ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਬ੍ਰੈਸਟ ਮਿਲਕ ਦਾਨ ਕੀਤਾ, ਜਾਣੋ ਮਾਂ ਦਾ ਦੁੱਧ ਦਾਨ ਕਰਨਾ ਕਿਵੇਂ ਬਚਾ ਸਕਦਾ ਹੈ ਕਈ ਜ਼ਿੰਦਗੀਆਂ

"ਬ੍ਰੈਸਟ ਮਿਲਕ ਜ਼ਿੰਦਗੀ ਬਚਾਉਣ ਵਾਲਾ ਹੁੰਦਾ ਹੈ। ਸਮੇਂ ਤੋਂ ਪਹਿਲਾਂ ਜਨਮੇ ਅਤੇ ਬਿਮਾਰ ਬੱਚਿਆਂ ਲਈ ਡੋਨਰ ਮਿਲਕ ਜੀਵਨ ਰੱਖਿਅਕ ਹੋ ਸਕਦਾ ਹੈ। ਜੇਕਰ ਤੁਸੀਂ ਦਾਨ ਕਰ ਸਕਦੇ ਹੋ, ਤਾਂ ਤੁਸੀਂ ਲੋੜਵੰਦ ਪਰਿਵਾਰ ਲਈ ਇੱਕ ਨਾਇਕ ਦੀ ਭੂਮਿਕਾ ਨਿਭਾ ਸਕਦੇ ਹੋ। ਇਸ ਬਾਰੇ ਹੋਰ ਜਾਣੋ ਅਤੇ ਮਿਲਕ ਬੈਂਕਾਂ ਦਾ ਸਮਰਥਨ ਕਰਨ ਵਿੱਚ ਮਦਦ ਕਰੋ।"

ਭਾਰਤ ਦੀ ਮਸ਼ਹੂਰ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ, ਜੋ ਦੂਜੀ ਵਾਰ ਮਾਂ ਬਣੀ ਹੈ, ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਬ੍ਰੈਸਟ ਮਿਲਕ ਦਾਨ ਕਰਨ ਬਾਰੇ ਇਹ ਲਿਖਿਆ ਹੈ।

ਰਿਪੋਰਟਾਂ ਮੁਤਾਬਕ, ਜਵਾਲਾ ਗੁੱਟਾ ਨੇ ਬੈਂਕ ਨੂੰ ਤਕਰੀਬਨ ਤੀਹ ਲੀਟਰ ਮਾਂ ਦਾ ਦੁੱਧ ਦਾਨ ਕੀਤਾ ਹੈ।

ਉਨ੍ਹਾਂ ਨੇ ਬ੍ਰੈਸਟ ਮਿਲਕ ਦਾਨ ਕਰਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਅਤੇ ਹੋਰ ਔਰਤਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ ਹੈ।

ਦਾਨ ਕੀਤਾ ਗਿਆ ਮਾਂ ਦਾ ਦੁੱਧ ਉਨ੍ਹਾਂ ਨਵਜੰਮੇ ਬੱਚਿਆਂ ਲਈ ਜ਼ਰੂਰੀ ਹੈ ਜੋ ਸਮੇਂ ਤੋਂ ਪਹਿਲਾਂ ਪੈਦਾ ਹੁੰਦੇ ਹਨ ਜਾਂ ਜਿਨ੍ਹਾਂ ਦਾ ਜਨਮ ਸਮੇਂ ਵਜ਼ਨ ਘੱਟ ਹੁੰਦਾ ਹੈ। ਇਹ ਉਨ੍ਹਾਂ ਨਵਜੰਮੇ ਬੱਚਿਆਂ ਲਈ ਵੀ ਜ਼ਰੂਰੀ ਹੈ ਜੋ ਜਨਮ ਸਮੇਂ ਆਪਣੀਆਂ ਮਾਵਾਂ ਨੂੰ ਗੁਆ ਦਿੰਦੇ ਹਨ।

ਦਾਨ ਕੀਤੇ ਗਏ ਦੁੱਧ ਨੂੰ ਮਿਲਕ ਬੈਂਕ ਵਿੱਚ ਇੱਕ ਖ਼ਾਸ ਤਾਪਮਾਨ 'ਤੇ ਸਟੋਰ ਕੀਤਾ ਜਾਂਦਾ ਹੈ ਤਾਂ ਜੋ ਲੋੜ ਪੈਣ 'ਤੇ ਇਸਦੀ ਵਰਤੋਂ ਕੀਤੀ ਜਾ ਸਕੇ।

ਬੱਚਿਆਂ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਬੱਚੇ ਦੀ ਲੋੜ ਤੋਂ ਵਾਧੂ ਦੁੱਧ ਅਜਿਹੇ ਦਾਨ ਬੈਂਕਾਂ ਨੂੰ ਦਾਨ ਕਰ ਸਕਦੀਆਂ ਹਨ। ਇਸ ਤੋਂ ਇਲਾਵਾ, ਸਥਾਪਿਤ ਨਿਯਮਾਂ ਦੀ ਪਾਲਣਾ ਕਰਦੇ ਹੋਏ, ਇਸਨੂੰ ਸਟੋਰੇਜ ਲਈ ਬ੍ਰੈਸਟ ਮਿਲਕ ਬੈਂਕ ਵਿੱਚ ਭੇਜਿਆ ਜਾ ਸਕਦਾ ਹੈ।

ਲੋੜ ਜਿੰਨਾ ਦੁੱਧ ਦਾਨ ਨਹੀਂ ਕੀਤਾ ਜਾਂਦਾ

ਬ੍ਰੈਸਟ ਮਿਲਕ ਸਿਰਫ਼ ਆਪਣੀ ਮਰਜ਼ੀ ਨਾਲ ਅਤੇ ਸਿਰਫ਼ ਉਨ੍ਹਾਂ ਔਰਤਾਂ ਵੱਲੋਂ ਹੀ ਦਾਨ ਕੀਤਾ ਜਾ ਸਕਦਾ ਹੈ ਜੋ ਆਪਣੇ ਸਿਹਤਮੰਦ ਬੱਚੇ ਦੀ ਲੋੜ ਤੋਂ ਵੱਧ ਦੁੱਧ ਪੈਦਾ ਕਰਦੀਆਂ ਹਨ।

ਮਾਵਾਂ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਤੋਂ ਬਾਅਦ ਜੋ ਵਾਧੂ ਦੁੱਧ ਹੈ ਉਹ ਬੈਂਕ ਵਿੱਚ ਸਟੋਰ ਕਰ ਸਕਦੀਆਂ ਹਨ ਅਤੇ ਲੋੜ ਪੈਣ 'ਤੇ ਇਸਦੀ ਵਰਤੋਂ ਕਰ ਸਕਦੀਆਂ ਹਨ।

ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਨਿਓਨੇਟੋਲੋਜੀ ਵਿਭਾਗ ਦੀ ਮੁਖੀ ਡਾਕਟਰ ਪ੍ਰੋਫੈਸਰ ਸੁਸ਼ਮਾ ਨਾਂਗੀਆ ਕਹਿੰਦੇ ਹਨ, "ਮਾਂ ਦਾ ਦੁੱਧ ਬੱਚਿਆਂ ਲਈ ਪੋਸ਼ਣ ਦਾ ਸਭ ਤੋਂ ਵਧੀਆ ਸਰੋਤ ਹੈ।"

"ਜੇਕਰ ਕਿਸੇ ਕਾਰਨ ਕਰਕੇ ਮਾਂ ਦਾ ਦੁੱਧ ਉਪਲਬਧ ਨਹੀਂ ਹੁੰਦਾ, ਤਾਂ ਦਾਨ ਕੀਤਾ ਗਿਆ ਬ੍ਰੈਸਟ ਮਿਲਕ ਬੱਚਿਆਂ ਨੂੰ ਦਿੱਤਾ ਜਾਂਦਾ ਹੈ।"

ਭਾਰਤ ਵਿੱਚ ਮਾਂ ਦੇ ਦੁੱਧ ਦੇ ਦਾਨ ਬਾਰੇ ਕੋਈ ਰਾਸ਼ਟਰੀ ਪੱਧਰ ਦਾ ਡਾਟਾ ਮੌਜੂਦ ਨਹੀਂ ਹੈ, ਪਰ ਕੁਝ ਮਿਲਕ ਬੈਂਕਾਂ ਦੇ ਅਧਿਐਨ ਤੋਂ ਅਨੁਮਾਨਿਤ ਡਾਟਾ ਮਿਲਦਾ ਹੈ।

ਇੰਟਰਨੈਸ਼ਨਲ ਬ੍ਰੈਸਟਫੀਡਿੰਗ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਲੇਖ ਮੁਤਾਬਕ, ਭਾਰਤ ਵਿੱਚ ਕੋਵਿਡ ਮਹਾਂਮਾਰੀ ਦੌਰਾਨ ਦਾਨ ਕੀਤੇ ਗਏ ਬ੍ਰੈਸਟ ਮਿਲਕ ਦੀ ਮੰਗ ਘੱਟ ਗਈ ਸੀ ਜਦੋਂ ਕਿ ਪਾਸਚੁਰਾਈਜ਼ਡ ਡੋਨਰ ਮਨੁੱਖੀ ਦੁੱਧ (ਪੀਐੱਚਡੀਐੱਮ) ਦੀ ਮੰਗ ਵਧ ਗਈ।

ਇਸ ਲੇਖ ਦੇ ਮੁਤਾਬਕ, ਇੱਕ 80-ਬੈੱਡਾਂ ਵਾਲੇ ਐੱਨਆਈਸੀਯੂ (ਨਿਊਨੇਟਲ ਇੰਟੈਸਵਿਕ ਕੇਅਰ ਯੂਨਿਟ) ਨੂੰ ਪ੍ਰਤੀ ਮਹੀਨਾ ਔਸਤਨ ਪੰਦਰਾਂ ਲੀਟਰ ਪੀਐੱਚਡੀਐੱਮ (ਦੁੱਧ) ਦੀ ਲੋੜ ਹੁੰਦੀ ਹੈ।

ਇੱਕ ਹੋਰ ਰਿਪੋਰਟ ਮੁਤਾਬਕ ਜੁਲਾਈ 2025 ਵਿੱਚ, 639 ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੇ ਤ੍ਰਿਚੀ ਦੇ ਮਹਾਤਮਾ ਗਾਂਧੀ ਮੈਮੋਰੀਅਲ ਹਸਪਤਾਲ (ਐੱਚਜੀਐੱਮਜੀਐੱਚ) ਵਿੱਚ ਕੁੱਲ 192 ਲੀਟਰ ਦੁੱਧ ਦਾਨ ਕੀਤਾ, ਜਿਸ ਨਾਲ ਐੱਨਆਈਸੀਯੂ ਵਿੱਚ ਦਾਖਲ 634 ਨਵਜੰਮੇ ਬੱਚਿਆਂ ਨੂੰ ਲਾਭ ਹੋਇਆ।

ਮਾਂ ਦੇ ਦੁੱਧ ਦੇ ਦਾਨ ਲਈ ਜਾਗਰੂਕਤਾ ਦੀ ਲੋੜ

ਭਾਰਤ ਵਿੱਚ ਪਹਿਲਾ ਮਨੁੱਖੀ ਦੁੱਧ ਬੈਂਕ 1989 ਵਿੱਚ ਮੁੰਬਈ ਦੇ ਲੋਕਮਾਨਿਆ ਤਿਲਕ ਹਸਪਤਾਲ ਵਿੱਚ ਸਥਾਪਿਤ ਕੀਤਾ ਗਿਆ ਸੀ।

ਸਾਲ 2019 ਤੱਕ ਭਾਰਤ ਵਿੱਚ ਸਿਰਫ਼ 22 ਮਨੁੱਖੀ ਦੁੱਧ ਦੇ ਬੈਂਕ ਕੰਮ ਕਰ ਰਹੇ ਸਨ, ਜਦੋਂ ਕਿ ਸਾਲ 2021 ਤੱਕ ਇਹ ਅੰਕੜਾ 90 ਦੇ ਆਸ-ਪਾਸ ਸੀ।

ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਵੇਲੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਤਕਰੀਬਨ ਸੌ ਮਿਲਕ ਬੈਂਕ ਹਨ।

ਰਿਪੋਰਟਾਂ ਮੁਤਾਬਕ ਇਨ੍ਹਾਂ ਮਿਲਕ ਬੈਂਕਾਂ ਨੂੰ ਲੋੜ ਜਿੰਨਾ ਬ੍ਰੈਸਟ ਮਿਲਕ ਇਕੱਠਾ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ।

ਦਿੱਲੀ ਵਿੱਚ ਸਿਰਫ਼ ਦੋ ਸਰਕਾਰੀ ਮਿਲਕ ਬੈਂਕ ਹਨ, ਇੱਕ ਲੇਡੀ ਹਾਰਡਿੰਗ ਹਸਪਤਾਲ ਵਿੱਚ ਅਤੇ ਇੱਕ ਏਮਜ਼ ਵਿੱਚ। ਇਸ ਤੋਂ ਇਲਾਵਾ ਸਫ਼ਦਰਜੰਗ ਹਸਪਤਾਲ ਵਿੱਚ ਇੱਕ ਲੈਕਟੇਸ਼ਨ ਮੈਨੇਜਮੈਂਟ ਯੂਨਿਟ ਵੀ ਹੈ।

ਦਿੱਲੀ ਦੇ ਗ਼ੈਰ-ਸਰਕਾਰੀ ਅਮਰਾ ਮਿਲਕ ਬੈਂਕ ਦੇ ਮੁਖੀ ਡਾਕਟਰ ਰਘੂਰਾਮ ਮਲਾਇਆ ਕਹਿੰਦੇ ਹਨ, "ਹਰ ਮਹੀਨੇ ਉਨ੍ਹਾਂ ਦੇ ਮਿਲਕ ਬੈਂਕ ਨੂੰ ਤਕਰੀਬਨ ਚਾਲੀ ਲੀਟਰ ਬ੍ਰੈਸਟ ਮਿਲਕ ਦਾਨ ਕੀਤਾ ਜਾਂਦਾ ਹੈ, ਜੋ ਕਿ ਮੰਗ ਨਾਲੋਂ ਬਹੁਤ ਘੱਟ ਹੈ।"

ਡਾਕਟਰ ਰਘੂਰਾਮ ਕਹਿੰਦੇ ਹਨ, "ਅਸੀਂ ਇੱਕ ਗ਼ੈਰ-ਸਰਕਾਰੀ ਸੰਗਠਨ ਹਾਂ ਅਤੇ ਲੋੜ ਅਨੁਸਾਰ ਦਿੱਲੀ ਐੱਨਸੀਆਰ ਦੇ ਤਕਰੀਬਨ 100 ਹਸਪਤਾਲਾਂ ਨੂੰ ਮਾਂ ਦਾ ਦੁੱਧ ਸਪਲਾਈ ਕਰਦੇ ਹਾਂ। ਇਹ ਸਿਰਫ਼ ਡਾਕਟਰ ਦੀ ਪਰਚੀ ਦੇ ਆਧਾਰ 'ਤੇ ਦਿੱਤਾ ਜਾਂਦਾ ਹੈ।"

"ਐੱਨਆਈਸੀਯੂ ਵਿੱਚ ਦਾਖਲ ਬੱਚਿਆਂ ਲਈ ਮਾਂ ਦੇ ਦੁੱਧ ਦੀ ਬਹੁਤ ਜ਼ਿਆਦਾ ਮੰਗ ਹੈ ਅਤੇ ਅਸੀਂ ਸਿਰਫ਼ ਸੀਮਤ ਲੈਵਲ ਤੱਕ ਹੀ ਦੁੱਧ ਨੂੰ ਪ੍ਰੋਸੈਸ ਕਰਨ ਦੇ ਯੋਗ ਹਾਂ।"

ਅਮਰਾ ਮਿਲਕ ਬੈਂਕ ਕਿੱਟਾਂ ਰਾਹੀਂ ਘਰਾਂ ਤੋਂ ਬ੍ਰੈਸਟ ਮਿਲਕ ਇਕੱਠਾ ਕਰਦਾ ਹੈ।

ਡਾਕਟਰ ਮਲਾਇਆ ਕਹਿੰਦੇ ਹਨ, "ਮਾਂ ਦੇ ਦੁੱਧ ਦੇ ਦਾਨ ਬਾਰੇ ਜਾਗਰੂਕਤਾ ਹੋਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਸਾਰੇ ਬੱਚਿਆਂ ਦੀ ਜਾਨ ਬਚਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ।"

ਇਸ ਦੌਰਾਨ ਡਾਕਟਰ ਸੁਸ਼ਮਾ ਨਾਂਗੀਆ ਕਹਿੰਦੇ ਹਨ, "ਮਿਲਕ ਬੈਂਕਾਂ ਨੂੰ ਲੋੜੀਂਦੀ ਮਾਤਰਾ ਵਿੱਚ ਬ੍ਰੈਸਟ ਮਿਲਕ ਨਹੀਂ ਮਿਲਦਾ। ਸਾਨੂੰ ਮਾਂ ਦੇ ਦੁੱਧ ਦੇ ਦਾਨ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ, ਪਰ ਸਾਨੂੰ ਇਹ ਵੀ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਇਹ ਸਵੈਇੱਛਤ ਹੋਵੇ ਅਤੇ ਸਿਰਫ਼ ਉਨ੍ਹਾਂ ਮਾਵਾਂ ਵੱਲੋਂ ਦਾਨ ਕੀਤਾ ਜਾਵੇ ਜੋ ਆਪਣੇ ਬੱਚਿਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਯੋਗ ਹਨ ਅਤੇ ਸਿਹਤਮੰਦ ਹਨ।"

ਕਮਜ਼ੋਰ ਬੱਚਿਆਂ ਲਈ ਜੀਵਨ ਬਚਾਉਣ ਵਾਲਾ

ਭਾਰਤ ਵਿੱਚ ਮਾਂ ਦੇ ਦੁੱਧ ਦੇ ਦਾਨ ਸੰਬੰਧੀ ਨਿਯਮ ਸਪੱਸ਼ਟ ਹਨ। ਇਸ ਤੋਂ ਇਲਾਵਾ, ਮੌਜੂਦਾ ਨਿਯਮ ਮਾਂ ਦੇ ਦੁੱਧ ਦੀ ਵਿਕਰੀ ਅਤੇ ਖਰੀਦ 'ਤੇ ਪਾਬੰਦੀ ਲਗਾਉਂਦੇ ਹਨ।

ਅੰਦਾਜ਼ੇ ਦੱਸਦੇ ਹਨ ਕਿ ਐੱਨਆਈਸੀਯੂ ਵਿੱਚ ਦਾਖਲ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦਾਨ ਕੀਤਾ ਗਿਆ ਮਾਂ ਦਾ ਦੁੱਧ ਕਾਫ਼ੀ ਨਹੀਂ ਹੈ।

ਡਾਕਟਰ ਸੁਸ਼ਮਾ ਕਹਿੰਦੇ ਹਨ, "ਨਿਓਨੇਟਲ ਕੇਅਰ ਯੂਨਿਟ (ਐੱਨਆਈਸੀਯੂ) ਵਿੱਚ ਦਾਖਲ ਬੱਚਿਆਂ ਨੂੰ ਮਾਂ ਦਾ ਦੁੱਧ ਦਿੱਤਾ ਜਾਂਦਾ ਹੈ ਜੋ ਬ੍ਰੈਸਟ ਮਿਲਕ ਪ੍ਰਾਪਤ ਕਰਨ ਵਿੱਚ ਅਸਮਰੱਥ ਹੁੰਦੇ ਹਨ ਅਤੇ ਜਿਨ੍ਹਾਂ ਦਾ ਭਾਰ ਘੱਟ ਹੁੰਦਾ ਹੈ। ਇਹ ਲੋੜ ਮਨੁੱਖੀ ਦੁੱਧ ਬੈਂਕ ਰਾਹੀਂ ਪੂਰੀ ਕੀਤੀ ਜਾਂਦੀ ਹੈ।"

ਜੇਕਰ ਕੋਈ ਬੱਚਾ ਗਰਭ ਅਵਸਥਾ ਦੇ 37 ਹਫ਼ਤਿਆਂ ਤੋਂ ਪਹਿਲਾਂ ਪੈਦਾ ਹੁੰਦਾ ਹੈ ਤਾਂ ਉਸਨੂੰ ਸਮੇਂ ਤੋਂ ਪਹਿਲਾਂ ਜਨਮਿਆਂ ਮੰਨਿਆ ਜਾਂਦਾ ਹੈ।

ਭਾਰਤ ਵਿੱਚ ਪੈਦਾ ਹੋਣ ਵਾਲੇ ਸਾਰੇ ਬੱਚਿਆਂ ਵਿੱਚੋਂ ਇੱਕ ਫ਼ੀਸਦ ਤੋਂ ਵੀ ਘੱਟ ਨੂੰ ਐੱਨਆਈਸੀਯੂ ਵਿੱਚ ਦਾਖਲੇ ਦੀ ਲੋੜ ਹੁੰਦੀ ਹੈ।

ਇਹ ਉਹ ਬੱਚੇ ਹਨ ਜਿਨ੍ਹਾਂ ਨੂੰ ਦਾਨ ਕੀਤੇ ਮਾਂ ਦੇ ਦੁੱਧ ਦੀ ਲੋੜ ਹੁੰਦੀ ਹੈ।

ਡਾਕਟਰ ਸੁਸ਼ਮਾ ਨਾਂਗੀਆ ਕਹਿੰਦੇ ਹਨ, "ਐੱਨਆਈਸੀਯੂ ਵਿੱਚ ਦਾਖਲ ਬੱਚਿਆਂ ਲਈ ਮਾਂ ਦਾ ਦੁੱਧ ਜੀਵਨ ਬਚਾਉਣ ਵਾਲਾ ਹੁੰਦਾ ਹੈ।"

"ਡੋਨੇਟ ਕੀਤਾ ਦੁੱਧ ਖ਼ਾਸ ਤੌਰ 'ਤੇ ਉਨ੍ਹਾਂ ਬੱਚਿਆਂ ਲਈ ਵਰਤਿਆ ਜਾਂਦਾ ਹੈ ਜੋ ਸਮੇਂ ਤੋਂ ਪਹਿਲਾਂ ਜਨਮ ਲੈਂਦੇ ਹਨ ਜਾਂ ਜਿਹੜੇ ਗੁੰਝਲਦਾਰ ਸਿਹਤ ਸਥਿਤੀਆਂ ਦਾ ਸਾਹਮਣਾ ਕਰ ਰਹੇ ਹੁੰਦੇ ਹਨ।"

ਡਾਕਟਰ ਨਾਂਗੀਆ ਕਹਿੰਦੇ ਹਨ, "ਕਿਸੇ ਵੀ ਬੱਚੇ ਲਈ ਉਸਦੀ ਆਪਣੀ ਮਾਂ ਦਾ ਦੁੱਧ, ਸਭ ਤੋਂ ਵਧੀਆ ਅਤੇ ਸਭ ਤੋਂ ਢੁੱਕਵਾਂ ਹੁੰਦਾ ਹੈ।"

"ਇਹ ਜੈਵਿਕ ਦੁੱਧ ਇੱਕ ਢਾਲ ਵਜੋਂ ਕੰਮ ਕਰਦਾ ਹੈ ਜੋ ਨਵਜੰਮੇ ਬੱਚਿਆਂ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ।"

"ਜਦੋਂ ਕਿਸੇ ਕਾਰਨ ਕਰਕੇ ਮਾਂ ਦਾ ਦੁੱਧ ਉਪਲਬਧ ਨਹੀਂ ਹੁੰਦਾ, ਖਾਸ ਕਰਕੇ ਨਵਜੰਮੇ ਬੱਚਿਆਂ ਲਈ ਜੋ ਇਨਟੈਂਸਿਵ ਕੇਅਰ

ਵਿੱਚ ਦਾਖਲ ਹੁੰਦੇ ਹਨ ਲਈ, ਤਾਂ ਦਾਨ ਕੀਤੇ ਦੁੱਧ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜੋ ਮਾਂ ਦੇ ਦੁੱਧ ਦੀ ਪੂਰਤੀ ਕਰਦਾ ਹੈ। ਪਰ ਇਹ ਇੱਕ ਬਦਲ ਨਹੀਂ ਹੈ, ਸਗੋਂ ਇੱਕ ਬ੍ਰਿਜ ਜਾਂ ਗੈਪ ਸਪੋਰਟ ਹੈ।"

ਇਹ ਦੁੱਧ ਬੈਂਕਾਂ ਰਾਹੀਂ ਲੋੜਵੰਦ ਬੱਚਿਆਂ ਨੂੰ ਵੰਡਿਆ ਜਾਂਦਾ ਹੈ, ਜਿੱਥੇ ਦੁੱਧ ਨੂੰ ਪੇਸਚਰਾਈਜ਼ ਕੀਤਾ ਜਾਂਦਾ ਹੈ ਅਤੇ ਦੂਸ਼ਿਤ ਹੋਣ ਤੋਂ ਰੋਕਣ ਲਈ ਇਸਦੀ ਜਾਂਚ ਕੀਤੀ ਜਾਂਦੀ ਹੈ। ਇਹ ਪ੍ਰਕਿਰਿਆ ਬਹੁਤ ਧਿਆਨ ਅਤੇ ਸਫ਼ਾਈ ਨਾਲ ਕੀਤੀ ਜਾਂਦੀ ਹੈ।

ਬ੍ਰੈਸਟ ਮਿਕਲ ਕੌਣ ਦਾਨ ਕਰ ਸਕਦਾ ਹੈ?

ਡਾਕਟਰਾਂ ਦਾ ਕਹਿਣਾ ਹੈ ਕਿ ਸਿਰਫ਼ ਉਹੀ ਔਰਤਾਂ ਜੋ ਆਪਣੇ ਬੱਚੇ ਦੀਆਂ ਲੋੜਾਂ ਪੂਰੀਆਂ ਕਰਨ ਦੇ ਯੋਗ ਹਨ ਅਤੇ ਜ਼ਿਆਦਾ ਦੁੱਧ ਪੈਦਾ ਕਰ ਰਹੀਆਂ ਹਨ, ਉਹੀ ਮਾਂ ਦਾ ਦੁੱਧ ਦਾਨ ਕਰ ਸਕਦੀਆਂ ਹਨ।

ਦਾਨ ਕਰਨ ਤੋਂ ਪਹਿਲਾਂ ਔਰਤ ਡੋਨਰ ਦੀ ਡਾਕਟਰੀ ਜਾਂਚ ਲਾਜ਼ਮੀ ਹੈ, ਜਿਸ ਵਿੱਚ ਹੈਪੇਟਾਈਟਸ ਬੀ, ਸੀ, ਐੱਚਆਈਵੀ ਅਤੇ ਸਿਫਿਲਿਸ ਵਰਗੇ ਇਨਫੈਕਸ਼ਨਾਂ ਲਈ ਖੂਨ ਦੀ ਜਾਂਚ ਸ਼ਾਮਲ ਹੈ। ਤੰਬਾਕੂ ਦੀ ਵਰਤੋਂ ਕਰਨ ਵਾਲੀਆਂ ਜਾਂ ਜ਼ਿਆਦਾ ਸ਼ਰਾਬ ਪੀਣ ਵਾਲੀਆਂ ਔਰਤਾਂ ਬ੍ਰੈਸਟ ਮਿਲਕ ਦਾਨ ਨਹੀਂ ਕਰ ਸਕਦੀਆਂ।

ਡਾਕਟਰ ਸੁਸ਼ਮਾ ਨਾਂਗੀਆ ਕਹਿੰਦੇ ਹਨ, "ਸਿਰਫ਼ ਉਹ ਔਰਤਾਂ ਹੀ ਬ੍ਰੈਸਟ ਮਿਲਕ ਦਾਨ ਕਰ ਸਕਦੀਆਂ ਹਨ ਜੋ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਕਿਸੇ ਵੀ ਲਾਗ, ਮੈਡੀਕਲ ਸਥਿਤੀ ਜਾਂ ਨਸ਼ਿਆਂ ਤੋਂ ਮੁਕਤ ਹਨ। ਇਸ ਤੋਂ ਇਲਾਵਾ, ਦੁੱਧ ਦਾਨ ਸਥਾਪਿਤ ਪ੍ਰਕਿਰਿਆਵਾਂ ਅਨੁਸਾਰ ਡੋਨੇਟ ਕੀਤਾ ਜਾਣਾ ਚਾਹੀਦਾ ਹੈ।"

ਬ੍ਰੈਸਟ ਮਿਲਕ ਦਾਨ ਕਰਨ ਦੀ ਇੱਛਾ ਰੱਖਣ ਵਾਲੀਆਂ ਔਰਤਾਂ ਮਿਲਕ ਬੈਂਕ ਜਾ ਸਕਦੀਆਂ ਹਨ, ਆਪਣੇ ਦੁੱਧ ਦੀ ਜਾਂਚ ਕਰਵਾ ਸਕਦੀਆਂ ਹਨ ਅਤੇ ਇਸਨੂੰ ਦਾਨ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਮਿਕਲ ਡੋਨੇਸ਼ਨ ਕਿੱਟਾਂ ਵੀ ਉਪਲਬਧ ਹਨ।

ਬ੍ਰੈਸਟ ਮਿਕਲ ਕਿਵੇਂ ਕੱਢਿਆ ਜਾਂਦਾ ਹੈ?

ਮਾਂ ਦਾ ਦੁੱਧ ਇੱਕ ਸਟਰੇਲਾਈਜ਼ਡ ਪੰਪ ਦੀ ਵਰਤੋਂ ਕਰਕੇ ਕੱਢਿਆ ਜਾਂਦਾ ਹੈ ਅਤੇ -20° ਸੈਲਸੀਅਸ 'ਤੇ ਸਟੋਰ ਕੀਤਾ ਜਾਂਦਾ ਹੈ। ਇਕੱਠੇ ਕੀਤੇ ਦੁੱਧ ਨੂੰ ਪੈਸਟਰਾਈਜ਼ ਕੀਤਾ ਜਾਂਦਾ ਹੈ ਜਾਂ ਤੋ ਇਸ ਵਿੱਚ ਮੌਜੂਦ ਬੈਕਟੀਰੀਆ ਖ਼ਤਮ ਕੀਤੇ ਜਾ ਸਕਣ ਅਤੇ ਇਸ ਨੂੰ ਕਿਸੇ ਕਿਸਮ ਦੀ ਲਾਗ ਤੋਂ ਬਚਾਇਆ ਜਾ ਸਕੇ।

ਇਸ ਪਾਸਚੁਰਾਈਜ਼ਡ ਦੁੱਧ ਨੂੰ ਸਹੀ ਤਾਪਮਾਨ 'ਤੇ ਸਟੋਰ ਕੀਤਾ ਜਾਵੇ ਤਾਂ ਇਸ ਦੀ ਸ਼ੈਲਫ ਲਾਈਫ ਤਕਰੀਬਨ ਤਿੰਨ ਮਹੀਨੇ ਹੁੰਦੀ ਹੈ। ਇਸਦਾ ਮਤਲਬ ਹੈ ਕਿ ਇਸਨੂੰ ਦਾਨ ਕੀਤੇ ਜਾਣ ਤੋਂ ਤਿੰਨ ਮਹੀਨਿਆਂ ਦੇ ਅੰਦਰ ਵਰਤਿਆ ਜਾ ਸਕਦਾ ਹੈ।

ਡਾਕਟਰ ਸੁਸ਼ਮਾ ਨਾਂਗੀਆ ਕਹਿੰਦੇ ਹਨ, "ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਮਾਂ ਦਾ ਦੁੱਧ ਸਹੀ ਢੰਗ ਨਾਲ ਕੱਢਿਆ ਜਾਵੇ ਅਤੇ ਸੁਰੱਖਿਅਤ ਤਾਪਮਾਨ 'ਤੇ ਸਟੋਰ ਕੀਤਾ ਜਾਵੇ। ਇਹ ਸਿਰਫ਼ ਇੱਕ ਉੱਨਤ ਮਿਕਲ ਬੈਂਕ ਵਿੱਚ ਹੀ ਸੰਭਵ ਹੈ।"

ਮਨੁੱਖੀ ਦੁੱਧ ਬੈਂਕਾਂ ਦੀ ਗਿਣਤੀ ਸੀਮਤ ਹੈ। ਉਦਾਹਰਣ ਵਜੋਂ, ਦਿੱਲੀ ਵਰਗੇ ਵੱਡੇ ਸ਼ਹਿਰ ਵਿੱਚ ਸਿਰਫ਼ ਦੋ ਮਿਲਕ ਬੈਂਕ ਹਨ।

ਪਰ ਇਹ ਤਕਰੀਬਨ ਹਰ ਐੱਨਆਈਸੀਯੂ ਵਿੱਚ ਲੋੜੀਂਦਾ ਹੈ। ਡਾਕਟਰ ਸੁਸ਼ਮਾ ਕਹਿੰਦੇ ਹਨ ਕਿ ਮਾਂ ਦੇ ਦੁੱਧ ਦੀ ਬੈਂਕਿੰਗ ਦਾ ਇੱਕ ਹੱਬ-ਐਂਡ-ਸਪੋਕ ਮਾਡਲ ਇਸ ਲੋੜ ਨੂੰ ਪੂਰਾ ਕਰਨ ਵਿੱਚ ਪ੍ਰਭਾਵਸ਼ਾਲੀ ਹੋ ਸਕਦਾ ਹੈ।

ਡਾਕਟਰ ਨਾਂਗੀਆ ਕਹਿੰਦੇ ਹਨ, "ਨੇੜਲੇ ਹਸਪਤਾਲਾਂ ਤੋਂ ਮਾਂ ਦਾ ਦੁੱਧ ਇਕੱਠਾ ਕਰਨ, ਇਸਨੂੰ ਪਾਸਚਰਾਈਜ਼ ਕਰਨ ਅਤੇ ਵੰਡਣ ਲਈ ਇੱਕ ਵੱਡਾ ਮਿਲਕ ਬੈਂਕ ਜਾਂ ਕੇਂਦਰ ਸਥਾਪਤ ਕੀਤਾ ਜਾਣਾ ਚਾਹੀਦਾ ਹੈ। ਇੱਕ ਦੁੱਧ ਬੈਂਕ ਦਸ ਕਿਲੋਮੀਟਰ ਤੱਕ ਦੇ ਘੇਰੇ ਵਿੱਚ ਐੱਨਆਈਸੀਯੂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)