ਐਕਸ (ਟਵਿੱਟਰ) ਦੀ ਟੱਕਰ 'ਚ ਆਇਆ ਨਵਾਂ ਐਪ 'ਬਲੂਸਕਾਈ' ਕੀ ਹੈ, ਸੋਸ਼ਲ ਮੀਡੀਆ ’ਤੇ ਤੇਜੀ ਨਾਲ ਕਿਉਂ ਅਪਣਾਇਆ ਜਾ ਰਿਹਾ

ਤਸਵੀਰ ਸਰੋਤ, Getty Images
- ਲੇਖਕ, ਟੌਮ ਗਰਕੇਨ
- ਰੋਲ, ਤਕਨੀਕੀ ਪੱਤਰਕਾਰ
ਹੁਣ ਤੱਕ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਰਾਹੀਂ 'ਬਲੂਸਕਾਈ' ਸ਼ਬਦ ਨੂੰ ਪੜ੍ਹ ਜਾਂ ਸੁਣ ਲਿਆ ਹੋਵੇਗਾ। ਬਹੁਤ ਸਾਰੇ ਲੋਕ ਇਸ ਬਾਰੇ ਗੱਲ ਵੀ ਕਰ ਰਹੇ ਹਨ।
ਸੋਸ਼ਲ ਮੀਡਿਆ ਦੇ ਬਾਜ਼ਾਰ 'ਚ ਆਇਆ ਇਹ ਨਵਾਂ ਐਪ, ਐਲਨ ਮਸਕ ਦੇ 'ਐਕਸ' ਪਲੇਟਫਾਰਮ ਵਰਗਾ ਹੀ ਦਿਖਾਈ ਦਿੰਦਾ ਹੈ।
ਬਲੂਸਕਾਈ ਐਪ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਮਹਿਜ਼ ਇੱਕ ਦਿਨ 'ਚ ਤਕਰੀਬਨ10 ਲੱਖ ਨਵੇਂ ਲੋਕਾਂ ਨੇ ਇਸ 'ਤੇ ਸਾਈਨ-ਅੱਪ ਕੀਤਾ ਹੈ।
ਇਹ ਖ਼ਬਰ ਲਿਖੇ ਜਾਣ ਦੇ ਸਮੇਂ ਇਸਦੇ 1.67 ਕਰੋੜ ਉਪਭੋਗਤਾ ਸਨ, ਪਰ ਤੁਹਾਡੇ ਪੜ੍ਹੇ ਜਾਣ ਤੱਕ ਇਹ ਅੰਕੜਾ ਸੰਭਾਵਿਤ ਤੌਰ 'ਤੇ ਵੱਧ ਜਾਵੇਗਾ।
ਜਾਣਦੇ ਹਾਂ ਕਿ ਕੀ ਹੈ ਬਲੂਸਕਾਈ ਅਤੇ ਇੰਨੇ ਸਾਰੇ ਲੋਕ ਇਸ ਨਾਲ ਕਿਉਂ ਜੁੜ ਰਹੇ ਹਨ?

ਬਲੂਸਕਾਈ ਕੀ ਹੈ ?
ਬਲੂਸਕਾਈ ਆਪਣਾ ਵਰਣਨ "ਜਿਵੇਂ ਸੋਸ਼ਲ ਮੀਡੀਆ ਨੂੰ ਹੋਣਾ ਚਾਹੀਦਾ ਹੈ" ਵਜੋਂ ਕਰਦਾ ਹੈ, ਹਾਲਾਂਕਿ ਇਹ ਹੋਰ ਬਾਕੀ ਸਾਈਟਾਂ ਦੇ ਵਰਗਾ ਹੀ ਦਿਖਾਈ ਦਿੰਦਾ ਹੈ।
ਦੇਖਣ ਨੂੰ, ਐਪ ਦੇ ਖੱਬੇ ਪਾਸੇ ਇੱਕ ਪੱਟੀ ’ਤੇ ਉਹ ਸਭ ਕੁਝ ਦਿੱਸਦਾ ਹੈ ਜਿਸਦੀ ਤੁਸੀਂ ਉਮੀਦ ਕਰ ਸਕਦੇ ਹੋ ਯਾਨੀ ਕਿ ਸਰਚ, ਸੂਚਨਾਵਾਂ, ਇੱਕ ਹੋਮਪੇਜ ਅਤੇ ਹੋਰ ਅਜਿਹੇ ਆਮ ਵਿਕਲਪ।
ਪਲੇਟਫਾਰਮ ਦੀ ਵਰਤੋਂ ਕਰਨ ਵਾਲੇ ਲੋਕ ਆਪਣੀਆਂ ਮਨਪਸੰਦ ਚੀਜ਼ਾਂ ਨੂੰ ਪੋਸਟ ਕਰ ਸਕਦੇ ਹਨ, ਟਿੱਪਣੀ ਦੇ ਸਕਦੇ ਹਨ, ਦੁਬਾਰਾ ਪੋਸਟ ਅਤੇ ਪਸੰਦ ਕਰ ਸਕਦੇ ਹਨ।
ਕਿਹਾ ਜਾ ਸਕਦਾ ਹੈ ਕਿ ਇਹ ਦੇਖਣ ਨੂੰ ਐਕਸ, ਜੋ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ, ਵਰਗਾ ਹੀ ਲੱਗਦਾ ਹੈ।
ਮੁੱਖ ਫ਼ਰਕ ਇਹ ਹੈ ਕਿ ਬਲੂਸਕਾਈ ਡੀਸੈਂਟ੍ਰਲਾਇਜ਼ਡ ਯਾਨੀ ਵਿਕੇਂਦਰੀਕ੍ਰਿਤ ਹੈ। ਵਿਕੇਂਦਰੀਕ੍ਰਿਤ -ਇੱਕ ਗੁੰਝਲਦਾਰ ਸ਼ਬਦ ਹੈ, ਜਿਸਦਾ ਅਸਲ ਵਿੱਚ ਮਤਲਬ ਹੈ ਕਿ ਉਪਭੋਗਤਾ ਕੰਪਨੀ ਦੀ ਮਲਕੀਅਤ ਵਾਲੇ ਸਰਵਰਾਂ ਤੋਂ ਇਲਾਵਾ ਆਪਣੇ ਡਾਟਾ ਨੂੰ ਨਿੱਜੀ ਤੌਰ 'ਤੇ ਹੋਸਟ ਕਰ ਸਕਦੇ ਹਨ।

ਤਸਵੀਰ ਸਰੋਤ, Bluesky
ਇਸਦਾ ਮਤਲਬ ਹੈ ਕਿ ਬਲੂਸਕਾਈ ਦੇ ਨਾਮ 'ਤੇ ਇੱਕ ਖ਼ਾਸ ਖਾਤਾ ਰੱਖਣ ਤੱਕ ਸੀਮਿਤ ਹੋਣ ਦੀ ਬਜਾਇ, ਲੋਕ (ਜੇ ਉਹ ਚਾਹੁੰਦੇ ਹਨ) ਉਨ੍ਹਾਂ ਦੇ ਆਪਣੇ ਖਾਤੇ ਦੀ ਵਰਤੋਂ ਕਰਕੇ ਸਾਈਨ ਅੱਪ ਕਰ ਸਕਦੇ ਹਨ।
ਬਲੂਸਕਾਈ ਦਾ ਮਾਲਕ ਕੌਣ ਹੈ?
ਜੇਕਰ ਤੁਹਾਨੂੰ ਲੱਗਦਾ ਹੈ ਕਿ ਬਲੂਸਕਾਈ ਐਕਸ ਵਰਗਾ ਲੱਗਦਾ ਹੈ, ਤਾਂ ਇਹ ਬਹੁਤ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ।
ਕਿਉਂਕਿ ਇਸਨੂੰ ਟਵਿੱਟਰ ਦੇ ਸਾਬਕਾ ਮੁਖੀ ਜੈਕ ਡੋਰਸੀ ਨੇ ਹੀ ਬਣਾਇਆ ਹੈ।
ਉਨ੍ਹਾਂ ਨੇ ਇੱਕ ਵਾਰ ਇਹ ਵੀ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਬਲੂਸਕਾਈ ਟਵਿੱਟਰ ਦਾ ਇੱਕ ਵਿਕੇਂਦਰੀਕ੍ਰਿਤ ਸੰਸਕਰਣ ਹੋਵੇ ਜਿਸਦਾ ਕੋਈ ਇੱਕ ਵਿਅਕਤੀ ਜਾਂ ਸੰਸਥਾ ਮਲਿਕ ਨਾ ਹੋਵੇ।
ਪਰ ਡੋਰਸੀ ਹੁਣ ਇਸ ਦੇ ਪਿੱਛੇ ਟੀਮ ਦਾ ਹਿੱਸਾ ਨਹੀਂ ਹਨ, ਉਨ੍ਹਾਂ ਨੇ ਮਈ 2024 ਵਿੱਚ ਬੋਰਡ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਉਨ੍ਹਾਂ ਸਤੰਬਰ ਵਿੱਚ ਆਪਣਾ ਖਾਤਾ ਵੀ ਡਿਲੀਟ ਕਰ ਦਿੱਤਾ ਸੀ।
ਇਹ ਹੁਣ ਯੂਐੱਸ ਪਬਲਿਕ ਬੈਨੀਫਿਟ ਕਾਰਪੋਰੇਸ਼ਨ ਦੇ ਮੁੱਖ ਕਾਰਜਕਾਰੀ ਜੈ ਗ੍ਰੇਬਰ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਹੀ ਮੁੱਖ ਮਲਕੀਅਤ ਹੈ।

ਤਸਵੀਰ ਸਰੋਤ, Getty Images
ਇੰਨੀ ਪ੍ਰਸਿੱਧੀ ਕਿਉਂ?
ਬਲੂਸਕਾਈ ਤਕਰੀਬਨ 2019 ਤੋਂ ਮੌਜੂਦ ਹੈ, ਪਰ ਆਮ ਲੋਕਾਂ ਲਈ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦਾ ਸਮਾਂ ਇਸ ਦੇ ਡਿਵੈਲਪਰਾਂ ਲਈ ਸੀ।
ਇਹ ਡਿਵੈਲਪਰਾਂ ਨੂੰ ਪਰਦੇ ਦੇ ਪਿੱਛੇ ਦੀਆਂ ਸਾਰੀਆਂ ਸਮੱਸਿਆਵਾਂ ਨਾਲ ਨਜਿੱਠਣ ਦਾ ਸਮਾਂ ਦਿੰਦਾ ਹੈ।
ਕੁਝ ਹੱਦ ਤੱਕ ਇਹ ਪਲਾਨ ਕੰਮ ਵੀ ਕੀਤਾ ਹੈ।
ਪਰ ਨਵੰਬਰ ਵਿੱਚ ਨਵੇਂ ਉਪਭੋਗਤਾਵਾਂ ਦੀ ਗਿਣਤੀ ਇੰਨੀ ਵੱਡੀ ਰਹੀ ਹੈ ਕਿ ਆਊਟੇਜ ਨਾਲ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ।
ਇਹ ਕੋਈ ਇਤਫ਼ਾਕ ਨਹੀਂ ਹੈ ਕਿ ਨਵੰਬਰ ਵਿੱਚ ਅਮਰੀਕੀ ਚੋਣਾਂ ਵਿੱਚ ਡੋਨਲਡ ਟਰੰਪ ਦੀ ਸਫਲਤਾ ਤੋਂ ਬਾਅਦ ਨਵੇਂ ਬਲੂਸਕਾਈ ਉਪਭੋਗਤਾਵਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।

ਤਸਵੀਰ ਸਰੋਤ, Bluesky
ਐਕਸ ਦੇ ਮਾਲਕ, ਈਲੋਨ ਮਸਕ, ਆਪਣੀ ਮੁਹਿੰਮ ਦੌਰਾਨ ਟਰੰਪ ਦੇ ਇੱਕ ਵੱਡੇ ਸਮਰਥਕ ਰਹੇ ਹਨ ਅਤੇ ਹੁਣ ਉਨ੍ਹਾਂ ਦੇ ਪ੍ਰਸ਼ਾਸਨ ਦਾ ਵੀ ਅਹਿਮ ਹਿੱਸਾ ਹਨ।
ਲਾਜ਼ਮੀ ਤੌਰ 'ਤੇ, ਇਸ ਨਾਲ ਇੱਕ ਸਿਆਸੀ ਵੰਡ ਹੋ ਗਈ ਹੈ, ਕੁਝ ਲੋਕਾਂ ਨੇ ਵਿਰੋਧ ਵਿੱਚ ਐਕਸ ਨੂੰ ਛੱਡ ਦਿੱਤਾ ਹੈ ਪਰ ਕੁਝ ਹੋਰ ਹਵਾਲੇ ਵੀ ਮੌਜੂਦ ਹਨ।
ਗਾਰਡੀਅਨ ਅਖਬਾਰ ਨੇ ਚੁਣਿਆ ਹੈ ਕਿ ਉਹ ਐਕਸ ’ਤੇ ਪੋਸਟ ਨਹੀਂ ਕਰਨਗੇ, ਉਹਨਾਂ ਨੇ ਇਸ ਨੂੰ ‘ਇੱਕ ਜ਼ਹਿਰੀਲਾ ਮੀਡੀਆ ਪਲੇਟਫਾਰਮ’ ਦੱਸਿਆ ਹੈ।
ਇਸ ਦੌਰਾਨ, ਬਲੂਸਕਾਈ ਦੀ ਐਪ ਦੁਨੀਆ ਭਰ ਵਿੱਚ ਵੱਡੇ ਪੱਧਰ ’ਤੇ ਡਾਉਨਲੋਡ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਯੂਕੇ ਵਿੱਚ ਐਪਲ ਐਪ ਸਟੋਰ ’ਤੇ ਮੁਫ਼ਤ ਡਾਉਨਲੋਡ ਕੀਤੀਆਂ ਜਾਣ ਵਾਲੀਆਂ ਐਪਸ ਵਿੱਚ ਸਭ ਤੋਂ ਪਹਿਲੇ ਨੰਬਰ ’ਤੇ ਸੀ।
ਪੌਪ ਗਾਇਕ ਲਿਜ਼ੋ ਤੋਂ ਲੈ ਕੇ ਟਾਸਕਮਾਸਟਰ ਦੇ ਗ੍ਰੇਗ ਡੇਵਿਸ ਤੱਕ, ਕਈ ਮਸ਼ਹੂਰ ਹਸਤੀਆਂ ਨੇ ਐਲਾਨ ਕੀਤਾ ਹੈ ਕਿ ਉਹ ਇਸ ਪਲੇਟਫਾਰਮ ਦਾ ਹਿੱਸਾ ਬਣ ਰਹੇ ਹਨ। ਕਈਆਂ ਨੇ ਐਕਸ ਬਾਰੇ ਕਿਹਾ ਕਿ ਉਹ ਇਸ ਦੀ ਸੀਮਤ ਕਰ ਰਹੇ ਹਨ ਜਾਂ ਕੁਝ ਨੇ ਐਕਸ ਨੂੰ ਪੂਰੀ ਤਰ੍ਹਾਂ ਛੱਡਣ ਦਾ ਐਲਾਨ ਕੀਤਾ ਹੈ।
ਬਲੂਸਕਾਈ ਦੀ ਵਰਤੋਂ ਸ਼ੁਰੂ ਕਰਨ ਵਾਲੀਆਂ ਕੁਝ ਹੋਰ ਮਸ਼ਹੂਰ ਹਸਤੀਆਂ ਵਿੱਚ ਬੈਨ ਸਟੀਲਰ, ਜੈਮੀ ਲੀ ਕਰਟਿਸ ਅਤੇ ਪੈਟਨ ਓਸਵਾਲਟ ਸ਼ਾਮਲ ਹਨ।
ਪਰ ਇਹ ਵਾਧਾ ਅਹਿਮ ਹੈ, ਪਰ ਬਲੂਸਕਾਈ ਨੂੰ ਆਪਣੇ ਮਾਈਕ੍ਰੋਬਲਾਗਿੰਗ ਵਿਰੋਧੀ ਨੂੰ ਇੱਕ ਵੱਡੀ ਚੁਣੌਤੀ ਦੇਣ ਦੇ ਯੋਗ ਹੋਣ ਲਈ ਲੰਬੇ ਸਮੇਂ ਤੱਕ ਆਪਣੀ ਇਹ ਰਫ਼ਤਾਰ ਜਾਰੀ ਰੱਖਣੀ ਪਵੇਗੀ।
ਐਕਸ ਆਪਣੇ ਕੁੱਲ ਉਪਭੋਗਤਾਵਾਂ ਦੀ ਗਿਣਤੀ ਨੂੰ ਸਾਂਝਾ ਨਹੀਂ ਕਰਦਾ ਹੈ ਪਰ ਇਸਨੂੰ ਅਰਬਾਂ ਵਿੱਚ ਮੰਨਿਆ ਜਾਂਦਾ ਹੈ, ਈਲੋਨ ਮਸਕ ਨੇ ਪਹਿਲਾਂ ਕਿਹਾ ਸੀ ਕਿ ਪਲੇਟਫਾਰਮ ਦੀ ਹਰ ਰੋਜ਼ 250 ਮਿਲੀਅਨ ਉਪਭੋਗਤਾ ਵਰਤੋਂ ਕਰਦੇ ਹਨ।

ਤਸਵੀਰ ਸਰੋਤ, Getty Images
ਬਲੂਸਕਾਈ ਪੈਸਾ ਕਿਵੇਂ ਕਮਾਉਂਦਾ ਹੈ?
ਬਲੂਸਕਾਈ ਨੇ ਨਿਵੇਸ਼ਕਾਂ ਅਤੇ ਉੱਦਮ ਪੂੰਜੀ ਫਰਮਾਂ ਤੋਂ ਫੰਡਿੰਗ ਨਾਲ ਸ਼ੁਰੂਆਤ ਕੀਤੀ ਹੈ ਅਤੇ ਇਨ੍ਹਾਂ ਸਾਧਨਾਂ ਰਾਹੀਂ ਲੱਖਾਂ ਡਾਲਰ ਇਕੱਠੇ ਕੀਤੇ ਹਨ।
ਪਰ ਬਹੁਤ ਸਾਰੇ ਨਵੇਂ ਉਪਭੋਗਤਾਵਾਂ ਦੇ ਨਾਲ, ਇਸ ਨੂੰ ਬਿੱਲਾਂ ਦਾ ਭੁਗਤਾਨ ਕਰਨ ਦਾ ਤਰੀਕਾ ਲੱਭਣਾ ਪਵੇਗਾ।
ਟਵਿੱਟਰ ਨੇ ਆਪਣੇ ਸਿਖ਼ਰ ਦੇ ਦਿਨਾਂ ਵਿੱਚ, ਸਾਈਟ ’ਤੇ ਇਸ਼ਤਿਹਾਰਾਂ ਰਾਹੀਂ ਆਪਣਾ ਬਹੁਤ ਸਾਰਾ ਪੈਸਾ ਕਮਾਇਆ ਸੀ।
ਬਲੂਸਕਾਈ ਨੇ ਕਿਹਾ ਹੈ ਕਿ ਉਹ ਇਸ ਤੋਂ ਬਚਣਾ ਚਾਹੁੰਦਾ ਹੈ। ਇਸ ਦੀ ਬਜਾਇ, ਇਸ ਨੇ ਕਿਹਾ ਕਿ ਇਹ ਅਦਾਇਗੀ ਸੇਵਾਵਾਂ ਦੀ ਭਾਲ ਕਰਨਾ ਜਾਰੀ ਰੱਖੇਗਾ, ਜਿਵੇਂ ਕਿ ਲੋਕਾਂ ਨੂੰ ਆਪਣੇ ਉਪਭੋਗਤਾ ਨਾਮ ਵਿੱਚ ਕਸਟਮ ਡੋਮੇਨਾਂ ਲਈ ਭੁਗਤਾਨ ਕਰਨਾ।
ਇਹ ਗੁੰਝਲਦਾਰ ਜਾਪਦਾ ਹੈ ਪਰ ਇਹ ਮੂਲ ਰੂਪ ਵਿੱਚ ਇੱਕ ਵਿਅਕਤੀ ਦੇ ਉਪਭੋਗਤਾ ਨਾਮ ਨੂੰ ਹੋਰ ਵੀ ਵਿਅਕਤੀਗਤ ਬਣਾਉਣ ਦੀ ਗੱਲ ਕਰਦਾ ਹੈ।
ਉਦਾਹਰਨ ਲਈ, ਇਸਦਾ ਅਰਥ ਹੋ ਸਕਦਾ ਹੈ ਕਿ ਮੇਰਾ ਉਪਭੋਗਤਾ ਨਾਮ - @twgerken.bsky.social ਹੈ ਭਵਿੱਖ ਵਿੱਚ ਵਧੇਰੇ ਅਧਿਕਾਰਤ-ਸੁਰ ਵਾਲਾ ਹੋ ਸਕਦਾ ਹੈ, ਜਿਵੇਂ ਕਿ @twgerken.bbc.co.uk।
ਇਸ ਵਿਚਾਰ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਤਸਦੀਕ ਦੇ ਇੱਕ ਰੂਪ ਵਜੋਂ ਜਾਣਿਆ ਜਾ ਸਕਦਾ ਹੈ ਕਿਉਂਕਿ ਵੈਬਸਾਈਟ ਦੀ ਮਾਲਕੀ ਵਾਲੀ ਸੰਸਥਾ ਨੂੰ ਇਸਦੀ ਵਰਤੋਂ ਨੂੰ ਸਪੱਸ਼ਟ ਕਰਨਾ ਪਵੇਗਾ।
ਜੇਕਰ ਬਲੂਸਕਾਈ ਦੇ ਮਾਲਕ ਇਸ਼ਤਿਹਾਰਬਾਜ਼ੀ ਤੋਂ ਬਚਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਲਾਜ਼ਮੀ ਤੌਰ 'ਤੇ ਇਸ ਚਾਲੂ ਰੱਖਣ ਦੇ ਤਰੀਕੇ ਵਜੋਂ ਗਾਹਕਾਂ ਲਈ ਦਿੱਤੇ ਜਾਂਦੇ ਹੋਰ ਵਿਆਪਕ ਵਿਕਲਪਾਂ ਵੱਲ ਧਿਆਨ ਦੇਣਾ ਪੈ ਸਕਦਾ ਹੈ।
ਪਰ ਜੇ ਇਹ ਬਹੁਤ ਜ਼ਿਆਦਾ ਪੈਸਾ ਨਹੀਂ ਕਮਾਉਂਦੇ, ਤਾਂ ਇਹ ਕਿਸੇ ਤਕਨੀਕੀ ਸ਼ੁਰੂਆਤ ਲਈ ਬਹੁਤਾ ਲਾਹੇਵੰਦ ਨਹੀਂ ਹੈ।
ਦਰਅਸਲ, 2022 ਵਿੱਚ ਮਸਕ ਵੱਲੋਂ ਖਰੀਦੇ ਜਾਣ ਤੋਂ ਪਹਿਲਾਂ ਟਵਿੱਟਰ ਨੇ ਜੇ ਵਪਾਰ ਦੀ ਗੱਲ ਕਰੀਏ ਤਾਂ ਆਪਣੇ ਅੱਠ ਸਾਲਾਂ ਵਿੱਚ ਸਿਰਫ ਦੋ ਵਾਰ ਮੁਨਾਫਾ ਕਮਾਇਆ ਸੀ।
ਅਸੀਂ ਸਾਰੇ ਜਾਣਦੇ ਹਾਂ ਕਿ ਇਹ ਕਿਵੇਂ ਖ਼ਤਮ ਹੋਇਆ ਸੀ। ਜਦੋਂ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਨੇ ਇਸ ਨੂੰ 44 ਬਿਲੀਅਨ ਡਾਲਰਾਂ ਵਿੱਚ ਖਰੀਦਿਆ ਅਤੇ ਟਵਿੱਟ ਨੇ ਨਿਵੇਸ਼ਕਾਂ ਦੇ ਪੈਸਿਆਂ ਦਾ ਭੁਗਤਾਨ ਕੀਤਾ।
ਫਿਲਹਾਲ, ਬਲੂਸਕਾਈ ਦਾ ਭਵਿੱਖ ਅਸਪੱਸ਼ਟ ਹੈ, ਪਰ ਜੇ ਇਸਦਾ ਵਾਧਾ ਜਾਰੀ ਰਹਿੰਦਾ ਹੈ, ਤਾਂ ਕੁਝ ਵੀ ਸੰਭਵ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












