ਹਿੰਡਨਬਰਗ: ਅਡਾਨੀ ਗਰੁੱਪ 'ਤੇ ਧੋਖਾਧੜੀ ਦੇ ਇਲਜ਼ਾਮ ਲਾਉਣ ਵਾਲੀ ਕੰਪਨੀ ਬੰਦ ਹੋਣ ਜਾ ਰਹੀ ਹੈ

ਗੌਤਮ ਅਡਾਨੀ ਅਤੇ ਨੈਟ ਐਂਡਰਸਨ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੌਤਮ ਅਡਾਨੀ ਅਤੇ ਨੈਟ ਐਂਡਰਸਨ ਦੀ ਤਸਵੀਰ

ਅਮਰੀਕੀ ਕੰਪਨੀ ਹਿੰਡਨਬਰਗ ਰਿਸਰਚ ਬੰਦ ਹੋਣ ਜਾ ਰਹੀ ਹੈ। ਕੰਪਨੀ ਦੇ ਸੰਸਥਾਪਕ ਨੇਟ ਐਂਡਰਸਨ ਨੇ ਇਹ ਜਾਣਕਾਰੀ ਦਿੱਤੀ ਹੈ।

ਨੇਟ ਐਂਡਰਸਨ ਨੇ ਹਿੰਡਨਬਰਗ ਰਿਸਰਚ ਦੀ ਵੈੱਬਸਾਈਟ 'ਤੇ ਇੱਕ ਨਿੱਜੀ ਨੋਟ ਵਿੱਚ ਕਿਹਾ, "ਜਿਵੇਂ ਕਿ ਮੈਂ ਪਿਛਲੇ ਸਾਲ ਦੇ ਅਖ਼ੀਰ ਤੋਂ ਹੀ ਆਪਣੇ ਪਰਿਵਾਰ, ਦੋਸਤਾਂ ਅਤੇ ਆਪਣੀ ਟੀਮ ਨੂੰ ਦੱਸਿਆ ਸੀ, ਮੈਂ ਹਿੰਡਨਬਰਗ ਰਿਸਰਚ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।''

ਉਨ੍ਹਾਂ ਕਿਹਾ ਕਿ ਯੋਜਨਾ ਇਹ ਸੀ ਕਿ ਅਸੀਂ ਜਿਨ੍ਹਾਂ ਵਿਚਾਰਾਂ 'ਤੇ ਕੰਮ ਕਰ ਰਹੇ ਸੀ, ਉਨ੍ਹਾਂ ਦੇ ਪੂਰੇ ਹੁੰਦੇ ਹੀ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ। ਜਿਨ੍ਹਾਂ ਪੋਂਜੀ ਮਾਮਲਿਆਂ ਦੀ ਜਾਂਚ ਕੀਤੀ ਹੈ, ਉਨ੍ਹਾਂ ਬਾਰੇ ਅਸੀਂ ਮਾਰਕਿਟ ਰੈਗੂਲੇਟਰਾਂ ਨੂੰ ਜਾਣਕਾਰੀ ਦਿੱਤੀ ਹੈ।

ਨੇਟ ਐਂਡਰਸਨ ਨੇ ਕਿਹਾ, "ਮੈਂ ਇਹ ਬਹੁਤ ਖੁਸ਼ੀ ਨਾਲ ਲਿਖ ਰਿਹਾ ਹਾਂ। ਇਸਨੂੰ ਬਣਾਉਣਾ ਮੇਰੀ ਜ਼ਿੰਦਗੀ ਦਾ ਸੁਪਨਾ ਰਿਹਾ ਹੈ।"

ਆਪਣੀ ਰਿਪੋਰਟ ਵਿੱਚ, ਹਿੰਡਨਬਰਗ ਰਿਸਰਚ ਨੇ ਅਡਾਨੀ ਸਮੂਹ ਦੇ ਖ਼ਿਲਾਫ਼ ਧੋਖਾਧੜੀ, ਇਨਸਾਈਡਰ ਟਰੇਡਿੰਗ ਨਿਯਮਾਂ ਦੀ ਉਲੰਘਣਾ ਅਤੇ ਮਨੀ ਲਾਂਡਰਿੰਗ ਦੇ ਇਲਜ਼ਾਮ ਲਗਾਏ ਸਨ।

ਇਸ ਤੋਂ ਬਾਅਦ ਹੀ ਹਿੰਡਨਬਰਗ ਰਿਸਰਚ ਭਾਰਤ 'ਚ ਚਰਚਾ ਵਿੱਚ ਆਈ ਸੀ।

ਹਾਲਾਂਕਿ, ਅਡਾਨੀ ਸਮੂਹ ਨੇ ਹਿੰਡਨਬਰਗ ਰਿਸਰਚ ਦੇ ਇਲਜ਼ਾਮਾਂ ਨੂੰ ਖਾਰਿਜ ਕਰ ਦਿੱਤਾ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅਡਾਨੀ ਨਾਲ ਜੁੜੀ ਹਿੰਡਰਬਰਗ ਦੀ ਰਿਪੋਰਟ

ਗੌਤਮ ਅਡਾਨੀ ਦੀ ਫਾਇਲ ਫੋਟੋ

ਤਸਵੀਰ ਸਰੋਤ, REUTERS/Amit Dave

ਤਸਵੀਰ ਕੈਪਸ਼ਨ, ਗੌਤਮ ਅਡਾਨੀ ਦੀ ਫਾਇਲ ਫੋਟੋ

24 ਜਨਵਰੀ 2023 - ਇਹ ਉਹ ਤਾਰੀਖ ਹੈ, ਜਿਸ ਨੇ ਭਾਰਤੀ ਉਦਯੋਗਪਤੀ ਗੌਤਮ ਅਡਾਨੀ ਲਈ ਬਹੁਤ ਸਾਰੀਆਂ ਚੀਜ਼ਾਂ ਬਦਲ ਦਿੱਤੀਆਂ।

ਇਸੇ ਤਾਰੀਖ ਨੂੰ ਅਮਰੀਕਾ ਦੀ ਵਿੱਤੀ ਕੰਪਨੀ ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਈ ਸੀ।

ਇਸ ਰਿਪੋਰਟ 'ਚ ਅਡਾਨੀ ਸਮੂਹ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮ ਲਾਏ ਗਏ ਸਨ। ਇਸ ਦੇ ਨਾਲ ਹੀ ਰਿਪੋਰਟ 'ਚ ਅਡਾਨੀ ਗਰੁੱਪ ਤੋਂ 88 ਸਵਾਲ ਵੀ ਪੁੱਛੇ ਗਏ ਸਨ।

ਅਡਾਨੀ ਸਮੂਹ ਨੇ ਇਸ ਰਿਪੋਰਟ ਨੂੰ ਰੱਦ ਕਰ ਦਿੱਤਾ ਸੀ।

ਰਿਪੋਰਟ ਸਾਹਮਣੇ ਆਉਣ ਤੋਂ ਮਗਰੋਂ, ਸ਼ੇਅਰ ਬਾਜ਼ਾਰ ਦੀ ਦੁਨੀਆਂ 'ਚੋਂ ਗੌਤਮ ਅਡਾਨੀ ਲਈ ਕੋਈ ਵੀ ਚੰਗੀ ਖ਼ਬਰ ਨਹੀਂ ਆਈ।

ਹਿੰਡਨਬਰਗ ਦੀ ਰਿਪੋਰਟ ਆਉਣ ਦੇ 10 ਦਿਨਾਂ ਦੇ ਅੰਦਰ-ਅੰਦਰ ਹੀ ਉਹ ਸਿਖਰਲੇ 20 ਦੀ ਸੂਚੀ ਵਿੱਚੋਂ ਵੀ ਬਾਹਰ ਹੋ ਗਏ ਸਨ।

ਇਹ ਵੀ ਪੜ੍ਹੋ-

ਸੇਬੀ ਮੁਖੀ ਸਬੰਧੀ ਰਿਪੋਰਟ

ਸੇਬੀ ਚੇਅਰ ਪਰਸਨ ਮਾਧਵੀ ਬੁਚ (ਫਾਈਲ ਫੋਟੋ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੇਬੀ ਚੇਅਰ ਪਰਸਨ ਮਾਧਵੀ ਬੁਚ (ਫਾਈਲ ਫੋਟੋ)

ਹਿੰਡਨਬਰਗ ਰਿਸਰਚ ਨੇ ਆਪਣੀ ਇੱਕ ਹੋਰ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਅਡਾਨੀ ਮਨੀ ਸਾਈਫ਼ਨਿੰਗ ਸਕੈਂਡਲ ਵਿੱਚ ਵਰਤੇ ਗਏ ਪੈਸੇ ਵਿੱਚ ਸੇਬੀ ਮੁਖੀ ਦੀ ਹਿੱਸੇਦਾਰੀ ਰਹੀ ਹੈ।

ਹਿੰਡਨਬਰਗ ਰਿਸਚਰ ਦੀ ਰਿਪੋਰਟ ਉੱਤੇ ਸੇਬੀ ਦੀ ਚੇਅਰ ਪਰਸਨ ਅਤੇ ਉਨ੍ਹਾਂ ਦੇ ਪਤੀ ਦਾ ਸਾਂਝਾ ਬਿਆਨ ਆਇਆ ਸੀ, ਜਿਸ ਵਿੱਚ ਉਨ੍ਹਾਂ ਨੇ ਹਿੰਡਨਬਰਗ ਦੇ ਇਲਜ਼ਾਮਾਂ ਨੂੰ ਖਾਰਜ ਕੀਤਾ ਸੀ।

ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਸੇਬੀ ਦੇ ਚੇਅਰਪਰਸਨ ਦੀ ਆਫਸ਼ੋਰ ਕੰਪਨੀਆਂ ਵਿੱਚ ਹਿੱਸੇਦਾਰੀ ਸੀ, ਜੋ ਅਡਾਨੀ ਸਮੂਹ ਦੀਆਂ ਕਥਿਤ ਵਿੱਤੀ ਬੇਨਿਯਮੀਆਂ ਵਿੱਚ ਵਰਤੀਆਂ ਗਈਆਂ ਸਨ।

ਇਸ ਵਿਚ ਕਿਹਾ ਗਿਆ ਕਿ ਸੇਬੀ ਨੇ ਅਡਾਨੀ ਦੀਆਂ ਉਨ੍ਹਾਂ ਹੋਰ ਸ਼ੱਕੀ ਸ਼ੇਅਰਧਾਰਕ ਕੰਪਨੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਜੋ ਇੰਡੀਆ ਇਨਫੋਲਾਈਨ ਦੇ ਈਐਮ ਰਿਸਰਜੈਂਟ ਫੰਡ ਅਤੇ ਇੰਡੀਆ ਫੋਕਸ ਫੰਡ ਦੁਆਰਾ ਸੰਚਾਲਿਤ ਹਨ।

ਰਿਪੋਰਟ 'ਚ ਕਿਹਾ ਗਿਆ ਕਿ ਸੇਬੀ ਦੇ ਚੇਅਰਪਰਸਨ ਦੇ ਹਿੱਤਾਂ ਦੇ ਇਸ ਟਕਰਾਅ ਕਾਰਨ ਬਾਜ਼ਾਰ ਰੈਗੂਲੇਟਰ ਦੀ ਪਾਰਦਰਸ਼ਤਾ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ। ਸੇਬੀ ਦੀ ਅਗਵਾਈ ਨੂੰ ਲੈ ਕੇ ਰਿਪੋਰਟ 'ਚ ਚਿੰਤਾ ਪ੍ਰਗਟਾਈ ਗਈ।

ਹਿੰਡਨਬਰਗ ਨੇ ਕਿਹਾ ਸੀ ਕਿ ਅਡਾਨੀ ਸਮੂਹ ਦੀਆਂ ਵਿੱਤੀ ਬੇਨਿਯਮੀਆਂ ਵਿੱਚ ਸ਼ਾਮਲ ਆਫਸ਼ੋਰ ਫੰਡ ਕਾਫ਼ੀ ਅਸਪੱਸ਼ਟ ਹਨ ਅਤੇ ਗੁੰਝਲਦਾਰ ਢਾਂਚੇ ਵਾਲੇ ਹਨ।

ਰਿਪੋਰਟ ਵਿੱਚ ਮਾਧਬੀ ਪੁਰੀ ਬੁਚ ਦੇ ਨਿੱਜੀ ਹਿੱਤਾਂ ਅਤੇ ਮਾਰਕੀਟ ਰੈਗੂਲੇਟਰ ਮੁਖੀ ਵਜੋਂ ਉਨ੍ਹਾਂ ਦੀ ਭੂਮਿਕਾ 'ਤੇ ਸਵਾਲ ਉਠਾਏ ਗਏ ਸਨ। ਹਿੰਡਨਬਰਗ ਰਿਸਰਚ ਨੇ ਕਿਹਾ ਕਿ ਅਡਾਨੀ ਸਮੂਹ ਨੂੰ ਲੈ ਕੇ ਸੇਬੀ ਵੱਲੋਂ ਕੀਤੀ ਗਈ ਜਾਂਚ ਦੀ ਪੂਰੀ ਤਰ੍ਹਾਂ ਨਾਲ ਜਾਂਚ ਹੋਣੀ ਚਾਹੀਦੀ ਹੈ।

ਇਸ ਬਾਰੇ ਆਪਣੇ ਬਿਆਨ ਵਿੱਚ ਅਡਾਨੀ ਸਮੂਹ ਨੇ ਵੀ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਸੀ ਅਤੇ ਇਨ੍ਹਾਂ ਨੂੰ ਮਾੜੀ ਭਾਵਨਾ ਨਾਲ ਪ੍ਰੇਰਿਤ ਦੱਸਿਆ ਸੀ।

ਹਿੰਡਨਬਰਗ ਕੀ ਹੈ ਅਤੇ ਕੀ ਕਰਦੀ ਹੈ?

ਹਿੰਡਨਬਰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਿੰਡਨਬਰਗ ਵੱਲੋਂ 2020 ਤੋਂ 30 ਕੰਪਨੀਆਂ ਬਾਰੇ ਖੋਜ ਰਿਪੋਰਟਾਂ ਜਾਰੀ ਹੋਣ ਮਗਰੋਂ ਅਗਲੇ ਹੀ ਦਿਨ ਉਸ ਕੰਪਨੀ ਦੇ ਸ਼ੇਅਰਾਂ ਵਿੱਚ ਔਸਤਨ 15 ਫੀਸਦੀ ਦੀ ਗਿਰਾਵਟ ਆਈ ਹੈ

ਹਿੰਡਨਬਰਗ ਦਾ ਕਹਿਣਾ ਹੈ ਕਿ ਉਸ ਕੋਲ ਨਿਵੇਸ਼ ਕਰਨ ਦਾ ਦਹਾਕਿਆਂ ਦਾ ਤਜ਼ਰਬਾ ਹੈ।

ਕੰਪਨੀ ਦੀ ਵੈੱਬਸਾਈਟ ਮੁਤਾਬਕ ਹਿੰਡਨਬਰਗ ਰਿਸਰਚ ਕੰਪਨੀ ਪਹਿਲਾਂ ਹੀ ਆਪਣੀਆਂ ਰਿਪੋਰਟਾਂ ਅਤੇ ਹੋਰ ਤਰ੍ਹਾਂ ਦੀਆਂ ਕਾਰਵਾਈਆਂ ਰਾਹੀਂ ਕਈ ਕੰਪਨੀਆਂ ਦੇ ਸ਼ੇਅਰ ਹੇਠਾਂ ਲਿਆ ਚੁੱਕੀ ਹੈ।

ਅਡਾਨੀ ਤੋਂ ਪਹਿਲਾਂ, ਵੱਡੀ ਕੰਪਨੀ ਜਿਸ ਨਾਲ ਹਿੰਡਨਬਰਗ ਦਾ ਨਾਂ ਜੁੜਿਆ ਹੋਇਆ ਸੀ, ਉਹ ਟਰੱਕ ਕੰਪਨੀ ਨਿਕੋਲਾ ਸੀ। ਜਦੋਂ ਇਹ ਮਾਮਲਾ ਅਦਾਲਤ ਵਿੱਚ ਪਹੁੰਚਿਆ ਤਾਂ ਨਿਕੋਲਾ ਕੰਪਨੀ ਦੇ ਸੰਸਥਾਪਕ ਨੂੰ ਮੁਲਜ਼ਮ ਪਾਇਆ ਗਿਆ।

ਬਲੂਮਬਰਗ ਦੀ ਇਕ ਰਿਪੋਰਟ ਦੇ ਅਨੁਸਾਰ, ਹਿੰਡਨਬਰਗ ਨੇ ਸਾਲ 2020 ਤੋਂ ਲੈ ਕੇ ਹੁਣ ਤੱਕ 30 ਕੰਪਨੀਆਂ ਬਾਰੇ ਖੋਜ ਰਿਪੋਰਟਾਂ ਵਿੱਚ ਖੁਲਾਸਾ ਕੀਤਾ ਹੈ ਅਤੇ ਰਿਪੋਰਟ ਜਾਰੀ ਹੋਣ ਦੇ ਅਗਲੇ ਹੀ ਦਿਨ ਉਸ ਕੰਪਨੀ ਦੇ ਸ਼ੇਅਰਾਂ ਵਿੱਚ ਔਸਤਨ 15 ਫੀਸਦੀ ਦੀ ਗਿਰਾਵਟ ਆਈ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਅਗਲੇ ਛੇ ਮਹੀਨਿਆਂ 'ਚ ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ 'ਚ ਔਸਤਨ 26 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਹਿੰਡਨਬਰਗ ਨੇ ਆਪਣੀ ਵੈਬਸਾਈਟ 'ਤੇ ਰਿਪੋਰਟਾਂ ਦੀ ਸੂਚੀ ਵੀ ਦਿੱਤੀ ਹੈ, ਜੋ ਇਸ ਨੇ ਸਤੰਬਰ 2020 ਤੋਂ ਪ੍ਰਕਾਸ਼ਤ ਕੀਤੀਆਂ ਹਨ।

ਨੈਟ ਐਂਡਰਸਨ, ਅਮਰੀਕੀ ਖੋਜ ਕੰਪਨੀ ਹਿੰਡਨਬਰਗ ਰਿਸਰਚ ਦੇ ਸੰਸਥਾਪਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੈਟ ਐਂਡਰਸਨ, ਅਮਰੀਕੀ ਖੋਜ ਕੰਪਨੀ ਹਿੰਡਨਬਰਗ ਰਿਸਰਚ ਦੇ ਸੰਸਥਾਪਕ

ਹਿੰਡਨਬਰਗ ਕਿਸੇ ਕੰਪਨੀ ਦੀ ਜਾਂਚ ਇਨ੍ਹਾਂ ਮੌਕਿਆਂ 'ਤੇ ਕਰਦੀ ਹੈ:

  • ਲੇਖਾ ਵਿੱਚ ਬੇਨਿਯਮੀਆਂ ਹੋਣ 'ਤੇ
  • ਅਹਿਮ ਅਹੁਦਿਆਂ 'ਤੇ 'ਅਯੋਗ' ਵਿਅਕਤੀ ਹੋਣ 'ਤੇ
  • ਅਣਦੱਸੇ ਲੈਣ-ਦੇਣ ਕੀਤੇ ਜਾ ਰਹੇ ਹੋਣ
  • ਕੋਈ ਗੈਰ-ਕਾਨੂੰਨੀ/ਅਨੈਤਿਕ ਕਾਰੋਬਾਰ ਜਾਂ ਵਿੱਤੀ ਰਿਪੋਰਟਿੰਗ ਅਭਿਆਸ ਅਮਲ ਵਿੱਚ ਹੋਣ

ਹਿੰਡਨਬਰਗ ਦੇ ਪਿੱਛੇ ਕੌਣ ਹੈ?

ਨੈਟ ਐਂਡਰਸਨ, ਅਮਰੀਕੀ ਖੋਜ ਕੰਪਨੀ ਹਿੰਡਨਬਰਗ ਰਿਸਰਚ ਦੇ ਸੰਸਥਾਪਕ

ਤਸਵੀਰ ਸਰੋਤ, THE WASHINGTON POST/GETTY

ਤਸਵੀਰ ਕੈਪਸ਼ਨ, ਨੈਟ ਐਂਡਰਸਨ, ਅਮਰੀਕੀ ਖੋਜ ਕੰਪਨੀ ਹਿੰਡਨਬਰਗ ਰਿਸਰਚ ਦੇ ਸੰਸਥਾਪਕ

ਹਿੰਡਨਬਰਗ ਰਿਸਰਚ ਦੇ ਮੁਖੀ ਨੇਥਨ ਉਰਫ ਨੇਟ ਐਂਡਰਸਨ ਹਨ।

ਐਂਡਰਸਨ ਨੇ ਸਾਲ 2017 ਵਿੱਚ ਇਸ ਕੰਪਨੀ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੇ ਅਮਰੀਕਾ ਦੀ ਕਨੇਕਟਿਕਟ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ।

ਐਂਡਰਸਨ ਨੇ ਇੰਟਰਨੈਸ਼ਨਲ ਬਿਜ਼ਨਸ (ਅੰਤਰਰਾਸ਼ਟਰੀ ਕਾਰੋਬਾਰ) ਦੀ ਪੜ੍ਹਾਈ ਕੀਤੀ ਅਤੇ ਫੈਕਟ-ਸੈਟ ਰਿਸਰਚ ਸਿਸਟਮ ਨਾਮ ਦੀ ਇੱਕ ਡੇਟਾ ਕੰਪਨੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।

ਇਸ ਕੰਪਨੀ ਵਿੱਚ ਐਂਡਰਸਨ ਨੇ ਨਿਵੇਸ਼ ਪ੍ਰਬੰਧਨ (ਇਨਵੈਸਟਮੈਂਟ ਮੈਨੇਜਮੈਂਟ) ਕੰਪਨੀਆਂ ਨਾਲ ਕੰਮ ਕੀਤਾ।

ਸਾਲ 2020 ਵਿੱਚ ਵਾਲ ਸਟਰੀਟ ਜਨਰਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਐਂਡਰਸਨ ਨੇ ਕਿਹਾ ਸੀ, "ਮੈਨੂੰ ਅਹਿਸਾਸ ਹੋਇਆ ਕਿ ਇਹ ਲੋਕ ਸਧਾਰਨ ਜਿਹਾ ਵਿਸ਼ਲੇਸ਼ਣ ਕਰ ਰਹੇ ਸਨ।"

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ, ਐਂਡਰਸਨ ਨੇ ਕੁਝ ਸਮੇਂ ਲਈ ਇਜ਼ਰਾਈਲ ਵਿੱਚ ਐਂਬੂਲੈਂਸ ਵੀ ਚਲਾਈ ਸੀ

ਤਸਵੀਰ ਸਰੋਤ, Nathan Anderson/Linkedin

ਤਸਵੀਰ ਕੈਪਸ਼ਨ, ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ, ਐਂਡਰਸਨ ਨੇ ਕੁਝ ਸਮੇਂ ਲਈ ਇਜ਼ਰਾਈਲ ਵਿੱਚ ਐਂਬੂਲੈਂਸ ਵੀ ਚਲਾਈ ਸੀ

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ, ਐਂਡਰਸਨ ਨੇ ਕੁਝ ਸਮੇਂ ਲਈ ਇਜ਼ਰਾਈਲ ਵਿੱਚ ਐਂਬੂਲੈਂਸ ਵੀ ਚਲਾਈ ਸੀ।

ਐਂਡਰਸਨ ਦੇ ਲਿੰਕਡਇਨ ਪ੍ਰੋਫਾਈਲ 'ਚ ਲਿਖਿਆ ਹੈ, "ਐਂਬੂਲੈਂਸ ਡਰਾਈਵਰ ਵਜੋਂ ਕੰਮ ਕਰਦੇ ਹੋਏ ਮੈਂ ਸਿੱਖਿਆ ਕਿ ਬਹੁਤ ਦਬਾਅ ਹੇਠ ਕੰਮ ਕਿਵੇਂ ਕੀਤਾ ਜਾਂਦਾ ਹੈ।''

ਕਈ ਇੰਟਰਵਿਊਆਂ ਵਿੱਚ, ਐਂਡਰਸਨ ਨੇ ਅਮਰੀਕੀ ਅਕਾਊਂਟੈਂਟ ਹੈਰੀ ਮੋਰਕੋਪੋਲੋਸ ਨੂੰ ਆਪਣਾ ਰੋਲ ਮਾਡਲ ਦੱਸਿਆ ਹੈ।

ਹੈਰੀ ਮੋਰਕੋਪੋਲੋਸ ਨੇ ਵੀ ਸਾਲ 2008 ਦੀ ਬਰਨਾਰਡ ਮੈਡਾਫ ਪੋਂਜੀ ਸਕੀਮ ਨਾਲ ਜੁੜੇ ਭ੍ਰਿਸ਼ਟਾਚਾਰ ਬਾਰੇ ਲੋਕਾਂ ਨੂੰ ਦੱਸਿਆ ਸੀ।

ਹਿੰਡਨਬਰਗ ਹਾਦਸੇ 'ਤੇ ਰੱਖਿਆ ਨਾਮ

ਹਿੰਡਨਬਰਗ ਹਾਦਸਾ

ਤਸਵੀਰ ਸਰੋਤ, BRITISHPATHE

ਤਸਵੀਰ ਕੈਪਸ਼ਨ, ਹਿੰਡਨਬਰਗ ਹਾਦਸਾ

ਸਾਲ 1937 ਵਿੱਚ ਹਿਟਲਰ ਨੇ ਜਰਮਨੀ ਉੱਤੇ ਰਾਜ ਕੀਤਾ। ਇਸ ਦੌਰਾਨ ਇੱਕ ਹਵਾਈ ਜਹਾਜ਼ ਸੀ. ਨਾਮ ਸੀ - ਹਿੰਡਨਬਰਗ ਏਅਰਸ਼ਿਪ ਜੋ ਕਿ ਹਾਈਡ੍ਰੋਜਨ ਗੈਸ ਦਾ ਇੱਕ ਵੱਡਾ ਗੁਬਾਰਾ ਸੀ।

ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਅਸਮਾਨ ਵਿੱਚ ਦਿਖਾਈ ਦੇਣ ਵਾਲੇ ਹਿੰਡਨਬਰਗ ਏਅਰਸ਼ਿਪ ਨੂੰ ਅੱਗ ਲੱਗ ਗਈ। ਲੋਕਾਂ ਦੇ ਚੀਕਣ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਪਈਆਂ। ਹਵਾਈ ਜਹਾਜ਼ ਜ਼ਮੀਨ 'ਤੇ ਡਿੱਗ ਗਿਆ। 30 ਸਕਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਸਭ ਕੁਝ ਤਬਾਹ ਹੋ ਗਿਆ।

ਉੱਥੇ ਮੌਜੂਦ ਲੋਕਾਂ ਨੂੰ ਬਚਾਉਣ ਲਈ ਕੁਝ ਲੋਕ ਅੱਗੇ ਆਏ। ਕੁਝ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ ਅਤੇ ਕੁਝ ਨੂੰ ਬਚਾਉਣ ਵਿੱਚ ਬਹੁਤ ਦੇਰ ਹੋ ਚੁੱਕੀ ਸੀ।

ਇਸ ਏਅਰਸ਼ਿਪ ਵਿੱਚ 16 ਹਾਈਡ੍ਰੋਜਨ ਗੈਸ ਦੇ ਗੁਬਾਰੇ ਸਨ। ਇਸ ਹਾਦਸੇ 'ਚ ਕਰੀਬ 100 ਲੋਕਾਂ ਨੂੰ ਜ਼ਬਰਦਸਤੀ ਹਵਾਈ ਜਹਾਜ਼ 'ਚ ਬਿਠਾਇਆ ਗਿਆ ਅਤੇ 35 ਲੋਕਾਂ ਦੀ ਜਾਨ ਚਲੀ ਗਈ।

ਮੰਨਿਆ ਜਾ ਰਿਹਾ ਹੈ ਕਿ ਹਾਈਡ੍ਰੋਜਨ ਗੁਬਾਰਿਆਂ ਨਾਲ ਹਾਦਸੇ ਪਹਿਲਾਂ ਵੀ ਵਾਪਰ ਚੁੱਕੇ ਹਨ, ਇਸ ਲਈ ਸਬਕ ਸਿੱਖ ਕੇ ਇਸ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ।

ਹਿੰਡਨਬਰਗ ਦੀ ਵੈਬਸਾਈਟ ਮੁਤਾਬਕ ਇਹ ਪੂਰਨ ਤੌਰ ਉੱਤੇ ਟਾਲਣ ਯੋਗ ਅਤੇ ਮਨੁੱਖ ਦਾ ਸਿਰਜਿਆ ਦੁਖਾਂਤ ਸੀ ਜਿਸ ਤੋਂ ਬਚਿਆ ਜਾ ਸਕਦਾ ਸੀ।

ਕੰਪਨੀ ਦਾ ਕਹਿਣਾ ਹੈ, ''ਹਿੰਡਨਬਰਗ ਘਟਨਾ ਦੀ ਤਰਜ਼ 'ਤੇ ਹੀ ਅਸੀਂ ਸ਼ੇਅਰ ਬਾਜ਼ਾਰ 'ਚ ਹੋ ਰਹੇ ਗੋਲਮਾਲ ਅਤੇ ਗੜਬੜੀ ਦੀ ਨਿਗਰਾਨੀ ਕਰਦੇ ਹਾਂ। ਸਾਡਾ ਉਦੇਸ਼ ਉਨ੍ਹਾਂ ਨੂੰ ਬੇਨਕਾਬ ਕਰਨਾ ਅਤੇ ਸੱਚਾਈ ਸਾਹਮਣੇ ਲਿਆਉਣਾ ਹੈ।''

ਜਿਵੇਂ ਕਿ ਹਿੰਡਨਬਰਗ ਹਾਦਸੇ ਵਿੱਚ ਲੋਕਾਂ ਨੂੰ ਨੁਕਸਾਨ ਪਹੁੰਚਿਆ ਸੀ, ਉਸੇ ਤਰ੍ਹਾਂ ਹਿੰਡਨਬਰਗ ਕੰਪਨੀ ਕਹਿੰਦੀ ਹੈ ਕਿ ਉਹ ਲੋਕਾਂ ਨੂੰ ਸ਼ੇਅਰ ਬਾਜ਼ਾਰ 'ਚ ਅਜਿਹੇ ਵਿੱਤੀ ਹਾਦਸਿਆਂ ਜਾਂ ਖ਼ਤਰੇ 'ਚ ਪੈਣ ਤੋਂ ਲੋਕਾਂ ਨੂੰ ਬਚਾਉਣ ਦਾ ਕੰਮ ਕਰਦੀ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)