ਵਿਸ਼ਵ ਕੱਪ ਵਿੱਚ ਭਾਰਤ ਦੀ ਹਾਰ 'ਤੇ ਜਸ਼ਨ ਮਨਾਉਣ ਦਾ ਇਲਜ਼ਾਮ, ਕਸ਼ਮੀਰੀ ਵਿਦਿਆਰਥੀਆਂ ਉੱਤੇ ਯੂਏਪੀਏ ਲੱਗਣ ਨਾਲ ਬਵਾਲ

    • ਲੇਖਕ, ਮਾਜਿਦ ਜਹਾਂਗੀਰ
    • ਰੋਲ, ਬੀਬੀਸੀ ਸਹਿਯੋਗੀ

ਵਿਸ਼ਵ ਕੱਪ ਕ੍ਰਿਕਟ ਦੇ ਫਾਈਨਲ ਮੈਚ ਵਿੱਚ ਭਾਰਤ ਦੀ ਹਾਰ ਅਤੇ ਆਸਟ੍ਰੇਲੀਆ ਦੀ ਜਿੱਤ ਉੱਤੇ ਜਸ਼ਨ ਮਨਾਉਣ ਦੇ ਇਲਜ਼ਾਮ ਵਿੱਚ ਸੱਤ ਕਸ਼ਮੀਰੀ ਵਿਦਿਆਰਥੀਆਂ ‘ਤੇ ਯੂਏਪੀਏ ਲਾ ਦਿੱਤੀ ਗਈ।

ਇਸੇ ਨੂੰ ਲੈ ਕੇ ਉੱਥੇ ਬਹਿਤ ਛਿੜ ਗਈ ਹੈ।

ਕਥਿਤ ਤੌਰ ‘ਤੇ ਜਸ਼ਨ ਮਨਾਉਣ ਵਾਲੇ ਕਸ਼ਮੀਰੀ ਵਿਦਿਆਰਥੀਆਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਬੇਕਸੂਰ ਦੱਸ ਰਹੇ ਹਨ।

ਇਨ੍ਹਾਂ ਸੱਤ ਵਿਦਿਆਰਥੀਆਂ ਨੂੰ 20 ਨਵੰਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਹ ਫਿਲਹਾਲ ਪੁਲਿਸ ਰਿਮਾਂਡ ਉੱਤੇ ਹਨ।

ਇਹ ਸਾਰੇ ਵਿਦਿਆਰਥੀ ਭਾਰਤ ਸ਼ਾਸਤ ਕਸ਼ਮੀਰ ਦੇ ਗਾਂਦਰਬਲ ਵਿੱਚ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੜ੍ਹਦੇ ਹਨ।

ਅੱਤਵਾਦ ਨਾਲ ਨਜਿੱਠਣ ਲਈ ਬਣੇ ਸਖ਼ਤ ਕਾਨੂੰਨ ਅਨਲਾਅਫੁੱਲ ਐਕਟਿਵਿਟੀ ਪ੍ਰਿਵੈਂਸ਼ਨ ਐਕਟ (ਯੂਏਪੀਏ) ਦੀ ਵਰਤੋਂ ਪੱਤਰਕਾਰਾਂ, ਵਿਦਿਆਰਥੀਆਂ ਅਤੇ ਰਾਜਨੀਤਕ-ਸਮਾਜਿਕ ਕਾਰਕੁਨਾਂ ਲਈ ਕੀਤੇ ਜਾਣ ਦੇ ਇਲਜ਼ਾਮ ਪਹਿਲਾਂ ਵੀ ਲੱਗਦੇ ਰਹੇ ਹਨ।

ਪੁਲਿਸ ਦੇ ਆਈਜੀ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਇਨ੍ਹਾਂ ਲੋਕਾਂ ਦੇ ਖ਼ਿਲਾਫ਼ ਮੁਕੱਦਮਾ ਉਦੋਂ ਦਰਜ ਕੀਤਾ ਗਿਆ ਜਦੋਂ ਗੈਰ-ਕਸ਼ਮੀਰੀ ਵਿਦਿਆਰਥੀਆਂ ਨੇ ਭਾਰਤ ਵਿਰੋਧੀ ਨਾਅਰੇ ਲਾਏ ਜਾਣ ਅਤੇ ਧਮਕਾਏ ਜਾਣ ਦੀ ਸ਼ਿਕਾਇਤ ਕੀਤੀ।

ਕੀ ਕਹਿ ਰਹੇ ਹਨ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ

ਗ੍ਰਿਫ਼ਤਾਰ ਹੋਏ ਵਿਦਿਆਰਥੀਆਂ ਵਿੱਚੋਂ ਇੱਕ ਦੇ ਭਰਾ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, “ਜਦੋਂ ਇਹ ਘਟਨਾ ਹੋਈ ਉਸ ਵੇਲੇ ਮੇਰਾ ਭਰਾ ਹੌਸਟਲ ਦੇ ਕਮਰੇ ਵਿੱਚ ਹੀ ਸੀ, ਮੇਰੇ ਭਰਾ ਨੇ ਮੈਨੂੰ ਦੱਸਿਆ ਕਿ ਘਟਨਾ ਤੋਂ ਪਹਿਲਾਂ ਸਾਰੇ ਮੁੰਡੇ ਆਪੋ-ਆਪਣੇ ਕਮਰਿਆਂ ਵਿੱਚ ਸਨ।”

“ਕੋਈ ਜਣਾ ਮੈਚ ਦੇਖ ਰਿਹਾ ਸੀ, ਕੋਈ ਪੜ੍ਹਾਈ ਕਰ ਰਿਹਾ ਸੀ ਅਤੇ ਕੋਈ ਕਿਸੇ ਹੋਰ ਕੰਮ ਵਿੱਚ ਰੁੱਝਿਆ ਹੋਇਆ ਸੀ, ਭਰਾ ਨੇ ਮੈਨੂੰ ਦੱਸਿਆ ਕਿ ਉਸ ਨੂੰ ਇਸ ਘਟਨਾ ਦੇ ਬਾਰੇ ਕੁਝ ਵੀ ਪਤਾ ਨਹੀਂ ਹੈ।”

ਇੱਕ ਦੂਜੇ ਵਿਦਿਆਰਥੀ ਦੇ ਪਰਿਵਾਰਕ ਮੈਂਬਰ ਨੇ ਬੀਬੀਸੀ ਨੂੰ ਦੱਸਿਆ, “ਮੇਰੇ ਬੱਚੇ ਨੂੰ ਇਹ ਨਹੀਂ ਪਤਾ ਕਿ ਇਹ ਘਟਨਾ ਕਿਵੇਂ ਹੋਈ, ਜੇਕਰ ਬੱਚੇ ਕੋਲੋਂ ਕੋਈ ਗਲਤੀ ਹੋ ਵੀ ਗਈ ਹੈ ਤਾਂ ਉਸ ਨੂੰ ਮੁਆਫ਼ ਕੀਤਾ ਜਾਵੇ ਅਤੇ ਉਸਦੇ ਭਵਿੱਖ ਨੂੰ ਬਚਾਇਆ ਜਾਵੇ।”

ਗ੍ਰਿਫ਼ਤਾਰ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਡਰੇ ਹੋਏ ਅਤੇ ਚਿੰਤਾ ਵਿੱਚ ਹਨ। ਉਹ ਮੀਡੀਆ ਨਾਲ ਗੱਲ ਕਰਨ ਤੋਂ ਵੀ ਬਚਦੇ ਦਿਖੇ ਅਤੇ ਆਪਣੀ ਪਛਾਣ ਜਨਤਕ ਕਰਨਾ ਨਹੀਂ ਚਾਹੁੰਦੇ।

ਇੱਕ ਹੋਰ ਵਿਦਿਆਰਥੀ ਦੇ ਪਰਿਵਾਰ ਮੈਂਬਰ ਨੇ ਕਿਹਾ, “ਜੇਕਰ ਸਾਡੇ ਬੱਚਿਆਂ ਕੋਲੋਂ ਗ਼ਲਤੀ ਹੋਈ ਵੀ ਹੈ ਤਾਂ ਯੂਏਪੀਏ ਜਿਹਾ ਸਖ਼ਤ ਕਾਨੂੰਨ ਤਾਂ ਉਨ੍ਹਾਂ ਦੀ ਜ਼ਿੰਦਗੀ ਹੀ ਖ਼ਰਾਬ ਕਰ ਦੇਵੇਗਾ।”

ਗ੍ਰਿਫ਼ਤਾਰ ਵਿਦਿਆਰਥੀਆਂ ਦੇ ਵਕੀਲ ਸ਼ਫ਼ੀਫ਼ ਅਹਿਮਦ ਭੱਟ ਨੇ ਬੀਬੀਸੀ ਨੂੰ ਦੱਸਿਆ, “ਅਦਾਲਤ ਨੇ ਪੁਲਿਸ ਕੋਲੋਂ ਹੁਣ ਰਿਪੋਰਟ ਮੰਗੀ ਹੈ, ਸਾਨੂੰ ਵੀ ਹਾਲੇ ਤੱਕ ਪੁਲਿਸ ਦੀ ਰਿਪੋਰਟ ਦੀ ਕਾਪੀ ਨਹੀਂ ਮਿਲੀ ਹੈ।”

ਕੀ ਹੈ ਪੂਰਾ ਮਾਮਲਾ

ਗ੍ਰਿਫ਼ਤਾਰ ਕੀਤੇ ਗਏ ਵਿਦਿਆਰਥੀਆਂ ਉੱਤੇ ਇਹ ਇਲਜ਼ਾਮ ਹੈ ਕਿ ਫਾਈਨਲ ਦੇ ਮੈਚ ਦੌਰਾਨ ਉਹ ਭਾਰਤੀ ਟੀਮ ਦਾ ਸਮਰਥਨ ਕਰਨ ਵਾਲੇ ਗੈਰ-ਕਸ਼ਮੀਰੀ ਵਿਦਿਆਰਥੀਆਂ ਨਾਲ ਲੜ ਪਏ, ਹੰਗਾਮਾ ਕੀਤਾ ਅਤੇ ਆਸਟ੍ਰੇਲੀਆਂ ਦੀ ਜਿੱਤ ਤੋਂ ਬਾਅਦ ਜਸ਼ਨ ਮਨਾਇਆ।

ਇਹ ਵਿਦਿਆਰਥੀ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ ਐਗਰੀਕਲਚਰ ਸਾਇੰਸ ਐਂਡ ਟੈਕਨੌਲਜੀ, ਗਾਂਦਰਬਲ ਦੇ ਵਿਦਿਆਰਥੀ ਹਨ।

ਪੁਲਿਸ ਨੇ 20 ਨਵੰਬਰ ਨੂੰ ਇਨ੍ਹਾਂ ਸੱਤ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਦੇ ਖ਼ਿਲਾਫ਼ ਯੂਏਪੀੲੈ ਦੇ ਸੈਕਸ਼ਨ 13 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਕਸ਼ਮੀਰ ਜ਼ੋਨ ਦੇ ਇੰਸਪੈਕਟਰ ਜਨਰਲ ਵਿਧੀ ਕੁਮਾਰ ਬਿਰਦੀ ਨੇ ਬੀਬੀਸੀ ਨੂੰ ਦੱਸਿਆ, “ਫਾਈਨਲ ਮੈਚ ਤੋਂ ਬਾਅਦ ਨਾਅਰੇਬਾਜ਼ੀ ਹੋਏ ਸੀ, ਯੂਨੀਵਰਸਿਟੀ ਦੇ ਹੀ ਵਿਦਿਆਰਥੀਆਂ ਨੇ ਇਨ੍ਹਾਂ ਸੱਤ ਲੋਕਾਂ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।”

ਉਨ੍ਹਾਂ ਦੀ ਸ਼ਿਕਾਇਤ ਦੇ ਮੁਤਾਬਕ ਇਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਧਮਕਾਇਆ ਵੀ ਸੀ।

ਇਸੇ ਸ਼ਿਕਾਇਤ ਦੇ ਆਧਾਰ ਉੱਤੇ ਇਹ ਮਾਮਲਾ ਦਰਜ ਹੋ ਗਿਆ ਹੈ ਅਤੇ ਅੱਗੇ ਦੀ ਤਫ਼ਤੀਸ਼ ਜਾਰੀ ਹੈ।

ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੀ ਗਈ ਇੱਕ ਸ਼ਿਕਾਇਤ ਵਿੱਚ ਲਿਖਿਆ, “ਮੈਚ ਦੇ ਦੌਰਾਨ ਭਾਰਤ ਦਾ ਸਮਰਥਨ ਕਰਨ ਵਾਲੇ ਉਨ੍ਹਾਂ ਵਿਦਿਆਰਥੀਆਂ ਨੇ ਮੈਨੂੰ ਚੁੱਪ ਰਹਿਣ ਨੂੰ ਕਿਹਾ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।”

“ਉਹ ਵਾਰ-ਵਾਰ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸਨ ਅਤੇ ਉਨ੍ਹਾਂ ਦੀ ਨਾਅਰੇਬਾਜ਼ੀ ਨੇ ਸਾਡੇ ਗੈਰ ਕਾਨੂੂੰਨੀ ਕਸ਼ਮੀਰੀ ਵਿਦਿਆਰਥੀਆਂ ਵਿੱਚ ਖੌਫ਼ ਪੈਦਾ ਹੋ ਗਿਆ।

ਕਿਉਂ ਲਾਇਆ ਗਿਆ ਯੂਏਪੀਏ

ਵਿਦਿਆਰਥੀਆਂ ਦੇ ਖ਼ਿਲਾਫ਼ ਯੂਏਪੀਏ ਲਾਉਣ ਦੇ ਵਿਰੋਧ ਤੋਂ ਬਾਅਦ ਗਾਂਦਰਬਲ ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ, “ਯੂਏਪੀਏ ਦੀ ਧਾਰਾ 13 ਵੱਖਵਾਦੀ ਵਿਚਾਰਧਾਰਾ ਨੂੰ ਭੜਕਾਉਣ, ਉਸਦੀ ਵਕਾਲਤ ਕਰਨ ਅਤੇ ਉਨ੍ਹਾਂ ਦਾ ਹੌਂਸਲਾ ਵਧਾਉਣ ਦੇ ਲਈ ਲਾਈ ਗਈ ਹੈ।”

ਇਹ ਅਸਲ ਵਿੱਚ ਆਤੰਕੀ ਯੋਜਨਾ ਬਣਾਉਣ ਦੇ ਬਾਰੇ ਨਹੀਂ ਹੈ ਅਤੇ ਇਸ ਐਕਟ ਦੀ ਮੁਕਾਬਲਤਨ ਇੱਕ ਨਰਮ ਪ੍ਰੋਵੀਜ਼ਨ ਹੈ।”

ਪੁਲਿਸ ਨੇ ਬਿਆਨ ਵਿੱਚ ਦੱਸਿਆ, “ਇਸ ਧਾਰਾ ਦੀ ਵਰਤੋਂ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਕੀਤੀ ਜਾਂਦੀ ਹੈ ਜੋ ਭਾਰਤ ਦੇ ਪ੍ਰਤੀ ਸਮਰਥਨ ਰੱਖਣ ਵਾਲੇ ਲੋਕਾਂ ਨਾਲ ਡਰਾਉਂਦੇ ਹਨ।”

ਜ਼ਿਲ੍ਹਾ ਗਾਂਦਰਬਲ ਦੇ ਸ਼ੁਹਾਮਾ ਇਲਾਕੇ ਵਿੱਚ ਸਥਿਤ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਦੋਂ ਅਸੀਂ ਪਹੁੰਚੇ ਤਾਂ ਜ਼ਿਆਦਾਤਰ ਵਿਦਿਆਰਥੀ ਇਸ ਮੁੱਦੇ ਉੱਤੇ ਗੱਲ ਕਰਨ ਤੋਂ ਬਚਦੇ ਨਜ਼ਰ ਆਏ।

ਇਸ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਰੀਬ 50 ਗੈਰ ਕਸ਼ਮੀਰੀ ਵਿਦਿਆਰਥੀ ਇਸ ਵੇਲੇ ਪੜ੍ਹਾਈ ਕਰ ਰਹੇ ਹਨ।

ਯੂਨੀਵਰਸਿਟੀ ਦੇ ਇੱਕ ਸੀਨੀਅਰ ਕਸ਼ਮੀਰੀ ਵਿਦਿਆਰਥੀ ਨੇ ਨਾਂਅ ਨਾ ਦੱਸਣ ਦੀ ਸ਼ਰਤ ਉੱਤੇ ਕਿਹਾ ਕਿ ਜਦੋਂ ਭਾਰਤ ਅਤੇ ਆਸਟ੍ਰੇਲੀਆ ਦਾ ਮੈਚ ਹੋ ਰਿਹਾ ਸੀ ਤਾਂ ਆਸਟ੍ਰੇਲੀਆ ਦੀ ਜਿੱਤ ਉੱਤੇ ਕਿਸੇ ਇੱਕ ਵਿਦਿਆਰਥੀ ਨੇ ਜਸ਼ਨ ਮਨਾਇਆ ਅਤੇ ਭਾਰਤ ਦੀ ਹਾਰ ਉੱਤੇ ਦੂਜੇ ਨੂੰ ਦੁੱਖ ਹੋਇਆ।

ਇਸੇ ਗੱਲ ਉੱਤੇ ਦੋਵਾਂ ਦੇ ਵਿੱਚ ਬਹਿਸ ਹੋ ਗਈ, ਹੋ ਸਕਦਾ ਹੈ ਕਿ ਇਸ ਕਰਕੇ ਤਣਾਅ ਵੱਧ ਗਿਆ ਹੋਵੇ।

ਇਸ ਵਿਦਿਆਰਥੀ ਨੇ ਅੱਗੇ ਕਿਹਾ, “ਇੱਕ ਕ੍ਰਿਕਟ ਮੈਚ ਦੇ ਕਾਰਨ ਕਿਸੇ ਦੀ ਵਫ਼ਾਦਾਰੀ ਨੂੰ ਤੋਲਿਆ ਨਹੀਂ ਜਾ ਸਕਦਾ।ਜੇਕਰ ਵਿਦਿਆਰਥੀ ਕੋਲੋਂ ਗਲਤੀ ਹੋ ਵੀ ਗਈ ਹੈ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਅੱਖਾਂ ਬੰਦ ਕਰਕੇ ਉਨ੍ਹਾਂ ਉੱਤੇ ਯੂਏਪੀਏ ਜਿਹਾ ਸਖ਼ਤ ਕਾਨੂੰਨ ਲਾਇਆ ਜਾਵੇ।”

“ਮੈਂ ਇਸ ਘਟਨਾ ਮੌਕੇ ਮੌਜੂਦ ਨਹੀਂ ਸੀ, ਸਿਰਫ਼ ਇੱਕ ਮੈਚ ਇੱਕ ਵਿਦਿਆਰਥੀ ਦੇ ਭਵਿੱਖ ਦਾ ਫ਼ੈਸਲਾ ਨਹੀਂ ਕਰ ਸਕਦਾ। ਇੱਥੇ ਕਸ਼ਮੀਰੀ ਅਤੇ ਗੈਰ ਕਸ਼ਮੀਰੀ ਵਿਦਿਆਰਥੀ ਰਲਕੇ ਰਹਿੰਦੇ ਹਨ ਅਸੀਂ ਸਾਰੇ ਇਕੱਠੇ ਤਿਉਹਾਰ ਮਨਾਉਂਦੇ ਹਾਂ।”

ਇੱਕ ਹੋਰ ਵਿਦਿਆਰਥੀ ਨੇ ਨਾਂਅ ਨਾ ਦੱਸਣ ਦੀ ਸ਼ਰਤ ਉੱਤੇ ਕਿਹਾ ਕਿ ਜਦੋਂ ਮੈਚ ਖ਼ਤਮ ਹੋ ਗਿਆ ਤਾਂ ਹੋਸਟਲ ਵਿੱਚ ਕੁਝ ਮੁੰਡੇ ਆਪਣੇ ਕਮਰਿਆਂ ਵਿੱਚੋਂ ਬਾਹਰ ਆ ਗਏ ਅਤੇ ਫਿਰ ਕੁਝ ਸ਼ੋਰ ਸ਼ਰਾਬੇ ਦੀਆਂ ਆਵਾਜ਼ਾਂ ਸੁਣੀਆਂ। ਉਨ੍ਹਾਂ ਕਿਹਾ ਕਿ ਮਾਮਲਾ ਕਿੱਥੇ ਪਹੁੰਚ ਗਿਆ ਪਤਾ ਹੀ ਨਹੀਂ ਲੱਗਾ।

ਯੂਨੀਵਰਸਿਟੀ ਦੇ ਮੁਲਾਜ਼ਮ ਨੇ ਕੀ ਕਿਹਾ

ਯੂਨੀਵਰਸਿਟੀ ਦੇ ਇੱਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, ''ਮਾਮਲਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਫਾਈਨਲ ਦੇ ਦਿਨ ਦਾ ਹੈ।

ਮੈਚ ਖ਼ਤਮ ਹੋਣ ਤੋਂ ਬਾਅਦ ਕਸ਼ਮੀਰੀ ਅਤੇ ਗੈਰ-ਕਸ਼ਮੀਰੀ ਵਿਦਿਆਰਥੀਆਂ ਵਿਚਕਾਰ ਮੈਚ ਨੂੰ ਲੈ ਕੇ ਝਗੜਾ ਹੋਇਆ।

ਕਸ਼ਮੀਰੀ ਮੁੰਡਿਆਂ ਨੇ ਰੌਲਾ ਪਾ ਦਿੱਤਾ ਸੀ। ਘਟਨਾ ਦੀ ਵੀਡੀਓ ਰਿਕਾਰਡ ਕਰਕੇ ਪੁਲਿਸ ਨੂੰ ਭੇਜੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ।

ਬੀਬੀਸੀ ਨੇ ਇਸ ਪੂਰੇ ਮਾਮਲੇ 'ਤੇ ਯੂਨੀਵਰਸਿਟੀ ਦੇ ਡੀਨ ਫੈਕਲਟੀ ਪ੍ਰੋਫ਼ੈਸਰ ਮੁਹੰਮਦ ਤੁਫੈਲ ਬਾਂਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਗੱਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।

ਕਸ਼ਮੀਰ ਵਿੱਚ ਯੂਏਪੀਏ ਦੀ ਦੁਰਵਰਤੋਂ ਦਾ ਇਲਜ਼ਾਮ

ਕਸ਼ਮੀਰ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਯੂਏਪੀਏ ਤਹਿਤ ਸੈਂਕੜੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਯੂਏਪੀਏ ਯਾਨਿ ਅਨਲਾਅਫੁੱਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਦੇ ਤਹਿਤ, ਚਾਰਜਸ਼ੀਟ 90 ਦਿਨਾਂ ਦੇ ਵਿੱਚ-ਵਿੱਚ ਅਦਾਲਤ ਵਿੱਚ ਪੇਸ਼ ਕੀਤੀ ਜਾ ਸਕਦੀ ਹੈ। ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕਰਨ ਦਾ ਸਮਾਂ 180 ਦਿਨਾਂ ਤੱਕ ਵੱਧ ਸਕਦਾ ਹੈ।

ਯੂਏਪੀਏ ਕਾਨੂੰਨ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਬਣਾਇਆ ਗਿਆ ਹੈ।

ਯੂਏਪੀਏ ਵਿੱਚ ਅਜਿਹੀਆਂ ਕਈ ਧਾਰਾਵਾਂ ਹਨ ਜਿਨ੍ਹਾਂ ਵਿੱਚ ਮੁਲਜ਼ਮ ਨੂੰ ਉਦੋਂ ਤੱਕ ਜ਼ਮਾਨਤ ਨਹੀਂ ਮਿਲ ਸਕਦੀ ਜਦੋਂ ਤੱਕ ਉਹ ਅਦਾਲਤ ਵਿੱਚ ਆਪਣੇ ਆਪ ਨੂੰ ਬੇਕਸੂਰ ਸਾਬਤ ਨਹੀਂ ਕਰ ਦਿੰਦਾ।

ਜੰਮੂ-ਕਸ਼ਮੀਰ ਹਾਈਕੋਰਟ ਦੇ ਸੀਨੀਅਰ ਵਕੀਲ ਅਤੇ ਸਮਾਜਿਕ ਕਾਰਕੁਨ ਰਿਆਜ਼ ਖਵਾਰ ਦਾ ਕਹਿਣਾ ਹੈ, “ਜਦੋਂ ਤੋਂ ਇਹ ਕਾਨੂੰਨ ਬਣਿਆ ਹੈ, ਉਦੋਂ ਤੋਂ ਨਾ ਸਿਰਫ਼ ਕਸ਼ਮੀਰ ਵਿੱਚ ਸਗੋਂ ਪੂਰੇ ਭਾਰਤ ਵਿੱਚ ਇਸ ਦੀ ਦੁਰਵਰਤੋਂ ਹੋ ਰਹੀ ਹੈ।

"ਇਸ ਕਾਨੂੰਨ ਵਿੱਚ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਮੁਲਜ਼ਮ ਨੇ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨਾ ਹੁੰਦਾ ਹੈ, ਜੋ ਕਿ ਬਹੁਤੀ ਵਾਰ ਸੰਭਵ ਨਹੀਂ ਹੁੰਦਾ।

ਸਿਆਸੀ ਪਾਰਟੀਆਂ ਨੇ ਕੀ ਕਿਹਾ?

ਇਸ ਘਟਨਾ ਦਾ ਕਸ਼ਮੀਰ ਦੀਆਂ ਕਈ ਸਿਆਸੀ ਪਾਰਟੀਆਂ ਨੇ ਵੀ ਸਖ਼ਤ ਵਿਰੋਧ ਕੀਤਾ ਸੀ।

ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ, ਭਾਰਤੀ ਕਮਿਊਨਿਸਟ ਪਾਰਟੀ (ਐਮ) ਦੇ ਨੇਤਾ ਅਤੇ ਸਾਬਕਾ ਵਿਧਾਇਕ ਯੂਸੁਫ ਤਾਰੀਗਾਮੀ ਨੇ ਸੋਸ਼ਲ ਮੀਡੀਆ ਸਾਈਟ ਐਕਸ 'ਤੇ ਲਿਖਿਆ ਕਿ ਕ੍ਰਿਕਟ ਵਿੱਚ ਟੀਮ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਯੂਏਪੀਏ ਲਾਗੂ ਕਰਨਾ ਬਹੁਤ ਹੈਰਾਨ ਕਰਨ ਵਾਲਾ ਮਾਮਲਾ ਹੈ।

ਇਹ ਪਹਿਲੀ ਵਾਰ ਨਹੀਂ ਹੈ ਕਿ ਕਸ਼ਮੀਰ ਵਿੱਚ ਕ੍ਰਿਕਟ ਨੂੰ ਲੈ ਕੇ ਅਜਿਹੇ ਮਾਮਲੇ ਜਾਂ ਵਿਵਾਦ ਵਾਲੇ ਹਾਲਾਤ ਸਾਹਮਣੇ ਆਏ ਹਨ।

ਅਜਿਹੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ।

2016 ਵਿੱਚ ਵੀ, ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ, ਸ਼੍ਰੀਨਗਰ ਵਿੱਚ ਕਸ਼ਮੀਰੀ ਅਤੇ ਗੈਰ-ਕਸ਼ਮੀਰੀ ਵਿਦਿਆਰਥੀਆਂ ਵਿੱਚ ਝੜਪ ਹੋਈ ਸੀ ਜਦੋਂ ਵੈਸਟਇੰਡੀਜ਼ ਨੇ ਭਾਰਤ ਨੂੰ ਹਰਾਇਆ ਸੀ।

ਫਿਰ ਕਸ਼ਮੀਰੀ ਵਿਦਿਆਰਥੀਆਂ 'ਤੇ ਭਾਰਤ ਦੀ ਹਾਰ ਦਾ ਜਸ਼ਨ ਮਨਾਉਣ ਦਾ ਇਲਜ਼ਾਮ ਲਾਇਆ ਗਿਆ।

ਇਸ ਮਗਰੋਂ ਪੁਲਿਸ ਨੂੰ ਸਥਿਤੀ ’ਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ। ਉਦੋਂ ਗੈਰ-ਕਸ਼ਮੀਰੀ ਵਿਦਿਆਰਥੀਆਂ ਨੇ ਮੰਗ ਕੀਤੀ ਸੀ ਕਿ ਇਸ ਸੰਸਥਾ ਨੂੰ ਕਸ਼ਮੀਰ ਤੋਂ ਬਾਹਰ ਤਬਦੀਲ ਕੀਤਾ ਜਾਵੇ।

ਸ਼੍ਰੀਨਗਰ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ 'ਤੇ ਸਾਲ 2021 'ਚ ਟੀ-20 ਵਿਸ਼ਵ ਕੱਪ 'ਚ ਭਾਰਤ ਖ਼ਿਲਾਫ਼ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਦਾ ਇਲਜ਼ਾਮ ਸੀ।

ਫਿਰ ਉਨ੍ਹਾਂ ਦੇ ਖ਼ਿਲਾਫ਼ ਵੀ ਯੂਏਪੀਏ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਜਦੋਂ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹੁੰਦਾ ਹੈ ਤਾਂ ਕਸ਼ਮੀਰ ਵਿੱਚ ਤਣਾਅ ਦੀ ਸਥਿਤੀ ਪੈਦਾ ਹੋ ਜਾਂਦੀ ਹੈ।

ਪ੍ਰਸ਼ਾਸਨ ਨੂੰ ਹਰ ਵਾਰ ਹਦਾਇਤਾਂ ਦੇਣੀਆਂ ਪੈਂਦੀਆਂ ਹਨ ਕਿ ਲੋਕ ਸੜਕਾਂ 'ਤੇ ਇਕੱਠੇ ਨਾ ਹੋਣ।

ਕੀ ਹੈ ਯੂਏਪੀਏ ਕਾਨੂੰਨ?

ਇਹ ਕਾਨੂੰਨ 1967 ਵਿੱਚ ਭਾਰਤ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਲਿਆਂਦਾ ਗਿਆ ਸੀ।

ਇਸ ਕਾਨੂੰਨ ਦੇ ਤਹਿਤ ਜੇਕਰ ਸਰਕਾਰ ਨੂੰ ਇਹ ਯਕੀਨ ਹੋ ਜਾਵੇ ਕਿ ਕੋਈ ਵਿਅਕਤੀ ਜਾਂ ਸੰਸਥਾ 'ਅੱਤਵਾਦ' ਵਿਚ ਸ਼ਾਮਲ ਹੈ, ਤਾਂ ਉਹ ਉਸ ਵਿਅਕਤੀ ਨੂੰ 'ਅੱਤਵਾਦੀ' ਐਲਾਨ ਸਕਦੀ ਹੈ, ਯਾਨਿ ਕਿਸੇ ਨੂੰ ਬਿਨਾਂ ਕਿਸੇ ਮੁਕੱਦਮੇ ਦੇ ਅੱਤਵਾਦੀ ਐਲਾਨਿਆ ਜਾ ਸਕਦਾ ਹੈ।

ਐਡਵੋਕੇਟ ਸਜਲ ਅਵਸਥੀ, ਜਿਸ ਨੇ ਯੂਏਪੀਏ ਐਕਟ ਵਿੱਚ ਛੇਵੇਂ ਸੋਧ ਦੇ ਕੁਝ ਉਪਬੰਧਾਂ 'ਤੇ ਸੁਪਰੀਮ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ, ਦਾ ਕਹਿਣਾ ਹੈ, "ਯੂਏਪੀਏ ਐਕਟ ਦੇ ਸੈਕਸ਼ਨ 35 ਅਤੇ 36 ਦੇ ਤਹਿਤ, ਸਰਕਾਰ ਕਿਸੇ ਵੀ ਵਿਅਕਤੀ ਨੂੰ ਬਿਨਾਂ ਕਿਸੇ ਹਦਾਇਤਾਂ ਦੇ ਅਤੇ ਕਿਸੇ ਦੀ ਪਾਲਣਾ ਕੀਤੇ ਬਿਨਾਂ ਗ੍ਰਿਫ਼ਤਾਰ ਕਰ ਸਕਦੀ ਹੈ। ਨਿਰਧਾਰਿਤ ਪ੍ਰਕਿਰਿਆ। ਅੱਤਵਾਦੀ ਐਲਾਨਿਆ ਜਾ ਸਕਦਾ ਹੈ।"

ਯੂਏਪੀਏ ਐਕਟ ਦੀ ਧਾਰਾ 15 ਦੇ ਅਨੁਸਾਰ, ਭਾਰਤ ਦੀ ਏਕਤਾ, ਅਖੰਡਤਾ, ਸੁਰੱਖਿਆ, ਆਰਥਿਕ ਸੁਰੱਖਿਆ ਜਾਂ ਪ੍ਰਭੂਸੱਤਾ ਨੂੰ ਖਤਰੇ ਵਿੱਚ ਪਾਉਣ ਜਾਂ ਸੰਭਾਵਿਤ ਤੌਰ 'ਤੇ ਖਤਰੇ ਵਿੱਚ ਪਾਉਣ ਦੇ ਇਰਾਦੇ ਨਾਲ ਭਾਰਤ ਜਾਂ ਵਿਦੇਸ਼ ਵਿੱਚ ਜਨਤਾ ਜਾਂ ਜਨਤਾ ਦੇ ਕਿਸੇ ਵੀ ਵਰਗ ਵਿੱਚ ਦਹਿਸ਼ਤ ਫੈਲਾਉਣਾ ਜਾਂ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਕੀਤੀ ਗਈ ਕਾਰਵਾਈ 'ਅੱਤਵਾਦੀ ਕਾਰਵਾਈ' ਹੈ।

ਇਸ ਵਿਆਖਿਆ ਵਿੱਚ ਬੰਬ ਧਮਾਕਿਆਂ ਤੋਂ ਲੈ ਕੇ ਨਕਲੀ ਨੋਟਾਂ ਦੇ ਕਾਰੋਬਾਰ ਤੱਕ ਸਭ ਕੁਝ ਸ਼ਾਮਲ ਹੈ।

ਯੂ.ਏ.ਪੀ.ਏ. ਐਕਟ ਅੱਤਵਾਦ ਅਤੇ ਅੱਤਵਾਦੀ ਦੀ ਸਪੱਸ਼ਟ ਪਰਿਭਾਸ਼ਾ ਦੇਣ ਦੀ ਬਜਾਏ ਸਿਰਫ ਇਹ ਕਹਿੰਦਾ ਹੈ ਕਿ ਉਨ੍ਹਾਂ ਦੇ ਅਰਥ ਧਾਰਾ 15 ਵਿੱਚ ਦਿੱਤੀ ਗਈ 'ਅੱਤਵਾਦੀ ਐਕਟ' ਦੀ ਪਰਿਭਾਸ਼ਾ ਅਨੁਸਾਰ ਹੋਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)