ਸਵਿਟਜ਼ਰਲੈਂਡ ਦੀਆਂ ਖ਼ੂਬਸੂਰਤ ਝੀਲਾਂ ’ਚ ਪਿਆ ਹਜ਼ਾਰਾਂ ਟਨ ਅਸਲਾ, ਕੱਢਣ ਦਾ ਹੱਲ ਦੇਣ ਵਾਲੇ ਨੂੰ ਮਿਲੇਗਾ 48 ਲੱਖ ਦਾ ਇਨਾਮ

ਤਸਵੀਰ ਸਰੋਤ, AFP
- ਲੇਖਕ, ਇਮੋਗਨ ਫੂਲਕੇਸ
- ਰੋਲ, ਬੀਬੀਸੀ ਜਿਨੇਵਾ ਪੱਤਰਕਾਰ
ਸਵਿਟਜ਼ਰਲੈਂਡ ਦੀਆਂ ਕੁਝ ਸਾਫ-ਸ਼ਫਾਫ ਝੀਲਾਂ ਉੱਤੇ ਕੁਦਰਤ ਦੇ ਨਜ਼ਾਰਿਆਂ ਦਾ ਅਨੰਦ ਮਾਨਣ ਵਾਲੇ ਸੈਲਾਨੀਆਂ ਨੂੰ ਸ਼ਾਇਦ ਹੀ ਅੰਦਾਜ਼ਾ ਹੋਵੇ ਕਿ ਇਨ੍ਹਾਂ ਝੀਲਾਂ ਦੀ ਗਹਿਰਾਈ ਵਿੱਚ ਕੀ ਲੁਕਿਆ ਹੈ।
ਲੇਕ ਲੁਸਿਰਨੀ, ਥੁਨ ਜਾਂ ਲੇਕ ਨਿਊਸ਼ੇਟਲ ਵਿੱਚ ਸਵਿਸ ਆਰਮੀ ਕਈ ਸਾਲਾਂ ਤੱਕ ਆਪਣੇ ਚੱਲੇ-ਅਣਚੱਲੇ ਅਸਲੇ ਨੂੰ ਇਹ ਸੋਚ ਕੇ ਸੁੱਟਦੀ ਰਹੀ ਹੈ ਕਿ ਇੱਥੇ ਸੁਰੱਖਿਅਤ ਰਹੇਗਾ।
ਇਕੱਲੀ ਲੁਸਿਰਨੀ ਝੀਲ ਵਿੱਚ ਹੀ ਅੰਦਾਜ਼ਨ 33,00 ਟਨ ਅਸਲਾ ਪਿਆ ਹੋ ਸਕਦਾ ਹੈ। ਜਦਕਿ ਨਿਊਸ਼ੇਟਲ ਦੇ ਪਾਣੀਆਂ ਵਿੱਚ 45,00 ਟਨ ਫੌਜੀ ਅਸਲਾ ਪਿਆ ਹੋ ਸਕਦਾ ਹੈ, ਜਿੱਥੇ ਹਵਾਈ ਫੌਜ 2021 ਤੱਕ ਆਪਣਾ ਕਬਾੜ ਸੁੱਟਦੀ ਰਹੀ ਹੈ।
ਕੁਝ ਅਸਲਾ ਤਾਂ 150 ਤੋਂ 220 ਮੀਟਰ ਦੀ ਡੁੰਘਾਈ ਉੱਤੇ ਵੀ ਪਿਆ ਹੈ। ਜਦਕਿ ਕੁਝ ਥਾਵਾਂ ਜਿਵੇਂ ਨਿਊਸ਼ੇਟਲ ਝੀਲ ਵਿੱਚ ਇਹ ਹੋ ਸਕਦਾ ਹੈ ਉਪਰਲੀ ਸਤਹਿ ਤੋਂ ਸਿਰਫ਼ ਕੁਝ ਮੀਟਰ ਹੀ ਹੇਠਾਂ ਹੋਵੇ।
ਝੀਲਾਂ ਵਿੱਚੋਂ ਫੌਜੀ ਕਬਾੜ ਕੱਢਣ ਲਈ ਮਿਲਣ ਵਾਲੇ ਤਿੰਨ ਸਭ ਤੋਂ ਵਧੀਆ ਵਿਚਾਰਾਂ ਨੂੰ ਦਿਲ ਖਿੱਚਵਾਂ ਇਨਾਮ ਦਿੱਤਾ ਜਾਵੇਗਾ, ਜਦਕਿ ਇਸ ਯੋਜਨਾ ਨੂੰ ਅਮਲ ਵਿੱਚ ਲਿਆਉਣ ਲਈ ਕਰੋੜਾਂ ਡਾਲਰ ਦਾ ਖਰਚ ਆਵੇਗਾ।
ਸਵਿਟਜ਼ਰਲੈਂਡ ਦੇ ਰੱਖਿਆ ਮੰਤਰਾਲੇ ਨੇ ਸਭ ਤੋਂ ਸਰਬੋਤਮ ਵਿਚਾਰ ਨੂੰ 50,000 ਸਵਿਸ ਫਰੈਂਕ (4,839,600 ਭਾਰਤੀ ਰੁਪਏ) ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ।
ਦੂਹਰਾ ਖ਼ਤਰਾ
ਸਵਿਟਜ਼ਰਲੈਂਡ ਦੀਆਂ ਝੀਲਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਫੌਜੀ ਅਸਲੇ ਦਾ ਕਬਾੜ ਸੁੱਟਿਆ ਜਾਂਦਾ ਰਿਹਾ ਹੈ। ਲੇਕਿਨ ਲੋਕਾਂ ਨੇ ਇਸ ਦੇ ਸੁਰੱਖਿਅਤ ਹੋਣ ਬਾਰੇ ਸਵਾਲ ਕੁਝ ਸਾਲ ਪਹਿਲਾਂ ਹੀ ਖੜ੍ਹੇ ਕਰਨੇ ਸ਼ੁਰੂ ਕੀਤੇ ਹਨ।
ਸਵਿਟਜ਼ਰਲੈਂਡ ਦੇ ਸੇਵਾਮੁਕਤ ਭੂ-ਵਿਗਿਅਨੀ ਮਾਰਕੋਸ ਬਸਰ ਨੇ ਸਰਕਾਰ ਨੂੰ ਇਸ ਬਾਰੇ ਸਲਾਹ ਦਿੱਤੀ ਹੈ। ਉਨ੍ਹਾਂ ਨੇ ਇੱਕ ਦਹਾਕਾ ਪਹਿਲਾਂ ਹੀ ਆਪਣੇ ਇੱਕ ਖੋਜ ਪੱਤਰ ਵਿੱਚ ਇਸਦੇ ਖਤਰਿਆਂ ਤੋਂ ਸਾਵਧਾਨ ਕੀਤਾ ਸੀ।
ਭੂ ਵਿਗਿਆਨੀ ਦਾ ਕਹਿਣਾ ਹੈ ਕਿ ਇਸ ਅਸਲੇ ਦੇ ਦੋ ਖਤਰੇ ਹਨ। ਪਹਿਲਾ- ਬੇਸ਼ੱਕ ਇਹ ਪਾਣੀ ਦੇ ਥੱਲੇ ਪਿਆ ਹੈ ਫਿਰ ਵੀ ਇਸ ਵਿੱਚ ਧਮਾਕਾ ਹੋ ਸਕਦਾ ਹੈ, ਕਿਉਂਕਿ ਕਈ ਮਾਮਲਿਆਂ ਵਿੱਚ ਫੌਜ ਨੇ ਇਸ ਨੂੰ ਸੁੱਟਣ ਤੋਂ ਪਹਿਲਾਂ ਫਿਊਜ਼ ਨਹੀਂ ਕੱਢੇ ਸਨ।

ਦੂਜਾ ਖ਼ਤਰਾ ਪਾਣੀ ਅਤੇ ਮਿੱਟੀ ਦੇ ਦੂਸ਼ਿਤ ਹੋਣ ਦਾ ਹੈ। ਪੂਰੀ ਸੰਭਾਵਨਾ ਹੈ ਕੀ ਇਨ੍ਹਾਂ ਹਥਿਆਰਾਂ ਵਿੱਚ ਮੌਜੂਦ ਟੀਐੱਨਟੀ ਝੀਲਾਂ ਦੇ ਪਾਣੀ ਨੂੰ ਦੂਸ਼ਿਤ ਕਰ ਸਕਦਾ ਹੈ।
ਸਰਕਾਰ ਵੀ ਮੰਨਦੀ ਹੈ ਕਿ ਇੱਕ ਤਾਂ ਝੀਲਾਂ ਦੇ ਥੱਲੇ ਧੁੰਦਲੀ ਨਜ਼ਰ, ਚੁੰਬਕੀ ਲੋਹਾ ਅਤੇ ਅਸਲਿਆਂ ਦਾ ਵਜ਼ਨ ਕੁਝ ਅਜਿਹੀਆਂ ਚੁਣੌਤੀਆਂ ਹਨ ਜੋ ਇਸ ਕਬਾੜ ਨੂੰ ਵਾਤਾਵਰਣ ਲਈ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਣ ਦੇ ਰਾਹ ਦਾ ਰੋੜਾ ਹਨ।
ਇਸ ਅਸਲੇ ਨੂੰ ਬਰਾਮਦ ਕਰਨ ਦੇ ਸਾਰੇ ਸੰਭਾਵਿਤ ਤਰੀਕਿਆਂ ਦਾ ਸਾਲ 2005 ਵਿੱਚ ਵੀ ਵਿਸ਼ਲੇਸ਼ਣ ਕੀਤਾ ਗਿਆ ਸੀ। ਪਤਾ ਲੱਗਿਆ ਕਿ ਸਾਰੇ ਤਰੀਕੇ ਝੀਲਾਂ ਦੇ ਸੰਵੇਦਨਸ਼ੀਲ ਈਕੋ-ਸਿਸਟਮ ਨੂੰ ਨੁਕਸਾਨ ਕਰ ਸਕਦੇ ਹਨ।
ਸਮੱਸਿਆ ਦਾ ਇਤਿਹਾਸ

ਤਸਵੀਰ ਸਰੋਤ, VBS
ਇਹ ਪਹਿਲੀ ਵਾਰ ਨਹੀਂ ਹੈ ਸਵਿਟਜ਼ਰਲੈਂਡ ਦੀ ਫੌਜ ਆਪਣੇ ਅਸਲੇ ਕਾਰਨ ਨਮੋਸ਼ੀ ਝੱਲ ਰਹੀ ਹੈ।
ਸਾਲ 1947 ਵਿੱਚ ਐਲਪ ਪਹਾੜਾਂ ਵਿੱਚ ਵਸੇ ਇੱਕ ਪਿੰਡ ਮਿਥੋਲਜ਼ ਵਿੱਚ ਫੌਜ ਦਾ ਪਿੰਡ ਦੇ ਉਪਰਲੇ ਪਹਾੜ ਵਿੱਚ ਰੱਖੇ 3,000 ਟਨ ਅਸਲੇ ਵਿੱਚ ਧਮਾਕਾ ਹੋ ਗਿਆ ਸੀ।
ਨੌਂ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪਿੰਡ ਤਬਾਹ ਹੋ ਗਿਆ ਸੀ। ਧਮਾਕੇ ਦੀ ਗੂੰਜ 160 ਕਿੱਲੋਮੀਟਰ ਦੂਰ ਮਿਊਨਿਖ ਤੱਕ ਸੁਣੀ ਗਈ ਸੀ।
ਤਿੰਨ ਸਾਲ ਪਹਿਲਾਂ ਫੌਜ ਨੇ ਦੱਸਿਆ ਕਿ ਪਹਾੜ ਵਿੱਚ 35,00 ਟਨ ਅਸਲਾ ਅਜੇ ਵੀ ਅਸੁਰੱਖਿਤ ਦਬਿਆ ਪਿਆ ਹੈ, ਜਿਸ ਨੂੰ ਬਰਾਮਦ ਕੀਤਾ ਜਾਵੇਗਾ।
ਇਸ ਦਾ ਮਤਲਬ ਸੀ ਕਿ ਮਿਥੋਲਜ਼ ਪਿੰਡ ਵਾਸੀਆਂ ਨੂੰ ਲਗਭਗ ਦਸ ਸਾਲ ਲਈ ਆਪਣਾ ਘਰ ਛੱਡ ਕੇ ਜਾਣਾ ਪੈਣਾ ਸੀ, ਜਦੋਂ ਤੱਕ ਕਿ ਸਫ਼ਾਈ ਅਭਿਆਨ ਖਤਮ ਨਹੀਂ ਕਰ ਲਿਆ ਜਾਂਦਾ।

ਤਸਵੀਰ ਸਰੋਤ, Swiss Federal Department of Defence (@vbs)
ਹਾਲਾਂਕਿ ਠੰਢੀ ਜੰਗ ਦੌਰਾਨ ਸਵਿਟਜ਼ਰਲੈਂਡ ਨੇ ਆਪਣੇ ਰਣਨੀਤਿਕ ਪੱਖ ਤੋਂ ਅਹਿਮ ਪੁਲਾਂ ਅਤੇ ਮਾਰਗਾਂ ਵਿੱਚ ਖ਼ੁਦ ਵੀ ਮਾਈਨਾਂ ਲਾਈਆਂ ਸਨ ਤਾਂ ਜੋ ਕਿਸੇ ਵੱਡੇ ਹਮਲੇ ਸਮੇਂ ਉਹ ਰਸਤੇ ਆਪਣੇ-ਆਪ ਫਟ ਜਾਣ। ਲੇਕਿਨ ਕੁਝ ਪੁਲਾਂ ਵਿੱਚੋਂ ਇਹ ਸਮਾਨ ਦੀ ਢੋਆ-ਢੁਆਈ ਦੀਆਂ ਭਾਰੀਆਂ ਗੱਡੀਆਂ ਕਾਰਨ ਇਨ੍ਹਾਂ ਮਾਈਨਾਂ ਵਿੱਚ ਧਮਾਕੇ ਦਾ ਡਰ ਪੈਦਾ ਹੋ ਜਾਣ ਕਾਰਨ ਮਾਈਨਾਂ ਜਲਦਬਾਜ਼ੀ ਵਿੱਚ ਕੱਢਣੀਆਂ ਪਈਆਂ।
ਸਾਲ 2011 ਵਿੱਚ ਗੋਥਾਰਡ ਸੁਰੰਗ ਵਿੱਚ ਦੋ ਲਾਰੀਆਂ ਦੀ ਟੱਕਰ ਕਾਰਨ ਲੱਗੀ ਅੱਗ ਵਿੱਚ 11 ਜਣਿਆਂ ਦੀ ਮੌਤ ਹੋ ਗਈ ਸੀ। ਇਹ ਸੁਰੰਗ ਯੂਰਪ ਦੇ ਉੱਤਰ ਨੂੰ ਦੱਖਣ ਨਾਲ ਜੋੜਨ ਵਾਲੀ ਇੱਕ ਅਹਿਮ ਸੁਰੰਗ ਹੈ।
ਸੁਰੰਗ ਦੇ ਮੂੰਹ ਕੋਲ ਵੱਡੀ ਮਾਤਰਾ ਵਿੱਚ ਅਸਲਾ ਰੱਖਿਆ ਹੋਇਆ ਸੀ। ਹਾਲਾਂਕਿ ਧਮਾਕੇ ਦੌਰਾਨ ਇਸ ਨੂੰ ਕੁਝ ਨਹੀਂ ਹੋਇਆ। ਜਦੋਂ ਦਮਕਲ ਨੇ ਅੱਗ ਬੁਝਾਈ ਤਾਂ ਫੌਜ ਆਪਣੇ ਹੱਥਾਂ ਵਿੱਚ ਬੰਬ ਨਕਾਰਾ ਕਰਨ ਦੇ ਉਪਕਰਣ ਲੈ ਕੇ ਪਹੁੰਚ ਗਈ।
ਇਸ ਹਫ਼ਤੇ, ਫੌਜ ਨੇ ਦੱਸਿਆ ਕਿ ਨਾਗਰਿਕਾਂ ਨੂੰ ਪੇਂਡੂ ਇਲਾਕਿਆਂ ਵਿੱਚੋਂ ਜਿੰਦਾ ਅਸਲਾ ਮਿਲਣ ਦੀਆਂ ਘਟਨਾਵਾਂ ਦੀਆਂ ਮਿਲ ਰਹੀਆਂ ਰਿਪੋਰਟਾਂ ਵਿੱਚ 2022 ਦੇ ਮੁਕਾਬਲੇ 12 ਫੀਸਦੀ ਵਾਧਾ ਹੋਇਆ ਹੈ।
ਇਸ ਤੋਂ ਇਲਾਵਾ ਪਹਾੜਾਂ ਦੇ ਗਲੇਸ਼ੀਅਰ ਗਲੋਬਲ ਵਾਰਮਿੰਗ ਕਾਰਨ ਪਿਘਲ ਰਹੇ ਹਨ। ਜਿਸ ਕਾਰਨ ਇਨ੍ਹਾਂ ਦੇ ਥੱਲਿਆ ਪਿਆ ਚੱਲਿਆ-ਅਣਚੱਲਿਆ ਅਸਲਾ ਬਾਹਰ ਆ ਰਿਹਾ ਹੈ। ਇਹ ਅਸਲਾ ਕਈ ਦਹਾਕੇ ਪਹਿਲਾਂ ਫੌਜੀਆਂ ਨੂੰ ਬੇਹੱਦ ਉਚਾਈ ਉੱਤੇ ਲੜਾਈ ਦੀ ਸਿਖਲਾਈ ਦੇਣ ਲਈ ਇੱਥੇ ਲਿਆਂਦਾ ਗਿਆ ਸੀ।
ਇਹ ਸਵਿਟਜ਼ਰਲੈਂਡ ਦੀ ਫੌਜੀ ਗੁਟਨਿਰਲੇਪ ਰਹਿਣ ਦੀ ਨੀਤੀ ਦੀ ਵਿਰਾਸਤ ਹੈ। ਹਾਲਾਂਕਿ ਸਵਿਟਜ਼ਰਲੈਂਡ ਦੀ ਵੱਡੀ ਫੌਜ ਹੈ (ਹਰ ਪੁਰਸ਼ ਲਈ ਫੌਜੀ ਸੇਵਾ ਕਰਨੀ ਜ਼ਰੂਰੀ ਹੈ।) ਸਵਿਟਜ਼ਰਲੈਂਡ ਦੀ ਫੌਜ ਆਪਣੀ ਸਿਖਲਾਈ ਦੇਸ ਦੇ ਅੰਦਰ ਹੀ ਕਰਦੀ ਹੈ, ਜੋ ਕਿ ਇੱਕ ਬੇਹੱਦ ਸੰਘਣੀ ਅਬਾਦੀ ਵਾਲਾ ਦੇਸ ਹੈ।
ਲੰਬੀ ਅਤੇ ਖਰਚੀਲੀ ਪ੍ਰਕਿਰਿਆ

ਤਸਵੀਰ ਸਰੋਤ, VBS
ਸਵਿਟਜ਼ਰਲੈਂਡ ਦੀਆਂ ਝੀਲਾਂ ਵਿੱਚੋਂ ਅਸਲੇ ਦੇ ਕਬਾੜ ਨੂੰ ਬਾਹਰ ਕੱਢਣਾ ਇੱਕ ਲੰਬਾ ਅਤੇ ਪੇਚੀਦਾ ਕੰਮ ਹੈ। ਲੇਕਿਨ ਪਹਿਲਾਂ ਤਾਂ ਕਿਸੇ ਨੂੰ ਇਸ ਲਈ ਅਮਲ ਵਿੱਚ ਲਿਆਂਦੀ ਜਾ ਸਕਣ ਵਾਲੀ ਯੋਜਨਾ ਪੇਸ਼ ਕਰਨੀ ਪਵੇਗੀ।
ਹਾਲਾਂਕਿ ਕੁਝ ਲੋਕਾਂ ਦੀ ਸ਼ਿਕਾਇਤ ਹੈ ਕਿ ਫੌਜ ਨੂੰ ਪਹਿਲਾਂ ਹੀ ਇਨ੍ਹਾਂ ਮੁਸ਼ਕਿਲਾਂ ਬਾਰੇ ਵਿਚਾਰ ਕਰਨੀ ਚਾਹੀਦੀ ਸੀ। ਕਈ ਦਹਾਕਿਆਂ ਤੱਕ ਭੂ ਵਿਗਿਆਨੀਆਂ ਦੀ ਫੌਜ ਨੂੰ ਸਲਾਹ ਸੀ ਕਿ ਅਜਿਹਾ ਕਰਨਾ ਸੁਰੱਖਿਅਤ ਹੈ।
ਖੈਰ, ਹੱਲ ਦੀ ਤਲਾਸ਼ ਜਾਰੀ ਹੈ। ਸਵਿਟਜ਼ਰਲੈਂਡ ਦੇ ਰੱਖਿਆ ਮੰਤਰਾਲੇ ਦੀ ਅਪੀਲ ਉੱਤੇ ਲੋਕ ਅਗਲੇ ਸਾਲ ਫਰਵਰੀ ਤੱਕ ਇਸ ਅਸਲ੍ਹੇ ਨੂੰ ਬਰਾਮਦ ਕਰਨ ਲਈ ਆਪੋ-ਆਪਣੇ ਹੱਲ ਦੇ ਸਕਦੇ ਹਨ। ਇਨ੍ਹਾਂ ਸੁਝਾਏ ਗਏ ਹੱਲਾਂ ਦਾ ਮਾਹਰਾਂ ਦੇ ਪੈਨਲ ਵੱਲੋਂ ਵਿਸ਼ਲੇਸ਼ਣ ਕੀਤਾ ਜਾਵੇਗਾ।
ਅਪ੍ਰੈਲ ਮਹੀਨੇ ਤੱਕ ਤਿੰਨ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ।
ਹਾਲਾਂਕਿ ਸਰਕਾਰ ਨੇ ਕਿਹਾ ਜਮ੍ਹਾਂ ਕਰਵਾਏ ਗਏ ਦਾਖਲਿਆਂ ਉੱਤੇ ਤੁਰੰਤ ਅਮਲ ਕਰਨ ਦੀ ਕੋਈ ਯੋਜਨਾ ਨਹੀਂ ਹੈ। ਲੇਕਿਨ ਇਹ ਵਿਚਾਰ ਅਗਲੇਰੀ ਪ੍ਰਕਿਰਿਆ ਲਈ ਬੁਨਿਆਦ ਦਾ ਕੰਮ ਦੇ ਸਕਦੇ ਹਨ।
ਭੂ-ਵਿਗਿਆਨੀ ਬਸਰ ਨੇ ਇਸ ਦਿਸ਼ਾ ਵਿੱਚ ਬ੍ਰਿਟੇਨ, ਨਾਰਵੇ ਜਾਂ ਡੈਨਮਾਰਕ ਤੋਂ ਸਲਾਹ ਲੈਣ ਦੀ ਸਲਾਹ ਦਿੱਤੀ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਜ਼ਿੰਦਾ ਜੰਗੀ ਕਬਾੜ ਨਾਲ ਨਜਿੱਠਣ ਦਾ ਲੰਬਾ ਤਜ਼ਰਬਾ ਹੈ।
ਤਾਂ ਕੀ ਬਸਰ ਕੋਈ ਸਲਾਹ ਦੇਣਗੇ, ਬਜ਼ੁਰਗ ਭੂ-ਵਿਗਿਆਨੀ ਨੇ ਕਿਹਾ, ਨਹੀਂ ਮੈਂ ਹੁਣ ਬਹੁਤ ਬੁੱਢਾ ਹੋ ਚੁੱਕਿਆ ਹਾਂ... ਪਰ ਜੇ ਉਨ੍ਹਾਂ ਨੂੰ ਮੇਰੀ ਸਲਾਹ ਦੀ ਲੋੜ ਹੈ ਤਾਂ ਮੈਨੂੰ ਦੇ ਕੇ ਖੁਸ਼ੀ ਹੋਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ












