ਅਮ੍ਰਿਤਪਾਲ ਮਗਰੋਂ ਪ੍ਰਧਾਨ ਮੰਤਰੀ ਬਾਜੇਕੇ ਸਣੇ ਤਿੰਨ ਸਾਥੀ ਚੋਣ ਮੈਦਾਨ 'ਚ, ਕੀ ਖਡੂਰ ਸਾਹਿਬ ਦਾ ਨਤੀਜਾ ਦੁਹਰਾ ਸਕਣਗੇ

(ਖੱਬਿਓਂ ਸੱਜੇ)ਭਗਵੰਤ ਸਿੰਘ, ਦਲਜੀਤ ਸਿੰਘ ਕਲਸੀ ਅਤੇ ਕੁਲਵੰਤ ਸਿੰਘ ਰਾਓਕੇ

ਤਸਵੀਰ ਸਰੋਤ, ਬੀਬੀਸੀ

ਤਸਵੀਰ ਕੈਪਸ਼ਨ, (ਖੱਬਿਓਂ ਸੱਜੇ) ਭਗਵੰਤ ਸਿੰਘ, ਦਲਜੀਤ ਸਿੰਘ ਕਲਸੀ ਅਤੇ ਕੁਲਵੰਤ ਸਿੰਘ ਰਾਊਕੇ
    • ਲੇਖਕ, ਨਵਕਿਰਨ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬ ਵਿੱਚ 10 ਜੁਲਾਈ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ ਪੈਣ ਜਾ ਰਹੀਆਂ ਹਨ।

ਸੂਬੇ ਦੀਆਂ ਸਾਰੀਆਂ ਹੀ ਪਾਰਟੀਆਂ ਨੇ ਜਲੰਧਰ ਪੱਛਮੀ ਚੋਣ ਜਿੱਤਣ ਲਈ ਪੂਰੀ ਵਾਹ ਲਾਈ ਹੋਈ ਹੈ।

ਆਉਣ ਵਾਲੇ ਦਿਨਾਂ ਵਿੱਚ ਪੰਜਾਬ ਅੰਦਰ ਚਾਰ ਹੋਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ।

ਇਨ੍ਹਾਂ ਵਿਧਾਨ ਸਭਾ ਹਲਕਿਆਂ ਤੋਂ ਐੱਨਐਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਚੋਣ ਲੜਣ ਦੀ ਸੰਭਾਵਨਾ ਹੈ।

ਲੰਘੀਆਂ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਅਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਤੋਂ ਬਾਅਦ ਸੂਬੇ ਵਿੱਚ ਕਈ ਸਿੱਖ ਜਥੇਬੰਦੀਆਂ ਨੇ ਸਰਗਰਮੀ ਫੜੀ ਹੈ।

ਕਿੱਥੇ-ਕਿੱਥੇ ਹੋਣਗੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ?

ਪੰਜਾਬ ਦੇ ਚਾਰ ਮੌਜੂਦਾ ਵਿਧਾਇਕ ਇਸ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਹਨ ਅਤੇ ਇੱਕ ਆਮ ਆਦਮੀ ਪਾਰਟੀ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅਗੂਰਾਲ ਦੇ ਭਾਜਪਾ ਵਿੱਚ ਜਾਣ ਕਰਕੇ ਦਿੱਤੇ ਅਸਤੀਫ਼ੇ ਕਾਰਨ ਖਾਲੀ ਹੋਈ।

ਜਲੰਧਰ ਪੱਛਮੀ ਦਾ ਚੋਣ ਅਮਲ ਚੱਲ ਰਿਹਾ ਹੈ, ਜਦਕਿ ਬਾਕੀ ਚਾਰ ਸੰਬੰਧਿਤ ਵਿਧਾਨ ਸਭਾ ਹਲਕਿਆਂ ਵਿੱਚ ਆਉਣ ਵਾਲੇ ਛੇ ਮਹੀਨਿਆਂ ਦੌਰਾਨ ਜ਼ਿਮਨੀ ਚੋਣਾਂ ਹੋਣੀਆਂ ਹਨ।

ਇੱਕ ਨਜ਼ਰ ਇਨ੍ਹਾਂ ਹਲਕਿਆਂ ਬਾਰੇ—

  • ਡੇਰ੍ਹਾ ਬਾਬਾ ਨਾਨਕ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਵਿਧਾਇਕ ਸਨ। ਉਹ ਲੋਕ ਸਭਾ ਮੈਂਬਰ ਚੁਣੇ ਗਏ ਹਨ।
  • ਗਿੱਦੜਬਹਾ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਸਨ। ਉਹ ਲੋਕ ਸਭਾ ਮੈਂਬਰ ਚੁਣੇ ਗਏ ਹਨ।
  • ਬਰਨਾਲਾ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਿਧਾਇਕ ਸਨ। ਉਹ ਲੋਕ ਸਭਾ ਮੈਂਬਰ ਚੁਣੇ ਗਏ ਹਨ।
  • ਰਾਜਕੁਮਾਰ ਚੱਬੇਵਾਲ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਹੀ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਉਹ ਵੀ ਲੋਕ ਸਭਾ ਲਈ ਚੁਣੇ ਗਏ ਹਨ।

ਧਿਆਨਯੋਗ ਹੈ ਕਿ ਇਹ ਪੰਜੇ ਸੀਟਾਂ ਪੰਜਾਬ ਦੇ ਤਿੰਨਾਂ ਭੂਗੋਲਿਕ ਖੇਤਰਾਂ ਮਾਝਾ, ਮਾਲਵਾ ਅਤੇ ਦੁਆਬੇ ਵਿੱਚ ਪੈਂਦੀਆਂ ਹਨ।

ਇਨ੍ਹਾਂ ਸੀਟਾਂ ਵਿੱਚੋਂ ਤਿੰਨ ਸੀਟਾਂ ਉੱਤੇ ਅਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਚੋਣ ਲੜਨ ਦੇ ਐਲਾਨ ਕੀਤੇ ਹਨ।

  • ਬਰਨਾਲਾ ਵਿਧਾਨ ਸਭਾ ਹਲਕੇ ਤੋਂ ਕੁਲਵੰਤ ਸਿੰਘ ਰਾਊਕੇ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੈ।
  • ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਜ਼ਿਮਨੀ ਚੋਣ ਲੜਨਗੇ।
  • ਡੇਰ੍ਹਾ ਬਾਬਾ ਨਾਨਕ ਵਿਧਾਨ ਸਭਾ ਸੀਟ ਤੋਂ ਦਲਜੀਤ ਸਿੰਘ ਕਸਲੀ ਜ਼ਿਮਨੀ ਚੋਣ ਮੈਦਾਨ ਵਿੱਚ ਨਿੱਤਰਨ ਦਾ ਐਲਾਨ ਕੀਤਾ ਹੈ।

ਕੌਣ ਹਨ ਕੁਲਵੰਤ ਸਿੰਘ ਰਾਊਕੇ?

ਕੁਲਵੰਤ ਸਿੰਘ ਰਾਊਕੇ

ਤਸਵੀਰ ਸਰੋਤ, Kunlwant Singh Raoke/FB

ਤਸਵੀਰ ਕੈਪਸ਼ਨ, ਕੁਲਵੰਤ ਸਿੰਘ ਰਾਊਂਕੇ ਐੱਨਐੱਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ

38 ਸਾਲਾ ਕੁਲਵੰਤ ਸਿੰਘ ਰਾਊਕੇ ਮੋਗਾ ਜ਼ਿਲ੍ਹੇ ਦੇ ਪਿੰਡ ਰਾਊਕੇ ਕਲਾਂ ਦੇ ਰਹਿਣ ਵਾਲੇ ਹਨ। ਅਮ੍ਰਿਤਪਾਲ ਸਿੰਘ ਦੇ ਜੇਲ੍ਹ ਵਿੱਚ ਨਜ਼ਰਬੰਦ ਸਾਥੀਆਂ ਵਿੱਚੋਂ ਉਹ ਇਕੋ-ਇਕ ਸਰਕਾਰੀ ਮੁਲਾਜ਼ਮ ਹਨ।

ਉਹ ਗ੍ਰਿਫਤਾਰੀ ਸਮੇਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਕਲਰਕ ਸਨ। ਰਾਊਕੇ ਦਾ ਪਰਿਵਾਰਕ ਪਿਛੋਕੜ ਵੀ ਖਾਲਿਸਤਾਨੀ ਸਿੱਖ ਸੰਘਰਸ਼ ਨਾਲ ਜੁੜਿਆ ਹੋਇਆ ਸੀ।

ਉਨ੍ਹਾਂ ਦੇ ਪਿਤਾ ਨੂੰ ਵੀ 1987 ਵਿੱਚ ਐੱਨਐੱਸਏ ਤਹਿਤ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ। ਉਹ ਕੁਝ ਸਮਾਂ ਪਿੰਡ ਰਾਊਕੇ ਦੇ ਸਰਪੰਚ ਵੀ ਰਹੇ।

ਕੁਲਵੰਤ ਸਿੰਘ ਰਾਊਕੇ ਦੇ ਪਿਤਾ ਚੜ੍ਹਤ ਸਿੰਘ ਨੂੰ ਪੰਜਾਬ ਦੇ ਖਾੜਕੂਵਾਦ ਦੇ ਸਮੇਂ ਦੌਰਾਨ 25 ਮਾਰਚ 1993 ਨੂੰ ਪੁਲਿਸ ਘਰੋਂ ਚੁੱਕ ਕੇ ਲੈ ਗਈ ਸੀ ਅਤੇ ਅੱਜ ਤੱਕ ਉਨ੍ਹਾਂ ਬਾਰੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਕੌਣ ਹੈ?

ਭਗਵੰਤ ਸਿੰਘ

ਤਸਵੀਰ ਸਰੋਤ, BHAGWANT SINGH PARDHAN MANTRI/FB

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਬਾਜੇਕੇ ਅਮ੍ਰਿਤਪਾਲ ਨਾਲ ਜੁੜਨ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਵੀਡੀਓ ਪਾਉਂਦੇ ਹੁੰਦੇ ਸਨ

ਜਿਲ੍ਹਾ ਮੋਗਾ ਦੇ ਪਿੰਡ ਧਰਮਕੋਟ ਨੇੜਲੇ ਪਿੰਡ ਬਾਜੇਕੇ ਦੇ ਵਸਨੀਕ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ਅਮ੍ਰਿਤਪਾਲ ਸਿੰਘ ਨਾਲ ਜੁੜਣ ਤੋਂ ਪਹਿਲਾਂ ਸ਼ੋਸ਼ਲ ਮੀਡੀਆ ਉੱਪਰ ਸਰਗਰਮ ਸੀ।

ਉਹ ਅਕਸਰ ਮਜ਼ਾਕੀਆ ਲਹਿਜੇ ਵਿੱਚ ਸ਼ੋਸ਼ਲ ਮੀਡੀਆ ਉੱਪਰ ਲਾਈਵ ਹੋ ਜਾਂਦੇ ਸਨ। ਅਮ੍ਰਿਤਪਾਲ ਸਿੰਘ ਦੀ ਸੰਸਥਾ ਨਾਲ ਜੁੜਨ ਤੋਂ ਬਾਅਦ ਉਨ੍ਹਾਂ ਵਿੱਚ ਕਾਫੀ ਬਦਲਾਅ ਨਜ਼ਰ ਆਇਆ।

18 ਮਾਰਚ 2024 ਨੂੰ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ। ਭਗਵੰਤ ਸਿੰਘ ਬਾਜੇਕੇ ਆਪਣੀ ਗ੍ਰਿਫਤਾਰੀ ਸਮੇਂ ਵੀ ਫੇਸਬੁੱਕ ਉੱਪਰ ਲਾਈਵ ਹੋ ਗਏ। ਉਨ੍ਹਾਂ ਦੀ ਗ੍ਰਿਫਤਾਰੀ ਸਮੇਂ ਦਾ ਵੀਡੀਓ ਕਲਿਪ ਵੀ ਕਾਫੀ ਵਾਇਰਲ ਹੋਇਆ ਸੀ।

ਭਗਵੰਤ ਸਿੰਘ ਬਾਜੇਕੇ ਨੇ ਅੱਠਵੀਂ ਤੱਕ ਪੜ੍ਹਾਈ ਕੀਤੀ ਹੋਈ ਹੈ। ਉਨ੍ਹਾਂ ਦੇ ਪਰਿਵਾਰ ਕੋਲ 3 ਏਕੜ ਦੇ ਕਰੀਬ ਜ਼ਮੀਨ ਹੈ ਜਿਸ ਉੱਪਰ ਇਨ੍ਹਾਂ ਦਾ ਪਰਿਵਾਰ ਖੇਤੀ ਕਰਦਾ ਹੈ।

ਦਲਜੀਤ ਸਿੰਘ ਕਲਸੀ ਕੌਣ ਹਨ ?

ਦਲਜੀਤ ਸਿੰਘ ਕਲਸੀ

ਤਸਵੀਰ ਸਰੋਤ, RAVINDER ROBIN/BBC

ਤਸਵੀਰ ਕੈਪਸ਼ਨ, ਦਲਜੀਤ ਸਿੰਘ ਕਲਸੀ ਉੱਤੇ ਅਮ੍ਰਿਤਪਾਲ ਦੀ ਜਥੇਬੰਦੀ ਨੂੰ ਫੰਡਿਗ ਕਰਨ ਦਾ ਇਲਜ਼ਾਮ ਹੈ

ਦਲਜੀਤ ਸਿੰਘ ਕਲਸੀ ਇੱਕ ਫ਼ਿਲਮ ਅਦਾਕਾਰ ਹਨ ਜਿਨ੍ਹਾਂ ਨੇ ਵੱਖ-ਵੱਖ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਹ ਮਰਹੂਮ ਅਦਾਕਾਰ ਦੀਪ ਸਿੱਧੂ ਦੇ ਸਭ ਤੋਂ ਨਜ਼ਦੀਕੀ ਸਾਥੀ ਰਹੇ ਹਨ।

ਦੀਪ ਦੀ ਮੌਤ ਤੋਂ ਬਾਅਦ ਉਸਦੇ ਬਹੁਤ ਸਾਰੇ ਦੋਸਤ ਉਨ੍ਹਾਂ ਦੇ ਭਰਾ ਮਨਦੀਪ ਸਿੰਘ ਦੇ ਨਾਲ ਚਲੇ ਗਏ ਪਰ ਕਲਸੀ ਅਮ੍ਰਿਤਪਾਲ ਸਿੰਘ ਦੇ ਨਾਲ ਖੜੇ ਰਹੇ।

ਉਹਨਾਂ ਨੇ ਅਮ੍ਰਿਤਪਾਲ ਸਿੰਘ ਦੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਵਜੋਂ ਨਿਯੁਕਤੀ ਦਾ ਸਮਰਥਨ ਕੀਤਾ ਸੀ।

ਕਲਸੀ ਨੂੰ ਪੰਜਾਬ ਪੁਲਿਸ ਨੇ ਐੱਨਐਸਏ ਐਕਟ ਅਧੀਨ ਗ੍ਰਿਫ਼ਤਾਰ ਕਰਕੇ ਅਸਾਮ ਜੇਲ੍ਹ ਭੇਜ ਦਿੱਤਾ ਸੀ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਉਹ ‘ਵਾਰਿਸ ਪੰਜਾਬ ਦੇ’ ਸੰਸਥਾ ਨੂੰ ਵਿੱਤੀ ਸਹਾਇਤਾ ਮੁਹਈਆ ਕਰਵਾਉਣ ਕਰਕੇ ਜਾਂਚ ਅਧੀਨ ਹਨ।

ਉਸਨੇ 2017 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਸਰਦਾਰ ਸਾਬ' ਵਿੱਚ ਮੁੱਖ ਭੂਮਿਕਾ ਨਿਭਾਈ ਸੀ।

ਪੁਲਿਸ ਸੂਤਰਾਂ ਨੇ ਦੱਸਿਆ ਸੀ ਗ੍ਰਿਫ਼ਤਾਰੀ ਸਮੇਂ ਕਲਸੀ ਗੁੜਗਾਉਂ ਵਿੱਚ ਰਹਿ ਰਹੇ ਸਨ।

ਆਪਣੇ ਫੇਸਬੁੱਕ ਪ੍ਰੋਫਾਈਲ ਵਿੱਚ ਕਲਸੀ ਨੇ ਦੱਸਿਆ ਸੀ ਕਿ ਉਹ ਆਲ ਟਾਈਮ ਮੂਵੀਜ਼ ਪ੍ਰਾਈਵੇਟ ਲਿਮਟਿਡ ਨਾਮ ਦੀ ਕੰਪਨੀ ਦੇ ਡਾਇਰੈਕਟਰ ਹੈ ਅਤੇ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹੇ ਹਨ।

ਉਨ੍ਹਾਂ ਨੇ ਫੇਸਬੁੱਕ ਉਪਰ ਲਿਖਿਆ ਹੈ ਕਿ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਬਰਨਾਲਾ ਅਤੇ ਗਿੱਦੜਵਾਹਾ ਦੀ ਕੀ ਸਥਿਤੀ ਹੈ?

ਬਰਨਾਲਾ ਵਿਧਾਨ ਸਭਾ ਹਲਕੇ ਦੀ ਸਥਿਤੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਵੱਖਰੀ ਹੈ। ਜਿਵੇਂ ਖਡੂਰ ਸਾਹਿਬ ਸੀਟ ਪੰਥਕ ਸੀਟ ਮੰਨੀ ਜਾਂਦੀ ਹੈ ਉਸੇ ਤਰ੍ਹਾਂ ਬਰਨਾਲਾ ਖੇਤਰ ਖੱਬੇ ਪੱਖੀ ਜਥੇਬੰਦੀਆਂ ਦਾ ਗੜ੍ਹ ਮੰਨਿਆਂ ਜਾਂਦਾ ਹੈ।

ਬਰਨਾਲਾ, ਸੰਗਰੂਰ ਸੀਟਾਂ ਨੂੰ ਆਮ ਆਦਮੀ ਪਾਰਟੀ ਵੀ ਆਪਣਾ ਅਧਾਰ ਮੰਨਦੀ ਹੈ।

ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਸ਼ਹਿਰੀ ਵੋਟਰ ਕਿਸੇ ਵੀ ਉਮੀਦਵਾਰ ਦੀ ਜਿੱਤ ਹਾਰ ਦਾ ਫੈਸਲਾ ਕਰਨ ਦੀ ਸਮਰੱਥਾ ਰੱਖਦੇ ਹਨ।

ਸਾਲ 2017 ਤੋਂ ਹਰ ਚੋਣ ਵਿੱਚ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਜਿੱਤਦੀ ਆ ਰਹੀ ਹੈ। ਲੋਕ ਸਭਾ ਚੋਣਾਂ ਦੌਰਾਨ ਸਿਮਰਨਜੀਤ ਸਿੰਘ ਮਾਨ ਇਸ ਸੀਟ ਤੋਂ ਪਿੱਛੇ ਰਹੇ ਹਨ।

ਗਿੱਦੜਵਾਹਾ ਸੀਟ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਕੋਲ ਰਹੀ ਹੈ।

ਸਾਲ 1995 ਤੋਂ 2007 ਤੱਕ ਇਸ ਹਲਕੇ ਦੀ ਨੁਮਾਇੰਦਗੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵਜੋਂ ਮਨਪ੍ਰੀਤ ਸਿੰਘ ਬਾਦਲ ਕਰਦੇ ਰਹੇ ਹਨ।

ਜਦਕਿ 2012 ਤੋਂ ਇਸ ਸੀਟ ਤੋਂ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਤਦੇ ਰਹੇ ਹਨ।

2024 ਦੀਆਂ ਲੋਕ ਸਭਾ ਚੋਣਾਂ ਵਿੱਚ ਰਾਜਾ ਵੜਿੰਗ ਦੇ ਲੋਕ ਸਭਾ ਮੈਂਬਰ ਬਣ ਜਾਣ ਕਾਰਨ ਇਹ ਸੀਟ ਖਾਲੀ ਹੋਈ ਹੈ।

ਕੀ ਕਹਿੰਦੇ ਹਨ ਸਿਆਸੀ ਮਾਹਿਰ?

ਜਗਰੂਪ ਸਿੰਘ ਸੇਖੋਂ

ਪੰਜਾਬ ਦੇ ਸਿਆਸੀ ਹਲਕਿਆਂ ਦਾ ਮੰਨਣਾ ਹੈ ਕਿ ਅਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੀ ਲੋਕ ਸਭਾ ਚੋਣਾਂ ਵਿੱਚ ਜਿੱਤ ਤੋਂ ਬਾਅਦ ਗਰਮਸੁਰ ਵਾਲੀਆਂ ਪੰਥਕ ਜਥੇਬੰਦੀਆਂ ਦੇ ਹੌਸਲੇ ਬੁਲੰਦ ਹੋ ਗਏ ਹਨ।

ਦੂਜੇ ਪਾਸੇ ਪੰਜਾਬ ਵਿੱਚ ਅਕਾਲੀ ਦਲ ਜਿਸ ਤਰ੍ਹਾਂ ਦੇ ਸਿਆਸੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ, ਉਸ ਤੋਂ ਇਨ੍ਹਾਂ ਜਥੇਬੰਦੀਆਂਂ ਨੂੰ ਲੱਗਦਾ ਹੈ ਕਿ ਇਹ ਅਕਾਲੀ ਦਲ ਦੀ ਖੁਸੀ ਸਿਆਸੀ ਜ਼ਮੀਨ ਉੱਤੇ ਪੈਰ ਜਮਾ ਸਕਣਗੇ।

ਕੁਝ ਲੋਕਾਂ ਦਾ ਮੰਨਣਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਦੀ ਸਿਆਸਤ ਕਰ ਰਹੀ ਹੈ, ਉਸ ਨਾਲ ਹੋ ਰਹੇ ਧਰੁਵੀਕਰਨ ਦਾ ਵੀ ਇਨ੍ਹਾਂ ਧਿਰਾਂ ਨੂੰ ਫਾਇਦਾ ਹੋ ਸਕਦਾ ਹੈ।

ਪਰ ਸਵਾਲ ਇਹ ਹੈ ਕਿ ਕੀ ਪੰਜਾਬ ਵਿੱਚ ਹੋ ਰਿਹਾ ਇਹ ਸਿਆਸੀ ਤਜਰਬਾ ਸਫ਼ਲ ਹੋਣ ਦੇ ਅਸਾਰ ਹਨ, ਕੀ ਇਹ ਪੰਥਕ ਧਿਰਾਂ ਅਕਾਲੀ ਦਲ ਦਾ ਬਦਲ ਬਣ ਸਕਣਗੀਆਂ।

ਇਸ ਬਾਰੇ ਅਸੀਂ ਸਿਆਸੀ ਜਾਣਕਾਰ ਡਾਕਟਰ ਜਗਰੂਪ ਸਿੰਘ ਸੇਖ਼ੋਂ ਨਾਲ ਗੱਲਬਾਤ ਕੀਤੀ।

ਡਾਕਟਰ ਜਗਰੂਪ ਸਿੰਘ ਸੇਖੋਂ ਕਹਿੰਦੇ ਹਨ, “ਲੋਕ ਸਭਾ ਚੋਣਾਂ ਵਿੱਚ ਅਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਦੀ ਜਿੱਤ ਇੱਕ ਖਾਸ ਸਥਿਤੀ ਦੀ ਉਪਜ ਸੀ। ਇਸ ਤਰ੍ਹਾਂ ਦਾ ਮੂਮੈਂਟਮ ਵਾਰ-ਵਾਰ ਨਹੀਂ ਹੁੰਦਾ ਹੈ”।

ਡਾ. ਜਗਰੂਪ ਸਿੰਘ ਸੇਖੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਜੁੜੇ ਹੋਏ ਇਤਿਹਾਸ ਅਤੇ ਸਿਆਸੀ ਮਾਮਲਿਆਂ ਦੇ ਮਾਹਰ ਹਨ।

ਉਨ੍ਹਾਂ ਨੇ ਕਿਹਾ, “ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਇਸ ਸਮੇਂ ਰਾਜਨੀਤਕ ਸੰਕਟ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ ਪਰ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀ ਅਕਾਲੀ ਦਲ ਦਾ ਬਦਲ ਨਹੀਂ ਬਣ ਸਕਦੇ ਹਨ”।

ਡਾਕਟਰ ਜਗਰੂਪ ਸਿੰਘ ਸੇਖੋਂ ਨੇ ਆਉਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਦੌਰਾਨ ਅਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਪੱਖ ਵਿੱਚ ਸਿਆਸੀ ਮਹੌਲ ਬਨਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ।

ਦੋਵੇਂ ਕਿਹੜੇ ਕਨੂੰਨ ਤਹਿਤ ਜੇਲ੍ਹ ਵਿੱਚ ਬੰਦ ਹਨ?

ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀ ਮਾਰਚ 2023 ਤੋਂ ਕੌਮੀ ਸੁਰੱਖਿਆ ਕਾਨੂੰਨ (ਐੱਨਐੱਸਏ) ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।

ਦੇਸ ਵਿੱਚ ਐਨਐਸਏ 1980 ਵਿੱਚ ਲਿਆਂਦਾ ਗਿਆ ਸੀ।

ਇਹ ਕੇਂਦਰੀ ਤੇ ਸੂਬਾਈ ਸਰਕਾਰਾਂ ਨੂੰ ਅਜਿਹੀਆਂ ਸ਼ਕਤੀਆਂ ਦਿੰਦਾ ਹੈ ਜਿਨ੍ਹਾਂ ਨਾਲ ਕਿਸੇ ਨੂੰ ਵੀ ਬਿਨਾਂ ਅਗਾਓਂ ਸੂਚਨਾ ਦੇ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ।

ਇਹ ਕਾਨੂੰਨ ਇੱਕ ਵਾਰ 12 ਮਹੀਨਿਆਂ ਤੱਕ ਵਿਅਕਤੀ ਨੂੰ ਹਿਰਾਸਤ ਵਿੱਚ ਰੱਖਣ ਦੀ ਇਜਾਜ਼ਤ ਦਿੰਦਾ ਹੈ। ਉਸ ਤੋਂ ਬਾਅਦ ਵਿਸ਼ੇਸ਼ ਕਮੇਟੀ ਵੱਲੋਂ ਸਮੀਖਿਆ ਕਰਕੇ ਇਸਦੀ ਮਿਆਦ ਵਧਾਈ ਜਾ ਸਕਦੀ ਹੈ।

ਦੇਸ ਦੀਆਂ ਜਮਹੂਰੀ ਜਥੇਬੰਦੀਆਂ ਸ਼ੁਰੂ ਤੋਂ ਹੀ ਐੱਨਐੱਸਏ ਦਾ ਵਿਰੋਧ ਕਰਦੀਆਂ ਆ ਰਹੀਆਂ ਹਨ। ਉਹਨਾਂ ਦਾ ਤਰਕ ਹੈ ਕਿ ਇਹ ਕਾਨੂੰਨ ਸਰਕਾਰ ਨੂੰ ਵੱਧ ਅਧਿਕਾਰ ਦਿੰਦਾ ਹੈ।

ਜਦਕਿ ਆਮ ਕੇਸਾਂ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ 24 ਘੰਟਿਆਂ ਅੰਦਰ ਅਦਾਲਤ ਵਿੱਚ ਪੇਸ਼ ਕਰਨਾ ਹੁੰਦਾ ਹੈ ਪਰ ਇਸ ਐਕਟ ਵਿੱਚ ਅਜਿਹਾ ਕੁਝ ਨਹੀਂ ਹੈ।

ਐੱਨਐੱਸਏ ਤਹਿਤ ਵਿਅਕਤੀ ਨੂੰ ਜ਼ਮਾਨਤ ਨਹੀਂ ਮਿਲ ਸਕਦੀ ਹੈ।

ਜੇਲ੍ਹ ਵਿੱਚੋਂ ਚੋਣ ਲੜਨਾ ਕੋਈ ਨਵੀਂ ਗੱਲ ਨਹੀਂ ਹੈ?

ਜੇਲ੍ਹ ਵਿੱਚੋਂ ਚੋਣ ਲੜਣਾ ਅਤੇ ਜਿੱਤਣਾ ਕੋਈ ਨਵੀਂ ਗੱਲ ਨਹੀਂ ਹੈ। ਕਈ ਰਾਜਨੀਤਕ ਆਗੂਆਂ ਦੀਆਂ ਉਦਹਾਰਨਾਂ ਹਨ ਜਿੰਨ੍ਹਾਂ ਦਾ ਸਿਆਸੀ ਸਫਰ ਜੇਲ੍ਹ ਤੋਂ ਹੀ ਸ਼ੁਰੂ ਹੋਇਆ ਹੈ।

ਪੰਜਾਬ ਦੀ ਖੱਬੇ ਪੱਖੀ ਲਹਿਰ ਨਾਲ ਸਬੰਧਤ ਕਾਮਰੇਡ ਵਧਾਵਾ ਰਾਮ ਨੇ 1952 ਦੀ ਚੋਣ ਜੇਲ੍ਹ ਵਿੱਚੋਂ ਹੀ ਜਿੱਤੀ ਸੀ।

ਕਾਮਰੇਡ ਜਗੀਰ ਸਿੰਘ ਜੋਗਾ ਅਤੇ ਕਾਮਰੇਡ ਧਰਮ ਸਿੰਘ ਫੱਕਰ ਨੇ 1954 ਦੀਆਂ ਚੋਣਾਂ ਜੇਲ੍ਹ ਵਿੱਚੋਂ ਹੀ ਜਿੱਤੀਆਂ ਸਨ।

1989 ਦੀ ਲੋਕ ਸਭਾ ਚੋਣ ਸਿਮਰਨਜੀਤ ਸਿੰਘ ਮਾਨ ਅਤੇ ਅਤਿੰਦਰਪਾਲ ਸਿੰਘ ਨੇ ਜੇਲ੍ਹ ਵਿੱਚ ਰਹਿੰਦਿਆਂ ਹੀ ਜਿੱਤੀ ਸੀ।

ਲੰਘੀਆਂ ਲੋਕ ਸਭਾ ਚੋਣਾਂ ਵਿੱਚ ਵੀ ਐਨਐਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅਮ੍ਰਿਤਪਾਲ ਸਿੰਘ ਅਤੇ ਯੂਏਪੀਏ ਤਹਿਤ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਅਬਦੁਲ ਰਸ਼ੀਦ ਸ਼ੇਖ਼ ਉਰਫ਼ ਇੰਜੀਨੀਅਰ ਰਸ਼ੀਦ ਨੇ ਕਸ਼ਮੀਰ ਦੀ ਬਾਰਾਮੁੱਲਾ ਸੀਟ ਤੋਂ ਜੇਲ੍ਹ ਵਿੱਚ ਰਹਿੰਦਿਆਂ ਜਿੱਤ ਦਰਜ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)