ਮਣੀਪੁਰ 'ਚ ਭੀੜ ਨੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ 'ਤੇ ਕੀਤਾ ਹਮਲਾ, ਕਰਫ਼ਿਊ ਲੱਗਣ ਬਾਅਦ ਕੀ ਹਨ ਹਾਲਾਤ

ਤਸਵੀਰ ਸਰੋਤ, Getty Images
ਮਣੀਪੁਰ ਅਤੇ ਅਸਾਮ ਦੀ ਸਰਹੱਦ ਦੇ ਕੋਲ ਜਿਰੀ ਨਦੀ ਵਿੱਚ ਸ਼ੁੱਕਰਵਾਰ ਨੂੰ ਇੱਕ ਮਹਿਲਾ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਮਣੀਪੁਰ ਵਿੱਚ ਹਿੰਸਾ ਭੜਕ ਗਈ ਹੈ।
ਮਣੀਪੁਰ ਵਿੱਚ ਸ਼ਨਿੱਚਰਵਾਰ ਨੂੰ ਭੀੜ ਨੇ ਇੰਫਾਲ ਘਾਟੀ ਦੇ ਕਈ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਉੱਤੇ ਹਮਲਾ ਕਰ ਦਿੱਤਾ ਸੀ। ਭੀੜ ਨੇ ਕਈ ਗੱਡੀਆਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ।
ਇੰਫਾਲ ਵੈਸਟ ਦੇ ਪੁਲਿਸ ਸੁਰੀਟੈਂਡੇਂਟ ਮੇਘਚੰਦਰਾ ਨੇ ਦੱਸਿਆ ਹੈ ਕਿ ਇੰਫਾਲ ਘਾਟੀ ਵਿੱਚ ਭੀੜ ਨੇ ਹਿੰਸਾ ਕੀਤੀ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਜ਼ਿਲ੍ਹੇ ਵਿੱਚ ਖ਼ਰਾਬ ਹੁੰਦੇ ਮਾਹੌਲ ਦੇ ਮੱਦੇ ਨਜ਼ਰ ਕਰਫਿਊ ਲਾ ਦਿੱਤਾ ਗਿਆ ਹੈ। ਸੰਵੇਦਨਾਸ਼ੀਲ ਥਾਵਾਂ ਉੱਤੇ ਸੁਰੱਖਿਆ ਬੰਦੋਬਸਤ ਸਖ਼ਤ ਕਰ ਦਿੱਤੇ ਗਏ ਹਨ।”

ਰਾਹੁਲ ਗਾਂਧੀ ਨੇ ਕੀ ਕਿਹਾ
ਮਣੀਪੁਰ ਦੀ ਸਥਿਤੀ ਬਾਰੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਇੱਕ ਐਕਸ ਪੋਸਟ ਦੇ ਰਾਹੀਂ ਆਪਣੀ ਪ੍ਰਤੀਕਿਰਿਆ ਦਿੱਤੀ।
ਉਨ੍ਹਾਂ ਨੇ ਲਿਖਿਆ, “ਹਾਲ ਹੀ ਵਿੱਚ ਮਣੀਪੁਰ ਵਿੱਚ ਹੋਈਆਂ ਹਿੰਸਕ ਝੜਪਾਂ ਅਤੇ ਲਗਾਤਾਰ ਹੋ ਰਹੇ ਖੂਨ-ਖਰਾਬੇ ਨੇ ਡੂੰਘੀ ਚਿੰਤਾ ਪੈਦਾ ਕਰ ਦਿੱਤੀ ਹੈ। ਇੱਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਵੰਡ ਅਤੇ ਪੀੜਾ ਤੋਂ ਬਾਅਦ ਹਰ ਭਾਰਤੀ ਨੂੰ ਉਮੀਦ ਸੀ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਸੁਲਾਹ ਦੇ ਲਈ ਹਰ ਸੰਭਵ ਯਤਨ ਕਰਨਗੀਆਂ ਅਤੇ ਕੋਈ ਹੱਲ ਕੱਢਣਗੀਆਂ।”
ਉਨ੍ਹਾਂ ਨੇ ਕਿਹਾ, “ਮੈਂ ਪ੍ਰਧਾਨ ਮੰਤਰੀ ਨੂੰ ਇੱਕ ਵਾਰ ਫਿਰ ਮਣੀਪੁਰ ਆਉਣ ਅਤੇ ਖੇਤਰ ਵਿੱਚ ਸ਼ਾਂਤ ਅਤੇ ਸੁਧਾਰ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਬੇਨਤੀ ਕਰਦਾ ਹਾਂ।”

ਤਸਵੀਰ ਸਰੋਤ, X
ਪੁਲਿਸ ਨੇ ਹੋਰ ਕੀ ਕਿਹਾ ਹੈ

ਤਸਵੀਰ ਸਰੋਤ, Getty Images
ਮਣੀਪੁਰ ਪੁਲਿਸ ਵੱਲੋਂ ਜਾਰੀ ਬਿਆਨ ਮੁਤਾਬਕ, ਗੁੱਸੇ ਵਿੱਚ ਆਏ ਹਜੂਮਾਂ ਨੇ ਕਈ ਘਰਾਂ ਅਤੇ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਲੋਕ ਨੁਮਾਇੰਦਿਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਹੈ।
ਪੁਲਿਸ ਨੇ ਭੀੜ ਨੂੰ ਤਿਤਰ-ਬਿਤਰ ਕਰਨ ਲਈ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਹੈ। ਫੌਜ ਅਤੇ ਅਸਾਮ ਰਾਈਫ਼ਲਜ਼ ਸਮੇਤ ਸੁਰੱਖਿਆ ਦਸਤਿਆਂ ਨੂੰ ਸ਼ਹਿਰੀ ਖੇਤਰ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਤੈਨਾਤ ਕਰ ਦਿੱਤਾ ਗਿਆ ਹੈ।
ਸੁਰੱਖਿਆ ਦਸਤਿਆਂ ਵੱਲੋਂ ਫਲੈਗ ਮਾਰਚ ਕੱਢੇ ਗਏ ਅਤੇ ਹਜੂਮ ਨੂੰ ਤਿਤਰ-ਬਿਤਰ ਕਰਨ ਦੇ ਯਤਨਾਂ ਦੌਰਾਨ ਅੱਠ ਜਣੇ ਜ਼ਖਮੀ ਹੋਏ ਹਨ।
ਇਸ ਤੋਂ ਇਲਾਵਾ, 23 ਜਣੇ ਜੋ ਭੀੜ ਵਿੱਚ ਅਤੇ ਘਰਾਂ ਨੂੰ ਅੱਗ ਲਾਉਣ ਵਿੱਚ ਸ਼ਾਮਲ ਸਨ, ਇੰਫਾਲ ਪੂਰਬੀ, ਇੰਫਾਲ ਪੱਛਮੀ ਅਚੇ ਬਿਸ਼ਨਪੁਰ ਜ਼ਿਲ੍ਹਿਆਂ ਤੋਂ ਗ੍ਰਿਫ਼ਤਾਰ ਕਰ ਲਏ ਗਏ ਹਨ।

ਤਸਵੀਰ ਸਰੋਤ, Getty Images
ਪੁਲਿਸ ਨੇ ਇਨ੍ਹਾਂ ਵਿਅਕਤੀਆਂ ਕੋਲੋਂ ਇੱਕ .32 ਪਿਸਤੌਲ, ਸੱਤ ਰਾਊਂਦ ਐੱਸਬੀਬੀਐੱਲ, ਅਤੇ ਅੱਠ ਮੋਬਾਈਲ ਬਰਾਮਦ ਕੀਤੇ ਹਨ।
ਅਗਲੇ ਹੁਕਮਾਂ ਤੱਕ ਸ਼ਹਿਰ ਵਿੱਚ ਮੁਕੰਮਲ ਕਰਫਿਊ ਲਾ ਦਿੱਤਾ ਗਿਆ ਹੈ। ਇੰਟਰਨੈੱਟ ਅਤੇ ਮੋਬਾਈਲ ਡੇਟਾ ਸੇਵਾਵਾਂ ਅਗਲੇ ਦੋ ਦਿਨਾਂ ਲਈ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤੀਆਂ ਗਈਆਂ ਹਨ।

ਤਸਵੀਰ ਸਰੋਤ, Getty Images
ਐੱਸਐੱਸਪੀ ਅਤੇ ਸੀਓਜ਼ ਨੂੰ ਅਮਨ ਅਤੇ ਕਨੂੰਨ ਦੀ ਸਥਿਤੀ ਦੀ ਨਿਗਰਾਨੀ ਲਈ ਜ਼ਮੀਨ ਉੱਤੇ ਤੈਨਾਤ ਕਰ ਦਿੱਤਾ ਗਿਆ ਹੈ। ਵੱਡੇ ਅਫ਼ਸਰ ਚੌਵੀ ਘੰਟੇ ਸਥਿਤੀ ਉੱਤੇ ਨਜ਼ਰ ਰੱਖ ਰਹੇ ਹਨ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












