ਦਿੱਲੀ ਚੋਣ ਨਤੀਜੇ: ਕੇਜਰੀਵਾਲ, ਸਿਸੋਦੀਆ ਵਰਗੇ ਦਿੱਗਜ ਪਿੱਛੜੇ, ਆਤਿਸ਼ੀ ਜਿੱਤੇ

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ।

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ, ਭਾਜਪਾ ਇਸ ਸਮੇਂ 48 ਸੀਟਾਂ 'ਤੇ ਅੱਗੇ ਹੈ। ਆਮ ਆਦਮੀ ਪਾਰਟੀ ਸਿਰਫ਼ 22 ਸੀਟਾਂ 'ਤੇ ਅੱਗੇ ਹੈ ਅਤੇ ਕਾਂਗਰਸ ਨੇ ਹਾਲੇ ਤੱਕ ਖਾਤਾ ਨਹੀਂ ਖੋਲ੍ਹਿਆ।

ਨਵੀਂ ਦਿੱਲੀ ਵਿਧਾਨ ਸਭਾ ਸੀਟ 'ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭਾਜਪਾ ਦੇ ਪਰਵੇਸ਼ ਸਾਹਿਬ ਸਿੰਘ ਨੇ ਹਰਾ ਦਿੱਤਾ ਹੈ।

ਚੋਣ ਕਮਿਸ਼ਨ ਦੇ ਵੈੱਬਸਾਈਟ ਮੁਤਾਬਕ ਪਰਵੇਸ਼ ਸਾਹਿਬ ਸਿੰਘ ਨੇ ਅਰਵਿੰਦ ਕੇਜਰੀਵਾਲ ਨੂੰ 4089 ਵੋਟਾਂ ਦੀ ਲੀਡ ਨਾਲ ਹਰਾਇਆ ਹੈ।

'ਅਸੀਂ ਲੋਕਾਂ ਦੇ ਫ਼ੈਸਲੇ ਨੂੰ ਨਿਮਰਤਾ ਨਾਲ ਸਵਿਕਰਦੇ ਹਾਂ'-ਅਰਵਿੰਦ ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਉਪਰ ਇੱਕ ਵੀਡੀਓ ਰਾਹੀਂ ਕਿਹਾ, "ਅੱਜ ਦਿੱਲੀ ਚੋਣਾਂ ਦੇ ਨਤੀਜੇ ਆਏ ਹਨ। ਜਨਤਾ ਦਾ ਫ਼ੈਸਲਾ ਅਸੀਂ ਪੂਰੀ ਨਿਮਰਤਾ ਨਾਲ ਸਵਿਕਾਰ ਦੇ ਹਾਂ।"

"ਮੈਂ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਲਈ ਵਧਾਈ ਦਿੰਦਾ ਹਾਂ। ਇਸ ਦੇ ਨਾਲ ਹੀ ਮੈਂ ਆਸ ਕਰਦਾ ਹਾਂ ਕਿ ਜਿਸ ਉਮੀਦ ਨਾਲ ਲੋਕਾਂ ਨੇ ਉਨ੍ਹਾਂ ਨੂੰ ਬਹੁਮਤ ਦਿੱਤਾ ਹੈ ਉਹ ਲੋਕਾਂ ਦੀਆਂ ਉਨ੍ਹਾਂ ਆਸਾਂ ਉੱਤੇ ਪੂਰਾ ਉਤਰਣਗੇ।"

ਕੇਜਰੀਵਾਲ ਨੇ ਕਿਹਾ, "ਪਿਛਲੇ 10 ਸਾਲਾਂ ਵਿੱਚ ਜਨਤਾ ਨੇ ਸਾਨੂੰ ਜੋ ਮੌਕਾ ਦਿੱਤਾ ਅਸੀਂ ਉਸ ਵਿੱਚ ਬਹੁਤ ਸਾਰੇ ਕੰਮ ਕੀਤੇ। ਸਿੱਖਿਆ, ਸਿਹਤ, ਪਾਣੀ ਵਰਗੇ ਖੇਤਰਾਂ ਵਿੱਚ ਕੰਮ ਕਰਕੇ ਲੋਕਾਂ ਦੀ ਜ਼ਿੰਦਗੀ ਵਿੱਚ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਅਤੇ ਦਿੱਲੀ ਦੇ ਜਨਤਕ ਢਾਂਚੇ ਨੂੰ ਸਵਾਰਨ ਦੀ ਕੋਸ਼ਿਸ਼ ਕੀਤੀ।"

"ਹੁਣ ਜਨਤਾ ਦੇ ਫ਼ੈਸਲੇ ਤੋਂ ਬਾਅਦ ਅਸੀਂ ਇੱਕ ਉਸਾਰੂ ਵਿਰੋਧੀ ਪਾਰਟੀ ਦਾ ਰੋਲ ਨਿਭਾਉਣ ਦੇ ਨਾਲ-ਨਾਲ ਸਮਾਜ ਸੇਵਾ, ਜਨਤਾ ਦੇ ਸੁੱਖ-ਦੁੱਖ ਵਿੱਚ ਕੰਮ ਆਵਾਂਗੇ।"

"ਅਸੀਂ ਸਿਆਸਤ ਵਿੱਚ ਸੱਤਾ ਲਈ ਨਹੀਂ ਆਏ ਸੀ। ਬਲਕਿ ਸਿਆਸਤ ਨੂੰ ਲੋਕਾਂ ਦੇ ਸੁੱਖ-ਦੁੱਖ ਵਿੱਚ ਕੰਮ ਆਉਣ ਦਾ ਮੌਕਾ ਮੰਨਦੇ ਹਾਂ।"

"ਮੈਂ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਵੀ ਵਧਾਈ ਦੇਣਾ ਚਾਹੁੰਦਾ ਹਾਂ, ਉਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਚੋਣ ਲੜੀ।"

ਮਨੀਸ਼ ਸਿਸੋਦੀਆ ਨੇ ਹਾਰ ਕਬੂਲੀ

ਆਮ ਆਦਮੀ ਪਾਰਟੀ ਦੇ ਕਈ ਵੱਡੇ ਚਿਹਰੇ ਇਸ ਚੋਣ ਵਿੱਚ ਹਾਰ ਚੁੱਕੇ ਹਨ।

ਸੌਰਭ ਭਾਰਦਵਾਜ, ਸੋਮਨਾਥ ਭਾਰਤੀ, ਸਤੇਂਦਰ ਜੈਨ, ਅਵਧ ਓਝਾ ਆਪਣੀਆਂ-ਆਪਣੀਆਂ ਸੀਟਾਂ 'ਤੇ ਭਾਜਪਾ ਤੋਂ ਪਿੱਛੇ ਚੱਲ ਰਹੇ ਹਨ।

ਮਨੀਸ਼ ਸਿਸੋਦੀਆ ਨੇ ਜੰਗਪੁਰਾ ਸੀਟ ਤੋਂ ਪਿੱਛੇ ਰਹਿਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ।

ਉਨ੍ਹਾਂ ਕਿਹਾ,“ਅਸੀਂ ਸਾਰੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ। ਜੰਗਪੁਰਾ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ, ਮੁਹੱਬਤ ਸਨਮਾਨ ਦਿੱਤਾ, ਪਰ ਕਰੀਬ 600 ਵੋਟਾਂ ਨਾਲ ਅਸੀਂ ਹਾਰ ਗਏ।"

ਉਨ੍ਹਾਂ ਭਾਜਪਾ ਉਮੀਦਵਾਰ ਨੂੰ ਵਧਾਈ ਦਿੰਦਿਆਂ ਕਿਹਾ, "ਜਿੱਤਣ ਵਾਲੇ ਉਮੀਦਵਾਰ ਨੂੰ ਮੈਂ ਵਧਾਈ ਦਿੰਦਾ ਹਾਂ। ਆਸ ਹੈ ਉਹ ਜੰਗਪੁਰਾ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ।"

ਆਤਿਸ਼ੀ ਕਾਲਕਾਜੀ ਤੋਂ ਜਿੱਤੇ

ਕਾਲਕਾਜੀ ਸੀਟ 'ਤੇ ਆਮ ਆਦਮੀ ਪਾਰਟੀ ਦੇ ਆਤਿਸ਼ੀ ਨੇ ਭਾਜਪਾ ਦੇ ਰਮੇਸ਼ ਬਿਧੂੜੀ ਨੂੰ 3521 ਵੋਟਾਂ ਨਾਲ ਹਰਾਇਆ।

ਇਸ ਸਮੇਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਆਤਿਸ਼ੀ ਮੁੱਖ ਮੰਤਰੀ ਦੇ ਅਹੁਦੇ 'ਤੇ ਹਨ।

ਇਸ ਦੌਰਾਨ, ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ ਗ੍ਰੇਟਰ ਕੈਲਾਸ਼ ਸੀਟ ਤੋਂ ਹਾਰ ਗਏ ਹਨ। ਉਨ੍ਹਾਂ ਨੂੰ ਭਾਜਪਾ ਦੇ ਸ਼ਿਖਾ ਰਾਏ ਨੇ 3188 ਵੋਟਾਂ ਨਾਲ ਹਰਾਇਆ ਹੈ।

ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ, ਭਾਜਪਾ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ, ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਇਨ੍ਹਾਂ ਐਗਜ਼ਿਟ ਪੋਲਾਂ ਨੂੰ ਗ਼ਲਤ ਕਰਾਰ ਦਿੱਤਾ ਸੀ।

ਮਨਜਿੰਦਰ ਸਿੰਘ ਸਿਰਸਾ ਰਜੌਰੀ ਗਾਰਡਨ ਸੀਟ ਤੋਂ ਜਿੱਤੇ

ਰਾਜੌਰੀ ਗਾਰਡਨ ਤੋਂ 64,132 ਵੋਟਾਂ ਨਾਲ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਜਿੱਤ ਦਰਜ ਕੀਤੀ ਹੈ।

ਆਮ ਆਦਮੀ ਆਦਮੀ ਪਾਰਟੀ ਦੇ ਉਮੀਦਵਾਰ ਧਨਵਤੀ ਚੰਡੇਲਾ ਨੂੰ 18,190 ਤੋਂ ਹਰਾਇਆ

ਮਨਜਿੰਦਰ ਸਿੰਘ ਸਿਰਸਾ ਨੇ ਜਿੱਤ ਤੋਂ ਬਾਅਦ ਐਕਸ ਉੱਤੇ ਪੋਸਟ ਸਾਂਝੀ ਕਰਕੇ ਸਾਰਿਆਂ ਦਾ ਧੰਨਵਾਦ ਕੀਤਾ।

ਸਿਰਸਾ ਨੇ ਲਿਖਿਆ, "ਦਿੱਲੀ ਵਿੱਚ ਤੁਫ਼ਾਨੀ ਜਿੱਤ, ਵਾਹਿਗੁਰੂ ਦੇ ਆਸ਼ੀਰਵਾਦ ਅਤੇ ਲੋਕਾਂ ਦੇ ਸਮਰਥਨ ਨਾਲ ਮੈਂ 18,190 ਵੋਟਾਂ ਨਾਲ ਜਿੱਤ ਗਿਆ ਹਾਂ।"

"ਮੈਂ ਇਹ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇਪੀ ਨੱਡਾ ਨੂੰ ਸਮਰਪਿਤ ਕਰਦ ਹਾਂ, ਜਿਨ੍ਹਾਂ ਦੀ ਦੂਰਅੰਦੇਸ਼ੀ ਅਗਵਾਈ ਨੇ ਦਿੱਲੀ ਅਤੇ ਦੇਸ਼ ਨੂੰ ਮਜ਼ਬੂਤ ਕੀਤਾ ਹੈ। ਸਾਰਿਆਂ ਦਾ ਦਿਲੀ ਧੰਨਵਾਦ।"

ਆਪ ਦੇ ਅਵਧ ਓਝਾ ਨੇ ਹਾਰ ਮੰਨੀ, ਕੀ ਕਿਹਾ?

ਦਿੱਲੀ ਦੀ ਪਟਪੜਗੰਜ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਵਧ ਓਝਾ ਨੇ ਹਾਰ ਮੰਨ ਲਈ ਹੈ।

ਅਵਧ ਓਝਾ ਨੇ ਕਿਹਾ , "ਜਨਤਾ ਨੇ ਮੈਨੂੰ ਸਤਿਕਾਰ ਦਿੱਤਾ ਹੈ ਅਤੇ ਮੈਂ ਦੂਜੇ ਸਥਾਨ 'ਤੇ ਹਾਂ। ਮੈਂ ਪਹਿਲੀ ਵਾਰ ਆਪਣੀ ਸਿਆਸੀ ਪਾਰੀ ਸ਼ੁਰੂ ਕੀਤੀ ਹੈ ਅਤੇ ਮੈਂ ਇਸ ਪ੍ਰਾਪਤੀ ਤੋਂ ਖੁਸ਼ ਹਾਂ।"

ਭਾਜਪਾ ਦੇ ਰਵਿੰਦਰ ਸਿੰਘ ਨੇਗੀ ਨੇ ਇਹ ਸੀਟ ਜਿੱਤੀ ਹੈ।

ਕਿਹੜੀ ਪਾਰਟੀ ਕਦੋਂ ਜਿੱਤੀ?

2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜੀਆਂ ਸਨ।

ਉਸ ਸਮੇਂ ਆਪ ਨੇ 70 ਵਿੱਚੋਂ 28 ਸੀਟਾਂ 'ਤੇ ਜਿੱਤ ਦਰਜ ਕਰਵਾਈ ਸੀ।

ਜਦੋਂ ਕਿ ਭਾਜਪਾ ਨੇ 30 ਤੋਂ ਵੱਧ ਸੀਟਾਂ ਉੱਤੇ ਜਿੱਤ ਹਾਸਿਲ ਕੀਤੀ ਸੀ। ਸਾਲ 2013 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਕਦੇ ਵੀ ਇੰਨੀਆਂ ਸੀਟਾਂ ਨਹੀਂ ਜਿੱਤ ਸਕੀ।

2015 ਅਤੇ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਆਮ ਆਦਮੀ ਪਾਰਟੀ ਨੂੰ ਆਪਣੇ ਦਮ 'ਤੇ ਬਹੁਮਤ ਹਾਸਿਲ ਕੀਤਾ ਅਤੇ ਸਰਕਾਰ ਬਣਾਈ।

ਇਸ ਦੇ ਨਾਲ ਹੀ, 2014, 2019 ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ, ਭਾਜਪਾ ਨੇ ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ ਜਿੱਤੀਆਂ ਸਨ।

ਹੁਣ ਤੱਕ ਦਿੱਲੀ ਦੀ ਕਮਾਨ ਸਿਰਫ਼ ਤਿੰਨ ਪਾਰਟੀਆਂ, ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਹੀ ਰਹੀ ਹੈ।

ਕਾਂਗਰਸ 19 ਸਾਲ ਅਤੇ ਭਾਜਪਾ 5 ਸਾਲ ਸੱਤਾ ਵਿੱਚ ਰਹੀ।

ਜਦੋਂ ਕਿ ਆਮ ਆਦਮੀ ਪਾਰਟੀ ਪਿਛਲੇ ਦਸ ਸਾਲਾਂ ਤੋਂ ਸੱਤਾ ਵਿੱਚ ਹੈ।

ਭਾਜਪਾ ਦਿੱਲੀ ਵਿੱਚ ਕਦੋਂ-ਕਦੋਂ ਸਰਕਾਰ ਬਣਾਈ

ਭਾਜਪਾ 1993 ਤੋਂ 1998 ਤੱਕ ਦਿੱਲੀ ਵਿੱਚ ਸੱਤਾ ਵਿੱਚ ਸੀ। ਹਾਲਾਂਕਿ, ਇਸ ਸਮੇਂ ਦੌਰਾਨ ਇਸ ਦੇ ਤਿੰਨ ਮੁੱਖ ਮੰਤਰੀ ਰਹੇ।

ਭਾਜਪਾ ਨੇ 1993 ਵਿੱਚ ਦਿੱਲੀ ਦੀਆਂ ਪਹਿਲੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਅਤੇ ਮਦਨ ਲਾਲ ਖੁਰਾਨਾ ਦੀ ਅਗਵਾਈ ਹੇਠ ਸਰਕਾਰ ਬਣਾਈ, ਪਰ ਪੰਜ ਸਾਲਾਂ ਦੇ ਅੰਦਰ, ਪਾਰਟੀ ਨੇ ਤਿੰਨ ਮੁੱਖ ਮੰਤਰੀ ਬਦਲੇ ਪਰ ਹਰੇਕ ਨੂੰ ਵਿਵਾਦਾਂ ਅਤੇ ਅੰਦਰੂਨੀ ਲੜਾਈ ਦਾ ਸਾਹਮਣਾ ਕਰਨਾ ਪਿਆ।

1998 ਦੀਆਂ ਚੋਣਾਂ ਵਿੱਚ ਭਾਜਪਾ ਦੀਆਂ ਸੀਟਾਂ ਦੀ ਗਿਣਤੀ ਵਿੱਚ ਗਿਰਾਵਟ ਆਈ, ਜਦੋਂ ਕਿ ਕਾਂਗਰਸ ਨੇ ਮਰਹੂਮ ਸ਼ੀਲਾ ਦੀਕਸ਼ਿਤ ਦੀ ਅਗਵਾਈ ਵਿੱਚ ਸੱਤਾ ਸੰਭਾਲੀ।

ਸ਼ੀਲਾ ਦੀਕਸ਼ਿਤ 15 ਸਾਲ 1998 ਤੋਂ 2013 ਤੱਕ ਦਿੱਲੀ ਦੇ ਮੁੱਖ ਮੰਤਰੀ ਰਹੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)