ਇਲੈਕਟੋਰਲ ਬਾਂਡ: ਭਾਜਪਾ ਸਮੇਤ ਪਾਰਟੀਆਂ ਨੂੰ ਕਿਸ ਤੋਂ ਕਰੋੜਾਂ ਰੁਪਏ ਚੰਦਾ ਮਿਲਿਆ

    • ਲੇਖਕ, ਰਾਘਵੇਂਦਰ ਰਾਓ ਅਤੇ ਸ਼ਾਦਾਬ ਨਜ਼ਮੀ
    • ਰੋਲ, ਬੀਬੀਸੀ ਪੱਤਰਕਾਰ

ਹੈਦਰਾਬਾਦ ਸਥਿਤ ਮੇਘਾ ਇੰਜਨੀਅਰਿੰਗ ਐਂਡ ਇਨਫਰਾਸਟਰਕਚਰ ਲਿਮਿਟੇਡ (ਐੱਮਈਆਈਐੱਲ) ਨੇ ਭਾਜਪਾ ਨੂੰ 584 ਕਰੋੜ ਰੁਪਏ ਦਾ ਚੰਦਾ ਦਿੱਤਾ ਹੈ। ਐੱਮਈਆਈਐੱਲ ਨੇ ਆਪਣੇ ਕੁੱਲ ਚੰਦੇ ਦਾ 60% ਭਾਜਪਾ ਨੂੰ ਦਿੱਤਾ ਹੈ।

ਇਹ ਕਿਸੇ ਇੱਕ ਪਾਰਟੀ ਨੂੰ ਕਿਸੇ ਦਾਨੀ ਵੱਲੋਂ ਦਿੱਤਾ ਗਿਆ ਸਭ ਤੋਂ ਵੱਡਾ ਚੰਦਾ ਹੈ। ਇਸ ਤੋਂ ਇਲਾਵਾ ਐੱਮਈਆਈਐੱਲ ਨੇ ਤੇਲੰਗਾਨਾ ਵਿੱਚ ਕੇਸੀਆਰ ਦੀ ਪਾਰਟੀ ਭਾਰਤ ਰਾਸ਼ਟਰ ਸਮਿਤੀ ਨੂੰ 195 ਕਰੋੜ ਰੁਪਏ ਦਿੱਤੇ ਹਨ। ਇਹ ਰਕਮ ਉਸ ਦੇ ਕੁੱਲ ਦਾਨ ਦਾ 20% ਹੈ।

ਤਮਿਲ ਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਦੀ ਪਾਰਟੀ ਡੀਐੱਮਕੇ ਨੂੰ ਐੱਮਈਆਈਐੱਲ ਤੋਂ 85 ਕਰੋੜ ਰੁਪਏ ਮਿਲੇ ਹਨ। ਇਸ ਦੀ ਸਹਾਇਕ ਕੰਪਨੀ ਪੱਛਮੀ ਯੂਪੀ ਪਾਵਰ ਟਰਾਂਸਮਿਸ਼ਨ ਕੰਪਨੀ ਲਿਮਟਿਡ ਨੇ ਕਾਂਗਰਸ ਨੂੰ 110 ਕਰੋੜ ਰੁਪਏ ਅਤੇ ਭਾਜਪਾ ਨੂੰ 80 ਕਰੋੜ ਰੁਪਏ ਦਿੱਤੇ ਹਨ।

ਚੋਣ ਕਮਿਸ਼ਨ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਨਾਲ ਇਹ ਸਾਰੀ ਜਾਣਕਾਰੀ ਜਨਤਕ ਹੋ ਗਈ ਹੈ ਕਿ ਕਿਹੜੀ ਪਾਰਟੀ ਨੂੰ ਇਲੈਕਟੋਰਲ ਬਾਂਡਾਂ ਰਾਹੀਂ ਕਿੰਨੀ ਵੱਡੀ ਰਕਮ ਮਿਲੀ ਹੈ। ਇਹ ਡੇਟਾ 12 ਅਪ੍ਰੈਲ 2019 ਤੋਂ 24 ਜਨਵਰੀ 2024 ਤੱਕ ਖਰੀਦੇ ਗਏ ਇਲੈਕਟੋਰਲ ਬਾਂਡ ਦਾ ਹੈ।

ਲਾਟਰੀ ਕਿੰਗ ਵਜੋਂ ਮਸ਼ਹੂਰ ਸੈਂਟੀਆਗੋ ਮਾਰਟਿਨ ਦੇ ਫਿਊਚਰ ਗੇਮਿੰਗ ਅਤੇ ਹੋਟਲ ਸਰਵਿਸਿਜ਼ ਪੀਆਰ ਨੇ ਸਭ ਤੋਂ ਵੱਧ 542 ਕਰੋੜ ਰੁਪਏ ਤ੍ਰਿਣਮੂਲ ਕਾਂਗਰਸ ਨੂੰ ਚੰਦਾ ਦਿੱਤਾ ਹੈ। ਫਿਊਚਰ ਗੇਮਿੰਗ ਐਂਡ ਹੋਟਲ ਸਰਵਿਸਿਜ਼ ਨੇ 1,368 ਕਰੋੜ ਰੁਪਏ ਦੇ ਇਲੈਕਟੋਰਲ ਬਾਂਡ ਖਰੀਦੇ ਸਨ।

ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੂੰ ਇਸ ਰਕਮ ਦਾ 39.6%, ਡੀਐੱਮਕੇ ਨੂੰ 36.7% (503 ਕਰੋੜ ਰੁਪਏ) ਜਦਕਿ ਵਾਈਐੱਸਆਰ ਕਾਂਗਰਸ ਪਾਰਟੀ ਨੂੰ 154 ਕਰੋੜ ਰੁਪਏ ਮਿਲੇ ਹਨ। ਜਦਕਿ ਭਾਜਪਾ ਨੂੰ ਇਸ ਕੰਪਨੀ ਤੋਂ 100 ਕਰੋੜ ਰੁਪਏ ਮਿਲੇ ਹਨ।

ਸੁਪਰੀਮ ਕੋਰਟ ਨੇ ਭਾਰਤੀ ਸਟੇਟ ਬੈਂਕ ਨੂੰ 21 ਮਾਰਚ ਤੱਕ ਇਲੈਕਟੋਰਲ ਬਾਂਡਾਂ ਦੇ ਅਲਫ਼ਾ ਨਿਊਮੈਰਿਕ ਨੰਬਰ ਜਾਰੀ ਕਰਨ ਲਈ ਕਿਹਾ ਸੀ। ਇਨ੍ਹਾਂ ਅਲਫ਼ਾ ਨਿਊਮੈਰਿਕ ਨੰਬਰਾਂ ਦੀ ਵਰਤੋਂ ਇਹ ਪਤਾ ਕਰਨ ਲਈ ਕੀਤੀ ਜਾਣੀ ਸੀ ਕਿ ਕਿਹੜੀ ਸਿਆਸੀ ਪਾਰਟੀ ਨੇ ਕਿਸ ਕੰਪਨੀ ਜਾਂ ਵਿਅਕਤੀ ਤੋਂ ਕਿੰਨੀ ਰਕਮ ਚੰਦੇ ਵਜੋਂ ਪ੍ਰਾਪਤ ਕੀਤੀ ਹੈ। ਸੁਪਰੀਮ ਕੋਰਟ ਦੇ ਨਵੇਂ ਹੁਕਮਾਂ ਤੋਂ ਪਹਿਲਾਂ ਐੱਸਬੀਆਈ ਅਲਫ਼ਾ ਨਿਊਮੈਕਿਰ ਨੰਬਰ ਦੇਣ ਤੋਂ ਬਚ ਰਿਹਾ ਸੀ।

ਪਹਿਲੇ ਸੈੱਟ ਵਿੱਚ 386 ਪੰਨਿਆਂ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਕਿਹੜੀ ਕੰਪਨੀ ਨੇ ਕਿੰਨੀ ਤਰੀਕ ਨੂੰ ਕਿੰਨੇ ਰੁਪਏ ਦੇ ਇਲੈਕਟੋਰਲ ਬਾਂਡ ਖਰੀਦੇ ਹਨ। ਇਸ ਸੂਚੀ ਵਿੱਚ ਇਲੈਕਟੋਰਲ ਬਾਂਡ ਦਾ ਨੰਬਰ ਅਤੇ ਇਸ ਨੂੰ ਜਾਰੀ ਕਰਨ ਵਾਲੀ ਸ਼ਾਖਾ ਦਾ ਕੋਡ ਵੀ ਦਿੱਤਾ ਗਿਆ ਹੈ।

ਦੂਜੇ ਸੈੱਟ ਵਿੱਚ 552 ਪੰਨਿਆਂ ਵਿੱਚ ਸੂਚੀਬੱਧ ਤਰੀਕੇ ਨਾਲ ਦੱਸਿਆ ਗਿਆ ਹੈ ਕਿ ਕਿਸ ਸਿਆਸੀ ਪਾਰਟੀ ਨੇ ਕਿੰਨੀ ਤਰੀਕ ਨੂੰ ਕਿੰਨੇ ਰੁਪਏ ਦੇ ਇਲੈਕਟੋਰਲ ਬਾਂਡ ਭੁਨਾਏ। ਇਸ ਸੂਚੀ ਵਿੱਚ ਬਾਂਡ ਨੰਬਰ ਵੀ ਦਿੱਤਾ ਗਿਆ ਹੈ।

ਕਿਹੜੀ ਪਾਰਟੀ ਨੂੰ ਕਿਸ ਤੋਂ ਕਿੰਨਾ ਚੰਦਾ ਮਿਲਿਆ?

ਭਾਰਤੀ ਜਨਤਾ ਪਾਰਟੀ

  • ਮੇਘਾ ਇੰਜਨੀਅਰਿੰਗ ਐਂਡ ਇਨਫਰਾਸਟਰਕਚਰ ਲਿਮਟਿਡ ਉਹ ਕੰਪਨੀ ਹੈ ਜਿਸ ਨੇ ਭਾਜਪਾ ਨੂੰ ਸਭ ਤੋਂ ਵੱਧ ਚੰਦਾ ਦਿੱਤਾ ਹੈ।
  • ਇਸ ਕੰਪਨੀ ਨੇ ਚੋਣ ਬਾਂਡ ਰਾਹੀਂ ਪਾਰਟੀ ਨੂੰ 584 ਕਰੋੜ ਰੁਪਏ ਦਿੱਤੇ ਸਨ।
  • ਕਵਿੱਕ ਸਪਲਾਈ ਚੇਨ ਪ੍ਰਾਈਵੇਟ ਲਿਮਟਿਡ ਨੇ ਚੋਣ ਬਾਂਡ ਰਾਹੀਂ ਭਾਜਪਾ ਨੂੰ 375 ਕਰੋੜ ਰੁਪਏ ਦਿੱਤੇ।
  • ਵੇਦਾਂਤਾ ਲਿਮਟਿਡ ਨੇ ਭਾਜਪਾ ਨੂੰ 230.15 ਕਰੋੜ ਰੁਪਏ ਦਾਨ ਕੀਤੇ ਹਨ।

ਤ੍ਰਿਣਮੂਲ ਕਾਂਗਰਸ

  • ਫਿਊਚਰ ਗੇਮਿੰਗ ਐਂਡ ਹੋਟਲ ਸਰਵਿਸਿਜ਼ ਨੇ ਤ੍ਰਿਣਮੂਲ ਕਾਂਗਰਸ ਨੂੰ 542 ਕਰੋੜ ਰੁਪਏ ਦਾਨ ਕੀਤੇ ਹਨ।
  • ਹਲਦੀਆ ਐਨਰਜੀ ਨੇ ਇਸ ਪਾਰਟੀ ਨੂੰ 281 ਕਰੋੜ ਰੁਪਏ ਦਿੱਤੇ ਹਨ।
  • ਧਾਰੀਵਾਲ ਇਨਫਰਾਸਟਰਕਚਰ ਲਿਮਟਿਡ ਨੇ ਤ੍ਰਿਣਮੂਲ ਕਾਂਗਰਸ ਨੂੰ 90 ਕਰੋੜ ਰੁਪਏ ਦਾ ਚੰਦਾ ਦਿੱਤਾ।

ਕਾਂਗਰਸ ਪਾਰਟੀ

  • ਕਾਂਗਰਸ ਨੂੰ ਵੇਦਾਂਤਾ ਲਿਮਟਿਡ ਤੋਂ ਸਭ ਤੋਂ ਵੱਧ ਚੰਦਾ ਮਿਲਿਆ। ਕੰਪਨੀ ਨੇ ਕਾਂਗਰਸ ਨੂੰ 125 ਕਰੋੜ ਰੁਪਏ ਚੰਦਾ ਦਿੱਤਾ।
  • ਵੈਸਟਰਨ ਯੂਪੀ ਪਾਵਰ ਟਰਾਂਸਮਿਸ਼ਨ ਨੇ ਕਾਂਗਰਸ ਨੂੰ 110 ਕਰੋੜ ਰੁਪਏ ਦਿੱਤੇ।
  • ਐੱਮਕੇਜੇ ਇੰਟਰਪ੍ਰਾਈਜਿਜ਼ ਨੇ ਕਾਂਗਰਸ ਨੂੰ 91.6 ਕਰੋੜ ਰੁਪਏ ਦਿੱਤੇ

ਭਾਰਤ ਰਾਸ਼ਟਰ ਸਮਿਤੀ

  • ਮੇਘਾ ਇੰਜੀਨੀਅਰਿੰਗ ਨੇ ਤੇਲੰਗਾਨਾ ਦੀ ਇਸ ਪਾਰਟੀ ਨੂੰ 195 ਕਰੋੜ ਰੁਪਏ ਦਿੱਤੇ।
  • ਯਸ਼ੋਦਾ ਹਸਪਤਾਲ ਨੇ ਇਸ ਪਾਰਟੀ ਨੂੰ 94 ਕਰੋੜ ਰੁਪਏ ਦਿੱਤੇ।
  • ਚੇਨਈ ਗ੍ਰੀਨ ਵੁਡਸ ਨੇ ਇਸ ਪਾਰਟੀ ਨੂੰ 50 ਕਰੋੜ ਰੁਪਏ ਦਿੱਤੇ।

ਮੇਘਾ ਇੰਜੀਨੀਅਰਿੰਗ

ਹੈਦਰਾਬਾਦ ਸਥਿਤ ਮੇਘਾ ਇੰਜੀਨੀਅਰਿੰਗ ਨੇ ਪੰਜ ਸਾਲਾਂ ਦੀ ਮਿਆਦ ਵਿੱਚ ਕੁੱਲ 966 ਕਰੋੜ ਰੁਪਏ ਦੇ ਬਾਂਡ ਖਰੀਦੇ ਹਨ।

ਕੰਪਨੀ ਦਾ ਪੂਰਾ ਨਾਮ ਮੇਘਾ ਇੰਜੀਨੀਅਰਿੰਗ ਐਂਡ ਇਨਫਰਾਸਟ੍ਰਕਚਰ ਲਿਮਿਟੇਡ (ਐੱਮਈਆਈਐੱਲ) ਹੈ। ਇਹ ਇੱਕ ਛੋਟੀ ਕੰਟਰੈਕਟਿੰਗ ਕੰਪਨੀ ਦੇ ਰੂਪ ਵਿੱਚ ਸ਼ੁਰੂ ਹੋਈ ਸੀ, ਜੋ ਹੁਣ ਦੇਸ਼ ਵਿੱਚ ਸਭ ਤੋਂ ਵੱਡੀ ਬੁਨਿਆਦੀ ਢਾਂਚਾ ਕੰਪਨੀਆਂ ਵਿੱਚੋਂ ਇੱਕ ਵਜੋਂ ਉਭਰੀ ਹੈ।

ਇਹ ਕੰਪਨੀ ਮੁੱਖ ਤੌਰ 'ਤੇ ਸਰਕਾਰੀ ਪ੍ਰੋਜੈਕਟਾਂ ਉੱਤੇ ਕੰਮ ਕਰਦੀ ਹੈ। ਇਸ ਕੰਪਨੀ ਨੇ ਤੇਲੰਗਾਨਾ ਵਿੱਚ ਕਲੇਸ਼ਵਰਮ ਉਪਸਾ ਸਿੰਚਾਈ ਪ੍ਰੋਜੈਕਟ ਦੇ ਮੁੱਖ ਹਿੱਸੇ ਦਾ ਨਿਰਮਾਣ ਕੀਤਾ ਹੈ।

ਮੇਘਾ ਇੰਜੀਨੀਅਰਿੰਗ ਐਂਡ ਇਨਫਰਾਸਟਰਕਚਰ ਮਹਾਰਾਸ਼ਟਰ ਵਿੱਚ ਠਾਣੇ-ਬੋਰੀਵਲੀ ਦੂਹਰੀ ਸੁਰੰਗ ਪ੍ਰੋਜੈਕਟ ਦਾ ਕੰਮ ਸੰਭਾਲ ਰਹੀ ਹੈ। ਇਹ 14 ਹਜ਼ਾਰ ਕਰੋੜ ਰੁਪਏ ਦਾ ਪ੍ਰਾਜੈਕਟ ਹੈ।

ਕੰਪਨੀ ਨੇ ਸਿੰਚਾਈ, ਆਵਾਜਾਈ, ਬਿਜਲੀ ਵਰਗੇ ਕਈ ਖੇਤਰਾਂ ਵਿੱਚ ਆਪਣਾ ਕਾਰੋਬਾਰ ਦਾ ਵਾਧਾ ਕੀਤਾ ਹੈ। ਇਸ ਸਮੇਂ ਕੰਪਨੀ ਲਗਭਗ 15 ਸੂਬਿਆਂ ਵਿੱਚ ਆਪਣਾ ਕਾਰੋਬਾਰ ਕਰ ਰਹੀ ਹੈ।

ਕੰਪਨੀ ਓਲੈਕਟਰਾ ਇਲੈਕਟ੍ਰਿਕ ਬੱਸ ਦਾ ਵੀ ਨਿਰਮਾਣ ਕਰ ਰਹੀ ਹੈ।

ਰੇਟਿੰਗ ਫਰਮ ਬਰਗੰਡੀ ਪ੍ਰਾਈਵੇਟ ਅਤੇ ਹੁਰੁਨ ਇੰਡੀਆ ਦੇ ਅਨੁਸਾਰ, ਮੇਘਾ ਇੰਜੀਨੀਅਰਿੰਗ ਅਤੇ ਇਨਫਰਾਸਟਰਕਰ ਭਾਰਤ ਦੀਆਂ ਚੋਟੀ ਦੀਆਂ 10 ਗੈਰ-ਸੂਚੀਬੱਧ ਕੰਪਨੀਆਂ ਵਿੱਚੋਂ ਤੀਜੇ ਸਥਾਨ ਉੱਤੇ ਹੈ।

ਮੇਘਾ ਕੰਪਨੀ ਨੇ ਚੋਣ ਬਾਂਡ ਦੇ ਰੂਪ ਵਿੱਚ ਕਿਸ ਪਾਰਟੀ ਨੂੰ ਕਿੰਨਾ ਪੈਸਾ ਦਿੱਤਾ ਹੈ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।

ਕੰਪਨੀ ਦੀ ਸ਼ੁਰੂਆਤ 1989 ਵਿੱਚ ਪਾਮੀਰੇਡੀ ਪਿਚੀ ਰੈੱਡੀ ਵੱਲੋਂ ਕੀਤੀ ਗਈ ਸੀ, ਜੋ ਕ੍ਰਿਸ਼ਨਾ ਜ਼ਿਲ੍ਹੇ ਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਸੀ।

ਪਿਚੀ ਰੈੱਡੀ ਦਾ ਰਿਸ਼ਤੇਦਾਰ ਪੁਰੀਪਤੀ ਵੈਂਕਟ ਕ੍ਰਿਸ਼ਨ ਰੈੱਡੀ ਕੰਪਨੀ ਦਾ ਡਾਇਰੈਕਟਰ ਹੈ। ਦਸ ਤੋਂ ਘੱਟ ਲੋਕਾਂ ਨਾਲ ਸ਼ੁਰੂ ਹੋਈ ਇਸ ਕੰਪਨੀ ਦਾ ਪਿਛਲੇ ਪੰਜ ਸਾਲਾਂ ਵਿੱਚ ਕਾਫੀ ਵਿਸਥਾਰ ਹੋਇਆ ਹੈ। ਹੁਣ ਇਸ ਦਾ ਕਾਰੋਬਾਰ ਦੇਸ ਦੇ ਹੋਰ ਹਿੱਸਿਆਂ ਵਿੱਚ ਫੈਲ ਗਿਆ ਹੈ।

ਮੇਘਾ ਇੰਜਨੀਅਰਿੰਗ ਐਂਟਰਪ੍ਰਾਈਜ਼ਿਜ਼ ਵਜੋਂ ਸ਼ੁਰੂ ਹੋਈ ਇਹ ਕੰਪਨੀ 2006 ਵਿੱਚ ਮੇਘਾ ਇੰਜਨੀਅਰਿੰਗ ਐਂਡ ਇਨਫਰਾਸਟਰਕਚਰ ਕੰਪਨੀ ਬਣ ਗਈ।

ਕੰਪਨੀ ਨੇ ਬਾਲਾਨਗਰ, ਹੈਦਰਾਬਾਦ ਵਿੱਚ ਆਪਣਾ ਪਹਿਲਾ ਦਫ਼ਤਰ ਖੋਲ੍ਹਿਆ ਸੀ। ਸ਼ੁਰੂ ਵਿੱਚ ਕੰਪਨੀ ਸਿਰਫ਼ ਪਾਈਪ ਲਾਈਨ ਵਿਛਾਉਣ ਦਾ ਕੰਮ ਕਰਦੀ ਸੀ ਪਰ 2014 ਤੋਂ ਬਾਅਦ ਕੰਪਨੀ ਦੀ ਕਿਸਮਤ ਬਦਲ ਗਈ।

ਤੇਲੰਗਾਨਾ ਬਣਨ ਤੋਂ ਬਾਅਦ ਇਸ ਕੰਪਨੀ ਨੂੰ ਵੱਡੇ ਸਿੰਚਾਈ ਪ੍ਰਾਜੈਕਟਾਂ ਦੇ ਠੇਕੇ ਮਿਲੇ। ਜਲਦੀ ਹੀ ਕੰਪਨੀ ਆਂਧਰਾ ਪ੍ਰਦੇਸ਼ ਅਤੇ ਉੱਤਰੀ ਭਾਰਤੀ ਰਾਜਾਂ ਵਿੱਚ ਫੈਲ ਗਈ।

ਫਿਊਚਰ ਗੇਮਿੰਗ ਐਂਡ ਹੋਟਲ ਸਰਵਿਸਿਜ਼ ਨੇ ਅਕਤੂਬਰ 2021 ਵਿੱਚ ਇਲੈਕਟੋਰਲ ਬਾਂਡ ਦੀ ਸਭ ਤੋਂ ਵੱਡੀ ਖੇਪ ਖਰੀਦੀ ਜਦੋਂ ਉਸਨੇ 195 ਕਰੋੜ ਰੁਪਏ ਦੇ ਇਲੈਕਟੋਰਲ ਬਾਂਡ ਖਰੀਦੇ।

ਇਸ ਕੰਪਨੀ ਨੇ ਜਨਵਰੀ 2022 ਵਿੱਚ ਦੋ ਵਾਰ 210 ਕਰੋੜ ਰੁਪਏ ਦੇ ਇਲੈਕਟੋਰਲ ਬਾਂਡ ਖਰੀਦੇ। ਕੰਪਨੀ ਦੀ ਸਭ ਤੋਂ ਤਾਜ਼ਾ ਖਰੀਦ ਇਸ ਸਾਲ ਜਨਵਰੀ ਵਿੱਚ ਕੀਤੀ ਗਈ ਸੀ ਜਦੋਂ ਉਸਨੇ 63 ਕਰੋੜ ਰੁਪਏ ਦੇ ਇਲੈਕਟੋਰਲ ਬਾਂਡ ਖਰੀਦੇ ਸਨ। ਫਿਊਚਰ ਗੇਮਿੰਗ ਐਂਡ ਹੋਟਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨੂੰ 30 ਦਸੰਬਰ 1991 ਨੂੰ ਬਣਾਇਆ ਗਿਆ ਸੀ।

ਇਸ ਕੰਪਨੀ ਦਾ ਰਜਿਸਟਰਡ ਪਤਾ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਹੈ, ਪਰ ਜਿਸ ਪਤੇ ਉੱਤੇ ਇਸ ਦੀਆਂ ਬਹੀਆਂ ਰੱਖੀਆਂ ਗਈਆਂ ਹਨ, ਉਹ ਕੋਲਕਾਤਾ ਵਿੱਚ ਹੈ। ਇਹ ਕੰਪਨੀ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਨਹੀਂ ਹੈ।

ਇਸ ਕੰਪਨੀ ਦੀ ਵੈੱਬਸਾਈਟ ਉੱਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, ਫਿਊਚਰ ਗੇਮਿੰਗ ਐਂਡ ਹੋਟਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨੂੰ ਪਹਿਲਾਂ ਮਾਰਟਿਨ ਲਾਟਰੀ ਏਜੰਸੀਜ਼ ਲਿਮਿਟੇਡ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

ਇਸ ਜਾਣਕਾਰੀ ਦੇ ਅਨੁਸਾਰ, ਇਹ ਕੰਪਨੀ ਦੋ ਅਰਬ ਅਮਰੀਕੀ ਡਾਲਰ ਤੋਂ ਤੋਂ ਵੱਧ ਦੇ ਟਰਨਓਵਰ ਦੇ ਨਾਲ ਭਾਰਤ ਦੇ ਲਾਟਰੀ ਉਦਯੋਗ ਵਿੱਚ ਇੱਕ ਪ੍ਰਮੁੱਖ ਖਿਡਾਰੀ ਹੈ।

ਕੰਪਨੀ ਦੀ ਵੈੱਬਸਾਈਟ ਦੇ ਅਨੁਸਾਰ, 1991 ਵਿੱਚ ਹੋਂਦ ਵਿੱਚ ਆਉਣ ਤੋਂ ਬਾਅਦ, ਫਿਊਚਰ ਗੇਮਿੰਗ ਵੱਖ-ਵੱਖ ਸੂਬਾ ਸਰਕਾਰਾਂ ਦੀਆਂ ਰਵਾਇਤੀ ਕਾਗਜ਼ੀ ਲਾਟਰੀਆਂ ਦੀ ਵੰਡ ਵਿੱਚ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ। ਸੈਂਟੀਆਗੋ ਮਾਰਟਿਨ ਇਸ ਕੰਪਨੀ ਦੇ ਚੇਅਰਮੈਨ ਹਨ। ਮਾਰਟਿਨ ਨੂੰ 'ਲਾਟਰੀ ਕਿੰਗ' ਵੀ ਕਿਹਾ ਜਾਂਦਾ ਹੈ।

ਕੰਪਨੀ ਦੇ ਅਨੁਸਾਰ, ਮਾਰਟਿਨ ਨੇ 13 ਸਾਲ ਦੀ ਉਮਰ ਵਿੱਚ ਲਾਟਰੀ ਉਦਯੋਗ ਵਿੱਚ ਪੈਰ ਰੱਖਿਆ ਸੀ ਅਤੇ ਉਨ੍ਹਾਂ ਨੇ ਪੂਰੇ ਭਾਰਤ ਵਿੱਚ ਲਾਟਰੀ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਦਾ ਇੱਕ ਵਿਸ਼ਾਲ ਨੈੱਟਵਰਕ ਬਣਾਇਆ। ਕੰਪਨੀ ਦੀ ਵੈੱਬਸਾਈਟ ਮੁਤਾਬਕ ਮਾਰਟਿਨ ਨੂੰ ਕਈ ਵਾਰ ਦੇਸ ਵਿੱਚ ਸਭ ਤੋਂ ਵੱਧ ਆਮਦਨ ਕਰ ਦਾਤਾ ਦਾ ਖਿਤਾਬ ਮਿਲਿਆ ਹੈ।

ਮਾਰਟਿਨ ਚੈਰੀਟੇਬਲ ਟਰੱਸਟ ਦੀ ਵੈੱਬਸਾਈਟ ਮੁਤਾਬਕ ਕਾਰੋਬਾਰੀ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਮਾਰਟਿਨ ਨੇ ਸਭ ਤੋਂ ਪਹਿਲਾਂ ਮਿਆਂਮਾਰ ਦੇ ਯਾਂਗੂਨ ਸ਼ਹਿਰ ਵਿੱਚ ਮਜ਼ਦੂਰ ਵਜੋਂ ਆਪਣਾ ਜੀਵਨ ਸ਼ੁਰੂ ਕੀਤਾ ਸੀ।

ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਮਾਮੂਲੀ ਜਿਹੀ ਤਨਖਾਹ ਕਮਾਉਂਦੇ ਸੀ। "ਬਾਅਦ ਵਿੱਚ, ਉਹ ਭਾਰਤ ਵਾਪਸ ਆ ਗਏ, ਜਿੱਥੇ ਉਨ੍ਹਾਂ ਨੇ 1988 ਵਿੱਚ ਤਾਮਿਲਨਾਡੂ ਵਿੱਚ ਆਪਣਾ ਲਾਟਰੀ ਕਾਰੋਬਾਰ ਸ਼ੁਰੂ ਕੀਤਾ। ਹੌਲੀ-ਹੌਲੀ ਕਰਨਾਟਕ ਅਤੇ ਕੇਰਲ ਤੱਕ ਫੈਲਿਆ।"

(ਬੀਬੀਸੀ ਪੰਜਾਬੀ ਨਾਲFACEBOOK, INSTAGRAM, TWITTERਅਤੇ YouTube 'ਤੇ ਜੁੜੋ।)