ਪਪਲਪ੍ਰੀਤ ਸਿੰਘ : ਅਮ੍ਰਿਤਪਾਲ ਸਿੰਘ ਦੇ ਸਾਥੀ ਦਾ ਕੀ ਹੈ ਪਿਛੋਕੜ

ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਤੇ ਖ਼ਾਲਿਸਤਾਨੀ ਸਮਰਥਕ ਅਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

18 ਮਾਰਚ ਜਦੋਂ ਤੋਂ ਅਮ੍ਰਿਤਪਾਲ ਸਿੰਘ ਅਤੇ ਸਾਥੀਆਂ ਖ਼ਿਲਾਫ਼ ਪੰਜਾਬ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਸੀ, ਉਦੋਂ ਤੋਂ ਹੀ ਅਜਿਹੇ ਦਾਅਵੇ ਕੀਤੇ ਜਾ ਰਹੇ ਸਨ ਕਿ ਪਪਲਪ੍ਰੀਤ ਸਿੰਘ ਵੀ ਉਨ੍ਹਾਂ ਦੇ ਨਾਲ ਹੀ ਸਨ।

ਕਈ ਮੀਡੀਆ ਅਦਾਰਿਆਂ ਅਤੇ ਸੋਸ਼ਲ ਮੀਡੀਆ ਉੱਤੇ ਇਨ੍ਹਾਂ ਦੋਵਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਵੀ ਵਾਇਰਲ ਹੁੰਦੀਆਂ ਰਹੀਆਂ, ਭਾਵੇਂ ਕਿ ਪੁਲਿਸ ਨੇ ਇਨ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਸੀ।

ਪਰ ਪੰਜਾਬ ਪੁਲਿਸ ਨੇ ਇਹ ਦਾਅਵਾ ਜਰੂਰ ਕੀਤਾ ਸੀ ਕਿ ਅਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਦੌਰਾਨ ਉਸ ਲਈ ਠਹਿਰਨ ਦਾ ਪ੍ਰਬੰਧ ਪਪਲਪ੍ਰੀਤ ਸਿੰਘ ਹੀ ਕਰਦਾ ਰਿਹਾ ਹੈ।

ਪੁਲਿਸ ਵਲੋਂ ਅਮ੍ਰਿਤਪਾਲ ਦੇ ਨਾਲ ਨਾਲ ਪਪਲਪ੍ਰੀਤ ਸਿੰਘ ਦੀ ਵੀ ਕਾਫ਼ੀ ਸਰਗਰਮੀ ਨਾਲ ਭਾਲ਼ ਕੀਤੀ ਜਾ ਰਹੀ ਸੀ।

ਪਪਲਪ੍ਰੀਤ ਸਿੰਘ ਕੌਣ ਹੈ

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪਪਲਪ੍ਰੀਤ ਸਿੰਘ ਅੰਮ੍ਰਿਤਸਰ ਦੇ ਪਿੰਡ ਮਰੜੀ ਦੇ ਰਹਿਣ ਵਾਲੇ ਹਨ।

ਆਪਣੇ ਆਪ ਨੂੰ ਇੱਕ ਪੱਤਰਕਾਰ ਦੱਸਣ ਵਾਲੇ ਪਪਲਪ੍ਰੀਤ ਬੀਤੇ ਕੁਝ ਸਾਲਾਂ ਤੋਂ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹੇ ਹਨ।

ਹਾਲਾਂਕਿ ਹੁਣ ਉਨ੍ਹਾਂ ਦੇ ਫ਼ੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ ਅਕਾਉਂਟ ਬੰਦ ਹੋ ਚੁੱਕੇ ਹਨ। ਉਨ੍ਹਾਂ ਦਾ ਯੂਟਿਊਬ ਅਕਾਉਂਟ ਜਿਸ ਦਾ ਨਾਮ ‘ਪਪਲਪ੍ਰੀਤ ਸਿੰਘ’ ਹੈ ’ਤੇ ਵੀ ਪਿਛਲੇ ਇੱਕ ਮਹੀਨੇ ਤੋਂ ਕੋਈ ਨਵੀਂ ਵੀਡੀਓ ਸਾਂਝੀ ਨਹੀਂ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਤੇ ਖ਼ਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਖ਼ਿਲਾਫ਼ ਪੁਲਿਸ ਕਾਰਵਾਈ 18 ਮਾਰਚ ਨੂੰ ਸ਼ੁਰੂ ਹੋਈ ਸੀ। ਜੋ ਕਿ ਹਾਲੇ ਤੱਕ ਜਾਰੀ ਹੈ ਅਤੇ ਉਦੋਂ ਤੋਂ ਹੀ ਪਪਲਪ੍ਰੀਤ ਸਿੰਘ ਦੀ ਵੀ ਭਾਲ ਸੀ।

ਅਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੀ ਕਾਰਵਾਈ ਵਿੱਚ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਜਾਂਚ ਮਗਰੋਂ ਕਈ ਕਈਆਂ ਛੱਡਿਆ ਵੀ ਗਿਆ ਹੈ।

ਅਮ੍ਰਿਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ, ਚਾਚਾ ਸਣੇ 8 ਲੋਕਾਂ ਉੱਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਲਗਾਇਆ ਗਿਆ ਹੈ।

ਅਮ੍ਰਿਤਪਾਲ ਸਿੰਘ ਪੁਲਿਸ ਦੀ ਪਹੁੰਚ ਤੋਂ ਦੂਰ ਹਨ ਪਰ ਜਿਨ੍ਹਾਂ ਉੱਤੇ ਐੱਨਐੱਸਏ ਲੱਗਾ ਹੈ ਉਨ੍ਹਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ।

18 ਮਾਰਚ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਅਮ੍ਰਿਤਪਾਲ ਅਤੇ ਪਪਲਪ੍ਰੀਤ ਦੀਆਂ ਕਈ ਤਸਵੀਰਾਂ ਦੇਖੀਆਂ ਗਈਆਂ ਸਨ। ਇਹ ਤਸਵੀਰਾਂ ਵੱਖ-ਵੱਖ ਥਾਵਾਂ ਤੋਂ ਲਈ ਗਈ ਸੀਸੀਟੀਵੀ ਫ਼ੁੱਟੇਜ਼ ’ਤੇ ਅਧਾਰਿਤ ਸਨ।

ਹਾਲਾਂਕਿ ਪੁਲਿਸ ਵੱਲੋਂ ਅਧਿਕਾਰਿਤ ਤੌਰ ’ਤੇ ਪਪਲਪ੍ਰੀਤ ਦੀ ਕੋਈ ਵੀ ਤਸਵੀਰ ਸਾਂਝੀ ਨਹੀਂ ਕੀਤੀ ਗਈ ਸੀ।

ਸਿੱਖ ਕਾਰਕੁਨ

ਅਖ਼ਬਾਰ ਇੰਡੀਅਨ ਐਕਸਪ੍ਰੈਸ ਵਿੱਚ ਪਪਲਪ੍ਰੀਤ ਸਿੰਘ ਬਾਰੇ ਜਿੱਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਕੰਪਿਊਟਰ ਸਾਇੰਸ ਵਿੱਚ ਪੋਸਟ ਗ੍ਰੇਜੂਏਸ਼ਨ ਡਿਪਲੋਮਾ ਕੀਤਾ ਹੈ ਅਤੇ ਇਸ ਤੋਂ ਇਲਾਵਾ ਤਿੰਨ ਸਾਲ ਦਾ ਪੋਲੀਟੈਕਨਿਕ ਡਿਪਲੋਮਾ ਵੀ ਕੀਤਾ ਹੋਇਆ ਹੈ।

ਪਪਲਪ੍ਰੀਤ ਸਾਲ 2017 ਵਿੱਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿੱਚ ਵੀ ਸ਼ਾਮਿਲ ਹੋਏ ਸਨ, ਪਰ ਛੇਤੀ ਹੀ ਪਾਰਟੀ ਤੋਂ ਵੱਖ ਹੋ ਗਏ ਸੀ।

ਪਪਲਪ੍ਰੀਤ ਦੇ ਯੂਟਿਊਬ ਚੈਨਲ ’ਤੇ ਵਧੇਰੇ ਪੋਸਟਾਂ ਸਿੱਖ ਮਸਲਿਆਂ ਨਾਲ ਸਬੰਧਿਤ ਹਨ।

ਪੰਜਾਬ ਪੁਲਿਸ ਦੇ ਰਿਕਾਰਡ ’ਚ ਪਪਲਪ੍ਰੀਤ ਸਿੰਘ

ਪੰਜਾਬ ਪੁਲਿਸ ਵਲੋਂ ਪਪਲਪ੍ਰੀਤ ਸਿੰਘ ਬਾਰੇ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ੁਰੂਆਤ ਵਿੱਚ ਉਹ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੀਆਂ ਤਸਵੀਰਾਂ ਖਿੱਚਣ ਦਾ ਕੰਮ ਕਰਦੇ ਸਨ।

ਪੁਲਿਸ ਮੁਤਾਬਕ,“ਇੱਕ ਪੱਤਰਕਾਰ ਵਜੋਂ ਪਪਲਪ੍ਰੀਤ ਸਿੰਘ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ, ਆਜ਼ਾਦੀ ਲਈ ਸਿੱਖ ਸੰਘਰਸ਼, ਆਪਰੇਸ਼ਨ ਬਲੂ ਸਟਾਰ ਤੇ ਸਿੱਖ ਭਾਈਚਾਰੇ ਨਾਲ ਸਬੰਧਿਤ ਹੋਰ ਮਸਲਿਆਂ ਬਾਰੇ ਬਿਰਤਾਂਤ ਉਲੀਕਣ ਦੀ ਕੋਸ਼ਿਸ਼ ਕੀਤੀ ਸੀ।

“ਜਗਤਾਰ ਸਿੰਘ ਜੱਗੀ ਜੌਹਲ ਦੀ ਭਾਰਤ ਵਿੱਚ ਗ੍ਰਿਫ਼ਤਾਰੀ ਖ਼ਿਲਾਫ਼ ‘ਫ੍ਰੀ ਜੱਗੀ’ ਮੁਹਿੰਮ ਪਿੱਛੇ ਪਪਲਪ੍ਰੀਤ ਹੀ ਸੀ।”

ਪਪਲਪ੍ਰੀਤ ਖ਼ਿਲਾਫ਼ ਮਾਮਲੇ

ਬੀਬੀਸੀ ਸਹਿਯੋਗੀ ਰਵਿੰਦਰ ਰੌਬਿਨ ਨੂੰ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਦਰਜ ਸਨ।

ਪੁਲਿਸ ਮੁਤਾਬਕ ਅੰਮ੍ਰਿਤਸਰ ਵਿੱਚ ਦਰਜ ਦੋਵੇਂ ਮਾਮਲੇ ਬੰਦ ਹੋ ਚੁੱਕੇ ਹਨ। ਇਨ੍ਹਾਂ ਵਿੱਚ ਪਪਲਪ੍ਰੀਤ ਨੂੰ ਬਰੀ ਕਰ ਦਿੱਤਾ ਗਿਆ ਸੀ।

ਅਕਤੂਬਰ 2009 ਵਿੱਚ ਪਪਲਪ੍ਰੀਤ ਖ਼ਿਲਾਫ਼ ਪੁਲਿਸ ਥਾਣਾ ਸਦਰ ਬਟਾਲਾ ਤਹਿਤ ਇੱਕ ਮਾਮਲਾ ਦਰਜ ਕੀਤਾ ਗਿਆ ਸੀ।

ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨੂੰ ਐੱਸਪੀ ਬਟਾਲਾ ਗੁਰਪ੍ਰੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮਾਮਲੇ ਵਿੱਚ ਕਾਨੂੰਨੀ ਪ੍ਰੀਕ੍ਰਿਆ ਮੁਕੰਮਲ ਹੋ ਚੁੱਕੀ ਹੈ।

ਉਨ੍ਹਾਂ ਦੱਸਿਆ, ''ਇਹ ਮਾਮਲਾ ਸਾਲ 2009 ’ਚ ਖੋਖਰ ਪਿੰਡ ਦੇ ਰਹਿਣ ਵਾਲੇ ਜਤਿੰਦਰ ਸਿੰਘ ਦੇ ਖ਼ਿਲਾਫ਼ ਆਈਪੀਸੀ ਧਾਰਾ 420 ਤਹਿਤ ਦਰਜ਼ ਕੀਤਾ ਗਿਆ ਸੀ ਅਤੇ ਇਸ ਵਿੱਚ ਪਪਲਪ੍ਰੀਤ ਸਿੰਘ ਵੀ ਨਾਮਜ਼ਦ ਸੀ।''

''ਦੋਵਾਂ ਖ਼ਿਲਾਫ਼ ਨਜਾਇਜ਼ ਮੋਬਾਈਲ ਫ਼ੋਨ ਸਿਮ ਖ਼ਰੀਦਕੇ ਸਮਾਜ ਵਿਰੋਧੀ ਅਨਸਰਾਂ ਨੂੰ ਮੁੱਹਈਆ ਕਰਵਾਉਣ ਦੇ ਇਲਜ਼ਾਮ ਸਨ।''

ਗੁਰਪ੍ਰੀਤ ਸਿੰਘ ਮੁਤਾਬਕ ਇਸ ਮਾਮਲੇ ਚ ਪਪਲਪ੍ਰੀਤ ਸਿੰਘ ਬਰੀ ਹੋ ਚੁੱਕਾ ਹੈ |

ਪਪਲਪ੍ਰੀਤ ਸਿੰਘ ਦਾ ਯੁਟਿਊਬ ਚੈਨਲ

ਪਪਲਪ੍ਰੀਤ ਨੇ 30 ਮਈ, 2014 ਨੂੰ ਆਪਣੇ ਹੀ ਨਾਮ ’ਤੇ ਇੱਕ ਯੂ-ਟਿਊਬ ਚੈਨਲ ਸ਼ੁਰੂ ਕੀਤਾ ਸੀ।

ਇਸ ਉੱਤੇ ਆਖ਼ਰੀ ਵੀਡੀਓ 31 ਜਨਵਰੀ ਨੂੰ ਅਪਲੋਡ ਕੀਤੀ ਗਈ ਸੀ।

ਇਸ ਚੈਨਲ ਦੀ ਡਿਸਕ੍ਰਿਪਸ਼ਨ ਵਿੱਚ ਉਨ੍ਹਾਂ ਨੇ ਆਪਣੀ ਪਛਾਣ ਮਹਿਜ਼ ਦੋ ਸ਼ਬਦਾਂ ‘ਸਿੱਖ ਐਕਟੀਵਿਸਟ’ ਯਾਨੀ ਸਿੱਖ ਕਾਰਕੁਨ ਲਿਖਕੇ ਕਰਵਾਈ ਹੈ।

ਪਪਲਪ੍ਰੀਤ ਵੱਲੋਂ ਇਸ ਚੈਨਲ ਉੱਤੇ ਪ੍ਰਮੁੱਖ ਤੌਰ ’ਤੇ ਸਿੱਖ ਮਸਲਿਆਂ ਨਾਲ ਸਬੰਧਿਤ ਵੀਡੀਓਜ਼ ਪਾਈਆਂ ਗਈਆਂ ਹਨ।

ਇਸੇ ਚੈਨਲ ਉੱਤੇ 1984 ਦੇ ਬਲੂ ਸਟਾਰ ਆਪਰੇਸ਼ਨ ਬਾਰੇ ਵੱਖ-ਵੱਖ ਚਸ਼ਮਦੀਦਾਂ ਨਾਲ ਗੱਲਬਾਤ ਤੋਂ ਇਲਾਵਾ ਕੁਝ ਇਤਿਹਾਸਿਕ ਗੁਰਦੁਆਰਿਆਂ ਦੇ ਵੀਡੀਓਜ਼ ਵੀ ਮੌਜੂਦ ਹਨ।

ਪਪਲਪ੍ਰੀਤ ਸਿੰਘ ਨੇ ਆਪਣੇ ਦਰਸ਼ਕਾਂ ਨਾਲ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੀ ਹੋਂਦ ਤੇ ਇਸਦੇ ਉਭਾਰ ਬਾਰੇ ਵੀ ਗੱਲ ਕੀਤੀ ਹੈ।

ਪਪਲਪ੍ਰੀਤ ਦੀਆਂ ਕੁਝ ਪੁਰਾਣੀਆਂ ਵੀਡੀਓਜ਼ ਮਰਹੂਮ ਦੀਪ ਸਿੱਧੂ ਦੇ ਸਮਰਥਨ ਵਿੱਚ ਅਤੇ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਬਾਰੇ ਹਨ।

ਉਨ੍ਹਾਂ ਇੱਕ ਵੀਡੀਓ ਵਿੱਚ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਆਲੋਚਨਾ ਵੀ ਕੀਤੀ ਹੈ।

ਉਨ੍ਹਾਂ ਨੇ ਅਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਕੱਢੀ ਗਈ ਖ਼ਾਲਸਾ ਵਹੀਰ ਨੂੰ ਵੀ ਕਵਰ ਕੀਤਾ ਸੀ ਜਿਸ ਦੇ ਕਈ ਵੀਡੀਓਜ਼ ਇਸ ਚੈਨਲ ਉੱਤੇ ਦੇਖੇ ਜਾ ਸਕਦੇ ਹਨ।

ਖਾਲਸਾ ਵਹੀਰ ਦੌਰਾਨ ਪਪਲਪ੍ਰੀਤ ਨੇ ਅਮ੍ਰਿਤਪਾਲ ਦੇ ਸਮਰਥਕਾਂ ਨਾਲ ਵੀ ਗੱਲ ਕੀਤੀ ਹੋਈ ਹੈ ਜੋ ਕਿ ਅਮ੍ਰਿਤਪਾਲ ਦਾ ਅਕਸ ਬਿਹਤਰ ਬਣਾਉਣ ਦੀ ਇੱਕ ਕੋਸ਼ਿਸ਼ ਵਜੋਂ ਨਜ਼ਰ ਆਉਂਦੀ ਹੈ।

ਇਸੇ ਚੈਨਲ ਉੱਤੇ ਇੱਕ ਪ੍ਰੋਗਰਾਮ ‘ਸਿੱਖ ਵਿਚਾਰ ਚਰਚਾ’ ਪ੍ਰਕਾਸ਼ਿਤ ਕੀਤਾ ਗਿਆ ਹੈ।

ਜਿਸ ਵਿੱਚ ਅਮ੍ਰਿਤਪਾਲ ਸਿੰਘ ਵੱਲੋਂ ਆਪਣੇ ਵਿਚਾਰ ਰੱਖੇ ਗਏ ਹਨ। ਇਸ ਪ੍ਰੋਗਰਾਮ ਵਿੱਚ ਪਪਲਪ੍ਰੀਤ ਨੂੰ ਵੀ ਅਮ੍ਰਿਤਪਾਲ ਸਿੰਘ ਨਾਲ ਦੇਖਿਆ ਜਾ ਸਕਦਾ ਹੈ।

ਪਪਲਪ੍ਰੀਤ ਦੇ ਇਸ ਚੈਨਲ ਉੱਤੇ ਕੁੱਲ 39 ਹਜ਼ਾਰ ਤੋਂ ਵੱਧ ਸਬਸਕ੍ਰਾਈਬਰ ਹਨ।

ਅਮ੍ਰਿਤਪਾਲ ਕੌਣ ਹੈ

ਅਮ੍ਰਿਤਪਾਲ ਸਿੰਘ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖ਼ੁਦਮੁਖ਼ਤਿਆਰ ਰਾਜ (ਖਾਲਿਸਤਾਨ) ਦੀ ਪ੍ਰਾਪਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।

ਕਈ ਸਾਲ ਦੁਬਈ ਰਹਿਣ ਤੋਂ ਬਾਅਦ ਅਗਸਤ 2022 ਨੂੰ ਪੰਜਾਬ ਵਾਪਸ ਆਕੇ, ਉਨ੍ਹਾਂ ਨੇ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ ਸੀ।

ਅਮ੍ਰਿਤਪਾਲ ਸਿੰਘ ਨੂੰ ਕਈ ਵਾਰ ਆਪਣੀ ਗ਼ਰਮਸੁਰ ਕਾਰਨ ਅਲੋਚਣਾ ਦਾ ਸਾਹਮਣਾ ਵੀ ਕਰਨਾ ਪਿਆ ਹੈ।

ਆਪਣੇ ਇੱਕ ਸਾਥੀ ਨੂੰ ਰਿਹਾਅ ਕਰਵਾਉਣ ਲਈ ਉਨ੍ਹਾਂ ਵਲੋਂ ਅਜਨਾਲਾ ਥਾਣੇ ਦਾ ਘਿਰਾਓ ਕੀਤਾ ਗਿਆ, ਜਿਸ ਨਾਲ ਉਹ ਵਿਵਾਦਾਂ ਵਿੱਚ ਘਿਰ ਗਏ।

ਪੁਲਿਸ 18 ਮਾਰਚ ਤੋਂ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ ਅਤੇ ਪੰਜਾਬ ਵਿੱਚ ਉਨ੍ਹਾਂ ਦੇ ਸਮਰਥਕਾਂ ਦੀ ਵੱਡੇ ਪੱਧਰ ਉੱਤੇ ਫੜੋ-ਫੜੀ ਚੱਲ ਰਹੀ ਹੈ। ਪਰ ਪੁਲਿਸ ਮੁਤਬਾਕ ਹਾਲੇ ਤੱਕ ਅਮ੍ਰਿਤਪਾਲ ਸਿੰਘ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)