ਸੂਡਾਨ ਸੰਕਟ: ਭਾਰਤੀ ਹਵਾਈ ਫੌਜ ਨੇ ਕਿਵੇਂ ਹਨੇਰੇ ਵਿੱਚ, ਬਿਨਾਂ ਨੈਵੀਗੇਸ਼ਨ ਮਦਦ ਦੇ ਜਹਾਜ਼ ਉਤਾਰਿਆ ਤੇ 121 ਭਾਰਤੀ ਬਚਾਏ

ਸੂਡਾਨ ਵਿੱਚ ਖ਼ਾਨਜੰਗੀ ਦੌਰਾਨ ਭਾਰਤੀ ਏਅਰ ਫੋਰਸ ਦੇ ਇੱਕ ਜਹਾਜ਼ ਨੇ ਜੋਖਮ ਭਰੇ ਅਪਰੇਸ਼ਨ ਵਿੱਚ 121 ਭਾਰਤੀਆਂ ਨੂੰ ਸੁਰੱਖਿਅਤ ਦੇਸ਼ ਵਾਪਿਸ ਲਿਆਂਦਾ ਹੈ।

ਖ਼ਬਰ ਏਜੰਸੀ ਏਐੱਨਆਈ ਨੇ ਭਾਰਤੀ ਏਅਰ ਫੋਰਸ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਆਈਏਐੱਫ ਦੇ C-130J ਜਹਾਜ਼ ਨੇ 27 ਅਤੇ 28 ਅਪ੍ਰੈਲ ਦੀ ਰਾਤ ਨੂੰ ਵਾਦੀ ਸਯਿਦਨਾ ਦੀ ਇੱਕ ਛੋਟੀ ਹਵਾਈ ਪੱਟੀ ਤੋਂ ਉਡਾਣ ਭਰ ਕੇ 121 ਲੋਕਾਂ ਨੂੰ ਬਚਾਇਆ।

ਇਸ ਹਵਾਈ ਪੱਟੀ ਉਪਰ ਕੋਈ ਖਾਸ ਸਹੂਲਤਾਂ ਨਹੀਂ ਸਨ। ਇਹ ਇਲਾਕਾ ਖਾਰਤੂਮ ਤੋਂ ਲਗਭਗ 40 ਕਿਲੋਮੀਟਰ ਉੱਤਰ ਵੱਲ ਹੈ।

ਸੂਡਾਨ 'ਚ ਨੀਮ ਫੌਜੀ ਬਲ 'ਰੈਪਿਡ ਸਪੋਰਟ ਫੋਰਸ' (ਆਰਐੱਸਐੱਫ) ਅਤੇ ਉੱਥੋਂ ਦੀ ਫੌਜ ਆਹਮੋ-ਸਾਹਮਣੇ ਹਨ। ਇਥੇ ਲੜਾਈ 15 ਅਪ੍ਰੈਲ ਨੂੰ ਸ਼ੁਰੂ ਹੋਈ ਸੀ।

ਜਾਣਕਾਰੀ ਮੁਤਾਬਕ ਸੂਡਾਨ ਦੇ ਵੱਖ-ਵੱਖ ਇਲਾਕਿਆਂ 'ਚ 3000 ਭਾਰਤੀ ਫਸੇ ਹੋਏ ਸਨ ਜਿਨ੍ਹਾਂ ਨੂੰ ਕੱਢਣ ਦਾ ਕੰਮ ਲਗਾਤਾਰ ਜਾਰੀ ਹੈ।

ਹਨੇਰੀ ਰਾਤ ’ਚ ਕਿਵੇਂ ਆਪਰੇਸ਼ਨ ਪੂਰਾ ਹੋਇਆ?

ਭਾਰਤ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਟਵੀਟਰ ’ਤੇ ਲਿਖਿਆ ਕਿ ਵਾਦੀ ਸੱਯਦਨਾ ਅਤੇ ਜੇਦਾਹ ਦੇ ਵਿਚਕਾਰ ਇਹ ਅਪਰੇਸ਼ਨ ਲਗਭਗ ਢਾਈ ਘੰਟੇ ਤੱਕ ਚੱਲਿਆ।

ਭਾਰਤ ਲਿਆਂਦੇ ਗਏ ਯਾਤਰੀਆਂ ਵਿੱਚ ਇੱਕ ਗਰਭਵਤੀ ਔਰਤ ਸੀ। ਇਸ ਤੋਂ ਇਲਾਵਾਂ ਕਈ ਮੈਡੀਕਲ ਕੇਸ ਵੀ ਸ਼ਾਮਿਲ ਸਨ।

ਇਹਨਾਂ ਵਿੱਚ ਉਹ ਲੋਕ ਵੀ ਸਨ ਜਿਨ੍ਹਾਂ ਕੋਲ ਪੋਰਟ ਸੁਡਾਨ ਤੱਕ ਪਹੁੰਚਣ ਦਾ ਕੋਈ ਸਾਧਨ ਨਹੀਂ ਸੀ।

ਇਹ ਜਾਣਦੇ ਹੋਏ ਕਿ ਹਵਾਈ ਪੱਟੀ ’ਤੇ ਬਚਾਅ ਕਾਰਜਾਂ ਲਈ ਸੁਵਿਧਾਵਾਂ ਨਹੀਂ ਸਨ, ਹਵਾਈ ਅਮਲੇ ਨੇ ਇਹ ਯਕੀਨੀ ਬਣਾਉਣ ਲਈ ਆਪਣੇ ਇਲੈਕਟ੍ਰੋ -ਆਪਟੀਕਲ/ਇਨਫਰਾ-ਰੈੱਡ ਸੈਂਸਰਾਂ ਦੀ ਵਰਤੋਂ ਕੀਤੀ ਤਾਂ ਕਿ ਰਨਵੇ ’ਤੇ ਕਿਸੇ ਕਿਸਮ ਦੀ ਰੁਕਾਵਟ ਨਾ ਆਵੇ।

ਇਹ ਵੀ ਦੇਖਿਆ ਗਿਆ ਕਿ ਕਿਤੇ ਆਸ-ਪਾਸ ਕੋਈ ਦੁਸ਼ਮਣ ਦੀ ਫੋਰਸ ਤਾਂ ਨਹੀਂ ਹੈ।

ਇਸ ਤੋਂ ਬਾਅਦ ਹਵਾਈ ਅਮਲੇ ਨੇ ਨਾਈਟ ਵਿਜ਼ਨ ਗੋਗਲਜ਼ ਨੂੰ ਹਨੇਰੀ ਰਾਤ ਵਿੱਚ ਆਪਣੀ ਰਣਨੀਤੀ ਵਿੱਚ ਸ਼ਾਮਿਲ ਕੀਤਾ।

ਜਹਾਜ਼ ਦੇ ਉੱਤਰਨ ਤੋਂ ਬਾਅਦ ਏਅਰ ਕਰਾਫਟ ਦੇ ਇੰਜਨ ਚੱਲਦੇ ਰਹੇ। ਭਾਰਤੀ ਏਅਰ ਫੋਰਸ ਦੇ ਅੱਠ ਕਮਾਂਡੋ ਗਾਰਡਜ਼ ਨੇ ਯਾਤਰੀਆਂ ਦਾ ਸਮਾਨ ਜਹਾਜ਼ ਵਿੱਚ ਸੁਰੱਖਿਅਤ ਕੀਤਾ।

ਪੱਟੀ ਉੱਤੇ ਜਿਸ ਤਰੀਕੇ ਨਾਲ ਜਹਾਜ਼ ਉੱਤਰਿਆ, ਉਸੇ ਤਰ੍ਹਾਂ ਇਸ ਨੇ ਹਨੇਰੇ ਦੌਰਾਨ ਰਨਵੇ ਤੋਂ ਉਡਾਨ ਭਰੀ ਅਤੇ ਨਾਈਟ ਵਿਜ਼ਨ ਗੋਗਲਜ਼ ਦੀ ਵਰਤੋਂ ਕੀਤੀ ਗਈ।

ਇਹ ਕਾਫ਼ਲਾ ਭਾਰਤੀ ਸਫਾਰਤਖਾਨੇ ਦੇ ਕੂਟਨੀਤਿਕ ਦੀ ਅਗਵਾਈ ਵਿੱਚ ਚੱਲ ਰਿਹਾ ਸੀ ਜੋ ਕਿ ਭਾਰਤੀ ਏਅਰ ਫੋਰਸ ਦੇ ਅਧਿਰਾਕੀਆਂ ਦੇ ਸੰਪਰਕ ਵਿੱਚ ਸਨ।

ਭਾਰਤੀਆਂ ਨੂੰ ਕੱਢਣ ਬਾਰੇ ਕੀ-ਕੀ ਹੋਇਆ

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਕਿਹਾ ਹੈ ਕਿ 365 ਯਾਤਰੀਆਂ ਦਾ ਭਰਿਆ ਛੇਵਾਂ ਜਹਾਜ ਦੇਸ਼ ਪਰਤ ਰਿਹਾ ਹੈ।

ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਸੂਡਾਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਆਪਰੇਸ਼ਨ ਕਾਵੇਰੀ ਚੱਲ ਰਿਹਾ ਹੈ। 500 ਭਾਰਤੀ ਸੂਡਾਨ ਦੀ ਬੰਦਰਗਾਹ 'ਤੇ ਪਹੁੰਚ ਚੁੱਕੇ ਹਨ ਅਤੇ ਲੋਕ ਰਸਤੇ 'ਚ ਹਨ।

ਜਾਣਕਾਰੀ ਮੁਤਾਬਕ ਸੂਡਾਨ ਦੇ ਵੱਖ-ਵੱਖ ਇਲਾਕਿਆਂ 'ਚ ਫਸੇ 3000 ਭਾਰਤੀਆਂ ਵਿੱਚੋਂ 180 ਤੋਂ ਵੱਧ ਕਰਨਾਟਕ ਦੇ ਹਕੀ-ਪਿੱਕੀ ਕਬੀਲੇ ਨਾਲ ਸਬੰਧਤ ਦੇ ਦੱਸੇ ਜਾ ਰਹੇ ਹਨ।

ਇਹ ਕਬੀਲਾ ਭਾਰਤ ਦੇ ਪੱਛਮੀ ਅਤੇ ਦੱਖਣੀ ਹਿੱਸਿਆਂ ਵਿੱਚ, ਖਾਸ ਕਰਕੇ ਜੰਗਲੀ ਖੇਤਰਾਂ ਵਿੱਚ ਰਹਿੰਦਾ ਹੈ।

ਇਹ ਕਬੀਲਾ ਪੰਛੀਆਂ ਨੂੰ ਫੜਨ ਅਤੇ ਸ਼ਿਕਾਰ ਕਰਨ ਦਾ ਕੰਮ ਕਰਦਾ ਹੈ।

ਬੈਂਗਲੁਰੂ 'ਚ ਸਥਾਨਕ ਪੱਤਰਕਾਰ ਇਮਰਾਨ ਕੁਰੈਸ਼ੀ ਦਾ ਕਹਿਣਾ ਹੈ ਕਿ ਇਸ ਕਬੀਲੇ ਦੇ ਲੋਕ ਪਹਿਲਾਂ ਪੰਛੀਆਂ ਨੂੰ ਫੜਦੇ ਸਨ ਪਰ ਇਸ 'ਤੇ ਪਾਬੰਦੀ ਲੱਗਣ ਤੋਂ ਬਾਅਦ ਉਨ੍ਹਾਂ ਨੇ ਲੱਤਾਂ 'ਚ ਦਰਦ ਅਤੇ ਗੈਸ ਆਦਿ ਵਰਗੀਆਂ ਸਮੱਸਿਆਵਾਂ ਲਈ ਜੜੀ ਬੂਟੀਆਂ ਅਤੇ ਦਰਖਤਾਂ ਤੋਂ ਦਵਾਈ, ਤੇਲ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ|

ਸੂਡਾਨ ’ਚ ਕੀ ਚੱਲ ਰਿਹਾ ਹੈ?

  • ਸੂਡਾਨ 'ਚ ਨੀਮ ਫੌਜੀ ਬਲ 'ਰੈਪਿਡ ਸਪੋਰਟ ਫੋਰਸ' (ਆਰਐੱਸਐੱਫ) ਅਤੇ ਉੱਥੋਂ ਦੀ ਫੌਜ ਆਹਮੋ-ਸਾਹਮਣੇ ਹਨ।
  • ਇਸ ਸੰਘਰਸ਼ ਵਿੱਚ ਹੁਣ ਤੱਕ 512 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ 4200 ਦੇ ਕਰੀਬ ਜ਼ਖਮੀ ਹੋਏ ਹਨ।
  • ਇਹ ਲੜਾਈ 15 ਅਪ੍ਰੈਲ ਨੂੰ ਸ਼ੁਰੂ ਹੋਈ ਸੀ।
  • ਸੰਘਰਸ਼ ਦੇ ਕੇਂਦਰ ਵਿੱਚ ਦੋ ਜਨਰਲ ਹਨ, ਸੂਡਾਨੀ ਆਰਮਡ ਫੋਰਸਿਜ਼ ਦੇ ਅਬਦੇਲ ਫਤਾਹ ਅਲ-ਬੁਰਹਾਨ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ ਦੇ ਮੁਹੰਮਦ ਹਮਦਾਨ ਦਗਾਲੋ ਆਹਮੋ -ਸਾਹਮਣੇ ਹਨ।
  • ਇੱਕ ਸਮੇਂ ਦੋਵਾਂ ਨੇ ਇਕੱਠੇ ਕੰਮ ਕੀਤਾ ਸੀ ਅਤੇ ਦੇਸ਼ ਵਿੱਚ ਤਖ਼ਤਾ ਪਲਟ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
  • ਹੁਣ ਸੂਡਾਨ ਵਿੱਚ ਦਬਦਬੇ ਲਈ ਦੋਵਾਂ ਵਿਚਾਲੇ ਲੜਾਈ ਜਾਰੀ ਹੈ।

ਭਾਰਤ ਅਤੇ ਸੂਡਾਨ ਵਿਚਕਾਰ ਵਪਾਰ

ਸੂਡਾਨ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਰਹੇ ਦੀਪਕ ਵੋਹਰਾ ਦਾ ਕਹਿਣਾ ਹੈ ਕਿ ਉੱਥੇ ਵਸੇ ਭਾਰਤੀ ਜ਼ਿਆਦਾ ਨਿਰਯਾਤ ਦਾ ਕੰਮ ਕਰਦੇ ਹਨ।

ਦੀਪਕ ਵੋਹਰਾ ਦੱਸਦੇ ਹਨ, “ਉੱਥੇ ਵਸੇ ਭਾਰਤੀ ਆਪਣੀਆਂ ਦੁਕਾਨਾਂ ਲਈ ਆਪਣੇ ਦੇਸ਼ ਅਤੇ ਚੀਨ ਤੋਂ ਖਪਤਕਾਰੀ ਵਸਤਾਂ ਅਤੇ ਕੱਪੜੇ ਖਰੀਦਦੇ-ਵੇਚਦੇ ਹਨ। ਪਰ ਉਹ ਕਿਸੇ ਵੀ ਤਰ੍ਹਾਂ ਦੀ ਇੰਡਸਟਰੀ 'ਚ ਨਹੀਂ ਹਨ ਅਤੇ ਉਹਨਾਂ ਦੀ ਬਹੁਤ ਇੱਜ਼ਤ ਹੈ।

ਸੂਡਾਨ ਗਣਰਾਜ ਵਿੱਚ ਜ਼ਿਆਦਾਤਰ ਗੁਜਰਾਤੀ ਰਹਿੰਦੇ ਹਨ। ਰਾਜਦੂਤ ਅਨੁਸਾਰ ਇੱਥੇ 70 ਫੀਸਦੀ ਗੁਜਰਾਤੀ ਹਨ।

ਦੂਜੇ ਪਾਸੇ, ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਲੋਕ ਦੱਖਣੀ ਸੂਡਾਨ ਗਣਰਾਜ ਵਿੱਚ ਵਸੇ ਹੋਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)