ਅਮਰੀਕਾ ਵਿੱਚ ਹਜ਼ਾਰਾਂ ਮੌਤਾਂ ਲਈ ਜ਼ਿੰਮੇਵਾਰ ਨਸ਼ੀਲਾ ਪਦਾਰਥ ਫ਼ੈਂਟਾਨਿਲ ਕੀ ਹੈ, ਇਹ ਕਿਹੜੇ ਦੇਸ਼ ਵਿੱਚੋਂ ਆਉਂਦਾ ਹੈ

    • ਲੇਖਕ, ਕੇਅਲਿਨ ਡੇਵਲਿਨ ਅਤੇ ਯੀ ਮਾ
    • ਰੋਲ, ਬੀਬੀਸੀ ਵੈਰੀਫ਼ਾਈ

ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ਕਤੀਸ਼ਾਲੀ ਓਪੀਔਡ ਫੈਂਟਾਨਿਲ ਦੇ ਉਤਪਾਦਨ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਦੇ ਨਿਰਯਾਤ ਨੂੰ ਰੋਕਣ ਵਿੱਚ ਬੀਜਿੰਗ ਦੀ ਅਸਫ਼ਲਤਾ ਦਾ ਹਵਾਲਾ ਦਿੰਦਿਆਂ ਚੀਨੀ ਸਮਾਨ 'ਤੇ ਭਾਰੀ ਟੈਰਿਫ਼ ਲਗਾ ਦਿੱਤੇ ਹਨ।

ਅਮਰੀਕਾ ਲੰਬੇ ਸਮੇਂ ਤੋਂ ਚੀਨੀ ਕਾਰਪੋਰੇਸ਼ਨਾਂ 'ਤੇ ਡਰੱਗ ਬਣਾਉਣ ਵਿੱਚ ਇਸਤੇਮਾਲ ਹੋਣ ਵਾਲੇ ਤੱਤਾਂ ਦੀ ਸਪਲਾਈ ਦੇ ਇਲਜ਼ਾਮ ਲਾਉਂਦਾ ਰਿਹਾ ਹੈ।

ਚੀਨ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਟੈਰਿਫ਼ ਲਾਏ ਹਨ।

ਅਮਰੀਕਾ ਨੇ ਕੈਨੇਡਾ ਅਤੇ ਮੈਕਸੀਕੋ 'ਤੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਉਹ ਅਪਰਾਧਿਕ ਗਰੋਹਾਂ ਨੂੰ ਅਮਰੀਕਾ ਵਿੱਚ ਫੈਂਟਾਨਿਲ ਦੀ ਤਸਕਰੀ ਕਰਨ ਤੋਂ ਰੋਕਣ ਵਿੱਚ ਅਸਫ਼ਲ ਰਹੇ ਹਨ।

ਟਰੰਪ ਨੇ ਇਨ੍ਹਾਂ ਦੋਵਾਂ ਦੇਸ਼ਾਂ ਖ਼ਿਲਾਫ਼ ਟੈਰਿਫ਼ ਦੀ ਯੋਜਨਾ ਬਣਾਈ ਸੀ ਪਰ ਉਨ੍ਹਾਂ ਨੇ ਸਰਹੱਦੀ ਸੁਰੱਖਿਆ ਵਧਾਉਣ 'ਤੇ ਇਸ ਯੋਜਨਾ ਨੂੰ ਮੁਅੱਤਲ ਕਰ ਦਿੱਤਾ।

ਅਮਰੀਕਾ ਵਿੱਚ ਫੈਂਟਾਨਿਲ ਸੰਕਟ ਕਿੰਨਾ ਗੰਭੀਰ ਹੈ?

ਫੈਂਟਾਨਿਲ ਇੱਕ ਸਿੰਥੈਟਿਕ ਦਵਾਈ ਹੈ ਜੋ ਰਸਾਇਣਾਂ ਦੇ ਸੁਮੇਲ ਤੋਂ ਬਣਾਈ ਜਾਂਦੀ ਹੈ।

ਯੂਐੱਸ ਰੈਗੂਲੇਟਰਾਂ ਨੇ ਫ਼ੈਂਟਾਨਿਲ ਨੂੰ 1960 ਦੇ ਦਹਾਕੇ ਵਿੱਚ ਦਰਦ ਨਿਵਾਰਕ ਵਜੋਂ ਕੁਝ ਦਵਾਈਆਂ ਵਿੱਚ ਇਸਤੇਮਾਲ ਕਰਨ ਦੀ ਮਨਜ਼ੂਰੀ ਦਿੱਤੀ ਸੀ, ਪਰ ਉਦੋਂ ਤੋਂ ਹੀ ਇਹ ਅਮਰੀਕਾ ਵਿੱਚ ਓਪੀਔਡ ਓਵਰਡੋਜ਼ ਮੌਤਾਂ ਲਈ ਜ਼ਿੰਮੇਵਾਰ ਮੁੱਖ ਦਵਾਈ ਬਣ ਗਈ ਹੈ।

ਯੂਐੱਸ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ (ਸੀਡੀਸੀ) ਦੇ ਮੁਤਾਬਕ, ਫੈਂਟਾਨਿਲ ਵਾਲੇ ਨਸ਼ੀਲੇ ਪਦਾਰਥਾਂ ਦੇ ਮਿਸ਼ਰਣ ਦੇ ਸੇਵਨ ਕਾਰਨ 2023 ਵਿੱਚ 74,000 ਤੋਂ ਵੱਧ ਅਮਰੀਕੀਆਂ ਦੀ ਮੌਤ ਹੋ ਗਈ।

ਇਸ ਨੂੰ ਅਕਸਰ ਹੋਰ ਗ਼ੈਰ-ਕਾਨੂੰਨੀ ਨਸ਼ੀਲੀਆਂ ਦਵਾਈਆਂ ਨਾਲ ਮਿਲਾਇਆ ਜਾਂਦਾ ਹੈ, ਜਿਸ ਬਾਰੇ ਬਹੁਤ ਸਾਰੇ ਉਪਭੋਗਤਾ ਜਾਣੂ ਹੀ ਨਹੀਂ ਹੁੰਦੇ ਹਨ ਕਿ ਉਹ ਫੈਂਟਾਨਿਲ ਵਾਲਾ ਕੋਈ ਪਦਾਰਥ ਖਾ ਰਹੇ ਹਨ।

ਫੈਂਟਾਨਿਲ ਦੀ ਦੋ ਮਿਲੀਗ੍ਰਾਮ ਖੁਰਾਕ ਜਿੰਨੀ ਘੱਟ ਯਾਨੀ ਕਿ ਕਿ ਸਰੋਂ ਦੇ ਦਾਣੇ ਦਾਣੇ ਜਿੰਨੀ ਖ਼ੁਰਾਕ ਵੀ ਘਾਤਕ ਹੋ ਸਕਦੀ ਹੈ।

ਪਿਛਲੇ ਦਹਾਕੇ ਦੌਰਾਨ, ਗਲੋਬਲ ਫੈਂਟਾਨਿਲ ਸਪਲਾਈ ਚੇਨ ਦਾ ਵਿਸਥਾਰ ਹੋਇਆ ਹੈ, ਜਿਸ ਨਾਲ ਕਾਨੂੰਨ ਲਾਗੂ ਕਰਨ ਵਾਲਿਆਂ ਅਤੇ ਨੀਤੀ ਨਿਰਮਾਤਾਵਾਂ ਲਈ ਇਸਨੂੰ ਕੰਟਰੋਲ ਕਰਨਾ ਔਖਾ ਹੋ ਗਿਆ ਹੈ।

ਚੀਨ ਫੈਂਟਾਨਿਲ ਪੈਦਾ ਕਰਨ ਲਈ ਵਰਤੇ ਜਾਣ ਵਾਲੇ ਮੁੱਢਲੇ ਰਸਾਇਣਾਂ ਦਾ ਮੁੱਖ ਸਰੋਤ ਹੈ।

ਫ਼ੈਂਟਾਨਿਲ ਦੀ ਵਧੇਰੇ ਸਪਲਾਈ ਅਮਰੀਕਾ ਤੋਂ ਹੁੰਦੀ ਹੈ

ਜ਼ਿਆਦਾਤਰ ਫੈਂਟਾਨਿਲ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਦਾਖਲ ਹੁੰਦੇ ਹਨ।

ਯੂਐੱਸ ਕਸਟਮਜ਼ ਐਂਡ ਬਾਰਡਰ ਪੈਟਰੋਲ (ਸੀਬੀਪੀ) ਵੱਲੋਂ ਪ੍ਰਕਾਸ਼ਿਤ ਕੀਤੇ ਗਏ ਅੰਕੜਿਆਂ ਮੁਤਾਬਕ, ਸਤੰਬਰ ਤੋਂ ਲੈ ਕੇ ਹੁਣ ਤੱਕ ਅਮਰੀਕਾ ਵਿੱਚ 4,500 ਪੌਂਡ (2,040 ਕਿਲੋਗ੍ਰਾਮ) ਫੈਂਟਾਨਿਲ ਜ਼ਬਤ ਕੀਤਾ ਗਿਆ ਹੈ।

ਤਕਰੀਬਨ ਸਾਰਾ ਕਰੀਬ 98 ਫ਼ੀਸਦ ਮੈਕਸੀਕੋ ਦੇ ਨਾਲ ਦੱਖਣ-ਪੱਛਮੀ ਸਰਹੱਦ 'ਤੇ ਰੋਕਿਆ ਗਿਆ ਸੀ।

ਕੈਨੇਡਾ ਦੇ ਨਾਲ ਉੱਤਰੀ ਅਮਰੀਕਾ ਦੀ ਸਰਹੱਦ ਦੇ ਪਾਰ 1 ਫ਼ੀਸਦ ਤੋਂ ਘੱਟ ਜ਼ਬਤ ਕੀਤਾ ਗਿਆ ਸੀ। ਬਾਕੀ ਸਮੁੰਦਰੀ ਰਸਤੇ ਜਾਂ ਹੋਰ ਅਮਰੀਕੀ ਚੌਕੀਆਂ ਤੋਂ ਬਰਾਮਦ ਹੋਇਆ ਸੀ।

ਯੂਐੱਸ ਡਰੱਗ ਇਨਫੋਰਸਮੈਂਟ ਏਜੰਸੀ ਦੇ ਮੁਤਾਬਕ, ਮੈਕਸੀਕਨ ਅਪਰਾਧਿਕ ਸੰਗਠਨ ਸਿਨਾਲੋਆ ਕਾਰਟੈਲ ਸਣੇ ਫੈਂਟਾਨਿਲ, ਮੇਥਾਮਫੇਟਾਮਾਈਨ ਅਤੇ ਹੋਰ ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਨੂੰ ਅਮਰੀਕਾ ਵਿੱਚ ਪੈਦਾ ਕਰਨ ਅਤੇ ਪਹੁੰਚਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ।

ਫੈਂਟਾਨਿਲ ਬਣਾਉਣ ਲਈ ਵਰਤੇ ਜਾਣ ਵਾਲੇ ਰਸਾਇਣ ਨੂੰ ਤਸਕਰ ਚੀਨ ਤੋਂ ਲੈਂਦੇ ਹਨ ਅਤੇ ਅਮਰੀਕਾ ਵਿੱਚ ਤਸਕਰੀ ਕਰਨ ਤੋਂ ਪਹਿਲਾਂ ਮੈਕਸੀਕੋ ਦੀਆਂ ਲੈਬਜ਼ ਵਿੱਚ ਤਿਆਰ ਉਤਪਾਦ ਵਿੱਚ ਬਦਲੇ ਜਾਂਦੇ ਹਨ।

ਡੀਈਏ ਦੇ ਮੁਤਾਬਕ, ਸਿਨਾਲੋਆ ਕਾਰਟੈਲ ਮੈਕਸੀਕੋ ਵਿੱਚ ਆਉਣ ਵਾਲੀਆਂ ਸ਼ਿਪਮੈਂਟਾਂ ਨੂੰ ਛੁਪਾਉਣ ਲਈ ਕਈ ਤਰੀਕਿਆਂ ਦੀ ਵਰਤੋਂ ਕਰਦੇ ਹਨ, ਜਿਵੇਂ ਕਿ ਜਾਇਜ਼ ਵਪਾਰਕ ਵਸਤੂਆਂ ਵਿੱਚ ਰਸਾਇਣਾਂ ਨੂੰ ਲੁਕਾਉਣਾ, ਕੰਟੇਨਰਾਂ ਨੂੰ ਗ਼ਲਤ ਲੇਬਲ ਦੇਣਾ ਹੋਰ ਦੇਸ਼ਾਂ ਤੋਂ ਇਸ ਦੀ ਸ਼ਿਪਿੰਗ ਕਰਨਾ।

ਟਰੰਪ ਪ੍ਰਸ਼ਾਸਨ ਨੇ ਮੈਕਸੀਕਨ ਸਰਕਾਰ 'ਤੇ ਡਰੱਗ ਕਾਰਟੈਲ ਨਾਲ ਮਿਲੀਭੁਗਤ ਦਾ ਇਲਜ਼ਾਮ ਲਗਾਇਆ ਹੈ।

ਮੈਕਸੀਕੋ ਦੇ ਰਾਸ਼ਟਰਪਤੀ ਸ਼ੇਨਬੌਮ ਨੇ ਅਮਰੀਕਾ ਦੇ ਇਸ ਦਾਅਵੇ ਦੀ ਨਿੰਦਾ ਕੀਤੀ ਹੈ।

ਦਸੰਬਰ ਵਿੱਚ, ਟਰੰਪ ਨੇ ਮੈਕਸੀਕੋ ਨੂੰ ਟੈਰਿਫ਼ ਦੀ ਧਮਕੀ ਦੇਣ ਤੋਂ ਥੋੜ੍ਹੀ ਦੇਰ ਬਾਅਦ ਹੀ ਅਮਰੀਕਾ ਦੇ ਸੁਰੱਖਿਆ ਬਲਾਂ ਨੇ ਫੈਂਟਾਨਿਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜ਼ਬਤ ਦਾ ਐਲਾਨ ਕੀਤਾ ਇਹ ਤਕਰੀਬਨ 20 ਕਰੋੜ ਖੁਰਾਕਾਂ ਦੇ ਬਰਾਬਰ ਸੀ।

ਚੀਨ ਫੈਂਟਾਨਿਲ ਰਸਾਇਣਾਂ ਦਾ ਮੁੱਖ ਸਰੋਤ ਹੈ

2019 ਵਿੱਚ, ਚੀਨ ਨੇ ਫੈਂਟਾਨਿਲ ਨੂੰ ਇੱਕ ਨਿਯੰਤਰਿਤ ਨਸ਼ੀਲੇ ਪਦਾਰਥ ਵਜੋਂ ਸ਼੍ਰੇਣੀਬੱਧ ਕੀਤਾ ਅਤੇ ਬਾਅਦ ਵਿੱਚ ਇਸਨੂੰ ਬਣਾਉਣ ਲਈ ਵਰਤੇ ਜਾਣ ਵਾਲੇ ਕੁਝ ਰਸਾਇਣਾਂ ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ।

ਇਸ ਦੇ ਬਾਵਜੂਦ, ਫੈਂਟਾਨਿਲ ਦੇ ਨਿਰਮਾਣ ਵਿੱਚ ਸ਼ਾਮਲ ਹੋਰ ਰਸਾਇਣਾਂ ਦਾ ਵਪਾਰ ਜਿਨ੍ਹਾਂ ਵਿੱਚੋਂ ਕੁਝ ਨੂੰ ਕਾਨੂੰਨੀ ਤੌਰ 'ਤੇ ਪ੍ਰਵਾਨਿਤ ਕਾਰਨਾਂ ਕਰਕੇ ਦੇਸ਼ ਵਿੱਚ ਦਾਖ਼ਲ ਹੋਣ ਦੀ ਇਜ਼ਾਜਤ ਨੂੰ ਰੋਕਣਾ ਹਾਲੇ ਅਸੰਭਵ ਹੈ।

ਇਸ ਦਾ ਇੱਕ ਹੋਰ ਕਾਰਨ ਵੀ ਹੈ।

ਕਈ ਅਮਰੀਕੀ ਇਲਜ਼ਾਮਾਂ ਜਿਨ੍ਹਾਂ ਵਿੱਚ ਚੀਨੀ ਨਿਰਮਾਤਾਵਾਂ ਨਾਲ ਸੰਚਾਰ ਕਰਨ ਵਾਲੇ ਗੁਪਤ ਏਜੰਟਾਂ ਦੇ ਵੇਰਵੇ ਸ਼ਾਮਲ ਹਨ, ਦੀ ਸਮੀਖਿਆ ਤੋਂ ਪਤਾ ਲੱਗਦਾ ਹੈ ਕਿ ਚੀਨ ਵਿੱਚ ਕੁਝ ਰਸਾਇਣਕ ਕੰਪਨੀਆਂ ਰਸਾਇਣ ਵੇਚ ਰਹੀਆਂ ਹਨ। ਇੰਨਾ ਹੀ ਨਹੀਂ ਇਨ੍ਹਾਂ ਕੰਪਨੀਆਂ ਨੂੰ ਇਹ ਗਿਆਨ ਹੁੰਦਾ ਹੈ ਕਿ ਉਨ੍ਹਾਂ ਦਾ ਇਰਾਦਾ ਫੈਂਟਾਨਿਲ ਬਣਾਉਣਾ ਹੈ।

ਬੀਬੀਸੀ ਨੇ ਵੀ ਦਰਜਨਾਂ ਅਜਿਹੇ ਇਲਜ਼ਾਮਾਂ ਦੀ ਸਮੀਖਿਆ ਕੀਤੀ ਹੈ। ਜਿਸ ਤੋਂ ਪੁਸ਼ਟੀ ਹੋਈ ਹੈ ਕਿ ਕਿਵੇਂ ਚੀਨੀ ਨਿਰਮਾਤਾਵਾਂ ਨੂੰ ਵੇਚੇ ਗਏ ਉਤਪਾਦਾਂ ਤੋਂ ਫ਼ੈਂਟਾਨਿਲ ਬਣਾਏ ਜਾਣ ਬਾਰੇ ਨਿਰਦੇਸ਼ ਦਿੱਤੇ ਸਨ। ਇਨ੍ਹਾਂ ਦੀ ਵਿਕਰੀ ਲਈ ਭੁਗਤਾਨ ਏਨਕ੍ਰਿਪਟਡ ਪਲੇਟਫਾਰਮਾਂ ਅਤੇ ਕ੍ਰਿਪਟੋਕਰੰਸੀ ਜ਼ਰੀਏ ਕੀਤਾ ਗਿਆ ਸੀ।

ਵੈਂਡਾ ਫੈਲਬਾਬ-ਬ੍ਰਾਊਨ, ਬਰੂਕਿੰਗਜ਼ ਇੰਸਟੀਚਿਊਟ ਵਿੱਚ ਵਿਦੇਸ਼ ਨੀਤੀ ਵਿੱਚ ਸੀਨੀਅਰ ਫੈਲੋ ਹਨ ਉਹ ਕਹਿੰਦੇ ਹਨ,"ਕਮੀ ਇਸ ਥਾਂ 'ਤੇ ਹੈ ਜਦੋਂ ਕਾਨੂੰਨੀ ਤੌਰ ਉੱਤੇ ਜਿਹੜੇ ਉਤਪਾਦ ਵੇਚਣ ਦੀ ਇਜ਼ਾਜਤ ਹੈ, ਜਾਣਬੁੱਝ ਕੇ ਉਨ੍ਹਾਂ ਉਤਪਾਦਾਂ ਨੂੰ ਅਪਰਾਧਿਕ ਸੰਸਥਾਵਾਂ ਨੂੰ ਵੇਚਿਆ ਜਾਵੇ।"

ਇੱਕ ਬਿਆਨ ਵਿੱਚ, ਚੀਨ ਨੇ ਕਿਹਾ ਕਿ ਉਸ ਕੋਲ ਦੁਨੀਆ ਦੇ ਸਭ ਤੋਂ ਸਖ਼ਤ ਨਸ਼ੀਲੇ ਪਦਾਰਥਾਂ ਦੇ ਕਾਨੂੰਨ ਹਨ ਅਤੇ ਪਿਛਲੇ ਸਮੇਂ ਵਿੱਚ ਇਸ ਮਸਲੇ ਉੱਤੇ ਅਮਰੀਕਾ ਨਾਲ ਮਿਲਕੇ ਕਾਰਵਾਈਆਂ ਕੀਤੀਆਂ ਸਨ।

ਚੀ ਨੇ ਕਿਹਾ ਕਿ,"ਅਮਰੀਕਾ ਨੂੰ ਆਪਣੇ ਫੈਂਟਾਨਿਲ ਮੁੱਦੇ ਨੂੰ ਸਮਝਣ ਅਤੇ ਹੱਲ ਕਰਨ ਦੀ ਲੋੜ ਹੈ।"

ਜਦੋਂ ਕਿ ਚੀਨ ਫੈਂਟਾਨਿਲ ਬਣਾਉਣ ਲਈ ਵਰਤੇ ਜਾਣ ਵਾਲੇ ਰਸਾਇਣਾਂ ਦਾ ਮੁੱਖ ਸਰੋਤ ਬਣਿਆ ਹੋਇਆ ਹੈ, ਡੀਈਏ ਨੇ ਭਾਰਤ ਨੂੰ ਇਨ੍ਹਾਂ ਰਸਾਇਣਾਂ ਲਈ ਇੱਕ ਉੱਭਰ ਰਹੇ ਪ੍ਰਮੁੱਖ ਸਰੋਤ ਵਜੋਂ ਨਿਰਦੇਸ਼ਿਤ ਕੀਤਾ ਹੈ।

ਜਨਵਰੀ 2025 ਤੋਂ ਅਮਰੀਕਾ ਇਲਜ਼ਾਮ ਲਾ ਰਿਹਾ ਹੈ ਕਿ ਭਾਰਤ ਵਿੱਚ ਦੋ ਰਸਾਇਣਕ ਕੰਪਨੀਆਂ ਨੂੰ ਅਮਰੀਕਾ ਅਤੇ ਮੈਕਸੀਕੋ ਨੂੰ ਫੈਂਟਾਨਿਲ ਬਣਾਉਣ ਲਈ ਵਰਤੇ ਜਾਣ ਵਾਲੇ ਰਸਾਇਣਾਂ ਦੀ ਸਪਲਾਈ ਕਰਨ ਲਈ ਵਰਤਿਆ ਜਾਂਦਾ ਸੀ।

ਫੈਂਟਾਨਿਲ ਵਪਾਰ ਵਿੱਚ ਕੈਨੇਡਾ ਦੀ ਭੂਮਿਕਾ

ਰਾਸ਼ਟਰਪਤੀ ਟਰੰਪ ਨੇ ਮੈਕਸੀਕੋ ਦੇ ਨਾਲ-ਨਾਲ ਕੈਨੇਡਾ 'ਤੇ ਇਲਜ਼ਾਮ ਲਾਇਆ ਹੈ ਕਿ ਉਹ ਅਮਰੀਕਾ 'ਚ 'ਵੱਡੀ ਗਿਣਤੀ 'ਚ ਲੋਕਾਂ ਦੇ ਨਾਲ-ਨਾਲ ਫੈਂਟਾਨਿਲ ਨੂੰ ਆਉਣ' ਦੀ ਇਜਾਜ਼ਤ ਵੀ ਦੇ ਰਿਹਾ ਹੈ।

ਯੂਐੱਸ ਕਸਟਮਜ਼ ਅਤੇ ਬਾਰਡਰ ਪੈਟਰੋਲ ਦੇ ਅੰਕੜਿਆਂ ਦੇ ਅਨੁਸਾਰ, ਅਮਰੀਕਾ ਵਿੱਚ ਦਾਖਲ ਹੋਣ ਵਾਲੇ ਫੈਂਟਾਨਿਲ ਦੀਆਂ ਵੱਡੀਆਂ ਜ਼ਬਤਾਂ ਵਿੱਚੋਂ ਸਿਰਫ 0.2 ਫ਼ੀਸਦ ਕੈਨੇਡੀਅਨ ਸਰਹੱਦ 'ਤੇ ਕੀਤੀਆਂ ਗਈਆਂ ਹਨ, ਬਾਕੀ ਤਕਰੀਬਨ ਸਾਰੀਆਂ ਮੈਕਸੀਕੋ ਦੇ ਨਾਲ ਅਮਰੀਕੀ ਸਰਹੱਦ 'ਤੇ ਜ਼ਬਤ ਕੀਤੀਆਂ ਜਾਂਦੀਆਂ ਹਨ।

ਪਰ ਜਨਵਰੀ ਵਿੱਚ, ਕੈਨੇਡਾ ਦੀ ਵਿੱਤੀ ਖੁਫ਼ੀਆ ਏਜੰਸੀ ਨੇ ਰਿਪੋਰਟ ਦਿੱਤੀ ਸੀ ਕਿ ਕੈਨੇਡਾ ਵਿੱਚ ਸੰਗਠਿਤ ਅਪਰਾਧੀ ਸਮੂਹ ਚੀਨ ਤੋਂ ਫ਼ੈਂਟਾਨਿਲ ਨੂੰ ਬਣਾਉਣ ਲਈ ਵਰਤੇ ਜਾਣ ਵਾਲੇ ਰਸਾਇਣਾਂ ਅਤੇ ਲੈਬ ਉਪਕਰਣਾਂ ਨੂੰ ਦਰਾਮਦ ਕਰਕੇ ਫੈਂਟਾਨਿਲ ਦੇ ਉਤਪਾਦਨ ਵਿੱਚ ਤੇਜ਼ੀ ਨਾਲ ਸ਼ਾਮਲ ਹੋ ਰਹੇ ਹਨ।

ਫੈਂਟਾਨਿਲ ਦਾ ਵਪਾਰ ਦੋਵਾਂ ਦਿਸ਼ਾਵਾਂ ਵਿੱਚ ਹੁੰਦਾ ਹੈ। ਸਾਲ 2024 ਦੇ ਪਹਿਲੇ 10 ਮਹੀਨਿਆਂ ਵਿੱਚ, ਕੈਨੇਡੀਅਨ ਸਰਹੱਦੀ ਸੇਵਾ ਨੇ ਅਮਰੀਕਾ ਤੋਂ ਦਾਖਲ ਹੋਣ ਵਾਲੇ 4.9 ਕਿਲੋ ਫੈਂਟਾਨਿਲ ਨੂੰ ਜ਼ਬਤ ਕਰਨ ਦੀ ਰਿਪੋਰਟ ਕੀਤੀ, ਜਦੋਂ ਕਿ ਅਮਰੀਕਾ ਬਾਰਡਰ ਪੈਟਰੋਲ ਨੇ ਕੈਨੇਡਾ ਤੋਂ ਆਉਣ ਵਾਲੇ 14.6 ਕਿਲੋ ਫੈਂਟਾਨਿਲ ਨੂੰ ਰੋਕਿਆ।

ਦਸੰਬਰ ਵਿੱਚ, ਦੇਸ਼ ਦੇ ਦਾਖਲੇ 'ਤੇ ਰੋਕ ਲਾਉਣ ਲਈ ਫੈਂਟਾਨਿਲ ਦਾ ਮੁਕਾਬਲਾ ਕਰਨ ਅਤੇ ਸਰਹੱਦੀ ਸੁਰੱਖਿਆ ਨੂੰ ਵਧਾਉਣ ਦਾ ਵਾਅਦਾ ਕੀਤਾ।

ਲੂਸੀ ਗਿਲਡਰ ਦੀ ਰਿਪੋਰਟਿੰਗ ਸਹਿਤ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)