ਟਰੰਪ ਪ੍ਰਸ਼ਾਸਨ ਦਾ ਭਾਰਤੀ ਟ੍ਰੈਵਲ ਏਜੰਟਾਂ ਬਾਰੇ ਐਲਾਨ ਜੋ ਅਮਰੀਕਾ ਜਾਣ ਦੀ ਇੱਛਾ ਰੱਖਦੇ ਭਾਰਤੀਆਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਮੁੱਦੇ 'ਤੇ ਸਖ਼ਤ ਰੁਖ਼ ਅਪਣਾਇਆ ਹੈ
    • ਲੇਖਕ, ਅੰਸ਼ੁਲ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕਾ ਨੇ ਭਾਰਤੀ ਟ੍ਰੈਵਲ ਏਜੰਸੀਆਂ ਅਤੇ ਏਜੰਟਾਂ 'ਤੇ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਕਥਿਤ ਤੌਰ 'ਤੇ ਉਤਸ਼ਾਹਿਤ ਕਰਨ ਦੇ ਇਲਜ਼ਾਮ ਹੇਠ ਵੀਜ਼ਾ ਪਾਬੰਦੀਆਂ ਲਗਾਈਆਂ ਹਨ।

ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਟੈਮੀ ਬਰੂਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਇਹ ਅਮਰੀਕੀ ਇਮੀਗ੍ਰੇਸ਼ਨ ਕਾਨੂੰਨਾਂ ਅਤੇ ਨੀਤੀਆਂ ਨੂੰ ਲਾਗੂ ਕਰਨ, ਕਾਨੂੰਨ ਦੇ ਰਾਜ ਨੂੰ ਬਣਾਈ ਰੱਖਣ ਅਤੇ ਅਮਰੀਕੀਆਂ ਦੀ ਸੁਰੱਖਿਆ ਲਈ ਮਹੱਤਵਪੂਰਨ ਹੈ।"

ਹਾਲਾਂਕਿ, ਅਮਰੀਕਾ ਵੱਲੋਂ ਵੀਜ਼ਾ ਪਾਬੰਦੀਆਂ ਤੋਂ ਪ੍ਰਭਾਵਿਤ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਨਾ ਤਾਂ ਕਿਸੇ ਟ੍ਰੈਵਲ ਏਜੰਟ ਦਾ ਨਾਮ ਜ਼ਾਹਰ ਕੀਤਾ ਗਿਆ ਅਤੇ ਨਾ ਹੀ ਕਿਸੇ ਟ੍ਰੈਵਲ ਏਜੰਸੀ ਦਾ ਨਾ ਦੱਸਿਆ ਗਿਆ ਹੈ।

ਇਸ ਸਾਲ ਫ਼ਰਵਰੀ ਵਿੱਚ, ਅਮਰੀਕਾ ਨੇ ਕੁਝ ਭਾਰਤੀਆਂ ਨੂੰ 'ਗ਼ੈਰ-ਕਾਨੂੰਨੀ ਪਰਵਾਸੀ' ਕਰਾਰ ਦਿੰਦੇ ਹੋਏ ਜਹਾਜ਼ਾਂ ਰਾਹੀਂ ਡਿਪੋਰਟ ਕਰ ਦਿੱਤਾ ਸੀ। ਇਨ੍ਹਾਂ ਵਿੱਚ ਲੋਕਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਨ੍ਹਾਂ ਦੇ ਹੱਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਸਨ।

ਭਾਰਤ ਨੇ ਅਮਰੀਕਾ ਦੇ ਇਸ ਫ਼ੈਸਲੇ 'ਤੇ ਅਧਿਕਾਰਤ ਤੌਰ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਪਰ ਸਵਾਲ ਇਹ ਹੈ ਕਿ ਇਸ ਫੈਸਲੇ ਦਾ ਉਨ੍ਹਾਂ ਲੋਕਾਂ 'ਤੇ ਕੀ ਪ੍ਰਭਾਵ ਪਵੇਗਾ ਜੋ ਭਾਰਤ ਤੋਂ ਅਮਰੀਕਾ ਜਾਣਾ ਚਾਹੁੰਦੇ ਹਨ?

ਅਮਰੀਕੀ ਵਿਦੇਸ਼ ਵਿਭਾਗ ਨੇ ਹੋਰ ਕੀ ਕਿਹਾ?

ਨਰਿੰਦਰ ਮੋਦੀ ਅਤੇ ਡੌਨਲਡ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ

ਸੋਮਵਾਰ ਨੂੰ, ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਪਾਬੰਦੀ ਬਾਰੇ ਵੇਰਵੇ ਦਿੱਤੇ ।

ਪ੍ਰੈਸ ਰਿਲੀਜ਼ ਮੁਤਾਬਕ, "ਵਿਦੇਸ਼ ਮੰਤਰਾਲਾ, ਭਾਰਤ ਵਿੱਚ ਮੌਜੂਦ ਟ੍ਰੈਵਲ ਏਜੰਸੀਆਂ ਦੇ ਮਾਲਕਾਂ ਅਤੇ ਸੀਨੀਅਰ ਅਧਿਕਾਰੀਆਂ 'ਤੇ ਜਾਣਬੁੱਝ ਕੇ ਅਮਰੀਕਾ ਵਿੱਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਵੀਜ਼ਾ ਪਾਬੰਦੀਆਂ ਲਗਾਉਣ ਲਈ ਕਾਰਵਾਈ ਕਰ ਰਿਹਾ ਹੈ।"

"ਮਿਸ਼ਨ ਇੰਡੀਆ ਦੀ ਕੌਂਸਲਰ ਮਾਮਲੇ ਅਤੇ ਡਿਪਲੋਮੈਟਿਕ ਸੁਰੱਖਿਆ ਸੇਵਾ ਸਾਡੇ ਦੂਤਾਵਾਸ ਅਤੇ ਦੂਤਾਵਾਸਾਂ ਵਿੱਚ ਕੰਮ ਕਰ ਰਹੇ ਹਨ ਤਾਂ ਜੋ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਮਨੁੱਖੀ ਤਸਕਰੀ ਵਿੱਚ ਸ਼ਾਮਲ ਲੋਕਾਂ ਦੀ ਸਰਗਰਮੀ ਨਾਲ ਪਛਾਣ ਕੀਤੀ ਜਾ ਸਕੇ।"

ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਟ੍ਰੈਵਲ ਏਜੰਟਾਂ ਨੇ ਗੈਰ-ਕਾਨੂੰਨੀ ਪਰਵਾਸ ਨੂੰ ਕਿਵੇਂ ਸੌਖਾ ਬਣਾਇਆ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ੀ ਤਸਕਰੀ ਨੈੱਟਵਰਕ ਨੂੰ ਖ਼ਤਮ ਕਰਨ ਲਈ ਟਰੈਵਲ ਏਜੰਸੀਆਂ ਵਿਰੁੱਧ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਕਾਰਵਾਈ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ ਦੀ ਧਾਰਾ 212 (ਏ)(3)(ਸੀ) ਦੇ ਅਧਾਰ 'ਤੇ ਕੀਤੀ ਗਈ ਹੈ।

ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਨੇ ਕਈ ਵਾਰ ਕਿਹਾ ਹੈ , "ਅਮਰੀਕਾ ਜਾਣ ਵਾਲੇ ਭਾਰਤੀ ਨਾਗਰਿਕਾਂ ਨੂੰ ਸਾਵਧਾਨ ਕੀਤਾ ਜਾਂਦਾ ਹੈ ਕਿ ਉਹ ਦੇਸ਼ ਵਿੱਚ ਆਪਣੀ ਨਿਰਧਾਰਤ ਮਿਆਦ ਤੋਂ ਵੱਧ ਨਾ ਰਹਿਣ।"

"ਜੇਕਰ ਉਹ ਅਜਿਹਾ ਕਰਦੇ ਹਨ, ਤਾਂ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ ਅਤੇ ਦੇਸ਼ ਵਿੱਚ ਦਾਖਲ ਹੋਣ 'ਤੇ ਸਥਾਈ ਤੌਰ 'ਤੇ ਪਾਬੰਦੀ ਲਗਾ ਦਿੱਤੀ ਜਾਵੇਗੀ।"

ਫ਼ੈਸਲੇ ਦਾ ਕੀ ਪ੍ਰਭਾਵ ਪਵੇਗਾ?

ਅਮਰੀਕੀ ਫ਼ੌਜੀ ਜਹਾਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਨੂੰ ਬਿਨ੍ਹਾਂ ਕਿਸੇ ਜਾਇਜ਼ ਦਸਤਾਵੇਜ਼ ਦੇ ਲੈ ਕੇ ਜਾਣ ਵਾਲਾ ਇੱਕ ਅਮਰੀਕੀ ਫੌਜੀ ਜਹਾਜ਼ ਇਸ ਸਾਲ 5 ਫਰਵਰੀ ਨੂੰ ਅੰਮ੍ਰਿਤਸਰ ਪਹੁੰਚਿਆ

ਇਸ ਸਾਲ ਜਨਵਰੀ ਵਿੱਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੇ ਡੌਨਲਡ ਟਰੰਪ ਨੇ ਚੋਣ ਪ੍ਰਚਾਰ ਦੌਰਾਨ ਗੈਰ-ਕਾਨੂੰਨੀ ਪ੍ਰਵਾਸੀਆਂ ਬਾਰੇ ਸਖ਼ਤ ਨੀਤੀ ਅਪਣਾਉਣ ਦਾ ਵਾਅਦਾ ਕੀਤਾ ਸੀ।

ਸੱਤਾ ਵਿੱਚ ਆਉਂਦੇ ਹੀ, ਟਰੰਪ ਇਸ ਵਾਅਦੇ ਨੂੰ ਲਾਗੂ ਕਰਦੇ ਨਜ਼ਰ ਆਏ ਅਤੇ ਕਈ ਦੇਸ਼ਾਂ ਦੇ ਨਾਗਰਿਕਾਂ ਨੂੰ ਗ਼ੈਰ-ਕਾਨੂੰਨੀ ਪਰਵਾਸੀ ਕਹਿ ਕੇ ਉਨ੍ਹਾਂ ਦੇ ਦੇਸ਼ਾਂ ਵਿੱਚ ਵਾਪਸ ਭੇਜ ਦਿੱਤਾ ਗਿਆ।

ਹੁਣ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਅਮਰੀਕਾ ਦੀ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੀਤੀ ਨਾਲ ਜੋੜਿਆ ਜਾ ਰਿਹਾ ਹੈ।

ਟ੍ਰੈਵਲ ਏਜੰਟ ਐਸੋਸੀਏਸ਼ਨ ਆਫ਼ ਇੰਡੀਆ (ਟੀਏਏਆਈ) ਇੱਕ ਪੇਸ਼ੇਵਰ ਸੰਗਠਨ ਹੈ ਜੋ ਭਾਰਤ ਵਿੱਚ ਟ੍ਰੈਵਲ ਏਜੰਟਾਂ ਅਤੇ ਸੈਰ-ਸਪਾਟਾ ਕਾਰੋਬਾਰਾਂ ਦੀ ਨੁਮਾਇੰਦਗੀ ਕਰਦਾ ਹੈ। ਪਾਰਸ ਲਖੀਆ ਟੀਏਏਆਈ ਦੇ ਖਜ਼ਾਨਚੀ ਹਨ।

ਬੀਬੀਸੀ ਨਾਲ ਗੱਲ ਕਰਦਿਆਂ ਪਾਰਸ ਲੱਖੀਆ ਨੇ ਡੌਨਲਡ ਟਰੰਪ ਦੇ ਫ਼ੈਸਲੇ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਅਨਿਸ਼ਚਿਤਤਾ ਨਾਲ ਭਰਿਆ ਹੋਇਆ ਹੈ।

ਪਾਰਸ ਲੱਖੀਆ ਕਹਿੰਦੇ ਹਨ, "ਜ਼ਿਆਦਾਤਰ ਭਾਰਤੀਆਂ ਦੇ ਪਰਿਵਾਰ, ਦੋਸਤ ਅਤੇ ਰਿਸ਼ਤੇਦਾਰ ਅਮਰੀਕਾ ਵਿੱਚ ਰਹਿੰਦੇ ਹਨ। ਇਸ ਲਈ ਅਮਰੀਕਾ ਭਾਰਤ ਤੋਂ ਯਾਤਰਾ ਕਰਨ ਵਾਲੇ ਲੋਕਾਂ ਲਈ ਪ੍ਰਮੁੱਖ ਦੇਸ਼ਾਂ ਵਿੱਚੋਂ ਇੱਕ ਹੈ।"

"ਪਾਬੰਦੀਆਂ ਜੋ ਅਸਲ ਵਿੱਚ ਸਪੱਸ਼ਟ ਤੌਰ 'ਤੇ ਪਰਿਭਾਸ਼ਿਤ ਨਹੀਂ ਹਨ, ਬਹੁਤ ਜ਼ਿਆਦਾ ਅਸਪਸ਼ਟਤਾ ਪੈਦਾ ਕਰ ਸਕਦੀਆਂ ਹਨ ਅਤੇ ਯਾਤਰੀਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।"

ਰਾਸ਼ਟਰਪਤੀ ਟਰੰਪ ਦੇ ਸਹੁੰ ਚੁੱਕਣ ਤੋਂ ਦੋ ਹਫ਼ਤੇ ਬਾਅਦ, 104 'ਗ਼ੈਰ-ਕਾਨੂੰਨੀ ਭਾਰਤੀ ਪਰਵਾਸੀਆਂ' ਨੂੰ ਲੈ ਕੇ ਇੱਕ ਜਹਾਜ਼ ਅੰਮ੍ਰਿਤਸਰ ਪਹੁੰਚਿਆ ਸੀ।

ਉਸ ਸਮੇਂ ਭਾਰਤ ਵਿੱਚ ਇਸ ਮੁੱਦੇ 'ਤੇ ਬਹੁਤ ਸਿਆਸਤ ਵੀ ਹੋਈ ਸੀ। ਦੱਸਿਆ ਗਿਆ ਕਿ ਇਸ ਯਾਤਰਾ ਦੌਰਾਨ ਭਾਰਤੀਆਂ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ-
ਪਾਰਸ ਲੱਖੀਆ

ਭਾਰਤ ਸਰਕਾਰ ਦੇ ਅੰਕੜਿਆਂ ਮੁਤਬਾਕ, ਫਰਵਰੀ ਵਿੱਚ, 333 ਭਾਰਤੀ ਨਾਗਰਿਕਾਂ ਨੂੰ ਤਿੰਨ ਫੌਜੀ ਜਹਾਜ਼ਾਂ ਵਿੱਚ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ।

ਭਾਰਤ ਵਿੱਚ ਅਮਰੀਕੀ ਦੂਤਾਵਾਸ ਦੇ ਮੁਤਾਬਕ , 2024 ਦੇ ਪਹਿਲੇ 11 ਮਹੀਨਿਆਂ ਵਿੱਚ 20 ਲੱਖ ਤੋਂ ਵੱਧ ਭਾਰਤੀਆਂ ਨੇ ਅਮਰੀਕਾ ਗਏ ਸਨ, ਜੋ ਕਿ 2023 ਦੇ ਮੁਕਾਬਲੇ 26 ਫ਼ੀਸਦ ਦਾ ਵਾਧਾ ਦਰਸਾਉਂਦਾ ਹੈ।

ਹਾਲਾਂਕਿ, ਇਹ ਲੋਕ ਸੈਰ-ਸਪਾਟਾ, ਕਾਰੋਬਾਰ ਅਤੇ ਸਿੱਖਿਆ ਵਰਗੇ ਗੈਰ-ਪਰਵਾਸੀ ਵੀਜ਼ਿਆਂ 'ਤੇ ਗਏ ਸਨ ਨਾ ਕਿ ਸਥਾਈ ਨਿਵਾਸ ਲਈ।

ਸਾਲ 2024 ਵਿੱਚ, 3 ਲੱਖ 31 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਵਿੱਚ ਪੜ੍ਹਾਈ ਕਰਨ ਜਾਣਗੇ, ਜੋ ਕਿ 2008-09 ਤੋਂ ਬਾਅਦ ਸਭ ਤੋਂ ਵੱਧ ਹੈ।

ਕੀ ਹੁਣ ਭਾਰਤੀਆਂ ਵਿੱਚ ਅਮਰੀਕਾ ਜਾਣ ਤੋਂ ਝਿਜਕ ਵਧ ਰਹੀ ਹੈ ਅਤੇ ਟ੍ਰੈਵਲ ਏਜੰਟ ਗਾਹਕਾਂ ਨੂੰ ਇਹ ਕਿਵੇਂ ਸਮਝਾ ਰਹੇ ਹਨ?

ਪਾਰਸ ਲੱਖੀਆ ਕਹਿੰਦੇ ਹਨ, "ਇਸ ਸਮੇਂ ਬਹੁਤ ਜ਼ਿਆਦਾ ਝਿਜਕ ਅਤੇ ਉਲਝਣ ਹੈ। ਅਜਿਹੇ ਕਿਸੇ ਵੀ ਬਦਲਾਅ ਬਾਰੇ ਅਮਰੀਕਾ ਦੇ ਸਥਾਨਕ ਦਫਤਰਾਂ ਵੱਲੋਂ ਸਪੱਸ਼ਟ ਤੌਰ 'ਤੇ ਦੱਸਿਆ ਜਾਣਾ ਚਾਹੀਦਾ ਹੈ। ਇਸ ਨਾਲ ਯਾਤਰਾ ਕੰਪਨੀਆਂ ਇਸਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਯਾਤਰੀਆਂ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ।"

"ਮੈਨੂੰ ਲੱਗਦਾ ਹੈ ਕਿ ਇਸਦਾ ਮੂਲ ਮਕਸਦ ਗੈਰ-ਕਾਨੂੰਨੀ ਪਰਵਾਸੀਆਂ, ਥੋੜੇ ਚਿਰ ਲਈ ਆਉਣ ਵਾਲਿਆਂ ਦੇ ਓਵਰਸਟੇਅ ਨੂੰ ਕੰਟਰੋਲ ਕਰਨਾ ਅਤੇ 30 ਦਿਨਾਂ ਤੋਂ ਵੱਧ ਸਮੇਂ ਲਈ ਰਹਿਣ ਵਾਲੇ ਸਾਰੇ ਗ਼ੈਰ-ਅਮਰੀਕੀ ਨਾਗਰਿਕਾਂ ਦਾ ਪੂਰਾ ਰਿਕਾਰਡ ਪ੍ਰਾਪਤ ਕਰਨਾ ਹੈ।"

ਅਮਰੀਕਾ ਵਿੱਚ ਕਿੰਨੇ ਗੈਰ-ਕਾਨੂੰਨੀ ਭਾਰਤੀ ਹਨ?

ਅਮਰੀਕੀ ਫ਼ੌਜੀ ਜਹਾਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 2024 ਵਿੱਚ, 3 ਲੱਖ 31 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਵਿੱਚ ਪੜ੍ਹਾਈ ਕਰਨ ਜਾਣਗੇ, ਜੋ ਕਿ 2008-09 ਤੋਂ ਬਾਅਦ ਸਭ ਤੋਂ ਵੱਧ ਹੈ

ਪਿਊ ਰਿਸਰਚ ਸੈਂਟਰ ਦੇ ਅਨੁਸਾਰ , ਸਾਲ 2022 ਤੱਕ, ਲਗਭਗ 7 ਲੱਖ 25 ਹਜ਼ਾਰ ਭਾਰਤੀ ਨਾਗਰਿਕ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਹਨ। ਇਹ ਮੈਕਸੀਕੋ ਅਤੇ ਐਲ ਸਲਵਾਡੋਰ ਦੇ ਨਾਗਰਿਕਾਂ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਸਮੂਹ ਹੈ।

ਇਸ ਦੇ ਨਾਲ ਹੀ, ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ( ਐੱਮਪੀਆਈ ) ਨੇ ਇਹ ਅੰਕੜਾ 3 ਲੱਖ 75 ਹਜ਼ਾਰ ਦੱਸਿਆ ਹੈ। ਐੱਮਪੀਆਈ ਮੁਤਾਬਕ, ਭਾਰਤ ਇਸ ਮਾਮਲੇ ਵਿੱਚ ਪੂਰੇ ਏਸ਼ੀਆ ਵਿੱਚ ਸਭ ਤੋਂ ਉੱਪਰ ਹੈ।

ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ( ਡੀਐੱਚਐੱਸ ) ਦਾ ਅਧਿਕਾਰਤ ਸਰਕਾਰੀ ਅੰਕੜਾ ਇੱਕ ਹੋਰ ਤਸਵੀਰ ਪੇਸ਼ ਕਰਦਾ ਹੈ, ਜਿਸ ਵਿੱਚ 2022 ਵਿੱਚ 2 ਲੱਖ 20 ਹਜ਼ਾਰ ਗ਼ੈਰ-ਕਾਨੂੰਨੀ ਭਾਰਤੀਆਂ ਦੀ ਰਿਪੋਰਟ ਕੀਤੀ ਗਈ ਹੈ।

ਭਾਰਤ ਤੋਂ ਹਰ ਸਾਲ ਕਿੰਨੇ ਲੋਕ ਟ੍ਰੈਵਲ ਏਜੰਸੀਆਂ ਰਾਹੀਂ ਅਮਰੀਕਾ ਜਾਂਦੇ ਹਨ?

ਇਸ ਸਵਾਲ 'ਤੇ, ਪਾਰਸ ਲੱਖੀਆ ਕਹਿੰਦੇ ਹਨ, "ਕੋਈ ਸਪੱਸ਼ਟ ਅੰਕੜੇ ਮੌਜੂਦ ਨਹੀਂ ਹਨ ਜੋ ਸਿਰਫ਼ ਟ੍ਰੈਵਲ ਏਜੰਸੀਆਂ ਰਾਹੀਂ ਯਾਤਰਾ ਬਾਰੇ ਜਾਣਕਾਰੀ ਦਿੰਦਾ ਹੈ। ਪਰ ਅੰਕੜੇ ਦਰਸਾਉਂਦੇ ਹਨ ਕਿ 2024 ਵਿੱਚ 20 ਲੱਖ ਤੋਂ ਵੱਧ ਭਾਰਤੀਆਂ ਨੇ ਅਮਰੀਕਾ ਦੀ ਯਾਤਰਾ ਕੀਤੀ।"

ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵੱਲੋਂ ਆਪਣੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਅੰਕੜਿਆਂ ਮੁਤਾਬਕ , 2023 ਵਿੱਚ ਅਮਰੀਕੀ ਅਧਿਕਾਰੀਆਂ ਵੱਲੋਂ ਫੜੇ ਗਏ ਗ਼ੈਰ-ਕਾਨੂੰਨੀ ਭਾਰਤੀ ਪਰਵਾਸੀਆਂ ਦੀ ਗਿਣਤੀ 96 ਹਜ਼ਾਰ 917 ਹੈ।

ਸਾਲ 2022 ਵਿੱਚ ਇਹ ਗਿਣਤੀ 63 ਹਜ਼ਾਰ 927 ਸੀ ਅਤੇ 2021 ਵਿੱਚ ਇਹ 30 ਹਜ਼ਾਰ 662 ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)