ਪਤੀ-ਪਤਨੀ ਬੱਚੇ ਦਾ ਨਾਮ ਰੱਖਣ ਨੂੰ ਲੈ ਕੇ ਤਿੰਨ ਸਾਲ ਲੜੇ, ਤਲਾਕ ਦੀ ਨੌਬਤ ਆਈ, ਫਿਰ ਕੀ ਹੋਇਆ

    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਪੱਤਰਕਾਰ

ਬੱਚੇ ਦੇ ਨਾਮ ਨੂੰ ਲੈ ਕੇ ਜੋੜਿਆਂ ਵਿੱਚ ਹੁੰਦੀ ਬਹਿਸ ਅਸਾਧਾਰਨ ਨਹੀਂ ਹੈ ਪਰ ਇਹ ਬਹੁਤ ਘੱਟ ਹੁੰਦਾ ਹੈ ਕਿ ਇਹ ਲੜਾਈ ਅਦਾਲਤ ਵਿੱਚ ਖਤਮ ਹੋਵੇ।

ਪਰ ਦੱਖਣ ਭਾਰਤ ਦੇ ਸੂਬੇ ਕਰਨਾਟਕ ਦੇ ਇੱਕ ਅਜਿਹੇ ਜੋੜੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਹੜੇ ਆਪਣੇ ਨਵਜੰਮੇ ਬੱਚੇ ਦਾ ਨਾਮ ਰੱਖਣ ਲਈ ਤਿੰਨ ਸਾਲ ਤੱਕ ਲੜਦੇ ਰਹੇ ਤੇ ਆਖਿਰ ਉਨ੍ਹਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ।

ਇਸ ਜੋੜੇ ਦੀ ਲੜਾਈ ਇਸ ਹੱਦ ਤੱਕ ਚਲੀ ਗਈ ਸੀ ਕਿ ਦੋਵੇਂ ਇੱਕ-ਦੂਜੇ ਤੋਂ ਤਲਾਕ ਲੈਣ ਤੱਕ ਪਹੁੰਚ ਗਏ ਸਨ।

ਇਸ ਮਾਮਲੇ ਦੀ ਸ਼ੁਰੂਆਤ 2021 ਵਿੱਚ ਹੁੰਦੀ ਹੈ, ਜਦੋਂ ਔਰਤ (ਨਾਮ ਛੁਪਾਇਆ ਗਿਆ ਹੈ) ਇੱਕ ਬੱਚੇ ਨੂੰ ਜਨਮ ਦੇਣ ਮਗਰੋਂ ਕੁਝ ਹਫ਼ਤਿਆਂ ਲਈ ਆਪਣੇ ਪੇਕੇ ਘਰ ਰਹਿਣ ਚਲੀ ਜਾਂਦੀ ਹੈ। ਭਾਰਤ ਵਿੱਚ ਇਹ ਆਮ ਗੱਲ ਹੈ ਕਿ ਜਦੋਂ ਕੋਈ ਮਹਿਲਾ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਹ ਆਰਾਮ ਲਈ ਪੇਕੇ ਘਰ ਚਲੀ ਜਾਂਦੀ ਹੈ।

ਇਸ ਤੋਂ ਬਾਅਦ ਪਤੀ ਆਪਣੀ ਪਤਨੀ ਅਤੇ ਬੱਚੇ ਨੂੰ ਵਾਪਸ ਆਪਣੇ ਘਰ ਲਿਜਾਣ ਲਈ ਆਉਂਦਾ ਹੈ।

ਤਲਾਕ ਤੱਕ ਪਹੁੰਚਿਆ ਮਾਮਲਾ

ਪਰ ਔਰਤ ਨੇ ਉਸ ਸਮੇਂ ਜਦੋਂ ਉਹ 21 ਸਾਲਾਂ ਦੀ ਸੀ ਤਾਂ ਪਤੀ ਵੱਲੋਂ ਦਿੱਤੇ ਬੱਚੇ ਦੇ ਨਾਮ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪਤੀ ਨਾਰਾਜ਼ ਹੋ ਗਿਆ ਤੇ ਆਪਣੀ ਪਤਨੀ ਨੂੰ ਘਰ ਲਿਆਉਣ ਲਈ ਮੁੜ ਕੇ ਨਹੀਂ ਗਿਆ।

ਹੰਸੂਰ ਦੇ ਸਹਾਇਕ ਸਰਕਾਰੀ ਵਕੀਲ ਸੋਮਿਆ ਐੱਮਐੱਨ ਮੁਤਾਬਕ ਮਹਿਲਾ ਨੇ ਆਪਣੇ ਨਾਮ ਦੇ ਪਹਿਲੇ ਅੱਖਰ ਅਤੇ ਆਪਣੇ ਪਤੀ ਦੇ ਨਾਮ ਦੇ ਵਿਚੋਂ ਆਪਣੇ ਬੱਚੇ ਦਾ ਨਾਂ ਆਦੀ ਰੱਖਿਆ।

ਮਹੀਨੇ ਸਾਲ ਵਿੱਚ ਬਦਲ ਗਏ ਅਤੇ ਮਹਿਲਾ ਹਾਲੇ ਵੀ ਆਪਣੇ ਪੇਕੇ ਘਰ ਹੀ ਰਹਿ ਰਹੀ ਸੀ। ਉਨ੍ਹਾਂ ਨੇ ਆਪਣੇ ਪਤੀ ਤੋਂ ਵਿੱਤੀ ਮਦਦ ਲੈਣ ਲਈ ਸੂਬੇ ਦੇ ਮੈਸੂਰ ਜ਼ਿਲ੍ਹੇ ਦੇ ਸ਼ਹਿਰ ਹੰਸੂਰ ਦੀ ਸਥਾਨਕ ਅਦਾਲਤ ਵਿੱਚ ਪਹੁੰਚ ਕੀਤੀ।

ਉਨ੍ਹਾਂ ਦੇ ਵਕੀਲ ਹਰੀਸ਼ ਨੇ ਬੀਬੀਸੀ ਨੂੰ ਦੱਸਿਆ ਕਿ ਵਿਵਾਦ ਇਥੋਂ ਤੱਕ ਵਧ ਗਿਆ ਕਿ ਉਹ ਹੁਣ ਤਲਾਕ ਦੀ ਮੰਗ ਕਰ ਰਹੀ ਹੈ।

ਉਨ੍ਹਾਂ ਕਿਹਾ,"ਉਸ ਨੂੰ ਆਪਣੇ ਘਰ ਦੇ ਰੱਖ-ਰਖਾਅ ਲਈ ਪੈਸੇ ਚਾਹੀਦੇ ਹਨ>"

ਇਸ ਕੇਸ ਨੂੰ ਪਹਿਲਾਂ ਸਥਾਨਕ ਅਦਾਲਤ ਵਿੱਚ ਦਾਇਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਇਸ ਨੂੰ ਲੋਕ ਅਦਾਲਤ ਵਿੱਚ ਤਬਦੀਲ ਕੀਤਾ ਗਿਆ, ਜਿਸ ਵਿੱਚ ਵਿਚੋਲਗੀ ਰਾਹੀਂ ਕੇਸਾਂ ਦਾ ਨਿਬੇੜਾ ਕੀਤਾ ਜਾਂਦਾ ਹੈ।

ਇਸ ਮਾਮਲੇ ਵਿੱਚ ਜੱਜਾਂ ਨੇ ਕਈ ਸੁਝਾਅ ਦਿੱਤੇ ਪਰ ਜੋੜਾ ਉਦੋਂ ਤੱਕ ਆਪਣੇ-ਆਪਣੇ ਸਟੈਂਡ 'ਤੇ ਅੜਿਆ ਰਿਹਾ, ਜਦੋਂ ਤੱਕ ਅਦਾਲਤ ਵੱਲੋਂ ਚੁਣੇ ਗਏ ਬੱਚੇ ਦੇ ਨਾਮ ਉਪਰ ਸਹਿਮਤ ਨਹੀਂ ਹੋਏ।

ਸੋਮਿਆ ਕਹਿੰਦੇ ਹਨ ਕਿ ਬੱਚੇ ਦਾ ਹੁਣ ਨਾਮ ਆਰੀਆਵਰਧਨ ਰੱਖਿਆ ਗਿਆ ਹੈ, ਜਿਸ ਦਾ ਅਰਥ 'ਕੁਲੀਨਤਾ' ਹੈ।

ਇਸ ਤੋਂ ਬਾਅਦ ਜੋੜੇ ਨੇ ਭਾਰਤੀ ਸੱਭਿਆਚਾਰ ਮੁਤਾਬਕ ਇਕ-ਦੂਜੇ ਨੂੰ ਹਾਰ ਪਹਿਨਾ ਕੇ ਇਸ ਨੂੰ ਸਵੀਕਾਰ ਕੀਤਾ ਅਤੇ ਮੁੜ ਤੋਂ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਕੀਤੀ।

ਅਦਾਲਤ ਵਿੱਚ ਬੱਚਿਆਂ ਦੇ ਨਾਮ ਨੂੰ ਲੈ ਕੇ ਪਹਿਲਾਂ ਵੀ ਪਹੁੰਚੇ ਨੇ ਮਾਮਲੇ

ਹਾਲ ਹੀ ਦੇ ਸਾਲਾਂ ਵਿੱਚ ਬੱਚੇ ਦੇ ਨਾਮ ਨੂੰ ਲੈ ਕੇ ਅਦਾਲਤ ਵਿੱਚ ਪਹੁੰਚਿਆ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ।

ਇੱਕ ਮਾਮਲਾ ਪਿਛਲੇ ਸਤੰਬਰ ਆਇਆ ਸੀ, ਜਦੋਂ ਕੇਰਲ ਦੇ ਇੱਕ ਬੱਚੇ ਨੂੰ ਸਕੂਲ ਵਿੱਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਸ ਬੱਚੇ ਦਾ ਜਨਮ ਸਰਟੀਫਿਕੇਟ ਖਾਲੀ ਪਾਇਆ ਗਿਆ।

ਬੱਚੇ ਦੀ ਮਾਂ ਨੇ ਅਦਾਲਤ ਵਿੱਚ ਪਹੁੰਚ ਕੀਤੀ ਅਤੇ ਦੱਸਿਆ ਕਿ ਉਸ ਨੇ ਆਪਣੇ ਚਾਰ ਸਾਲਾ ਬੱਚੇ ਨੂੰ ਰਜਿਸਟਰ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਅਧਿਕਾਰੀਆਂ ਨੇ ਫਾਰਮ ਭਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਬੱਚੇ ਦਾ ਪਿਤਾ ਹੁਣ ਉਨ੍ਹਾਂ ਨਾਲ ਨਹੀਂ ਰਹਿ ਰਿਹਾ ਸੀ, ਉਹ ਵੱਖ ਹੋ ਗਏ ਸਨ।

ਹਾਈ ਕੋਰਟ ਨੇ ਆਪਣੇ ਹੁਕਮ ਵਿੱਚ ਜਨਮ ਰਜਿਸਟ੍ਰੇਸ਼ਨ ਦਫ਼ਤਰ ਨੂੰ ਨਿਰਦੇਸ਼ ਦਿੱਤੇ ਕਿ ਉਹ ਮਾਂ ਵੱਲੋਂ ਸੁਝਾਏ ਗਏ ਨਾਮ ਨੂੰ ਸਵੀਕਾਰ ਕਰੇ ਅਤੇ ਪਿਤਾ ਦੇ ਨਾਮ ਨੂੰ ਨਾਲ ਜੋੜਿਆ ਜਾਵੇ।