ ਵੀ ਨੁਕਸਾਨ ਹੋ ਸਕਦਾ ਹੈ।
ਆਮ ਤੌਰ 'ਤੇ, ਇਸ ਨੁਕਸਾਨਦੇਹ ਪਦਾਰਥ ਨੂੰ ਇੱਕ ਵਾਰ ਵੀ ਖਾਣ ਨਾਲ ਕੋਈ ਤੁਰੰਤ ਗੰਭੀਰ ਪ੍ਰਭਾਵ ਨਹੀਂ ਹੁੰਦੇ ਹਨ। ਹਾਲਾਂਕਿ ਕੋਈ ਵੀ ਜ਼ਹਿਰੀਲਾ ਪਦਾਰਥ ਹੋਵੇ ਉਸਦਾ ਲਗਾਤਾਰ ਸੇਵਨ ਹਾਨੀਕਾਰਕ ਹੈ।
ਡਾ. ਚੰਦਰਸ਼ੇਖਰ ਨੇ ਬੀਬੀਸੀ ਨੂੰ ਦੱਸਿਆ, "ਇਹ ਪਹਿਲੀ ਵਾਰ ਸਰੀਰ ਵਿੱਚ ਦਾਖਲ ਹੋਣ ਤੋਂ ਬਾਅਦ ਕਿਸੇ ਨੂੰ ਬਿਮਾਰ ਕਰ ਸਕਦਾ ਹੈ। ਹਾਲਾਂਕਿ ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਕਿੰਨੀ ਮਾਤਰਾ ਵਿੱਚ ਲਿਆ ਗਿਆ ਹੈ ਅਤੇ ਬੰਦੇ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਕਿੰਨੀ ਹੈ। ਜੇਕਰ ਇਸ ਦਾ ਫੌਰੀ ਪ੍ਰਭਾਵ ਦੇਖਿਆ ਜਾਵੇ ਤਾਂ ਇਹ ਦਿਮਾਗ ਉੱਤੇ ਅਸਰ ਪਾ ਸਕਦਾ ਸਕਦਾ ਹੈ।