ਰੂਸੀ ਸ਼ਹਿਰ ਵਿੱਚ ਤੇਜ਼ ਭੂਚਾਲ ਮਗਰੋਂ ਸੁਨਾਮੀ ਦੀਆਂ ਲਹਿਰਾਂ ਉੱਠੀਆਂ, ਜਪਾਨ ’ਚ 20 ਲੱਖ ਲੋਕ ਸੁਰੱਖਿਅਤ ਥਾਂਵਾਂ ’ਤੇ ਭੇਜੇ, ਤਾਜ਼ਾ ਹਾਲਾਤ ਕੀ ਹਨ

ਸੁਨਾਮੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਰੂਸ ਦੇ ਪੂਰਬੀ ਹਿੱਸੇ ਵਿੱਚ ਕੈਮਚੈਟਕਾ ਵਿੱਚ ਰਿਕਟਰ ਸਕੇਲ ਉੱਤੇ 8.8 ਤੀਬਰਤਾ ਵਾਲਾ ਭੂਚਾਲ ਆਇਆ

ਰੂਸ ਦੇ ਪੂਰਬੀ ਹਿੱਸੇ ਵਿੱਚ ਕੈਮਚੈਟਕਾ ਵਿੱਚ ਰਿਕਟਰ ਸਕੇਲ ਉੱਤੇ 8.8 ਤੀਬਰਤਾ ਵਾਲਾ ਭੂਚਾਲ ਆਇਆ ਜਿਸ ਕਰਕੇ ਰੂਸ ਤੇ ਜਪਾਨ ਵਿੱਚ ਸੁਨਾਮੀ ਦੀਆਂ ਲਹਿਰਾਂ ਉੱਠੀਆਂ ਹਨ।

ਅਮਰੀਕਾ ਵਿੱਚ ਵੀ ਸੁਨਾਮੀ ਲਈ ਚੇਤਾਵਨੀ ਜਾਰੀ ਕੀਤੀ ਜਾ ਰਹੀ ਹੈ।

ਰੂਸ ਦੇ ਕੈਮਚੈਟਕਾ ਵਿੱਚ 10 ਤੋਂ 13 ਫ਼ੁੱਟ ਦੀਆਂ ਸਮੁੰਦਰੀ ਲਹਿਰਾਂ ਉੱਠਦੀਆਂ ਵੇਖੀਆਂ ਗਈਆਂ ਹਨ।

ਉੱਤਰੀ ਜਪਾਨ ਦੇ ਹੋਕਾਇਡੋ ਸ਼ਹਿਰ ਵਿੱਚ ਵੀ ਸੁਨਾਮੀ ਦੀ ਪਹਿਲੀ ਲਹਿਰ ਵੇਖੀ ਗਈ ਹੈ।

ਰੂਸ ਦੇ ਐਮਰਜੈਂਸੀ ਮੰਤਰਾਲੇ ਮੁਤਾਬਕ ਸੁਨਾਮੀ ਦੀਆਂ ਲਹਿਰਾਂ ਨਾਲ ਰੂਸੀ ਬੰਦਰਗਾਹੀ ਸ਼ਹਿਰ ਸੇਵੇਰੋ-ਕੁਰਿਲਸਕ ਦੇ ਇੱਕ ਹਿੱਸੇ ਵਿੱਚ ਹੜ੍ਹ ਆ ਗਏ ਹਨ।

ਇਸ ਸ਼ਹਿਰ ਦੀ ਆਬਾਦੀ ਤਕਰੀਬਨ 2,000 ਹੈ।

ਸੋਸ਼ਲ ਮੀਡੀਆ 'ਤੇ ਮੌਜੂਦ ਕਈ ਵੀਡੀਓਜ਼ ਸ਼ਹਿਰ ਦੇ ਨੇੜੇ ਪਾਣੀ ਦੇ ਪੱਧਰ ਨੂੰ ਵਧਦੇ ਹੋਏ ਦਿਖਿਆ ਗਿਆ ਹੈ।

ਰੂਸੀ ਸ਼ਹਿਰ ’ਚ ਐਮਰਜੈਂਸੀ ਐਲਾਨੀ, ਜਪਾਨ ’ਚ 20 ਲੱਖ ਲੋਕ ਕੱਢੇ

ਰੂਸ ਨੇ ਸਾਖਲਿਨ ਖੇਤਰ ਵਿੱਚ ਕੁਰਿਲ ਟਾਪੂਆਂ ਉੱਤੇ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਇਹ ਉਹੀ ਇਲਾਕਾ ਹੈ ਜਿੱਥੇ ਇੱਕ ਪੂਰੇ ਸ਼ਹਿਰ ਵਿੱਚ ਤੇਜ਼ ਤੇ ਉੱਚੀਆ ਲਹਿਰਾਂ ਕਾਰਨ ਹੜ੍ਹ ਆ ਗਏ ਹਨ।

ਸ਼ਹਿਰ ਦੇ ਮੇਅਰ ਓਵਿਸਯਾਨਿਕੋਵ ਨੇ ਕਿਹਾ ਹੈ ਕਿ ਇਲਾਕੇ ਵਿੱਚੋਂ ਸਾਰਿਆਂ ਲੋਕਾਂ ਨੂੰ ਕੱਢ ਲਿਆ ਗਿਆ ਹੈ।

ਟਾਸ ਨਿਊਜ਼ ਏਜੰਸੀ ਮੁਤਾਬਕ ਕੈਮਚੈਟਕਾ ਵਿੱਚ ਕਈ ਲੋਕ ਭੂਚਾਲ ਤੇ ਉਸ ਤੋਂ ਬਾਅਦ ਝਟਕਿਆਂ ਕਾਰਨ ਜ਼ਖਮੀ ਹੋਏ ਹਨ।

ਜਪਾਨ ਵਿੱਚ ਕਰੀਬ 20 ਲੱਖ ਲੋਕਾਂ ਨੂੰ ਆਪਣੇ ਘਰ ਖਾਲੀ ਕਰਵਾਉਣ ਲਈ ਕਹਿ ਦਿੱਤਾ ਹੈ। ਸਥਾਨਕ ਮੀਡੀਆ ਮੁਤਾਬਕ ਹੋਕਾਇਡੋ ਵਿੱਚ ਕਰੀਬ 11 ਹਜ਼ਾਰ ਲੋਕ ਛੱਤਾਂ ਉੱਤੇ ਖੜ੍ਹੇ ਵੇਖੇ ਗਏ ਹਨ।

ਹਵਾਈ ਵਿੱਚ ਕਮਰਸ਼ੀਅਲ ਸਮੁੰਦਰੀ ਜਹਾਜ਼ਾਂ ਨੂੰ ਖੇਤਰ ਤੋਂ ਹੱਟਣ ਲਈ ਕਿਹਾ ਗਿਆ ਹੈ। ਹਵਾਈ ਵੱਲ ਨੂੰ ਜਾਂਦੀਆਂ ਕਈ ਉਡਾਣਾਂ ਨੂੰ ਵੀ ਹਵਾ ਵਿੱਚ ਹੀ ਡਾਇਵਰਟ ਕਰ ਦਿੱਤਾ ਗਿਆ ਹੈ।

ਸੁਨਾਮੀ ਦੀਆਂ ਲਹਿਰਾਂ ਜਪਾਨ ਤੱਕ ਪਹੁੰਚੀਆਂ

ਪ੍ਰਧਾਨ ਮੰਤਰੀ ਇਸ਼ੀਬਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਇਸ਼ੀਬਾ ਨੇ ਲੋਕਾਂ ਨੂੰ ਸਮੁੰਦਰੀ ਕੰਢਿਆਂ 'ਤੇ ਨਾ ਜਾਣ ਦੀ ਅਪੀਲ ਕੀਤੀ ਹੈ।

ਜਪਾਨ ਦੇ ਸਥਾਨਕ ਪ੍ਰਸਾਰਕ ਐੱਨਐੱਚਕੇ ਦੀ ਰਿਪੋਰਟ ਮੁਤਾਬਕ ਸੁਨਾਮੀ ਲਹਿਰਾਂ ਹੋਕਾਈਡੋ ਸੂਬੇ ਦੇ ਉੱਤਰੀ ਖੇਤਰ ਤੱਕ ਪਹੁੰਚ ਗਈਆਂ ਹਨ। ਅੰਦਾਜ਼ਾ ਲਗਾਇਆ ਗਿਆ ਹੈ ਕਿ ਲਹਿਰਾਂ ਦੀ ਉਚਾਈ ਲਗਭਗ 12 ਇੰਚ ਤੱਕ ਹੋ ਸਕਦੀ ਹੈ।

ਸੁਨਾਮੀ ਹੋਕਾਈਡੋ ਦੇ ਉੱਤਰ-ਪੂਰਬੀ ਹਿੱਸੇ ਵਿੱਚ ਸਥਿਤ ਬੰਦਰਗਾਹ ਸ਼ਹਿਰ ਨੇਮੁਰੋ ਤੱਕ ਪਹੁੰਚਿਆ। ਜਪਾਨੀ ਅਧਿਕਾਰੀਆਂ ਨੇ ਪਹਿਲਾਂ ਹੀ ਚੇਤਾਵਨੀ ਜਾਰੀ ਕੀਤੀ ਸੀ ਕਿ ਸੁਨਾਮੀ ਦੀਆਂ ਲਹਿਰਾਂ ਬਹੁਤ ਉੱਚੀਆਂ ਹੋ ਸਕਦੀਆਂ ਹਨ।

ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਕਿਹਾ, "ਅਧਿਕਾਰੀ ਸਥਿਤੀ ਦਾ ਮੁਲਾਂਕਣ ਕਰ ਰਹੇ ਹਨ।"

ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਰਾਹਤ ਕਾਰਜ ਵਿੱਚ ਇਨਸਾਨੀ ਜਾਨ ਬਚਾਉਣ ਨੂੰ ਤਰਜੀਹ ਦਿੱਤੀ ਜਾਵੇਗੀ।

ਸੁਨਾਮੀ ਦੀਆਂ ਲਹਿਰਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਨਾਮੀ ਦੀਆਂ ਲਹਿਰਾਂ

ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ। ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਨਾਗਰਿਕਾਂ ਨੂੰ ਤੱਟ ਤੋਂ ਦੂਰ ਰਹਿਣ ਅਤੇ ਉੱਚੀਆਂ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਹੈ।

ਅਮਰੀਕੀ ਭੂ-ਵਿਗਿਆਨਕ ਸਰਵੇਖਣ ਯੂਐੱਸਜੀਐੱਸ ਨੇ ਭੂਚਾਲ ਦੀ ਤੀਬਰਤਾ 8.8 ਦੱਸੀ ਹੈ।

ਪਹਿਲਾਂ ਇਸਦੀ ਤੀਬਰਤਾ 8.0 ਅਤੇ ਫਿਰ 8.7 ਦੱਸੀ ਗਈ ਸੀ, ਜਿਸ ਨੂੰ ਬਾਅਦ ਵਿੱਚ ਸੋਧਿਆ ਗਿਆ।

ਰੂਸ ਵਿੱਚ ਆਇਆ ਭੂਚਾਲ ਇਤਿਹਾਸ ਵਿੱਚ ਛੇਵਾਂ ਸਭ ਤੋਂ ਭਿਆਨਕ ਭੂਚਾਲ ਹੈ

ਸੁਨਾਮੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਇਸ ਦੀ ਬਾਹਰੀ ਤੀਬਰਤਾ 8.8 ਹੈ

ਕੁਝ ਸਮਾਂ ਪਹਿਲਾਂ ਬੀਬੀਸੀ ਦੇ ਨਿਊਜ਼ਡੇਅ ਪ੍ਰੋਗਰਾਮ ਵਿੱਚ ਗੱਲ ਕਰਦੇ ਹੋਏ, ਹਵਾਈ ਯੂਨੀਵਰਸਿਟੀ ਦੇ ਭੂ-ਭੌਤਿਕ ਵਿਗਿਆਨ ਅਤੇ ਟੈਕਟੋਨਿਕ ਵਿਭਾਗ ਦੇ ਸਹਾਇਕ ਪ੍ਰੋਫੈਸਰ ਹੈਲਨ ਜੈਨਿਸਜ਼ੇਵਸਕੀ ਨੇ ਕਿਹਾ ਕਿ ਅੱਜ ਦਾ ਭੂਚਾਲ ਇਤਿਹਾਸ ਵਿੱਚ ਰਿਕਾਰਡ ਕੀਤੇ ਗਏ ਦਸ ਸਭ ਤੋਂ ਗੰਭੀਰ ਭੂਚਾਲਾਂ ਵਿੱਚੋਂ ਇੱਕ ਹੈ।

ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਇਸ ਦੀ ਬਾਹਰੀ ਤੀਬਰਤਾ 8.8 ਹੈ ਜੋ ਇਤਿਹਾਸ ਦੇ ਛੇਵੇਂ ਸਭ ਤੋਂ ਭਿਆਨਕ ਭੂਚਾਲ ਦੇ ਬਰਾਬਰ ਹੈ, 2010 ਵਿੱਚ ਚਿਲੀ ਦੇ ਬਾਇਓਬੀਓ ਵਿੱਚ ਆਏ ਭੂਚਾਲ ਅਤੇ 1906 ਵਿੱਚ ਐਸਮੇਰਾਲਡਸ, ਇਕਵਾਡੋਰ ਵਿੱਚ ਆਏ ਭੂਚਾਲ ਵੀ ਇੰਨੀ ਹੀ ਤੀਬਰਤਾ ਦੇ ਸਨ।

ਚਿਲੀ ਦੇ ਭੂਚਾਲ ਬਾਰੇ ਯੂਐੱਸਜੀਐੱਸ ਮੁਤਾਬਕ, "ਕੁਇਰੀਹਯੂ ਸ਼ਹਿਰ ਦੇ ਨੇੜੇ ਸਮੁੰਦਰੀ ਕੰਢੇ 'ਤੇ ਆਏ ਇਸ ਤੀਬਰ ਭੂਚਾਲ ਵਿੱਚ 523 ਲੋਕ ਮਾਰੇ ਗਏ ਅਤੇ 370,000 ਤੋਂ ਵੱਧ ਘਰ ਤਬਾਹ ਹੋ ਗਏ।"

ਇਕਵਾਡੋਰ ਭੂਚਾਲ ਬਾਰੇ ਯੂਐੱਸਜੀਐੱਸ ਦੇ ਅੰਕੜੇ ਦਰਸਾਉਂਦੇ ਹਨ ਕਿ ਇਕਵਾਡੋਰ-ਕੋਲੰਬੀਆ ਭੂਚਾਲ ਵਜੋਂ ਜਾਣਿਆ ਜਾਂਦਾ ਹੈ, ਇਸ ਭੂਚਾਲ ਨੇ ਇੱਕ ਤੇਜ਼ ਸੁਨਾਮੀ ਪੈਦਾ ਕੀਤੀ ਸੀ ਜਿਸ ਵਿੱਚ 1,500 ਲੋਕ ਮਾਰੇ ਗਏ ਸਨ ਅਤੇ ਉੱਤਰ ਵਿੱਚ ਸੈਨ ਫਰਾਂਸਿਸਕੋ ਤੱਕ ਪਹੁੰਚ ਗਏ ਸਨ।

ਦਿਲਚਸਪ ਗੱਲ ਇਹ ਹੈ ਕਿ ਪੰਜਵਾਂ ਸਭ ਤੋਂ ਭਿਆਨਕ ਭੂਚਾਲ ਅੱਜ ਵਾਂਗ ਰੂਸ ਦੇ ਕਾਮਚਟਕਾ ਕ੍ਰਾਈ ਵਿੱਚ ਆਇਆ ਸੀ।

ਇਹ 1952 ਵਿੱਚ ਆਇਆ ਅਤੇ ਦੁਨੀਆ ਦਾ ਪਹਿਲਾ ਰਿਕਾਰਡ ਕੀਤਾ ਗਿਆ 9 ਤੀਬਰਤਾ ਵਾਲਾ ਭੂਚਾਲ ਸੀ।

ਇਸਨੇ ਹਵਾਈ ਵਿੱਚ ਇੱਕ ਵੱਡੀ ਸੁਨਾਮੀ ਲਿਆਂਦੀ, ਜਿਸ ਨਾਲ 10 ਲੱਖ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)