ਜ਼ਿਮਨੀ ਚੋਣ ਨਤੀਜੇ: ‘ਆਪ’ ਪੰਜਾਬ ’ਚ ਕਿੰਨੀ ਮਜ਼ਬੂਤ ਹੋ ਰਹੀ ਹੈ? ਅਕਾਲੀ ਦਲ ਦਾ ਚੋਣ ਨਾ ਲੜਨਾ ਕਾਂਗਰਸ ਨੂੰ ਕਿਵੇਂ ਭਾਰੀ ਪਿਆ

    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਕਾਰ

ਪੰਜਾਬ ਵਿੱਚ ਸਨੀਵਾਰ ਨੂੰ ਚਾਰ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਨਤੀਜੇ ਆ ਗਏ ਹਨ।

ਪੰਜਾਬ ਦੀ ਸੱਤਾਧਾਰੀ ਪਾਰਟੀ, ਆਮ ਆਦਮੀ ਪਾਰਟੀ, ਨੇ ਤਿੰਨ ਸੀਟਾਂ ਡੇਰਾ ਬਾਬਾ ਨਾਨਕ, ਗਿੱਦੜਬਾਹਾ, ਚੱਬੇਵਾਲ ਉੱਤੇ ਜਿੱਤ ਹਾਸਲ ਕੀਤੀ ਹੈ, ਜਦਕਿ ਕਾਂਗਰਸ ਸਿਰਫ਼ ਇੱਕ ਬਰਨਾਲਾ ਸੀਟ ਹੀ ਜਿੱਤ ਸਕੀ ਹੈ।

ਇਨ੍ਹਾਂ ਨਤੀਜਿਆਂ ਤੋਂ ਬਾਅਦ ਪੰਜਾਬ ਵਿਧਾਨ ਸਭਾ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਦੀਆਂ 92 ਤੋਂ ਵਧ ਕੇ 94 ਸੀਟਾਂ ਹੋ ਗਈਆਂ ਹਨ, ਜਦਕਿ ਕਾਂਗਰਸ ਦੀਆਂ 18 ਤੋਂ ਘਟ ਕੇ 16 ਰਹਿ ਗਈਆਂ ਹਨ।

ਕਾਂਗਰਸ 2022 ਵਿੱਚ ਜਿੱਤੀਆਂ ਸੀਟਾਂ ਡੇਰਾ ਬਾਬਾ ਨਾਨਕ, ਚੱਬੇਵਾਲ, ਗਿੱਦੜਬਾਹਾ ਬਚਾਉਣ ਵਿੱਚ ਅਸਫ਼ਲ ਰਹੀ ਹੈ।

ਡੇਰਾ ਬਾਬਾ ਨਾਨਕ ਤੋਂ ‘ਆਪ’ ਦੇ ਗੁਰਦੀਪ ਸਿੰਘ ਰੰਧਾਵਾ ਨੇ ਕਾਂਗਰਸ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੂੰ 5699 ਵੋਟਾਂ ਨਾਲ ਹਰਾਇਆ ਹੈ।

ਚੱਬੇਵਾਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਚੱਬੇਵਾਲ ਨੇ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਨੂੰ 28,690 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ।

ਗਿੱਦੜਬਾਹਾ ਵਿੱਚ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਾਂਗਰਸ ਦੇ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ 21,969 ਵੋਟਾਂ ਦੇ ਫਰਕ ਨਾਲ ਹਰਾਇਆ ਹੈ।

ਇਥੋਂ ਬਹਿਬਲ ਕਲਾਂ ਗੋਲੀਕਾਂਡ ਵਿੱਚ ਜਾਨ ਗਵਾਉਣ ਵਾਲੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਚੋਣ ਲੜੀ ਸੀ ਪਰ ਉਨ੍ਹਾਂ ਨੂੰ ਕੇਵਲ 715 ਵੋਟਾਂ ਹੀ ਪਈਆਂ। ਉਨ੍ਹਾਂ ਦੀ ਜ਼ਮਾਨਤ ਜਬਤ ਹੋਈ ਹੈ।

ਬਰਨਾਲਾ ਹਲਕੇ ਵਿੱਚ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ 2157 ਵੋਟਾਂ ਦੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ।

ਬਰਨਾਲਾ ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਸੀ ਪਰ ਇਸ ਵਾਰ ਪਾਰਟੀ ਨੂੰ ਇੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਕੁੱਲ 28,254 ਵੋਟਾਂ ਪਈਆਂ ਹਨ, ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੀਤ ਹੇਅਰ ਦੇ ਕਰੀਬੀ ਹਰਿੰਦਰ ਧਾਲੀਵਾਲ 26,097 ਵੋਟਾਂ ਨਾਲ ਦੂਜੇ ਨੰਬਰ ਉੱਤੇ ਰਹੇ ਹਨ।

ਤੀਜੇ ਨੰਬਰ ਉੱਤੇ ਰਹੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 17,958 ਵੋਟਾਂ ਮਿਲੀਆਂ ਹਨ। ‘ਆਪ’ ਦੇ ਬਾਗੀ ਤੇ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ 16,899 ਵੋਟਾਂ ਲੈਣ ਵਿੱਚ ਕਾਮਯਾਬ ਰਹੇ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਅਤੇ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਵਿੰਦ ਸਿੰਘ ਸੰਧੂ ਦੀ ਜ਼ਮਾਨਤ ਜ਼ਬਤ ਹੋ ਗਈ, ਉਨ੍ਹਾਂ ਨੂੰ 7900 ਵੋਟਾਂ ਹੀ ਮਿਲੀਆਂ ਹਨ।

ਅਕਾਲੀ ਦਲ ਦੇ ਚੋਣ ਨਾ ਲੜਨ ਦਾ ਕਿਸਨੂੰ ਫ਼ਾਇਦਾ ਹੋਇਆ?

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਕਹਿੰਦੇ ਹਨ, “ਅਕਾਲੀ ਦਲ ਦੇ ਚੋਣ ਨਾ ਲੜਨ ਦਾ ਸਪੱਸ਼ਟ ਫ਼ਾਇਦਾ ਆਮ ਆਦਮੀ ਪਾਰਟੀ ਨੂੰ ਹੋਇਆ ਅਤੇ ਨੁਕਸਾਨ ਕਾਂਗਰਸ ਨੂੰ ਹੋਇਆ ਹੈ। ਗਿੱਦੜਬਾਹਾ ਵਿੱਚ ਅਕਾਲੀ ਦਲ ਦੀ ਵੋਟ ਆਮ ਆਦਮੀ ਪਾਰਟੀ ਨੂੰ ਮਿਲੀ ਹੈ, ਡਿੰਪੀ ਢਿੱਲੋਂ ਦੀ ਆਪਣੀ ਵੋਟ ਵੀ ਸੀ, ਇਸ ਕਰਕੇ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।''

ਡਾਕਟਰ ਮੁਹੰਮਦ ਖ਼ਾਲਿਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰਾਜਨੀਤੀ ਦੇ ਪ੍ਰੋਫੈਸਰ ਹਨ।

ਪ੍ਰੋ. ਖ਼ਾਲਿਦ ਕਹਿੰਦੇ ਹਨ,“ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਨੇ ਭਾਵੇਂ ਕਿਸੇ ਨੂੰ ਵੀ ਫਾਇਦਾ ਪਹੁੰਚਾਇਆ ਹੋਵੇ ਪਰ ਅਕਾਲੀ ਦਲ ਦੀ ਆਪਣੀ ਸਥਿਤੀ ਮਾੜੀ ਹੀ ਹੈ। ਅਕਾਲੀ ਦਲ ਨੂੰ ਜਲਦੀ ਇਕਜੁੱਟ ਹੋ ਕੇ ਮੈਦਾਨ ਵਿੱਚ ਉਤਰਨਾ ਪਵੇਗਾ। ਲੋਕ ਨਵੀਆਂ ਪਾਰਟੀਆਂ ਚੁਣ ਸਕਦੇ ਹਨ ਪਰ ਅਕਾਲੀ ਦਲ ਚੁੱਪ ਬੈਠੇ ਰਹਿਣਾ ਨਹੀਂ ਚੁਣ ਸਕਦਾ।”

ਪ੍ਰੋ. ਖ਼ਾਲਿਦ ਮੁਤਾਬਕ, “ਜ਼ਿਮਨੀ ਚੋਣ ਵਿੱਚ ਲਗਭਗ ਤੈਅ ਹੀ ਹੁੰਦਾ ਹੈ ਕਿ ਸੱਤਾਧਾਰੀ ਪਾਰਟੀ ਹੀ ਜਿੱਤ ਹਾਸਲ ਕਰੇਗੀ ਪਰ ਇਹ ਵੀ ਮੰਨਣਾ ਹੋਵੇਗਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਹੌਲੀ-ਹੌਲੀ ਪੈਰ ਪਸਾਰ ਰਹੀ ਹੈ। ਬਾਕੀ ਪਾਰਟੀਆਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਆਪਣੀ ਇੱਕ ਹੋਂਦ ਸਥਾਪਤ ਕਰ ਰਹੀ ਹੀ।”

ਉਹ ਕਹਿੰਦੇ ਹਨ, “ਪਹਿਲਾਂ ਕਿਹਾ ਜਾਂਦਾ ਸੀ ਕਿ ਆਮ ਆਦਮੀ ਪਾਰਟੀ ਦਾ ਜ਼ੋਰ ਸਿਰਫ਼ ਮਾਲਵੇ ਵਿੱਚ ਹੈ ਪਰ ਹੁਣ ਤੁਸੀਂ ਦੇਖੋ ਕਿ ਮਾਝੇ ਦੀ ਡੇਰਾ ਬਾਬਾ ਨਾਨਕ ਸੀਟ ਅਤੇ ਦੁਆਬੇ ਦੀ ਚੱਬੇਵਾਲ ਸੀਟ ਵੀ ਆਮ ਆਦਮੀ ਪਾਰਟੀ ਜਿੱਤ ਗਈ ਹੈ।”

ਕੀ ਬਰਨਾਲਾ ਵਿੱਚ ‘ਆਪ’ ਅੰਦਰੂਨੀ ਫੁੱਟ ਕਾਰਨ ਹਾਰੀ?

ਪ੍ਰੋ.ਖ਼ਾਲਿਦ ਮੁਤਾਬਕ, “ਬਰਨਾਲਾ ਸੀਟ ਆਮ ਆਦਮੀ ਪਾਰਟੀ ਦੀ ਸੀਟ ਰਹੀ ਹੈ ਪਰ ਇਸ ਵਾਰ ਪਾਰਟੀ ਦੀ ਅੰਦਰੂਨੀ ਫੁੱਟ ਨੇ ਉਨ੍ਹਾਂ ਨੂੰ ਹਰਾ ਦਿੱਤਾ ਹੈ। ਮੀਤ ਹੇਅਰ ਬੇਸ਼ੱਕ ਹੁਣ ਲੋਕ ਸਭਾ ਮੈਂਬਰ ਹਨ ਪਰ ਉਨ੍ਹਾਂ ਨੂੰ ਹਰਾਉਣ ਲਈ ਪਾਰਟੀ ਅੰਦਰ ਆਪਣੇ ਹੀ ਜ਼ੋਰ ਲਾ ਰਹੇ ਸਨ। ਬਰਨਾਲਾ ਸੀਟ ਵੀ ਆਮ ਆਦਮੀ ਪਾਰਟੀ ਜਿੱਤ ਜਾਂਦੀ ਜੇ ਪਾਰਟੀ ਲੀਡਰ ਇਕਜੁੱਟ ਹੁੰਦੇ। ਗੁਰਦੀਪ ਬਾਠ ਨੇ ਖੁੱਲ੍ਹ ਕੇ ਮੀਤ ਹੇਅਰ ਦਾ ਵਿਰੋਧ ਕੀਤਾ ਸੀ, ਉਹ ਖੁਦ ਭਾਵੇਂ ਨਹੀਂ ਜਿੱਤ ਸਕੇ ਪਰ ਜੋ ਕਰਨਾ ਚਾਹੁੰਦੇ ਸਨ ਉਹ ਕਰ ਗਏ।”

ਬੀਬੀਸੀ ਸਹਿਯੋਗੀ ਨਵਕਿਰਨ ਦੱਸਦੇ ਹਨ, “ਗੁਰਦੀਪ ਸਿੰਘ ਬਾਠ ਪਿਛਲੇ 7 ਸਾਲਾਂ ਤੋਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਨ, ਉਹ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵੀ ਸਨ। ਉਹ ਬਰਨਾਲਾ ਤੋਂ ਟਿਕਟ ਦੀ ਮੰਗ ਕਰ ਰਹੇ ਸਨ ਪਰ ਪਾਰਟੀ ਵੱਲੋਂ ਟਿਕਟ ਬਰਨਾਲਾ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਨੇੜਲੇ ਮਿੱਤਰ ਹਰਿੰਦਰ ਸਿੰਘ ਧਾਲੀਵਾਲ ਨੂੰ ਦੇ ਦਿੱਤੀ ਗਈ, ਜਿਸ ਕਾਰਨ ਗੁਰਦੀਪ ਸਿੰਘ ਬਾਠ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਪਾਰਟੀ ਤੋਂ ਬਾਗੀ ਹੋਏ ਅਤੇ ਖੁੱਲ੍ਹ ਕੇ ਪਾਰਟੀ ਦੇ ਖ਼ਿਲਾਫ਼ ਚੋਣ ਮੈਦਾਨ ਵਿੱਚ ਨਿੱਤਰੇ।”

“ਭਾਜਪਾ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਪੰਜਾਬੀ”

ਪ੍ਰੋ. ਖ਼ਾਲਿਦ ਜ਼ਿਮਨੀ ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਕਰਦੇ ਹੋਏ ਕਹਿੰਦੇ ਹਨ, “ਇਨ੍ਹਾਂ ਚੋਣਾਂ ਵਿੱਚ ਇੱਕ ਗੱਲ ਸਾਫ ਹੋ ਗਈ ਹੈ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਕਿਸੇ ਵੀ ਹਾਲ ਵਿੱਚ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ।”

ਉਹ ਕਹਿੰਦੇ ਹਨ, “ਗਿੱਦੜਬਾਹਾ ਸਣੇ ਚਾਰੇ ਜ਼ਿਮਨੀ ਚੋਣਾਂ ਵਿੱਚ ਭਾਜਪਾ ਤੀਸਰੇ ਨੰਬਰ ਉੱਤੇ ਰਹੀ ਹੈ। ਗਿੱਦੜਬਾਹਾ ਵਿੱਚ ਮਨਪ੍ਰੀਤ ਬਾਦਲ ਦੇ ਵਾਅਦੇ ਵੀ ਕੰਮ ਨਹੀਂ ਆਏ। ਇਸ ਕਰ ਕੇ ਹੁਣ ਭਾਜਪਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਜਿੱਤਣ ਦਾ ਰਸਤਾ ਇੰਨਾ ਸੌਖਾ ਨਹੀਂ ਹੈ। ਨਾਲ ਦੀ ਨਾਲ ਮਨਪ੍ਰੀਤ ਬਾਦਲ ਦਾ ਸਿਆਸੀ ਭਵਿੱਖ ਵੀ ਖ਼ਤਰੇ ਵਿੱਚ ਆ ਗਿਆ ਹੈ।”

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਵੀ ਇਸ ਤਰਕ ਨੂੰ ਮੰਨਦੇ ਹਨ।

ਉਹ ਕਹਿੰਦੇ ਹਨ, “ਗਿੱਦੜਬਾਹਾ ਵਿੱਚ ਮਨਪ੍ਰੀਤ ਬਾਦਲ ਹਾਰੇ ਤੇ ਡੇਰਾ ਬਾਬਾ ਨਾਨਕ ਵਿੱਚ ਰਵੀਕਰਨ ਕਾਹਲੋਂ, ਚੱਬੇਵਾਲ ਵਿੱਚ ਸੋਹਣ ਸਿੰਘ ਠੰਡਲ ਆਪਣੀ ਜ਼ਮਾਨਤ ਜਬਤ ਕਰਾ ਗਏ ਹਨ, ਸਿਰਫ ਬਰਨਾਲਾ ਵਿੱਚ ਕੇਵਲ ਸਿੰਘ ਢਿੱਲੋਂ 17,958 ਵੋਟਾਂ ਨਾਲ ਜ਼ਮਾਨਤ ਬਚਾ ਸਕੇ ਹਨ। ਕੇਵਲ ਸਿੰਘ ਢਿੱਲੋਂ ਦੇ ਜਿੱਤਣ ਪਿੱਛੇ ਵੀ ਉਹ ਆਪ ਹੀ ਹਨ ਨਹੀਂ ਤਾਂ ਪੰਜਾਬ ਦੇ ਲੋਕ ਭਾਜਪਾ ਨੂੰ ਇਥੇ ਥਾਂ ਨਹੀਂ ਦੇਣਾ ਚਾਹੁੰਦੇ।”

ਪਰਿਵਾਰਵਾਦ ਦਾ ਕਿੰਨਾ ਅਸਰ ਦਿਖਿਆ

ਗਿੱਦੜਬਾਹਾ ਤੋਂ ਚੋਣ ਹਾਰਨ ਤੋਂ ਬਾਅਦ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਕਿਹਾ, “ਅਕਾਲੀ ਦਲ ਦਾ ਚੋਣ ਨਾ ਲੜਨਾ ਕਾਂਗਰਸ ਦੀ ਹਾਰ ਦਾ ਵੱਡਾ ਕਾਰਨ ਬਣਿਆ ਹੈ। ਜੇਕਰ ਡਿੰਪੀ ਢਿੱਲੋਂ ਅਕਾਲੀ ਦਲ ਵਿੱਚ ਹੁੰਦੇ ਤਾਂ ਕਾਂਗਰਸ ਹੀ ਜਿੱਤ ਹਾਸਲ ਕਰਦੀ।”

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ, “ਮੈਂ ਇਸ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਾ ਹੈ। ਅਸੀਂ ਲੋਕਾਂ ਦੇ ਫ਼ਤਵੇ ਨੂੰ ਸਵੀਕਾਰ ਕਰਦੇ ਹਾਂ।”

ਪ੍ਰੋ. ਖਾਲਿਦ ਕਹਿੰਦੇ ਹਨ, “ਬੇਸ਼ੱਕ ਚੱਬੇਵਾਲ ਸੀਟ ਰਾਜ ਕੁਮਾਰ ਚੱਬੇਵਾਲ ਦੇ ਪੁੱਤ ਨੇ ਜਿੱਤ ਲਈ ਹੈ ਪਰ ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਵਿੱਚ ਕਾਂਗਰਸੀ ਲੋਕ ਸਭਾ ਮੈਂਬਰਾਂ ਦੀਆਂ ਪਤਨੀਆਂ ਦੀ ਹਾਰ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬੀ ਪਰਿਵਾਰਬਾਦ ਨੂੰ ਤਰਜੀਹ ਨਹੀਂ ਦਿੰਦੇ।”

“ਲਗਾਤਾਰ ਤਿੰਨ ਵਾਰ ਵਿਧਾਇਕ ਰਹੇ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਹਾਰ ਗਏ ਹਨ, ਇਸ ਨਾਲ ਇਹ ਸਾਬਤ ਹੁੰਦਾ ਕਿ ਲੋਕ ਕੀਤੇ ਕੰਮਾਂ ਨੂੰ ਦੇਖਦੇ ਹਨ। ਗਿੱਦੜਬਾਹਾ ਦੇ ਲੋਕਾਂ ਨੇ ਡਿੰਪੀ ਢਿੱਲੋਂ ਨੂੰ ਜਿਤਾਇਆ ਹੈ, ਜਿਹੜੇ ਅਕਾਲੀ ਦਲ ਵੱਲੋਂ ਹਰ ਵਾਰ ਹਾਰਦੇ ਰਹੇ ਹਨ ਪਰ ਜਦੋਂ ਆਮ ਆਦਮੀ ਪਾਰਟੀ ਵਿੱਚ ਆਏ ਤਾਂ ਜਿੱਤ ਗਏ। ਉਨ੍ਹਾਂ ਲਈ ਆਪਣੇ ਕਰੀਬੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਉਣਾ ਚੰਗਾ ਸਾਬਤ ਹੋਇਆ ਹੈ, ਜਦਕਿ ਰਾਜਾ ਵੜਿੰਗ ਲਈ ਆਪਣੀ ਪਤਨੀ ਨੂੰ ਹੀ ਟਿਕਟ ਦੇਣਾ ਗਲਤ ਸਾਬਤ ਹੋ ਗਿਆ।”

ਜਸਪਾਲ ਸਿੰਘ ਸਿੱਧੂ ਕਹਿੰਦੇ ਹਨ, “ਪੰਜਾਬ ਦੀ ਸਿਆਸਤ ਵਿੱਚ ਪਰਿਵਾਰਵਾਦ ਭਾਰੂ ਹੈ। ਹਰ ਕੋਈ ਆਪਣੇ ਪਰਿਵਾਰਕ ਮੈਂਬਰ ਨੂੰ ਹੀ ਸਿਆਸਤ ਵਿੱਚ ਅੱਗੇ ਲੈ ਕੇ ਆਉਣਾ ਚਾਹੁੰਦਾ ਹੈ ਪਰ ਲੋਕ ਕੁਝ ਹੋਰ ਚਾਹੁੰਦੇ ਹਨ। ਡੇਰਾ ਬਾਬਾ ਨਾਨਕ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਰਹੇ ਸੁਖਜਿੰਦਰ ਸਿੰਘ ਰੰਧਾਵਾ ਦਾ ਕਿਲ੍ਹਾ ਵੀ ਢਹਿ ਗਿਆ ਹੈ। ਉਨ੍ਹਾਂ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ ਕਿਸੇ ਵੇਲੇ ਸੁਖਜਿੰਦਰ ਰੰਧਾਵਾ ਦੇ ਦੋਸਤ ਰਹੇ ‘ਆਪ’ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਹਰਾਇਆ ਹੈ। ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਇੱਥੇ ਜਿੱਤ ਹਾਸਲ ਕੀਤੀ ਹੈ।”

ਪੰਜਾਬ ਵਿੱਚ ਪੈਰ ਪਸਾਰ ਰਹੀ ਆਮ ਆਦਮੀ ਪਾਰਟੀ?

ਜਸਪਾਲ ਸਿੰਘ ਕਹਿੰਦੇ ਹਨ, “ਪਹਿਲਾਂ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਬਹੁਤਾ ਸਮਾਂ ਨਹੀਂ ਟਿਕੇਗੀ ਪਰ ਹੁਣ ਤਸਵੀਰ ਇਹ ਹੈ ਕਿ 2027 ਤੱਕ ਆਮ ਆਦਮੀ ਪਾਰਟੀ ਪੰਜਾਬ ਵਿੱਚ ਮੁੱਖ ਧਿਰ ਬਣ ਕੇ ਆਵੇਗੀ। ਇਸਦਾ ਕਾਰਨ ਹੈ ਕਿ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਮੁਕਾਬਲੇ ਕਮਜ਼ੋਰ ਹਨ। ਕਾਂਗਰਸ ਵੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਿੱਚ ਕਮਜ਼ੋਰ ਰਹੀ ਹੈ। ਅਕਾਲੀ ਦਲ ਕਿਨਾਰੇ ਹੋ ਚੁੱਕਿਆ ਅਤੇ ਭਾਜਪਾ ਨੂੰ ਲੋਕ ਸਵੀਕਾਰ ਨਹੀਂ ਕਰ ਰਹੇ।”

ਜਸਪਾਲ ਸਿੰਘ ਸਿੱਧੂ ਕਹਿੰਦੇ ਹਨ, “ਕਾਂਗਰਸ ਨੂੰ ਹਰਿਆਣਾ ਵਿੱਚ ਵੀ ਪਾਰਟੀ ਲੀਡਰਾਂ ਦੇ ਸਵਾਰਥ ਨੇ ਹਰਾਇਆ ਤੇ ਉਹੀ ਹਾਲ ਪੰਜਾਬ ਵਿੱਚ ਵੀ ਦਿਖਦਾ ਹੈ। 2024 ਦੀਆਂ ਲੋਕ ਸਭਾ ਚੋਣਾਂ ਵੇਲੇ ਕਾਂਗਰਸ ਇਸ ਕਰ ਕੇ ਜਿੱਤ ਗਈ ਸੀ ਕਿਉਂਕਿ ਰਾਹੁਲ ਗਾਂਧੀ ਲੋਕਾਂ ਵਿੱਚ ਵਿਚਰੇ ਸਨ। ਪਰ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਤਾਂ ਪੰਜਾਬੀਆਂ ਆਲਾ ਕੁਝ ਨਹੀਂ ਕੀਤਾ। ਜ਼ਮੀਨ ਉੱਤੇ ਪੰਜਾਬ ਕਾਂਗਰਸ ਦੇ ਲੀਡਰ ਕੀ ਕਰ ਰਹੇ ਹਨ? ਇਸ ਤੋਂ ਇਹ ਸਾਫ ਹੈ ਕਿ ਕਾਂਗਰਸ ਮੁੜ ਪਛੜ ਗਈ ਹੈ।”

ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਤ ਤੋਂ ਬਾਅਦ ਕੀ ਕਿਹਾ?

ਤਿੰਨ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਮਿਲੀ ਜਿੱਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਰਾਹੀਂ ਜਿੱਤੇ ਹੋਏ ਉਮੀਦਵਾਰਾਂ ਨੂੰ ਵਧਾਈਆਂ ਦਿੱਤੀਆਂ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ, “ਜ਼ਿਮਨੀ ਚੋਣਾਂ ’ਚ ਸ਼ਾਨਦਾਰ ਜਿੱਤ ਲਈ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ। ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਪੂਰੇ ਦੇਸ਼ ਵਿੱਚ ਦਿਨ-ਬ-ਦਿਨ ਬੁਲੰਦੀਆਂ ਛੂਹ ਰਹੀ ਹੈ। ਅਸੀਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ ਰਾਤ ਬਿਨਾਂ ਭੇਦਭਾਵ ਤੇ ਇਮਾਨਦਾਰੀ ਨਾਲ ਮਿਹਨਤ ਕਰ ਰਹੇ ਹਾਂ। ਜ਼ਿਮਨੀ ਚੋਣਾਂ ਦੌਰਾਨ ਪੰਜਾਬੀਆਂ ਨਾਲ ਕੀਤੇ ਹਰ ਵਾਅਦੇ ਨੂੰ ਅਸੀਂ ਪਹਿਲ ਦੇ ਆਧਾਰ ’ਤੇ ਪੂਰਾ ਕਰਾਂਗੇ। ਸਭ ਨੂੰ ਬਹੁਤ-ਬਹੁਤ ਮੁਬਾਰਕਾਂ।”

ਕੌਣ ਹਨ ਬਰਨਾਲਾ ਤੋਂ ਵਿਧਾਇਕ ਬਣੇ ਕੁਲਦੀਪ ਸਿੰਘ ਕਾਲਾ ਢਿੱਲੋਂ

ਬੀਬੀਸੀ ਸਹਿਯੋਗੀ ਨਵਕਿਰਨ ਮੁਤਾਬਕ ਕੁਲਦੀਪ ਸਿੰਘ ਕਾਲਾ ਢਿੱਲੋਂ ਪੇਸ਼ੇ ਵਜੋਂ ਟਰਾਂਸਪੋਰਟਰ ਹਨ। ਢਿੱਲੋਂ ਟਰਾਂਸਪੋਰਟ ਦੇ ਮਾਲਕ ਕਾਲਾ ਢਿੱਲੋਂ ਦਾ ਪਰਿਵਾਰਕ ਪਿਛੋਕੜ ਕਾਂਗਰਸ ਪਾਰਟੀ ਨਾਲ ਹੀ ਸਬੰਧਤ ਹੈ। ਉਨ੍ਹਾਂ ਦੇ ਭਰਾ ਹਰਿੰਦਰ ਸਿੰਘ ਸੀਰਾ ਢਿੱਲੋਂ ਕਾਂਗਰਸ ਪਾਰਟੀ ਦੇ ਕੱਦਾਵਰ ਆਗੂ ਸਨ।

ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਉਭਾਰ ਸਮੇਂ ਕੁਲਦੀਪ ਸਿੰਘ ਕਾਲਾ ਢਿੱਲੋਂ ਵੀ ‘ਆਪ’ ਵਿੱਚ ਸ਼ਾਮਲ ਹੋ ਗਏ ਸਨ ਪਰ ਸੁਖਪਾਲ ਸਿੰਘ ਖਹਿਰਾ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡਣ ਤੋਂ ਬਾਅਦ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵੀ ਕਾਂਗਰਸ ਪਾਰਟੀ ਵਿੱਚ ਵਾਪਸੀ ਕਰ ਲਈ ਸੀ।

ਇਸ ਸਮੇਂ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਵਜੋਂ ਕਾਰਜਸ਼ੀਲ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਕੇ ਜਿੱਤ ਦਰਜ ਕੀਤੀ ਹੈ।

ਚੱਬੇਵਾਲ ਵਿੱਚ ਨੌਜਵਾਨ ਆਗੂ ਦੀ ਜਿੱਤ

ਚੱਬੇਵਾਲ ਤੋਂ ਡਾਕਟਰ ਇਸ਼ਾਂਕ ਕੁਮਾਰ ਚੱਬੇਵਾਲ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ।

ਇਸ਼ਾਂਕ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਹਨ। ਰਾਜ ਕੁਮਾਰ ਚੱਬੇਵਾਲ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਸਨ।

ਡਾਕਟਰ ਇਸ਼ਾਂਕ ਕੁਮਾਰ ਨੂੰ 51,904 ਵੋਟਾਂ, ਜਦਕਿ ਕਾਂਗਰਸ ਦੇ ਰਣਜੀਤ ਕੁਮਾਰ ਨੂੰ 23,214 ਵੋਟਾਂ ਮਿਲੀਆਂ ਹਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਇਸ਼ਾਂਕ ਕੁਮਾਰ ਨੇ ਕਿਹਾ ਕਿ ਇਹ ਉਨ੍ਹਾਂ ਦੀ ਜਿੱਤ ਨਹੀਂ ਪੂਰੇ ਹਲਕੇ ਦੀ ਜਿੱਤ ਹੈ।

ਕਾਂਗਰਸ ਸੰਸਦ ਮੈਂਬਰਾਂ ਦੀਆਂ ਪਤਨੀਆਂ ਦੀ ਹਾਰ

ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਦੋ ਮੌਜੂਦਾ ਸੰਸਦ ਮੈਂਬਰਾਂ ਦੀਆਂ ਪਤਨੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਾਂਗਰਸ ਨੇ ਜਿੱਥੇ-ਜਿੱਥੇ ਆਪਣੇ ਸੀਨੀਅਰ ਲੀਡਰਾਂ ਦੀਆਂ ਪਤਨੀਆਂ ਨੂੰ ਟਿਕਟਾਂ ਦਿੱਤੀਆਂ, ਉਥੋਂ ਪਾਰਟੀ ਨੇ ਪੱਕੀਆਂ ਸੀਟਾਂ ਗੁਆ ਦਿੱਤੀਆਂ।

ਗਿੱਦੜਬਾਹਾ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਤੇ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਅਤੇ ਡੇਰਾ ਬਾਬਾ ਨਾਨਕ ਵਿੱਚ ਐੱਮਪੀ ਸੁਖਜਿੰਦਰ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਹਾਰ ਗਏ ਹਨ।

ਲੋਕ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ 5699 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ ਕੁੱਲ 59,104 ਵੋਟਾਂ ਮਿਲੀਆਂ, ਜਦਕਿ ਜਤਿੰਦਰ ਕੌਰ ਰੰਧਾਵਾ ਨੂੰ 53,405 ਵੋਟਾਂ ਪਈਆਂ। ਭਾਜਪਾ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਨੇ 6,505 ਵੋਟਾਂ ਨਾਲ ਜ਼ਮਾਨਤ ਜ਼ਬਤ ਕਰਵਾ ਲਈ ਹੈ।

ਜੇਤੂ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਵਿਧਾਨ ਸਭਾ ਚੋਣ 2022 ਵਿੱਚ ਵੀ ਉਮੀਦਵਾਰ ਸਨ ਪਰ ਉਦੋਂ ਉਹ ਤੀਸਰੇ ਸਥਾਨ ’ਤੇ ਰਹੇ ਸਨ। ਜਦਕਿ ਕਾਂਗਰਸ ਤੋਂ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਜੇਤੂ ਰਹੇ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)