ਇੱਕ ਚਿੱਪ ਨੇ ਕਿਵੇਂ ਜੋਤਹੀਣ ਹੋ ਚੁੱਕੇ ਲੋਕਾਂ ਨੂੰ ਮੁੜ ਕਿਵੇਂ ਪੜ੍ਹਨ ਦੇ ਕਾਬਿਲ ਬਣਾ ਦਿੱਤਾ

    • ਲੇਖਕ, ਫਰਗਸ ਵੈਲਸ਼
    • ਰੋਲ, ਬੀਬੀਸੀ ਪੱਤਰਕਾਰ

ਜੋਤਹੀਣ ਲੋਕਾਂ ਦਾ ਇੱਕ ਗਰੁੱਪ ਹੁਣ ਦੁਬਾਰਾ ਪੜ੍ਹ ਸਕਦਾ ਹੈ ਕਿਉਂਕਿ ਉਨ੍ਹਾਂ ਦੀਆਂ ਅੱਖ 'ਤੇ ਜ਼ਿੰਦਗੀ ਬਦਲਣ ਵਾਲੀ ਇੱਕ ਚਿੱਪ ਇਮਪਲਾਂਟ ਕੀਤੀ ਗਈ ਹੈ।

ਲੰਡਨ ਦੇ ਮੂਰਫੀਲਡਜ਼ ਆਈ ਹਸਪਤਾਲ ਵਿੱਚ ਪੰਜ ਮਰੀਜ਼ਾਂ ਵਿੱਚ ਮਾਈਕ੍ਰੋਚਿੱਪ ਲਗਾਉਣ ਵਾਲੇ ਇੱਕ ਸਰਜਨ ਦਾ ਕਹਿਣਾ ਹੈ ਕਿ ਕੌਮਾਂਤਰੀ ਪਰੀਖਣ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ।

70 ਸਾਲਾ, ਸ਼ੈਲਾ ਇਰਵਿਨ ਇੱਕ ਰਜਿਸਟਰਡ ਜੋਤਹੀਣ ਹਨ। ਇਰਵਿਨ ਨੇ ਬੀਬੀਸੀ ਨੂੰ ਦੱਸਿਆ ਕਿ ਦੁਬਾਰਾ ਕ੍ਰਾਸਵਰਡ ਪੜ੍ਹਨ ਅਤੇ ਕਰਨ ਦੇ ਯੋਗ ਹੋਣਾ 'ਬੇਹੱਦ ਹੈਰਾਨੀ ਭਰਿਆ ਹੈ' ।

"ਇਹ ਬਹੁਤ ਖ਼ੂਬਸੂਰਤ ਹੈ, ਸ਼ਾਨਦਾਰ ਹੈ। ਇਹ ਮੈਨੂੰ ਬਹੁਤ ਖੁਸ਼ੀ ਦਿੰਦਾ ਹੈ।"

ਇਹ ਤਕਨੀਕ ਵੱਡੀ ਉਮਰ ਨਾਲ ਜੁੜੀ ਡਰਈ ਮੈਕੂਲਰ ਡੀਜਨਰੇਸ਼ਨ (ਏਐੱਮਜੀ) ਹੈ ਜਿਸ ਨੂੰ ਜੀਓਗ੍ਰੈਫ਼ਿਕ ਐਟ੍ਰੋਫੀ (ਜੀਏ) ਕਿਹਾ ਜਾਂਦਾ ਹੈ। ਇਸ ਨਾਲ ਯੂਕੇ ਵਿੱਚ 250,000 ਤੋਂ ਵੱਧ ਅਤੇ ਦੁਨੀਆ ਭਰ ਵਿੱਚ ਪੰਜਾਹ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹਨ। ਇਹ ਅਜਿਹਾ ਲੋਕਾਂ ਲਈ ਉਮੀਦ ਦੀ ਕਿਰਨ ਹੈ।

ਇਸ ਬਿਮਾਰੀ ਵਾਲੇ ਲੋਕਾਂ ਵਿੱਚ, ਜੋ ਕਿ ਵਧੇਰੇ ਕਰਕੇ ਵੱਡੀ ਉਮਰ ਦੇ ਲੋਕਾਂ ਵਿੱਚ ਹੁੰਦੀ ਹੈ, ਅੱਖ ਦੇ ਪਿਛਲੇ ਪਾਸੇ ਰੈਟਿਨਾ ਦੇ ਇੱਕ ਛੋਟੇ ਜਿਹੇ ਖੇਤਰ ਵਿੱਚ ਸੈੱਲ ਹੌਲੀ-ਹੌਲੀ ਖ਼ਰਾਬ ਹੋ ਜਾਂਦੇ ਹਨ ਅਤੇ ਅੰਤ ਨੂੰ ਮਰ ਜਾਂਦੇ ਹਨ, ਨਤੀਜੇ ਵਜੋਂ ਕੇਂਦਰੀ ਨਿਗ੍ਹਾ ਧੁੰਦਲੀ ਹੋ ਜਾਂਦੀ ਹੈ ਜਾਂ ਵਿਗੜ ਜਾਂਦੀ ਹੈ।

ਅਜਿਹੀ ਸਥਿਤੀ ਵਿੱਚ ਰੰਗ ਅਤੇ ਬਾਰੀਕ ਵੇਰਵੇ ਨਜ਼ਰ ਆਉਣੇ ਅਕਸਰ ਬੰਦ ਹੋ ਜਾਂਦੇ ਹਨ।

ਨਵੀਂ ਪ੍ਰਕਿਰਿਆ ਵਿੱਚ ਰੈਟੀਨਾ ਦੇ ਹੇਠਾਂ ਇੱਕ ਛੋਟੀ ਜਿਹੀ 2 ਐੱਮਐੱਮ ਵਰਗ ਫੋਟੋਵੋਲਟੇਇਕ ਮਾਈਕ੍ਰੋਚਿੱਪ ਪਾਉਣਾ ਸ਼ਾਮਲ ਹੈ, ਜਿਸਦੀ ਮੋਟਾਈ ਮਨੁੱਖੀ ਵਾਲਾਂ ਜਿੰਨੀ ਹੈ।

ਫਿਰ ਮਰੀਜ਼ ਇੱਕ ਬਿਲਟ-ਇਨ ਵੀਡੀਓ ਕੈਮਰੇ ਵਾਲੀਆਂ ਐਨਕਾਂ ਲਗਾਉਂਦੇ ਹਨ। ਕੈਮਰਾ ਅੱਖ ਦੇ ਪਿਛਲੇ ਪਾਸੇ ਇਮਪਲਾਂਟ ਨੂੰ ਵੀਡੀਓ ਚਿੱਤਰਾਂ ਦੀ ਇੱਕ ਇਨਫਰਾਰੈੱਡ ਬੀਮ ਭੇਜਦਾ ਹੈ, ਜੋ ਉਨ੍ਹਾਂ ਨੂੰ ਇੱਕ ਛੋਟੇ ਪੌਕੇਟ ਪ੍ਰੋਸੈਸਰ ਵਿੱਚ ਭੇਜਦਾ ਹੈ ਤਾਂ ਜੋ ਉਨ੍ਹਾਂ ਦਾ ਅਕਾਰ ਵੱਡਾ ਨਜ਼ਰ ਆਵੇ ਅਤੇ ਬਿੰਬ ਨੂੰ ਸਪੱਸ਼ਟ ਦੇਖਿਆ ਜਾ ਸਕੇ।

ਫਿਰ ਤਸਵੀਰਾਂ ਮਰੀਜ਼ ਦੇ ਦਿਮਾਗ ਨੂੰ, ਇਮਪਲਾਂਟ ਅਤੇ ਆਪਟਿਕ ਨਰਵ ਰਾਹੀਂ ਵਾਪਸ ਭੇਜੀਆਂ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਦੁਬਾਰਾ ਕੁਝ ਦ੍ਰਿਸ਼ਟੀ ਮਿਲਦੀ ਹੈ।

ਮਰੀਜ਼ਾਂ ਨੇ ਚਿੱਤਰਾਂ ਨੂੰ ਸਮਝਣਾ ਸਿੱਖਣ ਵਿੱਚ ਕਈ ਮਹੀਨੇ ਬਿਤਾਏ।

ਲੰਡਨ ਦੇ ਮੂਰਫੀਲਡਜ਼ ਆਈ ਹਸਪਤਾਲ ਦੇ ਸਲਾਹਕਾਰ ਨੇਤਰ ਸਰਜਨ ਮਾਹੀ ਮੁਕਿਤ ਨੇ ਇਸ ਟ੍ਰਾਇਲ ਦੀ ਯੂਕੇ ਸ਼ਾਖਾ ਵਿੱਚ ਅਗਵਾਈ ਕੀਤੀ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਇਸ ਖੇਤਰ ਵਿੱਚ ਮੁੱਢਲੀ ਅਤੇ ਜੀਵਨ ਬਦਲਣ ਵਾਲੀ ਤਕਨਾਲੋਜੀ ਸੀ।

"ਇਹ ਪਹਿਲਾ ਇਮਪਲਾਂਟ ਹੈ ਜੋ ਮਰੀਜ਼ਾਂ ਨੂੰ ਸਹੀ ਅਰਥਾਂ ਵਿੱਚ ਦ੍ਰਿਸ਼ਟੀ ਦੇਣ ਦੇ ਕਾਬਲ ਹੋ ਸਕਦਾ ਹੈ, ਜਿਸਨੂੰ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵਰਤ ਸਕਦੇ ਹਨ, ਜਿਵੇਂ ਕਿ ਪੜ੍ਹਨ, ਲਿਖਣ ਲਈ।

ਮੁਕਿਤ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਇਹ ਇੱਕ ਵੱਡੀ ਤਰੱਕੀ ਹੈ।"

ਇਮਪਲਾਂਟ ਤਕਨੀਕ ਕਿਵੇਂ ਕੰਮ ਕਰਦੀ ਹੈ

ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਖੋਜ ਲਈ , ਪੰਜ ਯੂਰਪੀਅਨ ਦੇਸ਼ਾਂ ਵਿੱਚ ਭੂਗੋਲਿਕ ਐਟ੍ਰੋਫੀ ਵਾਲੇ 38 ਮਰੀਜ਼ਾਂ ਨੇ ਪ੍ਰਾਈਮਾ ਇਮਪਲਾਂਟ ਦੇ ਟ੍ਰਾਇਲ ਵਿੱਚ ਹਿੱਸਾ ਲਿਆ।

ਇਹ ਪ੍ਰਾਈਮਾ ਇਮਪਲਾਂਟ ਕੈਲੀਫੋਰਨੀਆ ਬਾਇਓਟੈਕ ਸਾਇੰਸ ਕਾਰਪੋਰੇਸ਼ਨ ਵੱਲੋਂ ਬਣਾਇਆ ਗਿਆ ਹੈ ਜਿਨ੍ਹਾਂ 32 ਮਹੀਜ਼ਾਂ ਵਿੱਚ ਇਸ ਨੂੰ ਇਮਪਲਾਂਟ ਕੀਤਾ ਗਿਆ ਉਨ੍ਹਾਂ ਵਿੱਚੋਂ 27 ਆਪਣੀ ਕੇਂਦਰੀ ਦ੍ਰਿਸ਼ਟੀ ਦੀ ਵਰਤੋਂ ਕਰਕੇ ਦੁਬਾਰਾ ਪੜ੍ਹਨ ਦੇ ਯੋਗ ਸਨ।

ਇੱਕ ਸਾਲ ਬਾਅਦ, 25 ਅੱਖਰਾਂ ਜਾਂ ਪੰਜ ਲਾਈਨਾਂ ਤੱਕ ਪੜ੍ਹ ਸਕਦੇ ਸਨ।

ਵਿਲਟਸ਼ਾਇਰ ਤੋਂ ਇਸ ਪ੍ਰਯੋਗ ਵਿੱਚ ਹਿੱਸਾ ਲੈਣ ਆਏ ਸ਼ੈਲਾ ਲਈ ਇਹ ਪ੍ਰਯੋਗ ਹੋਰ ਵੀ ਨਾਟਕੀ ਨਤੀਜਿਆਂ ਭਰਿਆ ਰਿਹਾ ਹੈ। ਇਮਪਲਾਂਟ ਤੋਂ ਬਿਨ੍ਹਾਂ, ਉਹ ਪੜ੍ਹਨ ਵਿੱਚ ਪੂਰੀ ਤਰ੍ਹਾਂ ਅਸਮਰੱਥ ਸਨ।

ਪਰ ਜਦੋਂ ਅਸੀਂ ਮੂਰਫੀਲਡਜ਼ ਹਸਪਤਾਲ ਵਿੱਚ ਸ਼ੈਲਾ ਨੂੰ ਅੱਖਾਂ ਦਾ ਚਾਰਟ ਪੜ੍ਹਦੇ ਹੋਏ ਫਿਲਮਾਇਆ, ਤਾਂ ਉਨ੍ਹਾਂ ਨੇ ਇੱਕ ਵੀ ਗਲਤੀ ਨਹੀਂ ਕੀਤੀ। ਇਸਨੂੰ ਪੂਰਾ ਕਰਨ ਤੋਂ ਬਾਅਦ, ਉਨ੍ਹਾਂ ਨੇ ਹਵਾ ਵਿੱਚ ਹੱਥ ਫ਼ਹਿਰਾਇਆ ਅਤੇ ਤਾੜੀਆਂ ਮਾਰੀਆਂ।

'ਮੈਂ ਬੇਹੱਦ ਖੁਸ਼ ਹਾਂ'

ਇਸ ਕੰਮ ਲਈ ਬਹੁਤ ਜ਼ਿਆਦਾ ਇਕਾਗਰਤਾ ਦੀ ਲੋੜ ਸੀ।

ਕੈਮਰੇ ਤੋਂ ਫੀਡ ਨੂੰ ਸਥਿਰ ਕਰਨ ਲਈ ਸ਼ੈਲਾ ਨੂੰ ਆਪਣੀ ਠੋਡੀ ਦੇ ਹੇਠਾਂ ਇੱਕ ਸਿਰਹਾਣਾ ਰੱਖਣਾ ਪਿਆ। ਇਸ ਦੇ ਬਾਵਜੂਦ ਉਹ ਇੱਕ ਸਮੇਂ ਵਿੱਚ ਸਿਰਫ਼ ਇੱਕ ਜਾਂ ਦੋ ਅੱਖਰਾਂ 'ਤੇ ਧਿਆਨ ਕੇਂਦਰਿਤ ਕਰ ਸਕਦੇ ਹਨ। ਕੁਝ ਬਿੰਦੂਆਂ 'ਤੇ ਉਨ੍ਹਾਂ ਨੂੰ ਡਿਵਾਈਸ ਨੂੰ ਜ਼ੂਮ ਮੋਡ ਵਿੱਚ ਬਦਲ ਕੇ ਦੇਖਣਾ ਦੀ ਲੋੜ ਪੈਂਦੀ ਸੀ, ਖਾਸ ਕਰਕੇ C (ਸੀ) ਅਤੇ O (ਓ) ਅੱਖਰਾਂ ਵਿੱਚ ਫਰਕ ਕਰਨ ਲਈ।

ਸ਼ੈਲਾ ਨੇ 30 ਸਾਲ ਤੋਂ ਵੱਧ ਸਮਾਂ ਪਹਿਲਾਂ ਆਪਣੀ ਕੇਂਦਰੀ ਦ੍ਰਿਸ਼ਟੀ ਗੁਆਉਣੀ ਸ਼ੁਰੂ ਕਰ ਦਿੱਤੀ ਸੀ, ਕਿਉਂਕਿ ਰੈਟੀਨਾ ਵਿੱਚ ਸੈੱਲਾਂ ਦਾ ਨੁਕਸਾਨ ਹੋ ਗਿਆ ਸੀ।

ਉਹ ਆਪਣੀ ਨਿਗ੍ਹਾ ਬਾਰੇ ਦੱਸਦਿਆਂ ਕਹਿੰਦੇ ਹਨ ਕਿ ਮੇਰੀ ਹਰੇਕ ਅੱਖ ਦੋ ਕਾਲੀਆਂ ਡਿਸਕਾਂ ਵਾਂਗ ਹੈ।

ਸ਼ੈਲਾ ਸਫ਼ੇਦ ਸੋਟੀ ਦੀ ਵਰਤੋਂ ਕਰਕੇ ਘੁੰਮਦੇ ਹਨ ਕਿਉਂਕਿ ਉਨ੍ਹਾਂ ਦੀ ਨਜ਼ਰ ਬਹੁਤ ਹੀ ਸੀਮਤ ਸੀ। ਜਦੋਂ ਉਹ ਬਾਹਰ ਹੁੰਦੇ ਹਨ ਤਾਂ ਉਹ ਵੱਡੇ ਤੋਂ ਵੱਡੇ ਸੜਕੀ ਬੋਰਡ ਵੀ ਨਹੀਂ ਪੜ੍ਹ ਪਾਉਂਦੇ।

ਉਹ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੂੰ ਆਪਣਾ ਡਰਾਈਵਿੰਗ ਲਾਇਸੈਂਸ ਛੱਡਣਾ ਪਿਆ ਸੀ ਉਸ ਸਮੇਂ ਉਹ ਬਹੁਤ ਰੋਏ ਸਨ।

ਪਰ ਤਕਰੀਬਨ ਤਿੰਨ ਸਾਲ ਪਹਿਲਾਂ ਇੱਕ ਇਮਪਲਾਂਟ ਲਗਾਉਣ ਤੋਂ ਬਾਅਦ, ਉਹ ਆਪਣੀ ਤਰੱਕੀ ਤੋਂ ਖੁਸ਼ ਹਨ। ਉਨ੍ਹਾਂ ਦੀ ਤਰ੍ਹਾਂ ਮੂਰਫੀਲਡਜ਼ ਦੀ ਮੈਡੀਕਲ ਟੀਮ ਵੀ ਖ਼ੁਸ਼ ਹੈ।

ਉਹ ਕਹਿੰਦੇ ਹਨ, "ਮੈਂ ਆਪਣੀਆਂ ਪੋਸਟਾਂ, ਕਿਤਾਬਾਂ ਪੜ੍ਹ ਸਕਦੀ ਹਾਂ ਅਤੇ ਕ੍ਰਾਸਵਰਡ ਪਹੇਲੀਆਂ ਅਤੇ ਸੁਡੋਕੁ ਖੇਡ ਸਕਦੀ ਹਾਂ।"

ਜਦੋਂ ਸ਼ੈਲਾ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਕਦੇ ਸੋਚਿਆ ਸੀ ਕਿ ਉਹ ਦੁਬਾਰਾ ਪੜ੍ਹੇ ਸਕਣਗੇ, ਤਾਂ ਸ਼ੈਲਾ ਨੇ ਜਵਾਬ ਦਿੱਤਾ," ਨਹੀਂ!"

ਉਨ੍ਹਾਂ ਕਿਹਾ, "ਇਹ ਬਹੁਤ ਵਧੀਆ ਹੈ। ਮੈਂ ਬੇਹੱਦ ਖੁਸ਼ ਹਾਂ।"

"ਤਕਨੀਕ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ, ਇਹ ਹੈਰਾਨੀਜਨਕ ਹੈ ਕਿ ਮੈਂ ਇਸਦਾ ਹਿੱਸਾ ਹਾਂ।"

ਸ਼ੈਲਾ ਬਾਹਰ ਜਾਣ ਵੇਲੇ ਇਸ ਡਿਵਾਈਸ ਨੂੰ ਨਹੀਂ ਪਹਿਨਦੇ।

ਕੁਝ ਹੱਦ ਤੱਕ, ਇਹ ਇਸ ਲਈ ਹੈ ਕਿਉਂਕਿ ਇਸ ਲਈ ਬਹੁਤ ਜ਼ਿਆਦਾ ਇਕਾਗਰਤਾ ਦੀ ਲੋੜ ਹੁੰਦੀ ਹੈ। ਪੜ੍ਹਨ ਲਈ ਉਨਾਂ ਨੂੰ ਆਪਣੇ ਸਿਰ ਨੂੰ ਬਹੁਤ ਸਥਿਰ ਰੱਖਣਾ ਪੈਂਦਾ ਹੈ। ਉਹ ਇਸ ਡਿਵਾਈਸ 'ਤੇ ਬਹੁਤ ਜ਼ਿਆਦਾ ਨਿਰਭਰ ਵੀ ਨਹੀਂ ਹੋਣਾ ਚਾਹੁੰਦੇ।

ਉਹ ਕਹਿੰਦੇ ਹਨ ਕਿ ਇਸ ਦੀ ਬਜਾਇ, ਉਹ ਹਰ ਰੋਜ਼ ਘਰ ਦੇ ਕੰਮ ਜਲਦੀ ਕਰਦੇ ਹਨ ਅਤੇ ਫਿਰ ਬੈਠ ਕੇ ਖਾਸ ਐਨਕਾਂ ਲਗਾਉਂਦੇ ਹਨ।

ਪ੍ਰਾਈਮਾ ਇਮਪਲਾਂਟ ਨੂੰ ਅਜੇ ਲਾਇਸੈਂਸ ਨਹੀਂ ਮਿਲਿਆ ਹੈ। ਇਸ ਲਈ ਇਹ ਕਲੀਨਿਕਲ ਅਜ਼ਮਾਇਸ਼ਾਂ ਤੋਂ ਬਾਹਰ ਉਪਲੱਬਧ ਨਹੀਂ ਹੈ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਇਸਦੀ ਕੀਮਤ ਕਿੰਨੀ ਹੋ ਸਕਦੀ ਹੈ।

ਮਾਹੀ ਮੁਕਿਤ ਨੇ ਕਿਹਾ ਕਿ ਫ਼ਿਰ ਵੀ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਕੁਝ ਐੱਨਐੱਚਐੱਸ ਮਰੀਜ਼ਾਂ ਲਈ, ਕੁਝ ਸਾਲਾਂ ਦੇ ਅੰਦਰ, ਉਪਲੱਬਧ ਹੋ ਜਾਵੇਗਾ।

ਇਹ ਸੰਭਵ ਹੈ ਕਿ ਇਸ ਤਕਨੀਕ ਦੀ ਵਰਤੋਂ ਭਵਿੱਖ ਵਿੱਚ ਅੱਖਾਂ ਦੀਆਂ ਹੋਰ ਬਿਮਾਰੀਆਂ ਵਾਲੇ ਲੋਕਾਂ ਦੀ ਮਦਦ ਲਈ ਕੀਤੀ ਜਾ ਸਕੇ।

ਮੈਕੂਲਰ ਸੋਸਾਇਟੀ ਦੇ ਖੋਜ ਨਿਰਦੇਸ਼ਕ ਡਾਕਟਰ ਪੀਟਰ ਬਲੂਮਫੀਲਡ ਦਾ ਕਹਿਣਾ ਹੈ ਕਿ ਨਤੀਜੇ ਉਨ੍ਹਾਂ ਲੋਕਾਂ ਲਈ ਉਤਸ਼ਾਹਜਨਕ ਹਨ, ਜਿਨ੍ਹਾਂ ਕੋਲ ਇਸ ਸਮੇਂ ਕੋਈ ਇਲਾਜ ਦਾ ਬਦਲ ਨਹੀਂ ਹਨ।

"ਨਕਲੀ ਦ੍ਰਿਸ਼ਟੀ ਬਹੁਤ ਸਾਰੇ ਲੋਕਾਂ ਨੂੰ ਉਮੀਦ ਦੀ ਕਿਰਨ ਸਾਬਤ ਹੋ ਸਕਦੀ ਹੈ, ਖ਼ਾਸ ਕਰਕੇ ਏਐੱਮਡੀ ਇਲਾਜ ਲਈ ਦੁਨੀਆਂ ਭਰ ਵਿੱਚ ਹੋਈਆਂ ਪਿਛਲੀਆਂ ਖੋਜਾਂ ਤੋਂ ਬਾਅਦ ਹੱਥ ਲੱਗੀ ਨਿਰਾਸ਼ਾ ਤੋਂ ਬਾਅਦ, ਤਾਂ ਇਹ ਇੱਕ ਵੱਡੀ ਰਾਹਤ ਨਜ਼ਰ ਆ ਰਹੀ ਹੈ।"

"ਅਸੀਂ ਹੁਣ ਇਹ ਧਿਆਨ ਨਾਲ ਦੇਖ ਰਹੇ ਹਾਂ ਕਿ ਕੀ ਪ੍ਰਾਈਮਾ ਇਮਪਲਾਂਟ ਨੂੰ ਯੂਕੇ ਵਿੱਚ ਵਰਤੋਂ ਲਈ ਮਨਜ਼ੂਰੀ ਦਿੱਤੀ ਜਾਵੇਗੀ ਅਤੇ ਮਹੱਤਵਪੂਰਨ ਤੌਰ 'ਤੇ ਕੀ ਇਸਨੂੰ ਐੱਨਐੱਚਐੱਸ 'ਤੇ ਉਪਲਬਧ ਕਰਵਾਇਆ ਜਾ ਸਕਦਾ ਹੈ।"

ਇਨ੍ਹਾਂ ਟਰਾਇਲਾਂ ਤੋਂ ਉਨ੍ਹਾਂ ਲੋਕਾਂ ਦੀ ਮਦਦ ਦੀ ਉਮੀਦ ਨਹੀਂ ਕੀਤੀ ਜਾਂਦੀ, ਜਿਨ੍ਹਾਂ ਦੀ ਆਪਟਿਕ ਨਰਵ, ਜੋ ਰੈਟੀਨਾ ਤੋਂ ਦਿਮਾਗ ਨੂੰ ਸੰਕੇਤ ਭੇਜਦੀ ਹੈ, ਕੰਮ ਨਹੀਂ ਕਰਦੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)