ਰੋਹਤਕ ਦੀ ਯੂਨੀਵਰਸਿਟੀ ਵਿੱਚ ਸਫ਼ਾਈ ਕਰਮੀ ਔਰਤਾਂ ਤੋਂ ਮਾਹਵਾਰੀ ਦਾ ਸਬੂਤ ਮੰਗੇ ਜਾਣ ਦਾ ਕੀ ਹੈ ਮਾਮਲਾ

    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਸਹਿਯੋਗੀ

ਹਰਿਆਣਾ ਦੇ ਰੋਹਤਕ ਵਿੱਚ ਸਥਿਤ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ (ਐੱਮਡੀਯੂ) ਵਿੱਚ ਕਥਿਤ ਤੌਰ 'ਤੇ ਮਹਿਲਾ ਸਫਾਈ ਕਰਮਚਾਰੀਆਂ ਨੂੰ ਮਾਹਵਾਰੀ ਦੌਰਾਨ ਸੈਨੀਟਰੀ ਪੈਡ ਦੀਆਂ ਤਸਵੀਰਾਂ ਸਬੂਤ ਵੱਜੋਂ ਉੱਚ ਅਧਿਕਾਰੀਆਂ ਨੂੰ ਭੇਜਣ ਲਈ ਮਜਬੂਰ ਕਰਨ ਦਾ ਮਾਮਲਾ ਭਖ਼ਦਾ ਜਾ ਰਿਹਾ ਹੈ।

ਇਸ ਮਾਮਲੇ ਵਿੱਚ ਸ਼ਿਕਾਇਤ ਕਰਨ ਵਾਲੀਆਂ ਤਿੰਨ ਮਹਿਲਾ ਸਫਾਈ ਕਰਮਚਾਰੀਆਂ ਦੀ ਸ਼ਿਕਾਇਤ ਉੱਤੇ ਪੀਜੀਆਈਐੱਮਐੱਸ ਪੁਲਿਸ ਸਟੇਸ਼ਨ ਰੋਹਤਕ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ।

ਯੂਨੀਵਰਸਿਟੀ ਪ੍ਰਸ਼ਾਸਨ ਨੇ ਤੁਰੰਤ ਪ੍ਰਭਾਵ ਨਾਲ ਮਹਿਲਾ ਕਰਮਚਾਰੀਆਂ ਨੂੰ ਅਜਿਹਾ ਕਰਨ ਲਈ ਮਜਬੂਰ ਕਰਨ ਦੇ ਇਲਜ਼ਾਮ ਹੇਠ ਦੋ ਸੀਨੀਅਰ ਸੈਨੀਟਰੀ ਸੁਪਰਡੈਂਟਾਂ ਨੂੰ ਸਸਪੈਂਡ ਕੀਤਾ ਗਿਆ ਹੈ।

ਕੀ ਹੈ ਪੂਰਾ ਮਾਮਲਾ?

ਸ਼ਿਕਾਇਤਕਰਤਾ ਮਹਿਲਾ ਸਫਾਈ ਕਰਮਚਾਰੀਆਂ ਨੇ ਯੂਨੀਵਰਿਸਟੀ ਪ੍ਰਸ਼ਾਸਨ ਨੂੰ ਕੀਤੀ ਸ਼ਿਕਾਇਤ ਵਿੱਚ ਲਿਖਿਆ ਹੈ, "ਉਹ ਪਿਛਲੇ 11 ਸਾਲਾਂ ਤੋਂ ਯੂਨੀਵਰਸਿਟੀ ਵਿੱਚ ਬਤੌਰ ਸਫਾਈ ਕਰਮਚਾਰੀ ਕੰਮ ਕਰ ਰਹੀਆਂ ਹਨ।"

"ਪਰ ਇਸ 26 ਅਕਤੂਬਰ ਨੂੰ ਜਦੋਂ ਉਹ ਅਤੇ ਉਨ੍ਹਾਂ ਦੀਆਂ ਹੋਰ ਸਾਥਣਾਂ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਰੋਹਤਕ ਦੇ ਸਪੋਰਟਸ ਕੰਪਲੈਕਸ ਵਿੱਚ ਸਫਾਈ ਕਰ ਰਹੀਆਂ ਸਨ ਤਾਂ ਉੱਥੇ ਮੌਜੂਦ ਦੋ ਪੁਰਸ਼ ਸੈਨੀਟਰੀ ਸੁਪਰਵਾਈਜ਼ਰ ਨੇ ਉਨ੍ਹਾਂ 'ਤੇ ਕੰਮ ਜਲਦੀ ਪੂਰਾ ਕਰਨ ਲਈ ਦਬਾਅ ਪਾਇਆ।"

"ਜਿਸ 'ਤੇ ਦੋ ਮਹਿਲਾ ਸਫਾਈ ਕਰਮਚਾਰੀਆਂ ਨੇ ਜਵਾਬ ਦਿੱਤਾ ਕਿ ਅਸੀਂ ਮਾਹਵਾਰੀ ਨਾਲ ਸਬੰਧਤ ਸਮੇਂ-ਸਮੇਂ 'ਤੇ ਹੋਣ ਵਾਲੇ ਸਰੀਰਕ ਦਰਦ ਕਾਰਨ ਤੇਜ਼ ਰਫ਼ਤਾਰ ਨਾਲ ਕੰਮ ਨਹੀਂ ਕਰ ਸਕਦੇ।"

ਸ਼ਿਕਾਇਤਕਰਤਾ ਮਹਿਲਾ ਕਰਮਚਾਰੀ ਲਿਖਦੇ ਹਨ, "ਸੁਪਰਵਾਈਜ਼ਰ ਨੇ ਫਿਰ ਸਾਡੇ ਨਾਲ ਮਾੜੀ ਭਾਸ਼ਾ ਦੀ ਵਰਤੋਂ ਕੀਤੀ ਅਤੇ ਕਿਹਾ ਕਿ ਉੱਚ ਅਧਿਕਾਰੀਆਂ ਨੇ ਮਾਹਵਾਰੀ ਦੀ ਪੁਸ਼ਟੀ ਕਰਨ ਲਈ ਸਬੂਤ ਵਜੋਂ ਸਾਡੇ ਸੈਨਟਰੀ ਪੈਡ ਦੀਆਂ ਤਸਵੀਰਾਂ ਖਿੱਚਣ ਦਾ ਹੁਕਮ ਦਿੱਤਾ ਹੈ।"

ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਸੈਨੀਟਰੀ ਸੁਪਰਵਾਈਜ਼ਰ ਨੇ ਉਨ੍ਹਾਂ ਸਣੇ ਦੋ ਹੋਰ ਮਹਿਲਾ ਸਫਾਈ ਕਰਮਚਾਰੀਆਂ 'ਤੇ ਸੈਨਟਰੀ ਪੈਡ ਦੀਆਂ ਤਸਵੀਰਾਂ ਖਿੱਚਣ ਲਈ ਦਬਾਅ ਪਾਇਆ ।

"ਪਰ ਜਦੋਂ ਇੱਕ ਮਹਿਲਾ ਕਰਮਚਾਰੀ ਨੇ ਤਸਵੀਰਾਂ ਖਿੱਚਣ ਤੋਂ ਇਨਕਾਰ ਕਰ ਦਿੱਤਾ, ਤਾਂ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਗਈ।"

ਸ਼ਿਕਾਇਤਕਰਤਾ ਕਹਿੰਦੇ ਹਨ ਕਿ ਦਬਾਅ ਅਤੇ ਮਜਬੂਰੀ ਵਿੱਚ ਉਹ ਅਤੇ ਉਨ੍ਹਾਂ ਦੀ ਇੱਕ ਸਾਥਣ ਨੇ ਵਾਸ਼ਰੂਮ ਜਾ ਕੇ ਆਪਣੇ ਫੋਨ ਵਿੱਚ ਸੈਨਟਰੀ ਪੈਡ ਦੀਆਂ ਤਸਵੀਰਾਂ ਖਿੱਚੀਆਂ।

ਸ਼ਿਕਾਇਤਕਰਤਾ ਦਾ ਇਲਜ਼ਾਮ ਹੈ ਕਿ ਸੁਪਰਵਾਈਜ਼ਰ ਦੇ ਦੱਸਣ ਮੁਤਾਬਕ ਇਸ ਮਾਮਲੇ ਵਿੱਚ ਯੂਨੀਵਰਸਿਟੀ ਦੇ ਇੱਕ ਸਹਾਇਕ ਰਜਿਸਟਰਾਰ ਵੀ ਸ਼ਾਮਲ ਸਨ।

ਦੂਜੀ ਸ਼ਿਕਾਇਤਕਰਤਾ ਨੇ ਕੀ ਦੱਸਿਆ?

ਮੀਡੀਆ ਨਾਲ ਸਾਂਝੀ ਕੀਤੀ ਜਾਣਕਾਰੀ ਵਿੱਚ ਇੱਕ ਹੋਰ ਮਹਿਲਾ ਸਫਾਈ ਕਰਮਚਾਰੀ ਨੇ ਦੱਸਿਆ, "ਉਹ ਸਵੇਰੇ ਸਾਢੇ 7 ਵਜੇ ਤੋਂ ਲਗਾਤਾਰ ਸਫਾਈ ਕਰ ਰਹੀ ਸੀ ਪਰ ਦੁਪਹਿਰ 2 ਵਜੇ ਮਾਹਵਾਰੀ ਹੋਣ ਕਾਰਨ ਸੁਪਰਵਾਈਜ਼ਰ ਤੋਂ ਕੁਝ ਘੰਟੇ ਲਈ ਛੁੱਟੀ ਮੰਗੀ ਜੋ ਕਿ ਮਨਜ਼ੂਰ ਕਰ ਦਿੱਤੀ ਗਈ।"

"ਇਸੇ ਦੌਰਾਨ ਮੇਰੀਆਂ ਦੋ ਹੋਰ ਸਾਥਣਾਂ ਨੇ ਵੀ ਮੈਨੂੰ ਕਿਹਾ ਕਿ ਅਸੀਂ ਵੀ ਮਾਹਵਾਰੀ ਕਾਰਨ ਦਰਦ ਵਿੱਚ ਹਾਂ ਤਾਂ ਅਸੀਂ ਸੁਪਰਵਾਈਜ਼ਰ ਨੂੰ ਮੁੜ ਫੋਨ ਕਰਕੇ ਉਨ੍ਹਾਂ ਲਈ ਕੁਝ ਘੰਟੇ ਦੀ ਛੁੱਟੀ ਲੈਣ ਲਈ ਸੰਪਰਕ ਕੀਤਾ ਪਰ ਅੱਗੋਂ ਸੁਪਰਵਾਈਜ਼ਰ ਨੇ ਜਵਾਬ ਦਿੱਤਾ ਕਿ ਤੁਹਾਨੂੰ ਸਭ ਨੂੰ ਇਕੱਠਿਆਂ ਨੂੰ ਹੀ ਪ੍ਰੇਸ਼ਾਨੀ ਹੋ ਗਈ ਹੈ।"

"ਸੁਪਰਵਾਈਜ਼ਰ ਨੇ ਨਾਲ ਮੌਜੂਦ ਇੱਕ ਹੋਰ ਮਹਿਲਾ ਸਫਾਈ ਕਰਮਚਾਰੀ ਨੂੰ ਛੁੱਟੀ ਮੰਗਣ ਵਾਲੀਆਂ ਕਰਚਾਰੀਆਂ ਦੀ ਚੈੱਕਿੰਗ ਕਰਨ ਲਈ ਭੇਜਿਆ ਅਤੇ ਕਿਹਾ ਕਿ ਸਾਨੂੰ ਉੱਤੋਂ ਆਰਡਰ ਆਇਆ ਹੈ ਕਿ ਚੈੱਕਿੰਗ ਕਰਵਾ ਕੇ ਜਾਓ।"

ਸ਼ਿਕਾਇਤਕਰਤਾ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਨਾਲ ਦੀ ਇੱਕ ਮਹਿਲਾ ਸਫਾਈ ਕਰਮਚਾਰੀ ਨੇ ਬਾਥਰੂਮ ਵਿੱਚ ਜਾ ਕੇ ਉਨ੍ਹਾਂ ਦੀ ਚੈੱਕਿੰਗ ਕੀਤੀ ਅਤੇ ਫੋਨ ਨਾ ਸੈਨਿਟਰੀ ਪੈਡ ਦੀਆਂ ਤਸਵੀਰਾਂ ਖਿੱਚੀਆਂ। ਫਿਰ ਉਸ ਨੇ ਸੁਪਰਵਾਈਜ਼ਰ ਨੂੰ ਆ ਕੇ ਪੁਸ਼ਟੀ ਕਿ ਹਾਂ ਇਨ੍ਹਾਂ ਨੂੰ ਮਾਹਵਾਰੀ ਹੈ।

ਇਨਸਾਫ਼ ਦੀ ਗੁਹਾਰ ਲਾ ਰਹੀ ਮਹਿਲਾ ਕਰਮਚਾਰੀ

ਸੁਪਰਵਾਈਜ਼ਰ ਖ਼ਿਲਾਫ਼ ਸ਼ਿਕਾਇਤ ਕਰਨ ਵਾਲੀ ਇਕ ਮਹਿਲਾ ਸਫਾਈ ਕਰਮਚਾਰੀ ਨੇ ਕਿਹਾ ਕਿ ਇਹ ਘਟਨਾ ਇੱਕ ਔਰਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਹੈ।

ਉਨ੍ਹਾਂ ਕਿਹਾ, "ਮਾਹਵਾਰੀ ਕੁਦਰਤੀ ਹੈ, ਹਰ ਔਰਤ ਇਸਦਾ ਸਾਹਮਣਾ ਕਰਦੀ ਹੈ। ਅਜਿਹਾ ਹੋ ਸਕਦਾ ਹੈ ਕਿ ਇੱਕੋ ਦਿਨ ਇੱਕ ਤੋਂ ਵੱਧ ਔਰਤਾਂ ਨੂੰ ਮਾਹਵਾਰੀ ਆਈ ਹੋਵੇ। ਸਾਡੇ ਨਾਲ ਅਜਿਹਾ ਵਿਵਹਾਰ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।"

ਯੂਨੀਵਰਸਿਟੀ ਪ੍ਰਸ਼ਾਸਨ ਨੇ ਕੀ ਕਿਹਾ?

ਬੀਬੀਸੀ ਸਹਿਯੋਗੀ ਮਨੋਜ ਢਾਕਾ ਨੇ ਐੱਮਡੀਯੂ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਤਾਂ ਯੂਨੀਵਰਸਿਟੀ ਦੇ ਰਜਿਸਟਰਾਰ ਡਾਕਟਰ ਕ੍ਰਿਸ਼ਨ ਕਾਂਤ ਗੁਪਤਾ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ।

ਇਸ ਮਾਮਲੇ ਵਿੱਚ ਬਦਸਲੂਕੀ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਦੋਵਾਂ ਸੁਪਰਵਾਈਜ਼ਰਾਂ ਨੂੰ ਫ਼ੌਰਨ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਜਿਨਸੀ ਸੋਸ਼ਣ ਸੰਬੰਧੀ ਬਣੀ ਅੰਦਰੂਨੀ ਸ਼ਿਕਾਇਤ ਕਮੇਟੀ ਨੂੰ ਮਾਮਲੇ ਦੀ ਜਾਂਚ ਤੋਂ ਬਾਅਦ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।

ਮਹਿਲਾ ਕਮਿਸ਼ਨ ਨੇ ਸਖ਼ਤ ਕਾਰਵਾਈ ਦੀ ਕੀਤੀ ਮੰਗ

ਹਰਿਆਣਾ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰੇਨੂੰ ਭਾਟੀਆ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਮਾਮਲੇ ਦਾ ਪਤਾ ਲੱਗਣ 'ਤੇ ਉਨ੍ਹਾਂ ਨੇ ਤੁਰੰਤ ਸੂਮੋਟੋ ਨੋਟਿਸ ਲਿਆ।

ਰੇਣੂ ਭਾਟੀਆ ਨੇ ਕਿਹਾ, "ਇੱਕ ਔਰਤ ਤੋਂ ਉਸ ਦੇ ਮਾਹਵਾਰੀ ਦਾ ਸਬੂਤ ਮੰਗਣ ਤੋਂ ਵੱਧ ਅਪਮਾਨਜਨਕ ਕੁਝ ਨਹੀਂ ਹੋ ਸਕਦਾ।"

"ਮੈਂ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੀ ਹਾਂ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੀ ਹਾਂ। ਮਹਿਲਾ ਕਮਿਸ਼ਨ ਦੇ ਚੇਅਰਪਰਸਨ ਹੋਣ ਨਾਤੇ ਉਨ੍ਹਾਂ ਨੇ ਰੋਹਤਕ ਦੇ ਪੁਲਿਸ ਸੁਪਰਡੈਂਟ ਅਤੇ ਯੂਨੀਵਰਸਿਟੀ ਤੋਂ ਮਾਮਲੇ ਦੀ ਵਿਸਥਾਰ ਨਾਲ ਰਿਪੋਰਟ ਮੰਗੀ ਹੈ।"

ਪੁਲਿਸ ਨੇ ਮਾਮਲਾ ਕੀਤਾ ਦਰਜ

ਬੀਬੀਸੀ ਸਹਿਯੋਗੀ ਮਨੋਜ ਢਾਕਾ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਰੋਹਤਕ ਦੇ ਪੁਲਿਸ ਸੁਪਰਡੈਂਟ ਸੁਰੇਂਦਰ ਸਿੰਘ ਭੌਰੀਆ ਨੇ ਦੱਸਿਆ ਕਿ ਇਸ ਮਾਮਲੇ ਵਿਚ ਰੋਹਤਕ ਪੀਜੀਆਈਐੱਮਐੱਸ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀਆਂ ਧਾਰਾਵਾਂ ਤਹਿਤ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)