ਅਮਰੀਕਾ: ਪੁਲਿਸ ਦੀ ਕੁੱਟਮਾਰ ਦੇ ਸ਼ਿਕਾਰ ਨੌਜਵਾਨ ਦੀ ਮੌਤ, ਘਟਨਾ ਦੇ ਕਈ ਵੀਡੀਓ ਜਾਰੀ, ਪ੍ਰਦਰਸ਼ਨ ਸ਼ੁਰੂ

ਅਮਰੀਕਾ ਵਿੱਚ ਪੁਲਿਸ ਹਿੰਸਾ ਦੌਰਾਨ ਇੱਕ 29 ਸਾਲਾਂ ਨੌਜਵਾਨ ਦੀ ਮੌਤ ਤੋਂ ਬਾਅਦ ਲੋਕ ਸੜਕਾਂ ਉਪਰ ਉੱਤਰ ਆਏ ਹਨ।

ਪੁਲਿਸ ਵੱਲੋਂ ਜਾਰੀ ਕੀਤੀ ਘਟਨਾ ਦੀ ਵੀਡੀਓ ਵਿੱਚ ਪੰਜ ਮੁਲਾਜ਼ਮ ਬੇਰਹਿਮੀ ਨਾਲ ਇਸ ਨੌਜਵਾਨ ਨੂੰ ਕੁੱਟ ਰਹੇ ਹਨ।

7 ਜਨਵਰੀ ਨੂੰ ਪੁਲਿਸ ਨੇ ਟਾਇਰ ਨਿਕੋਲਸ ਨੂੰ ਲਾਪ੍ਰਵਾਹੀ ਨਾਲ ਕਾਰ ਚਲਾਉਣ ਲਈ ਰੋਕਿਆ ਸੀ ਜਿਸ ਤੋਂ ਬਾਅਦ ਕਥਿਤ ਕੁੱਟਮਾਰ ਕੀਤੀ ਗਈ।

ਕੁੱਝ ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ ਜਿਸ ਕਾਰਨ ਨਿਊਯਾਰਕ ਸਮੇਤ ਮੈਮਫ਼ਿਸ ਅਤੇ ਅਮਰੀਕਾ ਦੇ ਹੋਰ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

ਨਿਕੋਸਲ ਦੀ ਮੌਤ ਤੋਂ ਬਾਅਦ ਪੰਜ ਸਾਬਕਾ ਪੁਲਿਸ ਅਫਸਰਾਂ ਨੂੰ ਕਤਲ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਦੋ ਡਿਪਟੀ ਵੀ ਮੁਅੱਤਲ ਕੀਤੇ ਗਏ ਹਨ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਨਿਕੋਲਸ ਦੇ ਮਾਤਾ-ਪਿਤਾ ਨੂੰ ਫੋਨ ਕਰਕੇ ਸੰਵੇਦਨਾ ਪ੍ਰਗਟ ਕੀਤੀ ਹੈ ਅਤੇ ਘਟਨਾ ਦੀ ਵੀਡੀਓ ਨੂੰ ‘ਡਰਾਵਣਾ’ ਦੱਸਿਆ ਹੈ।

ਵੀਡੀਓ ਵਿੱਚ ਕੀ ਦਿਖਾਈ ਦੇ ਰਿਹਾ ਹੈ

7 ਜਨਵਰੀ ਨੂੰ ਟਾਇਰ ਨਿਕੋਲਸ ਦੀ ਪੁਲਿਸ ਵਾਲਿਆਂ ਵੱਲੋਂ ਕੁੱਟਮਾਰ ਅਤੇ ਗ੍ਰਿਫ਼ਤਾਰੀ ਦੇ ਚਾਰ ਵੀਡੀਓ ਅਮਰੀਕਾ ਦੀ ਮੈਮਫਿਸ ਪੁਲਿਸ ਵੱਲੋਂ ਜਾਰੀ ਕੀਤੇ ਗਏ ਹਨ।

ਇਹ ਵੀਡੀਓ ਪੁਲਿਸ ਵਾਲਿਆਂ ਦੇ ਸਰੀਰ ਉੱਤੇ ਲੱਗੇ ਬੌਡੀਕੈਮ ਤੋਂ ਅਤੇ ਨੇੜਲੇ ਸੀਸੀਟੀਵੀ ਕੈਮਰੇ ਤੋਂ ਲਏ ਗਏ ਹਨ।

ਬੌਡੀਕੈਮ ਅਮਰੀਕੀ ਪੁਲਿਸ ਦੇ ਸਰੀਰ ਉਪਰ ਲੱਗਿਆ ਕੈਮਰਾ ਹੁੰਦਾ ਹੈ ਜਿਸ ਵਿੱਚ ਉਹਨਾਂ ਦੀਆਂ ਸਾਰੀਆਂ ਗਤੀਵਿਧੀਆਂ ਰਿਕਾਰਡ ਹੁੰਦੀਆਂ ਹਨ।

ਪੁਲਿਸ ਵਾਲੇ ਨਿਕੋਲਸ ਨਾਲ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ।

29 ਸਾਲਾ ਨਿਕੋਲਸ ਦੀ ਲਗਾਤਾਰ ਕੁੱਟਮਾਰ ਕਰਦੇ ਪੁਲਿਸ ਵਾਲੇ ਭੱਦੀ ਸ਼ਬਦਾਵਲੀ ਦੀ ਵੀ ਵਰਤੋਂ ਕਰਦੇ ਦਿਖਾਈ ਦੇ ਰਹੇ ਹਨ।

ਪਹਿਲੇ ਵੀਡੀਓ ਕਲਿੰਪ ਤੋਂ ਪਤਾ ਲੱਗਦਾ ਹੈ ਕਿ ਪੁਲਿਸ ਵਾਲੇ ਨਿਕੋਸਲ ਨੂੰ ਕਾਰ ਵਿੱਚੋਂ ਖਿੱਚ ਰਹੇ ਹਨ।

ਉਹ ਕਹਿੰਦਾ ਸੁਣਾਈ ਦਿੰਦਾ ਹੈ ਕਿ “ਮੈਂ ਕੁਝ ਨਹੀਂ ਕੀਤਾ।”

ਕੁਝ ਸੈਕਿੰਡਾਂ ਬਾਅਦ ਪੁਲਿਸ ਵਾਲਾ ਉਸ ਦੇ ਟੇਜ਼ਰ ਮਾਰਦਾ ਹੈ।

ਘਟਨਾ ਦੇ ਕੁਝ ਖਾਸ ਬਿੰਦੂ?

  • ਅਮਰੀਕਾ ਵਿੱਚ ਪੁਲਿਸ ਹਿੰਸਾ ਦੌਰਾਨ ਇੱਕ 29 ਸਾਲਾਂ ਦੇ ਨੌਜਵਾਨ ਦੀ ਮੌਤ
  • ਪੁਲਿਸ ਹਿੰਸਾ ਖਿਲਾਫ਼ ਲੋਕ ਸੜਕਾਂ ਉਪਰ ਉੱਤਰੇ, ਰਾਸ਼ਟਰਪਤੀ ਨੇ ਘਟਨਾ ਦੀ ਨਿੰਦਾ ਕੀਤੀ
  • ਪੰਜ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ, ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ
  •  ਪੁਲਿਸ ਨੇ ਘਟਨਾ ਦੀਆਂ ਚਾਰ ਵੀਡੀਓ ਜਾਰੀ ਕੀਤੀਆ

ਇਕ ਹੋਰ ਸੀਸੀਟੀਵੀ ਵੀਡੀਓ ਵਿੱਚ ਪੁਲਿਸ ਵਾਲਿਆਂ ਨੇ ਨਿਕੋਸਲ ਨੂੰ ਫੜਿਆ ਹੈ ਅਤੇ ਦੂਜੇ ਉਸ ਦੇ ਕਿੱਕਾਂ ਤੇ ਮੁੱਕੇ ਮਾਰ ਰਹੇ ਹਨ।

ਬੁਰੀ ਤਰ੍ਹਾਂ ਜ਼ਖਮੀ ਨਿਕੋਲਸ ਨੂੰ ਕੁਝ ਦੇਰ ਬਾਅਦ ਇੱਕ ਐਂਬੁਲੈਂਸ ਲੈ ਜਾਂਦੀ ਹੈ।

ਵੀਡੀਓ ਦੇ ਅੰਤ ਵਿੱਚ ਪੁਲਿਸ ਵਾਲੇ ਗੱਲਬਾਤ ਕਰਦੇ ਸੁਣਾਈ ਦੇ ਰਹੇ ਹਨ ਕਿ ਨਿਕੋਲਸ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਬੰਦੂਕ ਖੋਹਣ ਦੀ ਵੀ ਕੋਸ਼ਿਸ਼ ਕੀਤੀ।

ਹਾਲਾਂਕਿ ਇਹ ਇਲਜ਼ਾਮ ਜਾਰੀ ਹੋਏ ਵੀਡੀਓ ਜਾਂ ਕਿਸੇ ਹੋਰ ਤਰੀਕੇ ਨਾਲ ਠੋਸ ਨਹੀਂ ਜਾਪਦੇ।

ਨਿਕੋਲਸ ਦੀ ਹਸਪਤਾਲ ਵਿੱਚ ਤਿੰਨ ਦਿਨਾਂ ਬਾਅਦ ਮੌਤ ਹੋ ਗਈ।

ਇਹ ਵੀ ਪੜ੍ਹੋ-

ਵੀਡੀਓ ਵਿੱਚੋਂ ਉੱਠਦੇ ਸਵਾਲ ਜਿੰਨਾਂ ਦਾ ਜਵਾਬ ਨਹੀਂ ਮਿਲ ਰਿਹਾ

ਬੀਬੀਸੀ ਪੱਤਰਕਾਰ ਡੈਨੀਅਲ ਪਲੰਬੋ ਨੇ ਪੁਲਿਸ ਵੱਲੋਂ ਜਾਰੀ ਕੀਤੇ ਚਾਰੇ ਵੀਡੀਓ ਕਲਿਪ ਦੀ ਜਾਂਚ ਕੀਤਾ ਹੈ।

ਇਸ ਦੌਰਾਨ ਕਈ ਅਜਿਹੇ ਸਵਾਲ ਹਨ ਜਿੰਨਾਂ ਦਾ ਕੋਈ ਜਵਾਬ ਨਹੀਂ ਮਿਲ ਰਿਹਾ।

  • ਚਾਰੇ ਵੀਡੀਓ ਇਹ ਨਹੀਂ ਦਿਖਾਉਂਦੀਆਂ ਕਿ ਪੁਲਿਸ ਨੇ ਨਿਕੋਲਸ ਨੂੰ ਰੋਕਣ ਦਾ ਫੈਸਲਾ ਕਿਉਂ ਲਿਆ।
  • ਕਈ ਥਾਵਾਂ ਉਪਰ ਪੁਲਿਸ ਨੇ ਉਸ ਦੇ ਹੱਥਾਂ ਨੂੰ ਕਾਬੂ ਕਰ ਲਿਆ ਸੀ। ਕਿਤੇ ਵੀ ਉਸ ਦੇ ਉਲਟਾ ਪੁਲਿਸ ਉਪਰ ਵਾਰ ਕਰਨ ਦੀ ਸੰਭਾਵਨਾ ਨਹੀਂ ਲੱਗਦੀ।
  • ਪਰ ਫਿਰ ਵੀ ਪੁਲਿਸ ਲਗਾਤਾਰ ਹਿੰਸਾ ਕਰ ਰਹੀ ਸੀ।
  • ਐਂਬੂਲੈਂਸ ਆਉਣ ਸਮੇਂ ਉਸ ਦੇ ਆਸ-ਪਾਸ 10 ਪੁਲਿਸ ਵਾਲੇ ਖੜੇ ਦਿੱਸਦੇ ਹਨ ਪਰ ਕੋਈ ਵੀ ਨਿਕੋਲਸ ਦੀ ਸਹਾਇਤਾ ਕਰਦਾ ਨਹੀਂ ਜਾਪਦਾ ਜਦਕਿ ਉਹ ਪੀੜਾ ਵਿੱਚ ਸੀ।

ਕਿਸੇ ਹੋਰ ਮਾਂ ਨਾਲ ਅਜਿਹਾ ਨਾ ਹੋਵੇ: ਨਿਕੋਲਸ ਦੀ ਮਾਂ

ਨਿਕੋਲਸ ਦੀ ਮਾਂ ਰੋਮਾਨ ਵੈਲਸ ਦਾ ਕਹਿਣਾ ਹੈ ਕਿ ਉਸ ਦੇ ਪੇਂਟ ਵਿੱਚ ਮਾੜਾ ਦਰਦ ਹੋ ਰਿਹਾ ਸੀ ਜੋਂ ਬਾਅਦ ਵਿੱਚ ਪਤਾ ਲੱਗਾ ਕਿ ਪੁੱਤਰ ਲਈ ਪੀੜਾ ਸੀ।

ਵੈਸਲ ਨੇ ਕਿਹਾ ਕਿ ਉਸ ਨੂੰ ਖੁੱਦ ਅੰਦਾਜਾ ਨਹੀਂ ਕਿ ਉਸ ਨਾਲ ਕੀ ਹੋ ਰਿਹਾ ਹੈ।

ਉਹ ਕਹਿੰਦੇ ਹਨ, “ਕਿਸੇਂ ਵੀ ਮਾਂ ਨੂੰ ਅਜਿਹੀ ਸਥਿਤੀ ਵਿੱਚੋਂ ਨਾ ਲੰਘਣਾ ਪਵੇ ਜਿਸ ਵਿੱਚੋਂ ਮੈਨੂੰ ਲੰਘਣਾ ਪੈ ਰਿਹਾ ਹੈ।”

ਵੈਸਲ ਨੇ ਕਿਹਾ ਕਿ ਜਿਸ ਹਿੰਸਾ ਨਾਲ ਉਸ ਨੂੰ ਆਪਣਾ ਪੁੱਤਰ ਨੂੰ ਖੋਣਾ, ਉਸ ਨੂੰ ਕੋਈ ਨਹੀਂ ਸਮਝ ਸਕਦਾ।

ਟਾਇਰ ਨਿਕੋਲਸ ਕੌਣ ਸੀ?

ਟਾਇਰ ਨਿਕੋਲਸ ਇੱਕ ਕਾਲਾ ਵਿਅਕਤੀ ਸੀ।

7 ਜਨਵਰੀ ਦੀ ਘਟਨਾ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਤਿੰਨ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ।

ਨਿਕੋਲਸ ਦੇ ਪਰਿਵਾਰ ਮੁਤਾਬਕ ਉਸ ਨੂੰ ਸਕੇਟਬੋਰਡ ਨੂੰ ਪਸੰਦ ਸੀ। ਨਿਕੋਲਸ ਨੂੰ ਇਸ ਦਾ ਜਨੂੰਨ ਉਸ ਸਮੇਂ ਤੋਂ ਸੀ ਜਦੋਂ ਉਹ ਛੇ ਸਾਲ ਦਾ ਸੀ।

ਇਸ ਤੋਂ ਇਲਾਵਾ ਉਸ ਨੂੰ ਫੋਟੋਗ੍ਰਾਫੀ ਅਤੇ ਡੁੱਬਦਾ ਸੂਰਜ ਦੇਖਣ ਦਾ ਵੀ ਸ਼ੌਕ ਸੀ।

ਨਿਕੋਲਸ ਦੀ ਮਾਂ ਨੇ ਕਿਹਾ ਕਿ ਉਹ ਸੂਰਜ ਡੁੱਬਣ ਅਤੇ ਤਸਵੀਰਾਂ ਲੈਣ ਲਈ, ਮੈਮਫ਼ਿਸ ਦੇ ਪੂਰਬੀ ਬਾਹਰਵਾਰ, ਨੇੜਲੇ ਸ਼ੈਲਬੀ ਫਾਰਮਜ਼ ਪਾਰਕ ਵਿੱਚ ਜਾਂਦਾ ਸੀ।

ਪੰਜ ਪੁਲਿਸ ਅਧਿਕਾਰੀ ਕੌਣ ਹੈ?

ਪੰਜ ਮੁਲਜ਼ਮ ਅਫਸਰਾਂ ਨੂੰ ਪਿਛਲੇ ਹਫ਼ਤੇ ਹੀ ਬਰਖਾਸਤ ਕਰ ਦਿੱਤਾ ਗਿਆ ਸੀ।

ਇਹਨਾਂ ਦੇ ਨਾਮ ਹਨ ਟੈਡਰੀਅਸ ਬੀਨ, ਡੇਮੇਟ੍ਰੀਅਸ ਹੇਲੀ, ਡੇਸਮੰਡ ਮਿਲਜ਼ ਜੂਨੀਅਰ, ਐਮਿਟ ਮਾਰਟਿਨ III ਅਤੇ ਜਸਟਿਨ ਸਮਿਥ।

ਪੁਲਿਸ ਨੇ ਮੁਲਜਮ਼ਾਂ ਨੂੰ ਵੀਰਵਾਰ ਨੂੰ ਹਿਰਾਸਤ ਵਿਚ ਲੈ ਲਿਆ ਸੀ।

ਇਹਨਾਂ ਉਪਰ ਸੈਕਿੰਡ-ਡਿਗਰੀ ਕਤਲ, ਅਗਵਾ ਅਤੇ ਸਰਕਾਰੀ ਦੁਰਵਿਹਾਰ ਆਦਿ ਦੇ ਦੋਸ਼ ਲਗਾਏ ਗਏ ਸਨ।

ਜੇਲ੍ਹ ਦੇ ਰਿਕਾਰਡ ਮੁਤਾਬਕ ਪੰਜ ਵਿੱਚੋਂ ਚਾਰ ਨੂੰ ਜ਼ਮਾਨਤ ਮਿਲ ਗਈ ਸੀ ਅਤੇ ਸ਼ੁੱਕਰਵਾਰ ਸਵੇਰੇ ਤੱਕ ਉਹਨਾਂ ਨੂੰ ਹਿਰਾਸਤ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਸੀ।

ਪੁਲਿਸ ਦਾ ਕੀ ਕਹਿਣਾ ਹੈ?

ਮੈਮਫ਼ਿਸ ਪੁਲਿਸ ਡਾਇਰੈਕਟਰ ਸੇਰੇਲਿਨ ਡੇਵਿਸ ਨੇ ਅਧਿਕਾਰੀਆਂ ਦੀ ਕਾਰਵਾਈ ਨੂੰ "ਘਿਨਾਉਣੀ, ਲਾਪਰਵਾਹੀ ਵਾਲੀ ਅਤੇ ਅਣਮਨੁੱਖੀ" ਦੱਸਿਆ ਸੀ।

ਉਨ੍ਹਾਂ ਅਮਰੀਕੀ ਮੀਡੀਆ ਨੂੰ ਕਿਹਾ ਕਿ ਪ੍ਰਦਰਸ਼ਨਾਂ ਦੇ ਚੱਲਦਿਆਂ ਸਥਾਨਕ ਅਧਿਕਾਰੀਆਂ ਨੇ ਸ਼ੁੱਕਰਵਾਰ ਸ਼ਾਮ ਨੂੰ ਵੀਡੀਓ ਜਾਰੀ ਕਰਨ ਦਾ ਫੈਸਲਾ ਕੀਤਾ ਸੀ ਤਾਂ ਜੋ ਸਕੂਲੀ ਬੱਚਿਆਂ ਅਤੇ ਯਾਤਰੀਆਂ ਨੂੰ ਘਰ ਜਾਣ ਦਾ ਸਮਾਂ ਮਿਲ ਸਕੇ।

ਸ਼ੁੱਕਰਵਾਰ ਦੀ ਰਾਤ ਨੂੰ ਨਿਊਯਾਰਕ, ਵਾਸ਼ਿੰਗਟਨ, ਸ਼ਿਕਾਗੋ, ਬੋਸਟਨ, ਡੈਟਰਾਇਟ, ਡੱਲਾਸ, ਫਿਲਾਡੇਲਫੀਆ, ਸੈਨ ਫਰਾਂਸਿਸਕੋ, ਸੈਨ ਡਿਏਗੋ, ਅਟਲਾਂਟਾ ਅਤੇ ਪੋਰਟਲੈਂਡ, ਓਰੇਗਨ ਵਿੱਚ ਰੈਲੀਆਂ ਅਤੇ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਸੀ।

ਰਾਸ਼ਟਰਪਤੀ ਜੋਅ ਬਾਇਡਨ ਨੇ ਕੀ ਕਿਹਾ ?

ਜੋਅ ਬਾਇਡਨ ਨੇ ਕਿਹਾ ਕਿ "ਮਾਸੂਮ ਜਾਨਾਂ" ਅੱਜ ਰਾਤ ਸਭ ਤੋਂ ਵੱਧ ਦਾਅ 'ਤੇ ਸਨ।

ਉਨ੍ਹਾਂ ਨੇ ਕਿਹਾ ਕਿ ਵੀਡੀਓ ਵਿੱਚ "ਅਮਰੀਕਾ ਦੇ ਅਕਸ ਬਾਰੇ ਕਹਿਣ ਅਤੇ ਕਰਨ ਲਈ ਬਹੁਤ ਕੁਝ’’ ਸੀ।

"ਘਟਨਾ ਦਾ ਇਸ ਨਾਲ ਬਹੁਤ ਸਬੰਧ ਹੈ ਕਿ ਅਸੀਂ ਉਹ ਦੇਸ਼ ਹਾਂ ਜਾਂ ਨਹੀਂ ਜੋ ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ। ਇਹ ਕਾਨੂੰਨ ਅਤੇ ਵਿਵਸਥਾ ਵਾਲਾ ਦੇਸ਼ ਹੈ। ਇਸ ਦਾ ਅਰਥ ਹੈ ਕਿ ਅਸੀਂ ਸ਼ਾਂਤੀਪੂਰਵਕ ਵਿਰੋਧ ਕਰ ਸਕਦੇ ਹਾਂ।"

ਉਨ੍ਹਾਂ ਕਿਹਾ, “ਅਦਾਲਤਾਂ ਨੂੰ ਫੈਸਲਾ ਕਰਨ ਦਿਓ।”

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)