'ਉਹ ਚੁੱਪਚਾਪ ਲੋਕਾਂ ਉੱਤੇ ਗੋਲੀਆਂ ਚਲਾ ਰਹੇ ਸਨ', ਮਾਸਕੋ 'ਚ 133 ਲੋਕਾਂ ਦੀ ਜਾਨ ਲੈਣ ਵਾਲੇ ਖੌਫਨਾਕ ਹਮਲੇ ਦੇ ਗਵਾਹ ਬਣੇ ਲੋਕ ਕੀ ਕਹਿੰਦੇ

    • ਲੇਖਕ, ਐਮਿਲੀ ਐਟਕਿਨਸਨ
    • ਰੋਲ, ਬੀਬੀਸੀ ਪੱਤਰਕਾਰ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਮਾਸਕੋ ਦੇ ਕੌਨਸਰਟ ਹਾਲ ਦੇ ਚਾਰੇ ਹਮਲਾਵਰ ਫੜ ਲਏ ਗਏ ਹਨ।

ਇਸ ਹੌਲਨਾਕ ਢੰਗ ਨਾਲ ਬੇਦਰੇਗ਼ ਗੋਲੀਬਾਰੀ ਵਿੱਚ 133 ਜਣਿਆਂ ਦੀ ਜਾਨ ਚਲੀ ਗਈ ਸੀ, ਜਦਕਿ 140 ਜਣੇ ਜ਼ਖਮੀ ਹੋਏ ਸਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੱਲ ਮਿਲਾ ਕੇ 11 ਜਣਿਆਂ ਨੂੰ ਗ੍ਰਿਫ਼ਾਤਰ ਕੀਤਾ ਗਿਆ ਹੈ, ਜਦਕਿ ਚਾਰ ਬੰਦੂਕਧਾਰੀਆਂ ਨੂੰ ਯੂਕਰੇਨ ਵੱਲ ਜਾਂਦਿਆਂ ਨੂੰ ਫੜਿਆ ਗਿਆ ਹੈ।

ਇਸਲਾਮਿਕ ਸਟੇਟ (ਆਈਐੱਸ) ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਸ਼ਨਿੱਚਰਵਾਰ ਨੂੰ ਸੰਗਠਨ ਦੇ ਟੈਲੀਗ੍ਰਾਮ ਚੈਨਲ ਉੱਪਰ ਚਾਰ ਨਕਾਬਪੋਸ਼ ਵਿਅਕਤੀਆਂ ਦੀ ਤਸਵੀਰ ਪਾਈ ਹੈ। ਦਾਅਵਾ ਕੀਤਾ ਗਿਆ ਹੈ ਕਿ ਇਹੀ ਮਾਸਕੋ ਦੇ ਹਮਲਾਵਰ ਹਨ।

ਰੂਸ ਨੇ ਇਸਲਾਮਿਕ ਸਟੇਟ ਦੇ ਦਾਅਵੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਬਾਅਦ ਵਿੱਚ ਸੰਗਠਨ ਨੇ ਹਮਲੇ ਦੀ ਬਹੁਤ ਹੀ ਹੌਲਨਾਲ ਫੁਟੇਜ ਜਾਰੀ ਕੀਤੀ। ਬੀਬੀਸੀ ਨੇ ਵੀਡੀਓ ਦੇ ਅਸਲੀ ਹੋਣ ਦੀ ਪੁਸ਼ਟੀ ਕੀਤੀ ਹੈ।

ਵੀਡੀਓ ਵਿੱਚ ਇੱਕ ਵਿਅਕਤੀ ਕਈ ਲੋਕਾਂ ਉੱਪਰ ਬੇਦਰੇਗ਼ ਗੋਲੀਆਂ ਚਲਾਉਣਾ ਸ਼ੁਰੂ ਕਰ ਦਿੰਦਾ ਹੈ। ਬੀਬੀਸੀ ਇਸ ਵੀਡੀਓ ਨੂੰ ਪ੍ਰਸਾਰਿਤ ਨਹੀਂ ਕਰੇਗਾ।

ਟੈਲੀਵਿਜ਼ਨ ਸੰਦੇਸ਼ ਵਿੱਚ ਰੂਸ ਦੇ ਰਾਸ਼ਟਰਪਤੀ ਪੂਤਿਨ ਨੇ ਕਤਲੇਆਮ ਨੂੰ “ਬੇਰਹਿਮ ਦਹਿਸ਼ਤਗਰਦ ਕਾਰਵਾਈ” ਕਹਿੰਦਿਆਂ ਨਿੰਦਾ ਕੀਤੀ। ਇਸ ਹਮਲੇ ਨੂੰ ਰੂਸ ਦੇ ਪਿਛਲੇ ਵੀਹ ਸਾਲਾਂ ਦੇ ਇਤਿਹਾਸ ਦਾ ਸਭ ਤੋਂ ਹੌਲਨਾਕ ਹਮਲਾ ਕਿਹਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਰੂਸ ਦੀਆਂ ਸੁਰੱਖਿਆ ਏਜੰਸੀਆਂ ਮੁਤਾਬਕ ਹਮਲਾਵਰ ਯੂਕਰੇਨ ਵੱਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।

ਯੂਕਰੇਨ ਨੇ ਹਮਲੇ ਵਿੱਚ ਆਪਣੀ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਦੇ ਦਾਅਵਿਆਂ ਨੂੰ “ਬੇਬੁਨਿਆਦ” ਦੱਸਿਆ।

'ਜੇ ਉਹ ਯੂਕਰੇਨ ਵੱਲ ਜਾ ਰਹੇ ਸਨ ਤਾਂ...'

ਯੂਕਰੇਨ ਦੇ ਫੌਜੀ ਇੰਟੈਲੀਜੈਂਸ ਡਾਇਰੈਕਟੋਰੇਟ ਦੇ ਬੁਲਾਰੇ ਅੰਦਰੀਜ ਯੂਸੋਵ ਨੇ ਬੀਬੀਸੀ ਨੂੰ ਦੱਸਿਆ, “ਇਹ ਕਹਿਣਾ ਕਿ ਸ਼ੱਕੀ ਯੂਕਰੇਨ ਵੱਲ ਜਾ ਰਹੇ ਸਨ, ਤਾਂ ਉਹ ਜਾਂ ਤਾਂ ਬੇਵਕੂਫ਼ ਸਨ ਜਾਂ ਖੁਦਕੁਸ਼ ਹਮਲਾ ਕਰਨ ਵਾਲੇ ਸਨ।”

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਕਿ ਪੁਤਿਨ ਯੂਕਰੇਨ ਉੱਪਰ ਇਲਜ਼ਾਮ ਲਾਉਣਾ ਚਾਹੁੰਦੇ ਹਨ।

“ਇਹ ਪੁਤਿਨ, ਰੂਸ ਵਿੱਚ ਆਪਣੇ ਨਾਗਰਿਕਾਂ ਨਾਲ ਨਜਿੱਠਣ ਦੇ ਉਨ੍ਹਾਂ ਨੂੰ ਸੰਬੋਧਨ ਕਰਨ ਦੀ ਥਾਂ ਚੁੱਪ ਰਿਹਾ ਅਤੇ ਇਹੀ ਸੋਚਦਾ ਰਿਹਾ ਕਿ ਯੂਕਰੇਨ ਨੂੰ ਵਿੱਚ ਕਿਵੇਂ ਲਿਆਂਦਾ ਜਾਵੇ।”

ਅਮਰੀਕਾ ਦੀ ਨੈਸ਼ਨਲ ਸਕਿਊਰਿਟੀ ਕਾਊਂਸਲ ਨੇ ਕਿਹਾ ਕਿ ਉਨ੍ਹਾਂ ਨੇ ਮਾਸਕੋ ਦੇ ਥੀਏਟਰ ਵਿੱਚ ਹਮਲੇ ਸਮੇਤ ਇਕੱਠ ਵਾਲੀਆਂ ਥਾਵਾਂ ਉੱਪਰ ਹਮਲੇ ਦੀ ਸੰਭਾਵਨਾ ਬਾਰੇ ਸੂਚਿਤ ਕੀਤਾ ਸੀ।

ਉਸ ਸਮੇਂ ਰੂਸ ਨੇ ਇਸ ਚੇਤਾਵਨੀ ਨੂੰ ਅਮਰੀਕਾ ਦਾ ਰੂਸ ਦੀਆਂ ਚੋਣਾਂ ਵਿੱਚ ਦਖਲ ਦੇਣ ਦਾ ਪ੍ਰਾਪੇਗੰਡਾ ਕਹਿ ਕੇ ਰੱਦ ਕਰ ਦਿੱਤਾ ਸੀ।

ਛੇ ਹਜ਼ਾਰ ਲੋਕਾਂ ਦਾ ਇਕੱਠ ਸੀ

ਸ਼ਨਿੱਚਰਵਾਰ ਨੂੰ ਵਾਈਟ ਹਾਊਸ ਨੇ ਕਿਹਾ ਉਨ੍ਹਾਂ ਨੇ ਇਸ ਘਿਨਾਉਣੇ ਹਮਲੇ ਦੀ ਨਿੰਦਾ ਕੀਤੀ ਸੀ ਅਤੇ “ਇਸਲਾਮਿਕ ਸਟੇਟ ਨੂੰ ਇੱਕ ਸਾਂਝਾ ਦਹਿਸ਼ਤਗਰਦ ਦੁਸ਼ਮਣ” ਕਿਹਾ ਸੀ ਜਿਸ ਨੂੰ “ਹਰ ਥਾਂ ਹਰਾਇਆ ਜਾਣਾ ਚਾਹੀਦਾ ਹੈ”।

ਹਮਲਾ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ ਅੱਠ ਵਜੇ ਮਾਸਕੋ ਦੇ ਇੱਕ ਕਸਬੇ ਦੇ ਇੱਕ ਕੌਨਸਰਟ ਹਾਲ ਵਿੱਚ ਹੋਇਆ।

ਜਦੋਂ ਗੋਲੀਬਾਰੀ ਸ਼ੁਰੂ ਹੋਈ ਤਾਂ ਉੱਥੇ ਲਗਭਗ 6000 ਲੋਕਾਂ ਦਾ ਇਕੱਠ ਸੀ, ਜੋ ਕਿ ਇੱਕ ਪੁਰਾਣੇ ਬੈਂਡ ਪਿਕਨਿਕ ਨੂੰ ਸੁਣਨ ਪਹੁੰਚੇ ਸਨ।

ਇੰਟਰਨੈੱਟ ਉੱਪਰ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਹਮਲਾਵਰਾਂ ਨੇ ਕਤਾਰ ਵਿੱਚ ਖੜ੍ਹਿਆਂ ਨੇ ਹੀ ਲੋਕਾਂ ਉੱਪਰ ਬੇਦਰੇਗ਼ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਰ ਹਾਲ ਦੇ ਅੰਦਰ ਚਲੇ ਗਏ।

ਵੀਡੀਓ ਵਿੱਚ ਭੀੜ ਡਰ ਵਿੱਚ ਚੀਖਦੀ ਅਤੇ ਹਫੜਾਦਫੜੀ ਵਿੱਚ ਭੱਜਦੀ ਦੇਖੀ ਜਾ ਸਕਦੀ ਹੈ। ਜਦੋਂ ਹਮਲਾਵਰ ਹਾਲ ਦੇ ਅੰਦਰ ਦਾਖਲ ਹੋ ਗਏ ਤਾਂ ਕੁਝ ਲੋਕਾਂ ਨੂੰ ਆਪਣੀਆਂ ਸੀਟਾਂ ਦੀ ਓਟ ਲੈਂਦੇ ਦੇਖਿਆ ਜਾ ਸਕਦਾ ਹੈ।

ਸਮਝਿਆ ਜਾ ਰਿਹਾ ਹੈ ਕਿ ਬਚਣ ਦੀ ਕੋਸ਼ਿਸ਼ ਵਿੱਚ ਕੁਝ ਲੋਕ ਬੇਸਮੈਂਟ ਵੱਲ ਅਤੇ ਕੁਝ ਛੱਤ ਵੱਲ ਭੱਜੇ।

'ਉਹ ਬਸ ਸ਼ਾਂਤ ਰਹਿ ਕੇ ਚੁੱਪਚਾਪ ਗੋਲੀਆਂ ਵਰ੍ਹਾ ਰਹੇ ਸਨ'

ਕੌਨਸਰਟ ਦੇਖਣ ਆਏ ਅਨਸਤਾਸੀਆ ਰੋਡੀਓਨੋਵਾ ਨੇ ਦੱਸਿਆ,“ਉਹ ਸਿਰਫ ਤੁਰ ਰਹੇ ਸਨ ਅਤੇ ਬਹੁਤ ਸ਼ਾਂਤ ਰਹਿ ਕੇ ਚੁੱਪਚਾਪ ਲੋਕਾਂ ਉੱਪਰ ਗੋਲੀਆਂ ਵਰ੍ਹਾ ਰਹੇ ਸਨ। ਅਵਾਜ਼ ਗੂੰਜ ਰਹੀ ਸੀ ਅਤੇ ਸਾਡੇ ਸਮਝ ਨਹੀਂ ਆ ਰਿਹਾ ਸੀ ਕਿ ਕੌਣ ਕਿੱਥੇ ਸੀ।”

ਇੱਕ ਹੋਰ ਚਸ਼ਮਦੀਦ ਨੇ ਬਾਲਕੋਨੀ ਤੋਂ ਹਮਲੇ ਦਾ ਮੰਜ਼ਰ ਦੇਖਿਆ। ਉਸ ਨੇ ਦੱਸਿਆ, “ਉਨ੍ਹਾਂ ਨੇ ਕੁਝ ਪੈਟਰੋਲ ਬੰਬ ਸੁੱਟੇ ਅਤੇ ਸਾਰੇ ਕਾਸੇ ਨੂੰ ਅੱਗ ਲੱਗ ਗਈ”।

ਇਮਾਰਤ ਦੇ ਬਾਹਰ ਵੱਡੀਆਂ-ਵੱਡੀਆਂ ਲਪਟਾ ਨੇ ਅਕਾਸ਼ ਨੂੰ ਢਕ ਲਿਆ। ਬਾਅਦ ਵਿੱਚ ਦੇਖਿਆ ਗਿਆ ਕਿ ਹਾਲ ਨੇ ਅਤੇ ਇਮਾਰਤ ਦੇ ਮੁਹਾਂਦਰੇ ਨੇ ਅੱਗ ਫੜ ਲਈ।

ਰੂਸੀ ਖ਼ਬਰ ਏਜੰਸੀ ਤਾਸ ਮੁਤਾਬਕ ਲਗਭਗ ਇੱਕ ਤਿਹਾਈ ਇਮਾਰਤ ਨੇ ਅੱਗ ਫੜ ਲਈ ਸੀ।

ਹੋਰ ਖ਼ਬਰਾਂ ਵਿੱਚ ਧਮਾਕਿਆਂ ਦਾ ਜ਼ਿਕਰ ਹੈ ਜਿਨ੍ਹਾਂ ਦੀ ਸ਼ਕਤੀ ਕਾਰਨ ਉੱਪਰਲੀਆਂ ਦੋ ਮੰਜ਼ਿਲਾਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ ਸਨ।

ਹਮਲੇ ਤੋਂ ਬਾਅਦ ਉੱਥੇ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮੀ, ਸਿਹਤ ਵਰਕਰ ਭੇਜੇ ਗਏ। ਉੱਪਰੋਂ ਹੈਲੀਕਾਪਟਰਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।

ਰੂਸ ਦੀ ਜਾਂਚ ਕਮੇਟੀ ਨੇ ਕਿਹਾ ਕਿ ਹਮਲਾਵਰਾਂ ਨੇ ਕਿਸੇ ਜਲਣਸ਼ੀਲ ਤਰਲ ਦੀ ਵਰਤੋਂ ਕੀਤੀ ਅਤੇ ਪੀੜਤਾਂ ਦੀ ਮੌਤ ਗੋਲੀਆਂ ਦੇ ਜ਼ਖਮਾਂ ਅਤੇ ਧਮਾਕਾਖੇਜ ਸਮੱਗਰੀ ਦੇ ਜ਼ਹਿਰ ਕਾਰਨ ਹੋਈ।

ਸ਼ਨਿੱਚਰਵਾਰ ਨੂੰ ਹਾਲ ਦੇ ਬਾਰੇ ਇੱਕ ਆਰਜ਼ੀ ਯਾਦਗਾਰ ਬਣਾਈ ਗਈ ਜਿੱਥੇ ਪਹੁੰਚ ਕੇ ਮਾਸਕੋ ਵਾਸੀਆਂ ਨੇ ਮੋਮਬੱਤੀਆਂ ਜਗਾਈਆਂ ਅਤੇ ਫੁੱਲ ਰੱਖੇ। ਜਦਕਿ ਹੋਰ ਲੋਕ ਪੀੜਤਾਂ ਲਈ ਖੂਨ ਦਾਨ ਕਰਨ ਪਹੁੰਚੇ।

ਮਾਸਕੋ ਅਤੇ ਰੂਸ ਦੇ ਦੂਜੇ ਸ਼ਹਿਰਾਂ ਵਿੱਚ ਵੱਡੀਆਂ ਸਕਰੀਨਾਂ ਉੱਪਰ “ਅਸੀਂ ਸੋਗ ਵਿੱਚ ਹਾਂ” ਦੇ ਸੁਨੇਹੇ ਨਾਲ ਬਲਦੀ ਮੋਮਬੱਤੀ ਦੀ ਤਸਵੀਰ ਨਸ਼ਰ ਕੀਤੀ ਗਈ।

ਰਾਸ਼ਟਰਪਤੀ ਪੂਤਿਨ ਨੇ ਸ਼ਨਿੱਚਰਵਾਰ ਨੂੰ ਕੌਮੀ ਸੋਗ ਦਾ ਦਿਨ ਐਲਾਨ ਕਰਦਿਆਂ ਪੂਰੇ ਰੂਸ ਵਿੱਚ ਹਫ਼ਤੇ ਦੇ ਅੰਤ ਸਮਾਗਮਾਂ ਨੂੰ ਰੱਦ ਕਰ ਦਿੱਤਾ।

ਬ੍ਰਿਟੇਨ ਸਮੇਤ ਦੂਜੇ ਦੇਸਾਂ ਵਿੱਚ ਰੂਸੀ ਸਫਾਰਤਖਾਨਿਆਂ ਦੇ ਬਾਹਰ ਵੀ ਆਰਜ਼ੀ ਯਾਦਗਾਰਾਂ ਉੱਤੇ ਲੋਕਾਂ ਨੇ ਸ਼ਰਧਾਂਜਲੀ ਦਿੱਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)