'ਸਾਡੇ ਫੁੱਲ ਵਰਗੇ ਬੱਚੇ ਨੂੰ ਕਿਸਨੇ ਮਾਰਿਆ', ਸੁਰਿੰਦਰ ਕੋਲੀ ਦੀ ਰਿਹਾਈ ਮਗਰੋਂ ਨਿਠਾਰੀ ਕਤਲਕਾਂਡ 'ਚ ਮਾਰੇ ਗਏ ਬੱਚਿਆਂ ਦੇ ਮਾਪਿਆਂ ਦੇ ਸਵਾਲ

ਸੁਰਿੰਦਰ ਕੋਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਪਰੀਮ ਕੋਰਟ ਨੇ ਨਿਠਾਰੀ ਕਤਲ ਕੇਸ ਵਿੱਚ ਸੁਰਿੰਦਰ ਕੋਲੀ ਨੂੰ ਬੇਕਸੂਰ ਕਰਾਰ ਦਿੰਦੇ ਹੋਏ ਬਰੀ ਕਰ ਦਿੱਤਾ ਹੈ
    • ਲੇਖਕ, ਪ੍ਰੇਰਨਾ
    • ਰੋਲ, ਬੀਬੀਸੀ ਪੱਤਰਕਾਰ

ਨਿਆਂ ਦੀ ਉਮੀਦ ਵਿੱਚ ਦਿਨ, ਮਹੀਨੇ, ਸਾਲ ਬੀਤ ਗਏ ਹਨ... ਪੁਲਿਸ ਥਾਣਿਆਂ ਅਤੇ ਅਦਾਲਤਾਂ ਦੇ ਅਣਗਿਣਤ ਚੱਕਰ।

ਨਿਠਾਰੀ ਕਤਲਕਾਂਡ ਦੇ ਪੀੜਤਾਂ ਦੇ ਪਰਿਵਾਰਾਂ ਲਈ ਇਹ ਸਭ ਹੁਣ ਅਰਥਹੀਣ ਹੋ ਗਿਆ ਹੈ।

11 ਨਵੰਬਰ ਨੂੰ ਸੁਪਰੀਮ ਕੋਰਟ ਨੇ ਨਿਠਾਰੀ ਕਤਲੇਆਮ ਦੇ ਮੁੱਖ ਮੁਲਜ਼ਮ ਸੁਰਿੰਦਰ ਕੋਲੀ ਨੂੰ ਇਸ ਕੇਸ ਨਾਲ ਜੁੜੇ ਆਖ਼ਰੀ ਮਾਮਲੇ ਵਿੱਚ ਵੀ ਨਿਰਦੋਸ਼ ਦੱਸਦੇ ਹੋਏ ਬਰੀ ਕਰ ਦਿੱਤਾ।

ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਪਿਛਲੀਆਂ ਅਦਾਲਤਾਂ ਦੁਆਰਾ ਸੁਰਿੰਦਰ ਕੋਲੀ ਨੂੰ ਦੋਸ਼ੀ ਠਹਿਰਾਉਣ ਅਤੇ ਸਜ਼ਾ ਦੇਣ ਲਈ ਵਰਤੇ ਗਏ ਸਬੂਤ ਕਾਨੂੰਨੀ ਤੌਰ 'ਤੇ ਅਵੈਧ, ਬੇ-ਭਰੋਸੇਯੋਗ ਅਤੇ ਉਲਟ ਸਨ।

ਪਰ ਸੁਰਿੰਦਰ ਕੋਲੀ ਦੇ ਜੇਲ੍ਹ ਤੋਂ ਰਿਹਾਅ ਹੋਣ ਦੀਆਂ ਤਸਵੀਰਾਂ ਦੇਖ ਕੇ ਪੀੜਤਾਂ ਦੇ ਪਰਿਵਾਰ ਪੁੱਛ ਰਹੇ ਹਨ, "ਜੇ ਉਹ ਨਿਰਦੋਸ਼ ਹੈ, ਤਾਂ ਦੋਸ਼ੀ ਕੌਣ ਹੈ? ਸਾਡੇ ਬੱਚਿਆਂ ਦੀ ਜਾਨ ਕਿਸਨੇ ਲਈ?"

ਅਦਾਲਤ ਨੇ ਪਹਿਲਾਂ ਹੀ ਇਸ ਮਾਮਲੇ ਦੇ ਇੱਕ ਹੋਰ ਮੁਲਜ਼ਮ ਰਹੇ, ਮੋਨਿੰਦਰ ਸਿੰਘ ਪੰਧੇਰ ਨੂੰ ਬਰੀ ਕਰ ਦਿੱਤਾ ਹੈ।

ਹੁਣ, ਨੋਇਡਾ ਦੇ ਸੈਕਟਰ 31 ਵਿੱਚ ਸਥਿਤ ਨਿਠਾਰੀ ਪਿੰਡ ਵਿੱਚ ਪੀੜਤ ਬੱਚਿਆਂ ਦੇ ਸਿਰਫ਼ ਚਾਰ ਪਰਿਵਾਰ ਬਚੇ ਹਨ।

ਜ਼ਿਆਦਾਤਰ ਪਰਿਵਾਰਾਂ ਨੇ ਪਿੰਡ ਦੇ ਨਾਲ-ਨਾਲ ਅਦਾਲਤੀ ਲੜਾਈ ਤੋਂ ਵੀ ਮੂੰਹ ਮੋੜ ਲਿਆ ਹੈ।

ਜਿਹੜੇ ਪੀੜਤ ਪਰਿਵਾਰਾਂ ਨਾਲ ਅਸੀਂ ਗੱਲ ਕੀਤੀ ਉਨ੍ਹਾਂ ਵਿੱਚੋਂ ਇੱਕ ਨੇ ਆਪਣੀ ਅੱਠ ਸਾਲ ਦੀ ਧੀ ਗੁਆ ਦਿੱਤੀ, ਜਦੋਂ ਕਿ ਇੱਕ ਨੇ ਆਪਣੀ 10 ਸਾਲ ਦੀ ਧੀ ਗੁਆ ਦਿੱਤੀ।

ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਬਲਾਤਕਾਰ ਅਤੇ ਕਤਲ ਸ਼ਾਮਲ ਸਨ, ਇਸ ਲਈ ਅਸੀਂ ਇਨ੍ਹਾਂ ਪਰਿਵਾਰਾਂ ਦੀ ਪਛਾਣ ਜ਼ਾਹਰ ਨਹੀਂ ਕਰ ਰਹੇ ਹਾਂ।

ਰਾਮ ਕਿਸ਼ਨ ਦਾ ਪੁੱਤਰ, ਹਰਸ਼, ਸਿਰਫ਼ ਸਾਢੇ ਤਿੰਨ ਸਾਲ ਦਾ ਸੀ।

ਇਹ ਮਾਮਲਾ ਅਗਵਾ ਅਤੇ ਕਤਲ ਨਾਲ ਜੁੜਿਆ ਸੀ। ਇਸ ਲਈ ਅਸੀਂ ਉਨ੍ਹਾਂ ਦੀ ਸਹਿਮਤੀ ਨਾਲ ਪਰਿਵਾਰ ਦੀ ਪਛਾਣ ਜ਼ਾਹਰ ਕਰ ਰਹੇ ਹਾਂ।

'ਸਾਰੇ ਸਬੂਤ ਉਨ੍ਹਾਂ ਦੇ ਘਰੋਂ ਮਿਲੇ ਸਨ'

ਦਸ ਸਾਲ ਦੀ ਬੱਚੀ ਦੀ ਮਾਂ ਆਪਣੀ ਕਹਾਣੀ ਸੁਣਾਉਂਦੇ ਹੋਏ ਭਾਵੁਕ ਹੋ ਜਾਂਦੀ ਹੈ
ਤਸਵੀਰ ਕੈਪਸ਼ਨ, ਦਸ ਸਾਲ ਦੀ ਬੱਚੀ ਦੀ ਮਾਂ ਆਪਣੀ ਕਹਾਣੀ ਸੁਣਾਉਂਦੇ ਹੋਏ ਭਾਵੁਕ ਹੋ ਜਾਂਦੀ ਹੈ

10 ਸਾਲ ਦੀ ਇੱਕ ਬੱਚੀ ਦਾ ਪਰਿਵਾਰ ਨਿਠਾਰੀ ਦੀ ਇੱਕ ਝੌਂਪੜੀ ਵਿੱਚ ਰਹਿੰਦਾ ਹੈ।

ਜਦੋਂ ਅਸੀਂ ਉੱਥੇ ਪਹੁੰਚੇ, ਤਾਂ ਉਹ ਸਾਨੂੰ ਪਹਿਲਾਂ ਹੀ ਮੀਡੀਆ ਦੇ ਕੁਝ ਲੋਕਾਂ ਨਾਲ ਗੱਲ ਕਰਦੀ ਨਜ਼ਰ ਆਈ।

ਉਨ੍ਹਾਂ ਦੇ ਸ਼ਬਦਾਂ ਵਿੱਚ ਦਰਦ, ਗੁੱਸਾ ਅਤੇ ਨਿਰਾਸ਼ਾ ਸਾਫ਼ ਦਿਖਾਈ ਦੇ ਰਹੀ ਸੀ।

ਉਹ ਦੱਸਦੇ ਹਨ, "ਉਹ ਕਹਿੰਦਾ ਹੈ ਕਿ ਅਸੀਂ ਬੇਕਸੂਰ ਹਾਂ। ਉਸ ਦੇ ਘਰੋਂ ਪਿੰਜਰ ਅਤੇ ਕੱਪੜੇ ਬਰਾਮਦ ਹੋਏ, ਸਾਡੀ ਧੀ ਦੀਆਂ ਚੱਪਲਾਂ, ਕੱਪੜੇ ਅਤੇ ਖੋਪੜੀ ਉਸਦੇ ਘਰ ਦੇ ਨੇੜੇ ਨਾਲੇ ਵਿੱਚੋਂ ਮਿਲੀ ਸੀ। ਦੋ ਕਿੱਲੋ ਵਾਲੀ ਪੋਲੀਥੀਨ ਵਿੱਚ ਸਿਰਫ਼ ਖੋਪੜੀ ਮਿਲੀ ਸੀ ਅਤੇ ਉਦੋਂ ਵੀ ਉਹ ਕਹਿ ਰਿਹਾ ਸੀ ਕਿ ਅਸੀਂ ਬੇਕਸੂਰ ਹਾਂ।"

ਉਹ ਦੱਸਦੀ ਹੈ, "ਅਸੀਂ ਲੜਦੇ ਰਹੇ, ਇਹ ਸੋਚ ਕੇ ਕਿ ਉਸ ਨੂੰ ਕਿਸੇ ਵੀ ਕੀਮਤ 'ਤੇ ਫਾਂਸੀ ਮਿਲਣੀ ਚਾਹੀਦੀ ਹੈ। ਅਸੀਂ ਆਪਣਾ ਘਰ ਅਤੇ ਜ਼ਮੀਨ ਸਮੇਤ ਸਭ ਕੁਝ ਵੇਚ ਕੇ ਕੇਸ ਵਿੱਚ ਲਗਾ ਦਿੱਤਾ। ਪਰ ਅੱਜ ਸਾਨੂੰ ਕੀ ਮਿਲਿਆ? ਨਿਰਾਸ਼ਾ।"

10 ਸਾਲ ਦੇ ਪੀੜਤ ਦੇ ਪਿਤਾ
ਤਸਵੀਰ ਕੈਪਸ਼ਨ, ਦਸ ਸਾਲਾ ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਉਸਨੇ ਆਪਣੀ ਧੀ ਨੂੰ ਇਨਸਾਫ਼ ਦਿਵਾਉਣ ਲਈ ਸਭ ਕੁਝ ਦਾਅ 'ਤੇ ਲਗਾ ਦਿੱਤਾ ਪਰ ਨਿਰਾਸ਼ਾ ਤੋਂ ਇਲਾਵਾ ਕੁਝ ਨਹੀਂ ਮਿਲਿਆ

ਕੇਸ ਲੜਦੇ-ਲੜਦੇ ਆਪਣੀ ਵਿੱਤੀ ਸਥਿਤੀ ਬਾਰੇ ਦੱਸਦਿਆਂ ਉਸਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ।

ਆਪਣੀ ਸਾੜੀ ਦੇ ਪੱਲੇ ਨਾਲ ਹੰਝੂ ਪੂੰਝਦੇ ਹੋਏ, ਉਹ ਕਹਿੰਦੇ ਹਨ, "ਇਹ ਇੱਕ ਝੌਂਪੜੀ ਹੈ, ਅਸੀਂ ਇਸ ਵਿੱਚ ਕਿਰਾਏ 'ਤੇ ਰਹਿੰਦੇ ਹਾਂ। ਇਹ ਕੱਪੜੇ ਹਨ। ਅਸੀਂ ਇਸ ਤੋਂ 100-200 ਰੁਪਏ ਕਮਾਉਂਦੇ ਹਾਂ ਅਤੇ ਖਾਂਦੇ ਹਾਂ। ਜਿਵੇਂ-ਜਿਵੇਂ ਮੇਰੀ ਉਮਰ ਵਧਦੀ ਜਾ ਰਹੀ ਹੈ, ਮੈਥੋਂ ਕੰਮ ਵੀ ਨਹੀਂ ਹੁੰਦਾ।"

ਇਸ ਦੌਰਾਨ, ਉਨ੍ਹਾਂ ਦੇ ਪਤੀ ਅਤੇ ਕੁੜੀ ਦੇ ਪਿਤਾ ਪੁੱਛਦੇ ਹਨ, "ਜੇ ਪੰਧੇਰ ਦੋਸ਼ੀ ਨਹੀਂ ਸੀ, ਜੇ ਕੋਲੀ ਦੋਸ਼ੀ ਨਹੀਂ ਸੀ, ਤਾਂ ਕੌਣ ਸੀ? ਉਸ ਦੇ ਘਰ ਵਿੱਚ ਇਹ ਕੌਣ ਕਰਦਾ ਰਿਹਾ? ਹੁਣ ਸਿਰਫ਼ ਰੱਬ ਹੀ ਫ਼ੈਸਲਾ ਕਰੇਗਾ।"

"ਉਸ ਦੇ ਘਰ ਦੇ ਕੋਲ ਹੱਡੀਆਂ ਅਤੇ ਇੱਕ ਸਿਰ ਮਿਲੇ, ਸਾਰੀਆਂ ਚੀਜ਼ਾਂ ਉਸਦੇ ਘਰ ਵਿੱਚ ਮਿਲੀਆਂ। ਹੋਰ ਕੀ ਸਬੂਤ ਚਾਹੀਦਾ ਹੈ? ਉਸ ਸਮੇਂ ਮੀਡੀਆ ਜੋ ਕੁਝ ਦਿਖਾ ਰਿਹਾ ਸੀ ਉਹ ਝੂਠ ਸੀ? ਜੇ ਉਹ ਚੰਗੀ ਤਰ੍ਹਾਂ ਜਾਂਚ ਕਰਨਾ ਤਾਂ ਉਨ੍ਹਾਂ ਨੂੰ ਫਾਂਸੀ ਦਿੱਤੀ ਜਾਵੇਗੀ, ਨਹੀਂ ਤਾਂ, ਰੱਬ ਹੈ।"

'ਅਸੀਂ ਸਵੀਕਾਰ ਕਰ ਲਿਆ ਹੈ ਕਿ ਉਹ ਬੇਕਸੂਰ ਹੈ'

ਰਾਮਕਿਸ਼ਨ
ਤਸਵੀਰ ਕੈਪਸ਼ਨ, ਰਾਮਕਿਸ਼ਨ ਨੇ ਆਪਣੇ ਸਾਢੇ ਤਿੰਨ ਸਾਲ ਦੇ ਪੁੱਤਰ ਹਰਸ਼ ਨੂੰ ਨਿਠਾਰੀ ਕਤਲੇਆਮ ਵਿੱਚ ਗੁਆ ਦਿੱਤਾ

ਨਿਠਾਰੀ ਕਤਲੇਆਮ ਵਿੱਚ ਆਪਣੇ ਸਾਢੇ ਤਿੰਨ ਸਾਲ ਦੇ ਪੁੱਤਰ ਨੂੰ ਗੁਆਉਣ ਵਾਲੀ ਪੂਨਮ ਮੋਨਿੰਦਰ ਪੰਧੇਰ ਦੇ ਮਸ਼ਹੂਰ ਡੀ-5 ਬੰਗਲੇ ਤੋਂ ਸਿਰਫ਼ ਸੌ ਮੀਟਰ ਦੀ ਦੂਰੀ 'ਤੇ ਰਹਿੰਦੀ ਹੈ।

ਅਸੀਂ ਦੁਪਹਿਰ ਤਿੰਨ ਵਜੇ ਦੇ ਕਰੀਬ ਉਸ ਕੋਲ ਪਹੁੰਚੇ। ਉਨ੍ਹਾਂ ਨੇ ਸਾਡੇ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਉਸ ਲਈ ਹੁਣ ਇਸ ਮਾਮਲੇ ਬਾਰੇ ਗੱਲ ਕਰਨਾ ਬਹੁਤ ਦੁਖਦਾਈ ਸੀ।

ਉਨ੍ਹਾਂ ਦੇ ਪਤੀ, ਰਾਜਕਿਸ਼ਨ ਹੀ ਗੱਲ ਕਰਨਗੇ।

ਰਾਮ ਕਿਸ਼ਨ 2006 ਵਿੱਚ ਦਰਜ ਆਪਣੇ ਪੁੱਤਰ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਿਖਾਉਂਦੇ ਹੋਏ
ਤਸਵੀਰ ਕੈਪਸ਼ਨ, ਰਾਮ ਕਿਸ਼ਨ 2006 ਵਿੱਚ ਦਰਜ ਆਪਣੇ ਪੁੱਤਰ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਿਖਾਉਂਦੇ ਹੋਏ

ਰਾਜਕਿਸ਼ਨ ਨੇ ਕਿਹਾ, "ਦੇਸ਼-ਦੁਨੀਆਂ ਨਿਠਾਰੀ ਕਤਲਕਾਂਡ ਬਾਰੇ ਸੱਚਾਈ ਜਾਣਦੀ ਹੈ। ਸਾਰਿਆਂ ਨੇ ਸਬੂਤ ਦੇਖੇ ਹਨ, ਪੁਲਿਸ ਸਾਹਮਣੇ ਕਬੂਲਨਾਮਾ ਹੋਇਆ ਹੈ। ਸੀਬੀਆਈ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਇਸ ਸਭ ਦੇ ਬਾਵਜੂਦ, ਜੇਕਰ ਅਦਾਲਤ ਵਿੱਚ ਸੁਰਿੰਦਰ ਨੂੰ ਬੇਕਸੂਰ ਹੈ, ਤਾਂ ਅਸੀਂ ਵੀ ਸਵੀਕਾਰ ਕਰ ਲਿਆ ਹੈ ਕਿ ਉਹ ਬੇਕਸੂਰ ਹੈ।"

"ਅਸੀਂ ਆਪਣੇ ਜ਼ਖ਼ਮ ਦੁਬਾਰਾ ਹਰੇ ਨਹੀਂ ਕਰਨਾ ਚਾਹੁੰਦੇ। ਨਾ ਹੀ ਅਸੀਂ ਚਾਹੁੰਦੇ ਹਾਂ ਕਿ ਇਹ ਮਾਮਲਾ ਦੁਬਾਰਾ ਸ਼ੁਰੂ ਕੀਤਾ ਜਾਵੇ। ਅਸੀਂ ਇਨਸਾਫ਼ ਦੀ ਉਡੀਕ ਕਰਦੇ-ਕਰਦੇ ਥੱਕ ਗਏ ਹਾਂ।"

ਹਾਲਾਂਕਿ, ਸੁਰਿੰਦਰ ਕੋਲੀ ਨੇ ਇਲਾਹਾਬਾਦ ਹਾਈ ਕੋਰਟ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ਬੱਚਿਆਂ ਦੇ ਕਤਲ ਅਤੇ ਬਲਾਤਕਾਰ ਨਾਲ ਸਬੰਧਤ ਸਾਰੇ ਇਕਬਾਲੀਆ ਬਿਆਨ ਦਬਾਅ ਵਿੱਚ ਲਏ ਗਏ ਸਨ।

'ਸਾਡੇ ਬੱਚੇ ਚਲੇ ਗਏ ਹਨ ਅਤੇ ਇਨਸਾਫ਼ ਨਹੀਂ ਮਿਲਿਆ'

8 ਸਾਲ ਦੀ ਪੀੜਤਾ ਦੀ ਮਾਂ
ਤਸਵੀਰ ਕੈਪਸ਼ਨ, ਅੱਠ ਸਾਲਾ ਨਿਠਾਰੀ ਕਤਲ ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ
ਇਹ ਵੀ ਪੜ੍ਹੋ-

ਨਿਠਾਰੀ ਕਤਲੇਆਮ ਵਿੱਚ ਆਪਣੀ ਅੱਠ ਸਾਲ ਦੀ ਧੀ ਨੂੰ ਗੁਆਉਣ ਵਾਲੀ ਔਰਤ ਪੁਲਿਸ ਅਤੇ ਸੀਬੀਆਈ ਦੀ ਭੂਮਿਕਾ 'ਤੇ ਸਵਾਲ ਚੁੱਕਦੀ ਹੈ। ਉਹ ਇਲਜ਼ਾਮ ਲਗਾਉਂਦੇ ਹਨ ਕਿ ਜਾਂਚ ਸਹੀ ਢੰਗ ਨਾਲ ਨਹੀਂ ਕੀਤੀ ਗਈ।

ਉਹ ਕਹਿੰਦੇ ਹਨ, "ਡੀਐੱਨਏ ਟੈਸਟ ਕਰਵਾਏ ਸਾਡੇ, ਤਾਂ ਕੀ ਹੁਣ ਅਸੀਂ ਮੰਨ ਲਈਏ ਕਿ ਉਹ ਸਾਡੇ ਨਹੀਂ ਕੁੱਤੇ-ਬਿੱਲੀਆਂ ਦੇ ਬੱਚੇ ਸਨ। ਹੁਣ ਨੌਕਰ ਵੀ ਛੁੱਟ ਰਿਹਾ ਹੈ, ਮਾਲਕ ਵੀ ਛੁੱਟ ਗਿਆ ਹੈ। ਸਾਡੇ ਬੱਚੇ ਚਲੇ ਗਏ ਹਨ ਅਤੇ ਸਾਨੂੰ ਇਨਸਾਫ਼ ਨਹੀਂ ਮਿਲਿਆ।"

"ਸਾਡੇ ਕੰਮ-ਧੰਦੇ ਛੁੱਟ ਗਏ। ਇੱਕ ਸਾਲ ਕਿੱਥੇ-ਕਿੱਥੇ ਨਹੀਂ ਗਏ ਕੋਈ ਸਾਨੂੰ ਪੁੱਛੇ। ਇੱਕ ਪਲ ਵਿੱਚ ਛੱਡ ਦਿੱਤਾ, ਬੇਕਸੂਰ ਦੱਸ ਕੇ... ਸਾਨੂੰ ਦੁੱਖ ਨਹੀਂ ਹੈ?"

ਅੱਥਰੂ ਭਰੀਆਂ ਅੱਖਾਂ ਨਾਲ, ਉਹ ਪੁੱਛਦੀ ਹੈ, "ਸਾਡੇ ਫੁੱਲ ਵਰਗੇ ਬੱਚੇ ਨੂੰ ਕਿਸਨੇ ਮਾਰਿਆ? ਇੰਨੀ ਬੇਰਹਿਮੀ ਨਾਲ... ਕੋਈ ਜਾਨਵਰ ਨੂੰ ਵੀ ਨਹੀਂ ਮਾਰੇਗਾ... ਕਿੰਨਾ ਦੁੱਖ ਹੁੰਦਾ ਹੈ, ਦੱਸੋ।"

ਮਾਮਲਾ ਕੀ ਸੀ?

ਗਾਜ਼ੀਆਬਾਦ ਦੀ ਅਦਾਲਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਾਜ਼ੀਆਬਾਦ ਦੀ ਸੀਬੀਆਈ ਅਦਾਲਤ ਨੇ ਸਾਲ 2009 ਵਿੱਚ ਮੋਨਿੰਦਰ ਪੰਧੇਰ ਅਤੇ ਸੁਰਿੰਦਰ ਕੋਲੀ ਨੂੰ ਮੌਤ ਦੀ ਸਜ਼ਾ ਸੁਣਾਈ ਸੀ

2009 ਵਿੱਚ, ਮੋਨਿੰਦਰ ਪੰਧੇਰ ਅਤੇ ਸੁਰਿੰਦਰ ਕੋਲੀ ਦੋਵਾਂ ਨੂੰ ਗਾਜ਼ੀਆਬਾਦ ਦੀ ਇੱਕ ਸੀਬੀਆਈ ਅਦਾਲਤ ਨੇ ਬਲਾਤਕਾਰ, ਕਤਲ, ਸਬੂਤ ਨਸ਼ਟ ਕਰਨ ਅਤੇ ਹੋਰ ਇਲਜ਼ਾਮਾਂ ਨਾਲ ਸਬੰਧਤ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ।

ਕੋਲੀ 11 ਮਾਮਲਿਆਂ ਵਿੱਚ ਇਕੱਲਾ ਮੁਲਜ਼ਮ ਸੀ ਅਤੇ ਦੋ ਵਿੱਚ ਪੰਧੇਰ ਨਾਲ ਸਹਿ-ਮੁਲਜ਼ਮ ਸੀ।

2023 ਵਿੱਚ ਇਲਾਹਾਬਾਦ ਹਾਈ ਕੋਰਟ ਨੇ ਕੋਲੀ ਨੂੰ ਇਸ ਮਾਮਲੇ ਨਾਲ ਸਬੰਧਤ 12 ਮਾਮਲਿਆਂ ਵਿੱਚ ਬਰੀ ਕਰ ਦਿੱਤਾ। ਇਸ ਦੇ ਨਾਲ ਹੀ ਮੋਨਿੰਦਰ ਵੀ ਆਪਣੇ ਖ਼ਿਲਾਫ਼ ਦਰਜ ਦੋ ਮਾਮਲਿਆਂ ਵਿੱਚ ਨਿਰਦੋਸ਼ ਸਾਬਿਤ ਹੋਏ।

ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਜਾਂਚ ਖ਼ਰਾਬ ਤਰੀਕੇ ਨਾਲ ਕੀਤੀ ਗਈ ਹੈ ਅਤੇ "ਸਬੂਤ ਇਕੱਠੇ ਕਰਨ ਦੇ ਬੁਨਿਆਦੀ ਨਿਯਮਾਂ ਦੀ ਸ਼ਰੇਆਮ ਉਲੰਘਣਾ ਕੀਤੀ ਗਈ ਹੈ।"

ਮੋਨਿੰਦਰ ਪੰਧੇਰ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੋਨਿੰਦਰ ਪੰਧੇਰ ਦੀ ਪੁਰਾਣੀ ਤਸਵੀਰ

ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕੀ ਕਿਹਾ ਸੀ?

ਅਦਾਲਤ ਦੇ ਫ਼ੈਸਲੇ ਦੀ ਵਿਆਖਿਆ ਕਰਦੇ ਹੋਏ, ਸੁਪਰੀਮ ਕੋਰਟ ਦੇ ਵਕੀਲ ਪਾਰਸ ਨਾਥ ਸਿੰਘ ਨੇ ਕਿਹਾ, "ਇਸ ਮਾਮਲੇ ਵਿੱਚ ਕੋਈ ਹਾਲਾਤੀ ਸਬੂਤ ਨਹੀਂ ਸਨ। ਇਸ ਲਈ ਕੋਲੀ ਦੇ ਜੋ ਵੀ ਕਬੂਲਨਾਮੇ ਸੀਬੀਆਈ ਨੇ ਦਰਜ ਕੀਤੇ ਸਨ, ਉਨ੍ਹਾਂ ਨੂੰ ਅਦਾਲਤ ਨੇ ਭਰੋਸੇ ਦੇ ਲਾਇਕ ਨਹੀਂ ਮੰਨਿਆ।"

"ਕਾਨੂੰਨ ਮੁਤਾਬਕ, ਕਬੂਲਨਾਮਾ ਖ਼ੁਦ ਕੀਤਾ ਹੋਇਆ ਖੁਲਾਸਾ ਹੋਣਾ ਚਾਹੀਦਾ ਹੈ, ਕਿਸੇ ਡਰ ਜਾਂ ਦਬਾਅ ਵਿੱਚ ਨਹੀਂ।"

ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਦੀ 308 ਪੰਨਿਆਂ ਦੀ ਕਾਪੀ ਦੇ ਪੰਨਾ 47 'ਤੇ ਲਿਖਿਆ ਹੈ, "ਕੋਲੀ 60 ਦਿਨਾਂ ਤੱਕ ਪੁਲਿਸ ਹਿਰਾਸਤ ਵਿੱਚ ਰਹੇ ਪਰ ਇਨ੍ਹਾਂ 60 ਦਿਨਾਂ ਦੌਰਾਨ ਕਦੇ ਵੀ ਉਨ੍ਹਾਂ ਦੀ ਡਾਕਟਰੀ ਜਾਂਚ ਨਹੀਂ ਹੋਈ, ਜਿਸ ਕਾਰਨ ਸਰੀਰਕ ਤਸ਼ੱਦਦ ਦੀਆਂ ਸੰਭਾਵਨਾਵਾਂ 'ਤੇ ਸ਼ੱਕ ਬਣਿਆ ਰਹਿੰਦਾ ਹੈ।"

 ਨਿਠਾਰੀ ਕਾਂਡ

"ਸਿਰਫ਼ 2007 ਵਿੱਚ ਇੱਕ ਮੈਡੀਕਲ ਸਰਟੀਫਿਕੇਟ ਲਿਆ ਗਿਆ, ਜਿਸਦੀ ਭਰੋਸੇਯੋਗਤਾ ਦੀ ਪੁਸ਼ਟੀ ਕਰਨ ਲਈ ਡਾਕਟਰ ਨੂੰ ਗਵਾਹੀ ਲਈ ਨਹੀਂ ਪੇਸ਼ ਨਹੀਂ ਕੀਤਾ ਗਿਆ।"

ਫ਼ੈਸਲੇ ਵਿੱਚ ਕਿਹਾ ਗਿਆ ਹੈ ਕਿ ਜਿਸ ਮੈਜਿਸਟ੍ਰੇਟ ਦੇ ਸਾਹਮਣੇ ਕੋਲੀ ਦੇ ਕਥਿਤ ਇਕਬਾਲੀਆ ਬਿਆਨ ਦਰਜ ਕੀਤੇ ਗਏ ਸਨ, ਉਹ ਵੀ ਇਸ ਗੱਲ ਤੋਂ ਸੰਤੁਸ਼ਟ ਨਹੀਂ ਸੀ ਕਿ ਮੁਲਜ਼ਮ ਨੇ ਇਹ ਬਿਆਨ ਬਿਨਾਂ ਕਿਸੇ ਦਬਾਅ ਦੇ ਦਿੱਤੇ ਸਨ।

ਹਾਈ ਕੋਰਟ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਇਸਤਗਾਸਾ ਨੇ ਸਮੇਂ-ਸਮੇਂ 'ਤੇ ਆਪਣਾ ਰੁਖ਼ ਬਦਲਿਆ।

ਸ਼ੁਰੂਆਤੀ ਕੇਸ ਕੋਲੀ ਅਤੇ ਮਕਾਨ ਨੰਬਰ ਡੀ-5 ਦੇ ਮਾਲਕ ਮੋਨਿੰਦਰ ਪੰਧੇਰ ਵਿਰੁੱਧ ਦਾਇਰ ਕੀਤਾ ਗਿਆ ਸੀ।

ਦੋਵਾਂ ਨੂੰ ਘਟਨਾ ਸਥਾਨ 'ਤੇ ਮਿਲੀਆਂ ਚੀਜ਼ਾਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

ਪਰ ਸਮੇਂ ਦੇ ਨਾਲ, ਕੋਲੀ ਨੂੰ ਹਰ ਚੀਜ਼ ਲਈ ਦੋਸ਼ੀ ਠਹਿਰਾਇਆ ਜਾਣ ਲੱਗਾ।

ਤਫ਼ਤੀਸ਼ ਦੇ ਵੱਖ-ਵੱਖ ਪੜਾਵਾਂ 'ਤੇ ਇਸਤਗਾਸਾ ਪੱਖ ਦੇ ਸਬੂਤ ਬਦਲਦੇ ਰਹੇ ਅਤੇ ਅੰਤ ਵਿੱਚ ਕੋਲੀ ਦਾ ਇਕਬਾਲੀਆ ਬਿਆਨ ਹੀ ਇਕਲੌਤਾ ਆਧਾਰ ਰਹਿ ਗਿਆ, ਜਿਸਦੀ ਭਰੋਸੇਯੋਗਤਾ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿੱਚ ਸੀ।

ਇਲਾਹਾਬਾਦ ਹਾਈ ਕੋਰਟ ਦਾ ਸਾਲ 2023 ਦਾ ਫੈਸਲਾ
ਤਸਵੀਰ ਕੈਪਸ਼ਨ, ਇਲਾਹਾਬਾਦ ਹਾਈ ਕੋਰਟ ਦਾ ਸਾਲ 2023 ਦਾ ਫੈਸਲਾ

11 ਨਵੰਬਰ ਨੂੰ ਕੋਲੀ ਵਿਰੁੱਧ ਆਖਰੀ ਲੰਬਿਤ ਮਾਮਲੇ ਵਿੱਚ ਫ਼ੈਸਲਾ ਸੁਣਾਉਂਦੇ ਹੋਏ, ਸੀਜੇਆਈ ਬੀਆਰ ਗਵਈ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, "ਕੋਲੀ ਨੂੰ ਪਹਿਲਾਂ ਹੀ 12 ਮਾਮਲਿਆਂ ਵਿੱਚ ਬਰੀ ਕਰ ਦਿੱਤਾ ਗਿਆ ਸੀ, ਅਦਾਲਤ ਦੁਆਰਾ ਸਬੂਤਾਂ ਨੂੰ ਨਾਕਾਫ਼ੀ ਅਤੇ ਭਰੋਸੇਯੋਗ ਨਾ ਹੋਣ ਦਾ ਹਵਾਲਾ ਦਿੰਦੇ ਹੋਏ। ਉਨ੍ਹਾਂ ਸਬੂਤਾਂ ਦੇ ਆਧਾਰ 'ਤੇ ਇੱਕ ਮਾਮਲੇ ਵਿੱਚ ਉਸ ਨੂੰ ਦੋਸ਼ੀ ਠਹਿਰਾਉਣਾ ਸੰਵਿਧਾਨਕ ਤੌਰ 'ਤੇ ਗ਼ੈਰ-ਵਾਜਬ ਹੈ।"

ਅਦਾਲਤ ਨੇ ਸਵੀਕਾਰ ਕੀਤਾ ਕਿ ਨਿਠਾਰੀ ਵਿੱਚ ਕੀਤੇ ਗਏ ਅਪਰਾਧ ਭਿਆਨਕ ਸਨ ਅਤੇ ਉਨ੍ਹਾਂ ਪਰਿਵਾਰਾਂ ਦਾ ਦੁੱਖ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਗੁਆ ਦਿੱਤਾ ਸੀ, ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦਾ। ਹਾਲਾਂਕਿ, ਇੰਨੀ ਲੰਬੀ ਜਾਂਚ ਤੋਂ ਬਾਅਦ ਵੀ ਅਸਲ ਦੋਸ਼ੀ ਕੌਣ ਹੈ, ਇਹ ਪੱਕੇ ਸਬੂਤਾਂ ਦੇ ਨਾਲ ਸਾਬਿਤ ਨਹੀਂ ਹੋ ਸਕਿਆ ਹੈ।

ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ, "ਕਾਨੂੰਨ ਸਿਰਫ਼ ਸ਼ੱਕ ਦੇ ਆਧਾਰ 'ਤੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ। ਸ਼ੱਕ ਕਿੰਨਾ ਵੀ ਮਜ਼ਬੂਤ ਕਿਉਂ ਨਾ ਹੋਵੇ, ਅਦਾਲਤ ਨੂੰ ਠੋਸ ਸਬੂਤਾਂ ਦੀ ਲੋੜ ਹੁੰਦੀ ਹੈ। ਅਦਾਲਤ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਨਿਆਂ ਦੇ ਦਬਾਅ ਹੇਠ ਕਾਨੂੰਨੀ ਨਿਯਮਾਂ ਨੂੰ ਨਹੀਂ ਤੋੜਿਆ ਜਾ ਸਕਦਾ।"

ਸੁਰਿੰਦਰ ਕਲੋੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਰਿੰਦਰ ਦੀ ਕੋਲੀ ਪੁਰਾਣੀ ਤਸਵੀਰ

ਅਦਾਲਤ ਨੇ ਅੰਤ ਵਿੱਚ ਪੁਲਿਸ ਅਤੇ ਹੋਰ ਏਜੰਸੀਆਂ ਦੀ ਜਾਂਚ ਪ੍ਰਕਿਰਿਆ 'ਤੇ ਵੀ ਸਵਾਲ ਉਠਾਏ।

ਅਦਾਲਤ ਨੇ ਕਿਹਾ, "ਜੇ ਜਾਂਚ ਸਮੇਂ ਸਿਰ, ਪੇਸ਼ੇਵਰ ਤਰੀਕੇ ਨਾਲ ਅਤੇ ਸੰਵਿਧਾਨਕ ਸਿਧਾਂਤਾਂ ਅਨੁਸਾਰ ਕੀਤੀ ਜਾਵੇ, ਤਾਂ ਸਭ ਤੋਂ ਔਖੇ ਮਾਮਲਿਆਂ ਵਿੱਚ ਵੀ ਸੱਚਾਈ ਸਾਹਮਣੇ ਲਿਆਂਦੀ ਜਾ ਸਕਦੀ ਹੈ।"

"ਪਰ ਨਿਠਾਰੀ ਮਾਮਲੇ ਵਿੱਚ ਅਜਿਹਾ ਨਹੀਂ ਹੋਇਆ। ਲਾਪਰਵਾਹੀ ਅਤੇ ਦੇਰੀ ਨੇ ਪੂਰੀ ਜਾਂਚ ਨੂੰ ਕਮਜ਼ੋਰ ਕਰ ਦਿੱਤਾ ਅਤੇ ਉਹ ਰਸਤੇ ਬੰਦ ਕਰ ਦਿੱਤੇ ਜਿਨ੍ਹਾਂ ਰਾਹੀਂ ਅਸਲ ਦੋਸ਼ੀ ਤੱਕ ਪਹੁੰਚਿਆ ਜਾ ਸਕਦਾ ਸੀ।"

ਨਤੀਜਾ ਇਹ ਹੈ ਕਿ ਮੋਨਿੰਦਰ ਸਿੰਘ ਪੰਧੇਰ ਅਤੇ ਸੁਰਿੰਦਰ ਕੋਲੀ ਦੋਵੇਂ ਸਾਰੇ ਮਾਮਲਿਆਂ ਤੋਂ ਬਰੀ ਹੋ ਗਏ ਹਨ ਅਤੇ ਹੁਣ ਆਜ਼ਾਦ ਹਨ।

ਪਰ ਅਦਾਲਤ ਦੇ ਫ਼ੈਸਲੇ ਨੇ ਕਤਲ ਕੀਤੇ ਗਏ ਬੱਚਿਆਂ ਦੇ ਪਰਿਵਾਰਾਂ ਨੂੰ ਜ਼ਰੂਰ ਨਿਰਾਸ਼ ਅਤੇ ਦੁਖੀ ਕੀਤਾ ਹੈ।

ਉਹ ਸਵਾਲ ਕਰ ਰਹੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਿਸਨੇ ਮਾਰਿਆ?

ਇਸ ਅਦਾਲਤ ਦੇ ਫ਼ੈਸਲੇ ਨੇ ਨਾ ਸਿਰਫ਼ ਉਨ੍ਹਾਂ ਦੇ ਜ਼ਖ਼ਮ ਹਰੇ ਕਰ ਦਿੱਤੇ ਹਨ, ਸਗੋਂ ਕਈ ਸਵਾਲ ਅਜੇ ਵੀ ਉਨ੍ਹਾਂ ਨੂੰ ਸਤਾਉਂਦੇ ਹਨ।

ਨਿਠਾਰੀ ਕਾਂਡ ਕੀ ਸੀ?

ਸੁਪਰੀਮ ਕੋਰਟ ਦੇ ਫ਼ੈਸਲੇ ਦਾ ਹਿੱਸਾ
ਤਸਵੀਰ ਕੈਪਸ਼ਨ, ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਮੰਨਿਆ ਹੈ ਕਿ ਨਿਠਾਰੀ ਵਿੱਚ ਜੋ ਹੋਇਆ ਉਹ ਭਿਆਨਕ ਸੀ ਅਤੇ ਪੀੜਤ ਪਰਿਵਾਰਾਂ ਦੇ ਦੁੱਖ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ

2005 ਅਤੇ 2006 ਦੇ ਵਿਚਕਾਰ, ਦਿੱਲੀ ਦੇ ਨੋਇਡਾ ਨੇੜੇ ਨਿਠਾਰੀ ਪਿੰਡ ਵਿੱਚ ਇੱਕ ਤੋਂ ਬਾਅਦ ਇੱਕ ਕਈ ਬੱਚੇ ਅਤੇ ਜਵਾਨ ਔਰਤਾਂ ਦੇ ਗਾਇਬ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ।

ਇਨ੍ਹਾਂ ਬੱਚਿਆਂ ਦੇ ਪਰਿਵਾਰਾਂ ਨੇ ਸਥਾਨਕ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ, ਪਰ ਪੁਲਿਸ 'ਤੇ ਮਹੀਨਿਆਂ ਤੱਕ ਲਾਪਰਵਾਹੀ ਦਾ ਇਲਜ਼ਾਮ ਵੀ ਲਗਾਇਆ ਗਿਆ।

ਆਖ਼ਰਕਾਰ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ, ਤਾਂ ਪੰਧੇਰ ਦੇ ਘਰ ਦੇ ਪਿੱਛੇ ਇੱਕ ਨਾਲੇ ਵਿੱਚੋਂ 19 ਪਿੰਜਰ ਬਰਾਮਦ ਕੀਤੇ ਗਏ। ਮੋਨਿੰਦਰ ਸਿੰਘ ਪੰਧੇਰ ਅਤੇ ਸੁਰਿੰਦਰ ਕੋਲੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਨਿਠਾਰੀ ਕਾਂਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਠਾਰੀ ਕਾਂਡ ਦੌਰਾਨ ਪੁਲਿਸ ਜਾਂਚ ਦੀ ਇੱਕ ਪੁਰਾਣੀ ਫੋਟੋ

ਇਹ ਮਾਮਲਾ ਜਾਂਚ ਏਜੰਸੀ ਸੀਬੀਆਈ ਤੱਕ ਪਹੁੰਚਿਆ। ਆਪਣੀ ਜਾਂਚ ਦੌਰਾਨ, ਉਨ੍ਹਾਂ ਨੂੰ ਮਨੁੱਖੀ ਹੱਡੀਆਂ ਦੇ ਟੁਕੜੇ ਅਤੇ ਮਨੁੱਖੀ ਅੰਗਾਂ ਵਾਲੇ 40 ਪੈਕੇਟ ਮਿਲੇ ਜੋ ਇੱਕ ਨਾਲੇ ਵਿੱਚ ਸੁੱਟੇ ਗਏ ਸਨ।

ਜਾਂਚ ਅੱਗੇ ਵਧੀ ਅਤੇ 2009 ਵਿੱਚ ਗਾਜ਼ੀਆਬਾਦ ਦੀ ਇੱਕ ਸੀਬੀਆਈ ਅਦਾਲਤ ਨੇ ਦੋਵਾਂ ਆਦਮੀਆਂ ਨੂੰ ਇੱਕ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ।

ਪਰ ਇਹ ਮਾਮਲਾ ਬਾਅਦ ਵਿੱਚ ਇਲਾਹਾਬਾਦ ਹਾਈ ਕੋਰਟ ਰਾਹੀਂ ਸੁਪਰੀਮ ਕੋਰਟ ਪਹੁੰਚਿਆ, ਜਿੱਥੇ ਅਦਾਲਤ ਨੇ ਦੋਵਾਂ ਨੂੰ ਬੇਕਸੂਰ ਐਲਾਨ ਦਿੱਤਾ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)