ਸੁਪਰੀਮ ਕੋਰਟ ਵਿੱਚ ਚੀਫ਼ ਜਸਟਿਸ 'ਤੇ ਹਮਲੇ ਬਾਰੇ ਕੀ ਬੋਲੇ ਪੀਐੱਮ ਮੋਦੀ, ਹਮਲੇ ਬਾਰੇ ਚਸ਼ਮਦੀਦਾਂ ਨੇ ਕੀ ਦੱਸਿਆ

ਤਸਵੀਰ ਸਰੋਤ, ANI
ਸੋਮਵਾਰ ਨੂੰ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਬੀਆਰ ਗਵਈ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਅਦਾਲਤ ਵਿੱਚ ਮੌਜੂਦ ਵਕੀਲ ਅਨਸ ਤਨਵੀਰ ਨੇ ਬੀਬੀਸੀ ਪੱਤਰਕਾਰ ਉਮੰਗ ਪੋਦਾਰ ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ।
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਅਨਸ ਤਨਵੀਰ ਨੇ ਕਿਹਾ, "ਅੱਜ ਸੁਪਰੀਮ ਕੋਰਟ ਵਿੱਚ ਕੁਝ ਦੇਰ ਲਈ ਹੰਗਾਮਾ ਹੋਇਆ ਜਦੋਂ ਇੱਕ ਵਕੀਲ ਨੇ ਚੀਫ਼ ਜਸਟਿਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ, ਬਾਹਰ ਕੱਢੇ ਗਏ ਵਕੀਲ ਨੇ ਕਿਹਾ, ਭਾਰਤ ਸਨਾਤਨ ਦੇ ਅਪਮਾਨ ਨੂੰ ਬਰਦਾਸ਼ਤ ਨਹੀਂ ਕਰੇਗਾ।"
ਅਨਸ ਤਨਵੀਰ ਦਾ ਕਹਿਣਾ ਹੈ ਕਿ ਇਸ ਘਟਨਾ ਦੌਰਾਨ ਜਸਟਿਸ ਗਵਈ ਸ਼ਾਂਤ ਰਹੇ ਅਤੇ ਸੁਣਵਾਈ ਜਾਰੀ ਰੱਖੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਬਾਰੇ ਸੀਜੇਆਈ ਗਵਈ ਨਾਲ ਗੱਲ ਕੀਤੀ ਹੈ।
ਪੀਐੱਮ ਮੋਦੀ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਮੈਂ ਭਾਰਤ ਦੇ ਚੀਫ਼ ਜਸਟਿਸ ਬੀਆਰ ਗਵਈ ਜੀ ਨਾਲ ਗੱਲ ਕੀਤੀ। ਅੱਜ ਸਵੇਰੇ ਸੁਪਰੀਮ ਕੋਰਟ ਦੀ ਇਮਾਰਤ ਵਿੱਚ ਉਨ੍ਹਾਂ 'ਤੇ ਹੋਏ ਹਮਲੇ ਤੋਂ ਹਰ ਭਾਰਤੀ ਗੁੱਸੇ ਵਿੱਚ ਹੈ। ਸਾਡੇ ਸਮਾਜ ਵਿੱਚ ਅਜਿਹੇ ਨਿੰਦਣਯੋਗ ਕੰਮਾਂ ਲਈ ਕੋਈ ਥਾਂ ਨਹੀਂ ਹੈ। ਇਹ ਪੂਰੀ ਤਰ੍ਹਾਂ ਨਿੰਦਣਯੋਗ ਹੈ।"
"ਮੈਂ ਜਸਟਿਸ ਗਵਈ ਵੱਲੋਂ ਅਜਿਹੀ ਸਥਿਤੀ ਵਿੱਚ ਦਿਖਾਈ ਗਈ ਸ਼ਾਂਤੀ ਦੀ ਤਾਰੀਫ਼ ਕੀਤੀ। ਇਹ ਨਿਆਂ ਦੇ ਮੁੱਲਾਂ ਅਤੇ ਸਾਡੇ ਸੰਵਿਧਾਨ ਦੀ ਭਾਵਨਾ ਨੂੰ ਮਜ਼ਬੂਤ ਕਰਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।"
ਸੁਪਰੀਮ ਕੋਰਟ ਐਡਵੋਕੇਟਸ-ਆਨ-ਰਿਕਾਰਡ ਐਸੋਸੀਏਸ਼ਨ (ਐੱਸਸੀਓਏਆਰਏ) ਅਤੇ ਕਾਂਗਰਸ ਪਾਰਟੀ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।
ਹਮਲਾ ਕਰਨ ਵਾਲੇ ਵਕੀਲ ਰਾਕੇਸ਼ ਕਿਸ਼ੋਰ ਨੂੰ ਬਾਰ ਕੌਂਸਲ ਆਫ਼ ਇੰਡੀਆ ਨੇ ਮੁਅੱਤਲ ਕਰ ਦਿੱਤਾ ਹੈ।
ਜਿਸ ਸਮੇਂ ਇਸ ਹਮਲੇ ਦੀ ਕੋਸ਼ਿਸ਼ ਕੀਤੀ ਗਈ ਉਸ ਸਮੇਂ ਵਕੀਲ ਰਵੀ ਝਾਅ ਵੀ ਅਦਾਲਤ ਵਿੱਚ ਮੌਜੂਦ ਸਨ।
ਉਨ੍ਹਾਂ ਬੀਬੀਸੀ ਪੱਤਰਕਾਰ ਉਮੰਗ ਪੋਦਾਰ ਨੂੰ ਦੱਸਿਆ, "ਵਕੀਲ ਨੇ ਆਪਣੀ ਜੁੱਤੀ ਸੁੱਟੀ ਅਤੇ ਆਪਣਾ ਹੱਥ ਉੱਚਾ ਕਰਕੇ ਕਿਹਾ ਕਿ ਉਸਨੇ ਇਹ ਸੁੱਟੀ ਹੈ। ਜੁੱਤੀ ਚੀਫ਼ ਜਸਟਿਸ ਅਤੇ ਜਸਟਿਸ ਚੰਦਰਨ ਦੇ ਪਿੱਛੇ ਜਾ ਕੇ ਡਿੱਗੀ।"
"ਹਮਲਾਵਰ ਨੇ ਫਿਰ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਸਨੇ ਸਿਰਫ਼ ਚੀਫ਼ ਜਸਟਿਸ ਨੂੰ ਨਿਸ਼ਾਨਾ ਬਣਾਇਆ ਸੀ। ਉਸਨੂੰ ਕੋਰਟਰੂਮ ਦੀ ਸਕਿਓਰਿਟੀ ਨੇ ਹਿਰਾਸਤ ਵਿੱਚ ਲੈ ਲਿਆ। ਜਿਸ ਤੋਂ ਬਾਅਦ ਚੀਫ਼ ਜਸਟਿਸ ਨੇ ਵਕੀਲਾਂ ਨੂੰ ਘਟਨਾ ਤੋਂ ਭਟਕਾਏ ਬਿਨ੍ਹਾਂ ਆਪਣੀਆਂ ਦਲੀਲਾਂ ਜਾਰੀ ਰੱਖਣ ਲਈ ਕਿਹਾ।"
ਅਦਾਲਤ ਦੇ ਅੰਦਰ ਕੀ ਹੋਇਆ?

ਬਾਰ ਐਂਡ ਬੈਂਚ ਮੁਤਾਬਕ, "ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਚੀਫ਼ ਜਸਟਿਸ ਦੀ ਅਗਵਾਈ ਵਾਲੀ ਬੈਂਚ ਕੇਸਾਂ ਦੀ ਸੁਣਵਾਈ ਕਰ ਰਹੀ ਸੀ।"
"ਸੂਤਰਾਂ ਅਨੁਸਾਰ ਵਕੀਲ ਪੋਡੀਅਮ ਦੇ ਨੇੜੇ ਗਿਆ ਅਤੇ ਆਪਣਾ ਜੁੱਤੀ ਉਤਾਰ ਕੇ ਜੱਜ 'ਤੇ ਸੁੱਟਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਅਦਾਲਤ ਵਿੱਚ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਸਮੇਂ ਸਿਰ ਦਖ਼ਲ ਦਿੱਤਾ ਅਤੇ ਵਕੀਲ ਨੂੰ ਬਾਹਰ ਕੱਢ ਦਿੱਤਾ।"
ਲਾਈਵ ਲਾਅ ਨੇ ਰਿਪੋਰਟ ਕੀਤਾ ਹੈ ਕਿ ਕੁਝ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜੁੱਤੀ ਸੁੱਟੀ ਗਈ ਸੀ ਜਦੋਂ ਕਿ ਕੁਝ ਕਹਿੰਦੇ ਹਨ ਕਿ ਪੇਪਰ ਰੋਲ ਸੁੱਟਿਆ ਗਿਆ ਸੀ।
ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਰਾਕੇਸ਼ ਕਿਸ਼ੋਰ ਨਾਮ ਦੇ ਇੱਕ ਵਕੀਲ ਨੇ ਸਵੇਰੇ ਤਕਰੀਬਨ 11:35 ਵਜੇ ਅਦਾਲਤ ਨੰਬਰ 1 ਵਿੱਚ ਕਾਰਵਾਈ ਦੌਰਾਨ ਆਪਣੇ ਸਪੋਰਟਸ ਜੁੱਤੇ ਉਤਾਰ ਕੇ ਸੀਜੇਆਈ ਗਵਈ 'ਤੇ ਸੁੱਟ ਦਿੱਤੇ।
ਹਾਲਾਂਕਿ, ਬੀਬੀਸੀ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰਦਾ।
ਰੋਹਿਤ ਪਾਂਡੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਕਾਰਜਕਾਰੀ ਸਕੱਤਰ ਹਨ।
ਨਿਊਜ਼ ਏਜੰਸੀ ਏਐੱਨਆਈ ਨਾਲ ਗੱਲ ਕਰਦੇ ਹੋਏ ਰੋਹਿਤ ਪਾਂਡੇ ਨੇ ਕਿਹਾ, "ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਹਮਲਾ ਕਰਨ ਵਾਲਾ ਵਕੀਲ 2011 ਤੋਂ ਸੁਪਰੀਮ ਕੋਰਟ ਬਾਰ ਦਾ ਮੈਂਬਰ ਹੈ।"
"ਕਿਹਾ ਜਾ ਰਿਹਾ ਹੈ ਕਿ ਉਸਨੇ ਸੀਜੇਆਈ ਵੱਲੋਂ ਭਗਵਾਨ ਵਿਸ਼ਨੂੰ 'ਤੇ ਕੀਤੀ ਗਈ ਟਿੱਪਣੀ ਤੋਂ ਦੁਖੀ ਹੋ ਕੇ ਅਜਿਹਾ ਕੀਤਾ ਹੈ।"
ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ: ਸੀਜੇਆਈ

ਦਰਅਸਲ, 16 ਸਤੰਬਰ ਨੂੰ ਸੀਜੇਆਈ ਬੀਆਰ ਗਵਈ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੀ ਬੈਂਚ ਨੇ ਮੱਧ ਪ੍ਰਦੇਸ਼ ਦੇ ਖਜੂਰਾਹੋ ਦੇ ਇੱਕ ਮੰਦਰ ਵਿੱਚ ਭਗਵਾਨ ਵਿਸ਼ਨੂੰ ਦੀ ਟੁੱਟੀ ਹੋਈ ਮੂਰਤੀ ਦੀ ਮੁਰੰਮਤ ਅਤੇ ਰੱਖ-ਰਖਾਅ ਲਈ ਹੁਕਮ ਦੇਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।
ਬੈਂਚ ਨੇ ਕਿਹਾ ਕਿ ਇਹ ਮਾਮਲਾ ਭਾਰਤੀ ਪੁਰਾਤੱਤਵ ਸਰਵੇਖਣ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਅਦਾਲਤ ਦੇ ਨਹੀਂ।
ਇਸਨੂੰ "ਪਬਲਿਸੀਟੀ ਲਈ ਦਾਇਰ ਕੀਤੀ ਗਈ ਪਟੀਸ਼ਨ" ਦੱਸਦੇ ਹੋਏ, ਬੈਂਚ ਨੇ ਪਟੀਸ਼ਨਰ ਨੂੰ ਕਿਹਾ, "ਜੇਕਰ ਉਹ ਭਗਵਾਨ ਵਿਸ਼ਨੂੰ ਦਾ ਇੱਕ ਵੱਡਾ ਭਗਤ ਹੈ, ਤਾਂ ਉਸਨੂੰ ਉਨ੍ਹਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਥੋੜ੍ਹਾ ਜਿਹਾ ਧਿਆਨ ਕਰਨਾ ਚਾਹੀਦਾ ਹੈ।"
ਸੀਜੇਆਈ ਦੀਆਂ ਟਿੱਪਣੀਆਂ ਨੇ ਵਿਵਾਦ ਪੈਦਾ ਕਰ ਦਿੱਤਾ। ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਨੇ ਉਨ੍ਹਾਂ ਨੂੰ ਆਪਣੇ ਭਾਸ਼ਣ ਵਿੱਚ ਸੰਜਮ ਵਰਤਣ ਦੀ ਸਲਾਹ ਦਿੱਤੀ।
ਬਾਅਦ ਵਿੱਚ ਭਗਵਾਨ ਵਿਸ਼ਨੂੰ ਦੀ ਮੂਰਤੀ ਦੀ ਮੁਰੰਮਤ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਆਪਣੀਆਂ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ, ਸੀਜੇਆਈ ਨੇ ਅਦਾਲਤ ਨੂੰ ਕਿਹਾ, "ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕੁਝ ਵੀ ਹੋ ਸਕਦਾ ਹੈ। ਪਰਸੋਂ, ਕਿਸੇ ਨੇ ਮੈਨੂੰ ਕਿਹਾ ਕਿ ਤੁਸੀਂ ਕੁਝ ਅਪਮਾਨਜਨਕ ਕਿਹਾ ਸੀ।"
ਉਨ੍ਹਾਂ ਕਿਹਾ, "ਮੈਂ ਸਾਰੇ ਧਰਮਾਂ ਵਿੱਚ ਵਿਸ਼ਵਾਸ ਰੱਖਦਾ ਹਾਂ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ।"
ਇਸ 'ਤੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇਹ ਵੀ ਕਿਹਾ, "ਮੈਂ ਸੀਜੇਆਈ ਨੂੰ ਪਿਛਲੇ 10 ਸਾਲਾਂ ਤੋਂ ਜਾਣਦਾ ਹਾਂ। ਉਹ ਪੂਰੀ ਸ਼ਰਧਾ ਨਾਲ ਸਾਰੇ ਧਰਮਾਂ ਦੇ ਮੰਦਰਾਂ ਅਤੇ ਧਾਰਮਿਕ ਸਥਾਨਾਂ 'ਤੇ ਜਾਂਦੇ ਹਨ।"
ਇਸ ਦੌਰਾਨ, ਚੀਫ਼ ਜਸਟਿਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਸਿਰਫ਼ ਇਸ ਸੰਦਰਭ ਵਿੱਚ ਸਨ ਕਿ ਮੰਦਰ ਏਐੱਸਆਈ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।
ਹਮਲੇ ਦੀ ਨਿੰਦਾ

ਤਸਵੀਰ ਸਰੋਤ, ANI
ਸੁਪਰੀਮ ਕੋਰਟ ਐਡਵੋਕੇਟਸ-ਆਨ-ਰਿਕਾਰਡ ਐਸੋਸੀਏਸ਼ਨ ਨੇ ਆਪਣੇ ਬਿਆਨ ਵਿੱਚ ਕਿਹਾ, "ਅਸੀਂ ਇੱਕ ਵਕੀਲ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਬੇਰਹਿਮ ਵਿਵਹਾਰ 'ਤੇ ਸਰਬਸੰਮਤੀ ਨਾਲ ਆਪਣੀ ਡੂੰਘੀ ਤਕਲੀਫ਼ ਅਤੇ ਅਸਹਿਮਤੀ ਪ੍ਰਗਟ ਕਰਦੇ ਹਾਂ ਜਿਸ ਵਿੱਚ ਉਸਨੇ ਭਾਰਤ ਦੇ ਮਾਣਯੋਗ ਚੀਫ਼ ਜਸਟਿਸ ਅਤੇ ਉਨ੍ਹਾਂ ਦੇ ਸਾਥੀ ਜੱਜਾਂ ਦੇ ਅਹੁਦੇ ਅਤੇ ਅਧਿਕਾਰ ਦਾ ਨਿਰਾਦਰ ਕਰਨ ਦੀ ਕੋਸ਼ਿਸ਼ ਕੀਤੀ।"
"ਅਜਿਹਾ ਵਿਵਹਾਰ ਬਾਰ ਦੇ ਮੈਂਬਰ ਲਈ ਅਣਉਚਿਤ ਹੈ। ਇਹ ਨਿਆਂਪਾਲਿਕਾ ਅਤੇ ਕਾਨੂੰਨੀ ਪੇਸ਼ੇ ਵਿਚਕਾਰ ਆਪਸੀ ਸਤਿਕਾਰ ਦੀ ਨੀਂਹ ਨੂੰ ਕਮਜ਼ੋਰ ਕਰਦਾ ਹੈ।"
ਐੱਸਸੀਓਏਆਰਏ ਨੇ ਅੱਗੇ ਕਿਹਾ ਕਿ ਇਹ ਮੱਤ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਨੂੰ ਇਸ ਘਟਨਾ ਦਾ ਖੁਦ ਨੋਟਿਸ ਲੈਣਾ ਚਾਹੀਦਾ ਹੈ ਅਤੇ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਇਹ ਸੁਪਰੀਮ ਕੋਰਟ ਦੇ ਅਕਸ ਨੂੰ ਢਾਹ ਲਗਾਉਣ ਅਤੇ ਜਨਤਾ ਦੀਆਂ ਨਜ਼ਰਾਂ ਵਿੱਚ ਇਸਦੀ ਸਾਖ ਨੂੰ ਘਟਾਉਣ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਹੈ।
ਕਾਂਗਰਸ ਦਾ ਕਹਿਣਾ ਹੈ ਕਿ ਇਹ ਸ਼ਰਮਨਾਕ ਹੈ ਕਿ ਨਿਆਂ ਦੇ ਮੰਦਰ ਵਿੱਚ ਅਜਿਹੀ ਘਟਨਾ ਵਾਪਰੀ।
ਉੱਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੈ ਰਾਏ ਨੇ ਏਐੱਨਆਈ ਨੂੰ ਦੱਸਿਆ, "ਲੋਕ ਸੁਪਰੀਮ ਕੋਰਟ ਨੂੰ ਨਿਆਂ ਦਾ ਮੰਦਰ ਮੰਨਦੇ ਹਨ ਅਤੇ ਅਜਿਹੀ ਘਟਨਾ ਸ਼ਰਮ ਦੀ ਗੱਲ ਹੈ।"
"ਕੁਝ ਦਿਨ ਪਹਿਲਾਂ ਹੀ ਚੀਫ਼ ਜਸਟਿਸ ਨੇ ਕਿਹਾ ਸੀ ਕਿ ਇਹ ਦੇਸ਼ ਕਾਨੂੰਨ ਨਾਲ ਚੱਲੇਗਾ, ਬੁਲਡੋਜ਼ਰ ਨਾਲ ਨਹੀਂ। ਇਸ ਲਈ ਮੇਰਾ ਮੰਨਣਾ ਹੈ ਕਿ ਇਹ ਪੂਰੀ ਨਿਆਂਪਾਲਿਕਾ ਦਾ ਅਪਮਾਨ ਹੈ।"
ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਇਸਨੂੰ ਨਿਆਂ ਪ੍ਰਣਾਲੀ 'ਤੇ ਹਮਲਾ ਕਰਾਰ ਦਿੱਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












