You’re viewing a text-only version of this website that uses less data. View the main version of the website including all images and videos.
ਭਵਿੱਖ 'ਚ ਤੁਹਾਡੇ ਗੋਡੇ ਨਾ ਦੁਖਣ, ਇਸ ਲਈ ਇਹ ਕਸਰਤਾਂ ਤੁਹਾਡੇ ਕੰਮ ਆ ਸਕਦੀਆਂ ਹਨ
- ਲੇਖਕ, ਡੇਵਿਡ ਕੌਕਸ
- ਰੋਲ, ਬੀਬੀਸੀ ਨਿਊਜ਼
ਸਾਡੇ ਗੋਡੇ ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਜੋੜਾਂ ਵਿੱਚੋਂ ਇੱਕ ਹਨ, ਪਰ ਇਹ ਉਨ੍ਹਾਂ ਜੋੜਾਂ ਵਿੱਚੋਂ ਵੀ ਇੱਕ ਹਨ ਜਿਨ੍ਹਾਂ ਦੀ ਦੇਖਭਾਲ ਸਭ ਤੋਂ ਘੱਟ ਕੀਤੀ ਜਾਂਦੀ ਹੈ। ਵਿਗਿਆਨ ਕਹਿੰਦਾ ਹੈ ਕਿ ਜੇ ਆਪਣਿਆਂ ਗੋਡਿਆਂ ਨੂੰ ਲੈ ਕੇ ਹੁਣ ਥੋੜ੍ਹਾ ਜਿਹਾ ਕੰਮ ਕਰ ਲਈਏ ਤਾਂ ਬਾਅਦ ਵਿੱਚ ਫਾਇਦਾ ਹੁੰਦਾ ਹੈ।
30ਵਿਆਂ ਦੇ ਸ਼ੁਰੂ ਵਿੱਚ ਹੀ ਤੁਸੀਂ ਆਪਣੇ ਗੋਡਿਆਂ 'ਚ ਹਲਕੀ ਦਰਦ ਦੇਖਣਾ ਸ਼ੁਰੂ ਕਰ ਸਕਦੇ ਹੋ- ਮੌਸਮ ਬਦਲਣ 'ਤੇ ਤੁਹਾਡੇ ਗੋਡਿਆਂ ਵਿੱਚ ਹਲਕਾ ਦਰਦ, ਸਵੇਰੇ ਬਿਸਤਰੇ ਤੋਂ ਉੱਠਣ ਵੇਲੇ ਅਕੜਾਅ, ਅਤੇ ਝੁਕਣ ਤੋਂ ਪਹਿਲਾਂ ਦੋ ਵਾਰ ਸੋਚਣਾ। ਇਹ ਸਾਰੇ ਅਣਚਾਹੇ ਸੰਕੇਤ ਹਨ ਕਿ ਤੁਹਾਡੇ ਗੋਡੇ ਹੁਣ ਪਹਿਲਾਂ ਵਾਂਗ ਮਜ਼ਬੂਤ ਨਹੀਂ ਰਹੇ।
ਜੇਕਰ ਤੁਸੀਂ ਸਰੀਰਕ ਗਤੀਵਿਧੀ ਵਿੱਚ ਸ਼ਾਮਲ ਹੁੰਦੇ ਹੋ ਜਾਂ ਕਾਫ਼ੀ ਖੇਡਾਂ ਖੇਡਦੇ ਹੋ ਤਾਂ ਇਹ ਮਹਿਸੂਸ ਹੋਣਾ ਲਗਭਗ ਪੱਕਾ ਹੀ ਹੈ। ਪਰ ਹੋਰ ਕਾਰਕ ਵੀ ਇਸ ਵਿੱਚ ਯੋਗਦਾਨ ਪਾ ਸਕਦੇ ਹਨ। ਜਿਵੇਂ ਭਾਰ ਵਧਣਾ, ਅੰਦਰੂਨੀ ਆਟੋਇਮਿਊਨ ਬਿਮਾਰੀਆਂ, ਅਤੇ ਜੈਨੇਟਿਕਸ ਵੀ ਗੋਡਿਆਂ ਦੀਆਂ ਸਮੱਸਿਆਵਾਂ ਦੀ ਸ਼ੁਰੂਆਤ ਨੂੰ ਤੇਜ਼ ਕਰ ਸਕਦੇ ਹਨ।
ਪਰ ਇਹ ਹੈਰਾਨੀ ਵਾਲੀ ਗੱਲ ਵੀ ਨਹੀਂ ਹੈ ਕਿ ਸਾਡੇ ਗੋਡੇ ਦੁਖਦੇ ਹਨ। ਖੋਜ ਦਰਸਾਉਂਦੀ ਹੈ ਕਿ ਸਿਰਫ਼ ਤੁਰਨਾ ਤੁਹਾਡੇ ਗੋਡਿਆਂ 'ਤੇ ਤੁਹਾਡੇ ਸਰੀਰ ਦੇ ਭਾਰ ਦੇ ਡੇਢ ਗੁਣਾ ਦੇ ਬਰਾਬਰ ਭਾਰ ਪਾਉਂਦਾ ਹੈ।
ਪਿੱਠ ਦਰਦ ਤੋਂ ਬਾਅਦ, ਗੋਡਿਆਂ ਦਾ ਦਰਦ ਵੱਡੀ ਉਮਰ ਦੇ ਬਾਲਗਾਂ ਵਿੱਚ ਮਾਸਪੇਸ਼ੀਆਂ ਦੀ ਸਭ ਤੋਂ ਆਮ ਸਥਿਤੀ ਹੈ, ਜੋ ਗਤੀਸ਼ੀਲਤਾ ਤੋਂ ਲੈ ਕੇ ਜੀਵਨ ਦੀ ਗੁਣਵੱਤਾ ਤੱਕ ਹਰ ਚੀਜ਼ ਨੂੰ ਪ੍ਰਭਾਵਿਤ ਕਰਦੀ ਹੈ।
ਅਮਰੀਕਾ ਦੇ ਫੀਨਿਕਸ ਵਿੱਚ ਮਾਇਓ ਕਲੀਨਿਕ ਵਿੱਚ ਆਰਥੋਪੈਡਿਕ ਸਰਜਨ ਅਤੇ ਸਪੋਰਟਸ ਮੈਡੀਸਨ ਦੇ ਚੇਅਰ, ਐਮਡੀ, ਅਨੀਕਰ ਛਾਬੜਾ ਕਹਿੰਦੇ ਹਨ, "ਗੋਡਾ ਪੂਰੇ ਸਰੀਰ ਦੇ ਸਭ ਤੋਂ ਗੁੰਝਲਦਾਰ ਜੋੜਾਂ ਵਿੱਚੋਂ ਇੱਕ ਹੈ। ਇਹ ਸਾਡੇ ਹਰ ਕਦਮ ਨਾਲ ਸਾਡੇ ਸਰੀਰ ਦਾ ਪੂਰਾ ਭਾਰ ਚੁੱਕਦਾ ਹੈ।''
ਗੋਡਿਆਂ ਦੀ ਸਿਹਤ 'ਤੇ ਧਿਆਨ ਕੇਂਦਰਿਤ ਕਰਨ ਦੇ ਬਹੁਤ ਸਾਰੇ ਕਾਰਨ ਹਨ ਜੋ ਸਾਨੂੰ ਹੁਣ ਅਤੇ ਭਵਿੱਖ ਵਿੱਚ ਲਾਭ ਪਹੁੰਚਾ ਸਕਦੇ ਹਨ, ਅਤੇ ਕੁਝ ਸਧਾਰਨ ਕਦਮ ਹਨ ਜੋ ਅਸੀਂ ਸਾਰੇ ਜਿੰਨਾ ਸੰਭਵ ਹੋ ਸਕੇ, ਗਤੀਸ਼ੀਲ ਰਹਿਣ ਲਈ ਚੁੱਕ ਸਕਦੇ ਹਾਂ।
ਸਾਡੇ ਗੋਡੇ ਆਲੇ-ਦੁਆਲੇ ਦੇ ਚਾਰ ਮਾਸਪੇਸ਼ੀ ਸਮੂਹਾਂ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਹਨ - ਹੈਮਸਟ੍ਰਿੰਗ, ਗਲੂਟੀਅਲ ਮਾਸਪੇਸ਼ੀਆਂ, ਕਵਾਡ੍ਰਿਸੈਪਸ ਮਾਸਪੇਸ਼ੀਆਂ, ਅਤੇ ਕਾਫ਼ ਮਾਸਪੇਸ਼ੀਆਂ। ਇਹ ਗੋਡੇ ਨੂੰ ਸਹਾਰਾ ਦਿੰਦੀਆਂ ਹਨ ਅਤੇ ਸਥਿਰਤਾ ਤੇ ਝਟਕਾ ਪ੍ਰਤੀ ਅਨੁਕੂਲ ਬਣਾਈ ਰੱਖਦੀਆਂ ਹਨ ਤਾਂ ਜੋ ਇਹ ਸਹੀ ਤਰ੍ਹਾਂ ਕਮ ਕਰ ਸਕੇ।
ਡਾਕਟਰ ਛਾਬੜਾ ਕਹਿੰਦੇ ਹਨ, "ਜਦੋਂ ਇਹ ਮਾਸਪੇਸ਼ੀਆਂ ਇਕੱਠੇ ਕੰਮ ਨਹੀਂ ਕਰਦੀਆਂ, ਤਾਂ ਤੁਸੀਂ ਜੋੜਾਂ 'ਤੇ ਵਧੇਰੇ ਦਬਾਅ ਪਾਉਂਦੇ ਹੋ। ਇਹੀ ਦਰਦ ਦਾ ਕਾਰਨ ਹੈ।"
ਖੋਜ ਨੇ ਦਿਖਾਇਆ ਹੈ ਕਿ ਕਸਰਤ ਰਾਹੀਂ ਇਨ੍ਹਾਂ ਮਾਸਪੇਸ਼ੀ ਸਮੂਹਾਂ ਨੂੰ ਮਜ਼ਬੂਤ ਕਰਨ ਨਾਲ ਗੋਡੇ ਵਿੱਚ ਕਾਰਟੀਲੇਜ ਡਿਗਰੇਡੇਸ਼ਨ - ਜਿਸ ਨਾਲ ਓਸਟੀਓਆਰਥਰਾਈਟਿਸ ਹੁੰਦਾ ਹੈ, ਨੂੰ ਰੋਕਿਆ ਜਾ ਸਕਦਾ ਹੈ। ਕਸਰਤ ਨਾਲ ਗੋਡੇ ਬਦਲਣ ਦੀ ਸਰਜਰੀ ਨੂੰ ਟਾਲਿਆ ਜਾ ਸਕਦਾ ਹੈ ਅਤੇ ਇੱਥੋਂ ਤੱਕ ਕਿ ਇਸ ਤੋਂ ਬਚਿਆ ਵੀ ਜਾ ਸਕਦਾ ਹੈ।
ਕੁਝ ਅਧਿਐਨ ਇਹ ਵੀ ਦਰਸਾਉਂਦੇ ਹਨ ਕਿ ਇਨ੍ਹਾਂ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਣ ਨਾਲ ਜੋੜਾਂ 'ਤੇ ਤਣਾਅ ਘਟ ਸਕਦਾ ਹੈ ਅਤੇ ਓਸਟੀਓਆਰਥਰਾਈਟਿਸ ਦੇ ਸ਼ੁਰੂਆਤੀ ਪੜਾਵਾਂ ਵਿੱਚ ਲੋਕਾਂ ਦੇ ਗੋਡਿਆਂ 'ਚ ਦਰਦ ਘਟ ਸਕਦਾ ਹੈ।
ਅਮਰੀਕਾ ਦੇ ਨਿਊਯਾਰਕ ਵਿੱਚ ਮਾਊਂਟ ਸਿਨਾਈ ਵਿਖੇ ਇਕਾਨ ਸਕੂਲ ਆਫ਼ ਮੈਡੀਸਨ ਵਿੱਚ ਆਰਥੋਪੈਡਿਕ ਸਰਜਰੀ ਦੇ ਪ੍ਰੋਫੈਸਰ ਅਲੈਕਸਿਸ ਕੋਲਵਿਨ ਦੱਸਦੇ ਹਨ ਕਿ ਕਸਰਤ ਕਾਰਟੀਲੇਜ ਸੈੱਲਾਂ ਦੀ ਸਿਹਤ ਨੂੰ ਵੀ ਸੁਧਾਰ ਸਕਦੀ ਹੈ।
ਉਹ ਕਹਿੰਦੇ ਹਨ, "ਸਾਡੇ ਗੋਡਿਆਂ ਵਿੱਚ ਇੱਕ ਮੋਟਰ ਤੇਲ ਵਰਗਾ ਤਰਲ ਹੁੰਦਾ ਹੈ ਜਿਸਨੂੰ ਸਾਈਨੋਵੀਅਲ ਤਰਲ ਕਿਹਾ ਜਾਂਦਾ ਹੈ। ਕਸਰਤ ਇਸਦੇ ਉਤਪਾਦਨ ਨੂੰ ਚੰਗਾ ਰੱਖਣ ਵਿੱਚ ਮਦਦ ਕਰਦੀ ਹੈ, ਜਿਸ ਨਾਲ ਅਕੜਾਅ ਅਤੇ ਸੋਜਸ਼ ਘਟਦੀ ਹੈ ਅਤੇ ਕਾਰਟੀਲੇਜ ਸਤਿਹ ਨੂੰ ਚੀਕਣਾ ਰੱਖਣ ਵਿੱਚ ਮਦਦ ਮਿਲਦੀ ਹੈ।"
ਕੁਝ ਕਸਰਤਾਂ ਉਮਰ ਦੇ ਨਾਲ ਗੋਡਿਆਂ ਦੀਆਂ ਹੱਡੀਆਂ ਨੂੰ ਵੀ ਮਜ਼ਬੂਤ ਕਰ ਸਕਦੀਆਂ ਹਨ, ਓਸਟੀਓਪੋਰੋਸਿਸ ਦੇ ਜੋਖਮ ਜਾਂ ਗੋਡਿਆਂ ਦੇ ਜੋੜ ਦੇ ਆਲੇ-ਦੁਆਲੇ ਹੱਡੀਆਂ ਦੇ ਪਤਲੇ ਹੋਣ ਨੂੰ ਘਟਾਉਣ ਵਿੱਚ ਮਦਦ ਕਰਦੀਆਂ ਹਨ।
ਡਾਕਟਰ ਛਾਬੜਾ ਕਹਿੰਦੇ ਹਨ ਕਿ ਗੋਡਿਆਂ ਨੂੰ ਮਜ਼ਬੂਤ ਕਰਨਾ ਬਜ਼ੁਰਗ ਲੋਕਾਂ ਲਈ ਖਾਸ ਤੌਰ 'ਤੇ ਮਹੱਤਵਪੂਰਨ ਹੋ ਸਕਦਾ ਹੈ, ਕਿਉਂਕਿ ਆਲੇ-ਦੁਆਲੇ ਦੀਆਂ ਮਾਸਪੇਸ਼ੀਆਂ ਦੀ ਸਥਿਰਤਾ ਵਿੱਚ ਸੁਧਾਰ ਕਰਨ ਨਾਲ ਡਿੱਗਣ ਦਾ ਜੋਖਮ ਘੱਟ ਸਕਦਾ ਹੈ।
ਪਰ ਗੋਡਿਆਂ ਦੀਆਂ ਕਸਰਤਾਂ ਦੇ ਹੋਰ ਹੈਰਾਨੀਜਨਕ ਅਤੇ ਅਕਸਰ ਅਣਦੇਖੇ ਲਾਭ ਵੀ ਹੋ ਸਕਦੇ ਹਨ, ਜਿਵੇਂ ਕਿ ਪ੍ਰੋਪ੍ਰੀਓਸੈਪਸ਼ਨ ਵਿੱਚ ਸੁਧਾਰ - ਸਪੇਸ ਵਿੱਚ ਸਾਡੇ ਸਰੀਰ ਦੇ ਅੰਗਾਂ ਦੀ ਸਥਿਤੀ ਦੀ ਸਾਡੀ ਅਵਚੇਤਨ ਭਾਵਨਾ। ਇਹ "ਸਿਕਸਥ ਸੈਂਸ" ਸਾਡੀ ਗਤੀਸ਼ੀਲਤਾ ਅਤੇ ਸੰਤੁਲਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦੀ ਹੈ।
ਡਾਕਟਰ ਛਾਬੜਾ ਕਹਿੰਦੇ ਹਨ, "ਗੋਡਿਆਂ ਦੀਆਂ ਕਸਰਤਾਂ ਇਸ ਜਾਗਰੂਕਤਾ ਵਿੱਚ ਮਦਦ ਕਰਦੀਆਂ ਹਨ। ਇਹ ਅਸਲ ਵਿੱਚ ਤੁਹਾਡੇ ਮਨ ਨੂੰ ਤੁਹਾਡੇ ਗੋਡੇ ਨਾਲ ਜੋੜਦੀਆਂ ਹਨ, ਜੋ ਡਿੱਗਣ ਦੇ ਜੋਖਮ ਨੂੰ ਘਟਾਉਂਦਾ ਹੈ।"
ਕੋਲਵਿਨ ਕਹਿੰਦੇ ਹਨ ਕਿ ਤੁਹਾਡੇ ਗੋਡਿਆਂ ਨੂੰ ਮਜ਼ਬੂਤ ਕਰਨ 'ਤੇ ਕੰਮ ਕਰਨਾ ਸ਼ੁਰੂ ਕਰਨ ਵਿੱਚ ਕਦੇ ਵੀ ਦੇਰ ਨਹੀਂ ਹੁੰਦੀ। ਜਦੋਂ ਸ਼ੁਰੂ ਕਰ ਦੇਵੋ ਉਦੋਂ ਹੀ ਚੰਗਾ ਹੈ।
ਹਾਲਾਂਕਿ ਗੋਡਿਆਂ ਦੀ ਮਜ਼ਬੂਤੀ ਦੇ ਫਾਇਦਿਆਂ ਬਾਰੇ ਜ਼ਿਆਦਾਤਰ ਖੋਜ ਓਸਟੀਓਆਰਥਰਾਈਟਿਸ ਵਾਲੇ ਬਜ਼ੁਰਗ ਲੋਕਾਂ 'ਤੇ ਕੀਤੀ ਗਈ ਹੈ, ਪਰ ਬਹੁਤ ਸਾਰੀਆਂ ਖੇਡਾਂ ਖੇਡਣ ਵਾਲੇ ਕਿਸ਼ੋਰਾਂ 'ਤੇ ਹੋਏ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਗੋਡਿਆਂ ਨੂੰ ਮਜ਼ਬੂਤ ਕਰਨ ਵਾਲੀਆਂ ਕਸਰਤਾਂ, ਛੋਟੀ ਉਮਰ ਵਿੱਚ ਵੀ ਸੱਟ ਲੱਗਣ ਦੇ ਜੋਖਮ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ। ਬਾਕੀ ਲੋਕਾਂ ਲਈ, ਕੋਲਵਿਨ ਨਿੱਜੀ ਤੌਰ 'ਤੇ ਸਿਫਾਰਿਸ਼ ਕਰਦੇ ਹਨ ਕਿ ਤੀਹਵਿਆਂ ਵਿੱਚ ਕਸਰਤ ਅਤੇ ਦੇਖਭਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ।
ਉਹ ਕਹਿੰਦੇ ਹਨ, "ਇਹ ਉਹ ਸਮਾਂ ਹੁੰਦਾ ਹੈ ਜਦੋਂ ਤੁਹਾਡੇ ਮਾਸਪੇਸ਼ੀ ਪੁੰਜ ਅਤੇ ਹੱਡੀਆਂ ਦੀ ਘਣਤਾ ਬਹੁਤ ਹੌਲੀ-ਹੌਲੀ ਘਟਣੀ ਸ਼ੁਰੂ ਹੋ ਜਾਂਦੀ ਹੈ, ਇਸ ਲਈ ਜੇਕਰ ਤੁਸੀਂ ਪਹਿਲਾਂ ਹੀ ਆਪਣੇ ਨਿਯਮਤ ਕਸਰਤ ਪ੍ਰੋਗਰਾਮ ਵਿੱਚ ਮਾਸਪੇਸ਼ੀਆਂ ਦੀ ਮਜ਼ਬੂਤੀ ਨੂੰ ਸ਼ਾਮਲ ਨਹੀਂ ਕੀਤਾ ਹੈ, ਤਾਂ ਇਸ 'ਤੇ ਧਿਆਨ ਕੇਂਦਰਿਤ ਕਰਨ ਦਾ ਇਹ ਇੱਕ ਚੰਗਾ ਸਮਾਂ ਰਹੇਗਾ।"
ਸਾਨੂੰ ਕਿਸ ਤਰ੍ਹਾਂ ਦੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ?
ਇਨ੍ਹਾਂ ਮੁੱਖ ਮਾਸਪੇਸ਼ੀ ਸਮੂਹਾਂ ਨੂੰ ਮਜ਼ਬੂਤ ਰੱਖਣ ਲਈ ਡਾਕਟਰ ਛਾਬੜਾ ਹੇਠਾਂ ਦਿੱਤੀਆਂ ਗੋਡਿਆਂ ਦੀਆਂ ਵੱਖ-ਵੱਖ ਕਸਰਤਾਂ ਹਫ਼ਤੇ ਵਿੱਚ ਤਿੰਨ ਤੋਂ ਚਾਰ ਵਾਰ, ਦਿਨ ਵਿੱਚ 15 ਮਿੰਟ ਕਰਨ ਦਾ ਸੁਝਾਅ ਦਿੰਦੇ ਹਨ।
ਤੁਸੀਂ ਇਹ ਸਾਰੀਆਂ ਕਸਰਤਾਂ ਘਰ ਵਿੱਚ ਬਿਨਾਂ ਕਿਸੇ ਵਿਸ਼ੇਸ਼ ਉਪਕਰਣ ਦੇ ਕਰ ਸਕਦੇ ਹੋ। ਉਹ ਇਹ ਵੀ ਸਿਫ਼ਾਰਸ਼ ਕਰਦੇ ਹਨ ਕਿ ਤੁਸੀਂ ਪਹਿਲਾਂ ਕਿਸੇ ਫਿਜ਼ੀਓਲੋਜਿਸਟ ਜਾਂ ਸਟ੍ਰੈਂਥ ਕੋਚ ਨਾਲ ਗੱਲ ਕਰੋ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਉਨ੍ਹਾਂ ਨੂੰ ਸਹੀ ਢੰਗ ਨਾਲ ਕਰ ਰਹੇ ਹੋ।
ਇੱਥੇ ਪੰਜ ਕਸਰਤਾਂ ਘਰੇਲੂ ਕਸਰਤਾਂ ਹਨ ਜੋ ਸਾਰੀਆਂ ਗੋਡਿਆਂ ਨੂੰ ਤੰਦਰੁਸਤ ਬਣਾਈ ਰੱਖਣ ਵਿੱਚ ਮਦਦ ਕਰਨਗੀਆਂ। ਕੋਲਵਿਨ ਕਹਿੰਦੇ ਹਨ ਕਿ ਇਨ੍ਹਾਂ ਸਾਰੀਆਂ ਕਸਰਤਾਂ ਨੂੰ 10 ਵਾਰ ਦੇ ਦੋ ਸੈੱਟਾਂ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ, ਜਿਸਦਾ ਅਰਥ ਹੈ ਇੱਕ ਕਸਰਤ 10 ਵਾਰ ਕਰਨਾ, ਆਰਾਮ ਕਰਨਾ, ਅਤੇ ਫਿਰ ਇਸਨੂੰ 10 ਵਾਰ ਹੋਰ ਕਰਨਾ।
ਸਟੈਪ-ਅੱਪਸ
ਇਸ ਦੇ ਲਈ ਸਿਰਫ਼ ਇੱਕ ਪੌੜੀ ਜਾਂ ਨੀਵੇਂ ਸਟੈਪ (ਜਿੱਥੋਂ ਤੁਸੀਂ ਪੌੜੀ ਵਾਂਗ ਪੈਰ ਉੱਪਰ-ਥੱਲੇ ਧਰ ਸਕੋ) ਦੀ ਲੋੜ ਹੁੰਦੀ ਹੈ। ਆਪਣੇ ਕਿਸੇ ਇੱਕ ਪੈਰ ਨਾਲ ਸ਼ੁਰੂ ਕਰੋ, ਇਸਨੂੰ ਪੌੜੀ 'ਤੇ ਰੱਖੋ ਅਤੇ ਫਿਰ ਦੂਜੇ ਪੈਰ ਨੂੰ ਵੀ ਉੱਥੇ ਲੈ ਕੇ ਆਓ। ਦੂਜੇ ਪੈਰਾਂ ਨੂੰ ਫਿਰ ਵਾਪਸ ਲੈ ਕੋ ਅਤੇ ਪਹਿਲੇ ਪੈਰ ਨੂੰ ਉੱਥੇ ਹੀ ਰਹਿਣ ਦਿਓ ਤੇ ਫਿਰ ਹੇਠਾਂ ਲੈ ਆਓ। ਹੁਣ ਦੂਜੇ ਪੈਰ ਨੂੰ ਉੱਪਰ ਰੱਖੋ ਤੇ ਬਾਕੀ ਸਾਰੇ ਪ੍ਰੋਸੈਸ ਨੂੰ ਪਹਿਲਾਂ ਵਾਂਗ ਹੀ ਫਾਲੋ ਕਰੋ।
ਡਾਕਟਰ ਛਾਬੜਾ ਕਹਿੰਦੇ ਹਨ, "ਇਹ ਘੱਟ ਪ੍ਰਭਾਵ ਵਾਲਾ ਹੈ ਕਿਉਂਕਿ ਇਸ ਵਿੱਚ ਸਿਰਫ਼ ਤੁਹਾਡੇ ਸਰੀਰ ਦਾ ਭਾਰ ਸ਼ਾਮਲ ਹੁੰਦਾ ਹੈ। ਤੁਸੀਂ ਆਪਣੇ ਪੱਟਾਂ ਵਿੱਚ ਅਗਲੇ ਪਾਸੇ ਆਪਣੇ ਹੈਮਸਟ੍ਰਿੰਗਜ਼ ਅਤੇ ਖਾਸ ਤੌਰ 'ਤੇ ਕਵਾਡ੍ਰੀਸੈਪਸ ਮਾਸਪੇਸ਼ੀਆਂ ਨੂੰ ਮਜ਼ਬੂਤ ਕਰ ਰਹੇ ਹੋ।''
"ਕਵਾਡ੍ਰੀਸੈਪਸ ਗੋਡਿਆਂ ਦੇ ਜੋੜ ਲਈ ਮਹੱਤਵਪੂਰਨ ਹਨ, ਕਿਉਂਕਿ ਜਦੋਂ ਉਹ ਕਮਜ਼ੋਰ ਹੁੰਦੇ ਹਨ ਤਾਂ ਗੋਡੇ ਦੀ ਟੋਪੀ (ਨੀਅ ਕੈਪ) ਅੰਦਰ ਵੱਲ ਖਿੱਚਦੀ ਹੈ, ਜਿਸ ਨਾਲ ਵਧੇਰੇ ਰਗੜ ਅਤੇ ਦਰਦ ਹੁੰਦਾ ਹੈ।"
ਕਮਜ਼ੋਰ ਕਵਾਡ੍ਰੀਸੈਪਸ ਜੋੜ 'ਤੇ ਵੀ ਵਧੇਰੇ ਦਬਾਅ ਪਾਉਂਦੇ ਹਨ ਜਿੱਥੇ ਗੋਡੇ ਦੀ ਟੋਪੀ ਪੱਟ ਦੀ ਹੱਡੀ ਉੱਤੇ ਖਿਸਕਦੀ ਹੈ, ਜਿਸ ਨਾਲ ਦਰਦ ਅਤੇ ਕੜਿਕ ਕਰਨ ਦੀਆਂ ਆਵਾਜ਼ਾਂ ਆਉਂਦੀਆਂ ਹਨ।
ਸਕੁਐਟਸ
ਛਾਬੜਾ ਆਪਣੇ ਮਰੀਜ਼ਾਂ ਨੂੰ ਸੌਣ ਤੋਂ ਪਹਿਲਾਂ ਹਰ ਸਵੇਰ ਅਤੇ ਸ਼ਾਮ ਨੂੰ ਸਕੁਐਟਸ ਕਰਨ ਲਈ ਕਹਿੰਦੇ ਹਨ।
ਉਹ ਕਹਿੰਦੇ ਹਨ, "ਇਹ ਕਵਾਡ੍ਰੀਸੈਪਸ ਅਤੇ ਗਲੂਟੀਅਲ ਮਾਸਪੇਸ਼ੀਆਂ ਦੋਵਾਂ ਨੂੰ ਜੋੜਦਾ ਹੈ, ਜੋ ਗੋਡਿਆਂ ਦੇ ਜੋੜ 'ਤੇ ਤਣਾਅ ਘਟਾਉਣ ਲਈ ਮਹੱਤਵਪੂਰਨ ਹਨ। ਇਹ ਪ੍ਰੋਪ੍ਰੀਓਸੈਪਸ਼ਨ ਵਿੱਚ ਵੀ ਮਦਦ ਕਰਦਾ ਹੈ। ਵਾਰ-ਵਾਰ ਬਾਡੀਵੇਟ ਸਕੁਐਟਸ ਬਹੁਤ ਫਾਇਦੇਮੰਦ ਹੁੰਦੇ ਹਨ।"
ਜਿਹੜੇ ਲੋਕ ਲੰਬੇ ਸਮੇਂ ਤੱਕ ਬੈਠਦੇ ਹਨ, ਉਨ੍ਹਾਂ ਲਈ ਹਰ 30 ਮਿੰਟਾਂ ਵਿੱਚ 15 ਸਕੁਐਟਸ ਕਰਨ ਨਾਲ ਸਰੀਰ ਨੂੰ ਮਾਸਪੇਸ਼ੀਆਂ ਅਤੇ ਤਾਕਤ ਬਣਾਉਣ ਲਈ ਲੋੜੀਂਦੇ ਪ੍ਰੋਟੀਨ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਖੋਜ ਸੁਝਾਅ ਦਿੰਦੀ ਹੈ ਕਿ ਸਕੁਐਟਸ ਹੱਡੀਆਂ ਦੀ ਖਣਿਜ ਘਣਤਾ (ਬੋਨ ਮਿਨਰਲ ਡੈਨਸਿਟੀ) ਨੂੰ ਸੁਧਾਰ ਸਕਦੇ ਹਨ ਅਤੇ ਡਿੱਗਣ ਦੇ ਜੋਖਮ ਨੂੰ ਘਟਾ ਸਕਦੇ ਹਨ।
ਹਾਲਾਂਕਿ ਇਹ ਪਤਾ ਨਹੀਂ ਹੈ ਕਿ ਕੀ ਉਹ ਗਠੀਏ ਦੀ ਸ਼ੁਰੂਆਤ ਨੂੰ ਵੀ ਤੇਜ਼ੀ ਨਾਲ ਰੋਕਦੇ ਹਨ ਜਾਂ ਨਹੀਂ, ਉਹ ਗੋਡੇ ਨੂੰ ਸਥਿਰ ਕਰਨ, ਪਰ ਇਹ ਦਰਦ ਘਟਾਉਣ ਅਤੇ ਗਠੀਏ ਦੇ ਮਰੀਜ਼ਾਂ ਦੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ।
ਛਾਬੜਾ ਡੀਪ ਸਕੁਐਟਸ ਬਾਰੇ ਵਧੇਰੇ ਚਿੰਤਤ ਹਨ, ਜਦੋਂ ਤੁਸੀਂ ਆਪਣੇ ਗੋਡਿਆਂ ਨੂੰ 90 ਡਿਗਰੀ ਤੋਂ ਵੱਧ ਮੋੜਦੇ ਹੋ, ਹਾਲਾਂਕਿ ਇਸ ਮੁੱਦੇ 'ਤੇ ਖੋਜ ਭਾਈਚਾਰੇ ਦੇ ਅੰਦਰ ਅਸਹਿਮਤੀ ਹੈ।
ਕੁਝ ਅਧਿਐਨ ਦਰਸਾਉਂਦੇ ਹਨ ਕਿ ਜੇਕਰ ਸਹੀ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸੱਟ ਲੱਗਣ ਦਾ ਬਹੁਤਾ ਖ਼ਤਰਾ ਨਹੀਂ ਹੁੰਦਾ। ਹਾਲਾਂਕਿ, ਜੇਕਰ ਗਲਤ ਢੰਗ ਨਾਲ ਕੀਤਾ ਜਾਂਦਾ ਹੈ ਤਾਂ ਛਾਬੜਾ ਕਹਿੰਦੇ ਹਨ ਕਿ ਇਹ ਗੋਡਿਆਂ ਦੀਆਂ ਸਮੱਸਿਆਵਾਂ ਨੂੰ ਵਧਾ ਸਕਦਾ ਹੈ।
ਡਾਕਟਰ ਛਾਬੜਾ ਮੁਤਾਬਕ, "ਇਹ ਪੈਟੇਲੋਫੇਮੋਰਲ ਜੋੜ [ਗੋਡੇ ਦੀ ਟੋਪੀ ਅਤੇ ਪੱਟ ਦੀ ਹੱਡੀ ਦੇ ਵਿਚਕਾਰ ਜੋੜ] 'ਤੇ ਬਹੁਤ ਜ਼ਿਆਦਾ ਦਬਾਅ ਪਾ ਸਕਦਾ ਹੈ, ਜਿਸ ਨਾਲ ਵਧੇਰੇ ਦਰਦ ਹੋ ਸਕਦਾ ਹੈ।"
ਸਟ੍ਰੇਟ ਲੈੱਗ ਰੇਜ਼ਿਜ਼
ਇਹ ਕਵਾਡ੍ਰਿਸਪਸ ਮਾਸਪੇਸ਼ੀ ਨੂੰ ਮਜ਼ਬੂਤ ਕਰਨ ਲਈ ਇੱਕ ਹੋਰ ਆਸਾਨ ਕਸਰਤ ਹੈ। ਆਪਣੀ ਪਿੱਠ ਦੇ ਭਾਰ ਲੇਟਦੇ ਹੋਏ, ਇੱਕ ਲੱਤ ਨੂੰ ਗੋਡੇ ਤੋਂ ਮੋੜੋ ਅਤੇ ਪੈਰ ਨੂੰ ਸਿੱਧਾ ਰੱਖੋ, ਫਿਰ ਦੂਜੀ ਲੱਤ ਨੂੰ ਸਿੱਧਾ ਰੱਖਦੇ ਹੋਏ ਇਸ ਨੂੰ ਜ਼ਮੀਨ ਤੋਂ ਕੁਝ ਇੰਚ ਉੱਪਰ ਚੁੱਕੋ। ਕੁਝ ਸਕਿੰਟਾਂ ਲਈ ਲੱਤ ਨੂੰ ਹਵਾ ਵਿੱਚ ਹੀ ਸਿੱਧਾ ਰੱਖੋ ਅਤੇ ਫਿਰ ਹੌਲੀ-ਹੌਲੀ ਹੇਠਾਂ ਕਰ ਲਵੋ।
ਖੋਜ ਨੇ ਦਿਖਾਇਆ ਹੈ ਕਿ ਇਸ ਕਸਰਲ ਨਾਲ ਗੋਡਿਆਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਜੋੜਾਂ ਦੀ ਰੱਖਿਆ ਹੁੰਦੀ ਹੈ। ਜਦੋਂ ਵਾਰਮ-ਅੱਪ ਕਸਰਤ ਵਜੋਂ ਕੀਤਾ ਜਾਂਦਾ ਹੈ, ਤਾਂ ਇਹ ਕਸਰਤ ਨਾਲ ਸਬੰਧਤ ਸੱਟਾਂ ਦੇ ਜੋਖਮ ਨੂੰ ਵੀ ਘਟਾਉਂਦੇ ਹਨ।
ਕੋਲਵਿਨ ਕਹਿੰਦੇ ਹਨ, "ਇਸ ਕਸਰਤ ਦੀ ਕੁੰਜੀ ਇਹ ਹੈ ਕਿ ਤੁਸੀਂ ਪਹਿਲਾਂ ਕਵਾਡ੍ਰਿਸਪਸ ਮਾਸਪੇਸ਼ੀ ਨੂੰ ਸੁੰਗੜਦੇ ਹੋ। ਇਸ ਲਈ, ਜਦੋਂ ਤੁਸੀਂ ਲੱਤ ਨੂੰ ਸਿੱਧਾ ਕਰ ਰਹੇ ਹੋ ਅਤੇ ਚੁੱਕ ਰਹੇ ਹੋ, ਤਾਂ ਤੁਸੀਂ ਉਨ੍ਹਾਂ ਮਾਸਪੇਸ਼ੀਆਂ ਨੂੰ ਸਰਗਰਮ ਕਰ ਰਹੇ ਹੋ ਜਿਨ੍ਹਾਂ 'ਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ।''
ਕਾਫ਼ ਰੇਜ਼ਿਜ਼
ਤੁਹਾਡੀ ਕਾਫ਼ ਮਾਸਪੇਸ਼ੀ ਵਿੱਚ ਦੋ ਵੱਖ-ਵੱਖ ਮਾਸਪੇਸ਼ੀਆਂ ਹੁੰਦੀਆਂ ਹਨ, ਗੈਸਟ੍ਰੋਕਨੇਮੀਅਸ ਅਤੇ ਸੋਲੀਅਸ। ਇਨ੍ਹਾਂ ਨੂੰ ਮਜ਼ਬੂਤ ਕਰਨ ਨਾਲ ਗੋਡੇ ਦੇ ਜੋੜ ਦੇ ਉਸ ਹਿੱਸੇ 'ਤੇ ਤਣਾਅ ਤੋਂ ਰਾਹਤ ਮਿਲਦੀ ਹੈ ਜੋ ਗੋਡੇ ਦੀ ਟੋਪੀ (ਨੀਅਕੈਪ) ਦੇ ਹੇਠਾਂ ਹੈ।
ਡਾਕਟਰ ਛਾਬੜਾ ਦੇ ਅਨੁਸਾਰ, ਕਾਫ਼ ਰੇਜ਼ਿਜ਼ ਇਨ੍ਹਾਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦੇ ਸਭ ਤੋਂ ਵਧੀਆ ਤਰੀਕਿਆਂ ਵਿੱਚੋਂ ਇੱਕ ਹੈ। ਆਪਣੇ ਪੈਰਾਂ ਨੂੰ ਮੋਢਿਆਂ ਦੀ ਚੌੜਾਈ ਜਿਨ੍ਹਾਂ ਖੋਲ੍ਹ ਕੇ ਖੜ੍ਹੇ ਹੋਵੋ, ਫਿਰ ਆਪਣੇ ਪੈਰਾਂ ਦੇ ਪੰਜਿਆਂ ਅਤੇ ਉਂਗਲਾਂ ਦੇ ਭਾਰ ਹੁੰਦੇ ਹੋਏ ਆਪਣੇ ਆਪ ਨੂੰ ਉੱਪਰ ਵੱਲ ਚੁੱਕੋ, ਪੈਰਾਂ ਦੀਆਂ ਉਂਗਲਾਂ 'ਤੇ ਇਸੇ ਤਰ੍ਹਾਂ ਇੱਕ ਸਕਿੰਟ ਲਈ ਰੁਕੋ ਅਤੇ ਫਿਰ ਹੇਠਾਂ ਪਹਿਲਾਂ ਵਾਂਗ ਕਰ ਲਓ।
ਕਾਫ਼ ਰੇਜ਼ਿਜ਼ ਕਸਰਤ ਤੁਹਾਡੇ ਗੋਡੇ ਦੇ ਆਲੇ-ਦੁਆਲੇ ਦੀਆਂ ਮਾਸਪੇਸ਼ੀਆਂ ਦੇ ਸੰਤੁਲਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹੈ ਤਾਂ ਜੋ ਉਹ ਸਾਰੇ ਇਕੱਠੇ ਕੰਮ ਕਰਨ।
ਛਾਬੜਾ ਕਹਿੰਦੇ ਹਨ, "ਜੇਕਰ ਕੋਈ ਮਾਸਪੇਸ਼ੀ ਕਮਜ਼ੋਰ ਹੈ, ਤਾਂ ਤੁਹਾਡਾ ਸਰੀਰ ਅਸੰਤੁਲਿਤ ਹੋ ਜਾਵੇਗਾ, ਜਿਸ ਨਾਲ ਗੋਡੇ 'ਤੇ ਜ਼ਿਆਦਾ ਦਬਾਅ ਪਵੇਗਾ।"
ਕੁਰਸੀ ਤੋਂ ਉੱਠਣਾ
ਇਹ ਤੁਹਾਡੇ ਪੇਟ, ਪਿੱਠ ਅਤੇ ਪੇਡੂ ਦੀਆਂ ਡੂੰਘੀਆਂ ਕੋਰ ਮਾਸਪੇਸ਼ੀਆਂ 'ਤੇ ਕੰਮ ਕਰਦਾ ਹੈ। ਹਾਲਾਂਕਿ ਦੋਵੇਂ ਸਿੱਧੇ ਤੌਰ 'ਤੇ ਸੰਬੰਧਿਤ ਨਹੀਂ ਜਾਪਦੇ, ਪਰ ਕੋਲਵਿਨ ਕਹਿੰਦੇ ਹਨ ਕਿ ਇਹ ਵੱਡਾ ਮਾਸਪੇਸ਼ੀ ਸਮੂਹ ਗੋਡਿਆਂ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਜੋ ਭੂਮਿਕਾ ਨਿਭਾਉਂਦਾ ਹੈ, ਉਸ ਨੂੰ ਘੱਟ ਆਂਕਿਆ ਗਿਆ ਹੈ।
ਉਹ ਕਹਿੰਦੇ ਹਨ, "ਤੁਹਾਡੀਆਂ ਕੋਰ ਮਾਸਪੇਸ਼ੀਆਂ ਅਸਲ ਵਿੱਚ ਤੁਹਾਡੀ ਛਾਤੀ ਦੇ ਵਿਚਕਾਰ ਤੋਂ ਤੁਹਾਡੇ ਗੋਡਿਆਂ ਤੱਕ ਜਾਂਦੀਆਂ ਹਨ।''
ਬਸ ਕੁਰਸੀ 'ਤੇ ਬੈਠੋ ਅਤੇ ਵਾਰ-ਵਾਰ ਖੜ੍ਹੇ ਹੋਵੋ ਅਤੇ ਕਿਸੇ ਵੀ ਚੀਜ਼ ਨੂੰ ਫੜੇ ਬਿਨਾਂ ਦੁਬਾਰਾ ਬੈਠ ਜਾਓ।
ਉਹ ਕਹਿੰਦੇ ਹਨ, "ਇਹ ਯਕੀਨੀ ਤੌਰ 'ਤੇ ਤੁਹਾਡੀ ਉਮੀਦ ਨਾਲੋਂ ਔਖਾ ਹੈ। ਅਤੇ ਤੁਸੀਂ ਨੀਵੀਂ ਕੁਰਸੀ 'ਤੇ ਬੈਠ ਕੇ ਜਾਂ ਇੱਕ ਲੱਤ 'ਤੇ ਬੈਠ ਕੇ ਇਸਨੂੰ ਹੋਰ ਵੀ ਔਖਾ ਬਣਾ ਸਕਦੇ ਹੋ।" (ਇਸ ਲੇਖ ਵਿੱਚ ਸਿੱਖੋ ਕਿ ਬੈਠਣ-ਖੜ੍ਹੇ ਹੋਣ ਦਾ ਟੈਸਟ ਤੁਹਾਡੀ ਉਮਰ ਬਾਰੇ ਕੀ ਦੱਸ ਸਕਦਾ ਹੈ।)
ਜੇਕਰ ਤੁਸੀਂ ਇਸ ਕਿਸਮ ਦੀ ਕਸਰਤ ਲਈ ਨਵੇਂ ਹੋ ਤਾਂ ਛਾਬੜਾ ਇੱਕ ਫਿਜ਼ੀਓਲੋਜਿਸਟ ਜਾਂ ਸਟ੍ਰੀਐਂਥ ਅਤੇ ਕੰਡੀਸ਼ਨਿੰਗ ਕੋਚ ਨਾਲ ਸ਼ੁਰੂਆਤੀ ਸਲਾਹ ਲੈਣ ਦੀ ਸਿਫਾਰਸ਼ ਕਰਦੇ ਹਨ ਤਾਂ ਜੋ ਤੁਸੀਂ ਉਨ੍ਹਾਂ ਨਾਲ ਹਰੇਕ ਕਸਰਤ ਦਾ ਪਹਿਲਾਂ ਅਭਿਆਸ ਕਰ ਸਕੋ ਅਤੇ ਇਹ ਯਕੀਨੀ ਬਣਾ ਸਕੋ ਕਿ ਤੁਸੀਂ ਇਸਨੂੰ ਸਹੀ ਢੰਗ ਨਾਲ ਕਰ ਰਹੇ ਹੋ, ਨਾਲ ਹੀ ਇਹ ਵੀ ਤੈਅ ਕਰ ਸਕੋ ਕਿ ਤੁਹਾਡੇ ਲਈ ਕਿੰਨੇ ਸੈੱਟ ਕਿੰਨੀ ਵਾਰ ਕਰਨਾ ਠੀਕ ਰਹੇਗਾ।
ਉਹ ਕਹਿੰਦੇ ਹਨ, "ਜਿਵੇਂ-ਜਿਵੇਂ ਤੁਹਾਡੀ ਤਾਕਤ ਵਧਦੀ ਹੈ, ਤੁਸੀਂ ਭਾਰ ਵਧਾ ਸਕਦੇ ਹੋ। ਇਨ੍ਹਾਂ ਵਿੱਚੋਂ ਕੁਝ ਕਸਰਤਾਂ ਭਾਰ ਵਾਲੀ ਜੈਕਟ ਪਹਿਨ ਕੇ ਜਾਂ ਭਾਰ ਫੜ ਕੇ ਕੀਤੀਆਂ ਜਾ ਸਕਦੀਆਂ ਹਨ (ਜੇਕਰ ਤੁਸੀਂ ਅਜਿਹਾ ਕਰ ਸਕਦੇ ਹੋ ਤਾਂ), ਪਰ ਇਹ ਤੁਹਾਡੀ ਉਮਰ ਅਤੇ ਤਾਕਤ ਦੇ ਪੱਧਰ 'ਤੇ ਵੀ ਨਿਰਭਰ ਕਰਦਾ ਹੈ।''
ਛਾਬੜਾ ਕਹਿੰਦੇ ਹਨ, "ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਸਰੀਰ ਦਾ ਭਾਰ ਹੀ ਸਭ ਤੋਂ ਵਧੀਆ ਹੁੰਦਾ ਹੈ। ਮੈਂ ਮਰੀਜ਼ਾਂ ਨੂੰ ਇਹ ਵੀ ਕਹਿੰਦਾ ਹਾਂ ਕਿ ਵਿਗੜਦੇ ਦਰਦ 'ਤੇ ਨਜ਼ਰ ਰੱਖਣ। ਮਾਸਪੇਸ਼ੀਆਂ ਵਿੱਚ ਦਰਦ ਆਮ ਹੈ, ਪਰ ਜੋੜਾਂ ਦੇ ਦਰਦ ਦਾ ਵਿਗੜਨਾ ਚੰਗਾ ਨਹੀਂ ਹੈ ਕਿਉਂਕਿ ਇਹ ਗੋਡੇ ਦੇ ਅੰਦਰ ਕੁਝ ਗਲਤ ਹੋਣ ਦਾ ਸੰਕੇਤ ਦੇ ਸਕਦਾ ਹੈ ਜਿਸਨੂੰ ਹੱਲ ਕਰਨ ਦੀ ਲੋੜ ਹੁੰਦੀ ਹੈ।"
ਕੁੱਲ ਮਿਲਾ ਕੇ, ਗੋਡਿਆਂ ਨੂੰ ਮਜ਼ਬੂਤ ਕਰਨ ਵਾਲੀਆਂ ਕਸਰਤਾਂ ਕਰਨ ਲਈ ਸਮਾਂ ਕੱਢਣਾ ਇੱਕ ਅਜਿਹਾ ਕੀਮਤੀ ਨਿਵੇਸ਼ ਹੈ ਜੋ ਲੰਮੇ ਸਮੇਂ ਵਿੱਚ ਤੁਹਾਡੀ ਸਿਹਤ ਲਈ ਕੰਮ ਆਵੇਗਾ।
ਅਸੀਂ ਆਪਣੇ ਗੋਡਿਆਂ ਨੂੰ ਹਲਕੇ ਵਿੱਚ ਲੈ ਸਕਦੇ ਹਾਂ, ਪਰ ਉਹ ਸਾਨੂੰ ਤੁਰਨ, ਛਾਲ ਮਾਰਨ, ਟੱਪਣ ਅਤੇ ਦੌੜਨ'ਚ ਮਦਦ ਕਰਦੇ ਹਨ, ਜਦੋਂ ਤੱਕ ਉਹਕਮਜ਼ੋਰ ਨਹੀਂ ਪੈ ਜਾਂਦੇ।
ਜਿਵੇਂ ਕਿ ਬਾਜ਼ ਲੁਹਰਮਨ ਨੇ ਆਪਣੇ ਗੀਤ "ਐਵਰੀਬਡੀਜ਼ ਫ੍ਰੀ (ਟੂ ਵੇਅਰ ਸਨਸਕ੍ਰੀਨ) ਵਿੱਚ ਸਲਾਹ ਦਿੱਤੀ ਹੈ: "ਆਪਣੇ ਗੋਡਿਆਂ ਪ੍ਰਤੀ ਦਿਆਲੂ ਰਹੋ। ਜਦੋਂ ਉਹ ਚਲੇ ਜਾਣਗੇ ਤਾਂ ਤੁਹਾਨੂੰ ਉਨ੍ਹਾਂ ਦੀ ਯਾਦ ਆਵੇਗੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ