'ਪਹਿਲਾਂ ਘਰ ਦਾ ਮਲਬਾ ਸਾਫ਼ ਕਰਾਂਗਾ ਤਾਂ ਜੋ ਦਾਦਾ-ਦਾਦੀ ਦੀਆਂ ਲਾਸ਼ਾਂ ਲੱਭ ਸਕਾਂ', ਜੰਗਬੰਦੀ ਸਮਝੌਤੇ ਨਾਲ ਕੀ ਬਦਲਣਗੇ ਗਾਜ਼ਾ ਦੇ ਹਾਲਾਤ

7 ਅਕਤੂਬਰ, 2023 ਨੂੰ ਹਮਾਸ ਦੇ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਇਜ਼ਰਾਈਲ ਨੇ ਗਾਜ਼ਾ ਵਿੱਚ ਜ਼ਿਆਦਾਤਰ ਇਮਾਰਤਾਂ ਅਤੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ

ਤਸਵੀਰ ਸਰੋਤ, Anadolu via Getty Images

ਤਸਵੀਰ ਕੈਪਸ਼ਨ, 7 ਅਕਤੂਬਰ, 2023 ਨੂੰ ਹਮਾਸ ਦੇ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਇਜ਼ਰਾਈਲ ਨੇ ਗਾਜ਼ਾ ਵਿੱਚ ਜ਼ਿਆਦਾਤਰ ਇਮਾਰਤਾਂ ਅਤੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਸਨ
    • ਲੇਖਕ, ਕੈਥਰੀਨ ਹੀਥਵੁੱਡ
    • ਰੋਲ, ਬੀਬੀਸੀ ਵਰਲਡ ਸਰਵਿਸ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਇਜ਼ਰਾਈਲ ਅਤੇ ਹਮਾਸ ਉਨ੍ਹਾਂ ਦੀ 20-ਨੁਕਾਤੀ ਗਾਜ਼ਾ ਜੰਗਬੰਦੀ ਸਮਝੌਤੇ ਦੇ ਪਹਿਲੇ ਪੜਾਅ 'ਤੇ ਸਹਿਮਤ ਹੋ ਗਏ ਹਨ।

ਵੀਰਵਾਰ ਨੂੰ ਐਲਾਨੇ ਗਏ ਸ਼ੁਰੂਆਤੀ ਸਮਝੌਤੇ ਦੇ ਤਹਿਤ ਸਾਰੇ ਬਾਕੀ ਬਚੇ ਇਜ਼ਰਾਈਲੀ ਬੰਧਕਾਂ ਅਤੇ ਸੈਂਕੜੇ ਫਲਸਤੀਨੀ ਕੈਦੀਆਂ ਦੀ ਰਿਹਾਈ, ਇਜ਼ਰਾਈਲੀ ਫੌਜਾਂ ਦੀ ਵਾਪਸੀ ਅਤੇ ਗਾਜ਼ਾ ਵਿੱਚ ਸਹਾਇਤਾ ਸਮੱਗਰੀ ਦੀ ਪਹੁੰਚ ਹੋਣ ਦੀ ਉਮੀਦ ਹੈ। ਇਨ੍ਹਾਂ ਕਦਮਾਂ ਦੇ ਵੇਰਵੇ ਅਤੇ ਸਮਾਂ-ਸੀਮਾ ਅਜੇ ਸਪਸ਼ਟ ਨਹੀਂ ਹੈ।

ਹਮਾਸ ਨੇ 7 ਅਕਤੂਬਰ, 2023 ਨੂੰ ਹਮਲਾ ਕੀਤਾ ਸੀ, ਜਿਸ ਵਿੱਚ ਲਗਭਗ 1,200 ਲੋਕ ਮਾਰੇ ਗਏ ਸਨ ਅਤੇ 251 ਹੋਰਾਂ ਨੂੰ ਬੰਧਕ ਬਣਾਇਆ ਗਿਆ ਸੀ। ਲੰਘੇ ਮੰਗਲਵਾਰ ਨੂੰ ਇਸ ਹਮਲੇ ਨੂੰ 2 ਸਾਲ ਪੂਰੇ ਹੋ ਗਏ ਹਨ।

ਇਹ ਸਮਝੌਤਾ ਅਜੇ ਵੀ ਆਪਣੇ ਸ਼ੁਰੂਆਤੀ ਪੜਾਵਾਂ ਵਿੱਚ ਹੈ ਅਤੇ ਗਾਜ਼ਾ ਵਿੱਚ ਹੁਣ ਅੱਗੇ ਕੀ ਹੋਵੇਗਾ, ਇਸ ਦੇ ਬਹੁਤ ਸਾਰੇ ਵੇਰਵਿਆਂ ਨੂੰ ਅੰਤਿਮ ਰੂਪ ਦੇਣਾ ਅਜੇ ਬਾਕੀ ਹੈ।

ਟਰੰਪ ਦੀ ਯੋਜਨਾ ਦੇ ਤਹਿਤ ਗਾਜ਼ਾ ਦੀ ਕਮਾਨ ਕਿਸ ਦੇ ਹੱਥ ਹੋਵੇਗੀ

ਹਮਾਸ ਦੁਆਰਾ ਚਲਾਏ ਜਾ ਰਹੇ ਗਾਜ਼ਾ ਦੇ ਸਰਕਾਰੀ ਸਿਹਤ ਮੰਤਰਾਲੇ ਅਨੁਸਾਰ, ਯੁੱਧ ਵਿੱਚ 67,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਆਮ ਨਾਗਰਿਕ ਹਨ - ਜਿਨ੍ਹਾਂ ਵਿੱਚ 18,000 ਤੋਂ ਵੱਧ ਬੱਚੇ ਸ਼ਾਮਲ ਹਨ

ਤਸਵੀਰ ਸਰੋਤ, Anadolu via Getty Images

ਤਸਵੀਰ ਕੈਪਸ਼ਨ, ਹਮਾਸ ਦੁਆਰਾ ਚਲਾਏ ਜਾ ਰਹੇ ਗਾਜ਼ਾ ਦੇ ਸਰਕਾਰੀ ਸਿਹਤ ਮੰਤਰਾਲੇ ਅਨੁਸਾਰ, ਯੁੱਧ ਵਿੱਚ 67,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ

ਟਰੰਪ ਦੀ ਯੋਜਨਾ 'ਚ ਪ੍ਰਸਤਾਵ ਹੈ ਕਿ ਗਾਜ਼ਾ ਨੂੰ ਫਲਸਤੀਨੀ ਟੈਕਨੋਕਰੇਟਸ ਦੀ ਇੱਕ ਅਸਥਾਈ ਪਰਿਵਰਤਨਸ਼ੀਲ ਕਮੇਟੀ ਦੁਆਰਾ ਚਲਾਇਆ ਜਾਵੇ - ਜਿਸਦੀ ਨਿਗਰਾਨੀ ਇੱਕ "ਸ਼ਾਂਤੀ ਬੋਰਡ" ਦੁਆਰਾ ਕੀਤੀ ਜਾਵੇਗੀ, ਜਿਸ ਦੀ ਪ੍ਰਧਾਨਗੀ ਡੌਨਲਡ ਟਰੰਪ ਕੋਲ ਹੋਵੇਗੀ ਅਤੇ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਵੀ ਇਸ 'ਚ ਸ਼ਾਮਲ ਹਨ।

ਟਰੰਪ ਦੀ ਟੀਮ ਦੁਆਰਾ ਜਾਰੀ ਕੀਤੀ ਗਈ ਯੋਜਨਾ ਦੇ ਲਿਖਤੀ ਵੇਰਵਿਆਂ ਅਨੁਸਾਰ, ਜਦੋਂ ਅਥਾਰਟੀ "ਆਪਣੇ ਸੁਧਾਰ ਪ੍ਰੋਗਰਾਮ ਨੂੰ ਪੂਰਾ ਕਰ ਲਵੇਗੀ" ਇੱਥੋਂ ਦਾ ਸ਼ਾਸਨ ਅੰਤ ਵਿੱਚ ਫਲਸਤੀਨੀ ਅਥਾਰਟੀ ਨੂੰ ਸੌਂਪ ਦਿੱਤਾ ਜਾਵੇਗਾ।

ਗਾਜ਼ਾ ਦੇ ਭਵਿੱਖ ਦੇ ਸ਼ਾਸਨ ਵਿੱਚ ਹਮਾਸ ਦੀ ਕੋਈ ਸਿੱਧੀ ਜਾਂ ਅਸਿੱਧੀ ਭੂਮਿਕਾ ਨਹੀਂ ਹੋਵੇਗੀ।

ਯੋਜਨਾ ਵਿੱਚ ਕਿਹਾ ਗਿਆ ਹੈ ਕਿ ਜੇਕਰ ਹਮਾਸ ਦੇ ਮੈਂਬਰ ਸ਼ਾਂਤੀਪੂਰਨ ਢੰਗ ਨਾਲ ਰਹਿਣ ਲਈ ਵਚਨਬੱਧ ਹਨ ਤਾਂ ਉਨ੍ਹਾਂ ਨੂੰ ਆਮ ਮੁਆਫ਼ੀ ਦਿੱਤੀ ਜਾਵੇਗੀ ਜਾਂ ਕਿਸੇ ਹੋਰ ਦੇਸ਼ 'ਚ ਜਾਣ ਦਾ ਸੁਰੱਖਿਅਤ ਨਿਕਾਸੀ ਰਸਤਾ ਦਿੱਤਾ ਜਾਵੇਗਾ।

ਇਸ ਦਾ ਗਾਜ਼ਾ ਦੇ ਲੋਕਾਂ 'ਤੇ ਕੀ ਪ੍ਰਭਾਵ ਪਵੇਗਾ

ਗਾਜ਼ਾ

ਇਜ਼ਰਾਈਲੀ ਸਰਕਾਰ ਦੇ ਇੱਕ ਬੁਲਾਰੇ ਨੇ ਵੀਰਵਾਰ ਨੂੰ ਕਿਹਾ ਕਿ ਇਜ਼ਰਾਈਲੀ ਕੈਬਨਿਟ ਦੀ ਪ੍ਰਵਾਨਗੀ ਦੇ 24 ਘੰਟਿਆਂ ਦੇ ਅੰਦਰ ਜੰਗਬੰਦੀ ਲਾਗੂ ਹੋ ਜਾਵੇਗੀ।

ਲੰਡਨ-ਅਧਾਰਤ ਯੂਰਪੀਅਨ ਕੌਂਸਲ ਆਨ ਫਾਰੇਨ ਰਿਲੇਸ਼ਨਜ਼ (ਈਸੀਐਫਆਰ) ਥਿੰਕ ਟੈਂਕ ਦੇ ਸੀਨੀਅਰ ਪਾਲਿਸੀ ਫੈਲੋ ਹਿਊ ਲੋਵਾਟ ਕਹਿੰਦੇ ਹਨ ਕਿ ਸੌਖੇ ਸ਼ਬਦਾਂ ਵਿੱਚ, ਜੰਗਬੰਦੀ ਸਮਝੌਤੇ ਦਾ ਮਤਲਬ ਇਹ ਹੋਣਾ ਚਾਹੀਦਾ ਹੈ ਕਿ ਗਾਜ਼ਾ ਵਾਸੀਆਂ ਨੂੰ "ਹੁਣ ਆਪਣੀ ਜਾਨ ਦਾ ਡਰ ਨਹੀਂ''।

ਉਨ੍ਹਾਂ ਨੇ ਬੀਬੀਸੀ ਨਿਊਜ਼ ਨੂੰ ਦੱਸਿਆ, "ਤਿੰਨ ਚੀਜ਼ਾਂ - ਜਾਨੋਂ ਨਾ ਮਾਰਿਆ ਜਾਣਾ, ਵਿਸਥਾਪਿਤ ਨਾ ਹੋਣਾ, ਅਤੇ ਭੁੱਖ ਨਾਲ ਨਾ ਮਰਨਾ - ਇਸ ਸਮੇਂ ਗਾਜ਼ਾ ਵਾਸੀਆਂ ਲਈ ਇਹ ਤਿੰਨ ਸਭ ਤੋਂ ਮਹੱਤਵਪੂਰਨ ਮਾਪਦੰਡ ਹਨ।"

ਲੋਵਾਟ ਕਹਿੰਦੇ ਹਨ, "ਨਿੱਜੀ ਸੁਰੱਖਿਆ ਤੋਂ ਬਾਅਦ ਅਤੇ ਇੱਕ ਵਾਰ ਜਦੋਂ ਲੋਕ ਆਪਣੇ ਘਰਾਂ ਨੂੰ ਵਾਪਸ ਆ ਜਾਣਗੇ ਤਾਂ ਫਿਰ ਉਹ ਨਿਸ਼ਚਤ ਤੌਰ 'ਤੇ ਇਸ ਗੱਲ 'ਤੇ ਧਿਆਨ ਕੇਂਦਰਿਤ ਕਰਨਗੇ ਕਿ ਉਹ ਆਪਣੀ ਜ਼ਿੰਦਗੀ ਨੂੰ ਮੁੜ ਕਿਵੇਂ ਸ਼ੁਰੂ ਕਰਨ।"

ਬੇਸ਼ੱਕ, ਗਾਜ਼ਾ ਦੇ ਲੋਕ ਇਸ ਖ਼ਬਰ ਤੋਂ ਬਹੁਤ ਖੁਸ਼ ਹਨ।

ਇਹ ਵੀ ਪੜ੍ਹੋ-

ਗਾਜ਼ਾ ਦੇ ਨਿਵਾਸੀ ਜੁਮਾ ਰਮਜ਼ਾਨ ਅਬੂ ਅੰਮੋ ਨੇ ਬੀਬੀਸੀ ਨਿਊਜ਼ ਅਰਬੀ ਨੂੰ ਦੱਸਿਆ, "ਪਹਿਲਾਂ ਮੈਂ ਆਪਣੇ ਘਰ ਦਾ ਮਲਬਾ ਸਾਫ਼ ਕਰਨਾ ਸ਼ੁਰੂ ਕਰਾਂਗਾ ਤਾਂ ਜੋ ਆਪਣੇ ਦਾਦਾ-ਦਾਦੀ ਦੀਆਂ ਲਾਸ਼ਾਂ ਲੱਭ ਸਕਾਂ।

"ਉਸ ਤੋਂ ਬਾਅਦ, ਅਸੀਂ ਘਰ ਨੂੰ ਦੁਬਾਰਾ ਬਣਾਉਣਾ ਸ਼ੁਰੂ ਕਰਾਂਗੇ। ਰੱਬ ਨੇ ਚਾਹਿਆ ਤਾਂ ਅਸੀਂ ਸਾਰਾ ਗਾਜ਼ਾ ਦੁਬਾਰਾ ਬਣਾਵਾਂਗੇ, ਅਤੇ ਇਹ ਪਹਿਲਾਂ ਨਾਲੋਂ ਵੀ ਬਿਹਤਰ ਬਣ ਕੇ ਆਵੇਗਾ।"

7 ਅਕਤੂਬਰ 2023 ਦੇ ਹਮਲਿਆਂ ਤੋਂ ਬਾਅਦ ਇਜ਼ਰਾਈਲ ਦੀ ਫੌਜੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਗਾਜ਼ਾ ਦੀਆਂ ਜ਼ਿਆਦਾਤਰ ਇਮਾਰਤਾਂ ਅਤੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ।

ਹਮਾਸ ਦੁਆਰਾ ਚਲਾਏ ਜਾ ਰਹੇ ਗਾਜ਼ਾ ਦੇ ਸਰਕਾਰੀ ਸਿਹਤ ਮੰਤਰਾਲੇ ਅਨੁਸਾਰ, ਯੁੱਧ ਵਿੱਚ 67,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਆਮ ਨਾਗਰਿਕ ਹਨ - ਜਿਨ੍ਹਾਂ ਵਿੱਚ 18,000 ਤੋਂ ਵੱਧ ਬੱਚੇ ਸ਼ਾਮਲ ਹਨ।

ਇਸ ਦੇ ਅੰਕੜਿਆਂ ਨੂੰ ਆਮ ਤੌਰ 'ਤੇ ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਦੁਆਰਾ ਭਰੋਸੇਯੋਗ ਮੰਨਿਆ ਜਾਂਦਾ ਹੈ।

ਗਾਜ਼ਾ ਲਈ ਸਹਾਇਤਾ ਬਾਰੇ ਕੀ

ਲੰਘੇ ਅਗਸਤ ਮਹੀਨੇ ਵਿੱਚ ਸੰਯੁਕਤ ਰਾਸ਼ਟਰ-ਸਮਰਥਿਤ ਮਾਹਰਾਂ ਦੁਆਰਾ ਗਾਜ਼ਾ ਵਿੱਚ ਅਕਾਲ ਦੀ ਪੁਸ਼ਟੀ ਕੀਤੀ ਗਈ ਸੀ

ਤਸਵੀਰ ਸਰੋਤ, Anadolu via Getty Images

ਤਸਵੀਰ ਕੈਪਸ਼ਨ, ਅਗਸਤ ਮਹੀਨੇ ਵਿੱਚ ਸੰਯੁਕਤ ਰਾਸ਼ਟਰ-ਸਮਰਥਿਤ ਮਾਹਰਾਂ ਦੁਆਰਾ ਗਾਜ਼ਾ ਵਿੱਚ ਅਕਾਲ ਦੀ ਪੁਸ਼ਟੀ ਕੀਤੀ ਗਈ ਸੀ

ਟਰੰਪ ਦੀ 20-ਨੁਕਾਤੀ ਯੋਜਨਾ ਵਿੱਚ ਗਾਜ਼ਾ ਪੱਟੀ ਨੂੰ "ਪੂਰੀ ਸਹਾਇਤਾ" ਦੀ ਤੁਰੰਤ ਪਹੁੰਚ ਦੀ ਆਗਿਆ ਦੇਣਾ ਸ਼ਾਮਲ ਹੈ। ਇਸੇ ਸਾਲ ਅਗਸਤ ਮਹੀਨੇ ਵਿੱਚ ਸੰਯੁਕਤ ਰਾਸ਼ਟਰ-ਸਮਰਥਿਤ ਮਾਹਰਾਂ ਦੁਆਰਾ ਗਾਜ਼ਾ ਵਿੱਚ ਅਕਾਲ ਦੀ ਪੁਸ਼ਟੀ ਕੀਤੀ ਗਈ ਸੀ।

ਯੋਜਨਾ ਵਿੱਚ ਕਿਹਾ ਗਿਆ ਹੈ ਕਿ ਇਹ ਰਕਮ "19 ਜਨਵਰੀ, 2025 ਦੇ ਮਨੁੱਖੀ ਸਹਾਇਤਾ ਸੰਬੰਧੀ ਸਮਝੌਤੇ ਵਿੱਚ ਸ਼ਾਮਲ ਰਕਮ ਦੇ ਅਨੁਸਾਰ ਹੋਣੀ ਚਾਹੀਦੀ ਹੈ।"

ਖ਼ਬਰ ਏਜੰਸੀ ਰਾਇਟਰਜ਼ ਨੇ ਇੱਕ ਇਜ਼ਰਾਈਲੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਰੋਜ਼ਾਨਾ 600 ਟਰੱਕ ਸਪਲਾਈ ਪਹੁੰਚਾਈ ਜਾਵੇਗੀ। ਰਾਇਟਰਜ਼ ਨੇ ਇੱਕ ਫਲਸਤੀਨੀ ਸਰੋਤ ਦੇ ਹਵਾਲੇ ਨਾਲ ਇਹ ਵੀ ਕਿਹਾ ਕਿ ਸ਼ੁਰੂਆਤੀ ਟੀਚਾ ਘੱਟੋ-ਘੱਟ ਹੋਵੇਗਾ 400 (ਟਰੱਕ) ਪ੍ਰਤੀ ਦਿਨ ਹੋਵੇਗਾ ਅਤੇ ਇਸ ਤੋਂ ਬਾਅਦ ਇਹ ਗਿਣਤੀ ਹੌਲੀ-ਹੌਲੀ ਵਧੇਗੀ।

ਹਾਲਾਂਕਿ, ਲੋਵਾਟ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਇੱਕ ਸੁਰੱਖਿਅਤ ਵਾਤਾਵਰਣ ਹੋਣਾ ਚਾਹੀਦਾ ਹੈ ਤਾਂ ਜੋ ਜਾਣੀਆਂ-ਪਛਾਣੀਆਂ ਅੰਤਰਰਾਸ਼ਟਰੀ ਸਹਾਇਤਾ ਏਜੰਸੀਆਂ ਗਾਜ਼ਾ ਦੇ ਲੋਕਾਂ ਨੂੰ ਸਹਾਇਤਾ ਪਹੁੰਚਾਉਣ ਲਈ ਕੰਮ ਕਰਨ ਵਿੱਚ ਸੁਰੱਖਿਅਤ ਮਹਿਸੂਸ ਕਰਨ।

ਟਰੰਪ ਦੀ ਯੋਜਨਾ ਇਹ ਸਪਸ਼ਟ ਨਹੀਂ ਕਰਦੀ ਹੈ ਕਿ ਵਿਵਾਦਪੂਰਨ ਗਾਜ਼ਾ ਹਿਊਮੈਨਟੇਰੀਅਨ ਫਾਊਂਡੇਸ਼ਨ (ਜੀਐਚਐਫ) ਦਾ ਕੀ ਹੋਵੇਗਾ, ਜਿਸਨੇ ਸੰਯੁਕਤ ਰਾਸ਼ਟਰ ਦੀ ਅਗਵਾਈ ਵਾਲੀ ਪਿਛਲੀ ਭੋਜਨ ਵੰਡ ਪ੍ਰਣਾਲੀ ਦੀ ਥਾਂ ਲਈ ਸੀ।

ਲੋਵਾਟ ਨੇ ਬੀਬੀਸੀ ਨੂੰ ਕਿਹਾ, "ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਪਿਛਲੀ ਜੰਗਬੰਦੀ ਦੇ ਟੁੱਟਣ ਤੋਂ ਬਾਅਦ ਸਹਾਇਤਾ ਸਥਾਨਾਂ ਦੇ ਆਲੇ-ਦੁਆਲੇ ਸੁਰੱਖਿਆ ਵਾਤਾਵਰਣ ਕਾਫ਼ੀ ਵਿਗੜ ਗਿਆ ਹੈ।"

ਕੀ ਇਹ ਸਮਝੌਤਾ ਟਿਕਿਆ ਰਹੇਗਾ

29 ਸਤੰਬਰ, 2025 ਨੂੰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਨੇ ਗਾਜ਼ਾ ਵਿੱਚ ਸ਼ਾਂਤੀ ਲਈ 20-ਨੁਕਾਤੀ ਯੋਜਨਾ ਪੇਸ਼ ਕੀਤੀ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 29 ਸਤੰਬਰ, 2025 ਨੂੰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਨੇ ਗਾਜ਼ਾ ਵਿੱਚ ਸ਼ਾਂਤੀ ਲਈ 20-ਨੁਕਾਤੀ ਯੋਜਨਾ ਪੇਸ਼ ਕੀਤੀ ਸੀ

ਦੋ ਸਾਲ ਪਹਿਲਾਂ ਯੁੱਧ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਦੋਵਾਂ ਪਾਸਿਆਂ ਤੋਂ ਇਹ ਸਭ ਤੋਂ ਵੱਡੀ ਪੁਲਾਂਘ ਹੈ।

ਪਰ ਯਰੂਸ਼ਲਮ ਵਿੱਚ ਬੀਬੀਸੀ ਪੱਤਰਕਾਰ ਟੌਮ ਬੇਨੇਟ ਦੱਸਦੇ ਹਨ ਕਿ ਡੌਨਲਡ ਟਰੰਪ ਦੀ 20-ਨੁਕਾਤੀ ਜੰਗਬੰਦੀ ਯੋਜਨਾ ਅਸਲ ਵਿੱਚ ਸਿਰਫ਼ ਇੱਕ ਢਾਂਚਾ ਹੈ, ਜੋ ਸਿਰਫ਼ ਕੁਝ ਪੰਨਿਆਂ 'ਤੇ ਫੈਲੀ ਹੋਈ ਹੈ।

ਉਹ ਕਹਿੰਦੇ ਹਨ ਕਿ ਦੋਵਾਂ ਧਿਰਾਂ ਨੇ ਅਜੇ ਵੀ ਕਈ ਵੱਡੇ ਮੁੱਦਿਆਂ ਨੂੰ ਹੱਲ ਕਰਨਾ ਹੈ।

ਇਨ੍ਹਾਂ ਵਿੱਚੋਂ ਇਜ਼ਰਾਈਲ ਦੀ ਇੱਕ ਮੁੱਖ ਮੰਗ ਹੈ ਕਿ ਹਮਾਸ ਨੂੰ ਬਿਲਕੁਲ ਭੰਗ ਕੀਤਾ ਜਾਵੇ ਭਾਵ ਉਨ੍ਹਾਂ ਤੋਂ ਹਥਿਆਰ ਖੋਹ ਲਏ ਜਾਣ। ਨਾਲ ਹੀ ਗਾਜ਼ਾ 'ਤੇ ਕੌਣ ਰਾਜ ਕਰੇਗਾ, ਇਸ ਲਈ ਇੱਕ ਯੋਜਨਾ ਸ਼ਾਮਲ ਹੈ।

ਲੋਵਾਟ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਮੰਨਦੇ ਹਨ ਕਿ ਟਰੰਪ ਦੀ ਯੋਜਨਾ ਦੇ ਪਹਿਲੇ ਪੜਾਅ ਨੂੰ ਲਾਗੂ ਕੀਤਾ ਜਾ ਸਕਦਾ ਹੈ, ਪਰ ਉਸ ਤੋਂ ਬਾਅਦ ਕੀ ਹੁੰਦਾ ਹੈ ਇਹ ਤੈਅ ਨਹੀਂ ਹੈ, ਕਿਉਂਕਿ ਇਜ਼ਰਾਈਲ ਦੀਆਂ "ਰੈੱਡ ਲਾਈਨਜ਼" ਨੂੰ ਪਾਰ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ, "ਨੇਤਨਯਾਹੂ ਨੇ ਵ੍ਹਾਈਟ ਹਾਊਸ ਨਾਲ ਆਪਣੀ ਪ੍ਰੈਸ ਕਾਨਫਰੰਸ ਤੋਂ ਤੁਰੰਤ ਬਾਅਦ ਕਿਹਾ ਕਿ ਗਾਜ਼ਾ ਤੋਂ ਪੂਰੀ ਤਰ੍ਹਾਂ ਇਜ਼ਰਾਈਲ ਦੀ ਵਾਪਸੀ ਨਹੀਂ ਹੋਵੇਗੀ ਅਤੇ ਕੋਈ ਫਲਸਤੀਨੀ ਰਾਜ ਨਹੀਂ ਹੋਵੇਗਾ।"

ਉਨ੍ਹਾਂ ਅੱਗੇ ਕਿਹਾ, "ਯੋਜਨਾ ਨੂੰ ਲਾਗੂ ਕਰਨ ਵਿੱਚ ਸਪਸ਼ਟ ਤੌਰ 'ਤੇ ਇਹ ਦੋ ਵੱਡੀਆਂ ਰੁਕਾਵਟਾਂ ਹਨ ਕਿਉਂਕਿ ਜੇਕਰ ਇਜ਼ਰਾਈਲ ਜਲਦ ਹੀ ਗਾਜ਼ਾ ਤੋਂ ਪੂਰੀ ਤਰ੍ਹਾਂ ਪਿੱਛੇ ਨਹੀਂ ਹਟਦਾ ਹੈ, ਤਾਂ ਯੋਜਨਾ ਪ੍ਰਤੀ ਫਲਸਤੀਨੀ ਵਚਨਬੱਧਤਾ ਨੂੰ ਬਣਾਈ ਰੱਖਣਾ ਮੁਸ਼ਕਲ ਹੋਵੇਗਾ।"

ਟਰੰਪ ਇਸ ਵਿੱਚ ਕਿਵੇਂ ਸ਼ਾਮਲ ਹੋਏ

ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ

ਤਸਵੀਰ ਸਰੋਤ, Bloomberg via Getty Images

ਤਸਵੀਰ ਕੈਪਸ਼ਨ, ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ

ਯਰੂਸ਼ਲਮ ਵਿੱਚ ਬੀਬੀਸੀ ਪੱਤਰਕਾਰ ਹਿਊਗੋ ਬਾਚੇਗਾ ਦਾ ਕਹਿਣਾ ਹੈ ਕਿ ਇਨ੍ਹਾਂ ਸ਼ਾਂਤੀ ਯਤਨਾਂ ਵਿੱਚ ਮੁੱਖ ਅੰਤਰ ਰਾਸ਼ਟਰਪਤੀ ਟਰੰਪ ਦੀ ਨਿੱਜੀ ਸ਼ਮੂਲੀਅਤ ਹੈ, ਜਿਨ੍ਹਾਂ ਨੇ ਨਾ ਸਿਰਫ਼ ਹਮਾਸ ਸਗੋਂ ਇਜ਼ਰਾਈਲ 'ਤੇ ਵੀ ਇੱਕ ਸਮਝੌਤੇ 'ਤੇ ਪਹੁੰਚਣ ਲਈ ਦਬਾਅ ਪਾਇਆ ਹੈ।

ਇਸ ਸਮਝੌਤੇ ਦਾ ਸਫਲਤਾ ਪੂਰਵਕ ਪੂਰ ਚੜ੍ਹਨਾ, ਰਾਸ਼ਟਰਪਤੀ ਟਰੰਪ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਵਿਦੇਸ਼ ਨੀਤੀ ਪ੍ਰਾਪਤੀ ਹੋਵੇਗੀ। ਉਨ੍ਹਾਂ ਨੇ ਕਦੇ ਵੀ ਇਸ ਤੱਥ ਨੂੰ ਨਹੀਂ ਲੁਕਾਇਆ ਕਿ ਉਹ ਆਪਣੇ ਯਤਨਾਂ ਲਈ ਦੁਨੀਆਂ ਦੇ ਸਭ ਤੋਂ ਵੱਕਾਰੀ ਪੁਰਸਕਾਰਾਂ ਵਿੱਚੋਂ ਇੱਕ, ਨੋਬਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨਾ ਚਾਹੁੰਦੇ ਹਨ।

ਲੋਵੇਟ ਕਹਿੰਦੇ ਹਨ, "ਸੰਯੁਕਤ ਰਾਜ ਅਮਰੀਕਾ ਦੀ ਇਜ਼ਰਾਈਲ ਜਾਂ ਮੱਧ ਪੂਰਬ ਕੂਟਨੀਤੀ ਪਰ ਖ਼ਾਸ ਕਰਕੇ ਇਜ਼ਰਾਈਲ-ਫਲਸਤੀਨੀ ਕੂਟਨੀਤੀ ਵਿੱਚ ਹਮੇਸ਼ਾ ਬਹੁਤ ਮਹੱਤਵਪੂਰਨ ਭੂਮਿਕਾ ਰਹੀ ਹੈ, ਅਤੇ ਇਸਦਾ ਬੇਮਿਸਾਲ ਪ੍ਰਭਾਵ ਹੈ - ਘੱਟੋ ਘੱਟ ਸਿਧਾਂਤਕ ਤੌਰ 'ਤੇ - ਜੋ ਇਹ ਇਜ਼ਰਾਈਲ ਉੱਤੇ ਪਾ ਸਕਦਾ ਹੈ।''

''ਮੈਨੂੰ ਲੱਗਦਾ ਹੈ ਕਿ ਟਰੰਪ ਘਰੇਲੂ ਰਾਜਨੀਤੀ ਅਤੇ ਆਪਣੀ ਸਥਿਤੀ ਦੋਵਾਂ ਕਾਰਨ, ਇਸ ਸਬੰਧ ਵਿੱਚ ਖ਼ਾਸ ਤੌਰ 'ਤੇ ਚੰਗੀ ਸਥਿਤੀ ਵਿੱਚ ਹਨ।"

ਆਉਣ ਵਾਲੇ ਦਿਨਾਂ ਵਿੱਚ ਟਰੰਪ ਦੇ ਮਿਸਰ ਦਾ ਦੌਰਾ ਕਰਨ ਦੀ ਉਮੀਦ ਹੈ, ਜਿੱਥੇ ਉਨ੍ਹਾਂ ਦੇ ਵਾਰਤਾਕਾਰ ਇੱਕ ਸਮਝੌਤੇ 'ਤੇ ਕੰਮ ਕਰ ਰਹੇ ਹਨ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਉਹ ਸ਼ੁੱਕਰਵਾਰ ਨੂੰ ਇਸ ਖੇਤਰ ਦਾ ਦੌਰਾ ਕਰਨ ਬਾਰੇ ਵਿਚਾਰ ਕਰ ਰਹੇ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)