ਪੰਜਾਬ: ਇੱਕ ਬਾਂਹ ਤੋਂ ਸੱਖਣੇ ਪਵਿੱਤਰ ਸਿੰਘ, ਜੋ ਖ਼ੁਦ ਫੌਜੀ ਨਾ ਬਣ ਸਕੇ ਪਰ ਕਈ ਨੌਜਵਾਨਾਂ ਨੂੰ ਦੇ ਰਹੇ ਮੁਫ਼ਤ ਟ੍ਰੇਨਿੰਗ

ਪਵਿੱਤਰ ਸਿੰਘ
ਤਸਵੀਰ ਕੈਪਸ਼ਨ, ਪਵਿੱਤਰ ਸਿੰਘ ਨੇ ਬੱਸ ਹਾਦਸੇ ਵਿੱਚ ਆਪਣੀ ਇੱਕ ਬਾਂਹ ਗੁਆ ਦਿੱਤੀ ਸੀ
    • ਲੇਖਕ, ਕੁਲਵੀਰ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਸੰਗਰੂਰ ਦੇ ਪਿੰਡ ਸੰਗਤਪੁਰਾ ਦੇ ਪਵਿੱਤਰ ਸਿੰਘ ਇਸ ਸਮੇਂ ਭਵਾਨੀਗੜ੍ਹ ਦੇ ਸਪੋਰਟਸ ਸਟੇਡੀਅਮ 'ਚ ਨੌਜਵਾਨ ਮੁੰਡੇ-ਕੁੜੀਆਂ ਨੂੰ ਖੇਡ ਮੁਕਾਬਲਿਆਂ ਅਤੇ ਭਾਰਤੀ ਰੱਖਿਆ ਸੇਵਾਵਾਂ ਵਿੱਚ ਭਰਤੀ ਹੋਣ ਲਈ ਟ੍ਰੇਨਿੰਗ ਦੇ ਰਹੇ ਹਨ।

ਸਰੀਰਕ ਟ੍ਰੇਨਿੰਗ ਦੇ ਨਾਲ-ਨਾਲ ਉਹ ਉਨ੍ਹਾਂ ਨੂੰ ਮਨੋਬਲ ਉੱਚਾ ਰੱਖਣ ਲਈ ਵੀ ਤਿਆਰ ਕਰਦੇ ਨਜ਼ਰ ਆਉਂਦੇ ਹਨ।

ਅਸਲ ਵਿੱਚ ਤਾਂ ਪਵਿੱਤਰ ਸਿੰਘ ਖ਼ੁਦ ਇਨ੍ਹਾਂ ਨੌਜਵਾਨਾਂ ਸਾਹਮਣੇ ਜ਼ਿੰਦਾਦਿਲੀ ਦੀ ਇੱਕ ਜਿਉਂਦੀ-ਜਾਗਦੀ ਮਿਸਾਲ ਬਣ ਕੇ ਆਉਂਦੇ ਹਨ।

ਇਹ ਉਨ੍ਹਾਂ ਦਾ ਜਜ਼ਬਾ ਹੀ ਹੈ ਜਿਸ ਸਦਕਾ, ਇੱਕ ਦੁਰਘਟਨਾ ਵਿੱਚ ਇੱਕ ਬਾਂਹ ਗੁਆਉਣ ਦੇ ਬਾਵਜੂਦ ਉਹ ਰੋਜ਼ਾਨਾ ਖੇਡ ਦੇ ਮੈਦਾਨ ਵਿੱਚ ਉਤਸ਼ਾਹ ਨਾਲ ਆਉਂਦੇ ਹਨ ਅਤੇ ਕਈਆਂ ਲਈ ਪ੍ਰੇਰਣਾ ਸਰੋਤ ਬਣਦੇ ਹਨ।

11 ਮਈ 2016 ਦੀ ਇੱਕ ਦੁਰਘਟਨਾ ਨੇ ਪਵਿੱਤਰ ਸਿੰਘ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਸੀ।

ਹਾਦਸੇ 'ਚ ਬਾਂਹ ਗੁਆਈ ਪਰ ਹੌਸਲਾ ਨਹੀਂ

ਪਵਿੱਤਰ ਸਿੰਘ
ਤਸਵੀਰ ਕੈਪਸ਼ਨ, ਉਹ ਹਾਦਸਾ ਉਨ੍ਹਾਂ ਦੇ ਹੌਸਲੇ ਨੂੰ ਨਹੀਂ ਤੋੜ ਸਕਿਆ

ਪਵਿੱਤਰ ਸਿੰਘ ਦੱਸਦੇ ਹਨ ਕਿ 11 ਮਈ 2016 ਨੂੰ ਉਹ ਇੱਕ ਬੱਸ ਵਿੱਚ ਸਫ਼ਰ ਕਰ ਰਹੇ ਸਨ, ਜਦੋਂ ਉਨ੍ਹਾਂ ਦੀ ਬੱਸ ਇੱਕ ਦੂਸਰੀ ਬੱਸ ਨਾਲ ਟਕਰਾ ਗਈ। ਇਸ ਸੜਕੀ ਹਾਦਸੇ ਵਿੱਚ ਉਨ੍ਹਾਂ ਦੀ ਸੱਜੀ ਬਾਂਹ ਕੱਟੀ ਗਈ।

ਇਹ ਉਹ ਸਮਾਂ ਸੀ ਜਦੋਂ ਪਵਿੱਤਰ ਸਿੰਘ ਨੂੰ ਜ਼ਿੰਦਗੀ ਲੀਹ ਤੋਂ ਉੱਤਰਦੀ ਨਜ਼ਰ ਆ ਰਹੀ ਸੀ। ਉਨ੍ਹਾਂ ਦਾ ਫ਼ੌਜ ਵਿੱਚ ਭਰਤੀ ਹੋਣ ਦਾ ਸੁਫ਼ਨਾ ਟੁੱਟ ਗਿਆ। ਹਾਦਸੇ ਤੋਂ ਕਰੀਬ ਦੋ ਮਹੀਨੇ ਪਹਿਲਾਂ ਵਿਆਹੇ ਪਵਿੱਤਰ ਨੂੰ ਇੱਕ ਵਾਰ ਤਾਂ ਖ਼ੂਬਸੂਰਤ ਭਵਿੱਖ ਦਾ ਸੁਫ਼ਨਾ ਵੀ ਤਿੜਕਦਾ ਲੱਗ ਰਿਹਾ ਸੀ।

ਇਹ ਹਾਦਸਾ ਵਾਪਰਨ ਤੋਂ ਪਹਿਲਾਂ ਪਵਿੱਤਰ ਸਿੰਘ ਨੇ ਸਟਾਫ ਸਲੈਕਸ਼ਨ ਕਮਿਸ਼ਨ (ਐੱਸਐੱਸਸੀ) ਦੇ ਤਹਿਤ ਸੁਰੱਖਿਆ ਬਲਾਂ ਵਿੱਚ ਭਰਤੀ ਹੋਣ ਲਈ ਲਿਖਤੀ ਅਤੇ ਫ਼ਿਜ਼ੀਕਲ ਟੈਸਟ ਦਿੱਤਾ ਸੀ।

ਪਵਿੱਤਰ ਸਿੰਘ
ਤਸਵੀਰ ਕੈਪਸ਼ਨ, ਇਸ ਸਮੇਂ ਉਹ ਭਾਰਤੀ ਫੌਜ 'ਚ ਭਰਤੀ ਹੋਣ ਦੇ ਚਾਹਵਾਨ ਮੁੰਡੇ-ਕੁੜੀਆਂ ਨੂੰ ਮੁਫ਼ਤ ਟ੍ਰੇਨਿੰਗ ਦਿੰਦੇ ਹਨ

ਹਾਦਸੇ ਤੋਂ ਬਾਅਦ ਦਾ ਇੱਕ ਮਹੀਨਾ ਉਨ੍ਹਾਂ ਲਈ ਕਿਸੇ ਔਖੇ ਇਮਤਿਹਾਨ ਵਰਗਾ ਗੁਜ਼ਰਿਆ।

ਦੁਰਘਟਨਾ ਹੋਈ ਤਾਂ ਪਵਿੱਤਰ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਉਨ੍ਹਾਂ ਦੀ ਸੱਜੀ ਬਾਂਹ ਕੂਹਣੀ ਦੇ ਕੋਲੋਂ ਕੱਟ ਦਿੱਤੀ ਗਈ।

ਦੂਜਾ ਵੱਡਾ ਝਟਕਾ ਇਹ ਸੀ ਕਿ ਬਾਂਹ ਦੀ ਇਨਫ਼ੈਕਸ਼ਨ ਠੀਕ ਨਾ ਹੋਣ ਉੱਤੇ ਡਾਕਟਰਾਂ ਨੇ ਉਨ੍ਹਾਂ ਨੂੰ ਪੀਜੀਆਈ, ਚੰਡੀਗੜ੍ਹ ਰੈਫ਼ਰ ਕੀਤਾ।

ਪੀਜੀਆਈ ਵਿੱਚ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀ ਬਾਂਹ ਨੂੰ ਇਨਫੈਕਸ਼ਨ ਕਾਰਨ ਮੋਢੇ ਦੇ ਜੋੜ ਕੋਲੋਂ ਕੱਟਣਾ ਪਵੇਗਾ।

ਇਲਾਜ ਦੌਰਾਨ ਪਵਿੱਤਰ 23 ਦਿਨ ਲਗਾਤਾਰ ਹਸਪਤਾਲ ਵਿੱਚ ਰਹੇ।

ਪਵਿੱਤਰ ਸਿੰਘ
ਤਸਵੀਰ ਕੈਪਸ਼ਨ, ਪਵਿੱਤਰ ਸਿੰਘ ਦੇ ਪਰਿਵਾਰ ਦੇ ਵਿੱਚ ਉਨ੍ਹਾਂ ਦੇ ਮਾਤਾ-ਪਿਤਾ, ਪਤਨੀ ਅਤੇ ਦੋ ਵੱਡੀਆਂ ਧੀਆਂ ਅਤੇ ਇੱਕ ਪੁੱਤ ਹੈ

ਇਸ ਸਾਰੀ ਪ੍ਰੀਕਿਰਿਆ ਦੌਰਾਨ ਉਨ੍ਹਾਂ ਨੇ ਨਾ ਸਿਰਫ਼ ਖ਼ੁਦ ਨੂੰ ਇੱਕ ਨਵੇਂ ਸਫ਼ਰ ਲਈ ਤਿਆਰ ਕੀਤਾ ਬਲਕਿ ਆਪਣੇ ਪਰਿਵਾਰ ਨੂੰ ਹੌਸਲਾ ਦੇਣ ਵਿੱਚ ਵੀ ਕਾਮਯਾਬ ਰਹੇ।

ਪਵਿੱਤਰ ਸਿੰਘ ਦੇ ਪਰਿਵਾਰ ਦੇ ਵਿੱਚ ਉਨ੍ਹਾਂ ਦੇ ਮਾਤਾ-ਪਿਤਾ, ਪਤਨੀ ਅਤੇ ਦੋ ਵੱਡੀਆਂ ਧੀਆਂ ਅਤੇ ਇੱਕ ਪੁੱਤ ਹੈ।

ਵੀਡੀਓ ਕੈਪਸ਼ਨ, ਹਾਦਸੇ ਨੇ ਫੌਜੀ ਬਣਨ ਦਾ ਸੁਪਨਾ ਤੋੜਿਆ, ਹੁਣ ਹੋਰਾਂ ਨੂੰ ਦੇ ਰਹੇ ਟ੍ਰੇਨਿੰਗ

ਹੈਂਡੀਕੈਪਡ ਕੋਟੇ 'ਚ ਜਿੱਤੇ ਤਿੰਨ ਮੈਡਲ

ਪਵਿੱਤਰ ਸਿੰਘ
ਤਸਵੀਰ ਕੈਪਸ਼ਨ, ਪਵਿੱਤਰ ਸਿੰਘ ਨੇ ਹੈਂਡੀਕੈਪਡ ਕੋਟੇ ਵਿੱਚ 400 ਮੀਟਰ ਦੌੜ ਵਿੱਚ ਤਿੰਨ ਵਾਰ ਸਟੇਟ ਲੈਵਲ 'ਤੇ ਮੈਡਲ ਜਿੱਤੇ ਹਨ

ਹਸਪਤਾਲ ਤੋਂ ਘਰ ਆ ਕੇ ਪਵਿੱਤਰ ਸਿੰਘ ਨੇ ਸ਼ੁਰੂਆਤ ਸੈਰ ਤੋਂ ਕੀਤੀ। ਪਹਿਲਾਂ ਉਨ੍ਹਾਂ ਨੇ ਤੁਰਨਾ ਸ਼ੁਰੂ ਕੀਤਾ ਤੇ ਜਦੋਂ ਉਨ੍ਹਾਂ ਦੇ ਮੋਢੇ ਕੋਲੋਂ ਟਾਂਕੇ ਕੱਟੇ ਗਏ ਤਾਂ ਉਨ੍ਹਾਂ ਨੇ ਗਰਾਊਂਡ ਵਿੱਚ ਭੱਜਣਾ ਸ਼ੁਰੂ ਕਰ ਦਿੱਤਾ।

ਬਸ ਫਿਰ ਉਨ੍ਹਾਂ ਨੇ ਖੇਡ ਦੇ ਮੈਦਾਨ ਨੂੰ ਅਪਣਾ ਲਿਆ। ਪਵਿੱਤਰ ਸਿੰਘ ਨੇ ਹੈਂਡੀਕੈਪਡ ਕੋਟੇ ਵਿੱਚ 400 ਮੀਟਰ ਦੌੜ ਵਿੱਚ ਤਿੰਨ ਵਾਰ ਸਟੇਟ ਲੈਵਲ 'ਤੇ ਮੈਡਲ ਜਿੱਤੇ ਹਨ।

ਇੱਕ ਹੱਥ ਨਾਲ ਦਸਤਾਰ ਸਜਾਉਣਾ ਸਿੱਖਿਆ

ਪਵਿੱਤਰ ਸਿੰਘ
ਤਸਵੀਰ ਕੈਪਸ਼ਨ, ਕਈ ਸਾਲ ਪੱਗ ਨਾ ਬੰਨ੍ਹਣ ਤੋਂ ਬਾਅਦ ਪਵਿੱਤਰ ਸਿੰਘ ਨੇ ਖੱਬੇ ਹੱਥ ਨਾਲ ਪੱਗ ਬੰਨ੍ਹਣਾ ਸਿੱਖਿਆ

ਆਪਣੀ ਇੱਕ ਬਾਂਹ ਗੁਆਉਣ ਤੋਂ ਬਾਅਦ ਪਵਿੱਤਰ ਸਿੰਘ ਕਰੀਬ ਅੱਠ ਸਾਲ ਪੱਗ ਨਹੀਂ ਬੰਨ੍ਹ ਸਕੇ ਸਨ।

ਉਨ੍ਹਾਂ ਨੇ ਇੱਕ ਹੱਥ ਨਾਲ ਪੱਗ ਬੰਨ੍ਹਣੀ ਕਿਵੇਂ ਸਿੱਖੀ, ਉਸ ਕਿੱਸੇ ਨੂੰ ਯਾਦ ਕਰਦਿਆਂ ਉਹ ਦੱਸਦੇ ਹਨ ਕਿ ਫਤਹਿਗੜ੍ਹ ਸਾਹਿਬ ਜੋੜ ਮੇਲੇ ਵਿੱਚ ਦੌੜਾਂ ਵਿੱਚ ਹਿੱਸਾ ਲੈਣ ਸਬੰਧੀ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ ਕਿ ਹਰੇਕ ਨੌਜਵਾਨ ਆਪਣੇ ਸਿਰ ਉੱਪਰ ਦਸਤਾਰ ਸਜਾ ਕੇ ਇਸ ਕਾਫਲੇ ਦਾ ਹਿੱਸਾ ਬਣੇ।

ਇਸ ਦੌਰਾਨ, ਦੂਸਰੇ ਨੌਜਵਾਨ ਨੇ ਪਵਿੱਤਰ ਸਿੰਘ ਦੇ ਸਿਰ ਤੇ ਦਸਤਾਰ ਸਜਾਈ ਪਰ ਉਨ੍ਹਾਂ ਨੂੰ ਸਹਿਜ ਮਹਿਸੂਸ ਨਹੀਂ ਸੀ ਹੁੰਦਾ।

ਫ਼ਿਰ ਉਨ੍ਹਾਂ ਨੇ ਹੌਲੀ-ਹੌਲੀ ਆਪਣੇ ਖੱਬੇ ਹੱਥ ਨਾਲ ਪੱਗ ਬੰਨ੍ਹਣੀ ਸ਼ੁਰੂ ਕੀਤੀ ਤੇ ਹੁਣ ਤੱਕ ਉਹ ਹਰ ਰੋਜ਼ ਦਸਤਾਰ ਸਜਾਉਂਦੇ ਹਨ।

ਪੜ੍ਹਾਈ ਜਾਰੀ ਰੱਖਣ ਲਈ ਖੱਬੇ ਹੱਥ ਨਾਲ ਲਿਖਣਾ ਸਿੱਖਿਆ

ਪਵਿੱਤਰ ਸਿੰਘ
ਤਸਵੀਰ ਕੈਪਸ਼ਨ, ਹਾਦਸੇ ਤੋਂ ਬਾਅਦ ਪਵਿੱਤਰ ਨੇ ਖੱਬੇ ਹੱਥ ਨਾਲ ਲਿਖਣਾ ਸਿੱਖਿਆ ਅਤੇ ਸਾਲ 2018 ਵਿੱਚ ਉਨ੍ਹਾਂ ਨੇ ਖੱਬੇ ਹੱਥ ਨਾਲ ਲਿਖਣਾ ਸ਼ੁਰੂ ਕਰ ਦਿੱਤਾ

ਉਹ ਦੱਸਦੇ ਹਨ ਕਿ ਇਸ ਦੌਰਾਨ ਉਨ੍ਹਾਂ ਨੂੰ ਪੜ੍ਹਾਈ ਦੀ ਅਹਿਮੀਅਤ ਵੀ ਸਮਝ ਆਈ। ਸਾਲ 2017 ਵਿੱਚ ਉਨ੍ਹਾਂ ਨੇ ਡਿਸਟੈਂਸ ਐਜੂਕੇਸ਼ਨ ਰਾਹੀਂ ਬੀਏ ਦੀ ਪੜ੍ਹਾਈ ਸ਼ੁਰੂ ਕੀਤੀ ਪਰ ਖੱਬੇ ਹੱਥ ਨਾਲ ਲਿਖਣਾ ਨਾ ਆਉਣ ਕਾਰਨ ਪੜ੍ਹਾਈ ਛੱਡਣੀ ਪਈ।

ਹਾਲਾਂਕਿ ਪਵਿੱਤਰ ਸਿੰਘ ਨੇ ਹਾਰ ਨਹੀਂ ਮੰਨੀ ਤੇ ਆਪਣੀ ਕੋਸ਼ਿਸ਼ ਜਾਰੀ ਰੱਖੀ। ਮਿਹਨਤ ਰੰਗ ਲਿਆਈ ਤੇ ਸਾਲ 2018 ਵਿੱਚ ਉਨ੍ਹਾਂ ਨੇ ਖੱਬੇ ਹੱਥ ਨਾਲ ਲਿਖਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਬੀਏ, ਬੀਐੱਡ ਅਤੇ ਐੱਮਏ ਤੱਕ ਦੀ ਪੜ੍ਹਾਈ ਮੁਕੰਮਲ ਕੀਤੀ।

ਪਵਿੱਤਰ ਦੱਸਦੇ ਹਨ ਕਿ ਉਹ ਪਹਿਲਾਂ ਦੋ ਵਾਰ ਟੀਚਰ ਐਲੀਜੀਬਲ ਟੈਸਟ ਦੇ ਚੁੱਕੇ ਹਨ ਤੇ ਹੁਣ ਉਹ ਮਾਸਟਰ ਕੇਡਰ ਦੀ ਭਰਤੀ ਦੇ ਲਈ ਤਿਆਰੀ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਆਪ ਉੱਤੇ ਪੂਰਾ ਭਰੋਸਾ ਹੈ ਕਿ ਉਹ ਇੱਕ ਦਿਨ ਅਧਿਆਪਕ ਚੁਣੇ ਜਾਣਗੇ।

ਮੁਫ਼ਤ ਟ੍ਰੇਨਿੰਗ ਕਰਵਾਉਣਾ

ਪਵਿੱਤਰ ਸਿੰਘ
ਤਸਵੀਰ ਕੈਪਸ਼ਨ, ਇਸ ਸਮੇਂ ਪਵਿੱਤਰ ਸਿੰਘ ਕੋਲ 125 ਦੇ ਕਰੀਬ ਮੁੰਡੇ-ਕੁੜੀਆਂ ਟ੍ਰੇਨਿੰਗ ਲੈ ਰਹੇ ਹਨ

ਪਵਿੱਤਰ ਸਿੰਘ ਦਾ ਕਹਿਣਾ ਹੈ ਕਿ ਭਾਰਤੀ ਰੱਖਿਆ ਸੇਵਾਵਾਂ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਤੋਂ ਸਪੋਰਟਸ ਅਕਾਦਮੀਆਂ ਵੱਲੋਂ ਬੇਲੋੜੇ ਪੈਸੇ ਵਸੂਲੇ ਜਾਂਦੇ ਹਨ।

ਇਸੇ ਕਾਰਨ ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਫ਼ੈਸਲਾ ਲਿਆ ਕਿ ਉਹ ਆਪਣੇ ਵੱਲੋਂ ਦਿੱਤੀ ਜਾਂਦੀ ਟ੍ਰੇਨਿੰਗ ਦਾ ਕੋਈ ਵੀ ਪੈਸਾ ਨਹੀਂ ਲੈਣਗੇ।

ਹੁਣ ਇਸ ਟ੍ਰੇਨਿੰਗ ਦੇ ਕੰਮ ਵਿੱਚ ਕੁਝ ਸਮਾਜ ਸੇਵੀ ਅਤੇ ਸਥਾਨਕ ਲੋਕ ਵੀ ਉਨ੍ਹਾਂ ਦੀ ਮਦਦ ਕਰ ਦਿੰਦੇ ਹਨ।

ਪਵਿੱਤਰ ਸਿੰਘ

ਘਰ ਦਾ ਗੁਜ਼ਾਰਾ ਚਲਾਉਣ ਲਈ ਪਵਿੱਤਰ ਸਿੰਘ ਨੇੜਲੇ ਪਿੰਡਾਂ ਦੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੇ ਹਨ।

ਇਸ ਸਮੇਂ ਉਨ੍ਹਾਂ ਕੋਲ 125 ਦੇ ਕਰੀਬ ਮੁੰਡੇ-ਕੁੜੀਆਂ ਟ੍ਰੇਨਿੰਗ ਲੈ ਰਹੇ ਹਨ।

ਉਹ ਦੱਸਦੇ ਹਨ ਕਿ ਸਾਲ 2024 ਵਿੱਚ ਇੰਡੀਅਨ ਆਰਮੀ ਵਿੱਚ ਉਨ੍ਹਾਂ ਤੋਂ ਟ੍ਰੇਨਿੰਗ ਯਾਫ਼ਤਾ 62 ਮੁੰਡੇ ਭਰਤੀ ਹੋਏ ਸਨ ਤੇ ਇਸ ਤੋਂ ਇਲਾਵਾ ਪੰਜਾਬ ਪੁਲਿਸ ਵਿੱਚ ਵੀ ਨੌਜਵਾਨ ਭਰਤੀ ਹੋਏ ਹਨ, ਜਿਨ੍ਹਾਂ ਨੇ ਬਾਅਦ ਵਿੱਚ ਉਨ੍ਹਾਂ ਦੀ ਆਰਥਿਕ ਮਦਦ ਵੀ ਕੀਤੀ।

ਟ੍ਰੇਨਿੰਗ ਲੈਣ ਵਾਲਿਆਂ ਦਾ ਉਤਸ਼ਾਹ

ਪਵਿੱਤਰ ਸਿੰਘ ਤੋਂ ਟ੍ਰੇਨਿੰਗ ਲੈਣ ਵਾਲੇ
ਤਸਵੀਰ ਕੈਪਸ਼ਨ, ਟ੍ਰੇਨਿੰਗ ਲੈਣ ਵਾਲਿਆਂ ਮੁਤਾਬਕ, ਪਵਿੱਤਰ ਸਿੰਘ ਵੱਡੇ ਭਰਾ ਵਾਂਗ ਉਨ੍ਹਾਂ ਨੂੰ ਸਿਖਾਉਂਦੇ ਹਨ

ਹਰਜੀਤ ਸਿੰਘ ਮਾਹੀ ਦੱਸਦੇ ਹਨ ਕਿ ਉਨਾਂ ਦਾ ਭਤੀਜਾ ਇਸ ਸਮੇਂ ਪਵਿੱਤਰ ਸਿੰਘ ਕੋਲੋਂ ਟ੍ਰੇਨਿੰਗ ਲੈ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਪਵਿੱਤਰ ਸਿੰਘ ਇੱਕ ਬਾਂਹ ਕੱਟੀ ਜਾਣ ਦੇ ਬਾਵਜੂਦ ਵੀ ਗਰੀਬ ਘਰਾਂ ਦੇ ਬੱਚਿਆਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਲਈ ਮਦਦਗਾਰ ਸਾਬਤ ਹੋ ਰਹੇ ਹਨ।

ਗੁਰਸੇਵਕ, ਪਿਛਲੇ ਡੇਢ ਮਹੀਨੇ ਤੋਂ ਭਾਰਤੀ ਫ਼ੌਜ ਵਿੱਚ ਭਰਤੀ ਦੇ ਲਈ ਪਵਿੱਤਰ ਸਿੰਘ ਕੋਲੋਂ ਫਿਜ਼ੀਕਲ ਟ੍ਰੇਨਿੰਗ ਲੈਣ ਦੇ ਲਈ ਦਿੜ੍ਹਬਾ ਤੋਂ ਹਰ ਰੋਜ਼ 30 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਨ੍ਹਾਂ ਕੋਲ ਆਉਂਦੇ ਹਨ।

ਉਹ ਦੱਸਦੇ ਹਨ ਕਿ ਜਿੱਥੇ ਹੋਰ ਕੋਚ ਇਸੇ ਤਰ੍ਹਾਂ ਦੀ ਟ੍ਰੇਨਿੰਗ ਦੇ ਅੱਠ ਤੋਂ 10 ਹਜ਼ਾਰ ਪ੍ਰਤੀ ਮਹੀਨਾ ਵਸੂਲਦੇ ਹਨ, ਉੱਥੇ ਹੀ ਪਵਿੱਤਰ ਸਿੰਘ ਸਨ ਬਿਲਕੁਲ ਮੁਫ਼ਤ ਟ੍ਰੇਨਿੰਗ ਦਿੰਦੇ ਹਨ।

ਪਵਿੱਤਰ ਸਿੰਘ ਤੋਂ ਟ੍ਰੇਨਿੰਗ ਲੈਣ ਵਾਲੇ
ਤਸਵੀਰ ਕੈਪਸ਼ਨ, ਪਵਿੱਤਰ ਸਿੰਘ ਤੋਂ ਟ੍ਰੇਨਿੰਗ ਲੈਣ ਵਾਲੇ ਕਹਿੰਦੇ ਹਨ ਪਵਿੱਤਰ ਸਿੰਘ ਸਾਡੇ ਸੁਫ਼ਨੇ ਵਿੱਚ ਆਪਣੇ ਸੁਪਨੇ ਨੂੰ ਪੂਰਾ ਹੁੰਦਾ ਵੇਖਦੇ ਹਨ

ਆਕਾਸ਼ਦੀਪ ਸਿੰਘ ਵੀ ਆਪਣੇ ਪਿੰਡ ਰਾਏਸਿੰਘ ਵਾਲਾ ਤੋਂ 7 ਕਿਲੋਮੀਟਰ ਦੂਰ ਪਵਿੱਤਰ ਸਿੰਘ ਤੋਂ ਟ੍ਰੇਨਿੰਗ ਲੈਣ ਲਈ ਆਉਂਦੇ ਹਨ।

ਆਕਾਸ਼ਦੀਪ ਦੱਸਦੇ ਹਨ ਕਿ ਉਹ ਸਧਾਰਨ ਪਰਿਵਾਰਾਂ ਨਾਲ ਸਬੰਧਤ ਹਨ, ਜਿਸ ਦੇ ਚਲਦਿਆਂ ਮਹਿੰਗੇ ਕੋਚਾਂ ਕੋਲ ਨਹੀਂ ਜਾ ਸਕਦੇ। ਇੱਥੇ ਚੰਗਾ ਇਹ ਹੈ ਕਿ ਕੋਚ ਪਵਿੱਤਰ ਸਿੰਘ ਆਪਣੀ ਜ਼ਿੰਮੇਵਾਰੀ ਲੈ ਕੇ ਸਾਨੂੰ ਸਾਰਿਆਂ ਨੂੰ ਇੱਕ ਵੱਡੇ ਭਰਾ ਵਾਂਗ ਗਾਈਡ ਕਰਦੇ ਹਨ।

ਉਹ ਕਹਿੰਦੇ ਹਨ ਕਿ ਪਵਿੱਤਰ ਸਿੰਘ ਸਾਡੇ ਸੁਫ਼ਨੇ ਵਿੱਚ ਆਪਣੇ ਸੁਪਨੇ ਨੂੰ ਪੂਰਾ ਹੁੰਦਾ ਵੇਖਦੇ ਹਨ।

ਪਵਿੱਤਰ ਸਿੰਘ ਮੁਤਾਬਕ, ਉਨ੍ਹਾਂ ਵੱਲੋਂ ਮੁਫ਼ਤ ਟ੍ਰੇਨਿੰਗ ਦਿੱਤੇ ਜਾਣ ਦਾ ਇੱਕ ਕਾਰਨ ਹੈ ਕਿ ਅਗਨੀਵੀਰ ਵਰਗੀਆਂ ਭਰਤੀਆਂ ਲਈ ਜ਼ਿਆਦਾਤਰ ਬੱਚੇ ਵਿੱਤੀ ਪੱਖੋਂ ਕਮਜ਼ੋਰ ਤਬਕੇ ਦੇ ਆਉਂਦੇ ਹਨ। ਅਜਿਹੇ ਪਰਿਵਾਰਾਂ ਤੋਂ ਪੈਸੇ ਵਸੂਲਣੇ ਉਨ੍ਹਾਂ ਨੂੰ ਸਹੀ ਨਹੀਂ ਲੱਗਦਾ, ਬਲਕਿ ਉਹ ਉਨ੍ਹਾਂ ਲਈ ਮਦਦਗਾਰ ਸਾਬਤ ਹੋਣਾ ਚਾਹੁੰਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)