You’re viewing a text-only version of this website that uses less data. View the main version of the website including all images and videos.
ਰਾਜਨਾਥ ਸਿੰਘ ਨੇ ਨਿਹੰਗ ਸਿੱਖਾਂ ਨੂੰ ਅਯੁੱਧਿਆ ਰਾਮ ਮੰਦਰ ਅੰਦੋਲਨ ਨਾਲ ਜੋੜਿਆ, ਪਰ ਕੀ ਹਨ ਤੱਥ
ਰੱਖਿਆ ਮੰਤਰੀ ਰਾਜਨਾਥ ਸਿੰਘ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਦੇ ਆਲਮਬਾਗ਼ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਦੌਰਾਨ ਨਤਮਸਤਕ ਹੋਏ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਰਾਮ ਜਨਮ ਭੂਮੀ ਅੰਦੋਲਨ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਕੋਈ ਭੁਲਾ ਨਹੀਂ ਸਕਦਾ।
ਰਾਜਨਾਥ ਸਿੰਘ ਨੇ ਕਿਹਾ, "ਸਿੱਖ ਭਾਈਚਾਰੇ ਨੇ ਸਨਾਤਨ ਧਰਮ ਦੀ ਰੱਖਿਆ ਲਈ ਵੀ ਬਹੁਤ ਕੰਮ ਕੀਤਾ ਹੈ। ਸ਼੍ਰੀ ਰਾਮ ਜਨਮ ਭੂਮੀ ਲਈ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਦੇਸ਼ ਅਤੇ ਕੋਈ ਵੀ ਭਾਰਤੀ ਭੁੱਲ ਨਹੀਂ ਸਕਦਾ। ਮੈਂ ਤੁਹਾਡੇ ਸਾਹਮਣੇ ਸਿਰਫ਼ ਇੱਕ ਮਹੱਤਵਪੂਰਨ ਤੱਥ ਰੱਖਣਾ ਚਾਹੁੰਦਾ ਹਾਂ।"
ਉਨ੍ਹਾਂ ਕਿਹਾ, "ਇਸ ਰਾਮ ਜਨਮ ਭੂਮੀ ਲਈ ਸਰਕਾਰੀ ਅੰਕੜਿਆਂ ਮੁਤਾਬਕ ਇੱਕ ਦਸੰਬਰ 1858 ਦੀ ਪੁਲਿਸ ਐੱਫਆਈਆਰ ਅਨੁਸਾਰ ਨਿਹੰਗ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜੈ-ਜੈਕਾਰ ਕਰਦੇ ਹੋਏ ਇਮਾਰਤ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ ਅਤੇ ਕੰਧਾਂ 'ਤੇ ਥਾਂ-ਥਾਂ ਰਾਮ-ਰਾਮ ਲਿਖਿਆ ਹੋਇਆ ਸੀ।"
"ਇਹ ਲਹਿਰ ਲਿਖਤੀ ਸਰਕਾਰੀ ਇਤਿਹਾਸ ਵਿੱਚ ਵੀ ਸਿੱਖਾਂ ਤੋਂ ਸ਼ੁਰੂ ਹੁੰਦੀ ਹੈ। ਮੈਂ ਰਾਮ ਜਨਮ ਭੂਮੀ ਅੰਦੋਲਨ ਦੀ ਗੱਲ ਕਰ ਰਿਹਾ ਹਾਂ। ਇਹ ਵੀ ਸਿੱਖਾਂ ਤੋਂ ਹੀ ਸ਼ੁਰੂ ਹੁੰਦੀ ਹੈ।"
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, "ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਅਤੇ ਰਹਿਮਤ ਦਾ ਅਜਿਹਾ ਸਾਗਰ ਹੈ, ਜਿਸ ਵਿੱਚ ਡੁਬਕੀ ਮਾਰਨ ਨਾਲ ਹਰ ਮਨੁੱਖ ਸਹੀ ਮਾਰਗ ਲੱਭ ਲੈਂਦਾ ਹੈ। ਇਸ ਵਿੱਚ ਦਿੱਤਾ ਗਿਆ ਗਿਆਨ ਸਮੇਂ ਦੀਆਂ ਬੰਦਸ਼ਾਂ ਅਤੇ ਸੀਮਾਵਾਂ ਤੋਂ ਮੁਕਤ ਹੈ।"
"ਨਿਰਸਵਾਰਥ ਸੇਵਾ, ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦੇਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਕੌਮ ਲਈ ਹੀ ਨਹੀਂ ਸਗੋਂ ਹਰ ਭਾਰਤੀ ਲਈ ਪ੍ਰੇਰਨਾ ਸਰੋਤ ਹੈ।"
ਅਜਿਹਾ ਜ਼ਿਕਰ ਪਹਿਲਾਂ ਵੀ ਹੋਇਆ ਹੈ
ਅਜਿਹਾ ਪਹਿਲਾਂ ਵੀ ਜ਼ਿਕਰ ਕੀਤਾ ਜਾਂਦਾ ਰਿਹਾ ਹੈ। ਸਾਲ 2019 ਵਿੱਚ ਜਦੋਂ ਬਾਬਰੀ ਮਸਜਿਦ ਉੱਤੇ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਇਆ ਸੀ ਤਾਂ ਵੀ ਇਸ ਦਾ ਜ਼ਿਕਰ ਸੀ।
ਇਸ ਫ਼ੈਸਲਾ ਵਿੱਚ ਵਿਵਾਦਿਤ ਜ਼ਮੀਨ ਹਿੰਦੂ ਪੱਖ ਦੇ ਦਿੱਤੀ ਗਈ ਸੀ। ਪਰ ਫੈਸਲੇ ਵਿੱਚ ਗੁਰੂ ਨਾਨਕ ਦੇ ਜ਼ਿਕਰ ਬਾਰੇ ਕੁਝ ਸਿੱਖ ਸੰਸਥਾਵਾਂ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਇਸ ਦੌਰਾਨ ਬੀਬੀਸੀ ਨੇ ਕੁਝ ਲੋਕਾਂ ਅਤੇ ਮਾਹਰਾਂ ਨੇ ਇਸ ਬਾਰੇ ਗੱਲ ਕੀਤੀ ਸੀ।
ਜਿਸ ਦੇ ਕੁਝ ਅੰਸ਼ ਅਸੀਂ ਤੁਹਾਡੇ ਸਾਹਮਣੇ ਹੂ-ਬ-ਹੂ ਪੇਸ਼ ਕਰ ਰਹੇ ਹਾਂ।
ਫ਼ੈਸਲੇ ਦੌਰਾਨ ਹਵਾਲਿਆਂ ਵਿੱਚ ਪੰਨਾ ਨੰਬਰ 992 ਵਿੱਚ ਸਿੱਖਾਂ ਵਾਸਤੇ 'ਕਲਟ' ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। ਆਕਸਫੋਰਡ ਡਿਕਸ਼ਨਰੀ ਅਨੁਸਾਰ ਕਲਟ ਦਾ ਮਤਲਬ ਹੈ ਉਹ ਧਾਰਮਿਕ ਗਰੁੱਪ ਜੋ ਆਪਣੇ ਧਾਰਮਿਕ ਵਿਸ਼ਵਾਸਾਂ ਨੂੰ ਕੱਟੜਤਾ ਨਾਲ ਮੰਨਦੇ ਹਨ ਅਤੇ ਕਈ ਤਰੀਕੇ ਦੀਆਂ ਰਸਮਾਂ ਕਰਦੇ ਹਨ। ਉਹ ਕਿਸੇ ਸਥਾਪਿਤ ਧਰਮ ਦਾ ਹਿੱਸਾ ਨਹੀਂ ਹੁੰਦੇ ਹਨ।
ਦਿੱਲੀ ਦੀ ਵਕੀਲ ਨੀਨਾ ਸਿੰਘ ਨੇ ਇਸ ਬਾਰੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 'ਕਲਟ' ਸ਼ਬਦ ਦੀ ਵਰਤੋਂ ਕਰਨਾ ਬਿਲਕੁਲ ਗ਼ਲਤ ਹੈ।
ਉਨ੍ਹਾਂ ਕਿਹਾ, "ਕਲਟ ਵਿੱਚ ਜਿਸ ਤਰੀਕੇ ਦੀਆਂ ਰਸਮਾਂ ਹੁੰਦੀਆਂ ਹਨ, ਉਸ ਸਿੱਖ ਧਰਮ ਵਿੱਚ ਮੌਜੂਦ ਨਹੀਂ ਹਨ, ਸਗੋਂ ਉਨ੍ਹਾਂ ਦਾ ਖੰਡਨ ਕੀਤਾ ਗਿਆ ਹੈ ਇਸ ਲਈ ਉਨ੍ਹਾਂ ਨੂੰ 'ਕਲਟ' ਕਹਿਣਾ ਠੀਕ ਨਹੀਂ ਹੈ।"
ਗੁਰੂ ਨਾਨਕ ਦੇ ਅਯੁੱਧਿਆ ਵਿੱਚ ਆਉਣ ਬਾਰੇ ਫੈਸਲੇ ਵਿੱਚ ਕੀ?
ਫੈਸਲੇ ਦੇ ਉਸ ਹਿੱਸੇ ਵਿੱਚ ਇੱਕ ਗਵਾਹ ਰਜਿੰਦਰ ਸਿੰਘ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਸੰਨ 1510-11 ਈਸਵੀ ਵਿੱਚ ਰਾਮ ਜਨਮਭੂਮੀ ਦੇ ਦਰਸ਼ਨਾਂ ਲਈ ਅਯੁੱਧਿਆ ਆਏ ਸੀ।
ਫੈਸਲੇ ਵਿੱਚ ਕਿਹਾ ਹੈ, "ਰਜਿੰਦਰ ਸਿੰਘ ਨੂੰ ਸਿੱਖ 'ਕਲਟ' ਦੇ ਇਤਿਹਾਸ ਬਾਰੇ ਦਿਲਚਸਪੀ ਹੈ। ਉਨ੍ਹਾਂ ਨੇ ਕਈ ਜਨਮ ਸਾਖੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਗੁਰੂ ਨਾਨਕ ਅਯੁੱਧਿਆ ਵਿੱਚ ਰਾਮ ਜਨਮਭੂਮੀ ਦੇ ਦਰਸ਼ਨਾਂ ਲਈ ਗਏ ਸਨ।"
ਹਾਲਾਂਕਿ ਫੈਸਲੇ ਵਿੱਚ ਇਹ ਵੀ ਕਿਹਾ ਹੈ, "ਜਿਨ੍ਹਾਂ ਜਨਮ ਸਾਖੀਆਂ ਦਾ ਜ਼ਿਕਰ ਅਦਾਲਤ ਵਿੱਚ ਕੀਤਾ ਗਿਆ ਹੈ, ਉਸ ਨਾਲ ਇਹ ਸਾਬਿਤ ਨਹੀਂ ਹੁੰਦਾ ਹੈ ਕਿ ਅਸਲ ਵਿੱਚ ਰਾਮ ਜਨਮਭੂਮੀ ਦੀ ਜ਼ਮੀਨ ਕਿਹੜੀ ਹੈ।"
ਫੈਸਲੇ ਦੀ ਕਾਪੀ ਵਿੱਚ ਭਾਈ ਬਾਲੇ ਵਾਲੀ ਜਨਮ ਸਾਖੀ, ਭਾਈ ਵੀਰ ਸਿੰਘ ਵਾਲੀ ਜਨਮਸਾਖੀ ਸਣੇ ਕੁਝ ਹੋਰ ਜਨਮਸਾਖੀਆਂ ਦਾ ਹਵਾਲਾ ਦਿੱਤਾ ਗਿਆ ਹੈ।
ਦਿੱਲੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਮਨਜੀਤ ਸਿੰਘ ਨੇ ਜਨਮ 'ਸਾਖੀਆਂ ਦੀ ਪਰੰਪਰਾ, ਮਿੱਥ-ਵਿਗਿਆਨਕ ਅਧਿਐਨ' ਬਾਰੇ ਪੀਐੱਚਡੀ ਕੀਤੀ ਹੈ।
ਉਨ੍ਹਾਂ ਕਿਹਾ, "ਜਨਮਸਾਖੀਆਂ ਇੱਕ ਸਾਹਿਤ ਹੈ ਪਰ ਉਸ ਵਿੱਚ ਕਈ ਅਜਿਹੇ ਹਿੱਸੇ ਹਨ ਜਿਨ੍ਹਾਂ ਦੀ ਇਤਿਹਾਸਕ ਪ੍ਰਮਾਣਿਕਤਾ ਨਹੀਂ ਮਿਲਦੀ ਹੈ।"
"ਜਨਮਸਾਖੀਆਂ ਅਜੋਕੇ ਇਤਿਹਾਸਕ ਮਾਪਦੰਡਾਂ ਅਨੁਸਾਰ ਨਹੀਂ ਹਨ। ਜਨਮ ਸਾਖੀਆਂ ਨੂੰ ਇਤਿਹਾਸਕ ਹਵਾਲੇ ਦੇਣ ਲਈ ਨਹੀਂ ਵਰਤਿਆ ਜਾ ਸਕਦਾ ਹੈ।"
ਫੈਸਲੇ ਵਿੱਚ 'ਨਿਹੰਗ ਸਿੰਘ' ਦਾ ਹਵਾਲਾ
ਫੈਸਲੇ ਵਿੱਚ 28 ਨਵੰਬਰ 1858 ਦੀ ਅਵਧ ਦੀ ਇੱਕ ਥਾਣੇਦਾਰ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਨਿਹੰਗ ਸਿੰਘ ਫਕੀਰ ਖਾਲਸਾ ਨੇ ਮਸਜਿਦ ਵਿੱਚ ਦਾਖਿਲ ਹੋ ਕੇ ਮੂਰਤੀਆਂ ਸਥਾਪਿਤ ਕੀਤੀਆਂ ਤੇ ਪੂਜਾ ਕੀਤੀ।
ਉਸ ਰਿਪੋਰਟ ਵਿੱਚ ਕਿਹਾ, "ਨਿਹੰਗ ਸਿੰਘ ਫਕੀਰ ਨੇ ਮਸਜਿਦ ਵਿੱਚ ਦਾਖਿਲ ਹੋ ਕੇ ਪੂਜਾ ਕੀਤੀ। ਸੁਰੱਖਿਆ ਲਈ 25 ਸਿੱਖ ਵੀ ਤਾਇਨਾਤ ਕੀਤੇ ਗਏ।"
ਵਕੀਲ ਨੀਨਾ ਸਿੰਘ ਨੇ ਇਸ ਬਾਰੇ ਵੀ ਇਤਰਾਜ਼ ਪ੍ਰਗਟ ਕੀਤਾ ਸੀ। ਉਨ੍ਹਾਂ ਕਿਹਾ, "ਨਿਹੰਗ ਸਿੰਘ ਗੁਰੂ ਗੋਬਿੰਦ ਸਿੰਘ ਵੇਲੇ ਹੋਏ ਹਨ। ਤੇ ਕਿਸੇ ਵੀ ਤਰੀਕੇ ਦੀ ਪੂਜਾ ਦੀ ਕੋਈ ਰਵਾਇਤ ਨਿਹੰਗ ਸਿੰਘਾਂ ਵਿੱਚ ਨਹੀਂ ਹੈ, ਇਸ ਲਈ ਇਹ ਹਵਾਲਾ ਵੀ ਸਹੀ ਨਹੀਂ ਹੈ।"
ਉਨ੍ਹਾਂ ਕਿਹਾ, "ਅਯੁੱਧਿਆ ਵਿਵਾਦ ਬਾਰੇ ਫੈਸਲੇ 'ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਗੁਰੂ ਨਾਨਕ ਤੇ ਸਿੱਖਾਂ ਦੇ ਹਵਾਲੇ ਵਾਲੇ ਹਿੱਸਿਆਂ ਨੂੰ ਫੈਸਲੇ ਤੋਂ ਹਟਾਉਣਾ ਚਾਹੀਦਾ ਹੈ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਦੇ ਪ੍ਰਧਾਨ ਖੁਸ਼ਹਾਲ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਹਾਲਾਂਕਿ ਇਹ ਤੱਥ ਸੱਚ ਹੈ ਪਰ ਉਹ ਸਿੱਖਾਂ ਨੂੰ ਇਸ ਮਸਲੇ ਨਾਲ ਜੋੜਨ ਦੇ ਵਿਚਾਰ ਨਾਲ ਉਹ ਸਹਿਮਤ ਨਹੀਂ ਹਨ।
ਉਨ੍ਹਾਂ ਦੱਸਿਆ, “ਸਿੱਖ ਗੁਰੂ ਸਾਹਿਬਾਨਾਂ ਵੱਲੋਂ ਮਸਜਿਦ ਵੀ ਬਣਾਈ ਗਈ ਸੀ, ਸਿੱਖਾਂ ਲਈ ਹਰੇਕ ਧਾਰਮਿਕ ਅਸਥਾਨ ਬਰਾਬਰ ਹੈ ਅਤੇ ਉਹ ਮਸਜਿਦ ਤੋੜੇ ਜਾਣ ਨਾਲ ਸਹਿਮਤੀ ਨਹੀਂ ਰੱਖਦੇ।”
ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸ੍ਰੀ ਹਰਗੋਬਿੰਦਪੁਰ ਵਿੱਚ ਮਸਜਿਦ ਦਾ ਨਿਰਮਾਣ ਕਰਵਾਇਆ ਗਿਆ ਸੀ।