ਐਗਜ਼ਿਟ ਪੋਲ 'ਚ ਭਾਜਪਾ ਦੀ ਵੱਡੀ ਜਿੱਤ ਦੀ ਭਵਿੱਖਬਾਣੀ 'ਤੇ ਵਿਦੇਸ਼ੀ ਮੀਡੀਆ 'ਚ ਕਿਸ ਤਰ੍ਹਾਂ ਦੀ ਚਰਚਾ ਹੈ?

ਤਸਵੀਰ ਸਰੋਤ, Getty Images
ਲੋਕ ਸਭਾ ਚੋਣਾਂ 2024 ਦੇ ਨਤੀਜੇ ਆਉਣ 'ਚ ਕੁਝ ਹੀ ਘੰਟੇ ਬਾਕੀ ਹਨ ਪਰ 1 ਜੂਨ ਨੂੰ ਆਖ਼ਰੀ ਗੇੜ ਦੀ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਐਗਜ਼ਿਟ ਪੋਲ ਨੂੰ ਲੈ ਕੇ ਚਰਚਾ ਚੱਲ ਰਹੀ ਹੈ।
ਇਸ ਲੋਕ ਸਭਾ ਚੋਣ ਨੂੰ ਲੈ ਕੇ ਜੋ ਵੀ ਐਗਜ਼ਿਟ ਪੋਲਜ਼ ਆਏ ਹਨ, ਉਨ੍ਹਾਂ ਵਿਚ ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਐੱਨਡੀਏ ਨੂੰ ਵੱਡੀ ਜਿੱਤ ਮਿਲਣ ਦੀ ਉਮੀਦ ਹੈ।
ਸ਼ਨੀਵਾਰ ਸ਼ਾਮ ਨੂੰ ਐਗਜ਼ਿਟ ਪੋਲਜ਼ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਹਨ।
ਇੱਕ ਪਾਸੇ ਜਿੱਥੇ ਭਾਜਪਾ ਆਗੂ ਆਪਣੀ ਜਿੱਤ ਨੂੰ ਲੈ ਕੇ ਆਸਵੰਦ ਨਜ਼ਰ ਆ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਾਂਗਰਸ ਅਤੇ ਵਿਰੋਧੀ ਧਿਰ ਇੰਡੀਆ ਅਲਾਇੰਸ ਦੇ ਆਗੂਆਂ ਦਾ ਕਹਿਣਾ ਹੈ ਕਿ ਐਗਜ਼ਿਟ ਪੋਲਜ਼ ਜ਼ਮੀਨੀ ਹਕੀਕਤ ਤੋਂ ਕੋਹੋਂ ਦੂਰ ਹਨ।
ਇਨ੍ਹਾਂ ਸਿਆਸੀ ਬਿਆਨਬਾਜੀਆਂ ਵਿਚਾਲੇ ਪੂਰੀ ਦੁਨੀਆ ਦੀਆਂ ਨਜ਼ਰਾਂ ਵੀ ਭਾਰਤ ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ। ਕਈ ਕੌਮਾਂਤਰੀ ਮੀਡੀਆ ਸੰਸਥਾਵਾਂ ਨੇ ਆਪਣੇ ਪਲੇਟਫਾਰਮ 'ਤੇ ਐਗਜ਼ਿਟ ਪੋਲਜ਼ ਦੀਆਂ ਖਬਰਾਂ ਅਤੇ ਵਿਸ਼ਲੇਸ਼ਣ ਨੂੰ ਜਗ੍ਹਾ ਦਿੱਤੀ ਹੈ।

ਤਸਵੀਰ ਸਰੋਤ, ANI
ਬਜ਼ਾਰ ਵਿੱਚ ਉਛਾਲ
ਅਮਰੀਕੀ ਮੀਡੀਆ ਕੰਪਨੀ ਬਲੂਮਬਰਗ ਨੇ ਐਗਜ਼ਿਟ ਪੋਲਜ਼ ਨਾਲ ਜੁੜੀ ਖਬਰ ਪ੍ਰਕਾਸ਼ਿਤ ਕਰਦੇ ਹੋਏ ਸਿਰਲੇਖ ਦਿੱਤਾ ਹੈ- 'ਮੋਦੀ ਚੋਣਾਂ 'ਚ ਵੱਡੀ ਜਿੱਤ ਲਈ ਤਿਆਰ'।
ਖ਼ਬਰ ਵਿੱਚ ਲਿਖਿਆ ਹੈ, "ਕਈ ਐਗਜ਼ਿਟ ਪੋਲਜ਼ ਦਿਖਾਉਂਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ ਲਗਾਤਾਰ ਤੀਜੀ ਵਾਰ ਭਾਰਤ ਦੀਆਂ ਚੋਣਾਂ ਵਿੱਚ ਨਿਰਣਾਇਕ ਬਹੁਮਤ ਜਿੱਤਣ ਲਈ ਤਿਆਰ ਹੈ।''
"ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੇ ਅਰਥਚਾਰੇ ਦੀ ਸੱਤੇ 'ਤੇ ਉਹ ਇੱਕ ਦਹਾਕੇ ਤੋਂ ਵੱਧ ਸਮੇਂ ਕਾਰਜਕਾਲ ਦਾ ਵਿਸਥਾਰ ਕਰਨਗੇ।"
"ਪੋਲਜ਼ ਦਰਸਾਉਂਦੇ ਹਨ ਕਿ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ ਰਾਸ਼ਟਰੀ ਲੋਕਤੰਤਰੀ ਗਠਜੋੜ (ਐੱਨਡੀਏ) ਕਾਫੀ ਹਦ ਤੱਕ ਬਹੁਮਤ ਲਈ 272 ਸੀਟਾਂ ਦਾ ਅੰਕੜਾ ਪਾਰ ਕਰ ਲਵੇਗਾ। ਅਧਿਕਾਰਤ ਚੋਣ ਨਤੀਜੇ 4 ਜੂਨ ਨੂੰ ਜਾਰੀ ਕੀਤੇ ਜਾਣਗੇ।"
ਬਲੂਮਬਰਗ ਦੀ ਖ਼ਬਰ ਅੱਗੇ ਲਿਖਿਆ ਹੈ, "ਐਗਜ਼ਿਟ ਪੋਲਜ਼ ਦੇ ਆਧਾਰ 'ਤੇ, ਮੋਦੀ ਨੇ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਲਈ ਜਿੱਤ ਦਾ ਦਾਅਵਾ ਕੀਤਾ ਹੈ ਅਤੇ ਕਿਹਾ ਹੈ ਕਿ ਖ਼ਾਸ ਕਰਕੇ ਗਰੀਬਾਂ ਸਣੇ ਵੋਟਰਾਂ ਨੂੰ ਸੱਤਾਧਾਰੀ ਪਾਰਟੀ ਦੇ ਟਰੈਕ ਰਿਕਾਰਡ ਨੇ ਪ੍ਰਭਾਵਿਤ ਕੀਤਾ ਹੈ।"
ਇਸ ਵਿਚ ਦੱਸਿਆ ਗਿਆ ਹੈ ਕਿ ਇਹ ਨਤੀਜੇ ਭਾਰਤ ਦੇ ਵਿੱਤੀ ਬਾਜ਼ਾਰ ਨੂੰ ਉਤਸ਼ਾਹਿਤ ਕਰ ਸਕਦੇ ਹਨ ਜੋ ਪਿਛਲੇ ਹਫ਼ਤੇ ਜ਼ਿਆਦਾ ਅਸਥਿਰ ਰਿਹਾ ਹੈ।
ਬਲੂਮਬਰਗ ਤੋਂ ਜਿਓਜਿਟ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ਕ ਰਣਨੀਤੀਕਾਰ ਵੀਕੇ ਵਿਜੇਕੁਮਾਰ ਨੇ ਅੰਦਾਜ਼ਾ ਲਗਾਇਆ ਹੈ ਕਿ ਸੋਮਵਾਰ ਨੂੰ ਬਾਜ਼ਾਰ ਵਿੱਚ ਉਛਾਲ ਆਵੇਗਾ ਅਤੇ ਉਛਾਲ ਆਇਆ ਵੀ।
ਉਨ੍ਹਾਂ ਕਿਹਾ ਕਿ ਐਗਜ਼ਿਟ ਪੋਲਜ਼ ਉਨ੍ਹਾਂ ਚੁਣਾਵੀਂ ਖਦਸ਼ਿਆਂ ਨੂੰ ਖਾਰਜ ਕਰ ਦੇਵੇਗਾ ਜੋ ਮਈ ਤੋਂ ਵਧ ਰਹੇ ਸਨ।

ਬੀਬੀਸੀ ਪੰਜਾਬੀ ਦੇ ਵਟਸਐਪ ਚੈਨਲ ਨਾਲ ਜੁੜਨ ਲਈ ਇੱਥੇ ਕਲਿੱਕ ਕਰੋ।
ਅਲ-ਜਜ਼ੀਰਾ ਨੇ ਕੀ ਕਿਹਾ ਹੈ?
ਕਤਰ ਦੇ ਮੀਡੀਆ ਸਮੂਹ ਅਲ-ਜਜ਼ੀਰਾ ਨੇ ਵੀ ਐਗਜ਼ਿਟ ਪੋਲਜ਼ ਨੂੰ ਆਪਣੇ ਪਲੇਟਫਾਰਮ 'ਤੇ ਥਾਂ ਦਿੱਤੀ ਹੈ। ਅਲ-ਜਜ਼ੀਰਾ ਨੇ 'ਮੋਦੀ ਮੈਜਿਕ: ਭਾਰਤੀ ਐਗਜ਼ਿਟ ਪੋਲਜ਼ ਭਾਜਪਾ ਲਈ ਰਿਕਾਰਡ ਜਿੱਤ ਦਾ ਅੰਦਾਜ਼ਾ ਲਗਾਇਆ।‘
ਇਹ ਖ਼ਬਰ ਵਿੱਚ ਲਿਖਿਆ ਗਿਆ ਹੈ, "ਸ਼ਨੀਵਾਰ ਦੀ ਸ਼ਾਮ ਨੂੰ ਜਾਰੀ ਕੀਤੇ ਗਏ ਐਗਜ਼ਿਟ ਪੋਲਜ਼ ਦਰਸਾਉਂਦੇ ਹਨ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤੀਜੇ ਕਾਰਜਕਾਲ ਲਈ ਭਾਰੀ ਬਹੁਮਤ ਨਾਲ ਦੁਬਾਰਾ ਚੁਣੇ ਜਾ ਸਕਦੇ ਹਨ।“
“ਜੇਕਰ ਮੰਗਲਵਾਰ, 4 ਜੂਨ ਨੂੰ ਆਉਣ ਵਾਲੇ ਨਤੀਜੇ ਪੋਲਜ਼ ਦਾ ਸਮਰਥਨ ਕਰਦੇ ਹਨ ਤਾਂ ਮੋਦੀ ਦੀ ਭਾਰਤੀ ਜਨਤਾ ਪਾਰਟੀ ਵਧਦੀ ਅਸਮਾਨਤਾ, ਰਿਕਾਰਡ ਬੇਰੁਜ਼ਗਾਰੀ ਅਤੇ ਵਧਦੀਆਂ ਕੀਮਤਾਂ ਦੇ ਮੁੱਦਿਆਂ ਤੋਂ ਨਾ ਕੇਵਲ ਸੁਰੱਖਿਅਤ ਬਚ ਨਿਕਲਣਗੀ ਬਲਿਕ 2019 ਦੀਆਂ ਪਿਛਲੀਆਂ ਚੋਣਾਂ ਨਾਲੋਂ ਬਿਹਤਰ ਪ੍ਰਦਰਸ਼ਨ ਵੀ ਕਰੇਗੀ।"
"ਆਜ਼ਾਦ ਭਾਰਤ ਵਿੱਚ ਕੋਈ ਵੀ ਪ੍ਰਧਾਨ ਮੰਤਰੀ ਕਦੇ ਵੀ ਲਗਾਤਾਰ ਤੀਜੀ ਵਾਰ ਲੋਕ ਸਭਾ ਚੋਣਾਂ ਹਰ ਵਾਰ ਬਿਹਤਰ ਨਤੀਜਿਆਂ ਨਾਲ ਨਹੀਂ ਜਿੱਤ ਸਕਿਆ।“
“ਭਾਰਤੀ ਮੀਡੀਆ ਸੰਸਥਾਵਾਂ ਦੇ ਘੱਟੋ-ਘੱਟ ਸੱਤ ਐਗਜ਼ਿਟ ਪੋਲਜ਼ ਨੇ ਭਾਜਪਾ ਅਤੇ ਉਸ ਦੇ ਗਠਜੋੜ ਨੂੰ 543 ਸੀਟਾਂ ਵਾਲੀ ਲੋਕ ਸਭਾ ਵਿੱਚ 350-380 ਸੀਟਾਂ ਜਿੱਤਣ ਦਾ ਅਨੁਮਾਨ ਲਗਾਇਆ ਹੈ।“
"ਭਾਰਤ ਵਿੱਚ ਐਗਜ਼ਿਟ ਪੋਲਜ਼ ਦੇ ਵੱਖੋ-ਵੱਖਰੇ ਰਿਕਾਰਡ ਰਹੇ ਹਨ ਅਤੇ ਪਿਛਲੇ ਸਰਵੇਖਣਾਂ ਵਿੱਚ ਕਈ ਵਾਰ ਵੱਖ-ਵੱਖ ਪਾਰਟੀਆਂ ਨੂੰ ਕਦੇ ਘੱਟ ਅਤੇ ਕਦੇ ਵੱਧ ਮੰਨਦੇ ਰਹੇ ਹਨ। ਹਾਲਾਂਕਿ, ਪਿਛਲੇ ਦੋ ਦਹਾਕਿਆਂ ਵਿੱਚ ਕੁਝ ਅਪਵਾਦਾਂ ਨੂੰ ਛੱਡ ਕੇ ਵੱਡੇ ਪੈਮਾਨੇ ‘ਤੇ ਇਨ੍ਹਾਂ ਦੇ ਅੰਦਾਜ਼ ਸਹੀ ਰਹੇ ਹਨ।"
ਦਿੱਲੀ ਸਥਿਤ ਸੈਂਟਰ ਫਾਰ ਪਾਲਿਸੀ ਰਿਸਰਚ ਵਿੱਚ ਸੀਨੀਅਰ ਫੈਲੋ ਨੀਲਾਂਜਨ ਸਰਕਾਰ ਅਲ-ਜਜ਼ੀਰਾ ਨੂੰ ਦੱਸਦੇ ਹਨ, "ਮੋਦੀ ਆਸਾਧਾਰਨ ਤੌਰ ‘ਤੇ ਲੋਕਪ੍ਰਿਯ ਹਨ। ਭਾਜਪਾ ਦੀ ਇਹ ਚੋਣ ਮੁਹਿੰਮ ਪੂਰੀ ਤਰ੍ਹਾਂ ਮੋਦੀ 'ਤੇ ਕੇਂਦਰਿਤ ਸੀ।“
“ਇਸ ਦੌਰਾਨ ਕਈ ਅੰਦਾਜ਼ੇ ਲਗਾਏ ਗਏ ਸਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਲੋਕ ਸਰਕਾਰ ਤੋਂ ਨਾਖੁਸ਼ ਹਨ ਪਰ ਇਨ੍ਹਾਂ ਨੂੰ ਸੀਟਾਂ ਵਿੱਚ ਬਦਲਣਾ ਚੁਣੌਤੀਪੂਰਨ ਹੁੰਦਾ ਹੈ।“

ਤਸਵੀਰ ਸਰੋਤ, Getty Images
ਦੱਖਣੀ ਭਾਰਤ ਵਿੱਚ ਵੀ ਭਾਜਪਾ ਦੀ ਜਿੱਤ ਦੀ ਵੀ ਭਵਿੱਖਬਾਣੀ
ਅਲ-ਜਜ਼ੀਰਾ ਦੀ ਖ਼ਬਰ ਵਿੱਚ ਲਿਖਿਆ ਹੈ, "ਕਈ ਐਗਜ਼ਿਟ ਪੋਲਜ਼ ਨੇ ਅੰਦਾਜ਼ਾ ਲਗਾਇਆ ਹੈ ਕਿ ਭਾਜਪਾ ਦੇਸ਼ ਦੇ ਦੱਖਣੀ ਸੂਬਿਆਂ ਵਿੱਚ ਬਿਹਤਰ ਪ੍ਰਦਰਸ਼ਨ ਕਰ ਸਕਦੀ ਹੈ। ਭਾਜਪਾ ਦੇ ਕੇਰਲ ਵਿੱਚ ਦੋ ਤੋਂ ਤਿੰਨ ਸੀਟਾਂ ਜਿੱਤਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜੋ ਕਿ ਭਾਰਤ ਦੇ ਖੱਬੇ-ਪੱਖੀਆਂ ਦਾ ਆਖਰੀ ਗੜ੍ਹ ਹੈ ਅਤੇ ਜਿੱਥੇ ਮੋਦੀ ਦੀ ਪਾਰਟੀ ਅੱਜ ਤੱਕ ਜਿੱਤ ਨਹੀਂ ਸਕੀ।“
“ਭਾਜਪਾ ਤਾਮਿਲਨਾਡੂ ਵਿੱਚ ਵੀ ਇੱਕ ਤੋਂ ਤਿੰਨ ਸੀਟਾਂ ਜਿੱਤ ਸਕਦੀ ਹੈ, ਜਿੱਥੇ ਪਿਛਲੀਆਂ ਚੋਣਾਂ ਵਿੱਚ ਉਸ ਨੂੰ ਇੱਕ ਵੀ ਸੀਟ ਨਹੀਂ ਮਿਲੀ ਸੀ।“
ਸਿਆਸੀ ਟਿੱਪਣੀਕਾਰ ਆਸਿਮ ਅਲੀ ਅਲ-ਜਜ਼ੀਰਾ ਨੂੰ ਦੱਸਦੇ ਹਨ, "ਦੱਖਣ ਵਿੱਚ ਮਿਲਦੀ ਲੀਡ ਹੈਰਾਨ ਕਰਨ ਵਾਲੀ ਹੈ ਅਤੇ ਅਨੁਮਾਨ ਇੱਕ ਵੱਡੀ ਲੀਡ ਦਿਖਾ ਰਿਹਾ ਹੈ। ਭਾਵੇਂ ਭਾਜਪਾ ਕੋਈ ਵੀ ਸੀਟ ਨਹੀਂ ਜਿੱਤਦੀ ਹੈ ਤੇ ਜੇਕਰ ਉਸ ਦੇ ਵੋਟ ਸ਼ੇਅਰ ਵਿੱਚ ਵਾਧਾ ਹੁੰਦਾ ਹੈ, ਤਾਂ ਇਹ ਇੱਕ ਵੱਡੀ ਤਬਦੀਲੀ ਹੋਵੇਗੀ।"
ਬਲੂਮਬਰਗ ਨੇ ਐਗਜ਼ਿਟ ਪੋਲਜ਼ 'ਤੇ ਇੱਕ ਹੋਰ ਲੇਖ ਵੀ ਪ੍ਰਕਾਸ਼ਿਤ ਕੀਤਾ ਹੈ, ਜਿਸ ਦਾ ਸਿਰਲੇਖ ਹੈ - 'ਭਾਰਤ ਦੇ ਐਗਜ਼ਿਟ ਪੋਲਜ਼ ਸੰਕੇਤ ਨਾਲੋਂ ਜ਼ਿਆਦਾ ਰੌਲਾ ਪੈ ਸਕਦਾ ਹੈ।'

ਤਸਵੀਰ ਸਰੋਤ, ANI
ਇਸ ਲੇਖ ਵਿੱਚ ਦੱਸਿਆ ਗਿਆ ਹੈ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੀਆਂ ਆਮ ਚੋਣਾਂ ਵਿੱਚ ਸ਼ਾਨਦਾਰ ਜਿੱਤ ਲਈ ਤਿਆਰ ਹਨ, ਇਹ ਦਾਅਵਾ ਲਗਭਗ ਹਰ ਐਗਜ਼ਿਟ ਪੋਲਜ਼ ਵਿੱਚ ਕੀਤਾ ਗਿਆ ਹੈ।“
“ਹਾਲਾਂਕਿ, ਇਹ ਦਾਅਵੇ ਪਿਛਲੇ ਸਮੇਂ ਵਿੱਚ ਪੂਰੀ ਤਰ੍ਹਾਂ ਨਾਲ ਗ਼ਲਤ ਸਾਬਤ ਹੋਏ ਹਨ ਅਤੇ ਇਸ ਵਾਰ ਇਸ ਨੂੰ ਬਹੁਤ ਧਿਆਨ ਨਾਲ ਦੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਮੋਦੀ ਸਰਕਾਰ ਦਾ ਟੀਵੀ ਸਟੇਸ਼ਨਾਂ 'ਤੇ ਬਹੁਤ ਪ੍ਰਭਾਵ ਹੈ।“
"ਮੰਗਲਵਾਰ ਨੂੰ ਸ਼ਾਇਦ ਅਸਲ ਗਿਣਤੀ ਵਿੱਚ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਨੂੰ ਅਗਲੇ ਪੰਜ ਸਾਲਾਂ ਦੇ ਕਾਰਜਕਾਲ ਲਈ ਸੀਟਾਂ ਮਿਲ ਜਾਣ ਪਰ ਹਰ ਐਗਜ਼ਿਟ ਪੋਲਜ਼ ਵਿੱਚ ਐੱਨਡੀਏ ਨੂੰ 350 ਤੋਂ ਵੱਧ ਸੀਟਾਂ ਦਾ ਇੰਨਾ ਵੱਡਾ ਜਨਾਦੇਸ਼ ਮਿਲਣ ਦੀ ਉਮੀਦ ਕਰਨਾ ਯਾਥਰਥਕ ਜਾਪਦਾ ਹੈ।"
"350 ਸੀਟਾਂ ਨੂੰ ਪਾਰ ਕਰਨਾ ਐੱਨਡੀਏ ਲਈ 2019 ਦੇ ਨਤੀਜਿਆਂ ਨੂੰ ਦੁਹਰਾਉਣਾ ਹੋਵੇਗਾ। ਉਸ ਸਮੇਂ ਮੋਦੀ ਨੇ ਪਾਕਿਸਤਾਨ ਵਿੱਚ ਅੱਤਵਾਦੀ ਸਿਖਲਾਈ ਕੈਂਪਾਂ 'ਤੇ ਹਵਾਈ ਹਮਲੇ ਨੂੰ ਇੱਕ ਮੁੱਦਾ ਬਣਾਇਆ ਸੀ। ਇਸ ਵਾਰ ਰਾਸ਼ਟਰੀ ਸੁਰੱਖਿਆ ਚੋਣ ਮੁੱਦਾ ਨਹੀਂ ਸੀ।“
“ਵਿਰੋਧੀ ਇੰਡੀਆ ਗਠਜੋੜ ਨੇ ਇੱਕ ਹਮਲਾਵਰ ਚੋਣ ਮੁਹਿੰਮ ਚਲਾਈ ਸੀ। ਜਿਸ ਵਿੱਚ ਉਨ੍ਹਾਂ ਨੇ ਵਧਦੀ ਬੇਰੁਜ਼ਗਾਰੀ ਅਤੇ ਮਹਿੰਗਾਈ ਦਾ ਮੁੱਦਾ ਚੁੱਕਿਆ, ਮੋਦੀ ਨੇ ਆਪਣੇ ਆਪ ਨੂੰ ਅਜਿਹੀਆਂ ਚਿੰਤਾਵਾਂ ਤੋਂ ਉੱਪਰ ਚੁੱਕਣਾ ਦਾ ਬਦਲ ਚੁਣਿਆ।“
"ਉਨ੍ਹਾਂ (ਪੀਐੱਮ ਮੋਦੀ) ਨੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਟੀਵੀ ਚੈਨਲ ਨੂੰ ਕਿਹਾ, 'ਮੈਂ ਸਵੀਕਾਰ ਕਰ ਲਿਆ ਹੈ ਕਿ ਰੱਬ ਨੇ ਮੈਨੂੰ ਭੇਜਿਆ ਹੈ।'
ਉਦਯੋਗਪਤੀ ਗੌਤਮ ਅਡਾਨੀ ਦੁਆਰਾ ਨਿਯੰਤਰਿਤ ਮੀਡੀਆ ਸਮੂਹ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਮੋਦੀ ਨੇ 1000 ਸਾਲਾਂ ਦੇ ਨਜ਼ਰੀਏ ਦੀ ਗੱਲ ਕੀਤੀ।"
"ਮੀਡੀਆ ਦੀ ਸਮਰਥਕ ਭੂਮਿਕਾ ਅਜਿਹੀ ਪਹਿਲੀ ਵਾਰ ਨਹੀਂ ਹੈ। 2004 ਵਿੱਚ ਐਗਜ਼ਿਟ ਪੋਲਜ਼ ਗ਼ਲਤ ਸਾਬਤ ਹੋਏ ਸਨ। ਤਾਜ਼ਾ ਚੋਣਾਂ ਵਿੱਚ ਐੱਨਡੀਏ ਗਠਜੋੜ ਨੂੰ 240 ਤੋਂ 275 ਸੀਟਾਂ ਦਿੱਤੀਆਂ ਗਈਆਂ ਸਨ ਪਰ ਇਸ ਨੂੰ 187 ਸੀਟਾਂ ਮਿਲੀਆਂ ਸਨ ਅਤੇ ਉਹ ਸਰਕਾਰ ਤੋਂ ਬਾਹਰ ਹੋ ਗਿਆ ਸੀ।"
“ਇਸ ਸਾਲ ਦਾ ਸਰਵੇਖਣ ਵੀ ਬੇਹੱਦ ਅਸਾਧਾਰਨ ਇਸ ਲਈ ਵੀ ਜਾਪਦਾ ਹੈ ਕਿਉਂਕਿ ਘੱਟੋ-ਘੱਟ ਤਿੰਨ ਪੋਲਜ਼ ਨੇ ਐੱਨਡੀਏ ਦੇ 400 ਸੀਟਾਂ ਦੇ ਨਾਅਰੇ ਨੂੰ ਅੰਦਾਜ਼ਨ ਨਤੀਜਾ ਦੱਸਿਆ ਹੈ।“

ਤਸਵੀਰ ਸਰੋਤ, ANI
ਐਗਜ਼ਿਟ ਪੋਲਜ਼ ਬਾਰੇ ਸ਼ੰਕੇ
ਚੋਣਾਂ ਤੋਂ ਬਾਅਦ ਐਗਜ਼ਿਟ ਪੋਲਜ਼ ਹਮੇਸ਼ਾ ਬਿਲਕੁਲ ਸਹੀ ਸਾਬਤ ਹੋਣ ਇਹ ਵੀ ਪੱਕਾ ਨਹੀਂ ਹੈ। ਅਮਰੀਕੀ ਅਖਬਾਰ ‘ਦਿ ਵਾਸ਼ਿੰਗਟਨ ਪੋਸਟ’ ਨੇ 2014 ਵਿੱਚ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਤੋਂ ਬਾਅਦ ਇੱਕ ਲੇਖ ਇਸ ਸਿਰਲੇਖ ਨਾਲ ਪ੍ਰਕਾਸ਼ਿਤ ਕੀਤਾ ਸੀ- ‘ਭਾਰਤੀ ਐਗਜ਼ਿਟ ਪੋਲਜ਼ ਭਰੋਸੇਯੋਗ ਕਿਉਂ ਨਹੀਂ ਹਨ?’
ਇਸ ਲੇਖ ਵਿਚ ਦੱਸਿਆ ਗਿਆ ਹੈ ਕਿ 'ਭਾਰਤ ਵਿਚ ਐਗਜ਼ਿਟ ਪੋਲਜ਼ ਨੂੰ ਲੈ ਕੇ ਅਵਿਸ਼ਵਾਸ ਅਤੇ ਸ਼ੰਕੇ ਪੈਦਾ ਹੋਏ ਹਨ।'
ਸਿਆਸੀ ਵਿਸ਼ਲੇਸ਼ਕ ਪ੍ਰਵੀਨ ਰਾਏ ਨੇ ਅਖ਼ਬਾਰ ਨੂੰ ਦੱਸਿਆ ਕਿ 1998 ਅਤੇ 1999 ਦੀਆਂ ਚੋਣਾਂ ਲਈ ਭਵਿੱਖਬਾਣੀਆਂ ਬਿਲਕੁਲ ਸਟੀਕ ਸਨ, ਜਦੋਂ ਕਿ 2004 ਅਤੇ 2009 ਦੀਆਂ ਭਵਿੱਖਬਾਣੀਆਂ ਬਿਲਕੁਲ ਉਲਟ ਸਨ।
ਇਸ ਲੇਖ ਵਿੱਚ ਦੱਸਿਆ ਗਿਆ ਹੈ, "ਇੱਕ ਵਿਆਪਕ ਵੋਟ ਅਤੇ ਸ਼ਾਇਦ ਜਾਇਜ਼ ਵੀ ਹੈ, ਕਿ ਭਾਰਤ ਵਿੱਚ ਸਿਆਸੀ ਸਰਵੇਖਣ ਪੱਖਪਾਤੀ ਹਨ। ਭਾਰਤੀ ਮੀਡੀਆ ਕੰਪਨੀਆਂ ਜ਼ਿਆਦਾਤਰ ਪੋਲਜ਼ ਦਾ ਸੰਚਾਲਨ ਕਰਦੀਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੱਖਪਾਤੀ ਹੁੰਦੀਆਂ ਹਨ।"

ਐਗਜ਼ਿਟ ਪੋਲਜ਼ ਵਿੱਚ ਕਿਸ ਨੇ ਕਿਸ ਨੂੰ ਕਿੰਨੀਆਂ ਸੀਟਾਂ ਦਿੱਤੀਆਂ?
ਏਬੀਪੀ-ਸੀਵੋਟਰ ਦੇ ਅੰਦਾਜ਼ੇ ਮੁਤਾਬਕ ਕੌਮੀ ਪੱਧਰ ਉੱਤੇ ਐੱਨਡੀਏ 353-383 ਸੀਟਾਂ, ਇੰਡੀਆ ਅਲਾਇੰਸ 152-182 ਸੀਟਾਂ ਅਤੇ ਹੋਰ ਪਾਰਟੀਆਂ ਨੂੰ 4-12 ਸੀਟਾਂ ਮਿਲ ਸਕਦੀਆਂ ਹਨ।
ਨਿਊਜ਼ 24-ਟੂਡੇਜ਼ ਚਾਣਕਿਆ ਨੇ ਭਵਿੱਖਬਾਣੀ ਕੀਤੀ ਹੈ ਕਿ ਐੱਨਡੀਏ ਨੂੰ 400 ਤੋਂ ਵੱਧ ਸੀਟਾਂ ਮਿਲਣਗੀਆਂ। ਚਾਣਕਿਆ ਦੇ ਐਗਜ਼ਿਟ ਪੋਲਜ਼ ਦਾ ਕਹਿਣਾ ਹੈ ਕਿ ਭਾਜਪਾ ਨੂੰ 335 ਤੋਂ ਵੱਧ ਸੀਟਾਂ ਮਿਲ ਸਕਦੀਆਂ ਹਨ, ਕਾਂਗਰਸ ਨੂੰ 50 ਤੋਂ ਵੱਧ ਸੀਟਾਂ ਮਿਲ ਸਕਦੀਆਂ ਹਨ ਅਤੇ ਇੰਡੀਆ ਅਲਾਇੰਸ ਨੂੰ 107 ਤੋਂ ਵੱਧ ਸੀਟਾਂ ਮਿਲ ਸਕਦੀਆਂ ਹਨ।
ਇੰਡੀਆ ਟੀਵੀ ਦੇ ਐਗਜ਼ਿਟ ਪੋਲਜ਼ ਮੁਤਾਬਕ ਐੱਨਡੀਏ ਨੂੰ 371-401 ਸੀਟਾਂ, ਕਾਂਗਰਸ ਨੂੰ 109-139 ਸੀਟਾਂ, ਜਦਕਿ ਹੋਰ ਪਾਰਟੀਆਂ ਨੂੰ 28-38 ਸੀਟਾਂ ਮਿਲ ਸਕਦੀਆਂ ਹਨ।
ਰਿਪਬਲਿਕ ਟੀਵੀ-ਪੀਐੱਮਏਆਰਕਿਊ ਮੈਟ੍ਰਿਜ਼ ਮੁਤਾਬਕ ਕੇਂਦਰ ਵਿੱਚਐੱਨਡੀਏ ਨੂੰ 359 ਸੀਟਾਂ, ਇੰਡੀਆ ਗਠਜੋੜ 154 ਸੀਟਾਂ ਅਤੇ ਹੋਰ ਪਾਰਟੀਆਂ ਨੂੰ 30 ਸੀਟਾਂ ਮਿਲ ਸਕਦੀਆਂ ਹਨ।
ਜਨ ਕੀ ਬਾਤ ਦੇ ਐਗਜ਼ਿਟ ਪੋਲਜ਼ ਦੇ ਅੰਕੜਿਆਂ ਮੁਤਾਬਕ ਐੱਨਡੀਏ 377 ਸੀਟਾਂ ਜਿੱਤ ਸਕਦੀ ਹੈ। ਜਦਕਿ ਭਾਰਤ ਗਠਜੋੜ 151 ਸੀਟਾਂ 'ਤੇ ਅਤੇ ਹੋਰ ਪਾਰਟੀਆਂ 15 ਸੀਟਾਂ 'ਤੇ ਜਿੱਤ ਹਾਸਲ ਕਰ ਸਕਦੀਆਂ ਹਨ।
ਇੰਡੀਆ ਨਿਊਜ਼-ਡੀ-ਡਾਇਨਾਮਿਕਸ ਦੇ ਐਗਜ਼ਿਟ ਪੋਲਜ਼ ਮੁਤਾਬਕ ਐੱਨਡੀਏ ਨੂੰ 371 ਸੀਟਾਂ ਅਤੇ ਇੰਡੀਆ ਅਲਾਇੰਸ ਨੂੰ 125 ਸੀਟਾਂ ਮਿਲਣ ਦਾ ਅਨੁਮਾਨ ਹੈ। ਇਸ ਦੇ ਹਿਸਾਬ ਨਾਲ ਹੋਰ ਪਾਰਟੀਆਂ ਨੂੰ 47 ਸੀਟਾਂ ਮਿਲ ਸਕਦੀਆਂ ਹਨ।












