ਚਾਂਦੀ ਵਾਂਗ ਦਿਖਣ ਵਾਲੀ ਜਰਮਨ ਸਿਲਵਰ ਕੀ ਹੈ, ਇਹ ਸਸਤੀ ਕਿਉਂ ਹੈ ਅਤੇ ਕੀ ਇਸ ਨਾਲ ਸਿਹਤ ਨੂੰ ਕੋਈ ਨੁਕਸਾਨ ਵੀ ਹੋ ਸਕਦਾ ਹੈ

ਜਰਮਨ ਸਿਲਵਰ ਦੇ ਭਾਂਡੇ ਤੇ ਹੋਰ ਸਮਾਨ ਦੇਖਦੇ ਗਾਹਕ
ਤਸਵੀਰ ਕੈਪਸ਼ਨ, ਨਾਮ ਵਿੱਚ 'ਸਿਲਵਰ' ਹੋਣ ਦੇ ਬਾਵਜੂਦ, ਇਹ ਅਸਲ ਵਿੱਚ ਚਾਂਦੀ ਨਹੀਂ ਹੁੰਦੀ ਪਰ ਇਹ ਚਾਂਦੀ ਵਾਂਗ ਚਮਕਦੀ ਹੈ
    • ਲੇਖਕ, ਲੱਕੋਜੂ ਸ਼੍ਰੀਨਿਵਾਸ
    • ਰੋਲ, ਬੀਬੀਸੀ ਤੇਲੁਗੂ ਲਈ

ਚਾਂਦੀ ਦੀਆਂ ਕੀਮਤਾਂ ਵਿੱਚ ਹਾਲ ਹੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਕਰਕੇ ਚਾਂਦੀ ਦੀ ਥਾਂ ਇੱਕ ਹੋਰ ਧਾਤ ਦਾ ਨਾਮ ਚਰਚਾ ਵਿੱਚ ਆ ਰਿਹਾ ਹੈ। ਇਸ ਨੂੰ 'ਜਰਮਨ ਸਿਲਵਰ' ਕਿਹਾ ਜਾਂਦਾ ਹੈ।

ਨਾਮ ਵਿੱਚ 'ਸਿਲਵਰ' ਹੋਣ ਦੇ ਬਾਵਜੂਦ, ਇਹ ਅਸਲ ਵਿੱਚ ਚਾਂਦੀ ਨਹੀਂ ਹੁੰਦੀ। ਪਰ ਇਹ ਚਾਂਦੀ ਵਾਂਗ ਚਮਕਦੀ ਹੈ, ਇਸ ਲਈ ਅੱਜਕੱਲ੍ਹ ਇਹ ਲੋਕਾਂ ਵਿੱਚ ਪ੍ਰਸਿੱਧ ਹੋ ਰਹੀ ਹੈ।

ਕੀ ਇਹ ਸੱਚਮੁੱਚ ਜਰਮਨ ਸਿਲਵਰ ਹੈ? ਚਾਂਦੀ ਅਤੇ ਜਰਮਨ ਸਿਲਵਰ ਵਿੱਚ ਕੀ ਫ਼ਰਕ ਹੈ? ਵਪਾਰੀ ਅਤੇ ਮਾਹਰ ਇਸ ਦੀ ਵਿਕਰੀ ਬਾਰੇ ਕੀ ਕਹਿੰਦੇ ਹਨ? ਕੀ ਭਾਰਤ ਵਿੱਚ ਜਰਮਨ ਸਿਲਵਰ ਮਿਲਣ ਲੱਗ ਪਈ ਹੈ? ਇਸ ਦੀ ਕੀ ਕੀਮਤ ਹੈ?

ਜਰਮਨ ਸਿਲਵਰ ਕੀ ਹੁੰਦੀ ਹੈ?

ਜਰਮਨ ਸਿਲਵਰ ਦੇ ਬਰਤਨ
ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਲਗਭਗ 60 ਫੀਸਦੀ ਤਾਂਬਾ, 20 ਫੀਸਦੀ ਨਿਕਲ ਅਤੇ 20 ਫੀਸਦੀ ਜ਼ਿੰਕ ਨੂੰ ਮਿਲਾ ਕੇ ਇਹ ਧਾਤ ਬਣਦੀ ਹੈ

ਭਾਵੇਂ ਇਸ ਦੇ ਨਾਮ ਵਿੱਚ 'ਸਿਲਵਰ' ਸ਼ਬਦ ਹੈ, ਪਰ ਜਰਮਨ ਸਿਲਵਰ ਵਿੱਚ ਅਸਲੀ ਚਾਂਦੀ ਨਹੀਂ ਹੁੰਦੀ।

ਆਂਧਰਾ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਦੇ ਆਨਰੇਰੀ ਪ੍ਰੋਫੈਸਰ ਜੀ. ਨਾਗੇਸ਼ਵਰ ਰਾਓ ਦੇ ਮੁਤਾਬਕ, "ਲਗਭਗ 60 ਫੀਸਦੀ ਤਾਂਬਾ, 20 ਫੀਸਦੀ ਨਿਕਲ ਅਤੇ 20 ਫੀਸਦੀ ਜ਼ਿੰਕ ਨੂੰ ਮਿਲਾ ਕੇ ਜੋ ਧਾਤ ਬਣਾਈ ਜਾਂਦੀ ਹੈ, ਉਹ ਚਾਂਦੀ ਵਾਂਗ ਚਮਕਦੀ ਹੈ। ਇਸੇ ਨੂੰ ਜਰਮਨ ਸਿਲਵਰ ਕਿਹਾ ਜਾਂਦਾ ਹੈ।"

ਇਹ ਧਾਤ ਸਭ ਤੋਂ ਪਹਿਲਾਂ ਜਰਮਨੀ ਵਿੱਚ ਤਿਆਰ ਕੀਤੀ ਗਈ ਸੀ, ਇਸ ਲਈ ਇਸ ਦਾ ਨਾਮ ਜਰਮਨ ਸਿਲਵਰ ਪਿਆ। ਵਿਗਿਆਨ ਦੀ ਭਾਸ਼ਾ ਵਿੱਚ ਇਸ ਨੂੰ 'ਨਿਕਲ ਸਿਲਵਰ' ਵੀ ਕਹਿੰਦੇ ਹਨ।

ਚਾਂਦੀ ਅਤੇ ਜਰਮਨ ਸਿਲਵਰ ਵਿੱਚ ਫ਼ਰਕ

ਜਰਮਨ ਸਿਲਵਰ ਦੇ ਬਣੇ ਕੁਝ ਗੁਲਦਸਤੇ ਤੇ ਹੋਰ ਸਮਾਨ
ਤਸਵੀਰ ਕੈਪਸ਼ਨ, ਵਪਾਰੀਆਂ ਦਾ ਕਹਿਣਾ ਹੈ ਕਿ ਹਾਲੀਆ ਇੰਟੀਰੀਅਰ ਡੈਕੋਰੇਸ਼ਨ ਦੇ ਰੁਝਾਨ ਕਾਰਨ ਵੀ ਜਰਮਨ ਸਿਲਵਰ ਦੀ ਮੰਗ ਵੱਧ ਰਹੀ ਹੈ।

ਵਪਾਰੀਆਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਚਾਂਦੀ ਦੀ ਕੀਮਤ ਵੱਧ ਰਹੀ ਹੈ, ਲੋਕ ਘੱਟ ਕੀਮਤ 'ਤੇ ਚਾਂਦੀ ਵਰਗਾ ਦਿਖਣ ਵਾਲਾ ਸਮਾਨ ਲੈਣ ਲਈ ਜਰਮਨ ਸਿਲਵਰ ਵੱਲ ਮੁੜ ਰਹੇ ਹਨ।

ਵਿਸ਼ਾਖਾਪਟਨਮ ਦੇ ਜਰਮਨ ਸਿਲਵਰ ਵਪਾਰੀ ਅਮਿਤ ਸ਼ਰਮਾ ਬੀਬੀਸੀ ਨੂੰ ਦੱਸਦੇ ਹਨ, "ਉਪਰੋਂ-ਉਪਰੋਂ ਚਾਂਦੀ ਅਤੇ ਜਰਮਨ ਸਿਲਵਰ ਵਿੱਚ ਜ਼ਿਆਦਾ ਫ਼ਰਕ ਨਹੀਂ ਨਜ਼ਰ ਆਉਂਦਾ। ਚਮਕ ਵੀ ਇੱਕੋ ਜਿਹੀ ਹੁੰਦੀ ਹੈ। ਪਰ ਅਸਲ ਫ਼ਰਕ ਅੰਦਰ ਵਰਤੀਆਂ ਗਈਆਂ ਧਾਤਾਂ ਦਾ ਹੁੰਦਾ ਹੈ।"

ਉਨ੍ਹਾਂ ਕਿਹਾ ਕਿ ਕੀਮਤ ਵਿੱਚ ਕਾਫ਼ੀ ਵੱਡਾ ਅੰਤਰ ਹੈ।

ਅਮਿਤ ਸ਼ਰਮਾ ਕਹਿੰਦੇ ਹਨ "ਇੱਕ ਕਿਲੋ ਚਾਂਦੀ ਦਾ ਬਣਿਆ ਕੁੰਡੂ ਲਗਭਗ 2 ਲੱਖ ਰੁਪਏ ਤੱਕ ਦਾ ਪੈਂਦਾ ਹੈ, ਪਰ ਉਹੀ ਡਿਜ਼ਾਈਨ ਜਰਮਨ ਸਿਲਵਰ ਵਿੱਚ ਲਗਭਗ 15 ਹਜ਼ਾਰ ਰੁਪਏ ਵਿੱਚ ਮਿਲ ਜਾਂਦਾ ਹੈ। ਚਾਂਦੀ ਦੀਆਂ ਵਧਦੀਆਂ ਕੀਮਤਾਂ ਕਾਰਨ ਜਰਮਨ ਸਿਲਵਰ ਇੱਕ ਵਿਕਲਪ ਬਣ ਗਿਆ ਹੈ।"

ਅਮਿਤ ਸ਼ਰਮਾ ਮੁਤਾਬਕ, ਜਰਮਨ ਸਿਲਵਰ ਦੀ ਗੁਣਵੱਤਾ ਦੇ ਅਨੁਸਾਰ, ਬਾਜ਼ਾਰ ਵਿੱਚ ਚਾਂਦੀ ਦੀ ਪਰਤ ਚੜ੍ਹਿਆ ਜਰਮਨ ਸਿਲਵਰ 1500 ਤੋਂ 6000 ਰੁਪਏ ਪ੍ਰਤੀ ਕਿਲੋ ਤੱਕ ਮਿਲ ਸਕਦਾ ਹੈ।

ਉੱਥੇ ਹੀ ਚਾਂਦੀ ਦੀ ਕੀਮਤ 2.45 ਲੱਖ ਰੁਪਏ ਪ੍ਰਤੀ ਕਿਲੋ ਤੋਂ ਵੀ ਉੱਪਰ ਹੈ।

ਇਹ ਵੀ ਪੜ੍ਹੋ-

ਜਰਮਨ ਸਿਲਵਰ ਕਿੱਥੇ ਵਰਤੀ ਜਾਂਦੀ ਹੈ?

ਜਰਮਨ ਸਿਲਵਰ ਦੇ ਬਣੇ ਮੋਰ ਤੇ ਹੋਰ
ਤਸਵੀਰ ਕੈਪਸ਼ਨ, ਚਾਂਦੀ ਅਤੇ ਜਰਮਨ ਸਿਲਵਰ ਦਿੱਖ ਵਿੱਚ ਇੱਕੋ ਜਿਹੇ ਲੱਗਦੇ ਹਨ, ਇਸ ਕਰਕੇ ਗਾਹਕ ਥੋੜ੍ਹੇ ਉਲਝ ਜਾਂਦੇ ਹਨ

ਵਿਸਾਖਾਪਟਨਮ ਦੇ ਚਾਂਦੀ ਦੇ ਵਪਾਰੀ ਵੇਂਕਟਾ ਸਤਿਆ ਸੁੱਬਾਰਾਮ ਨੇ ਬੀਬੀਸੀ ਨੂੰ ਦੱਸਿਆ ਕਿ ਪਹਿਲਾਂ ਦੇ ਮੁਕਾਬਲੇ ਹੁਣ ਜਰਮਨ ਸਿਲਵਰ ਵੇਚਣ ਵਾਲੀਆਂ ਦੁਕਾਨਾਂ 'ਤੇ ਕਾਫ਼ੀ ਵੱਧ ਗਾਹਕ ਆ ਰਹੇ ਹਨ।

ਜਰਮਨ ਸਿਲਵਰ ਦੇ ਵਪਾਰੀ ਅਮਿਤ ਸ਼ਰਮਾ ਕਹਿੰਦੇ ਹਨ, "ਜਰਮਨ ਸਿਲਵਰ ਨਾਲ ਸਜਾਵਟੀ ਸਮਾਨ, ਪੂਜਾ ਦਾ ਸਮਾਨ, ਨਕਲੀ ਗਹਿਣੇ ਅਤੇ ਰਿਟਰਨ ਗਿਫ਼ਟ ਬਣਾਏ ਜਾਂਦੇ ਹਨ। ਲੋਕ ਇਹ ਸਮਾਨ ਵੱਡੀ ਮਾਤਰਾ ਵਿੱਚ ਵੀ ਖਰੀਦਦੇ ਹਨ। ਪਰ ਹੁਣ ਜਦੋਂ ਚਾਂਦੀ ਦੀ ਕੀਮਤ ਕਾਫ਼ੀ ਵੱਧ ਗਈ ਹੈ, ਤਾਂ ਲੋਕ ਚਾਂਦੀ ਦੀ ਥਾਂ ਜਰਮਨ ਸਿਲਵਰ ਦੇ ਰਿਟਰਨ ਗਿਫ਼ਟ ਅਤੇ ਪੂਜਾ ਦਾ ਸਮਾਨ ਲੈ ਰਹੇ ਹਨ।"

ਪ੍ਰੋਫੈਸਰ ਨਾਗੇਸ਼ਵਰ ਰਾਓ ਮੁਤਾਬਕ, "ਜਰਮਨ ਸਿਲਵਰ ਕਾਫ਼ੀ ਲਚਕੀਲੀ ਧਾਤ ਹੈ, ਇਸ ਲਈ ਇਸ ਦੀ ਵਰਤੋਂ ਗੱਡੀਆਂ ਦੇ ਪਾਰਟਸ, ਵਿਗਿਆਨਕ ਉਪਕਰਣਾਂ, ਪਲੱਗ ਪਿੰਨ ਅਤੇ ਕਨੈਕਟਰ ਬਣਾਉਣ ਵਿੱਚ ਵੀ ਹੁੰਦਾ ਹੈ।"

ਵਪਾਰੀਆਂ ਦਾ ਕਹਿਣਾ ਹੈ ਕਿ ਹਾਲੀਆ ਇੰਟੀਰੀਅਰ ਡੈਕੋਰੇਸ਼ਨ ਦੇ ਰੁਝਾਨ ਕਾਰਨ ਵੀ ਜਰਮਨ ਸਿਲਵਰ ਦੀ ਮੰਗ ਵੱਧ ਰਹੀ ਹੈ।

ਚਾਂਦੀ ਅਤੇ ਜਰਮਨ ਸਿਲਵਰ ਵਿੱਚ ਫ਼ਰਕ ਕਿਵੇਂ ਪਛਾਣੀਏ?

ਜਰਮਨ ਸਿਲਵਰ ਬਾਰੇ ਜਾਣਕਾਰੀ ਦਿੰਦੀ ਮਹਿਲਾ
ਤਸਵੀਰ ਕੈਪਸ਼ਨ, ਜਰਮਨ ਸਿਲਵਰ ਤੇਜ਼ਾਬੀ ਚੀਜ਼ਾਂ ਨਾਲ ਰਿਐਕਟ ਕਰਦੀ ਹੈ, ਇਸ ਲਈ ਇਸ ਵਿੱਚ ਖੱਟੀ ਚੀਜ ਰੱਖਣਾ ਠੀਕ ਨਹੀਂ

ਚਾਂਦੀ ਅਤੇ ਜਰਮਨ ਸਿਲਵਰ ਦਿੱਖ ਵਿੱਚ ਇੱਕੋ ਜਿਹੇ ਲੱਗਦੇ ਹਨ, ਇਸ ਕਰਕੇ ਗਾਹਕ ਥੋੜ੍ਹੇ ਉਲਝ ਜਾਂਦੇ ਹਨ। ਪਰ ਵਪਾਰੀ ਕਹਿੰਦੇ ਹਨ ਕਿ ਇੱਕ ਸਧਾਰਣ ਟੈਸਟ ਨਾਲ ਫ਼ਰਕ ਪਤਾ ਲੱਗ ਸਕਦਾ ਹੈ।

ਜਰਮਨ ਸਿਲਵਰ ਦੇ ਵਪਾਰੀ ਕਲਿਆਣੀ ਨੇ ਬੀਬੀਸੀ ਨੂੰ ਦੱਸਿਆ, "ਜੇ ਸਮਾਨ ਦਾ ਢੱਕਣ ਜਾਂ ਉਪਰਲਾ ਹਿੱਸਾ ਖੋਲ੍ਹਿਆ ਜਾਵੇ, ਤਾਂ ਅੰਦਰਲੀ ਧਾਤ ਦਾ ਰੰਗ ਨਜ਼ਰ ਆ ਜਾਂਦਾ ਹੈ। ਜੇ ਅਸਲੀ ਚਾਂਦੀ ਹੋਵੇਗੀ ਤਾਂ ਰੰਗ ਵੱਖਰਾ ਨਹੀਂ ਹੋਵੇਗਾ, ਪਰ ਜੇ ਤਾਂਬਾ ਜਾਂ ਪਿੱਤਲ ਹੋਵੇ, ਤਾਂ ਉਹ ਸਾਫ਼ ਨਜ਼ਰ ਆ ਜਾਂਦਾ ਹੈ।"

ਅਮਿਤ ਸ਼ਰਮਾ ਕਹਿੰਦੇ ਹਨ, "ਚਾਂਦੀ ਤੋਂ ਉਲਟ, ਜਰਮਨ ਸਿਲਵਰ ਦੀ ਕੋਈ ਰੀਸੇਲ ਕੀਮਤ ਨਹੀਂ ਹੁੰਦੀ। ਇਸਦਾ ਸਰਾਫਾ ਬਾਜ਼ਾਰ ਨਾਲ ਕੋਈ ਸਬੰਧ ਨਹੀਂ। ਕਿਉਂਕਿ ਇਹ ਚਾਂਦੀ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ, ਇਸ ਲਈ ਇਸ 'ਤੇ ਨਾ ਹਾਲਮਾਰਕ ਹੁੰਦਾ ਹੈ ਅਤੇ ਨਾ ਹੀ BSI ਸਰਟੀਫਿਕੇਸ਼ਨ। ਇਸ ਕਰਕੇ ਇਸ ਦੀ ਕੋਈ ਅਧਿਕਾਰਕ ਗਿਣਤੀ-ਮਿਣਤੀ ਕਿਤੇ ਦਰਜ ਨਹੀਂ ਹੁੰਦੀ।"

ਹਾਂ, ਵਪਾਰੀ ਇਹ ਵੀ ਕਹਿੰਦੇ ਹਨ ਕਿ ਭਾਵੇਂ ਇਸ ਦੀ ਰੀਸੇਲ ਕੀਮਤ ਨਹੀਂ, ਪਰ ਜੇ ਜਰਮਨ ਸਿਲਵਰ ਦੀ ਚਮਕ ਘੱਟ ਹੋ ਜਾਵੇ, ਤਾਂ ਇਸ ਨੂੰ ਪੋਲਿਸ਼ ਕਰਵਾ ਕੇ ਮੁੜ ਵਰਤਿਆ ਜਾ ਸਕਦਾ ਹੈ।

ਅਮਿਤ ਸ਼ਰਮਾ ਮੁਤਾਬਕ, "ਅਜੇ ਜਰਮਨ ਸਿਲਵਰ ਦੀ ਮੰਗ ਐਨੀ ਨਹੀਂ ਵਧੀ ਕਿ ਇਸਨੂੰ ਨਿਵੇਸ਼ ਸਮਝਿਆ ਜਾਵੇ।"

ਜਰਮਨ ਸਿਲਵਰ 'ਮੱਧ ਵਰਗ ਦੀ ਚਾਂਦੀ' ਬਣ ਰਹੀ ਹੈ।

ਕੁਝ ਧਾਤਾਂ ਦੇ ਮਿਸ਼ਰਣ ਨਾਲ ਬਣਦੀ ਹੈ ਜਰਮਨ ਸਿਲਵਰ

ਵਿਸ਼ਾਖਾਪਟਨਮ ਦੇ ਰਹਿਣ ਵਾਲੇ ਰਾਮਾਲਕਸ਼ਮੀ ਕਹਿੰਦੇ ਹਨ ਕਿ ਚਾਂਦੀ ਦੀਆਂ ਵਧਦੀਆਂ ਕੀਮਤਾਂ ਕਾਰਨ, ਉਹਨਾਂ ਵਰਗੇ ਮੱਧ ਵਰਗ ਦੇ ਪਰਿਵਾਰਾਂ ਲਈ ਜਰਮਨ ਸਿਲਵਰ ਇੱਕ ਵਿਕਲਪ ਬਣ ਰਹੀ ਹੈ।

ਉਨ੍ਹਾਂ ਕਿਹਾ, "ਇਹ ਸਸਤੀ ਹੁੰਦੀ ਹੈ, ਚਾਂਦੀ ਵਰਗੀ ਦਿਸਦੀ ਹੈ ਅਤੇ ਤੋਹਫ਼ੇ ਲਈ ਵੀ ਠੀਕ ਰਹਿੰਦੀ ਹੈ।" ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਚਾਂਦੀ ਖਰੀਦਦੇ ਸਨ, ਪਰ ਕੀਮਤਾਂ ਵਧਣ ਤੋਂ ਬਾਅਦ ਜਰਮਨ ਸਿਲਵਰ ਦਾ ਸਮਾਨ ਲੈਣ ਲੱਗ ਪਏ।

"ਹੁਣ ਕੁਝ ਲੋਕਾਂ ਲਈ ਇਹੀ ਚਾਂਦੀ ਹੈ"

ਜਰਮਨ ਸਿਲਵਰ ਦੇ ਵਪਾਰੀ ਕਲਿਆਣੀ ਨੇ ਕਿਹਾ ਕਿ ਲੋਕ ਜਰਮਨ ਸਿਲਵਰ ਵੱਲ ਇਸ ਲਈ ਖਿੱਚੇ ਜਾ ਰਹੇ ਹਨ ਕਿਉਂਕਿ ਇਹ ਧਾਤ ਆਸਾਨੀ ਨਾਲ ਹਰ ਆਕਾਰ ਵਿੱਚ ਢਲ ਜਾਂਦੀ ਹੈ, ਸਸਤੀ ਹੈ ਅਤੇ ਦਿੱਖ ਵਿੱਚ ਬਿਲਕੁਲ ਚਾਂਦੀ ਵਰਗੀ ਲੱਗਦੀ ਹੈ।

ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ, "ਕੁਝ ਗਾਹਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਜਰਮਨ ਸਿਲਵਰ ਅਸਲੀ ਚਾਂਦੀ ਨਹੀਂ। ਲੋਕਾਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਇਸ ਦੀ ਚਾਂਦੀ ਵਰਗੀ ਕੀਮਤ ਜਾਂ ਅਧਿਕਾਰਕ ਪਹਿਚਾਣ ਨਹੀਂ ਹੁੰਦੀ।"

ਕਲਿਆਣੀ ਨੇ ਸਮਝਾਉਂਦਿਆਂ ਕਿਹਾ ਕਿ "ਕਈ ਵਾਰ ਜਰਮਨ ਸਿਲਵਰ ਨੂੰ ਚਾਂਦੀ ਦੱਸ ਕੇ ਵੀ ਵੇਚਿਆ ਜਾ ਸਕਦਾ ਹੈ। ਇਸ ਲਈ ਜਦੋਂ ਵੀ ਚਾਂਦੀ ਖਰੀਦੋ, ਧਿਆਨ ਨਾਲ ਜਾਂਚ-ਪੜਤਾਲ ਕਰਕੇ ਹੀ ਖਰੀਦ ਕਰੋ, ਕਿਉਂਕਿ ਜਰਮਨ ਸਿਲਵਰ ਚਾਂਦੀ ਵਰਗੀ ਲੱਗਦੀ ਹੈ ਪਰ ਚਾਂਦੀ ਨਹੀਂ ਹੁੰਦੀ।"

ਕੀ ਜਰਮਨ ਸਿਲਵਰ ਨੁਕਸਾਨਦਾਇਕ ਹੈ?

ਜਰਮਨ ਸਿਲਵਰ ਅਸਲੀ ਚਾਂਦੀ ਨਹੀਂ ਹੁੰਦੀ
ਤਸਵੀਰ ਕੈਪਸ਼ਨ, ਜਰਮਨ ਸਿਲਵਰ ਅਸਲੀ ਚਾਂਦੀ ਨਹੀਂ ਹੁੰਦੀ, ਇਸ ਲਈ ਇਸ 'ਤੇ ਬੀਐਸਆਈ ਸਰਟੀਫਿਕੇਸ਼ਨ ਜਾਂ ਹਾਲਮਾਰਕ ਲਾਗੂ ਨਹੀਂ ਹੁੰਦੇ

ਪ੍ਰੋਫੈਸਰ ਨਾਗੇਸ਼ਵਰ ਰਾਓ ਦੱਸਦੇ ਹਨ ਕਿ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਰਮਨ ਸਿਲਵਰ ਇੱਕ ਐਲੌਏ ਹੁੰਦੀ ਹੈ, ਜਿਸ ਵਿੱਚ ਨਿਕਲ ਧਾਤ ਸ਼ਾਮਲ ਹੁੰਦੀ ਹੈ। ਨਿਕਲ ਨਾਲ ਚਮੜੀ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।

ਜਿਨ੍ਹਾਂ ਲੋਕਾਂ ਨੂੰ ਨਿਕਲ ਨਾਲ ਐਲਰਜੀ ਹੁੰਦੀ ਹੈ, ਉਹਨਾਂ ਲਈ ਜਰਮਨ ਸਿਲਵਰ ਵਰਤਣ ਨਾਲ ਚਮੜੀ ਸਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਕਿਉਂਕਿ ਜਰਮਨ ਸਿਲਵਰ ਤੇਜ਼ਾਬੀ ਚੀਜ਼ਾਂ ਨਾਲ ਰਿਐਕਟ ਕਰਦੀ ਹੈ, ਇਸ ਲਈ ਇਸ ਵਿੱਚ ਖੱਟੀ ਚੀਜ ਰੱਖਣਾ ਠੀਕ ਨਹੀਂ। ਇਸੇ ਕਰਕੇ ਜਰਮਨ ਸਿਲਵਰ ਨੂੰ ਖਾਣਾ ਬਣਾਉਣ ਦੀ ਥਾਂ ਸਜਾਵਟ, ਤੋਹਫ਼ੇ ਅਤੇ ਗਹਿਣਿਆਂ ਤੱਕ ਹੀ ਸੀਮਤ ਰੱਖਣਾ ਚਾਹੀਦਾ ਹੈ।

ਅਮਿਤ ਸ਼ਰਮਾ ਦੱਸਦੇ ਹਨ ਕਿ ਅੱਜਕੱਲ੍ਹ ਨੌਜਵਾਨ ਜਰਮਨ ਸਿਲਵਰ ਦੇ ਗਹਿਣਿਆਂ ਵੱਲ ਜ਼ਿਆਦਾ ਰੁਝਾਨ ਦਿਖਾ ਰਹੇ ਹਨ। ਉਨ੍ਹਾਂ ਨੂੰ ਜਰਮਨ ਸਿਲਵਰ ਦੇ ਬਣੇ ਝੁਮਕੇ, ਚੇਨ, ਕੰਗਣ, ਬ੍ਰੇਸਲੇਟ ਅਤੇ ਟਰਾਈਬਲ ਆਰਟ ਸਟਾਈਲ ਦੇ ਗਹਿਣੇ ਪਸੰਦ ਆ ਰਹੇ ਹਨ।

ਵਪਾਰੀ ਕਲਿਆਣੀ ਕਹਿੰਦੇ ਹਨ, "ਜਰਮਨ ਸਿਲਵਰ ਦੀ ਇੱਕ ਹੋਰ ਕਿਸਮ ਵੀ ਹੁੰਦੀ ਹੈ, ਜਿਸ ਨੂੰ ਜਰਮਨ ਪਲੇਟਿਡ ਸਿਲਵਰ ਕਿਹਾ ਜਾਂਦਾ ਹੈ। ਇਹ ਸਟੇਨਲੈੱਸ ਸਟੀਲ, ਪਿੱਤਲ ਜਾਂ ਤਾਂਬੇ 'ਤੇ ਚਾਂਦੀ ਦੀ ਪਰਤ ਚੜ੍ਹਾ ਕੇ ਬਣਾਈ ਜਾਂਦੀ ਹੈ। ਐਲੌਏ ਬਦਲਣ ਨਾਲ ਫ਼ਰਕ ਆ ਜਾਂਦਾ ਹੈ। ਇਸ ਦੀਆਂ ਦੋ-ਤਿੰਨ ਕਿਸਮਾਂ ਵੀ ਹੁੰਦੀਆਂ ਹਨ। ਪਰ ਇਹ ਸਾਰੀਆਂ ਹੀ ਜਰਮਨ ਸਿਲਵਰ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਹਨ।"

ਕੀ ਇਸ 'ਤੇ ਕੋਈ ਨਿਗਰਾਨੀ ਹੁੰਦੀ ਹੈ?

ਦੁਕਾਨ ਤੇ ਸਮਾਨ ਖਰੀਦ ਰਹੇ ਗਾਹਕ
ਤਸਵੀਰ ਕੈਪਸ਼ਨ, ਵਪਾਰੀਆਂ ਮੁਤਾਬਕ ਪਹਿਲਾਂ ਦੇ ਮੁਕਾਬਲੇ ਹੁਣ ਜਰਮਨ ਸਿਲਵਰ ਵੇਚਣ ਵਾਲੀਆਂ ਦੁਕਾਨਾਂ 'ਤੇ ਕਾਫ਼ੀ ਵੱਧ ਗਾਹਕ ਆ ਰਹੇ ਹਨ

ਜਰਮਨ ਸਿਲਵਰ ਅਸਲੀ ਚਾਂਦੀ ਨਹੀਂ ਹੁੰਦੀ, ਇਸ ਲਈ ਇਸ 'ਤੇ ਬੀਐਸਆਈ ਸਰਟੀਫਿਕੇਸ਼ਨ ਜਾਂ ਹਾਲਮਾਰਕ ਲਾਗੂ ਨਹੀਂ ਹੁੰਦੇ। ਸਰਕਾਰ ਵੱਲੋਂ ਵੀ ਇਸ ਦੀ ਕੋਈ ਖਾਸ ਨਿਗਰਾਨੀ ਨਹੀਂ ਕੀਤੀ ਜਾਂਦੀ।

ਜਰਮਨ ਸਿਲਵਰ ਦੇ ਵਪਾਰੀ ਅਮਿਤ ਸ਼ਰਮਾ ਕਹਿੰਦੇ ਹਨ, "ਬਾਜ਼ਾਰ ਵਿੱਚ ਧੋਖਾਧੜੀ ਨੂੰ ਰੋਕਣ ਲਈ, ਜਰਮਨ ਸਿਲਵਰ ਵੇਚਣ ਵਾਲਿਆਂ ਨੂੰ ਇਸ ਉੱਤੇ ਮੋਹਰਾਂ ਲਗਾਉਣੀਆਂ ਚਾਹੀਦੀਆਂ ਹਨ ਜੋ ਇਹ ਦੱਸਣ ਕਿ ਇਹ ਜਰਮਨ ਸਿਲਵਰ ਹੈ। ਨਾਲ ਹੀ, ਚਾਂਦੀ ਖਰੀਦਣ ਵੇਲੇ '925 ਸਿਲਵਰ', 'ਸਟਰਲਿੰਗ ਸਿਲਵਰ', 'ਹਾਲਮਾਰਕ' ਅਤੇ 'ਬੀਐਸਆਈ' ਦੇ ਨਿਸ਼ਾਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ।"

ਇਸ ਨਾਲ ਗਾਹਕ ਅਸਲੀ ਚਾਂਦੀ ਅਤੇ ਜਰਮਨ ਸਿਲਵਰ ਵਿੱਚ ਫ਼ਰਕ ਆਸਾਨੀ ਨਾਲ ਸਮਝ ਸਕਦੇ ਹਨ।

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)