You’re viewing a text-only version of this website that uses less data. View the main version of the website including all images and videos.
ਖ਼ਤਰਨਾਕ ਖਣਿਜ ਜਿਸ ਨੂੰ ਕਦੇ ‘ਜਾਦੂਈ’ ਕਿਹਾ , ਕਦੇ ਹਥਿਆਰ ਬਣਿਆ, ਅੱਗ ਵੀ ਜਿਸ ਅੱਗੇ ਬੇਅਸਰ ਹੈ
- ਲੇਖਕ, ਜ਼ਾਰੀਆ ਗਾਰਵੇਟ
- ਰੋਲ, ਬੀਬੀਸੀ ਫਿਊਚਰ
ਲੰਡਨ ’ਚ ਨੈਚੁਰਲ ਹਿਸਟਰੀ ਮਿਊਜ਼ੀਅਮ ਦੇ ਇੱਕ ਹਿੱਸੇ ਨੂੰ ਮਿਨਰਲ ਗੈਲਰੀ ਵੱਜੋਂ ਜਾਣਿਆ ਜਾਂਦਾ ਹੈ।
ਇਸ ਦੇ ਉੱਕਰੇ ਹੋਏ ਥੰਮ੍ਹਾਂ ਅਤੇ ਵੱਡੀਆਂ ਖਿੜਕੀਆਂ ਦੇ ਵਿਚਕਾਰ ਓਕ ਦੀ ਲੱਕੜ ਦਾ ਇੱਕ ਸ਼ੋਅਕੇਸ ਹੈ।
ਇਸ ਕੇਸ ਦੇ ਅੰਦਰ ਪਲਾਸਟਿਕ ਦਾ ਇੱਕ ਪਾਰਦਰਸ਼ੀ ਡੱਬਾ ਹੈ, ਜਿਸ ’ਤੇ ਇੱਕ ਚੇਤਾਵਨੀ ਲਿਖੀ ਹੋਈ ਹੈ- ‘ਡੂ ਨਾਟ ਓਪਨ’ ਭਾਵ ਇਸ ਨੂੰ ਨਾ ਖੋਲ੍ਹੋ।
ਇਸ ਡੱਬੇ ’ਚ ਰੱਖੀ ਚੀਜ਼ ਇੱਕ ਅਜਿਹੇ ਸਲੇਟੀ ਰੰਗ ਦੀ ਗੇਂਦ ਵਰਗੀ ਲੱਗਦੀ ਹੈ, ਜਿਵੇਂ ਕਿ ਤੁਹਾਡੇ ਕੱਪੜੇ ਦੇ ਡਰਾਇਰ ’ਚ ਚਿਪਕੇ ਹੋਏ ਧਾਗੇ ਦੇ ਰੇਸ਼ੇ ਜਾਂ ਇੰਝ ਜਿਵੇਂ ਕਿ ਕਿਸੇ ਉੱਲੂ ਨੇ ਆਪਣਾ ਭੋਜਨ ਉਗਲ ਦਿੱਤਾ ਹੋਵੇ।
ਅਜਿਹਾ ਲੱਗਦਾ ਹੈ ਕਿ ਜਿਵੇਂ ਇਸ ਨੂੰ ਗਲਤੀ ਨਾਲ ਇਸ ਸ਼ੋਅਕੇਸ ’ਚ ਰੱਖ ਦਿੱਤਾ ਹੋਵੇ।
ਪਰ ਇਸ ਕਲਾਕ੍ਰਿਤੀ ਨੂੰ ਬਹੁਤ ਹੀ ਸਾਵਧਾਨੀ ਨਾਲ ਇਸ ਡੱਬੇ ’ਚ ਇਸ ਤਰ੍ਹਾਂ ਸੀਲ ਕਰਕੇ ਰੱਖਿਆ ਗਿਆ ਹੈ ਕਿ ਇਸ ਨਾਲ ਇੱਥੇ ਆਉਣ ਵਾਲਿਆਂ ਨੂੰ ਕੋਈ ਖ਼ਤਰਾ ਨਾ ਹੋਵੇ, ਕਿਉਂਕਿ ਇਹ ਬਹੁਤ ਹੀ ਘਾਤਕ ਚੀਜ਼ ਹੈ।
ਇਹ ਇੱਕ ਐਸਬੇਸਟੋਸ ਪਰਸ ਹੈ।
ਦਿਲਚਸਪ ਗੱਲ ਇਹ ਹੈ ਕਿ ਇਹ ਪੀਲੀ ਅਤੇ ਟੇਢੀ-ਮੇਢੀ ਵਿਖਾਈ ਦੇਣ ਵਾਲੀ ਚੀਜ਼ ਕਦੇ ਅਮਰੀਕਾ ਦੇ ਸੰਸਥਾਪਕ ਬੈਂਜਾਮਿਨ ਫਰੈਂਕਲਿਨ ਦੀ ਸੀ।
ਬਹੁਤ ਸਾਲ ਪਹਿਲਾਂ ਤੱਕ ਐਸਬੇਸਟੋਸ ਨੂੰ ਖ਼ਤਰੇ ਦੇ ਰੂਪ ’ਚ ਨਹੀਂ ਵੇਖਿਆ ਜਾਂਦਾ ਸੀ, ਜਿਵੇਂ ਕਿ ਮੌਜੂਦਾ ਸਮੇਂ ਵੱਡੇ ਦੁਖਾਂਤ ਅਤੇ ਘੁਟਾਲਿਆਂ ਨਾਲ ਜੁੜੇ ਇਸ ਸ਼ਬਦ ਨੂੰ ਬਹੁਤ ਹੀ ਹੌਲੀ ਬੋਲਿਆ ਜਾਂਦਾ ਹੈ।
ਪਹਿਲਾਂ ਇਸ ਨੂੰ ਬਹੁਤ ਹੀ ਆਕਰਸ਼ਕ ਗੁਣਾਂ ਵਾਲਾ, ਰੋਮਾਂਚਕਾਰੀ ਅਤੇ ਚਮਤਕਾਰੀ ਮੰਨਿਆ ਜਾਂਦਾ ਸੀ।
ਇਸ ਨੂੰ ਪੁਰਾਣੇ ਸਮਿਆਂ ਵਿੱਚ ਇੱਕ ਜਾਦੂਈ ਖਣਿਜ ਵਜੋਂ ਜਾਣਿਆ ਜਾਂਦਾ ਸੀ ਇੱਕ ਸਮਾਂ ਸੀ ਜਦੋਂ ਇਸ ਨੂੰ ਰਾਜੇ-ਮਹਾਰਾਜਿਆਂ ਦੇ ਕੱਪੜੇ ’ਚ ਬੁਣਿਆ ਜਾਂਦਾ ਸੀ, ਪਾਰਟੀਆਂ ’ਚ ਟ੍ਰਿਕਸ ਦੇ ਲਈ ਵਰਤਿਆ ਜਾਂਦਾ ਸੀ।
18ਵੀਂ ਸਦੀ ਦੇ ਇੱਕ ਦਾਰਸ਼ਨਿਕ ਹਰ ਰਾਤ ਇਸ ਨਾਲ ਬਣੀ ਟੋਪੀ ਨੂੰ ਪਾ ਕੇ ਸੌਂਦੇ ਸਨ।
1725 ’ਚ ਬੈਂਜਾਮਿਨ ਫਰੈਂਕਲਿਨ ਓਨੇ ਵੱਡੇ ਜਾਣਕਾਰ ਅਤੇ ਸਿਆਸਤਦਾਨ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੂੰ ਮੌਜੂਦਾ ਸਮੇਂ ਯਾਦ ਕੀਤਾ ਜਾਂਦਾ ਹੈ।
ਉਸ ਸਮੇਂ ਉਹ ਪੈਸਿਆਂ ਦੀ ਤੰਗੀ ਝੱਲ ਰਹੇ ਇੱਕ 19 ਸਾਲਾਂ ਦੇ ਨੌਜਵਾਨ ਸਨ, ਜਿਨ੍ਹਾਂ ਨੂੰ ਇੱਕ ਬੇਇਮਾਨ ਮਾਲਕ ਨੇ ਲੰਡਨ ’ਚ ਬੇਸਹਾਰਾ ਛੱਡ ਦਿੱਤਾ ਸੀ।
ਖੁਸ਼ਕਿਸਮਤੀ ਨਾਲ ਇਹ ਨੌਜਵਾਨ ਇੱਕ ਪ੍ਰਿੰਟਿੰਗ ਦੀ ਦੁਕਾਨ ’ਚ ਨਵੀਂ ਨੌਕਰੀ ਹਾਸਲ ਕਰਨ ’ਚ ਸਫਲ ਰਿਹਾ, ਪਰ ਉਸ ਨੂੰ ਕੁਝ ਵਾਧੂ ਫੰਡ ਇੱਕਠੇ ਕਰਨ ਲਈ ਇੱਕ ਫੌਰੀ ਜੁਗਾੜ ਜਾਂ ਹੱਲ ਦੀ ਲੋੜ ਸੀ।
ਇੱਕ ਦਿਨ ਫਰੈਂਕਲਿਨ ਨੂੰ ਵਿਚਾਰ ਆਇਆ ਕਿ ਉਹ ਕੁਲੈਕਟਰ ਅਤੇ ਨੈਚੁਰਲਿਸਟ ਹੈਂਸ ਸਲੋਏਨ ਨੂੰ ਪੱਤਰ ਲਿਖਣ ਕਿ ਉਹ ਅਟਲਾਂਟਿਕ ਦੇ ਨੇੜੇ-ਤੇੜੇ ਤੋਂ ਕਈ ਦਿਲਚਸਪ ਚੀਜ਼ਾਂ ਲੈ ਕੇ ਆਏ ਹਨ, ਜਿਨ੍ਹਾਂ ’ਚ ਉਨ੍ਹਾਂ ਦੀ ਦਿਲਚਸਪੀ ਹੋ ਸਕਦੀ ਹੈ।
ਉਹਨਾਂ ’ਚੋਂ ਇੱਕ ਸੀ ਐਸਬੇਸਟੋਸ- ਇਹ ਉਹ ਚੀਜ਼ ਸੀ ਜਿਸ ’ਤੇ ਕਿ ਅੱਗ ਦਾ ਅਸਰ ਨਹੀਂ ਹੁੰਦਾ ਸੀ ਅਤੇ ਇਸ ਦੇ ਗੰਦਾ ਹੋਣ ਦੀ ਸੂਰਤ ’ਚ ਅੱਗ ਦੀਆਂ ਲਾਟਾਂ ਨਾਲ ਇਸ ਨੂੰ ਸਾਫ਼ ਕੀਤਾ ਜਾ ਸਕਦਾ ਸੀ।
ਸਲੋਏਨ ਨੇ ਤੁਰੰਤ ਹੀ ਫਰੈਂਕਲਿਨ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ ਅਤੇ ਉਸ ਜ਼ਹਿਰੀਲੀ ਚੀਜ਼ ਦੇ ਲਈ ਉਨ੍ਹਾਂ ਨੂੰ ਇੱਕ ਚੰਗੀ ਰਕਮ ਅਦਾ ਕੀਤੀ ਗਈ, ਜਿਸ ਨੂੰ ਕਿ ਅੱਜ ਨੈਚੁਰਲ ਹਿਸਟਰੀ ਮਿਊਜ਼ੀਅਮ ’ਚ ਬਹੁਤ ਹੀ ਸੰਭਾਲ ਕੇ ਰੱਖਿਆ ਗਿਆ ਹੈ।
ਚਮਤਕਾਰੀ ਵਸਤੂ
ਦਰਅਸਲ ਐਸਬੇਸਟੋਸ ’ਤੇ ਅੱਗ ਦਾ ਅਸਰ ਨਾ ਹੋਣ ਦੀ ਖੋਜ ਹਜ਼ਾਰਾਂ ਸਾਲ ਪਹਿਲਾਂ ਹੀ ਹੋ ਗਈ ਸੀ ਅਤੇ ਧਾਰਮਿਕ ਸਮਾਗਮਾਂ ਅਤੇ ਮਨੋਰੰਜਨ ਦੇ ਸਾਧਨਾਂ ’ਚ ਇਸ ਦੀ ਵਰਤੋਂ ਲੰਬੇ ਸਮੇਂ ਤੱਕ ਹੁੰਦੀ ਰਹੀ ਹੈ।
ਪਹਿਲੀ ਸਦੀ ’ਚ ਰੋਮਨ ਲੇਖਕ ਪਲੀਨੀ ਦਿ ਐਲਡਰ ਨੇ ਆਪਣੇ ਪਾਠਕਾਂ ਨੂੰ ਇੱਕ ਨਵੇਂ ਤਰ੍ਹਾਂ ਦੇ ਲਿਨੇਨ ਨਾਲ ਜਾਣੂ ਕਰਵਾਇਆ ਸੀ।
ਇਹ ਉਹ ਚੀਜ਼ ਸੀ ਜਿਸ ਦੀ ਵਰਤੋਂ ਕਰਕੇ ਕਈ ਅਜੀਬ ਚੀਜ਼ਾਂ ਬਣਾਈਆਂ ਜਾ ਸਕਦੀਆਂ ਸਨ।
ਉਨ੍ਹਾਂ ਨੇ ਇਸ ਦੀ ਇਸ ਖਾਸੀਅਤ ਨੂੰ ਆਪ ਵੀ ਵੇਖਿਆ ਸੀ।
ਜਿਵੇਂ ਕਿ ਇਸ ਤੋਂ ਬਣੇ ਨੈਪਕਿਨ ਨੂੰ ਤੇਜ਼ ਅੱਗ ’ਤੇ ਰੱਖਣ ’ਤੇ ਇਹ ਹੋਰ ਜ਼ਿਆਦਾ ਸਾਫ਼ ਅਤੇ ਤਾਜ਼ਾ ਵਿਖਾਈ ਦਿੰਦਾ ਹੈ।
ਇਸ ਚੀਜ਼ ਨੂੰ ਰਾਜਿਆਂ ਦੀ ਚਿਤਾ ਦੇ ਕਫ਼ਨ ਦੇ ਰੂਪ ’ਚ ਵੀ ਵਰਤਿਆ ਜਾਂਦਾ ਸੀ, ਕਿਉਂਕਿ ਇਹ ਸੜਦੀ ਨਹੀਂ ਸੀ। ਅਜਿਹਾ ਇਸ ਲਈ ਕੀਤਾ ਜਾਂਦਾ ਸੀ ਕਿਉਂਕਿ ਹੋਰ ਚਿਤਾਵਾਂ ਤੋਂ ਉਨ੍ਹਾਂ ਦੀ ਚਿਤਾ ਦੀ ਰਾਖ ਨੂੰ ਵੱਖਰਾ ਰੱਖਿਆ ਜਾ ਸਕਦਾ ਸੀ।
ਭਾਵ ਉਹ ਇੱਕ ਪਛਾਣ ਚਿੰਨ੍ਹ ਵੱਜੋਂ ਕੰਮ ਕਰਦੀ ਸੀ।
ਇਹ ਅਸਲ ’ਚ ਐਸਬੇਸਟੋਸ ਹੀ ਸੀ, ਜਿਸ ਦੀਆਂ ਵਿਸ਼ੇਸ਼ਤਾਵਾਂ ਨਾਲ ਸਬੰਧਤ ਕਹਾਣੀਆਂ ਦੇ ਚਰਚੇ ਪੂਰੀ ਦੁਨੀਆਂ ’ਚ ਫੈਲ ਚੁੱਕੇ ਸਨ।
ਹੋਰ ਸਰੋਤ ਦੱਸਦੇ ਹਨ ਕਿ ਇਸ ਦੀ ਵਰਤੋਂ ਤੌਲੀਏ, ਜੁੱਤੀਆਂ ਅਤੇ ਜਾਲ ਬਣਾਉਣ ਲਈ ਵੀ ਕੀਤੀ ਜਾਂਦੀ ਸੀ।
ਪ੍ਰਾਚੀਨ ਯੂਨਾਨ ਦੀ ਇੱਕ ਕਹਾਣੀ ’ਚ ਇੱਕ ਅਜਿਹੇ ਦੀਵੇ ਦਾ ਜ਼ਿਕਰ ਹੈ, ਜਿਸ ਨੂੰ ਦੇਵੀ ਏਥੇਨਾ ਦੇ ਲਈ ਬਣਾਇਆ ਗਿਆ ਸੀ।
ਇਸ ਦੀ ਖਾਸੀਅਤ ਇਹ ਸੀ ਕਿ ਇਹ ਦੀਵਾ ਬਿਨ੍ਹਾਂ ਬੁੱਝੇ ਸਾਰਾ ਸਾਲ ਬਲ ਸਕਦਾ ਸੀ, ਕਿਉਂਕਿ ਇਸ ਦੀ ਬੱਤੀ ‘ਕਾਰਪੈਥੀਅਨ ਫਲੈਕਸ’ ਦੀ ਬਣੀ ਹੁੰਦੀ ਸੀ, ਜਿਸ ਨੂੰ ਐਸਬੇਸਟੋਸ ਦਾ ਹੀ ਦੂਜਾ ਨਾਮ ਮੰਨਿਆ ਜਾਂਦਾ ਹੈ।
ਪਲੀਨੀ ਮੰਨਦੇ ਸਨ ਕਿ ਉਨ੍ਹਾਂ ਦਾ ਵਿਸ਼ੇਸ਼ ਲਿਨੇਨ ਭਾਰਤ ਦੇ ਮਾਰੂਥਲ ਇਲਾਕਿਆਂ ’ਚ ਪੈਦਾ ਹੋਣ ਕਰਕੇ ਅੱਗ ਪ੍ਰਤੀਰੋਧਕ ਹੈ ਅਤੇ ਸੂਰਜ ਦੀ ਤੇਜ਼ ਧੁੱਪ ’ਚ ਕਦੇ ਮੀਂਹ ਨਾ ਪੈਣ ਵਾਲੇ ਵਾਤਾਵਰਣ ’ਚ ਮਿਲਣ ਦੇ ਕਾਰਨ ਇਹ ਅਤਿ ਗਰਮੀ ਦਾ ਸਾਹਮਣਾ ਕਰਨ ਦੇ ਯੋਗ ਚੀਜ਼ ਬਣੀ ਹੈ।
ਬਾਅਦ ’ਚ ਇੱਕ ਹੋਰ ਸਿਧਾਂਤ ਇਸ ਨਾਲ ਜੋੜਿਆ ਗਿਆ ਕਿ ਇਹ ਸੈਲਾਮੈਂਡਰ ਦੀ ਚਮੜੀ ਤੋਂ ਬਣੀ ਹੈ, ਜਿਸ ਨੂੰ ਮੱਧ ਯੁੱਗ ’ਚ ਵਿਆਪਕ ਰੂਪ ’ਚ ਅੱਗ ਪ੍ਰਤੀਰੋਧਕ ਵੱਜੋਂ ਮੰਨਿਆ ਜਾਂਦਾ ਸੀ।
ਐਸਬੇਸਟੋਸ ਇੱਕ ਕੁਦਰਤੀ ਖਣਿਜ ਹੈ, ਜੋ ਕਿ ਇਟਲੀ ਦੇ ਐਲਪਸ ਤੋਂ ਲੈ ਕੇ ਆਸਟ੍ਰੇਲੀਆ ਦੇ ਦੂਰ-ਦਰਾਡੇ ਵਾਲੇ ਖੇਤਰਾਂ ਤੱਕ ਫੈਲੇ ਦੁਨੀਆ ਭਰ ਦੇ ਚੱਟਾਨੀ ਭੰਡਾਰਾਂ ’ਚ ਪਾਇਆ ਜਾ ਸਕਦਾ ਹੈ।
ਇਸ ਦੇ ਕਈ ਰੂਪ ਹੋ ਸਕਦੇ ਹਨ, ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਇਸ ਦੀ ਵਰਤੋਂ ਕਿਸ ਚੀਜ਼ ਲਈ ਕੀਤੀ ਜਾ ਰਹੀ ਹੈ, ਪਰ ਮਾਈਕ੍ਰੋਸਕੋਪ ’ਚ ਵੇਖਣ ਨਾਲ ਇਹ ਇੱਕ ਸਖ਼ਤ ਸੂਈ ਦੇ ਆਕਾਰ ਵਾਲੇ ਰੇਸ਼ੇ ਦੇ ਰੂਪ ’ਚ ਵਿਖਾਈ ਦਿੰਦਾ ਹੈ।
ਵੈਸੇ ਤਾਂ ਵੇਖਣ ’ਚ ਇਹ ਭੁਰਭੁਰਾ ਵਿਖਾਈ ਦਿੰਦਾ ਹੈ, ਪਰ ਇਸ ਨੂੰ ਆਸਾਨੀ ਨਾਲ ਨਸ਼ਟ ਨਹੀਂ ਕੀਤਾ ਜਾ ਸਕਦਾ ਹੈ।
ਇਹ ਅੱਗ ਦੇ ਪ੍ਰਤੀਰੋਧਕ, ਰਸਾਇਣਕ ਤੌਰ ’ਤੇ ਨਾ-ਸਰਗਰਮ ਹੁੰਦੇ ਹਨ, ਇਸ ਲਈ ਜੈਵਿਕ ਏਜੰਟ ਜਿਵੇਂ ਕਿ ਬੈਕਟੀਰੀਆ ਵੀ ਇਨ੍ਹਾਂ ਨੂੰ ਤੋੜ ਨਹੀਂ ਸਕਦੇ ਹਨ।
ਅੱਗ ਪ੍ਰਤੀਰੋਧਕ ਦੀ ਸਮਰੱਥਾ ਹੋਣ ਤੋਂ ਇਲਾਵਾ ਐਸਬੇਸਟੋਸ ਦੀ ਲਚਕਤਾ ਨੇ ਇਸ ਨੂੰ 2500 ਈਸਾ ਪੂਰਵ ਹੀ ਘਰੇਲੂ ਕੰਮ-ਕਾਜਾਂ ਲਈ ਉਪਯੋਗੀ ਬਣਾ ਦਿੱਤਾ ਸੀ।
ਹੋਰ ਕੰਮਾਂ ’ਚ ਵਰਤੋਂ
ਐਸਬੇਸਟੋਸ ’ਤੇ ਅੱਗ ਦਾ ਪ੍ਰਭਾਵ ਬਹੁਤ ਹੀ ਘੱਟ ਪੈਂਦਾ ਹੈ, ਇਸ ਤੋਂ ਇਲਾਵਾ ਵੀ ਉਸ ’ਚ ਕਈ ਹੋਰ ਗੁਣ ਮੌਜੂਦ ਹਨ।
ਜਿਸ ਕਰਕੇ ਐਸਬੇਸਟੋਸ ਇੱਕ ਜ਼ਰੂਰੀ ਘਰੇਲੂ ਵਸਤੂ ਬਣ ਗਿਆ ਸੀ। ਇਸ ਦੀ ਵਰਤੋਂ ਦੇ ਸਬੂਤ ਈਸਾ ਤੋਂ ਢਾਈ ਹਜ਼ਾਰ ਸਾਲ ਪਹਿਲਾਂ ਤੱਕ ਮਿਲਦੇ ਹਨ।
ਸਾਲ 1930 ’ਚ ਪੁਰਾਤਤਵ ਵਿਗਿਆਨੀਆਂ ਨੇ ਫਿਨਲੈਂਡ ਦੀ ਸਭ ਤੋਂ ਸਾਫ਼- ਸੁਥਰੀ ਕਹੀ ਜਾਣ ਵਾਲੀ ਝੀਲ ਲੇਕ ਜੁਓਜਾਰਵੀ ਦੇ ਕੰਢੇ ਤੋਂ ਕੁਝ ਪੁਰਾਤਨ ਭਾਂਡੇ ਬਰਾਮਦ ਕੀਤੇ ਸਨ।
ਬਾਅਦ ’ਚ ਜਾਂਚ ਤੋਂ ਲੱਗਿਆ ਕਿ ਇਨ੍ਹਾਂ ਭਾਂਡਿਆਂ ’ਚ ਐਸਬੇਸਟੋਸ ਦੇ ਤੱਤ ਪਾਏ ਗਏ ਸਨ।
ਐਸਬੇਸਟੋਸ ਦੀ ਪ੍ਰਸਿੱਧੀ, ਮਾਨਤਾ ਕਦੇ ਵੀ ਘੱਟ ਨਹੀਂ ਹੋਈ ਅਤੇ ਪੁਰਾਣੇ ਦੌਰ ’ਚ ਇਸ ਘਾਤਕ ਤੇ ਮਾਰੂ ਖਣਿਜ ਦਾ ਕਾਰੋਬਾਰ ਬਹੁਤ ਵਧਿਆ-ਫੁੱਲਿਆ ਸੀ।
ਸ਼ਾਰਲੇਮੇਨ 800 ਈਸਵੀ ’ਚ ਪਵਿੱਤਰ ਰੋਮਨ ਸਾਮਰਾਜ ਦੇ ਹਿਲੇ ਸਮਰਾਟ ਬਣੇ ਸਨ।
ਉਨ੍ਹਾਂ ਦੇ ਬਾਰੇ ’ਚ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਪਾਰਟੀਆਂ ਦੀ ਮੇਜ਼ਬਾਨੀ ਕਰਨ ਦਾ ਬਹੁਤ ਹੀ ਸ਼ੋਕ ਸੀ ਅਤੇ ਉਨ੍ਹਾਂ ਦੀ ਇਸ ਆਦਤ ਨੂੰ ਉਨ੍ਹਾਂ ਦੀ ਕੂਟਨੀਤਕ ਸਫਲਤਾ ਨਾਲ ਜੋੜ ਕੇ ਵੇਖਿਆ ਜਾਂਦਾ ਸੀ।
ਪੁਰਾਣੀਆਂ ਮਾਨਤਾਵਾਂ ਦੇ ਅਨੁਸਾਰ ਅਜਿਹੇ ਮੌਕਿਆਂ ’ਤੇ ਉਨ੍ਹਾਂ ਕੋਲ ਇੱਕ ਬਰਫ਼ੀਲੇ ਚਿੱਟੇ ਰੰਗ ਦਾ ਟੇਬਲ ਕਲਾਥ ਹੁੰਦਾ ਸੀ, ਜੋ ਕਿ ਐਸਬੇਸਟੋਸ ਤੋਂ ਬਣਿਆ ਹੁੰਦਾ ਸੀ। ਪਾਰਟੀ ਦੇ ਦੌਰਾਨ ਅਕਸਰ ਹੀ ਉਸ ਮੇਜ਼ ਦੇ ਕੱਪੜੇ ਨੂੰ ਅੱਗ ’ਚ ਸੁੱਟ ਦਿੱਤਾ ਜਾਂਦਾ ਸੀ।
ਇੱਥੋਂ ਤੱਕ ਕਿ ਐਸਬੇਸਟੋਸ ਦੀ ਵਰਤੋਂ ਜੰਗ ਦੌਰਾਨ ਵੀ ਕੀਤੀ ਜਾਂਦੀ ਸੀ। ਕੈਟਪਲਟ ਨਾਮ ਦੀ ਇੱਕ ਵੱਡੇ ਆਕਾਰ ਦੀ ਗੁਲੇਲ ਦੀ ਵਰਤੋਂ ਜੰਗੀ ਹਥਿਆਰ ਵੱਜੋਂ ਹੁੰਦੀ ਸੀ।
ਇਸ ਦੀ ਵਰਤੋਂ ਈਸਾਈ ਧਰਮ ਯੁੱਧਾਂ ਦੌਰਾਨ ਹੁੰਦੀ ਸੀ। ਲੱਕੜੀ ਦੀ ਬਣੀ ਇਸ ਚੀਜ਼ ਨਾਲ ਵੱਡੇ ਆਕਾਰ ਦੀਆਂ ਚੀਜ਼ਾਂ ਜਿਵੇਂ ਕਿ ਬਲਦਾ ਤਾਰਕੋਲ ਦੁਸ਼ਮਣ ਦੇ ਨਿਸ਼ਾਨੇ ’ਤੇ ਸੁੱਟਿਆ ਜਾਂਦਾ ਸੀ। ਇਹ ਤਾਰਕੋਲ ਜਿਸ ਬੈਗ ’ਚ ਰੱਖ ਕੇ ਸੁੱਟਿਆ ਜਾਂਦਾ ਸੀ, ਉਹ ਐਸਬੇਸਟੋਸ ਦਾ ਬਣਿਆ ਹੁੰਦਾ ਸੀ।
ਐਸਬੇਸਟੋਸ ਤੋਂ ਬਣੇ ਹੋਣ ਦੇ ਕਾਰਨ ਇਹ ਹਥਿਆਰ ਆਪਣੀ ਮੰਜ਼ਿਲ ਤੱਕ ਪਹੁੰਚਣ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਸੜਦੇ ਨਹੀਂ ਸਨ।
ਇੱਥੋਂ ਤੱਕ ਕਿ ਜੰਗ ਦੇ ਮੈਦਾਨ ’ਚ ਜਾਣ ਵੇਲੇ ਪਹਿਨੇ ਜਾਣ ਵਾਲੇ ਬਖ਼ਤਰ (ਕਵੱਚ) ’ਚ ਵੀ ਐਸਬੇਸਟੋਸ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਪਹਿਣਨ ਵਾਲੇ ਨੂੰ ਗਰਮ ਰੱਖਣ ’ਚ ਮਦਦ ਕਰਦਾ ਸੀ।
ਹਾਲਾਂਕਿ 12ਵੀਂ ਸਦੀ ’ਚ ਐਸਬੇਸਟੋਸ ਦੀ ਇੱਕ ਹੋਰ ਨਵੀਂ ਵਰਤੋਂ ਸਾਹਮਣੇ ਆਈ। ਸਾਲ 2014 ’ਚ ਵਿਗਿਆਨੀਆਂ ਨੂੰ ਸਾਈਪ੍ਰਸ ’ਚ ਬੈਜੰਟਾਈਨ ਕਾਲ ਦੀ ਇੱਕ ਕੰਧ ਦੀ ਚਿੱਤਰਕਾਰੀ ’ਚ ਐਸਬੇਸਟੋਸ ਦੀ ਵਰਤੋਂ ਦੇ ਸੰਕੇਤ ਮਿਲੇ ਹਨ।
ਇਤਿਹਾਸ ਦੇ ਜ਼ਿਆਦਾਤਰ ਸਮੇਂ ਐਸਬੇਸਟੋਸ ਨੂੰ ਕੰਮ ਦੀ ਚੀਜ਼ ਨਹੀਂ ਮੰਨਿਆ ਗਿਆ। ਇਹ ਮਹਿੰਗਾ ਵੀ ਸੀ। ਪਲੀਨੀ ਕਿਹਾ ਵੀ ਕਰਦੇ ਸਨ ਕਿ ਉਨ੍ਹਾਂ ਦੇ ਜ਼ਮਾਨੇ ’ਚ ਐਸਬੇਸਟੋਸ ਮੋਤੀਆਂ ਨਾਲੋਂ ਕਿਤੇ ਮਹਿੰਗਾ ਸੀ।
19ਵੀਂ ਸਦੀ ਦੇ ਅਖੀਰ ’ਚ ਕੈਨੇਡਾ ਅਤੇ ਅਮਰੀਕਾ ’ਚ ਇਸ ਦੇ ਵੱਡੀ ਮਾਤਰਾ ’ਚ ਭੰਡਾਰ ਮਿਲੇ ਹਨ ਅਤੇ ਇਸ ਦੀ ਵਰਤੋਂ ’ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ।
ਪਹਿਲੀ ਵਾਰ ਹੈ ਕਿ ਇਸ ਦੀ ਵਰਤੋਂ ਪਾਵਰ ਪਲਾਂਟ ਅਤੇ ਭਾਫ਼ ਇੰਜਣਾਂ ’ਚ ਕੀਤੀ ਗਈ ਅਤੇ ਜਲਦੀ ਹੀ ਇਸ ਦੀ ਪਹੁੰਚ ਆਮ ਲੋਕਾਂ ਦੇ ਘਰਾਂ ਤੱਕ ਹੋ ਗਈ।
ਹਜ਼ਾਰਾ ਸਾਲ ਪਹਿਲਾਂ ਜਿਸ ਖਾਸੀਅਤ ਕਰਕੇ ਲੋਕ ਇਸ ਨੂੰ ਪਸੰਦ ਕਰਦੇ ਸਨ, ਇੱਕ ਵਾਰ ਫਿਰ ਇਸ ਦੀ ਵਰਤੋਂ ਥਰਮਲ ਇਨਸੂਲੇਸ਼ਨ ਅਤੇ ਅੱਗ ਤੋਂ ਬਚਾਅ ’ਚ ਹੋਣ ਲੱਗੀ ਸੀ।
20ਵੀਂ ਸਦੀ ਦੇ ਅੰਤ ਤੱਕ ਇਸ ਦੀ ਵਰਤੋਂ ਇਸ ਹੱਦ ਤੱਕ ਵਧ ਗਈ ਸੀ ਕਿ ਪਾਣੀ ਦੀਆਂ ਪਾਈਪਾਂ ਵੀ ਐਸਬੇਸਟੋਸ ਤੋਂ ਬਣਨ ਲੱਗ ਪਈਆਂ ਸਨ।
ਜ਼ਹਿਰੀਲੇ ਹੋਣ ਦਾ ਸੰਕੇਤ
ਹਾਲਾਂਕਿ ਪੁਰਾਣੇ ਜ਼ਮਾਨੇ ’ਚ ਅਜਿਹੇ ਕਈ ਸੰਕੇਤ ਸਾਹਮਣੇ ਆ ਚੁੱਕੇ ਹਨ ਕਿ ਐਸਬੇਸਟੋਸ ਜ਼ਹਿਰੀਲਾ ਪਦਾਰਥ ਹੁੰਦਾ ਹੈ, ਅਤੇ ਹਰ ਬੀਤਦੀ ਸਦੀ ਦੇ ਨਾਲ ਇਹ ਜੋਖਮ ਹੋਰ ਸਾਫ਼ ਹੋਣ ਲੱਗਾ ਸੀ।
ਸਾਲ 1899 ’ਚ 33 ਸਾਲਾ ਟੈਕਸਟਾਈਲ ਮਿੱਲ ਮਜ਼ਦੂਰ ਦੀ ਮੌਤ ਹੋ ਗਈ ਸੀ। ਉਹ ਪੁਲਮਨੇਰੀ ਫਾਈਬਰੋਸਿਸ ਨਾਲ ਪੀੜ੍ਹਤ ਸੀ।
ਇੱਕ ਅੰਗਰੇਜ਼ ਡਾਕਟਰ ਨੇ ਉਸ ਦੇ ਇਲਾਜ ਦੇ ਦੌਰਾਨ ਵੇਖਿਆ ਕਿ ਉਸ ਦੀ ਬਿਮਾਰੀ ਦਾ ਕਾਰਨ ਐਸਬੇਸਟੋਸ ਸੀ।
ਐਸਬੇਸਟੋਸ ਦੇ ਕਾਰਨ ਕਿਸੇ ਦੀ ਮੌਤ ਦਾ ਇਹ ਪਹਿਲਾ ਪੁਸ਼ਟੀ ਹੋਇਆ ਕੇਸ ਸੀ।
ਇਸ ਤੋਂ 100 ਸਾਲ ਬਾਅਦ 1999 ’ਚ ਬ੍ਰਿਟੇਨ ’ਚ ਐਸਬੇਸਟੋਸ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਪਰ ਇਸ ਦੀ ਮਦਦ ਨਾਲ ਬਣੀਆਂ ਕਈ ਇਮਾਰਤਾਂ ਅੱਜ ਵੀ ਵਰਤੀਆਂ ਜਾ ਰਹੀਆਂ ਹਨ।
ਜਿਵੇਂ-ਜਿਵੇਂ ਇਹ ਇਮਾਰਤਾਂ ਕਮਜ਼ੋਰ ਹੋਣਗੀਆਂ, ਉਸ ਨਾਲ ਲੋਕਾਂ ਦੀ ਸਿਹਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਸਕਦੀ ਹੈ।
ਦੁਨੀਆ ਦੇ ਕਈ ਹੋਰ ਹਿੱਸਿਆਂ ’ਚ ਵੀ ਅਜਿਹੇ ਹੀ ਹਾਲਾਤ ਹਨ ਅਤੇ ਕਈ ਥਾਵਾਂ ’ਤੇ ਅੱਜ ਵੀ ਐਸਬੇਸਟੋਸ ਦੀ ਵਰਤੋਂ ਜਾਰੀ ਹੈ।
ਅਮਰੀਕਾ ਅਜੇ ਵੀ ਐਸਬੇਸਟੋਸ ਦੀ ਦਰਾਮਦ ਕਰਦਾ ਹੈ। ਹਾਲਾਂਕਿ ਉੱਥੇ ਵਾਤਾਵਰਣ ਸੁਰੱਖਿਆ ਲਈ ਜ਼ਿੰਮੇਵਾਰ ਸਰਕਾਰੀ ਏਜੰਸੀ ਇਸ ਦੀ ਵਰਤੋਂ ਨੂੰ ਰੋਕਣ ਲਈ ਹੱਲ ਦਾ ਲਗਾਤਾਰ ਅਧਿਐਨ ਕਰ ਰਹੀ ਹੈ।
ਫਰੈਂਕਲਿਨ ਦਾ ਪਰਸ ਸਾਨੂੰ ਅੱਜ ਵੀ ਇਹ ਯਾਦ ਦਿਵਾਉਂਦਾ ਹੈ ਕਿ ਐਸਬੇਸਟੋਸ ਅੱਜ ਵੀ ਸਾਡਾ ਪਿੱਛਾ ਕਰਦਾ ਹੈ, ਇੱਥੋਂ ਤੱਕ ਕਿ ਅਜਿਹੀਆਂ ਥਾਵਾਂ ’ਤੇ ਵੀ ਜਿੱਥੇ ਸਾਨੂੰ ਉਮੀਦ ਵੀ ਨਹੀਂ ਹੁੰਦੀ ਹੈ।