ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ʼਤੇ ਕੀ ਕਹਿ ਰਹੇ ਹਨ ਹੁਣ ਤੱਕ ਐਗਜ਼ਿਟ ਪੋਲ

ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਬੁੱਧਵਾਰ ਨੂੰ ਪੂਰੀ ਹੋ ਗਈ। ਵੋਟਾਂ ਦੀ ਗਿਣਤੀ ਸ਼ਨੀਵਾਰ, 8 ਫਰਵਰੀ ਨੂੰ ਹੋਵੇਗੀ।

ਦਿੱਲੀ ਵਿੱਚ ਸ਼ਾਮ 5 ਵਜੇ ਤੱਕ ਲਗਭਗ 58 ਫੀਸਦ ਵੋਟਿੰਗ ਦਰਜ ਕੀਤੀ ਗਈ ਹੈ। ਕੁੱਲ ਵੋਟਿੰਗ ਦਾ ਅੰਤਿਮ ਅੰਕੜਾ ਅਜੇ ਆਉਣਾ ਬਾਕੀ ਹੈ। ਸਾਲ 2020 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ 62.55 ਫੀਸਦ ਵੋਟਿੰਗ ਹੋਈ ਸੀ। 2015 ਵਿੱਚ, ਲਗਭਗ 67 ਫੀਸਦ ਵੋਟਿੰਗ ਹੋਈ ਸੀ।

ਚੋਣ ਨਤੀਜਿਆਂ ਦਾ ਅੰਦਾਜ਼ਾ ਲਗਾਉਣ ਲਈ ਵੱਖ-ਵੱਖ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਗਏ ਹਨ।

ਹੁਣ ਤੱਕ ਸਾਹਮਣੇ ਆਏ ਸਾਰੇ ਐਗਜ਼ਿਟ ਪੋਲਾਂ ਵਿੱਚ, ਭਾਜਪਾ ਅੱਗੇ ਦਿਖਾਈ ਦਿੱਤੀ ਹੈ। ਜਦਕਿ ਆਮ ਆਦਮੀ ਪਾਰਟੀ ਨੂੰ ਦੂਜੀ ਸਭ ਤੋਂ ਵੱਡੀ ਪਾਰਟੀ ਵਜੋਂ ਦਰਸਾਇਆ ਗਿਆ ਹੈ।

ਜੇਕਰ ਐਗਜ਼ਿਟ ਪੋਲ ਦੀਆਂ ਭਵਿੱਖਬਾਣੀਆਂ ਸਹੀ ਸਾਬਤ ਹੁੰਦੀਆਂ ਹਨ, ਤਾਂ ਭਾਜਪਾ 26 ਸਾਲਾਂ ਬਾਅਦ ਦਿੱਲੀ ਵਿੱਚ ਸਰਕਾਰ ਬਣਾ ਸਕਦੀ ਹੈ।

ਵੱਖ-ਵੱਖ ਐਗਜ਼ਿਟ ਪੋਲ ਕੀ ਕਹਿ ਰਹੇ ਹਨ?

ਮੈਟਰਾਈਜ਼ ਦੇ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਨੂੰ 32 ਤੋਂ 37 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਦਕਿ ਭਾਜਪਾ ਨੂੰ 35 ਤੋਂ 40 ਸੀਟਾਂ ਅਤੇ ਕਾਂਗਰਸ ਨੂੰ 0-1 ਸੀਟ ਦਿੱਤੀ ਗਈ ਹੈ।

ਚਾਣਕਿਆ ਸਟ੍ਰੈਟੇਜੀਜ਼ ਦੇ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ 39 ਤੋਂ 44 ਸੀਟਾਂ, ਆਮ ਆਦਮੀ ਪਾਰਟੀ ਨੂੰ 25 ਤੋਂ 28 ਸੀਟਾਂ ਅਤੇ ਕਾਂਗਰਸ ਨੂੰ 2 ਤੋਂ 3 ਸੀਟਾਂ ਦਿੱਤੀਆਂ ਗਈਆਂ ਹਨ।

ਜੇਵੀਸੀ ਪੋਲ ਵਿੱਚ, ਭਾਜਪਾ ਨੂੰ 39 ਤੋਂ 45 ਸੀਟਾਂ ਜਿੱਤਣ ਦਾ ਅਨੁਮਾਨ ਲਗਾਇਆ ਗਿਆ ਹੈ। ਉੱਥੇ ਹੀ ਆਮ ਆਦਮੀ ਪਾਰਟੀ ਨੂੰ 22 ਤੋਂ 31 ਸੀਟਾਂ ਅਤੇ ਕਾਂਗਰਸ ਨੂੰ 0-2 ਸੀਟਾਂ ਜਿੱਤਣ ਦਾ ਅਨੁਮਾਨ ਲਗਾਇਆ ਗਿਆ ਹੈ।

ਪੀਪਲਜ਼ ਪਲਸ-ਕੋਡੇਮਾ ਐਗਜ਼ਿਟ ਪੋਲ ਵਿੱਚ, ਭਾਜਪਾ ਨੂੰ 51 ਤੋਂ 60 ਸੀਟਾਂ ਅਤੇ ਆਮ ਆਦਮੀ ਪਾਰਟੀ ਨੂੰ 10 ਤੋਂ 19 ਸੀਟਾਂ ਜਿੱਤਣ ਦਾ ਅਨੁਮਾਨ ਲਗਾਇਆ ਗਿਆ ਹੈ, ਜਦਕਿ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਦਿੱਤੀ ਗਈ ਹੈ।

ਪੋਲ ਡਾਇਰੀ ਐਗਜ਼ਿਟ ਪੋਲ ਵਿੱਚ, ਭਾਜਪਾ ਨੂੰ 42 ਤੋਂ 50 ਸੀਟਾਂ ਜਿੱਤਣ ਦਾ ਅਨੁਮਾਨ ਲਗਾਇਆ ਗਿਆ ਹੈ ਅਤੇ ਆਮ ਆਦਮੀ ਪਾਰਟੀ ਨੂੰ 18 ਤੋਂ 25 ਸੀਟਾਂ ਜਿੱਤਣ ਦਾ ਅਨੁਮਾਨ ਜਤਾਇਆ ਗਿਆ ਹੈ। ਇਸ ਵਿੱਚ ਕਾਂਗਰਸ ਨੂੰ 0-2 ਸੀਟਾਂ ਮਿਲਣ ਦੀ ਉਮੀਦ ਹੈ।

ਪੀਪਲਜ਼ ਇਨਸਾਈਟ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ 40-44 ਸੀਟਾਂ ਅਤੇ ਆਮ ਆਦਮੀ ਪਾਰਟੀ ਨੂੰ 25-29 ਸੀਟਾਂ ਦਿੱਤੀਆਂ ਗਈਆਂ ਹਨ। ਜਦਕਿ ਕਾਂਗਰਸ ਨੂੰ 0-1 ਸੀਟ ਦਿੱਤੀ ਗਈ ਹੈ।

ਪੀ-ਮਾਰਕ ਦੇ ਐਗਜ਼ਿਟ ਪੋਲ ਵਿੱਚ, ਭਾਜਪਾ ਨੂੰ 39-49 ਸੀਟਾਂ ਜਿੱਤਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਪੋਲ ਵਿੱਚ 'ਆਪ' ਨੂੰ 21-31 ਸੀਟਾਂ ਦਿੱਤੀਆਂ ਗਈਆਂ ਹਨ, ਜਦਕਿ ਕਾਂਗਰਸ ਨੂੰ 0-1 ਸੀਟਾਂ ਮਿਲਣ ਦਾ ਅਨੁਮਾਨ ਹੈ।

ਡੀਵੀ ਰਿਸਰਚ ਦੇ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ 36-44 ਸੀਟਾਂ ਅਤੇ ਆਮ ਆਦਮੀ ਪਾਰਟੀ ਨੂੰ 26-34 ਸੀਟਾਂ ਦਿੱਤੀਆਂ ਗਈਆਂ ਹਨ।

ʻਆਪʼ ਇਨ੍ਹਾਂ ਪੋਲਜ਼ ਵਿੱਚ ਅੱਗੇ

ਵੀ ਪ੍ਰਿਸਾਈਡ ਅਤੇ ਮਾਈਂਡ ਪ੍ਰਿੰਕ ਅਜਿਹੀਆਂ ਦੋ ਏਜੰਸੀਆਂ ਹਨ ਜਿਨ੍ਹਾਂ ਨੇ ਆਪਣੇ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ ਦਿੱਤਾ ਹੈ।

ਵੀ ਪ੍ਰਿਸਾਈਡ ਦੇ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਨੂੰ 46-52 ਸੀਟਾਂ, ਭਾਜਪਾ ਨੂੰ 18-23 ਸੀਟਾਂ ਅਤੇ ਕਾਂਗਰਸ ਨੂੰ 0-1 ਸੀਟਾਂ ਦਿੱਤੀਆਂ ਗਈਆਂ ਹਨ।

ਮਾਈਂਡ ਪ੍ਰਿੰਕ ਦੇ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਨੂੰ 44-49 ਸੀਟਾਂ ਜਿੱਤਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਉੱਥੇ ਭਾਜਪਾ ਨੂੰ 21-25 ਸੀਟਾਂ ਜਿੱਤਣ ਦਾ ਅਨੁਮਾਨ ਹੈ।

ਪਰ ਇਹ ਜ਼ਰੂਰੀ ਨਹੀਂ ਕਿ ਐਗਜ਼ਿਟ ਪੋਲ ਹਮੇਸ਼ਾ ਸਹੀ ਸਾਬਤ ਹੋਣ। ਪਿਛਲੇ ਸਾਲ ਹਰਿਆਣਾ ਅਤੇ ਝਾਰਖੰਡ ਵਿਧਾਨ ਸਭਾਵਾਂ ਲਈ ਚੋਣਾਂ ਹੋਈਆਂ ਸਨ ਅਤੇ ਇਨ੍ਹਾਂ ਚੋਣਾਂ ਦੇ ਐਗਜ਼ਿਟ ਪੋਲ ਨਤੀਜਿਆਂ ਦੇ ਉਲਟ ਸਨ।

ਹਰਿਆਣਾ ਦੇ ਐਗਜ਼ਿਟ ਪੋਲ ਵਿੱਚ ਕਾਂਗਰਸ ਦੀ ਜਿੱਤ ਦਾ ਅੰਦਾਜ਼ਾ ਸੀ ਪਰ ਸਰਕਾਰ ਭਾਜਪਾ ਦੀ ਬਣੀ। ਉੱਥੇ ਹੀ ਝਾਰਖੰਡ ਵਿੱਚ ਐਗਜ਼ਿਟ ਪੋਲ ਵਿੱਚ ਭਾਜਪਾ ਦੀ ਜਿੱਤ ਦਾ ਅੰਦਾਜ਼ਾ ਸੀ ਜਦਕਿ ਸਰਕਾਰ ਸੱਤਾਧਾਰੀ ਜੇਐੱਮਐੱਮ ਦੀ ਅਗਵਾਈ ਵਾਲੇ ਗਠਜੋੜ ਨੇ ਸਰਕਾਰ ਬਣਾਈ।

ਐਗਜ਼ਿਟ ਪੋਲ ਕੀ ਹੁੰਦਾ ਹੈ ਅਤੇ ਕਿਵੇਂ ਕੀਤਾ ਜਾਂਦਾ ਹੈ?

ਐਗਜ਼ਿਟ ਦਾ ਮਤਲਬ ਹੁੰਦਾ ਹੈ ਬਾਹਰ ਨਿਕਲਣਾ। ਇਸ ਲਈ ਐਗਜ਼ਿਟ ਪੋਲ ਸ਼ਬਦ ਹੀ ਦੱਸਦਾ ਹੈ ਕਿ ਇਹ ਪੋਲ ਕੀ ਹਨ।

ਜਦੋਂ ਕੋਈ ਵੋਟਰ ਚੋਣਾਂ ਵਿੱਚ ਵੋਟ ਪਾਉਣ ਤੋਂ ਬਾਅਦ ਬੂਥ ਤੋਂ ਬਾਹਰ ਆਉਂਦਾ ਹੈ, ਤਾਂ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਕੀ ਉਹ ਇਹ ਦੱਸਣਾ ਚਾਹੇਗਾ ਕਿ ਉਸ ਨੇ ਕਿਸ ਪਾਰਟੀ ਜਾਂ ਕਿਸ ਉਮੀਦਵਾਰ ਨੂੰ ਵੋਟ ਦਿੱਤੀ ਹੈ।

ਐਗਜ਼ਿਟ ਪੋਲ ਕਰਾਉਣ ਵਾਲੀਆਂ ਏਜੰਸੀਆਂ ਆਪਣੇ ਲੋਕਾਂ ਨੂੰ ਪੋਲਿੰਗ ਬੂਥਾਂ ਦੇ ਬਾਹਰ ਖੜ੍ਹੇ ਕਰਦੀਆਂ ਹਨ। ਜਿਵੇਂ ਹੀ ਵੋਟਰ ਵੋਟ ਪਾਉਣ ਤੋਂ ਬਾਅਦ ਬਾਹਰ ਆਉਂਦੇ ਹਨ, ਉਨ੍ਹਾਂ ਤੋਂ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਨੇ ਕਿਸ ਨੂੰ ਵੋਟ ਦਿੱਤੀ ਹੈ।

ਕੁਝ ਹੋਰ ਸਵਾਲ ਵੀ ਪੁੱਛੇ ਜਾ ਸਕਦੇ ਹਨ, ਜਿਵੇਂ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਤੁਹਾਡਾ ਪਸੰਦੀਦਾ ਉਮੀਦਵਾਰ ਕੌਣ ਹੈ ਆਦਿ।

ਆਮ ਤੌਰ 'ਤੇ, ਪੋਲਿੰਗ ਬੂਥ 'ਤੇ ਹਰ ਦਸਵੇਂ ਵੋਟਰ ਨੂੰ ਜਾਂ ਜੇਕਰ ਪੋਲਿੰਗ ਸਟੇਸ਼ਨ ਵੱਡਾ ਹੈ ਤਾਂ ਹਰ ਵੀਹਵੇਂ ਵੋਟਰ ਨੂੰ ਇੱਕ ਸਵਾਲ ਪੁੱਛਿਆ ਜਾਂਦਾ ਹੈ।

ਵੋਟਰਾਂ ਤੋਂ ਮਿਲੀ ਜਾਣਕਾਰੀ ਦਾ ਵਿਸ਼ਲੇਸ਼ਣ ਕਰ ਕੇ ਇਹ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਚੋਣ ਨਤੀਜੇ ਕੀ ਹੋਣਗੇ।

ਕੀ ਐਗਜ਼ਿਟ ਪੋਲ ਦੇ ਅਨੁਮਾਨ ਆਮ ਤੌਰ 'ਤੇ ਸਹੀ ਹੁੰਦੇ ਹਨ?

ਐਗਜ਼ਿਟ ਪੋਲ ਨਾਲ ਸਬੰਧਤ ਮੁੱਦਿਆਂ ਨੂੰ ਸਮਝਣ ਲਈ, ਬੀਬੀਸੀ ਨੇ ਚੋਣ ਵਿਸ਼ਲੇਸ਼ਕ ਅਤੇ ਸੈਂਟਰ ਫਾਰ ਦਿ ਸਟੱਡੀ ਆਫ਼ ਡਿਵੈਲਪਿੰਗ ਸਟੱਡੀਜ਼ (ਸੀਐੱਸਡੀਐੱਸ) ਲੋਕਨੀਤੀ ਦੇ ਸਹਿ-ਨਿਰਦੇਸ਼ਕ ਪ੍ਰੋਫੈਸਰ ਸੰਜੇ ਕੁਮਾਰ ਨਾਲ ਗੱਲ ਕੀਤੀ।

ਆਮ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ, ਪ੍ਰੋਫੈਸਰ ਸੰਜੇ ਕੁਮਾਰ ਇਸ ਨੂੰ ਮੌਸਮ ਵਿਭਾਗ ਦੀ ਭਵਿੱਖਬਾਣੀ ਨਾਲ ਜੋੜ ਕੇ ਦੇਖਦੇ ਹਨ।

ਉਹ ਕਹਿੰਦੇ ਹਨ, "ਐਗਜ਼ਿਟ ਪੋਲ ਦੇ ਅੰਦਾਜ਼ੇ ਵੀ ਮੌਸਮ ਦੀ ਭਵਿੱਖਬਾਣੀ ਵਾਂਗ ਹੁੰਦੇ ਹਨ। ਕਈ ਵਾਰ ਇਹ ਬਹੁਤ ਸਹੀ ਹੁੰਦੇ ਹਨ, ਕਈ ਵਾਰ ਇਸ ਦੇ ਨੇੜੇ-ਤੇੜੇ ਹੁੰਦੇ ਹਨ ਅਤੇ ਕਈ ਵਾਰ ਇਹ ਸਹੀ ਨਹੀਂ ਵੀ ਹੁੰਦੇ।"

"ਐਗਜ਼ਿਟ ਪੋਲ ਦੋ ਚੀਜ਼ਾਂ ਦਾ ਅਨੁਮਾਨ ਲਗਾਉਂਦਾ ਹੈ। ਇਹ ਵੋਟ ਫੀਸਦ ਦਾ ਅੰਦਾਜ਼ਾ ਲਗਾਉਂਦਾ ਹੈ ਅਤੇ ਫਿਰ ਉਸ ਆਧਾਰ 'ਤੇ ਪਾਰਟੀਆਂ ਨੂੰ ਮਿਲਣ ਵਾਲੀਆਂ ਸੀਟਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ।"

ਸੰਜੇ ਕੁਮਾਰ ਕਹਿੰਦੇ ਹਨ, "2004 ਦੀਆਂ ਚੋਣਾਂ ਸਾਨੂੰ ਨਹੀਂ ਭੁੱਲਣੀਆਂ ਚਾਹੀਦੀਆਂ। ਸਾਰੇ ਐਗਜ਼ਿਟ ਪੋਲਾਂ ਨੇ ਕਿਹਾ ਸੀ ਕਿ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੱਤਾ ਵਿੱਚ ਵਾਪਸ ਆਵੇਗੀ, ਪਰ ਸਾਰੇ ਐਗਜ਼ਿਟ ਪੋਲ ਗਲਤ ਸਾਬਤ ਹੋਏ ਅਤੇ ਭਾਜਪਾ ਚੋਣਾਂ ਹਾਰ ਗਈ।"

ਕਈ ਵਾਰ ਵੱਖ-ਵੱਖ ਐਗਜ਼ਿਟ ਪੋਲ ਵੱਖ-ਵੱਖ ਅਨੁਮਾਨ ਦਿੰਦੇ ਹਨ, ਅਜਿਹਾ ਕਿਉਂ ਹੈ?

ਇਸ ਸਵਾਲ ਦੇ ਜਵਾਬ ਵਿੱਚ, ਪ੍ਰੋਫੈਸਰ ਸੰਜੇ ਕੁਮਾਰ ਇੱਕ ਉਦਾਹਰਣ ਦਿੰਦੇ ਹੋਏ ਕਹਿੰਦੇ ਹਨ, "ਕਈ ਵਾਰ ਵੱਖ-ਵੱਖ ਡਾਕਟਰ ਇੱਕੋ ਬਿਮਾਰੀ ਦੀ ਵੱਖ-ਵੱਖ ਤਰੀਕਿਆਂ ਨਾਲ ਜਾਂਚ ਕਰਦੇ ਹਨ।"

"ਐਗਜ਼ਿਟ ਪੋਲਜ਼ ਨਾਲ ਵੀ ਅਜਿਹਾ ਹੀ ਹੋ ਸਕਦਾ ਹੈ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਵੱਖ-ਵੱਖ ਏਜੰਸੀਆਂ ਨੇ ਵੱਖ-ਵੱਖ ਸੈਂਪਲਿੰਗ ਜਾਂ ਵੱਖ-ਵੱਖ ਫੀਲਡ ਵਰਕ ਕੀਤਾ ਹੈ। ਕੁਝ ਏਜੰਸੀਆਂ ਫੋਨ ਤੋਂ ਡੇਟਾ ਇਕੱਠਾ ਕਰਦੀਆਂ ਹਨ, ਜਦਕਿ ਕੁਝ ਏਜੰਸੀਆਂ ਆਪਣੇ ਲੋਕਾਂ ਨੂੰ ਫੀਲਡ ਵਿੱਚ ਭੇਜਦੀਆਂ ਹਨ ਤਾਂ ਇਸ ਲਈ ਨਤੀਜੇ ਵੱਖਰੇ ਹੋ ਸਕਦੇ ਹਨ।"

ਐਗਜ਼ਿਟ ਪੋਲ ਨਾਲ ਜੁੜੇ ਨਿਯਮ-ਕਾਨੂੰਨ ਕੀ ਹਨ?

ਰਿਪ੍ਰੈਜ਼ੇਨਟੇਸ਼ਨ ਆਫ ਦਿ ਪੀਪਲਸ ਐਕਟ, 1951 ਦੇ ਸੈਕਸ਼ਨ 12ਏ ਦੇ ਤਹਿਤ ਐਗਜ਼ਿਟ ਪੋਲ ਨੂੰ ਕੰਟ੍ਰੋਲ ਕੀਤਾ ਜਾਂਦਾ ਹੈ।

ਭਾਰਤ ਵਿੱਚ ਚੋਣ ਵਿਭਾਗ ਨੇ ਐਗਜ਼ਿਟ ਪੋਲ ਨੂੰ ਲੈ ਕੇ ਕੁਝ ਨਿਯਮ ਬਣਾਏ ਹਨ। ਇਨ੍ਹਾਂ ਨਿਯਮਾਂ ਦਾ ਮਕਸਦ ਇਹ ਹੁੰਦਾ ਹੈ ਕਿ ਕਿਸੇ ਵੀ ਤਰ੍ਹਾਂ ਨਾਲ ਚੋਣਾਂ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ।

ਚੋਣ ਕਮਿਸ਼ਨ ਸਮੇਂ-ਸਮੇਂ ʼਤੇ ਐਗਜ਼ਿਟ ਪੋਲ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕਰਦਾ ਹੈ। ਇਸ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਐਗਜ਼ਿਟ ਪੋਲ ਕਰਨ ਦਾ ਕੀ ਤਰੀਕਾ ਹੋਣਾ ਚਾਹੀਦਾ ਹੈ।

ਇੱਕ ਆਮ ਆਮ ਨਿਯਮ ਇਹ ਹੈ ਕਿ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਵੋਟਾਂ ਵਾਲੇ ਦਿਨ ਪ੍ਰਸਾਰਿਤ ਨਹੀਂ ਕੀਤਾ ਜਾ ਸਕਦਾ ਹੈ।

ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਲੈ ਕੇ ਆਖ਼ਰੀ ਗੇੜ ਦੇ ਮਤਦਾਨ ਖ਼ਤਮ ਹੋਣ ਦੇ ਅੱਧੇ ਘੰਟੇ ਬਾਅਦ ਤੱਕ ਐਗਜ਼ਿਟ ਪੋਲ ਪ੍ਰਸਾਰਿਤ ਨਹੀਂ ਕੀਤੇ ਜਾ ਸਕਦੇ।

ਇਸ ਤੋਂ ਇਲਾਵਾ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਵੋਟਾਂ ਤੋਂ ਬਾਅਦ ਪ੍ਰਸਾਰਿਤ ਕਰਨ ਲਈ, ਸਰਵੇਖਣ ਏਜੰਸੀ ਨੂੰ ਚੋਣ ਕਮਿਸ਼ਨ ਤੋਂ ਆਗਿਆ ਲੈਣੀ ਪੈਂਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)