ਸਾਨੂੰ ਆਪਣੇ ਬਚਪਨ ਦੀਆਂ ਗੱਲਾਂ ਯਾਦ ਕਿਉਂ ਨਹੀਂ ਰਹਿੰਦੀਆਂ, ਵਿਗਿਆਨ ਨੂੰ ਇਸ ਰਹੱਸ ਬਾਰੇ ਕੀ-ਕੀ ਪਤਾ ਹੈ

    • ਲੇਖਕ, ਮਾਰੀਆ ਜ਼ਾਕਾਰੋ
    • ਰੋਲ, ਬੀਬੀਸੀ ਪੱਤਰਕਾਰ

ਤੰਤੂ ਵਿਗਿਆਨੀ ਅਤੇ ਮਨੋਵਿਗਿਆਨੀ ਦਹਾਕਿਆਂ ਤੋਂ ਇਸ ਸਵਾਲ ਨਾਲ ਜੂਝ ਰਹੇ ਹਨ।

ਬਚਪਨ ਦੀਆਂ ਘਟਨਾਵਾਂ ਨੂੰ ਯਾਦ ਨਾ ਰੱਖ ਸਕਣ ਨੂੰ ਇਨਫੈਂਟਾਈਲ ਐਮਨੇਸ਼ੀਆ ਕਹਿੰਦੇ ਹਨ। ਇਸ ਸਥਿਤੀ ਦੀ ਵਿਆਖਿਆ ਕਰਨ ਲਈ ਕਈ ਸਿਧਾਂਤ ਲੰਬੇ ਸਮੇਂ ਤੋਂ ਦੱਸੇ ਜਾ ਰਹੇ ਸਨ।

ਅਮਰੀਕਾ ਦੀ ਯੇਲ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਅਤੇ ਨਿਊਰੋਸਰਜਰੀ ਦੇ ਪ੍ਰੋਫੈਸਰ ਨਿੱਕ ਟਰਕ-ਬ੍ਰਾਊਨ ਕਹਿੰਦੇ ਹਨ ਕਿ ਅਸਲ ਬਹਿਸ ਦੋ ਮੁੱਖ ਸਵਾਲਾਂ ਦੇ ਦੁਆਲੇ ਘੁੰਮਦੀ ਹੈ।

ਕੀ ਅਸੀਂ ਬਚਪਨ ਵਿੱਚ ਯਾਦਾਂ ਬਣਾਉਂਦੇ ਹਾਂ ਅਤੇ ਫਿਰ ਭੁੱਲ ਜਾਂਦੇ ਹਾਂ, ਜਾਂ ਕੀ ਅਸੀਂ ਵੱਡੇ ਹੋਣ ਤੱਕ ਕੋਈ ਯਾਦਾਂ ਨਹੀਂ ਬਣਾਉਂਦੇ?

ਪ੍ਰੋਫੈਸਰ ਟਰਰਕ-ਬ੍ਰਾਊਨ ਮੁਤਾਬਕ, ਪਿਛਲੇ ਦਹਾਕੇ ਤੋਂ ਖੋਜਕਰਤਾਵਾਂ ਦਾ ਮੰਨਣਾ ਸੀ ਕਿ ਬੱਚੇ ਯਾਦਾਂ ਨਹੀਂ ਬਣਾਉਂਦੇ।

ਕੁਝ ਵਿਗਿਆਨੀਆਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਕੋਲ ਨਾ ਤਾਂ ਸਵੈ-ਪਛਾਣ ਦੀ ਪੂਰੀ ਭਾਵਨਾ ਹੁੰਦੀ ਹੈ ਅਤੇ ਨਾ ਹੀ ਬੋਲਣ ਦੀ ਯੋਗਤਾ ਹੁੰਦੀ ਹੈ।

ਇੱਕ ਸਿਧਾਂਤ ਇਹ ਹੈ ਕਿ ਅਸੀਂ ਚਾਰ ਸਾਲ ਦੀ ਉਮਰ ਤੱਕ ਯਾਦਾਂ ਨਹੀਂ ਬਣਾਉਂਦੇ ਕਿਉਂਕਿ ਹਿਪੋਕੈਂਪਸ, ਦਿਮਾਗ ਦਾ ਉਹ ਹਿੱਸਾ ਜੋ ਯਾਦਾਂ ਬਣਾਉਂਦਾ ਹੈ, ਉਦੋਂ ਤੱਕ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਹੁੰਦਾ।

ਪ੍ਰੋਫੈਸਰ ਟਰਕ-ਬ੍ਰਾਊਨ ਕਹਿੰਦੇ ਹਨ, "ਬਚਪਨ ਦੌਰਾਨ ਹਿਪੋਕੈਂਪਸ ਆਕਾਰ ਵਿੱਚ ਤੇਜ਼ੀ ਨਾਲ ਵਧਦਾ ਹੈ। ਸ਼ੁਰੂਆਤੀ ਅਨੁਭਵਾਂ ਨੂੰ ਯਾਦ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਉਸ ਸਮੇਂ ਜ਼ਰੂਰੀ ਨਿਊਰਲ ਸਰਕਟ ਮੌਜੂਦ ਨਹੀਂ ਹੁੰਦੇ।"

ਬੱਚੇ ਦੇ ਦਿਮਾਗ ਦੀ ਇਮੇਜਿੰਗ

ਪਰ ਇਸ ਸਾਲ ਦੇ ਸ਼ੁਰੂ ਵਿੱਚ ਪ੍ਰੋਫੈਸਰ ਟਰਕ-ਬ੍ਰਾਊਨ ਵੱਲੋਂ ਕੀਤੇ ਗਏ ਇੱਕ ਅਧਿਐਨ ਨੇ ਵੱਖਰੇ ਨਤੀਜੇ ਪੇਸ਼ ਕੀਤੇ ਹਨ।

ਇਸ ਵਿੱਚ 4 ਮਹੀਨੇ ਤੋਂ 2 ਸਾਲ ਦੀ ਉਮਰ ਦੇ 26 ਬੱਚਿਆਂ ਨੂੰ ਕਈ ਤਸਵੀਰਾਂ ਦਿਖਾਈਆਂ ਗਈਆਂ ਅਤੇ ਨਾਲ ਹੀ ਹਿਪੋਕੈਂਪਸ ਦੀ ਗਤੀਵਿਧੀ ਨੂੰ ਦੇਖਣ ਲਈ ਉਨ੍ਹਾਂ ਦੇ ਦਿਮਾਗ ਨੂੰ ਸਕੈਨ ਕੀਤਾ ਗਿਆ।

ਇਸ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਇੱਕ ਪੁਰਾਣੀ ਅਤੇ ਇੱਕ ਨਵੀਂ ਤਸਵੀਰ ਦਿਖਾਈ ਗਈ।

ਖੋਜਕਰਤਾਵਾਂ ਨੇ ਬੱਚਿਆਂ ਦੀਆਂ ਅੱਖਾਂ ਦੀਆਂ ਹਰਕਤਾਂ ਨੂੰ ਦੇਖਿਆ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਉਹ ਕਿਹੜੀ ਤਸਵੀਰ ਨੂੰ ਜ਼ਿਆਦਾ ਦੇਰ ਤੱਕ ਦੇਖਦੇ ਹਨ।

ਜੇਕਰ ਬੱਚਾ ਪੁਰਾਣੀ ਫ਼ੋਟੋ ਨੂੰ ਜ਼ਿਆਦਾ ਦੇਰ ਤੱਕ ਦੇਖਦਾ ਰਹਿੰਦਾ ਸੀ, ਤਾਂ ਇਹ ਇਸ ਗੱਲ ਦਾ ਸਬੂਤ ਮੰਨਿਆ ਜਾਂਦਾ ਸੀ ਕਿ ਉਸਨੂੰ ਇਹ ਯਾਦ ਸੀ। ਇਹ ਗੱਲ ਪਿਛਲੇ ਕਈ ਅਧਿਐਨਾਂ ਵਿੱਚ ਵੀ ਪਾਈ ਗਈ ਹੈ।

ਖੋਜ ਤੋਂ ਪਤਾ ਲੱਗਾ ਹੈ ਕਿ ਜੇਕਰ ਕੋਈ ਬੱਚਾ ਪਹਿਲੀ ਵਾਰ ਕੋਈ ਤਸਵੀਰ ਦੇਖਦਾ ਹੈ ਅਤੇ ਉਸ ਸਮੇਂ ਉਸਦਾ ਹਿਪੋਕੈਂਪਸ ਵਧੇਰੇ ਸਰਗਰਮ ਹੁੰਦਾ ਹੈ, ਤਾਂ ਬਾਅਦ ਵਿੱਚ ਬੱਚੇ ਦੇ ਉਸ ਤਸਵੀਰ ਨੂੰ ਯਾਦ ਰੱਖਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਇਹ ਪ੍ਰਭਾਵ ਖ਼ਾਸ ਕਰਕੇ 12 ਮਹੀਨਿਆਂ ਤੋਂ ਵੱਧ ਉਮਰ ਦੇ ਬੱਚਿਆਂ ਵਿੱਚ ਦੇਖਿਆ ਗਿਆ।

ਇਹ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਤਕਰੀਬਨ ਇੱਕ ਸਾਲ ਦੀ ਉਮਰ ਤੱਕ, ਹਿਪੋਕੈਂਪਸ ਯਾਦਾਂ ਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਿੰਦਾ ਹੈ।

ਯਾਦਾਂ ਕਿੱਥੇ ਜਾਂਦੀਆਂ ਹਨ?

ਪ੍ਰੋਫ਼ੈਸਰ ਟਰਕ-ਬ੍ਰਾਊਨ ਮੁਤਾਬਕ, ਉਨ੍ਹਾਂ ਦੀ ਟੀਮ ਦਾ ਅਧਿਐਨ ਇਹ ਸਮਝਣ ਵੱਲ ਪਹਿਲਾ ਕਦਮ ਹੈ ਕਿ ਕੀ ਬੱਚੇ ਹਿਪੋਕੈਂਪਸ ਵਿੱਚ ਯਾਦਾਂ ਬਣਾ ਸਕਦੇ ਹਨ, ਪਰ ਇਸ ਮਸਲੇ ਉੱਤੇ ਹੋਰ ਖੋਜ ਦੀ ਲੋੜ ਹੈ।

ਉਹ ਕਹਿੰਦੇ ਹਨ, "ਜੇ ਅਸੀਂ ਸੱਚਮੁੱਚ ਇਨ੍ਹਾਂ ਯਾਦਾਂ ਨੂੰ ਸੰਭਾਲ ਰਹੇ ਹਾਂ ਤਾਂ ਕੁਝ ਸਵਾਲ ਹਨ ਕਿ ਇਹ ਕਿੱਥੇ ਜਾਂਦੀਆਂ ਹਨ? ਕੀ ਇਹ ਅਜੇ ਵੀ ਮੌਜੂਦ ਹਨ? ਅਤੇ ਕੀ ਅਸੀਂ ਉਨ੍ਹਾਂ ਨੂੰ ਦੁਬਾਰਾ ਪ੍ਰਾਪਤ ਕਰ ਸਕਦੇ ਹਾਂ?"

2023 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਚੂਹੇ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਭੂਲਭੂਲਈਆ ਵਿੱਚੋਂ ਨਿਕਲਣਾ ਸਿੱਖਿਆ ਸੀ, ਉਹ ਵੱਡੇ ਹੋਣ ਦੇ ਨਾਲ ਇਸਨੂੰ ਭੁੱਲ ਗਏ।

ਪਰ ਜਦੋਂ ਵਿਗਿਆਨੀਆਂ ਨੇ ਸਿੱਖਣ ਨਾਲ ਜੁੜੇ ਹਿਪੋਕੈਂਪਸ ਦੇ ਹਿੱਸੇ ਨੂੰ ਸਰਗਰਮ ਕੀਤਾ, ਤਾਂ ਯਾਦਾਂ ਵਾਪਸ ਆ ਗਈਆਂ।

ਕੀ ਇਹ ਮਨੁੱਖੀ ਬੱਚਿਆਂ ਨਾਲ ਵੀ ਹੁੰਦਾ ਹੈ ਅਤੇ ਕੀ ਉਨ੍ਹਾਂ ਦੀਆਂ ਯਾਦਾਂ ਕਿਤੇ ਦੱਬੀਆਂ ਰਹਿੰਦੀਆਂ ਹਨ? ਇਹ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ

ਯੂਕੇ ਦੀ ਵੈਸਟਮਿੰਸਟਰ ਯੂਨੀਵਰਸਿਟੀ ਦੀ ਪ੍ਰੋਫੈਸਰ ਕੈਥਰੀਨ ਲਵਡੇ ਕਹਿੰਦੇ ਹਨ ਕਿ ਛੋਟੇ ਬੱਚਿਆਂ ਵਿੱਚ ਯਾਦਾਂ ਬਣਾਉਣ ਦੀ ਸਮਰੱਥਾ ਹੁੰਦੀ ਹੈ, ਘੱਟੋ ਘੱਟ ਉਦੋਂ ਤੱਕ ਜਦੋਂ ਤੱਕ ਉਹ ਬੋਲਣਾ ਸ਼ੁਰੂ ਨਹੀਂ ਕਰਦੇ।

ਉਹ ਕਹਿੰਦੇ ਹਨ, "ਅਸੀਂ ਦੇਖਦੇ ਹਾਂ ਕਿ ਛੋਟੇ ਬੱਚੇ ਨਰਸਰੀ ਤੋਂ ਵਾਪਸ ਆਉਂਦੇ ਹਨ ਅਤੇ ਸਾਨੂੰ ਦੱਸਦੇ ਹਨ ਕਿ ਉਨ੍ਹਾਂ ਨਾਲ ਕੀ ਹੋਇਆ ਸੀ, ਪਰ ਕੁਝ ਸਾਲਾਂ ਬਾਅਦ ਉਹ ਉਹੀ ਗੱਲਾਂ ਦੁਬਾਰਾ ਨਹੀਂ ਦੱਸ ਪਾਉਂਦੇ। ਇਹ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਯਾਦਾਂ ਬਣ ਜਾਂਦੀਆਂ ਹਨ, ਪਰ ਉਹ ਜ਼ਿਆਦਾ ਦੇਰ ਤੱਕ ਨਹੀਂ ਰਹਿੰਦੀਆਂ।"

ਉਹ ਕਹਿੰਦੇ ਹਨ, "ਅਸਲ ਸਵਾਲ ਇਹ ਹੈ ਕਿ ਕੀ ਅਸੀਂ ਸਮੇਂ ਦੇ ਨਾਲ ਉਨ੍ਹਾਂ ਯਾਦਾਂ ਨੂੰ ਡੂੰਘਾਈ ਨਾਲ ਸੰਭਾਲਦੇ ਹਾਂ। ਕੀ ਉਹ ਜਲਦੀ ਫਿੱਕੀਆਂ ਪੈ ਜਾਂਦੀਆਂ ਹਨ ਅਤੇ ਕੀ ਉਹ ਇੰਨੀਆਂ ਮਜ਼ਬੂਤ ਹਨ ਕਿ ਅਸੀਂ ਸੁਚੇਤ ਤੌਰ 'ਤੇ ਯਾਦ ਕਰ ਸਕੀਏ?"

ਕੀ ਯਾਦਾਂ ਝੂਠੀਆਂ ਵੀ ਹੋ ਸਕਦੀਆਂ ਹਨ?

ਪ੍ਰੋਫੈਸਰ ਲਵਡੇ ਕਹਿੰਦੇ ਹਨ ਕਿ ਇਨਫੈਂਟਾਈਲ ਐਮਨੀਸ਼ੀਆ ਨੂੰ ਸਮਝਣਾ ਵਧੇਰੇ ਔਖਾ ਹੈ ਕਿਉਂਕਿ ਇਹ ਜਾਣਨਾ ਤਕਰੀਬਨ ਅਸੰਭਵ ਹੈ ਕਿ ਸਾਡੀਆਂ ਪਹਿਲੀਆਂ ਯਾਦਾਂ ਸੱਚਮੁੱਚ ਅਸਲੀ ਹਨ ਜਾਂ ਨਹੀਂ।

ਉਦਾਹਰਣ ਵਜੋਂ, ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਬਚਪਨ ਦੀ ਕੋਈ ਘਟਨਾ ਜਾਂ ਆਪਣੀ ਪਰਵਰਿਸ਼ ਦਾ ਕੋਈ ਪਲ ਯਾਦ ਆਉਂਦਾ ਹੈ।

ਪਰ ਉਹ ਕਹਿੰਦੇ ਹਨ ਕਿ ਅਜਿਹੀਆਂ ਯਾਦਾਂ ਦੇ ਅਸਲ ਅਨੁਭਵਾਂ ਨਾਲ ਜੁੜੇ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।

ਉਹ ਕਹਿੰਦੇ ਹਨ, "ਯਾਦਦਾਸ਼ਤ ਹਮੇਸ਼ਾਂ ਇੱਕ ਕਿਸਮ ਦਾ ਪੁਨਰ ਨਿਰਮਾਣ ਹੁੰਦੀ ਹੈ। ਜੇਕਰ ਸਾਨੂੰ ਕਿਸੇ ਘਟਨਾ ਬਾਰੇ ਜਾਣਕਾਰੀ ਮਿਲਦੀ ਹੈ, ਤਾਂ ਸਾਡਾ ਦਿਮਾਗ ਇੱਕ ਅਜਿਹੀ ਯਾਦਦਾਸ਼ਤ ਬਣਾ ਸਕਦੀ ਹੈ ਜੋ ਪੂਰੀ ਤਰ੍ਹਾਂ ਅਸਲੀ ਮਹਿਸੂਸ ਹੁੰਦੀ ਹੈ।"

ਉਹ ਅੱਗੇ ਕਹਿੰਦੇ ਹਨ, "ਅਸਲ ਵਿੱਚ ਇਹ ਚੇਤਨਾ ਦਾ ਸਵਾਲ ਹੈ ਅਤੇ ਚੇਤਨਾ ਨੂੰ ਸਪਸ਼ਟ ਰੂਪ ਵਿੱਚ ਪਰਿਭਾਸ਼ਿਤ ਕਰਨਾ ਇੱਕ ਬੇਹੱਦ ਔਖਾ ਕੰਮ ਹੈ।"

ਪ੍ਰੋਫੈਸਰ ਟਰਰਕ-ਬ੍ਰਾਊਨ ਕਹਿੰਦੇ ਹਨ ਕਿ ਬਚਪਨ ਵਿੱਚ ਭੁੱਲਣ ਦੀ ਬਿਮਾਰੀ ਦਾ ਰਹੱਸ ਸਾਡੀ ਪਛਾਣ ਨਾਲ ਡੂੰਘਾ ਜੁੜਿਆ ਹੋਇਆ ਹੈ।

ਉਹ ਕਹਿੰਦੇ ਹਨ,"ਇਹ ਸਾਡੀ ਪਛਾਣ ਦਾ ਹਿੱਸਾ ਹੈ ਅਤੇ ਇਹ ਸੋਚ ਕਿ ਸਾਡੀ ਜ਼ਿੰਦਗੀ ਦੇ ਸ਼ੁਰੂਆਤੀ ਸਾਲਾਂ ਵਿੱਚ ਇੱਕ ਬਲਾਂਈਡ ਸਪਾਟ ਹੁੰਦਾ ਹੈ ਜਿੱਥੇ ਸਾਨੂੰ ਕੁਝ ਵੀ ਯਾਦ ਨਹੀਂ ਰਹਿੰਦਾ, ਲੋਕਾਂ ਦੇ ਆਪਣੇ ਬਾਰੇ ਸੋਚਣ ਦੇ ਤਰੀਕੇ ਨੂੰ ਬਦਲ ਦਿੰਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)