You’re viewing a text-only version of this website that uses less data. View the main version of the website including all images and videos.
ਬਠਿੰਡਾ ਦੇ ਮਿਲਟਰੀ ਸਟੇਸ਼ਨ 'ਚ ਫਾਇਰਿੰਗ: ‘ਦੋ ਨਕਾਬਪੋਸ਼ ਕੁੜਤੇ-ਪਜਾਮੇ ’ਚ ਰਾਇਫਲ ਨਾਲ ਦਿਖੇ’-ਐਫਆਈਆਰ ਦਾ ਵੇਰਵਾ
- ਲੇਖਕ, ਗਗਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿੱਚ ਗੋਲੀਬਾਰੀ ਹੋਈ ਹੈ ਜਿਸ ਵਿੱਚ ਚਾਰ ਜਵਾਨਾਂ ਦੀ ਮੌਤ ਹੋਈ ਹੈ। ਇਸ ਦੀ ਜਾਣਕਾਰੀ ਫੌਜ ਦੇ ਅਧਿਕਾਰੀਆਂ ਵੱਲੋਂ ਦਿਤੀ ਗਈ ਹੈ।
ਇਨ੍ਹਾਂ ਵਿੱਚ ਤੋਪਚੀ ਸਾਗਰ ਬੰਨੇ, ਤੋਪਚੀ ਕਮਲੇਸ਼ ਆਰ, ਤੋਪਚੀ ਯੋਗੇਸ਼ ਕੁਮਾਰ ਜੇ ਅਤੇ ਤੋਪਚੀ ਸੰਤੋਸ਼ ਐੱਮ ਨਾਗਰਲ ਸ਼ਾਮਿਲ ਹਨ।
ਫੌਜ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ, ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀਬਾਰੀ ਦੀ ਇਹ ਘਟਨਾ ਅੱਜ ਸਵੇਰੇ ਲਗਭਗ ਸਾਢੇ ਚਾਰ ਵਜੇ ਦੇ ਕਰੀਬ ਵਾਪਰੀ। ਹਾਲਾਂਕਿ, ਇਸ ਪਿਛਲੇ ਕਾਰਨਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਘਟਨਾ ਬਾਰੇ ਬਠਿੰਡਾ ਏਡੀਜੀਪੀ ਸੁਰਿੰਦਰਪਾਲ ਸਿੰਘ ਪਰਮਾਰ ਦਾ ਕਹਿਣਾ ਹੈ, "ਸਾਨੂੰ ਪਤਾ ਲੱਗਾ ਕਿ ਸਵੇਰੇ ਸਾਢੇ 4 ਵਜੇ ਘਟਨਾ ਵਾਪਰੀ ਸੀ, ਜਿਸ ਵਿੱਚ ਚਾਰ ਬੰਦਿਆਂ ਦੀ ਮੌਤ ਗਈ। ਜਾਂਚ ਆਪਰੇਸ਼ਨ ਚੱਲ ਰਿਹਾ ਹੈ। ਬੰਦਿਆਂ ਦੀ ਪਛਾਣ ਅਜੇ ਤੱਕ ਉਜਾਗਰ ਨਹੀਂ ਕੀਤੀ ਪਰ ਇਹ ਕੋਈ ਅੱਤਵਾਦੀ ਘਟਨਾ ਨਹੀਂ ਹੈ। ਇਸ ਦਾ ਸੂਬੇ ਦੀ ਕਾਨੂੰਨ-ਵਿਵਸਥਾ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ।"
"ਇਸ ਵਿੱਚ ਜਖ਼ਮੀ ਕੋਈ ਨਹੀਂ ਹੈ। ਰਾਈਫਲ ਚੋਰੀ ਹੋਣ ਦੀ ਸ਼ਿਕਾਇਤ 3-4 ਦਿਨ ਪਹਿਲਾਂ ਸਾਡੇ ਕੋਲ ਕੈਂਟ ਥਾਣੇ ਵਿੱਚ ਆਈ ਸੀ।"
ਮਾਮਲੇ ਦੀ ਜਾਂਚ ਨੂੰ ਲੈ ਕੇ ਫੌਜ ਨੇ ਕਿਹਾ ਹੈ ਕਿ ਸਾਰੇ ਪਹਿਲੂਆਂ ਨੂੰ ਜਾਂਚਿਆ ਜਾਵੇਗਾ ਅਤੇ ਗਾਇਬ ਰਾਈਫਲ ਸਬੰਧੀ ਵੀ ਜਾਂਚ ਹੋਵੇਗੀ।
ਐੱਫਆਈਆਰ ਵਿੱਚ ਘਟਨਾ ਦੀ ਕੀ ਵੇਰਵਾ ਹੈ
ਬਠਿੰਡਾ ਮਿਲਟਰੀ ਸਟੇਸ਼ਨ 'ਚ ਫਾਇਰਿੰਗ ਦੀ ਘਟਨਾ ਬਾਰੇ ਬਠਿੰਡਾ ਪੁਲਿਸ ਵੱਲੋਂ ਮੇਜਰ ਆਸ਼ੂਤੋਸ਼ ਸ਼ੁਕਲਾ ਦੇ ਬਿਆਨ 'ਤੇ ਥਾਣਾ ਕੈਂਟ ਵਿੱਚ ਦੋ ਅਣਪਛਾਤੇ ਬੰਦਿਆਂ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।
ਮੇਜਰ ਆਸ਼ੂਤੋਸ਼ ਸ਼ੁਕਲਾ ਨੇੇ ਬਿਆਨ ਵਿੱਚ ਕਿਹਾ, "ਮੈਂ 80 ਮੀਡੀਅਮ ਰੇਜਿਮੇਂਟ ਯੂਨਿਟ ਵਿੱਚ ਫਰਵਰੀ 2022 ਤੋਂ ਬਤੌਰ ਮੇਜਰ ਤਾਇਨਾਤ ਹਾਂ। ਸਾਡੀ ਯੂਨਿਟ ਦੀ ਅਫ਼ਸਰ ਮੈਸ ਦੇ ਸਾਹਮਣੇ, ਅਫ਼ਸਰ ਮੈੱਸ ਵਿੱਚ ਕੰਮ ਕਰਨ ਵਾਲੇ ਜਵਾਨਾਂ ਦੇ ਰਹਿਣ ਲਈ ਬੈਰਕ ਬਣਿਆ ਹੈ।"
"ਬਰੈਕ ਦੇ ਹੇਠਲੇ ਕਮਰੇ ਵਿੱਚ ਗਨਰ ਨਾਗਾ ਸੁਰੇਸ਼ ਰਹਿੰਦਾ ਹੈ ਤੇ ਉੱਪਰ ਵਾਲੇ ਦੇ ਕਮਰਿਆਂ ਵਿੱਚ ਸਾਗਰ ਬੰਨੇ ਤੇ ਉਸ ਦੇ ਨਾਲ ਗਨਰ ਯੂਗੇਸ਼ ਕੁਮਾਰ ਇੱਕ ਕਮਰੇ ਵਿੱਚ ਤੇ ਉਸ ਦੇ ਨਾਲ ਵਾਲੇ ਕਮਰੇ ਵਿੱਚ ਗਨਰ ਸੰਤੋਸ਼ ਅਤੇ ਗਨਰ ਕਮਲੇਸ਼ ਬਾਕੀ ਮੌਸ ਦੇ ਜਵਾਨ ਦੂਸਰੀ ਬਿਲਡਿੰਗ ਵਿੱਚ ਰਹਿੰਦੇ ਹਨ।"
ਉਨ੍ਹਾਂ ਨੇ ਅੱਗੇ ਕਿਹਾ, "ਸਾਡੀ ਯੂਨਿਟ ਦੇ ਡਿਊਟੀ ਰੋਸਟਰ ਮੁਤਾਬਕ ਨਾਈਟ ਵਾਚਮੈਨ ਦੀ ਡਿਊਟੀ ਵੀ 2/2 ਘੰਟੇ ਬਿਨਾਂ ਹਥਿਆਰ ਦੇ ਕਰਦੇ ਸਨ। ਬੀਤੀ ਰਾਤ ਸਾਰੇ ਜਵਾਨ ਆਪਣੀ ਡਿਊਟੀ ਤੋਂ ਫਾਰਗ ਹੋ ਕੇ ਆਪਣੇ ਕਮਰੇ ਵਿੱਚ ਚਲੇ ਗਏ ਯੋਗੇਸ਼ ਕੁਮਾਰ ਤੇ ਸਾਗਰ ਬੰਨੇ ਪਹਿਲੀ ਮੰਜ਼ਿਲ ਦੇ ਆਪਣੇ ਕਮਰੇ ਵਿਚ ਚਲੇ ਗਏ ਤੇ ਉਨ੍ਹਾਂ ਦੇ ਨਾਲ ਦੇ ਕਮਰੇ ਵਿੱਚ ਸੰਤੋਸ਼ ਤੇ ਕਮਲੇਸ਼ ਕੁਮਾਰ ਸਨ ਅਤੇ ਹੇਠਲੇ ਕਮਰੇ ਵਿੱਚ ਨਾਗਾ ਸੁਰੇਸ਼ ਸੋ ਰਹੇ ਸਨ।"
"ਅੱਜ ਸਵੇਰੇ 4:30 ਵਜੇ ਗਨਰ ਡਿਸਾਈ ਮੋਹਣ ਨੇ ਮੈਨੂੰ ਦੱਸਿਆ ਕਿ ਯੂਨਿਟ ਦੇ ਮੈੱਸ ਦੀ ਬੈਰਕ ਵਿੱਚ ਫਾਈਰਿੰਗ ਹੋਈ ਹੈ ਅਤੇ ਦੋ ਅਣਪਛਾਤੇ ਵਿਆਕਤੀਆਂ ਜਿਨਾਂ ਨੇ ਚਿੱਟੇ ਰੰਗ ਦੇ ਕੁੜਤੇ ਪਜਾਮੇ ਪਹਿਨੇ ਹੋਏ ਸਨ। ਉਨ੍ਹਾਂ ਦੇ ਮੂੰਹ ਸਿਰ-ਕੱਪੜੇ ਨਾਲ ਢੱਕੇ ਹੋਏ ਸਨ।"
"ਉਨ੍ਹਾਂ ਨੇ ਅਫਸਰ ਮੈੱਸ ਦੇ ਸਾਹਮਣੇ ਬਣੀ ਬੈਰਕ ਵਿੱਚੋਂ ਜਿੱਥੇ ਗਨਰ ਸੁੱਤੇ ਹੋਏ ਸਨ, ਵਿੱਚੋ ਬਾਹਰ ਆ ਰਹੇ ਸਨ ਜਿਨਾਂ ਵਿਚੋਂ ਇੱਕ ਦੇ ਸੱਜੇ ਹੱਥ ਵਿੱਚ ਇੰਨਸਾਸ ਰਾਈਫਲ ਅਤੇ ਦੂਸਰੇ ਦੇ ਸੱਜੇ ਹੱਥ ਵਿੱਚ ਕੁਹਾੜੀ ਫੜੀ ਹੋਈ ਸੀ।"
ਉਨ੍ਹਾਂ ਨੇ ਕਿਹਾ, "ਉਨਾਂ ਦੇ ਕੱਦ ਦਰਮਿਆਨੇ ਸਨ ਜੋ ਮੈਨੂੰ ਦੇਖਕੇ ਬੈਰਕ ਦੇ ਖੱਬੀ ਸਾਈਡ ਜੰਗਲ ਵੱਲ ਨੂੰ ਚਲੇ ਗਏ। ਮੈਂ ਅਤੇ ਕੈਪਟਨ ਸ਼ਾਂਤਨੂੰ ਮੌਕੇ 'ਤੇ ਪਹੁੰਚੇ। ਜਦ ਅਸੀਂ ਬੋਰਡ ਦੇ ਉਪਰ ਵਾਲੀ ਬਿਲਡਿੰਗ ਵਿੱਚ ਗਏ ਤਾਂ ਪਹਿਲੇ ਕਮਰੇ ਵਿੱਚ ਦੇਖਿਆ ਕਿ ਗਨਰ ਸਾਗਰ ਬੰਨੇ ਤੇ ਯੂਗੋਸ਼ ਕੁਮਾਰ ਦੀਆਂ ਲਾਸ਼ਾਂ ਖੂਨ ਨਾਲ ਲਥ-ਪਥ ਪਈਆਂ ਸਨ।”
"ਦੂਸਰੇ ਕਮਰੇ ਵਿੱਚ ਸੰਤੋਸ਼ ਤੇ ਕਮਲੇਸ਼ ਦੀਆਂ ਲਾਸ਼ਾਂ ਖੂਨ ਨਾਲ ਲੱਥ-ਪਥ ਪਈਆਂ ਸਨ ਜਿਨ੍ਹਾਂ ਨੂੰ ਚੈਕ ਕੀਤਾ ਤਾਂ ਇਨ੍ਹਾਂ ਸਾਰਿਆਂ ਦੇ ਸਰੀਰਾਂ ’ਤੇ ਗੋਲੀਆਂ ਦੇ ਨਿਸ਼ਾਨ ਸਨ। ਇਨ੍ਹਾਂ ਦੀਆਂ ਲਾਸ਼ਾਂ ਨੇੜੇ ਕਾਫੀ ਤਦਾਦ ਵਿੱਚ ਇੰਨਸਾਸ ਰਾਈਫਲ ਦੇ ਖੋਲ੍ਹ ਰੋਂਦ ਖਿਲਰੇ ਪਏ ਸਨ।"
ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਇੱਕ ਰਾਈਫਲ ਬੱਟ ਨੰਬਰ 77 ਮਿਤੀ 31-3-23 ਨੂੰ ਸਾਡੀ ਯੂਨਿਟ ਦੇ ਲਾਂਸ ਨਾਇਕ ਮੁਪੜੀ ਹਰੀਸ਼ ਦੇ ਨਾਮ 'ਤੇ ਤਕਸੀਮ ਹੋਈ ਸੀ ਜਿਸ ਦੀ ਗੁੰਮ ਹੋਣ ਜਾਣ ਦੀ ਜਾਣਕਾਰੀ 9 ਅਪ੍ਰੈਲ 2023, ਨੂੰ ਦਿੱਤੀ ਗਈ ਸੀ।
ਮੇਜਰ ਦੇ ਬਿਆਨ ਮੁਤਾਬਕ, "ਇਸ ਦੀ ਪੜਤਾਲ ਸਾਡੀ ਯੂਨਿਟ ਵੱਲੋਂ ਕੀਤੀ ਜਾ ਰਹੀ ਹੈ ਖੋਲ੍ਹ ਰੋਂਦਾਂ ਨੂੰ ਘਟਨਾ ਵਾਲੀ ਜਗ੍ਹਾ ਤੇ ਦੇਖਣ ਤੋਂ ਬਾਅਦ ਫਿਲਹਾਲ ਇਹ ਹੀ ਜਾਪਦਾ ਹੈ ਕਿ ਉਕਤ ਇੰਨਸਾਸ ਰਾਈਫਲ ਨਾਲ ਹੀ ਕਿਸੇ ਅਣਪਛਾਤੇ ਵਿਆਕਤੀ/ਵਿਆਕਤੀਆਂ ਨੇ ਹੀ ਸਾਡੇ ਜਵਾਨਾਂ ਫਾਈਰਿੰਗ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ ਹੈ।"
- ਬਠਿੰਡਾ ਦਾ ਮਿਲਿਟਰੀ ਸਟੇਸ਼ਨ ਸਭ ਤੋਂ ਵੱਧ ਫੌਜੀ ਅਸਲੇ ਵਾਲੇ ਡਿਪੂਆਂ ਵਿੱਚੋਂ ਇੱਕ ਹੈ
- ਇਸ ਮਿਲਿਟਰੀ ਸਟੇਸ਼ਨ ਵਿੱਚ ਅੱਜ ਸਵੇਰੇ ਹੋਈ ਗੋਲੀਬਾਰੀ 'ਚ 4 ਜਵਾਨਾਂ ਦੀ ਮੌਤ
- ਦੋ ਦਿਨ ਪਹਿਲਾਂ ਇੱਥੋਂ ਇੱਕ ਰਾਈਫਲ ਗਾਇਬ ਹੋਈ ਸੀ। ਹਮਲੇ ਵਿੱਚ ਇਸ ਦੇ ਇਸਤੇਮਾਲ ਬਾਰੇ ਜਾਂਚ ਹੋ ਰਹੀ ਹੈ।
- ਪੁਲਿਸ ਮੁਤਾਬਕ, ਗੋਲੀਬਾਰੀ ਦਾ ਅੱਤਵਾਦੀ ਹਮਲੇ ਨਾਲ ਕੋਈ ਸਬੰਧ ਨਹੀਂ
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਬਠਿੰਡਾ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਲਈ ਐਸਅਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਨਾ ਨਾਲ ਗੱਲਬਾਤ ਕੀਤੀ।
ਐੱਸਐੱਸਪੀ ਖੁਰਾਨਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਕਿਸੇ ਤਰ੍ਹਾਂ ਦਾ ਅੱਤਵਾਦੀ ਹਮਲਾ ਨਹੀਂ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਪੁਲਿਸ ਘਟਨਾ ਵਾਲੀ ਥਾਂ 'ਤੇ ਪਹੁੰਚ ਗਈ ਹੈ ਪਰ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਗੋਲੀਆਂ ਕਿਸ ਨੇ ਚਲਾਈਆਂ ਸਨ।
ਫਿਲਹਾਲ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਰਚ ਆਪ੍ਰੇਸ਼ਨ ਜਾਰੀ ਹਨ।
ਮਿਲਟਰੀ ਸਟੇਸ਼ਨ ਅਤੇ ਕੈਂਟੋਨਮੈਂਟ ਕੀ ਫ਼ਰਕ ਹੁੰਦਾ ਹੈ?
- ਰੱਖਿਆ ਮੰਤਰਾਲੇ ਦੀ ਵੈਬਸਾਈਟ ਮੁਤਾਬਕ, ਮਿਲਟਰੀ ਸਟੇਸ਼ਨ ਵਿਸ਼ੇਸ਼ ਹੁਕਮਾਂ ਤਹਿਤ ਤਿਆਰ ਕੀਤੇ ਹੁੰਦੇ ਹਨ।
- ਇਨ੍ਹਾਂ ਨੂੰ ਖਾਸ ਤੌਰ 'ਤੇ ਹਥਿਆਰਬੰਦ ਫੌਜਾਂ ਦੇ ਇਸਤੇਮਾਲ ਅਤੇ ਰਿਹਾਇਸ਼ ਲਈ ਇਸਤੇਮਾਲ ਕੀਤਾ ਜਾਂਦਾ ਹੈ।
- ਜਦਕਿ ਕੈਂਟੋਨਮੈਂਟ, ਅਜਿਹਾ ਇਲਾਕਾ ਹੁੰਦਾ ਹੈ ਜਿਸ ਵਿੱਚ ਫੌਜੀ ਅਤੇ ਆਮ ਲੋਕ ਦੋਵੇਂ ਰਹਿ ਸਕਦੇ ਹਨ।
ਦੋ ਦਿਨ ਪਹਿਲਾਂ ਗਾਇਬ ਹੋਈ ਰਾਈਫਲ ਨਾਲ ਗੋਲੀਬਾਰੀ ਦਾ ਖਦਸ਼ਾ
ਪੁਲਿਸ ਸੁਤਰਾਂ ਦਾ ਕਹਿਣਾ ਹੈ ਕਿ ਕਰੀਬ ਦੋ ਦਿਨ ਪਹਿਲਾਂ 28 ਕਾਰਤੂਸਾਂ ਤੇ ਇੱਕ ਇੰਸਾਸ ਰਾਈਫਲ ਲਾਪਤਾ ਹੋ ਗਈ ਸੀ ਅਤੇ ਹਮਲਾ ਉਸੇ ਨਾਲ ਕੀਤਾ ਹੋ ਸਕਦਾ ਹੈ।
ਪੁਲਿਸ ਸੂਤਰਾਂ ਮੁਤਾਬਕ, ਗੋਲੀਬਾਰੀ ਦੀ ਇਸ ਘਟਨਾ ਪਿੱਛੇ ਫੌਜ ਦੇ ਹੀ ਕੁਝ ਮੁਲਾਜ਼ਮਾਂ ਦਾ ਹੱਥ ਹੋ ਸਕਦਾ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ।
ਫਿਲਹਾਲ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਰਚ ਆਪ੍ਰੇਸ਼ਨ ਜਾਰੀ ਹਨ।