You’re viewing a text-only version of this website that uses less data. View the main version of the website including all images and videos.
ਗਰਦਨ ਦਾ ਮੋਟਾਪਾ ਤੁਹਾਡੀ ਸਿਹਤ ਬਾਰੇ ਕੀ-ਕੀ ਦੱਸਦਾ ਹੈ
- ਲੇਖਕ, ਚੰਦਨ ਕੁਮਾਰ ਜਜਵਾੜੇ
- ਰੋਲ, ਬੀਬੀਸੀ ਪੱਤਰਕਾਰ
ਲੋਕ ਆਮ ਤੌਰ 'ਤੇ ਮੋਟਾਪੇ ਨੂੰ ਜ਼ਿਆਦਾ ਭਾਰ ਜਾਂ ਪੇਟ ਦੀ ਚਰਬੀ ਦਿੱਸਣ ਨਾਲ ਜੋੜਦੇ ਹਨ। ਇਸ ਕਿਸਮ ਦੇ ਮੋਟਾਪੇ ਤੋਂ ਲੋਕ ਚਿੰਤਤ ਵੀ ਹੁੰਦੇ ਹਨ ਅਤੇ ਭਾਰ ਘਟਾਉਣ ਜਾਂ ਭਾਰ ਘੱਟ ਰੱਖਣ ਦੀ ਕੋਸ਼ਿਸ਼ ਵੀ ਕਰਦੇ ਹਨ।
ਹਾਲਾਂਕਿ, ਗਰਦਨ ਸਾਡੇ ਸਰੀਰ ਦਾ ਇੱਕ ਅਜਿਹਾ ਹਿੱਸਾ ਹੈ ਜੋ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਵੱਲ ਇਸ਼ਾਰਾ ਕਰਦਾ ਹੈ ਅਤੇ ਆਮ ਤੌਰ 'ਤੇ ਲੋਕਾਂ ਦਾ ਧਿਆਨ ਇਸ 'ਤੇ ਨਹੀਂ ਜਾਂਦਾ।
ਜੇਕਰ ਗਰਦਨ 'ਤੇ ਕੋਈ ਦਾਗ ਪੈ ਜਾਵੇ ਜਾਂ ਚਮੜੀ ਦਾ ਰੰਗ ਬਦਲ ਜਾਵੇ ਤਾਂ ਲੋਕ ਉਸੇ ਸਮੇਂ ਹੱਲ ਲੱਭਦੇ ਹਨ, ਕਿਉਂਕਿ ਇਹ ਚਿਹਰੇ ਦੇ ਬਿਲਕੁਲ ਹੇਠਾਂ ਵਾਲਾ ਪਾਸਾ ਹੁੰਦਾ ਹੈ ਅਤੇ ਲੋਕਾਂ ਨੂੰ ਦਿਖਾਈ ਦਿੰਦਾ ਹੈ।
ਪਰ ਜੇਕਰ ਗਰਦਨ ਆਮ ਨਾਲੋਂ ਮੋਟੀ ਜਾਂ ਪਤਲੀ ਦਿਖਾਈ ਦਿੰਦੀ ਹੈ, ਤਾਂ ਇਹ ਕੀ ਦਰਸਾਉਂਦਾ ਹੈ? ਕੀ ਤੁਹਾਨੂੰ ਅਜਿਹੀ ਸਥਿਤੀ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ?
ਸਿਰਫ਼ ਸੁੰਦਰਤਾ ਹੀ ਨਹੀਂ, ਸਗੋਂ ਸਿਹਤ ਨਾਲ ਵੀ ਹੈ ਸਬੰਧ
ਪਤਲੀ ਗਰਦਨ ਨੂੰ ਅਕਸਰ ਸਰੀਰਕ ਸੁੰਦਰਤਾ ਨਾਲ ਜੋੜਿਆ ਜਾਂਦਾ ਹੈ। ਲੋਕ ਗਰਦਨ ਦੇ ਅਗਲੇ ਹਿੱਸੇ ਦੀ ਸੁੰਦਰਤਾ ਨੂੰ ਵਧਾਉਣ ਲਈ ਗਹਿਣੇ ਵੀ ਪਾਉਦੇ ਹਨ।
ਔਰਤਾਂ ਦੇ ਨਾਲ-ਨਾਲ ਮਰਦਾਂ ਵਿੱਚ ਵੀ ਗਲ਼ੇ ਦੀ ਸੁੰਦਰਤਾ ਦਿਖਾਉਣ ਦੀ ਇੱਛਾ ਦੇਖੀ ਜਾਂਦੀ ਹੈ।
ਕੁਝ ਅਫ਼ਰੀਕੀ ਦੇਸ਼ਾਂ ਵਿੱਚ ਗਰਦਨ ਨੂੰ ਪਤਲੀ ਰੱਖਣ ਲਈ ਇਸ ਵਿੱਚ ਚੂੜੀਆਂ ਪਾਈਆਂ ਜਾਂਦੀਆਂ ਹਨ ਤਾਂ ਕਿ ਹੌਲੀ-ਹੌਲੀ ਗਰਦਨ ਪਤਲੀ ਅਤੇ ਲੰਮੀ ਹੋ ਜਾਵੇ।
ਲੋਕ ਆਪਣੀ ਗਰਦਨ ਨੂੰ ਖਿੱਚਵਾਂ ਬਣਾਉਣ ਲਈ ਜਿੰਮ ਦਾ ਸਹਾਰਾ ਵੀ ਲੈਂਦੇ ਹਨ ਅਤੇ ਖ਼ਾਸ ਤਰ੍ਹਾਂ ਦੀਆਂ ਕਸਰਤਾਂ ਵੀ ਕਰਦੇ ਹਨ।
ਹਾਲਾਂਕਿ ਕਸਰਤ ਕਰਨ ਨਾਲ ਸਰੀਰ ਅਤੇ ਗਰਦਨ ਵਿੱਚ ਜੋ ਤਬਦੀਲੀ ਆਉਂਦੀ ਹੈ, ਉਹ ਸਧਾਰਨ ਹੁੰਦੀ ਹੈ। ਪਰ ਜੇਕਰ ਗਰਦਨ ਸਰੀਰ ਦੇ ਬਾਕੀ ਅੰਗਾਂ ਨਾਲੋਂ ਪਤਲੀ ਜਾਂ ਮੋਟੀ ਦਿਖਾਈ ਦਿੰਦੀ ਹੈ, ਤਾਂ ਇਹ ਕਈ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ।
ਮੋਟੀ ਗਰਦਨ ਕਿਸ ਗੱਲ ਦਾ ਸੰਕੇਤ ਹੈ?
ਆਈਐਲਬੀਐਸ, ਦਿੱਲੀ ਦੇ ਨਿਰਦੇਸ਼ਕ ਅਤੇ ਨੈਸ਼ਨਲ ਅਕੈਡਮੀ ਆਫ਼ ਮੈਡੀਕਲ ਸਾਇੰਸਿਜ਼ ਦੇ ਪ੍ਰਧਾਨ ਡਾ. ਸ਼ਿਵ ਕੁਮਾਰ ਸਰੀਨ ਨੇ ਆਪਣੀ ਕਿਤਾਬ "ਆਨ ਯੂਅਰ ਬਾਡੀ" ਵਿੱਚ ਗਰਦਨ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਹੈ।
ਉਨ੍ਹਾਂ ਬੀਬੀਸੀ ਨੂੰ ਦੱਸਿਆ, "ਗਰਦਨ ਦਾ ਘੇਰਾ ਆਮ ਤੌਰ 'ਤੇ ਔਰਤਾਂ ਲਈ 33 ਤੋਂ 35 ਸੈਂਟੀਮੀਟਰ ਅਤੇ ਮਰਦਾਂ ਲਈ 37 ਤੋਂ 40 ਸੈਂਟੀਮੀਟਰ ਹੋਣਾ ਚਾਹੀਦਾ ਹੈ। ਇਸ ਤੋਂ ਵੱਧ ਹੋਣਾ ਕਈ ਬਿਮਾਰੀਆਂ ਵੱਲ ਇਸ਼ਾਰਾ ਕਰਦਾ ਹੈ।"
ਉਨ੍ਹਾਂ ਦੱਸਿਆ ਕਿ ਇਸ ਸਮੇਂ ਬਹੁਤ ਸਾਰੇ ਨਵੇਂ ਮੈਡੀਕਲ ਅਧਿਐਨ ਚੱਲ ਰਹੇ ਹਨ ਜੋ ਗਰਦਨ ਦੀ ਮੋਟਾਈ ਦੇ ਆਧਾਰ 'ਤੇ ਬਿਮਾਰੀਆਂ ਬਾਰੇ ਦੱਸਦੇ ਹਨ।
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਦਿੱਲੀ ਵਿੱਚ ਗੈਸਟ੍ਰੋਐਂਟਰੌਲੋਜੀ ਦੇ ਐਸੋਸੀਏਟ ਪ੍ਰੋਫੈਸਰ ਡਾ. ਸ਼ਾਲੀਮਾਰ ਕਹਿੰਦੇ ਹਨ, "ਜੇਕਰ ਗਰਦਨ ਵਿੱਚ ਥੋੜ੍ਹੀ ਜਿਹੀ ਜ਼ਿਆਦਾ ਚਰਬੀ ਹੋਵੇ ਜਾਂ ਗਰਦਨ ਛੋਟੀ ਦਿਖਾਈ ਦੇਵੇ, ਤਾਂ ਅਸੀਂ ਅਕਸਰ ਅਜਿਹੇ ਲੋਕਾਂ ਵਿੱਚ ਫੈਟੀ ਲੀਵਰ ਅਤੇ ਮੋਟਾਪੇ ਵਰਗੀਆਂ ਸਮੱਸਿਆਵਾਂ ਦੇਖਦੇ ਹਾਂ। ਕਈ ਵਾਰ ਅਜਿਹੇ ਲੋਕ ਬਹੁਤ ਜ਼ਿਆਦਾ ਘੁਰਾੜੇ ਵੀ ਮਾਰਦੇ ਹਨ।"
ਜੇਕਰ ਕਿਸੇ ਇਨਸਾਨ ਦੀ ਗਰਦਨ ਆਮ ਨਾਲੋਂ ਮੋਟੀ ਦਿਖਾਈ ਦਿੰਦੀ ਹੈ, ਤਾਂ ਇਹ ਮੈਟਾਬੋਲਿਕ ਸਿੰਡਰੋਮ ਵੱਲ ਸੰਕੇਤ ਹੁੰਦਾ ਹੈ।
ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਸੀਨੀਅਰ ਸਲਾਹਕਾਰ ਡਾ. ਮੋਹਸਿਨ ਵਲੀ ਕਹਿੰਦੇ ਹਨ, "ਮੋਟੀ ਗਰਦਨ ਵਾਲੇ ਵਿਅਕਤੀ ਵਿੱਚ ਵੱਧ ਕੋਲੈਸਟ੍ਰੋਲ, ਫੈਟੀ ਲੀਵਰ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਹੋ ਸਕਦਾ ਹੈ। ਇਸ ਲਈ ਖ਼ਾਸ ਜਾਂਚ ਦੀ ਲੋੜ ਹੁੰਦੀ ਹੈ।"
ਇਸ ਦੇ ਨਾਲ ਹੀ ਮੋਟੀ ਗਰਦਨ ਮੋਟਾਪੇ ਵੱਲ ਵੀ ਇਸ਼ਾਰਾ ਕਰਦੀ ਹੈ।
ਡਾ. ਮੋਹਸਿਨ ਵਲੀ ਅੱਗੇ ਕਹਿੰਦੇ ਹਨ, "ਕਈ ਵਾਰ ਔਰਤਾਂ ਵਿੱਚ ਮੋਟੀ ਗਰਦਨ ਪੋਲੀਸਿਸਟਿਕ ਓਵਰੀ ਦੀ ਬਿਮਾਰੀ ਵੱਲ ਵੀ ਸੰਕੇਤ ਹੁੰਦੀ ਹੈ। ਇਸ ਦੌਰਾਨ ਓਵਰੀ ਵਿੱਚ ਕਈ ਗੰਢਾਂ ਬਣ ਸਕਦੀਆਂ ਹਨ, ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹਨਾਂ ਵਿੱਚ ਅਨਿਯਮਿਤ ਮਾਹਵਾਰੀ ਅਤੇ ਗਰਭ ਅਵਸਥਾ ਦੀਆਂ ਸਮੱਸਿਆਵਾਂ ਸ਼ਾਮਲ ਹਨ।"
ਜਿਨ੍ਹਾਂ ਲੋਕਾਂ ਦੀ ਗਰਦਨ ਕਿਸੇ ਬਿਮਾਰੀ ਕਾਰਨ ਮੋਟੀ ਹੋ ਰਹੀ ਹੋਵੇ, ਉਨ੍ਹਾਂ ਦੀ ਗਰਦਨ ਦੇ ਪਿੱਛੇ ਕਈ ਵਾਰ ਚਮੜੀ ਵਿੱਚ ਕਾਲਾਪਨ ਮਹਿਸੂਸ ਹੁੰਦਾ ਹੈ। ਗਰਦਨ ਦੀ ਚਮੜੀ ਦਾ ਕਾਲਾ ਹੋਣਾ ਸਿਰਫ਼ ਚਮੜੀ ਦੀ ਸਮੱਸਿਆ ਨਹੀਂ ਹੈ, ਸਗੋਂ ਕਿਸੇ ਹੋਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ।
ਪੁਣੇ ਦੇ ਡੀਵਾਈ ਮੈਡੀਕਲ ਕਾਲਜ ਦੇ ਪ੍ਰੋਫੈਸਰ ਅਮਿਤਾਵ ਬੈਨਰਜੀ ਕਹਿੰਦੇ ਹਨ, "ਜੇਕਰ ਕਿਸੇ ਦੀ ਗਰਦਨ ਆਮ ਨਾਲੋਂ ਮੋਟੀ ਹੈ ਤਾਂ ਇਹ ਦਰਸਾਉਂਦੀ ਹੈ ਕਿ ਇਸ ਵਿਅਕਤੀ ਨੂੰ ਕੋਈ ਸਿਹਤ ਸਮੱਸਿਆ ਹੈ। ਖਾਸ ਕਰਕੇ ਉਸ ਦਾ ਸਰੀਰ ਮੋਟਾਪੇ ਵੱਲ ਵਧ ਰਿਹਾ ਹੈ। ਫਿਰ ਮੋਟਾਪੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜੁੜ ਜਾਂਦੀਆਂ ਹਨ।"
ਡਾ. ਅਮਿਤਾਵ ਦੇ ਅਨੁਸਾਰ, ਜੇਕਰ ਦੋ ਲੋਕਾਂ ਦੀ ਸਰੀਰਕ ਬਣਤਰ ਇੱਕੋ-ਜਿਹੀ ਦਿਖਾਈ ਦਿੰਦੀ ਹੈ, ਯਾਨੀ ਕਿ ਦੋਵੇਂ ਭਾਰ ਦੇ ਮਾਮਲੇ ਵਿੱਚ ਇੱਕੋ ਜਿਹੇ ਦਿਖਾਈ ਦਿੰਦੇ ਹਨ, ਪਰ ਉਨ੍ਹਾਂ ਵਿੱਚੋਂ ਇੱਕ ਦੀ ਗਰਦਨ ਮੋਟੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਦੇ ਸਰੀਰ ਵਿੱਚ ਚਰਬੀ ਜ਼ਿਆਦਾ ਹੈ ਅਤੇ ਉਹ ਮੋਟਾਪੇ ਵੱਲ ਵਧ ਰਿਹਾ ਹੈ।
ਪਤਲੀ ਗਰਦਨ ਕੀ ਸੰਕੇਤ ਦਿੰਦੀ ਹੈ?
ਭਾਵੇਂ ਪਤਲੀ ਗਰਦਨ ਨੂੰ ਸੁੰਦਰਤਾ ਦਾ ਮਾਪਦੰਡ ਮੰਨਿਆ ਜਾਂਦਾ ਹੈ, ਪਰ ਇਹ ਥਾਇਰਾਇਡ ਨਾਲ ਸਬੰਧਤ ਬਿਮਾਰੀਆਂ ਦਾ ਸੰਕੇਤ ਵੀ ਹੋ ਸਕਦਾ ਹੈ।
ਪਤਲੀ ਗਰਦਨ ਵਾਲੇ ਲੋਕਾਂ ਵਿੱਚ ਅਕਸਰ ਵਾਧੂ ਵਰਟਿਬਰਾ ਹੁੰਦੀ ਹੈ।
ਸਰਵਾਈਕਲ ਰੀੜ੍ਹ ਦੀ ਹੱਡੀ ਵਿੱਚ ਸੱਤ ਵਰਟਿਬਰਾ ਹੁੰਦੀਆਂ ਹਨ, ਪਰ ਕੁਝ ਲੋਕਾਂ ਵਿੱਚ ਇਹ ਅੱਠ ਵੀ ਹੁੰਦੀਆਂ ਹਨ।
ਇਸ ਨੂੰ ਇਸ ਤਰ੍ਹਾਂ ਦੀ ਸਮਝ ਸਕਦੇ ਹਾਂ ਜਿਵੇਂ ਕਈ ਵਾਰ ਕਿਸੇ ਇਨਸਾਨ ਦੇ ਪੰਜ ਦੀ ਬਜਾਏ ਛੇ ਉਂਗਲਾਂ ਹੁੰਦੀਆਂ ਹਨ।
ਵਰਟਿਬਰਾ ਰੀੜ੍ਹ ਦੀਆਂ ਹੱਡੀਆਂ ਹੁੰਦੀਆਂ ਹਨ, ਜਿਨ੍ਹਾਂ ਨਾਲ ਮਿਲ ਕੇ ਸਪਾਈਨ ਬਣਦੀ ਹੈ। ਇਹ ਸਰੀਰ ਦੇ ਢਾਂਚੇ ਨੂੰ ਸਹਾਰਾ ਦੇਣ ਲਈ ਸਪਾਈਨਲ ਕੋਰਡ ਅਤੇ ਨਰਵਜ਼ ਦੀ ਸੁਰੱਖਿਆ ਕਰਦੀਆਂ ਹਨ।
ਹਾਲਾਂਕਿ ਇਹ ਇੱਕ ਜਮਾਂਦਰੂ ਸਥਿਤੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਇਹ ਗਰਦਨ ਦੇ ਐਕਸ-ਰੇ 'ਤੇ ਕਦੇ ਵੀ ਦਿਖਾਈ ਦੇ ਜਾਂਦੀ ਹੈ, ਇਹ ਆਮ ਤੌਰ 'ਤੇ ਕੋਈ ਸਮੱਸਿਆ ਪੈਦਾ ਨਹੀਂ ਕਰਦੀ।
ਡਾ. ਵਲੀ ਕਹਿੰਦੇ ਹਨ, "ਇਹ ਆਮ ਤੌਰ 'ਤੇ ਕੋਈ ਸਮੱਸਿਆ ਨਹੀਂ ਪੈਦਾ ਕਰਦੀਆਂ, ਪਰ ਕੁਝ ਮਾਮਲਿਆਂ ਵਿੱਚ ਅਸੀਂ ਦੇਖਦੇ ਹਾਂ ਕਿ ਜੇਕਰ ਸਰਵਾਈਕਲ ਪਸਲੀਆਂ ਦੀ ਗਿਣਤੀ ਇੱਕ ਜ਼ਿਆਦਾ ਹੈ, ਭਾਵ ਅੱਠ ਹੈ, ਤਾਂ ਇਹ ਹੱਥਾਂ ਵਿੱਚ ਸੁੰਨ ਹੋਣ ਵਰਗੀ ਸਮੱਸਿਆ ਵੀ ਪੈਦਾ ਕਰ ਸਕਦੀ ਹੈ।"
ਬੰਗਲੁਰੂ ਦੇ ਡਾ. ਅਤਰੇਆ ਨਿਹਾਰਚੰਦਰ ਕਹਿੰਦੇ ਹਨ, "ਕਈ ਵਾਰ ਅਨੀਮੀਆ ਕਾਰਨ ਲੋਕਾਂ ਦੀਆਂ ਗਰਦਨਾਂ ਆਮ ਨਾਲੋਂ ਪਤਲੀਆਂ ਦਿਖਾਈ ਦਿੰਦੀਆਂ ਹਨ। ਅਜਿਹੇ ਲੋਕਾਂ ਨੂੰ ਆਇਰਨ, ਵਿਟਾਮਿਨ ਅਤੇ ਹੋਰ ਪੌਸ਼ਟਿਕ ਤੱਤ ਦਿੱਤੇ ਜਾਂਦੇ ਹਨ। ਕੁਝ ਮਾਮਲਿਆਂ ਵਿੱਚ ਤਾਂ ਖੂਨ ਚੜ੍ਹਾਉਣ ਦੀ ਵੀ ਜ਼ਰੂਰਤ ਪੈ ਜਾਂਦੀ ਹੈ।"
ਉਹ ਦੱਸਦੇ ਹਨ ਕਿ ਇਹ ਕਈ ਵਾਰ ਜੈਨੇਟਿਕ ਵੀ ਹੋ ਸਕਦਾ ਹੈ ਕਿ ਜੇਕਰ ਕਿਸੇ ਦੇ ਪਿਤਾ ਦੀ ਗਰਦਨ ਲੰਬੀ ਅਤੇ ਪਤਲੀ ਹੋਵੇ ਤਾਂ ਪੁੱਤਰ ਦੀ ਗਰਦਨ ਵੀ ਇਸੇ ਤਰ੍ਹਾਂ ਦੀ ਹੋਵੇ ਅਤੇ ਇਹ ਅਨੀਮੀਆ ਦੀ ਨਿਸ਼ਾਨੀ ਵੀ ਹੋ ਸਕਦੀ ਹੈ।
ਕਈ ਵਾਰ ਪਤਲੀ ਗਰਦਨ ਵਾਲੇ ਲੋਕਾਂ ਨੂੰ ਦਵਾਈਆਂ ਅਤੇ ਹੋਰ ਤਰੀਕਿਆਂ ਰਾਹੀਂ ਆਪਣੇ ਪੌਸ਼ਟਿਕ ਤੱਤਾਂ ਦੇ ਪੱਧਰ ਨੂੰ ਸੰਤੁਲਿਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਗਰਦਨ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਅਤੇ ਠੀਕ ਕਰਨ ਲਈ ਵਿਸ਼ੇਸ਼ ਫਿਜ਼ੀਓਥੈਰੇਪੀ ਕਰਵਾਉਣ ਦੀ ਵੀ ਸਲਾਹ ਵੀ ਦਿੱਤੀ ਜਾਂਦੀ ਹੈ।
ਡਾਕਟਰਾਂ ਦੇ ਅਨੁਸਾਰ, ਜਿਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਗਰਦਨ ਆਮ ਨਾਲੋਂ ਮੋਟੀ ਦਿਖਾਈ ਦਿੰਦੀ ਹੈ, ਉਨ੍ਹਾਂ ਨੂੰ ਪਹਿਲਾਂ ਆਪਣੇ ਭਾਰ ਨੂੰ ਕਾਬੂ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ।
ਔਰਤਾਂ ਵਿੱਚ ਆਮ ਤੌਰ 'ਤੇ ਬੱਚੇ ਦੇ ਜਨਮ ਤੋਂ ਬਾਅਦ ਮੋਟੇ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਇਸ ਲਈ ਉਨ੍ਹਾਂ ਨੂੰ ਆਪਣੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ।
ਕੁੱਲ ਮਿਲਾ ਕੇ, ਹੁਣ ਜਦੋਂ ਵੀ ਤੁਸੀਂ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋਵੋ ਤਾਂ ਚਿਹਰੇ ਦੇ ਬਿਲਕੁਲ ਹੇਠਾਂ ਗਰਦਨ 'ਤੇ ਨਜ਼ਰ ਜ਼ਰੂਰ ਮਾਰੋ ਤਾਂ ਜੋ ਇਹ ਅੰਦਾਜ਼ਾ ਮਿਲ ਸਕੇ ਕਿ ਤੁਹਾਡਾ ਸਰੀਰ ਜਾਂ ਤੁਹਾਡੀ ਸਿਹਤ ਕਿਸੇ ਖ਼ਤਰੇ ਵੱਲ ਤਾਂ ਨਹੀਂ ਵਧ ਰਹੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ