ਸਿਗਰਟ ਨਾ ਪੀਣ ਵਾਲਿਆਂ ਨੂੰ ਕਿਉਂ ਹੁੰਦਾ ਹੈ ਫੇਫੜਿਆਂ ਦਾ ਕੈਂਸਰ, ਉਹ ਗੱਲਾਂ ਜੋ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਹਨ

ਫੇਫੜਿਆਂ ਦੇ ਕੇਂਸਰ ਦਾ ਕੰਪਿਊਟਰ ਨਾਲ ਤਿਆੜ ਗ੍ਰਾਫਿਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੋ ਲੋਕ ਬੀੜੀ-ਸਿਗਰਟ ਨਹੀਂ ਪੀਂਦੇ ਅਤੇ ਨਾ ਹੀ ਤੰਬਾਕੂ ਦੀ ਵਰਤੋ ਕਰਦੇ ਹਨ, ਉਨ੍ਹਾਂ ਨੂੰ ਵੀ ਫੇਫੜਿਆਂ ਦੇ ਕੈਂਸਰ ਦੀ ਸੰਭਾਵਨਾ ਹੈ
    • ਲੇਖਕ, ਅਨਘਾ ਪਾਠਕ
    • ਰੋਲ, ਬੀਬੀਸੀ ਪੱਤਰਕਾਰ

ਮੈਂ ਆਪਣੀ ਪੂਰੀ ਜ਼ਿੰਦਗੀ ਕਦੇ ਸਿਗਰਟ ਨਹੀਂ ਪੀਤੀ ਅਤੇ ਮੇਰੇ ਦੋਸਤ 40 ਸਾਲਾਂ ਤੋਂ ਧੂਆਂ ਪਾਨ ਕਰ ਰਹੇ ਹਨ। ਲੇਕਿਨ ਫੇਫੜਿਆਂ ਦਾ ਕੈਂਸਰ ਮੈਨੂੰ ਹੋ ਗਿਆ। ਕਿਵੇਂ?

ਇਹ ਇੱਕ ਸਵਾਲ ਹੈ ਜੋ ਡਾਕਟਰ ਅੰਬਰੀਸ਼ ਚੈਟਰਜੀ ਨੂੰ ਅਕਸਰ ਪੁੱਛਿਆ ਜਾਂਦਾ ਹੈ। ਡਾਕਟਰ ਚੈਟਰਜੀ ਅਪੋਲੋ ਹਸਪਤਾਲ ਵਿੱਚ ਇੱਕ ਕੈਂਸਰ ਮਾਹਰ (ਸਰਜੀਕਲ ਆਨਕਾਲੋਜਿਸਟ) ਹਨ।

“ਸਿਗਰਟਨੋਸ਼ੀ ਹੀ ਫੇਫੜਿਆਂ ਦੇ ਕੈਂਸਰ ਦੀ ਸਭ ਤੋਂ ਵੱਡੀ ਵਜ੍ਹਾ ਮੰਨੀ ਜਾਂਦੀ ਹੈ। ਇਸ ਕੈਂਸਰ ਨਾਲ ਜੂਝਣ ਵਾਲੇ 80 ਫੀਸਦੀ ਮਰੀਜ਼ਾਂ ਵਿੱਚ ਸਿਗਰਟ ਅਤੇ ਤੰਬਾਕੂ ਦੀ ਵਰਤੋਂ ਕਰਨ ਵਾਲੇ ਲੋਕ ਹੀ ਸ਼ਾਮਿਲ ਹਨ।”

“ਹਾਲਾਂਕਿ ਬਾਕੀ 20 ਫੀਸਦੀ ਉਹ ਲੋਕ ਹਨ, ਜੋ ਇਨ੍ਹਾਂ ਚੀਜ਼ਾਂ ਦੀ ਵਰਤੋਂ ਨਹੀਂ ਕਰਦੇ ਹਨ। ਇਹ ਇੱਕ ਸੱਚ ਹੈ।”

ਇਸ ਲਈ ਸੰਭਵ ਹੈ ਕਿ ਅਜਿਹੇ ਲੋਕਾਂ ਨੂੰ ਵੀ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ, ਜੋ ਸਿਗਰਟ ਨਹੀਂ ਪੀਂਦੇ, ਤੰਬਾਕੂ ਨਹੀਂ ਖਾਂਦੇ, ਬਹੁਤ ਜ਼ਿਆਦਾ ਪ੍ਰਦੂਸ਼ਣ ਵਾਲੇ ਇਲਾਕੇ ਵਿੱਚ ਨਹੀਂ ਰਹਿੰਦੇ ਜਾਂ ਫਿਰ ਕਿਸੇ ਖ਼ਦਾਨ ਵਿੱਚ ਕੰਮ ਨਹੀਂ ਕਰਦੇ।

ਨਵੰਬਰ ਵਿੱਚ ਫੇਫੜਿਆਂ ਦੇ ਕੈਂਸਰ ਬਾਰੇ ਜਾਗਰੂਕਤਾ ਪ੍ਰੋਗਰਾਮ ਚਲਾਇਆ ਜਾਂਦਾ ਹੈ। ਇਸ ਮੌਕੇ ਜਾਣੋ ਕੈਂਸਰ ਨਾਲ ਜੁੜੀਆਂ ਉਹ ਗੱਲਾਂ ਜੋ, ਤੁਹਾਨੂੰ ਜਾਨਣੀਆਂ ਚਾਹੀਦੀਆਂ ਹਨ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਨਵਾਈਟ ਲਿੰਕ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਫੇਫੜਿਆਂਂ ਨਾਲ ਜਾਣ-ਪਛਾਣ

ਫੇਫੜੇ ਮਨੁੱਖੀ ਸਰੀਰ ਦੀ ਸਾਹ ਪ੍ਰਣਾਲੀ ਦਾ ਹਿੱਸਾ ਹਨ। ਮਤਲਬ ਫੇਫੜੇ ਇਨਸਾਨ ਨੂੰ ਸਾਹ ਲੈਣ ਵਿੱਚ ਮਦਦ ਕਰਦੇ ਹਨ।

ਇਹ ਮਨੁੱਖੀ ਸਰੀਰ ਦੇ ਫਿਲਟਰਾਂ ਵਜੋਂ ਕੰਮ ਕਰਦੇ ਹਨ। ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਹਵਾ ਦੇ ਨਾਲ-ਨਾਲ ਕੁਝ ਗੈਸਾਂ ਜਿਵੇਂ- ਨਾਈਟ੍ਰੋਜਨ, ਕਾਰਬਨ ਡਾਈਆਕਸਾਈਡ ਅਤੇ ਆਕਸੀਜ਼ਨ ਵੀ ਸਾਡੇ ਅੰਦਰ ਜਾਂਦੀਆਂ ਹਨ।

ਸਿਗਰਟਨੋਸ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਮਨੁੱਖੀ ਸਰੀਰ ਦੇ ਫਿਲਟਰਾਂ ਵਜੋਂ ਕੰਮ ਕਰਦੇ ਹਨ। ਬਾਕੀ ਗੈਸਾਂ ਨੂੰ ਬਾਹਰ ਰੱਖ ਦੇ ਆਕਸੀਜ਼ਨ ਨੂੰ ਸਾਡੇ ਖੂਨ ਵਿੱਚ ਸ਼ਾਮਲ ਕਰਦੇ ਹਨ

ਫੇਫੜੇ ਇਨ੍ਹਾਂ ਗੈਸਾਂ ਵਿੱਚੋਂ ਆਕਸੀਜ਼ਨ ਨੂੰ ਫਿਲਟਰ ਕਰਕੇ ਸਰੀਰ ਤੱਕ ਪਹੁੰਚਾਉਂਦੇ ਹਨ ਅਤੇ ਬਾਕੀ ਗੈਸਾਂ ਨੂੰ ਬਾਹਰ ਕਰ ਦਿੰਦੇ ਹਨ।

ਫੇਫੜਿਆਂ ਦੀਆਂ ਕੋਸ਼ਿਕਾਵਾਂ ਲਗਾਤਾਰ ਕੰਮ ਕਰਦੀਆਂ ਰਹਿੰਦੀਆਂ ਹਨ। ਜਦੋਂ ਉਹ ਨੁਕਸਾਨੀਆਂ ਜਾਂਦੀਆਂ ਹਨ ਤਾਂ ਆਪਣੇ-ਆਪ ਠੀਕ ਹੋਣਾ ਸ਼ੁਰੂ ਕਰ ਦਿੰਦੀਆਂ ਹਨ।

ਡਾਕਟਰ ਅੰਬਰੀਸ਼ ਚਟਰਜੀ ਕਹਿੰਦੇ ਹਨ, “ਲੇਕਿਨ, ਜਦੋਂ ਮਨੁੱਖੀ ਸਰੀਰ ਦਾ ਸਾਹਮਣਾ ਬਾਹਰੀ ਰਸਾਇਣਾਂ ਜਿਵੇਂ ਸਿਗਰਟਨੋਸ਼ੀ ਨਾਲ ਹੁੰਦਾ ਹੈ ਤਾਂ ਇਸ ਨਾਲ ਫੇਫੜਿਆਂ ਦੇ ਸੈੱਲ ਨਸ਼ਟ ਹੋ ਜਾਂਦੇ ਹਨ।”

“ਲੰਬੇ ਸਮੇਂ ਤੱਕ ਧੂਆਂ ਪੀਣ ਜਾਂ ਇਸਦੇ ਮਾਹੌਲ ਵਿੱਚ ਰਹਿਣ ਦੇ ਦੌਰਾਨ ਫੇਫੜਿਆਂ ਦੇ ਸੈੱਲ ਨਸ਼ਟ ਹੋ ਜਾਂਦੇ ਹਨ। ਇਸ ਤੋਂ ਬਾਅਦ ਕੋਸ਼ਿਕਾਵਾਂ ਦਾ ਆਪਣੇ-ਆਪ ਨੂੰ ਠੀਕ ਕਰਨ ਦਾ ਸਿਸਟਮ ਬਦਲ ਜਾਂਦਾ ਹੈ।”

“ਫੇਰ ਕੋਸ਼ਿਕਾਵਾਂ ਘਾਤਕ ਸੈਲ ਬਣਾਉਣ ਲਗਦੀਆਂ ਹਨ। ਇਹ ਸੈੱਲ ਸਾਡੀ ਸਾਹ ਲੈਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਹਨ।”

ਫੇਫੜਿਆਂ ਦੇ ਕੈਂਸਰ ਦੇ ਕਾਰਨ

ਸਿਗਰਟਨੋਸ਼ੀ

ਤਸਵੀਰ ਸਰੋਤ, Getty Images

ਸ਼੍ਰੀ ਗੰਗਾ ਰਾਮ ਹਸਪਤਾਲ ਦਿੱਲੀ ਦੀ ਵੈਬਸਾਈਟ ਮੁਤਾਬਕ ਹੇਠ ਲਿਖੇ ਕੁਝ ਕਾਰਨਾਂ ਕਰਕੇ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ—

ਤੰਬਾਕੂ ਅਤੇ ਸਿਗਰਟਨੋਸ਼ੀ

ਭਾਰਤ ਵਿੱਚ ਫੇਫੜਿਆਂ ਦੇ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਤੰਬਾਕੂ ਅਤੇ ਸਿਗਰਟਨੋਸ਼ੀ ਹੈ। 10 ਵਿੱਚੋਂ 9 ਮਰੀਜ਼ਾਂ ਨੂੰ ਕੈਂਸਰ ਦਾ ਇਹੀ ਕਾਰਨ ਹੁੰਦਾ ਹੈ।

ਦਰਅਸਲ, ਸਿਗਰਟਨੋਸ਼ੀ ਦੇ ਰਾਹੀਂ ਮਨੁੱਖ ਦੇ ਫੇਫੜਿਆਂ ਵਿੱਚ ਹਜ਼ਾਰਾਂ ਘਾਤਕ ਰਸਾਇਣ ਪਹੁੰਚ ਜਾਂਦੇ ਹਨ। ਇਨ੍ਹਾਂ ਵਿੱਚੋਂ ਕਈ ਕੈਂਸਰ ਦਾ ਕਾਰਨ ਬਣਦੇ ਹਨ। ਸਗੋਂ ਚਿੱਥਣ ਵਾਲਾ ਤੰਬਾਕੂ ਵੀ ਕੈਂਸਰ ਦੀ ਸੰਭਾਵਨਾ ਨੂੰ ਵਧਾ ਦਿੰਦਾ ਹੈ।

ਇਸ ਤੋਂ ਇਲਾਵਾ, ਪੈਸਿਵ ਸਮੋਕਿੰਗ ਵੀ ਫੇਫੜਿਆਂ ਦੇ ਕੈਂਸਰ ਦੀ ਵਜ੍ਹਾ ਬਣ ਸਕਦੀ ਹੈ। ਜਿਵੇਂ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਕੋਲ ਖੜ੍ਹੇ ਹੋ, ਜੋ ਸਿਗਰਟ ਜਾਂ ਬੀੜੀ ਪੀ ਰਿਹਾ ਹੋਵੇ ਤਾਂ ਤੁਹਾਨੂੰ ਵੀ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।

ਬੀਬੀਸੀ ਵਿੱਚ ਛਪੇ ਇੱਕ ਲੇਖ ਮੁਤਾਬਕ ਬ੍ਰਿਟੇਨ ਵਿੱਚ ਹੋਈ ਕੈਂਸਰ ਰਿਸਰਚ ਸੰਸਥਾ ਦੇ ਮੁਖੀ ਚਾਰਲਸ ਸਵੇਂਟਨ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ।

ਉਹ ਕਹਿੰਦੇ ਹਨ, “ਧੂਆਂ ਪਾਨ ਨਾ ਕਰਨ ਵਾਲਿਆਂ ਨੂੰ ਵੀ ਕੈਂਸਰ ਹੋ ਜਾਣਾ ਕੋਈ ਛੋਟੀ ਗੱਲ ਨਹੀਂ ਹੈ। ਮੇਰੇ ਕੰਮ ਕਰਨ ਦੇ ਦੌਰਾਨ 5-10 ਫੀਸਦੀ ਮਰੀਜ਼ ਅਜਿਹੇ ਰਹੇ ਹਨ, ਜਿਨ੍ਹਾਂ ਨੂੰ ਫੇਫੜਿਆਂ ਦਾ ਕੈਂਸਰ ਹੋਇਆ ਪਰ ਉਨ੍ਹਾਂ ਨੇ ਕਦੇ ਧੂਆਂ ਪਾਨ ਨਹੀਂ ਕੀਤਾ ਸੀ।”

ਹਵਾ ਪ੍ਰਦੂਸ਼ਣ

ਭਾਰਤ ਵੱਡੇ ਪੈਮਾਨੇ ਉੱਤੇ ਹਵਾ ਪ੍ਰਦੂਸ਼ਣ ਨਾਲ ਜੂਝ ਰਿਹਾ ਹੈ। ਖਾਸ ਤੌਰ ਉੱਤੇ ਵੱਡੇ ਸ਼ਹਿਰਾਂ ਵਿੱਚ।

ਟਰੈਫ਼ਿਕ ਜਾਮ, ਸਨਅਤਾਂ ਦਾ ਰਸਾਇਣਕ ਕੂੜਾ, ਕੂੜਾ ਸਾੜਨ ਤੋਂ ਨਿਕਲਣ ਵਾਲੇ ਰਸਾਇਣ ਫੇਫੜਿਆਂ ਦੇ ਸੈਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਕੈਂਸਰ ਦੇ ਖ਼ਤਰੇ ਨੂੰ ਵਧਾਉਂਦੇ ਹਨ।

ਏਮਸ ਦਿੱਲੀ ਵਿੱਚ ਸਰਜੀਕਲ ਆਨਕੌਲੋਜੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਏਵੀਐੱਸ ਦੇਵ ਵੀ ਅਜਿਹੀ ਹੀ ਰਾਇ ਰੱਖਦੇ ਹਨ।

ਉਹ ਕਹਿੰਦੇ ਹਨ, “ਇਹ ਸੱਚ ਹੈ ਕਿ ਤੰਬਾਕੂ ਦਾ ਸੇਵਨ ਅਤੇ ਸਿਗਰਟਨੋਸ਼ੀ ਫੇਫੜਿਆਂ ਦਾ ਕੈਂਸਰ ਹੋਣ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਹੈ, ਲੇਕਿਨ ਹਵਾ ਪ੍ਰਦੂਸ਼ਣ ਵੀ ਸਿਗਰਟਨੋਸ਼ੀ ਨਾ ਕਰਨ ਵਾਲਿਆਂ ਲਈ ਕੈਂਸਰ ਦੀ ਇੱਕ ਵਜ੍ਹਾ ਬਣ ਸਕਦਾ ਹੈ।”

ਰੇਡਾਨ ਇੱਕ ਰੇਡੀਓਐਕਟਿਵ ਗੈਸ ਹੈ, ਜੋ ਕਿਸੇ ਉਸਾਰੀ ਵਾਲੀ ਥਾਂ ਉੱਤੇ ਪਾਈ ਜਾਂਦੀ ਹੈ। ਜਾਂ ਫਿਰ ਕਿਸੇ ਤਰ੍ਹਾਂ ਦੀ ਮਿੱਟੀ ਵਿੱਚ। ਜੇ ਲੰਬੇ ਸਮੇਂ ਤੱਕ ਵਿਅਕਤੀ ਅਜਿਹੇ ਕਿਸੇ ਇਲਾਕੇ ਵਿੱਚ ਰਹਿੰਦਾ ਹੈ ਤਾਂ ਉਸ ਨੂੰ ਫੇਫੜਿਆਂ ਦਾ ਕੈਂਸਰ ਹੋਣ ਦੀ ਸੰਭਾਵਨਾ ਵੱਧਦੀ ਹੈ।

ਸਿਗਰਟਨੋਸ਼ੀ

ਤਸਵੀਰ ਸਰੋਤ, Getty Images

ਪੇਸ਼ੇ ਦੇ ਕਾਰਨ ਪੈਦਾ ਹੋਣ ਵਾਲਾ ਖ਼ਤਰਾ

ਫੇਫੜਿਆਂ ਦਾ ਕੈਂਸਰ ਹੋਣ ਦਾ ਇੱਕ ਕਾਰਨ ਤੁਹਾਡੇ ਕੰਮ ਕਰਨ ਦੀ ਥਾਂ ਵੀ ਹੋ ਸਕਦੀ ਹੈ।

ਕੁਝ ਸਨਅਤਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਇਸ ਕੈਂਸਰ ਤੋਂ ਪੀੜਤ ਹੋ ਸਕਦੇ ਹਨ। ਜਿਵੇਂ ਖਾਣ ਮਜ਼ਦੂਰ ਅਤੇ ਰਸਾਇਣ ਉਤਪਾਦਨ, ਜਾਂ ਫਿਰ ਨੌਨ-ਸਮੋਕਰ ਲੋਕ ਜੋ ਕਿਸੇ ਰੈਸਤਰਾਂ ਜਾਂ ਬਾਰ ਵਿੱਚ ਜਾਂਦੇ ਹਨ।

ਇਨ੍ਹਾਂ ਸਾਰੇ ਲੋਕਾਂ ਨੂੰ ਫੇਫੜਿਆਂ ਦਾ ਕੈਂਸਰ ਹੋਣ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ।

ਇਸ ਤੋਂ ਇਲਾਵਾ ਜਨੈਟਿਕ ਕਾਰਨ ਵੀ ਫੇਫੜਿਆਂ ਦੇ ਕੈਂਸਰ ਦਾ ਇੱਕ ਕਾਰਨ ਹੋ ਸਕਦੇ ਹਨ।

ਡਾਕਟਰ ਚਟਰਜੀ ਕਹਿੰਦੇ ਹਨ, “ਅਜਿਹੇ ਵੀ ਕੁਝ ਮਾਮਲੇ ਦੇਖਣ ਵਿੱਚ ਆਏ ਹਨ, ਜਿੱਥੇ ਜਨੈਟਿਕ ਕਾਰਨਾਂ ਕਰਕੇ ਧੂਆਂ ਪਾਨ ਨਾ ਕਰਨ ਵਾਲੇ ਵੀ ਫੇਫੜਿਆਂ ਦੇ ਕੈਂਸਰ ਦਾ ਸ਼ਿਕਾਰ ਹੋ ਗਏ।”

ਫੇਫੜਿਆਂ ਦੇ ਕੈਂਸਰ ਦੇ ਲੱਛਣ

ਸਿਗਰਟ ਬੁਝਾਉਣ ਵਾਲੀ ਟਰੇ ਹੈ ਜੋ ਫੇਫੜਿਆਂ ਦੇ ਅਕਾਰ ਦੀ ਹੈ। ਉਸ ਵਿੱਚ ਇੱਕ ਔਰਤ ਦਾ ਹੱਥ ਸਿਗਰਟ ਨੂੰ ਬੁਝਾਉਂਦਾ ਦਿਖਾਇਆ ਗਿਆ ਹੈ। ਤਸਵੀਰ ਦਾ ਮੁੱਖ ਰੰਗ ਲਾਲ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੁਨੀਆਂ ਵਿੱਚ ਫੇਫੜਿਆਂ ਦੇ 85 ਫੀਸਦੀ ਮਾਮਲਿਆਂ ਦਾ ਕਾਰਨ ਧੂਆਂ ਪਾਨ ਹੁੰਦਾ ਹੈ

ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ, ਦੁਨੀਆਂ ਭਰ ਵਿੱਚ ਕੈਂਸਰ ਦੇ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਸਭ ਤੋਂ ਵੱਡਾ ਕਾਰਨ ਫੇਫੜਿਆਂ ਦਾ ਕੈਂਸਰ ਹੈ। ਮਰਦਾਂ ਅਤੇ ਔਰਤਾਂ ਦੋਵਾਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਸਭ ਤੋਂ ਵੱਡੀ ਵਜ੍ਹਾ ਫੇਫੜਿਆਂ ਦੇ ਕੈਂਸਰ ਨੂੰ ਮੰਨਿਆ ਜਾਂਦਾ ਹੈ।

ਫੇਫੜਿਆਂ ਦੇ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਸਿਗਰਟਨੋਸ਼ੀ ਹੈ। ਇਹ 85 ਫੀਸਦੀ ਮਾਮਲਿਆਂ ਵਿੱਚ ਫੇਫੜਿਆਂ ਦੇ ਕੈਂਸਰ ਦਾ ਕਾਰਨ ਹੈ।

ਫੇਫੜਿਆਂ ਦੇ ਕੈਂਸਰ ਦੇ ਕਈ ਲੱਛਣ ਹੁੰਦੇ ਹਨ, ਜੋ ਫੇਫੜਿਆਂ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਵੱਲ ਇਸ਼ਾਰਾ ਕਰਦੇ ਹਨ।

ਸਭ ਤੋਂ ਜ਼ਿਆਦਾ ਆਮ ਲੱਛਣ

  • ਕਦੇ ਨਾ ਖ਼ਤਮ ਹੋਣ ਵਾਲੀ ਖੰਘ
  • ਛਾਤੀ ਵਿੱਚ ਦਰਦ
  • ਵਾਰ-ਵਾਰ ਸਾਹ ਫੁੱਲਣਾ
  • ਖੂਨ ਦਾ ਪਤਲਾ ਹੋਣਾ
  • ਥਕਾਨ
  • ਬਿਨਾਂ ਕਿਸੇ ਕਾਰਨ ਤੋਂ ਭਾਰ ਘਟਣਾ
  • ਫੇਫੜਿਆਂ ਵਿੱਚ ਵਾਰ-ਵਾਰ ਇਨਫੈਕਸ਼ਨ ਹੋਣਾ

ਸ਼ੁਰੂਆਤੀ ਲੱਛਣ ਸਧਾਰਨ ਹੋ ਸਕਦੇ ਹਨ ਜਾਂ ਫਿਰ ਅਜਿਹਾ ਵੀ ਹੋ ਸਕਦਾ ਹੈ ਕਿ ਉਹ ਤੁਰੰਤ ਪਕੜ ਵਿੱਚ ਨਾ ਆਉਣ। ਇਸਦੇ ਚੱਲਦਿਆਂ ਅਜਿਹਾ ਵੀ ਹੋ ਸਕਦਾ ਹੈ ਕਿ ਇਲਾਜ ਸ਼ੁਰੂ ਕਰਨ ਵਿੱਚ ਦੇਰੀ ਹੋ ਜਾਵੇ।

ਫੇਫੜਿਆਂ ਦੇ ਕੈਂਸਰ ਤੋਂ ਬਚਣ ਦੀ ਕਿੰਨੀ ਸੰਭਾਵਨਾ

ਡਾਕਟਰ ਚਟਰਜੀ ਕਹਿੰਦੇ ਹਨ, “ਫੇਫੜੇ ਅਹਿਮ ਅੰਗ ਹਨ। ਇਨ੍ਹਾਂ ਅੰਗਾਂ ਦੇ ਨਾਲ ਸਮੱਸਿਆ ਇਹ ਹੈ ਕਿ ਜਦੋਂ ਤੱਕ ਇਹ ਬਹੁਤ ਜ਼ਿਆਦਾ ਨੁਕਸਾਨੇ ਨਹੀਂ ਜਾਂਦੇ, ਉਦੋਂ ਤੱਕ ਇਹ ਕਿਸੇ ਕਿਸਮ ਦੇ ਲੱਛਣ ਨਹੀਂ ਦਿਖਾਉਂਦੇ ਹਨ।”

ਇਹੀ ਕਾਰਨ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਪਤਾ ਲਗਦਾ ਹੈ, ਉਦੋਂ ਤੱਕ ਕੈਂਸਰ ਆਪਣੇ ਆਖਰੀ ਪੜਾਅ ਉੱਤੇ ਪਹੁੰਚ ਚੁੱਕਿਆ ਹੁੰਦਾ ਹੈ।

ਉਨ੍ਹਾਂ ਨੇ ਦੱਸਿਆ, “ਜਦੋਂ ਫੇਫੜਿਆਂ ਦੇ ਕੈਂਸਰ ਦਾ ਪਤਾ ਲਗਦਾ ਹੈ ਤਾਂ ਇਨ੍ਹਾਂ ਮਾਮਲਿਆਂ ਵਿੱਚ 15-20 ਫੀਸਦੀ ਮਾਮਲੇ ਹੀ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਸਕਦਾ ਹੈ।”

ਫੇਫੜਿਆਂ ਦਾ ਕੰਪਿਊਟਰ ਨਾਲ ਤਿਆਰ ਗਰਾਫਿਕਸ

ਤਸਵੀਰ ਸਰੋਤ, Getty Images

“ਦਰਅਸਲ, ਇਹ ਉਹ ਸਮਾਂ ਹੁੰਦਾ ਹੈ, ਜਦੋਂ ਟਿਊਮਰ ਦਾ ਇਲਾਜ ਕੀਤਾ ਜਾ ਸਕਦਾ ਹੈ। ਇੱਕ ਵਾਰ ਟਿਊਮਰ ਆਖਰੀ ਪੜਾਅ ਉੱਤੇ ਪਹੁੰਚ ਗਿਆ ਤਾਂ ਫਿਰ ਇਸ ਤੋਂ ਬਾਅਦ ਇਲਾਜ ਸੰਭਵ ਨਹੀਂ ਹੁੰਦਾ ਹੈ।”

ਲੈਂਸੇਟ ਰਿਸਰਚ ਜਨਰਲ ਵਿੱਚ ਛਪੀ ਇੱਕ ਸਟੱਡੀ ਮੁਤਾਬਕ ਸਾਲ 2020 ਤੱਕ ਫੇਫੜਿਆਂ ਦਾ ਕੈਂਸਰ ਦੁਨੀਆਂ ਦੀ ਦੂਜੀ ਸਭ ਤੋਂ ਭਿਆਨਕ ਬੀਮਾਰੀ ਸੀ। ਉਦੋਂ ਹਰ ਸਾਲ ਫੇਫੜਿਆਂ ਦੇ ਕੈਂਸਰ ਦੇ 22 ਲੱਖ ਛੇ ਹਜ਼ਾਰ 771 ਮਾਮਲੇ ਮਿਲ ਰਹੇ ਸਨ।

ਇਹ ਸਾਰੇ ਤਰ੍ਹਾਂ ਦੇ ਕੈਂਸਰ ਮਰੀਜ਼ਾਂ ਦੀ ਸੰਖਿਆ ਦਾ 11.6 ਫੀਸਦੀ ਹਿੱਸਾ ਸੀ। ਲੇਕਿਨ ਫੇਫੜਿਆਂ ਦੇ ਕੈਂਸਰ ਤੋਂ ਹੋਣ ਵਾਲੀਆਂ ਮੌਤਾਂ 17 ਲੱਖ 96 ਹਜ਼ਾਰ 144 ਸਨ। ਇਹ ਕੈਂਸਰ ਨਾਲ ਹੋਣ ਵਾਲੀਆਂ ਕੁੱਲ ਮੌਤਾਂ ਦਾ 18 ਫੀਸਦੀ ਸੀ।

ਭਾਰਤ ਵਿੱਚ ਫੇਫੜਿਆਂ ਦੇ ਕੈਂਸਰ ਦੇ ਹਰ ਸਾਲ 72 ਹਜ਼ਾਰ 510 ਮਾਮਲੇ ਮਿਲਦੇ ਹਨ ਜੋ ਕਿ ਕੁੱਲ ਦਾ 5.8 ਫੀਸਦੀ ਹੈ।

ਉੱਥੇ ਹੀ ਇਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਸੰਖਿਆ 66 ਹਜ਼ਾਰ 279 ਹੈ, ਜੋ ਕੈਂਸਰ ਨਾਲ ਹੋਣ ਵਾਲੀਆਂ ਕੁੱਲ ਮੌਤਾਂ ਦਾ 7.8 ਫੀਸਦੀ ਹੈ।

ਫੇਫੜਿਆਂ ਦੇ ਕੈਂਸਰ ਦੇ ਮਾਮਲੇ ਭਾਰਤ ਵਿੱਚ ਪੱਛਮੀ ਦੇਸਾਂ ਦੀ ਤੁਲਨਾ ਵਿੱਚ ਇੱਕ ਦਹਾਕਾ ਪਹਿਲਾਂ ਆਉਣੇ ਸ਼ੁਰੂ ਹੋਏ। ਇੱਥੇ ਇਸ ਕੈਂਸਰ ਦੀ ਔਸਤ ਉਮਰ 54 ਤੋਂ 70 ਸਾਲ ਹੈ।

ਇਸ ਮਾਮਲੇ ਵਿੱਚ ਖ਼ਤਰੇ ਦੀ ਸੰਭਾਵਨਾ ਦੀ ਗੱਲ ਕੀਤੀ ਜਾਵੇ ਤਾਂ ਹਵਾ ਪ੍ਰਦੂਸ਼ਣ, ਕੋਸ਼ਿਕਾਵਾਂ ਦਾ ਬਦਲਣਾ ਵਰਗੇ ਕਾਰਕ ਧੂਆਂ ਪਾਨ ਨਾ ਕਰਨ ਵਾਲਿਆਂ ਵਿੱਚ ਵੀ ਫੇਫੜਿਆਂ ਦੇ ਕੈਂਸਰ ਦਾ ਕਾਰਨ ਬਣ ਜਾਂਦੇ ਹਨ।

ਕਈ ਅਧਿਐਨ ਦੱਸਦੇ ਹਨ ਕਿ ਦੱਖਣ ਪੂਰਬੀ ਏਸ਼ੀਆ ਵਿੱਚ ਫੇਫੜਿਆਂ ਦੇ ਕੈਂਸਰ ਦੇ ਕੈਂਸਰ ਦੇ ਪੀੜਤਾਂ ਵਿੱਚ ਉਨ੍ਹਾਂ ਲੋਕਾਂ ਦੀ ਸੰਖਿਆ ਜ਼ਿਆਦਾ ਹੈ ਜੋ ਸਿਗਰਟਨੋਸ਼ੀ ਨਹੀਂ ਕਰਦੇ ਹਨ।

ਇਨ੍ਹਾਂ ਅਧਿਐਨਾਂ ਵਿੱਚ 40-50 ਫੀਸਦੀ ਅਧਿਐਨ ਭਾਰਤ ਵਿੱਚ ਜਦਕਿ 83 ਫੀਸਦੀ ਦੱਖਣ ਪੂਰਬੀ ਔਰਤਾਂ ਵਿੱਚ ਦੇਖਣ ਨੂੰ ਮਿਲੇ ਹਨ।

ਰੱਖਿਆ ਲਈ ਉਪਾਅ

ਡਾਕਟਰ ਅਤੇ ਸਿਹਤ ਸੰਗਠਨ ਇਸ ਬਾਰੇ ਇੱਕ ਰਾਇ ਹਨ ਕਿ ਫੇਫੜਿਆਂ ਦੇ ਕੈਂਸਰ ਦੇ ਖ਼ਤਰੇ ਨੂੰ ਆਪਣੇ ਤੋਂ ਦੂਰ ਰੱਖਣ ਦੇ ਲਈ ਜ਼ਰੂਰੀ ਹੈ ਕਿ ਸਿਗਰਟਨੋਸ਼ੀ ਅਤੇ ਤੰਬਾਕੂ ਦੀ ਵਰਤੋਂ ਤੋਂ ਦੂਰੀ ਵਰਤੀ ਜਾਵੇ।

ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦਾ ਕਹਿਣਾ ਹੈ ਕਿ ਤੁਸੀਂ ਇਹ ਉਪਾਅ ਕਰਕੇ ਫੇਫੜਿਆਂ ਦੇ ਕੈਂਸਰ ਦੀ ਸੰਭਾਵਨਾ ਨੂੰ ਟਾਲ ਸਕਦੇ ਹੋ।

ਫੇਫੜਿਆਂ ਦਾ ਐਕਸਰੇ

ਤਸਵੀਰ ਸਰੋਤ, Getty Images

ਜਿਵੇਂ— ਧੂਆਂ ਪਾਨ ਵਾਲੇ ਸਥਾਨ ਤੋਂ ਦੂਰੀ ਬਣਾ ਕੇ ਰੱਖੋ, ਹਵਾ ਪ੍ਰਦੂਸ਼ਣ ਵਾਲੇ ਮਾਹੌਲ ਤੋਂ ਸਾਵਧਾਨੀ ਵਰਤੋ, ਅਜਿਹੀ ਥਾਂ ਜਿੱਥੋਂ ਰਸਾਇਣ ਨਿਕਲਦੇ ਹੋਣ ਦੂਰ ਰਹੋ।

ਤੁਹਾਨੂੰ ਆਪਣੇ ਘਰ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਉੱਤੇ ਰੇਡਾਨ ਗੈਸ ਦਾ ਪੱਧਰ ਕਿੰਨਾ ਹੈ ਤਾਂ ਕਿ ਉਸਦੇ ਪੱਧਰ ਨੂੰ ਘਟਾਉਣ ਲਈ ਕਦਮ ਚੁੱਕੇ ਜਾ ਸਕਣ।

ਕੁਝ ਹੋਰ ਖ਼ਤਰੇ ਜਿਵੇਂ ਤੁਹਾਡੇ ਪਰਿਵਾਰ ਦਾ ਡਾਕਟਰੀ ਇਤਿਹਾਸ ਰਿਹਾ ਹੋਵੇ, ਜਿਨ੍ਹਾਂ ਨੂੰ ਫੇਫੜਿਆਂ ਦਾ ਕੈਂਸਰ ਹੋਇਆ ਹੋਵੇ, ਉਸ ਨੂੰ ਨਹੀਂ ਬਦਲਿਆ ਜਾ ਸਕਦਾ।

ਜੇ ਤੁਹਾਡੇ ਕਿਸੇ ਪਰਿਵਾਰਕ ਜੀਅ ਨੂੰ ਫੇਫੜਿਆਂ ਦਾ ਕੈਂਸਰ ਹੋਇਆ ਹੈ ਅਤੇ ਅਜਿਹਾ ਹੁੰਦਾ ਰਿਹਾ ਹੈ ਤਾਂ ਤੁਸੀਂ ਸਿਰਫ਼ ਇਹ ਕਰ ਸਕਦੇ ਹੋ ਕਿ ਤੰਦਰੁਸਤ ਰਹਿਣ ਦੀ ਕੋਸ਼ਿਸ਼ ਕਰੋ।

ਜੋ ਲੋਕ ਸਿਗਰਟਨੋਸ਼ੀ ਨਹੀਂ ਕਰਦੇ ਹਨ ਅਤੇ ਉਨ੍ਹਾਂ ਨੂੰ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਹੈ, ਅਜਿਹੇ ਲੋਕਾਂ ਦੇ ਮਾਮਲੇ ਵਿੱਚ ਜ਼ਿਆਦਾਤਰ ਮਰੀਜ਼ ਉਹ ਹੁੰਦੇ ਹਨ, ਜਿਨ੍ਹਾਂ ਨੂੰ ਇਹ ਬੀਮਾਰੀ ਵਿਰਾਸਤ ਵਜੋਂ ਮਿਲੀ ਹੁੰਦੀ ਹੈ।

ਇਹ ਇਸ ਤਰ੍ਹਾਂ ਹੈ ਜਿਵੇਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਇਸ ਕੋਸ਼ਿਕਾ ਦਾ ਫੈਲਣਾ। ਥੈਰਿਪੀ ਦੇ ਜ਼ਰੀਏ ਇਸ ਤਰ੍ਹਾਂ ਦੀ ਸਥਿਤੀ ਨੂੰ ਸੁਲਝਾਇਆ ਜਾ ਸਕਦਾ ਹੈ।

ਡਾਕਟਰ ਚਟਰਜੀ ਸਿਹਤਮੰਦ ਖਾਣ-ਪਾਣ, ਭਾਰ ਉੱਤੇ ਕੰਟਰੋਲ, ਕਸਰਤ ਅਤੇ ਤਣਾਅ ਮੁਕਤ ਜੀਵਨ ਉੱਤੇ ਵੀ ਜ਼ੋਰ ਦਿੰਦੇ ਹਨ।

ਉਹ ਕਹਿੰਦੇ ਹਨ, “ਇੱਕ ਸਿਹਤਮੰਦ ਜੀਵਨ ਸ਼ੈਲੀ ਤੁਹਾਨੂੰ ਕਿਸੇ ਵੀ ਕਿਸਮ ਦੇ ਕੈਂਸਰ ਹੋਣ ਦੀ ਸੰਭਾਵਨਾ ਨੂੰ ਘੱਟ ਕਰਦੀ ਹੈ। ਇਹ ਤੁਹਾਡੇ ਸਰੀਰ ਵਿੱਚ ਅਜਿਹੇ ਐਂਟੀ-ਆਕਸੀਡੈਂਟ ਬਣਾਉਣ ਵਿੱਚ ਮਦਦ ਕਰਦੀ ਹੈ, ਜੋ ਕੈਂਸਰ ਦੇ ਸੈੱਲਾਂ ਦੇ ਵੱਧਣ ਉੱਤੇ ਰੋਕ ਲਾਉਂਦੇ ਹਨ।”

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)