ਸ਼ਾਹਬਾਜ਼ ਸ਼ਰੀਫ਼ ਨੇ ਕਿਹਾ, ਟਰੰਪ ਵਿਚੋਲਗੀ ਨਾ ਕਰਦੇ ਤਾਂ ਭਾਰਤ-ਪਾਕ ਵਿਚਾਲੇ ਵਿਨਾਸ਼ਕਾਰੀ ਜੰਗ ਹੁੰਦੀ, ਭਾਰਤ ਵੱਲੋਂ ਆਇਆ ਇਹ ਜਵਾਬ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ

ਤਸਵੀਰ ਸਰੋਤ, UN

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਯੂਐੱਨ ਵਿੱਚ ਪਹਿਲਗਾਮ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਕਿਸਤਾਨ ਹਰ ਮੁੱਦੇ ਦਾ ਹੱਲ ਗੱਲਬਾਤ ਰਾਹੀਂ ਚਾਹੁੰਦਾ ਹੈ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸੰਯੁਕਤ ਰਾਸ਼ਟਰ ਵਿੱਚ ਕਿਹਾ ਹੈ ਕਿ ਭਾਰਤ ਨੇ ਪਹਿਲਗਾਮ ਹਮਲੇ ਦਾ ਸਿਆਸੀ ਇਸਤੇਮਾਲ ਕੀਤਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਟਰੰਪ ਵਿਚੋਲਗੀ ਨਾ ਕਰਦੇ ਤਾਂ ਦੋਵਾਂ ਦੇਸ਼ਾਂ ਵਿਚਕਾਰ ਜੰਗ ਨਤੀਜੇ ਵਿਨਾਸ਼ਕਾਰੀ ਹੁੰਦੇ।

ਭਾਰਤ ਨੇ ਵੀ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਇਨ੍ਹਾਂ ਦਾਅਵਿਆਂ ਅਤੇ ਇਲਜ਼ਾਮਾਂ ਦੇ ਜਵਾਬ ਦਿੱਤੇ ਹਨ। ਆਪਣੇ ਜਵਾਬ ਵਿੱਚ ਭਾਰਤੀ ਡਿਪਲੋਮੈਟ ਨੇ ਕਿਹਾ ਕਿ "ਇਹੀ ਪਾਕਿਸਤਾਨ ਸੀ ਜਿਸਨੇ ਓਸਾਮਾ ਬਿਨ ਲਾਦੇਨ ਨੂੰ ਇੱਕ ਦਹਾਕੇ ਤੱਕ ਲੁਕਾ ਕੇ ਰੱਖਿਆ ਸੀ।"

ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਵਾਕਈ ਸ਼ਾਂਤੀ ਚਾਹੁੰਦਾ ਹੈ ਤਾਂ ਲੋੜੀਂਦੇ ਅੱਤਵਾਦੀ ਭਾਰਤ ਨੂੰ ਸੌਂਪ ਦੇਵੇ।

'ਪਹਿਲਗਾਮ ਹਮਲੇ ਦੀ ਨਿਰਪੱਖ ਜਾਂਚ ਦੀ ਪੇਸ਼ਕਸ਼ ਕੀਤੀ ਸੀ' - ਪਾਕਿਸਤਾਨੀ ਪੀਐੱਮ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਭਾਰਤੀ ਡਿਪਲੋਮੈਟ ਪੇਟਲ ਗਹਿਲੋਤ

ਤਸਵੀਰ ਸਰੋਤ, Taylor Hill/Getty Images/ANI

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਭਾਰਤੀ ਡਿਪਲੋਮੈਟ ਪੇਟਲ ਗਹਿਲੋਤ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਦੇ ਹੋਏ ਭਾਰਤ-ਪਾਕਿਸਤਾਨ ਵਿਚਕਾਰ ਹੋਏ ਤਣਾਅ ਦਾ ਜ਼ਿਕਰ ਕੀਤਾ ਤੇ ਕਿਹਾ ਕਿ "ਪਾਕਿਸਤਾਨ ਨੇ ਆਪਣੀ ਪੂਰਬੀ ਸਰਹੱਦ 'ਤੇ ਦੁਸ਼ਮਣਾਂ ਦੇ ਉਕਸਾਵੇ ਦਾ ਜਵਾਬ ਦਿੱਤਾ।''

ਉਨ੍ਹਾਂ ਕਿਹਾ, ''ਪਾਕਿਸਤਾਨ ਨੇ ਭਾਰਤ ਨੂੰ ਪਹਿਲਗਾਮ ਹਮਲੇ ਦੀ ਨਿਰਪੱਖ ਜਾਂਚ ਦੀ ਪੇਸ਼ਕਸ਼ ਕੀਤੀ ਸੀ।"

ਉਨ੍ਹਾਂ ਅੱਗੇ ਕਿਹਾ, "ਪਾਕਿਸਤਾਨ ਆਪਣੇ ਸੰਸਥਾਪਕ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹਰ ਮੁੱਦੇ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦਾ ਹੈ।"

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਭਾਰਤ 'ਤੇ ਪਹਿਲਗਾਮ ਦੀ ਘਟਨਾ ਦਾ ਸਿਆਸੀ ਇਸਤੇਮਾਲ ਕਰਨ ਦਾ ਇਲਜ਼ਾਮ ਲਗਾਇਆ ਅਤੇ ਕਿਹਾ, "ਪਾਕਿਸਤਾਨ ਬਾਹਰੀ ਹਮਲੇ ਤੋਂ ਆਪਣੀ ਪੂਰੀ ਰੱਖਿਆ ਕਰੇਗਾ।"

'ਕੋਈ ਵੀ ਡਰਾਮਾ ਤੇ ਝੂਠ ਸੱਚ ਨੂੰ ਲੁਕਾ ਨਹੀਂ ਸਕਦਾ' - ਭਾਰਤ ਦਾ ਜਵਾਬ

ਸੰਯੁਕਤ ਰਾਸ਼ਟਰ ਵਿੱਚ ਭਾਰਤੀ ਡਿਪਲੋਮੈਟ ਪੇਟਲ ਗਹਿਲੋਤ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਭਾਰਤੀ ਡਿਪਲੋਮੈਟ ਪੇਟਲ ਗਹਿਲੋਤ ਨੇ ਪਾਕਿਸਤਾਨੀ ਪੀਐੱਮ ਦੇ ਦਾਅਵਿਆਂ ਦੇ ਜਵਾਬ 'ਚ ਕਿਹਾ ਕਿ ਉਹ ਸਾਰੇ ਅੱਤਵਾਦੀ ਕੈਂਪ ਬੰਦ ਕਰ ਦੇਣ

ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਭਾਸ਼ਣ ਦਾ ਜਵਾਬ ਦਿੱਤਾ। ਸੰਯੁਕਤ ਰਾਸ਼ਟਰ ਵਿੱਚ ਭਾਰਤੀ ਡਿਪਲੋਮੈਟ ਪੇਟਲ ਗਹਿਲੋਤ ਨੇ ਕਿਹਾ ਹੈ ਕਿ "ਇਹੀ ਪਾਕਿਸਤਾਨ ਸੀ ਜਿਸਨੇ ਓਸਾਮਾ ਬਿਨ ਲਾਦੇਨ ਨੂੰ ਇੱਕ ਦਹਾਕੇ ਤੱਕ ਲੁਕਾ ਕੇ ਰੱਖਿਆ ਸੀ।"

ਸੰਯੁਕਤ ਰਾਸ਼ਟਰ ਵਿੱਚ ਭਾਰਤੀ ਸਥਾਈ ਮਿਸ਼ਨ ਦੀ ਫਰਸਟ ਸੈਕਰੇਟਰੀ ਪੇਟਲ ਗਹਿਲੋਤ ਨੇ ਕਿਹਾ, "ਇਸ ਸਭਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਬੇਤੁਕੀ ਨੌਟੰਕੀ ਦੇਖੀ, ਜਿਨ੍ਹਾਂ ਨੇ ਇੱਕ ਵਾਰ ਫਿਰ ਅੱਤਵਾਦ ਦੀ ਵਡਿਆਈ ਕੀਤੀ, ਜੋ ਕਿ ਉਨ੍ਹਾਂ ਦੀ ਵਿਦੇਸ਼ ਨੀਤੀ ਦਾ ਮੂਲ ਹਿੱਸਾ ਹੈ।"

ਗਹਿਲੋਤ ਨੇ ਕਿਹਾ ਕਿ ਕੋਈ ਵੀ ਡਰਾਮਾ ਅਤੇ ਝੂਠ ਸੱਚ ਨੂੰ ਲੁਕਾ ਨਹੀਂ ਸਕਦਾ।

ਪਹਿਲਗਾਮ ਹਮਲੇ ਦਾ ਜ਼ਿਕਰ ਕਰਦਿਆਂ ਗਹਿਲੋਤ ਨੇ ਕਿਹਾ, "ਇਹ ਉਹੀ ਪਾਕਿਸਤਾਨ ਹੈ ਜਿਸਨੇ 25 ਅਪ੍ਰੈਲ, 2025 ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ, ਜੰਮੂ ਅਤੇ ਕਸ਼ਮੀਰ ਵਿੱਚ ਸੈਲਾਨੀਆਂ ਦੇ ਬੇਰਹਿਮ ਕਤਲੇਆਮ ਲਈ ਰੈਜਿਸਟੈਂਸ ਫਰੰਟ (ਇੱਕ ਅੱਤਵਾਦੀ ਸੰਗਠਨ) ਨੂੰ ਜਵਾਬਦੇਹੀ ਤੋਂ ਬਚਾਇਆ ਸੀ।"

ਭਾਰਤੀ ਡਿਪਲੋਮੈਟ ਨੇ ਕਿਹਾ, "ਯਾਦ ਕਰੋ, ਇਹੀ ਪਾਕਿਸਤਾਨ ਸੀ ਜਿਸਨੇ ਇੱਕ ਦਹਾਕੇ ਤੱਕ ਓਸਾਮਾ ਬਿਨ ਲਾਦੇਨ ਨੂੰ ਲੁਕਾ ਕੇ ਰੱਖਿਆ ਸੀ, ਜਦਕਿ ਉਹ ਅੱਤਵਾਦ ਵਿਰੁੱਧ ਜੰਗ ਵਿੱਚ ਭਾਈਵਾਲ ਹੋਣ ਦਾ ਦਿਖਾਵਾ ਕਰ ਰਿਹਾ ਸੀ।''

ਗਹਿਲੋਤ ਨੇ ਕਿਹਾ, "ਸੱਚਾਈ ਇਹ ਹੈ ਕਿ ਪਹਿਲਾਂ ਵਾਂਗ ਹੀ, ਭਾਰਤ ਵਿੱਚ ਬੇਗੁਨਾਹ ਨਾਗਰਿਕਾਂ 'ਤੇ ਅੱਤਵਾਦੀ ਹਮਲਿਆਂ ਲਈ ਪਾਕਿਸਤਾਨ ਹੀ ਜ਼ਿੰਮੇਦਾਰ ਹੈ।"

ਇਹ ਵੀ ਪੜ੍ਹੋ-

'ਹੁਣ ਅਸੀਂ ਸ਼ਾਂਤੀ ਚਾਹੁੰਦੇ ਹਾਂ' - ਸ਼ਾਹਬਾਜ਼ ਸ਼ਰੀਫ

ਸ਼ਾਹਬਾਜ਼ ਸ਼ਰੀਫ ਨੇ ਕਿਹਾ, "ਅਸੀਂ ਭਾਰਤ ਨਾਲ ਜੰਗ ਜਿੱਤ ਲਈ ਹੈ। ਹੁਣ ਅਸੀਂ ਸ਼ਾਂਤੀ ਚਾਹੁੰਦੇ ਹਾਂ ਅਤੇ ਪਾਕਿਸਤਾਨ ਸਾਰੇ ਲਟਕੇ ਹੋਏ ਮੁੱਦਿਆਂ 'ਤੇ ਭਾਰਤ ਨਾਲ ਵਿਆਪਕ ਅਤੇ ਕਾਰਗਰ ਗੱਲਬਾਤ ਕਰਨ ਲਈ ਤਿਆਰ ਹੈ।"

ਸ਼ਾਹਬਾਜ਼ ਸ਼ਰੀਫ ਨੇ ਕਿਹਾ, "ਪਾਕਿਸਤਾਨ ਦੀ ਵਿਦੇਸ਼ ਨੀਤੀ ਆਪਸੀ ਸਤਿਕਾਰ ਅਤੇ ਸਹਿਯੋਗ 'ਤੇ ਅਧਾਰਤ ਹੈ। ਅਸੀਂ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ ਚਾਹੁੰਦੇ ਹਾਂ।"

'ਸਾਰੇ ਅੱਤਵਾਦੀ ਕੈਂਪ ਬੰਦ ਕਰੋ ਤੇ ਲੋੜੀਂਦੇ ਅੱਤਵਾਦੀ ਸਾਨੂੰ ਸੌਂਪ ਦਿਓ' - ਭਾਰਤੀ ਡਿਪਲੋਮੈਟ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਭਾਰਤੀ ਡਿਪਲੋਮੈਟ ਪੇਟਲ ਗਹਿਲੋਤ

ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੱਲੋਂ ਭਾਰਤ ਨਾਲ ਸ਼ਾਂਤੀ ਬਾਰੇ ਦਿੱਤੀ ਪ੍ਰਤੀਕਿਰਿਆ 'ਤੇ ਗਹਿਲੋਤ ਨੇ ਕਿਹਾ, "ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਨਾਲ ਸ਼ਾਂਤੀ ਦੀ ਗੱਲ ਕਹੀ ਹੈ। ਜੇਕਰ ਉਹ ਵਾਕਈ ਇਮਾਨਦਾਰ ਹਨ ਤਾਂ ਰਸਤਾ ਸਾਫ਼ ਹੈ।''

''ਪਾਕਿਸਤਾਨ ਨੂੰ ਤੁਰੰਤ ਸਾਰੇ ਅੱਤਵਾਦੀ ਕੈਂਪ ਬੰਦ ਕਰਨ ਦੇਣੇ ਚਾਹੀਦੇ ਹਨ ਅਤੇ ਭਾਰਤ ਵਿੱਚ ਲੋੜੀਂਦੇ ਅੱਤਵਾਦੀਆਂ ਨੂੰ ਸਾਨੂੰ ਸੌਂਪ ਦੇਣਾ ਚਾਹੀਦਾ ਹੈ।"

ਪਾਕਿਸਤਾਨ ਨੇ ਟਰੰਪ ਲਈ ਨੋਬਲ ਪੁਰਸਕਾਰ ਦੀ ਕੀਤੀ ਵਕਾਲਤ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੰਪ ਖੁਦ ਵੀ ਕਈ ਵਾਰ ਇਸ ਗੱਲ ਦਾ ਦਾਅਵਾ ਕਰ ਚੁੱਕੇ ਹਨ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਖਤਮ ਕਰਨ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਹੈ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਦੇ ਹੋਏ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਰੋਕਣ ਦਾ ਸਿਹਰਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਦਿੱਤਾ ਹੈ।

ਇਸ ਦੌਰਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਟਰੰਪ ਲਈ ਨੋਬਲ ਪੁਰਸਕਾਰ ਦੀ ਵਕਾਲਤ ਵੀ ਕੀਤੀ।

ਉਨ੍ਹਾਂ ਕਿਹਾ, "ਜੇਕਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਤਣਾਅ 'ਚ ਦਖਲ ਨਾ ਦਿੱਤਾ ਹੁੰਦਾ ਤਾਂ ਜੰਗ ਦੇ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਸਨ।"

ਸ਼ਾਹਬਾਜ਼ ਸ਼ਰੀਫ ਨੇ ਕਿਹਾ, "ਪਾਕਿਸਤਾਨ ਅਤੇ ਭਾਰਤ ਵਿਚਕਾਰ ਜੰਗ ਰੋਕਣ ਲਈ ਟਰੰਪ ਨੋਬਲ ਸ਼ਾਂਤੀ ਪੁਰਸਕਾਰ ਦੇ ਹੱਕਦਾਰ ਹਨ।"

ਯਾਦ ਰਹੇ ਕਿ ਟਰੰਪ ਖੁਦ ਵੀ ਕਈ ਵਾਰ ਇਸ ਗੱਲ ਦਾ ਦਾਅਵਾ ਕਰ ਚੁੱਕੇ ਹਨ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਖਤਮ ਕਰਨ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਹੈ।

ਭਾਰਤ ਇਸ ਬਾਰੇ ਕੀ ਕਹਿੰਦਾ ਰਿਹਾ ਹੈ?

ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਹਾਲ ਹੀ 'ਚ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਹੈ ਕਿ ਕਈ ਸਾਲਾਂ ਤੋਂ ਇੱਕ ਰਾਸ਼ਟਰੀ ਸਹਿਮਤੀ ਰਹੀ ਹੈ ਕਿ ਪਾਕਿਸਤਾਨ ਨਾਲ ਸਾਡੇ ਸਾਰੇ ਮੁੱਦੇ ਆਪਸੀ, ਭਾਵ ਦੁਵੱਲੇ ਹਨ

ਭਾਰਤ ਇਸ ਗੱਲ ਤੋਂ ਹਮੇਸ਼ਾ ਇਨਕਾਰ ਕਰਦਾ ਆ ਰਿਹਾ ਹੈ ਕਿ ਕਿਸੇ ਵੀ ਤੀਜੀ ਧਿਰ ਨੇ ਭਾਰਤ-ਪਾਕਿਸਤਾਨ ਟਕਰਾਅ ਨੂੰ ਰੋਕਣ ਵਿੱਚ ਕੋਈ ਭੂਮਿਕਾ ਨਿਭਾਈ ਹੈ।

ਇੱਕ ਹਾਲੀਆ ਇੰਟਰਵਿਊ ਵਿੱਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਇਸ ਸਬੰਧਤ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕਈ ਸਾਲਾਂ ਤੋਂ ਇੱਕ ਰਾਸ਼ਟਰੀ ਸਹਿਮਤੀ ਰਹੀ ਹੈ ਕਿ ਪਾਕਿਸਤਾਨ ਨਾਲ ਸਾਡੇ ਸਾਰੇ ਮੁੱਦੇ ਆਪਸੀ, ਭਾਵ ਦੁਵੱਲੇ ਹਨ।

ਨਾਲ ਹੀ ਭਾਰਤ ਇਹ ਦਾਅਵਾ ਵੀ ਕਰਦਾ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਫੌਜ ਦੇ "ਆਪ੍ਰੇਸ਼ਨ ਸਿੰਦੂਰ" ਤਹਿਤ ਪਾਕਿਸਤਾਨ ਵਿੱਚ ਨੌਂ ਅੱਤਵਾਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ ਗਿਆ ਅਤੇ 100 ਤੋਂ ਵੱਧ ਅੱਤਵਾਦੀ ਮਾਰੇ ਗਏ।

ਪਹਿਲਗਾਮ ਹਮਲਾ, ਭਾਰਤ-ਪਾਕਿਸਤਾਨ ਤਣਾਅ ਅਤੇ ਟਰੰਪ ਦਾ 'ਜੰਗਬੰਦੀ' ਦਾ ਐਲਾਨ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼

22 ਅਪ੍ਰੈਲ ਨੂੰ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕ ਮਾਰੇ ਗਏ ਸਨ।

ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ 'ਤੇ ਕਈ ਪਾਬੰਦੀਆਂ ਲਗਾਈਆਂ ਅਤੇ ਸਿੰਧੂ ਜਲ ਸਮਝੌਤਾ ਰੋਕਣ ਅਤੇ ਅਟਾਰੀ ਪੋਸਟ ਬੰਦ ਕਰਨ ਦਾ ਐਲਾਨ ਕੀਤਾ।

ਇਸ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਆਪਣੇ ਸਿਖ਼ਰ 'ਤੇ ਪਹੁੰਚ ਗਿਆ ਸੀ।

ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹਮਲੇ ਤੋਂ ਦੋ ਹਫ਼ਤਿਆਂ ਬਾਅਦ, ਭਾਰਤ ਨੇ 6-7 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਵਾਈ ਹਮਲੇ ਕੀਤੇ ਸਨ।

ਭਾਰਤ ਨੇ ਇਨ੍ਹਾਂ ਹਮਲਿਆਂ ਨੂੰ 'ਆਪ੍ਰੇਸ਼ਨ ਸਿੰਦੂਰ' ਦਾ ਨਾਮ ਦਿੱਤਾ ਅਤੇ ਭਾਰਤੀ ਫੌਜ ਮੁਤਾਬਕ, ਇਸ ਆਪ੍ਰੇਸ਼ਨ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ।

ਪਾਕਿਸਤਾਨ ਵੱਲੋਂ ਵੀ ਭਾਰਤ ਦੇ ਕਸ਼ਮੀਰ, ਪੰਜਾਬ ਅਤੇ ਹਰਿਆਣਾ ਵਿੱਚ ਹਵਾਈ ਹਮਲੇ ਕੀਤੇ ਗਏ। ਪਾਕਿਸਤਾਨ ਨੇ ਭਾਰਤ ਦੇ 'ਰਫਾਲ ਸੁੱਟਣ' ਦੇ ਵੀ ਦਾਅਵੇ ਕੀਤੇ।

10 ਮਈ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟ੍ਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਦਾ ਐਲਾਨ ਕੀਤਾ ਸੀ।

ਅਮਰੀਕੀ ਰਾਸ਼ਟਰਪਤੀ ਦਾਅਵਾ ਕਰਦੇ ਹਨ ਕਿ ਦੋਵੇਂ ਮੁਲਕ ਉਨ੍ਹਾਂ ਦੇ ਦਖਲ ਕਾਰਨ ਹੀ ਜੰਗਬੰਦੀ ਲਈ ਸਹਿਮਤ ਹੋਏ ਹਨ ਅਤੇ ਹਾਲ ਹੀ ਵਿੱਚ ਪਾਕਿਸਤਾਨ ਨੇ ਵੀ ਇਸ 'ਤੇ ਸਹਿਮਤੀ ਪ੍ਰਗਟਾਈ ਹੈ। ਪਰ ਭਾਰਤ ਉਸੇ ਵੇਲੇ ਤੋਂ ਇਹ ਕਹਿੰਦਾ ਹੈ ਰਿਹਾ ਹੈ ਕਿ ਦੋਵੇਂ ਦੇਸ਼ਾਂ ਦਾ ਮਾਮਲਾ ਦੁਵੱਲਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)