You’re viewing a text-only version of this website that uses less data. View the main version of the website including all images and videos.
ਮਾਸ ਖਾਣ ਵਾਲੇ ਸਕ੍ਰਿਊਵਾਰਮ ਕੀ ਹਨ ਜੋ ਸਰੀਰ ਵਿੱਚ ਪੇਚ ਵਾਂਗ ਵੜ੍ਹ ਜਾਂਦੇ ਹਨ, ਅਮਰੀਕਾ ’ਚ ਇੱਕ ਮਾਮਲਾ ਸਾਹਮਣੇ ਆਇਆ
ਅਮਰੀਕੀ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਨੇ ਐਤਵਾਰ ਨੂੰ ਦੇਸ਼ ਵਿੱਚ ਨਿਊ ਵਰਲਡ ਸਕ੍ਰਿਊਵਾਰਮ ਦੇ ਪਹਿਲੇ ਮਨੁੱਖੀ ਮਾਮਲੇ ਨੂੰ ਰਿਪੋਰਟ ਕੀਤਾ ਹੈ।
ਅਮਰੀਕਾ ਵਿੱਚ ਇੱਕ ਮਰੀਜ਼ ਵਿੱਚ ਮਾਸ ਖਾਣ ਵਾਲਾ ਵਾਇਰਸ ਪਾਇਆ ਗਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਸਾਹਮਣੇ ਆਇਆ ਇਹ ਮਾਮਲਾ ਉਸ ਵਾਇਰਸ ਦਾ ਹੈ ਜਿਸ ਦਾ ਪ੍ਰਕੋਪ ਐਲਸੈਲਵਾਡੋਰ ਝੱਲ ਰਿਹਾ ਹੈ।
ਇਸ ਮਾਮਲੇ ਦੀ ਪੁਸ਼ਟੀ 4 ਅਗਸਤ ਨੂੰ ਅਮਰੀਕਾ ਦੀ ਰਾਸ਼ਟਰੀ ਜਨਤਕ ਸਿਹਤ ਏਜੰਸੀ, ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀਡੀਸੀ) ਨੇ ਕੀਤੀ ਸੀ।
ਸਿਹਤ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਰੀਜ਼ ਠੀਕ ਹੋ ਗਿਆ ਅਤੇ ਉਸ ਦੇ ਦੂਜੇ ਮਨੁੱਖਾਂ ਜਾਂ ਜਾਨਵਰਾਂ ਨੂੰ ਲਾਗ਼ ਲਗਾਉਣ ਦਾ ਕੋਈ ਸਬੂਤ ਨਹੀਂ ਸੀ।
ਪਰ ਨਿਊ ਵਰਲਡ ਸਕ੍ਰਿਊਵਾਰਮ ਕੀ ਹੈ ਅਤੇ ਇਹ ਮਨੁੱਖਾਂ ਅਤੇ ਜਾਨਵਰਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ?
'ਇੱਕ ਜਾਨਲੇਵਾ ਕੀਟ'
ਐਨੀਮਲ ਐਂਡ ਪਲਾਂਟ ਹੈਲਥ ਇੰਸਪੈਕਸ਼ਨ ਸਰਵਿਸ ਅਮਰੀਕਾ ਡਿਪਾਰਟਮੈਂਟ ਆਫ਼ ਐਗਰੀਕਲਚਰ ਦੇ ਅੰਦਰ ਇੱਕ ਸੰਸਥਾ ਹੈ ਜਿਸਦਾ ਮਕਸਦ ਜਾਨਵਰਾਂ ਅਤੇ ਪੌਦਿਆਂ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣਾ ਹੈ। ਇਸ ਨੂੰ ਅਫਿਸ ਵਜੋਂ ਜਾਣਿਆ ਜਾਂਦਾ ਹੈ।
ਇਸ ਦਾ ਕਹਿਣਾ ਹੈ ਕਿ ਨਿਊ ਵਰਲਡ ਸਕ੍ਰਿਊਵਾਰਮ (ਐੱਨਡਬਲਿਊਏਐੱਸ ਕੋਚਲੀਓਮੀਆ ਹੋਮਿਨੀਵੋਰੈਕਸ), ਇੱਕ ਵਿਨਾਸ਼ਕਾਰੀ ਕੀਟ ਹੈ।
ਸਕ੍ਰਿਊਵਾਰਮ ਮੱਖੀਆਂ ਇੱਕ ਆਮ ਘਰੇਲੂ ਮੱਖੀ ਦੇ ਆਕਾਰ (ਜਾਂ ਥੋੜ੍ਹੀਆਂ ਵੱਡੀਆਂ) ਦੀਆਂ ਹੁੰਦੀਆਂ ਹਨ। ਉਨ੍ਹਾਂ ਦੀਆਂ ਅੱਖਾਂ ਸੰਤਰੀ, ਸਰੀਰ ਕਿਸੇ ਧਾਤ ਵਰਗਾ ਨੀਲਾ ਜਾਂ ਹਰਾ ਅਤੇ ਪਿੱਠ 'ਤੇ ਤਿੰਨ ਗੂੜ੍ਹੀਆਂ ਧਾਰੀਆਂ ਹਨ।
ਇਹ ਪੇਚਾਂ ਵਾਲਾ ਕੀੜਾ ਪਸ਼ੂਆਂ, ਪਾਲਤੂ ਜਾਨਵਰਾਂ, ਜੰਗਲੀ ਜੀਵਾਂ, ਕਦੇ-ਕਦੇ ਪੰਛੀਆਂ ਅਤੇ ਬਹੁਤ ਘੱਟ ਮਾਮਲਿਆਂ ਵਿੱਚ ਮਨੁੱਖਾਂ ਨੂੰ ਲਾਗ਼ ਪ੍ਰਭਾਵਿਤ ਕਰ ਸਕਦਾ ਹੈ।
ਆਫਿਸ ਇਸ ਗੱਲ ਨੂੰ ਰੇਖਾਂਕਿਤ ਕਰਦਾ ਹੈ ਕਿ ਜਦੋਂ ਐੱਨਡਬਲਿਊਐੱਸ ਫਲਾਈ ਲਾਰਵਾ (ਮੈਗੋਟ) ਕਿਸੇ ਜੀਵਤ ਜਾਨਵਰ ਦੇ ਮਾਸ ਵਿੱਚ ਦਾਖਲ ਹੁੰਦੇ ਹਨ, ਤਾਂ ਉਹ ਗੰਭੀਰ ਅਕਸਰ ਘਾਤਕ ਨੁਕਸਾਨ ਪਹੁੰਚਾਉਂਦੇ ਹਨ।
ਐੱਨਡਬਲਿਊਐੱਸ ਕਿਊਬਾ, ਹੈਤੀ, ਡੋਮਿਨਿਕਨ ਰੀਪਬਲਿਕ ਅਤੇ ਦੱਖਣੀ ਅਮਰੀਕਾ ਦੇ ਦੇਸ਼ਾਂ ਵਿੱਚ ਪਾਇਆ ਜਾਂਦਾ ਹੈ।
ਐੱਨਡਬਲਿਊਐੱਸ ਜਾਨਵਰਾਂ ਨੂੰ ਕਿਵੇਂ ਲਾਗ਼ ਲਾਉਂਦਾ ਹੈ?
"ਸਕ੍ਰਿਊਵਾਰਮ" ਨਾਮ ਮੈਗੋਟਸ ਦੇ ਖਾਣ ਦੇ ਵਿਵਹਾਰ ਨੂੰ ਦਰਸਾਉਂਦਾ ਹੈ ਜਦੋਂ ਉਹ ਜ਼ਖ਼ਮ ਵਿੱਚ ਜਾਂਦੇ ਹਨ ਤਾਂ ਇਸ ਤਰ੍ਹਾਂ ਪੇਚ ਵਾਂਗ ਅੰਦਰ ਜਾਂਦੇ ਹਨ ਜਿਵੇਂ ਕਿ ਲੱਕੜ ਵਿੱਚ ਪੇਚ ਪਾਏ ਜਾਂਦੇ ਹਨ। ਇਹ ਉਸ ਤਰੀਕੇ ਨਾਲ ਮਾਸ ਨੂੰ ਖਾ ਲੈਂਦੇ ਹਨ।
ਮਾਦਾ ਸਕ੍ਰਿਊਵਾਰਮ ਮੱਖੀਆਂ ਗਰਮ ਖੂਨ ਵਾਲੇ ਜਾਨਵਰਾਂ ਦੇ ਜ਼ਖ਼ਮਾਂ ਵਿੱਚ ਆਪਣੇ ਅੰਡੇ ਦਿੰਦੀਆਂ ਹਨ।
ਇੱਕ ਵਾਰ ਜਦੋਂ ਅੰਡੇ ਟੁੱਟ ਜਾਂਦੇ ਹਨ ਇਸ ਵਿੱਚੋਂ ਇਹ ਲਾਰਵੇ ਦੇ ਰੂਪ ਵਿੱਚ ਬਾਹਰ ਆਉਂਦੇ ਹਨ। ਜਿਸ ਤੋਂ ਬਾਅਦ ਸੈਂਕੜੇ ਸਕ੍ਰਿਊਵਾਰਮ ਲਾਰਵੇ ਆਪਣੇ ਤਿੱਖੇ ਮੂੰਹ ਵਾਲੇ ਹੁੱਕਾਂ ਦੀ ਵਰਤੋਂ ਕਰਕੇ ਮਾਸ ਵਿੱਚ ਦਾਖਲ ਹੁੰਦੇ ਹਨ ਅਤੇ ਜੇਕਰ ਇਲਾਜ ਨਾ ਕੀਤਾ ਜਾਵੇ ਤਾਂ ਜਾਨਵਰਾਂ ਜਾਂ ਵਿਅਕਤੀ ਨੂੰ ਮਾਰ ਦਿੰਦੇ ਹਨ।
ਪੇਚਾਂ ਦੇ ਕੀੜੇ ਪਸ਼ੂਆਂ ਅਤੇ ਜੰਗਲੀ ਜੀਵਾਂ ਲਈ ਜਾਨਲੇਵਾ ਹੋ ਸਕਦੇ ਹਨ ਅਤੇ ਬਹੁਤ ਘੱਟ ਹੀ ਮਨੁੱਖਾਂ ਨੂੰ ਲਾਗ਼ ਲਾਉਂਦੇ ਹਨ।
ਪਿਛਲੇ ਸਾਲ ਡੋਮਿਨਿਕਨ ਰੀਪਬਲਿਕ ਦੀ ਆਪਣੀ ਸੰਖੇਪ ਫੇਰੀ ਤੋਂ ਬਾਅਦ ਨਿਊ ਵਰਲਡ ਸਕ੍ਰਿਊਵਾਰਮ ਤੋਂ ਲਾਗ਼ ਪ੍ਰਭਾਵਿਤ ਇੱਕ ਮਰੀਜ਼ ਨੇ ਸੀਡੀਸੀ ਨੂੰ ਆਪਣੇ ਲੱਛਣਾਂ ਬਾਰੇ ਦੱਸਿਆ।
ਮਰੀਜ਼ ਨੇ ਦੱਸਿਆ, "ਕੁਝ ਘੰਟਿਆਂ ਵਿੱਚ, ਮੇਰਾ ਚਿਹਰਾ ਸੁੱਜਣਾ ਸ਼ੁਰੂ ਹੋ ਗਿਆ। ਮੇਰੇ ਬੁੱਲ੍ਹ ਸੁੱਜ ਗਏ। ਮੈਂ ਗੱਲ ਹੀ ਨਹੀਂ ਕਰ ਸਕਦਾ ਸੀ। ਮੇਰਾ ਪੂਰਾ ਚਿਹਰਾ ਅੱਗ ਵਾਂਗ ਸੜ ਰਿਹਾ ਸੀ।"
"ਮੇਰਾ ਨੱਕ ਵਗਣਾ ਸ਼ੁਰੂ ਹੋ ਗਿਆ ਅਤੇ ਅਜਿਹਾ ਲਗਾਤਾਰ ਹੋ ਰਿਹਾ ਸੀ। ਮੈਂ ਬਾਥਰੂਮ ਜਾਣ ਲਈ ਵੀ ਨਹੀਂ ਉੱਠ ਸਕਦਾ ਸੀ, ਇੱਥੋਂ ਤੱਕ ਕਿ ਮੇਰੇ ਨੱਕ ਵਿੱਚੋਂ ਖੂਨ ਵਹਿਣਾ ਸ਼ੁਰੂ ਹੋ ਜਾਂਦਾ ਸੀ।"
ਐੱਨਐੱਸਡਬਲਿਊ ਦੀ ਲਾਗ਼ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?
ਮਨੁੱਖ ਖ਼ਾਸ ਕਰਕੇ ਜਿਨ੍ਹਾਂ ਦੇ ਜ਼ਖ਼ਮ ਖੁੱਲ੍ਹੇ ਹੁੰਦੇ ਹਨ, ਲਾਗ਼ ਲਈ ਸੰਵੇਦਨਸ਼ੀਲ ਹੁੰਦੇ ਹਨ। ਖ਼ਾਸਕਰ ਜੇਕਰ ਉਹ ਇਸ ਲਾਗ਼ ਤੋਂ ਪ੍ਰਭਾਵਿਤ ਇਲਾਕੇ ਵਿੱਚ ਸਫ਼ਰ ਕਰ ਰਹੇ ਹੋਣ ਜਿੱਥੇ ਲਾਗ਼ ਤੋਂ ਪੀੜਤ ਪਸ਼ੂ ਹੋਣ ਤਾਂ ਉਨ੍ਹਾਂ ਨੂੰ ਖ਼ਤਰਾ ਵਧੇਰੇ ਹੁੰਦਾ ਹੈ।
ਐੱਨਐੱਸਡਬਲਿਊ ਦਾ ਇਲਾਜ ਕਰਨ ਦਾ ਇੱਕੋ ਇੱਕ ਤਰੀਕਾ ਹੈ ਸੰਕਰਮਿਤ ਟਿਸ਼ੂ ਤੋਂ ਸੈਂਕੜੇ ਲਾਰਵੇ ਨੂੰ ਮੁਕੰਮਲ ਤੌਰ 'ਤੇ ਹਟਾਉਣਾ ਅਤੇ ਜ਼ਖ਼ਮਾਂ ਨੂੰ ਪੂਰੀ ਤਰ੍ਹਾਂ ਰੋਗਾਣੂ ਮੁਕਤ ਕਰਨਾ।
ਜੇਕਰ ਜਲਦੀ ਇਲਾਜ ਕੀਤਾ ਜਾਵੇ ਤਾਂ ਇਨਫੈਕਸ਼ਨ ਆਮ ਤੌਰ ਤੋਂ ਬਚਾਅ ਹੋ ਸਕਦਾ ਹੈ।
ਪਿਛਲੀ ਵਾਰ ਕਦੋਂ ਫ਼ੈਲੀ ਸੀ ਇਹ ਲਾਗ਼
ਅਮਰੀਕਾ ਦੇ ਖੇਤੀਬਾੜੀ ਵਿਭਾਗ ਮੁਤਾਬਕ 1933 ਵਿੱਚ ਨਿਊ ਵਰਲਡ ਸਕ੍ਰਿਊਵਾਰਮ ਲਾਗ਼ ਜਾਨਵਰਾਂ ਦੇ ਇੱਕ ਸਮੂਹ ਰਾਹੀਂ ਦੱਖਣ-ਪੱਛਮ ਤੋਂ ਦੇਸ਼ ਦੇ ਦੱਖਣ-ਪੂਰਬ ਵੱਲ ਪਹੁੰਚਿਆ ਸੀ।
ਵਿਭਾਗ ਨੇ ਦੱਸਿਆ ਕਿ 1934 ਤੱਕ ਪਸ਼ੂ ਪਾਲਕਾਂ ਨੇ ਮਿਸੀਸਿਪੀ, ਅਲਾਬਾਮਾ, ਉੱਤਰੀ ਕੈਰੋਲੀਨਾ, ਦੱਖਣੀ ਕੈਰੋਲੀਨਾ, ਜਾਰਜੀਆ ਅਤੇ ਫਲੋਰੀਡਾ ਵਿੱਚ ਲਾਗ਼ ਦੇ ਮਾਮਲੇ ਦਰਜ ਕੀਤੇ ਸਨ।
1960 ਦੇ ਦਹਾਕੇ ਵਿੱਚ ਅਮਰੀਕਾ ਵਿੱਚੋਂ ਸਕ੍ਰਿਊਵਾਰਮ ਦਾ ਖਾਤਮਾ ਕਰ ਦਿੱਤਾ ਗਿਆ ਸੀ ਜਦੋਂ ਖੋਜਕਰਤਾਵਾਂ ਨੇ ਵੱਡੀ ਗਿਣਤੀ ਵਿੱਚ ਨਸਬੰਦੀ ਕੀਤੇ ਨਰ ਸਕ੍ਰਿਉਵਾਰਮ ਮੱਖੀਆਂ ਛੱਡਣਾ ਸ਼ੁਰੂ ਕੀਤਾ ਜੋ ਜੰਗਲੀ ਮਾਦਾ ਸਕ੍ਰਿਊਵਾਰਮ ਨਾਲ ਮੇਲ ਕਰਕੇ ਬਾਂਝ ਅੰਡੇ ਪੈਦਾ ਕਰਦੀਆਂ ਹਨ।
ਤਾਜ਼ਾ ਮਾਮਲੇ 2023 ਵਿੱਚ ਪਨਾਮਾ ਵਿੱਚ ਸਾਹਮਣੇ ਆਏ ਸਨ ਅਤੇ ਉਦੋਂ ਤੋਂ ਹੀ ਸਕ੍ਰਿਊਵਾਰਮ ਅਮਰੀਕਾ ਅਤੇ ਮੈਕਸੀਕੋ ਤੋਂ ਉੱਤਰ ਵੱਲ ਸਫ਼ਰ ਕਰ ਰਹੇ ਹਨ।
ਮੈਕਸੀਕੋ ਨੇ ਜੁਲਾਈ ਵਿੱਚ ਅਮਰੀਕੀ ਸਰਹੱਦ ਤੋਂ ਤਕਰੀਬਨ 595 ਕਿਲੋਮੀਟਰ ਦੱਖਣ ਵਿੱਚ ਇੱਕ ਨਵਾਂ ਮਾਮਲਾ ਦਰਜ ਕੀਤਾ ਗਿਆ।
ਅਮਰੀਕੀ ਖੇਤੀਬਾੜੀ ਵਿਭਾਗ ਨੇ ਨਵੰਬਰ ਅਤੇ ਮਈ ਵਿੱਚ ਦਰਾਮਦ ਰੋਕਣ ਤੋਂ ਬਾਅਦ ਦੱਖਣੀ ਪ੍ਰਵੇਸ਼ ਬੰਦਰਗਾਹਾਂ ਰਾਹੀਂ ਪਸ਼ੂਆਂ ਦੇ ਵਪਾਰ ਨੂੰ ਫ਼ੌਰੀ ਬੰਦ ਕਰਨ ਦਾ ਹੁਕਮ ਦਿੱਤਾ।
ਅਮਰੀਕਾ ਆਮ ਤੌਰ 'ਤੇ ਹਰ ਸਾਲ ਮੈਕਸੀਕੋ ਤੋਂ ਦਸ ਲੱਖ ਤੋਂ ਵੱਧ ਪਸ਼ੂਆਂ ਦੀ ਦਰਾਮਦ ਕਰਦਾ ਹੈ, ਅਤੇ ਖੇਤੀਬਾੜੀ ਵਿਭਾਗ ਦੇ ਅਨੁਮਾਨਾਂ ਮੁਤਾਬਕ ਸਕ੍ਰਿਊਵਾਰਮ ਦੇ ਫ਼ੈਲਣ ਨਾਲ ਗੰਭੀਰ ਆਰਥਿਕ ਨਤੀਜੇ ਹੋ ਸਕਦੇ ਹਨ, ਜਿਸ ਨਾਲ ਪਸ਼ੂ ਉਦਯੋਗ ਨਾਲ ਜੁੜੀ 100 ਬਿਲੀਅਨ ਡਾਲਰ ਤੋਂ ਵੱਧ ਦੇ ਵਿੱਤੀ ਦੇਣ-ਲੈਣ ਨੂੰ ਖ਼ਤਰਾ ਹੋ ਸਕਦਾ ਹੈ।
ਅਧਿਕਾਰੀਆਂ ਨੇ ਕਿਹਾ ਹੈ ਕਿ ਫ਼ਿਲਹਾਲ ਆਮ ਲੋਕਾਂ ਦੀ ਸਿਹਤ ਲਈ ਖ਼ਤਰਾ 'ਬਹੁਤ ਘੱਟ' ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ