You’re viewing a text-only version of this website that uses less data. View the main version of the website including all images and videos.
ਈਰਾਨ ਨੇ ਇਜ਼ਰਾਇਲ ਉੱਤੇ ਮਿਜ਼ਾਇਲ ਹਮਲਿਆਂ ਨਾਲ ਕੀਤੀ ਜਵਾਬੀ ਕਾਰਵਾਈ, ਹੁਣ ਤੱਕ ਕੀ-ਕੀ ਪਤਾ ਲੱਗਿਆ
ਇਜ਼ਰਾਇਲ ਅਤੇ ਈਰਾਨ ਵਿਚਕਾਰ ਚੱਲ ਰਿਹਾ ਤਣਾਅ ਅਜੇ ਵੀ ਜਾਰੀ ਹੈ। ਬੀਤੀ ਰਾਤ ਇਰਾਨ ਦੇ ਤਹਿਰਾਨ ਵਿੱਚ ਕਈ ਧਮਾਕੇ ਸੁਣੇ ਗਏ।
ਦੂਜੇ ਪਾਸੇ ਈਰਾਨ ਵੱਲੋਂ ਵੀ ਇਜ਼ਰਾਇਲ ਵਿਰੁੱਧ ਮਿਜ਼ਾਇਲਾਂ ਦਾਗੀਆਂ ਗਈਆਂ। ਇਜ਼ਰਾਇਲ ਦੇ ਜੇਰੂਸ਼ਲਮ ਵਿੱਚ ਧਮਾਕੇ ਸੁਣੇ ਗਏ ਅਤੇ ਤੇਲ ਅਵੀਵ ਵਿੱਚ ਕਾਲਾ ਧੂੰਆਂ ਉੱਠਦਾ ਦੇਖਿਆ ਗਿਆ।
ਇਜ਼ਰਾਇਲ ਦੀ ਐਮਰਜੈਂਸੀ ਸਰਵਿਸ ਮੇਗਨ ਡੇਵਿਡ ਅਡੋਮ ਨੇ ਕਿਹਾ ਹੈ ਕਿ ਈਰਾਨ ਦੇ ਹਵਾਈ ਹਮਲਿਆਂ ਵਿੱਚ ਜ਼ਖ਼ਮੀ ਹੋਏ 21 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਹਮਲੇ ਇਜ਼ਰਾਇਲ ਦੇ ਸੈਂਟਰਲ ਕੋਸਟਲ ਇਲਾਕੇ ਵਿੱਚ ਹੋਏ ਹਨ।
ਈਰਾਨ ਨੇ ਸ਼ਨੀਵਾਰ ਸਵੇਰੇ ਇਜ਼ਰਾਇਲ ਉੱਤੇ ਮਿਜ਼ਾਇਲ ਹਮਲੇ ਕੀਤੇ , ਜਿਸ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਸਾਇਰਨ ਵੱਜਣ ਲੱਗੇ। ਸਾਇਰਨਾਂ ਦੀ ਅਵਾਜ਼ ਸੁਣ ਕੇ ਲੋਕ ਸੁਰੱਖਿਅਤ ਥਾਵਾਂ ਵੱਲ ਭੱਜਣ ਲੱਗੇ।
ਕਈ ਮਿਜ਼ਾਇਲਾਂ ਨੂੰ ਹਵਾ ਵਿੱਚ ਹੀ ਮਾਰ ਕੇ ਡੇਗ ਦਿੱਤਾ ਗਿਆ , ਪਰ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਕੁਝ ਮਿਜ਼ਾਇਲਾਂ ਆਪਣੇ ਨਿਸ਼ਾਨੇ ਉੱਤੇ ਲੱਗੀਆਂ।
ਬੀਤੇ ਦਿਨੀਂ, ਇਜ਼ਰਾਇਲ ਨੇ ਈਰਾਨ 'ਤੇ ਏਅਰ ਸਟ੍ਰਾਇਕ ਕਰਦੇ ਹੋਏ ਕਿਹਾ ਸੀ ਕਿ ਉਸ ਨੇ ਈਰਾਨ 'ਤੇ "ਪ੍ਰੀ-ਐਂਪਟਿਵ ਹਮਲੇ" ਕੀਤੇ ਹਨ।
ਇਜ਼ਰਾਇਲ ਦੀ ਰੱਖਿਆ ਫੋਰਸ ਵੱਲੋਂ ਜਾਰੀ ਪੋਸਟ ਵਿਚ ਕਿਹਾ ਗਿਆ ਸੀ ਕਿ ਇਜ਼ਰਾਇਲੀ ਹਵਾਈ ਫੌਜ ਦੇ ਦਰਜਨਾਂ ਜੈੱਟਾਂ ਨੇ ਹਮਲੇ ਦਾ "ਪਹਿਲਾ ਪੜਾਅ ਪੂਰਾ" ਕੀਤਾ, ਜਿਸ ਵਿੱਚ "ਈਰਾਨ ਦੇ ਵੱਖ-ਵੱਖ ਖੇਤਰਾਂ ਵਿੱਚ ਪਰਮਾਣੂ ਟੀਚਿਆਂ ਸਮੇਤ ਦਰਜਨਾਂ ਫੌਜੀ ਟੀਚਿਆਂ 'ਤੇ ਹਮਲੇ" ਸ਼ਾਮਲ ਹਨ।
ਇਜ਼ਰਾਇਲ ਦੇ ਇਸ ਹਮਲੇ ਵਿੱਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦੇ ਮੁਖੀ ਹੁਸੈਨ ਸਲਾਮੀ ਦੇ ਨਾਲ-ਨਾਲ ਕਈ ਹੋਰ ਵੱਡੇ ਆਗੂਆਂ ਤੇ ਪਰਮਾਣੂ ਵਿਗਿਆਨੀਆਂ ਦੀ ਮੌਤ ਦੀਆਂ ਰਿਪੋਰਟਾਂ ਹਨ।
ਈਰਾਨ ਦੇ ਸੰਯੁਕਤ ਰਾਸ਼ਟਰ ਰਾਜਦੂਤ ਨੇ ਕਿਹਾ ਕਿ ਇਜ਼ਰਾਈਲੀ ਹਮਲਿਆਂ ਵਿੱਚ ਸੀਨੀਅਰ ਫੌਜੀ ਅਧਿਕਾਰੀਆਂ ਸਮੇਤ 78 ਲੋਕ ਮਾਰੇ ਗਏ ਸਨ, ਜਦੋਂ ਕਿ 320 ਤੋਂ ਵੱਧ ਜ਼ਖਮੀ ਹੋਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨਾਗਰਿਕ ਸਨ।
ਹਮਲੇ ਦੀ ਜਵਾਬੀ ਕਾਰਵਾਈ ਕਰਦਿਆਂ ਈਰਾਨ ਨੇ ਇਜ਼ਰਾਈਲ 'ਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ।
ਜਾਣਕਾਰੀ ਮੁਤਾਬਕ, ਇਸ ਜਵਾਬੀ ਹਮਲੇ ਤੋਂ ਬਾਅਦ ਇਜ਼ਰਾਈਲੀ ਹਸਪਤਾਲਾਂ ਵਿੱਚ ਚਾਲੀ ਲੋਕ ਜ਼ੇਰੇ ਇਲਾਜ ਹਨ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਅਮਰੀਕਾ ਨੇ ਈਰਾਨ ਨੂੰ ਦਿੱਤੀ ਚੇਤਾਵਨੀ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ "ਹੋਰ ਵੀ ਬੇਰਹਿਮ" ਇਜ਼ਰਾਇਲੀ ਹਮਲਿਆਂ ਦੀ ਚੇਤਾਵਨੀ ਦਿੰਦਿਆਂ ਈਰਾਨ ਨੂੰ ਆਪਣੇ ਪਰਮਾਣੂ ਪ੍ਰੋਗਰਾਮ 'ਤੇ ਸਮਝੌਤਾ ਕਰਨ ਦੀ ਅਪੀਲ ਕੀਤੀ ਹੈ।
ਅਮਰੀਕੀ ਬਿਊਰੋ ਅਧਿਕਾਰੀ ਮੈਕਕੋਏ ਪਿਟ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ "ਸੰਯੁਕਤ ਰਾਜ ਅਮਰੀਕਾ ਨੂੰ ਹਮਲਿਆਂ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਪਰ ਉਹ ਇਨ੍ਹਾਂ ਹਮਲਿਆਂ ਵਿੱਚ ਫੌਜੀ ਤੌਰ 'ਤੇ ਸ਼ਾਮਲ ਨਹੀਂ ਸੀ।''
ਉਨ੍ਹਾਂ ਕਿਹਾ, "ਸਾਡੀ ਸਭ ਤੋਂ ਵੱਡੀ ਤਰਜੀਹ ਖੇਤਰ ਵਿੱਚ ਅਮਰੀਕੀ ਨਾਗਰਿਕਾਂ, ਕਰਮਚਾਰੀਆਂ ਅਤੇ ਫੌਜਾਂ ਦੀ ਸੁਰੱਖਿਆ ਹੈ।"
ਉਨ੍ਹਾਂ ਕਿਹਾ ਕਿ ਜੇਕਰ ਈਰਾਨ ਅਮਰੀਕੀ ਨਾਗਰਿਕਾਂ, ਟਿਕਾਣਿਆਂ ਜਾਂ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦਾ ਹੈ ਤਾਂ "ਈਰਾਨ ਲਈ ਨਤੀਜੇ ਭਿਆਨਕ ਹੋਣਗੇ।"
ਉਨ੍ਹਾਂ ਈਰਾਨ ਤੋਂ "ਕੂਟਨੀਤਕ ਹੱਲ" ਲੱਭਣ ਦੀ ਮੰਗ ਕੀਤੀ।
ਸੰਯੁਕਤ ਰਾਸ਼ਟਰ ਦੀ ਇਜ਼ਰਾਇਲ ਅਤੇ ਇਰਾਨ ਨੂੰ ਇਹ ਅਪੀਲ
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਇਜ਼ਰਾਇਲ ਅਤੇ ਇਰਾਨ ਨੂੰ 'ਤਣਾਅ ਨੂੰ ਰੋਕਣ ਅਤੇ ਸ਼ਾਂਤੀ ਦਾ ਰਸਤਾ ਅਪਣਾਉਣ' ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਐਕਸ 'ਤੇ ਲਿਖਿਆ, "ਇਰਾਨ ਦੇ ਪਰਮਾਣੂ ਠਿਕਾਣਿਆਂ 'ਤੇ ਇਜ਼ਰਾਇਲ ਦਾ ਹਮਲਾ, ਜਵਾਬੀ ਕਾਰਵਾਈ 'ਚ ਤੇਲ ਅਵੀਵ 'ਤੇ ਮਿਜ਼ਾਈਲਾਂ ਦਾਗਣਾ। ਹੁਣ ਬਹੁਤ ਹੋ ਗਿਆ ਹੈ। ਇਸ ਨੂੰ ਰੋਕਣ ਦਾ ਸਮਾਂ ਆ ਗਿਆ ਹੈ। ਸ਼ਾਂਤੀ ਅਤੇ ਕੂਟਨੀਤੀ ਦਾ ਰਸਤਾ ਅਪਣਾਇਆ ਜਾਣਾ ਚਾਹੀਦਾ ਹੈ।"
ਯੂਰਪੀਅਨ ਯੂਨੀਅਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਕਿਹਾ ਕਿ ਉਨ੍ਹਾਂ ਨੇ ਇਸ ਪੂਰੇ ਮਾਮਲੇ 'ਤੇ ਇਜ਼ਰਾਇਲ ਦੇ ਰਾਸ਼ਟਰਪਤੀ ਆਈਜ਼ੈਕ ਹਰਜ਼ੋਗ ਨਾਲ ਗੱਲ ਕੀਤੀ ਹੈ।
ਉਨ੍ਹਾਂ ਐਕਸ 'ਤੇ ਲਿਖਿਆ, "ਮੈਂ ਦੁਹਰਾਉਂਦੀ ਹਾਂ ਕਿ ਇਜ਼ਰਾਇਲ ਨੂੰ ਆਪਣੀ ਅਤੇ ਆਪਣੇ ਲੋਕਾਂ ਦੀ ਰੱਖਿਆ ਕਰਨ ਦਾ ਅਧਿਕਾਰ ਹੈ। ਇਸ ਦੇ ਨਾਲ ਹੀ ਖੇਤਰੀ ਸਥਿਰਤਾ ਬਣਾਈ ਰੱਖਣਾ ਵੀ ਬਹੁਤ ਮਹੱਤਵਪੂਰਨ ਹੈ।"
ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਸੰਜਮ ਵਰਤਣ ਅਤੇ ਤਣਾਅ ਘਟਾਉਣ ਦੀ ਅਪੀਲ ਕੀਤੀ ਹੈ।
ਇਜ਼ਰਾਇਲ ਨੇ ਆਪਣੇ ਹਮਲਿਆਂ ਬਾਰੇ ਕੀ ਦੱਸਿਆ
ਈਰਾਨ ਦੇ ਤਹਿਰਾਨ ਵਿੱਚ ਧਮਾਕਿਆਂ ਦੀਆਂ ਰਿਪੋਰਟਾਂ ਦੇ ਨਾਲ ਹੀ ਇਜ਼ਰਾਇਲ ਨੇ ਕਿਹਾ ਹੈ ਕਿ ਉਸ ਨੇ ਇਰਾਨ 'ਤੇ "ਪ੍ਰੀ-ਐਂਪਟਿਵ ਹਮਲੇ" ਕੀਤੇ ਹਨ।
ਇਜ਼ਰਾਇਲ ਦੀ ਰੱਖਿਆ ਫੋਰਸ ਨੇ ਐਕਸ, ਐਕਸਟਰਨਲ 'ਤੇ ਯਾਨੀ ਆਪਣੇ ਅੰਗਰੇਜ਼ੀ-ਭਾਸ਼ਾ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਹਮਲਿਆਂ ਨੂੰ ਸਵੀਕਾਰ ਕੀਤਾ ਹੈ।
ਪੋਸਟ ਵਿਚ ਕਿਹਾ ਗਿਆ ਹੈ ਕਿ ਇਜ਼ਰਾਇਲੀ ਹਵਾਈ ਫੌਜ ਦੇ ਦਰਜਨਾਂ ਜੈੱਟਾਂ ਨੇ ਹਮਲੇ ਦਾ "ਪਹਿਲਾ ਪੜਾਅ ਪੂਰਾ" ਕੀਤਾ, ਜਿਸ ਵਿੱਚ "ਈਰਾਨ ਦੇ ਵੱਖ-ਵੱਖ ਖੇਤਰਾਂ ਵਿੱਚ ਪਰਮਾਣੂ ਟੀਚਿਆਂ ਸਮੇਤ ਦਰਜਨਾਂ ਫੌਜੀ ਟੀਚਿਆਂ 'ਤੇ ਹਮਲੇ" ਸ਼ਾਮਲ ਹਨ।
ਇਜ਼ਰਾਇਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਇਸ ਸਬੰਧੀ ਐਲਾਨ ਕਰਦਿਆਂ ਹਮਲੇ ਦੀ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਹੈ ਕਿ ਇਜ਼ਰਾਇਲ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਗਿਆ ਹੈ।
ਕਾਟਜ਼ ਨੇ ਐਲਾਨ ਵਿੱਚ ਕਿਹਾ ਹੈ: "ਈਰਾਨ ਵਿਰੁੱਧ ਇਜ਼ਰਾਇਲ ਦੇ ਪ੍ਰੀ-ਐਂਪਟਿਵ (ਸੰਭਾਵਿਤ ਖਤਰੇ ਨੂੰ ਰੋਕਣ ਲਈ ਕੀਤੀ ਗਈ ਕਾਰਵਾਈ) ਹਮਲੇ ਤੋਂ ਬਾਅਦ, ਸਟੇਟ ਆਫ਼ ਇਜ਼ਰਾਇਲ ਅਤੇ ਇਸਦੀ ਨਾਗਰਿਕ ਆਬਾਦੀ ਵਿਰੁੱਧ ਮਿਜ਼ਾਈਲ ਅਤੇ ਡਰੋਨ ਹਮਲਾ ਹੋਣ ਦੀ ਉਮੀਦ ਹੈ।"
ਈਰਾਨ ਦੇ ਸਰਕਾਰੀ ਮੀਡੀਆ ਦੇ ਅਨੁਸਾਰ, ਤਹਿਰਾਨ ਦੇ ਮੁੱਖ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਤਹਿਰਾਨ ਦਾ ਇਮਾਮ ਖੋਮੇਨੀ ਅੰਤਰਰਾਸ਼ਟਰੀ ਹਵਾਈ ਅੱਡਾ ਈਰਾਨ ਦੀ ਰਾਜਧਾਨੀ ਤੋਂ 30 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ ਹੈ।
ਈਰਾਨ ਦੀ ਜਵਾਬੀ ਕਾਰਵਾਈ ਦੇ ਖਦਸ਼ੇ ਤੋਂ ਬਾਅਦ ਭੋਜਨ ਅਤੇ ਪਾਣੀ ਨੂੰ ਸਟੌਕ ਕਰਨ ਲੱਗੇ ਇਜ਼ਰਾਇਲ ਦੇ ਲੋਕ
ਇਜ਼ਰਾਇਲ ਵਿੱਚ ਲੋਕਾਂ ਨੇ ਈਰਾਨ ਦੀ ਜਵਾਬੀ ਕਾਰਵਾਈ ਦੇ ਖਦਸ਼ੇ ਕਾਰਨ ਭੋਜਨ ਅਤੇ ਪਾਣੀ ਸਟੌਕ ਕਰਨਾ ਸ਼ੁਰੂ ਕਰ ਦਿੱਤਾ ਹੈ।
ਯੇਰੂਸ਼ਲਮ ਦੀ ਸੁਪਰਮਾਰਕਿਟ ਵਿੱਚ ਸਾਮਾਨ ਤੇਜ਼ੀ ਨਾਲ ਖਾਲੀ ਹੋ ਰਿਹਾ ਹੈ। ਲੋਕ ਸਭ ਤੋਂ ਜ਼ਿਆਦਾ ਸਟੌਕ ਭੋਜਨ ਅਤੇ ਪਾਣ ਦਾ ਕਰ ਰਹੇ ਹਨ।
ਇਜ਼ਰਾਈਲ ਵਿੱਚ ਜ਼ਿਆਦਾਤਰ ਲੋਕ ਸਥਾਨਕ ਸਮੇਂ ਅਨੁਸਾਰ ਸਵੇਰੇ 3 ਵਜੇ ਉੱਠੇ। ਉਸ ਸਮੇਂ ਖ਼ਤਰੇ ਦੀ ਚੇਤਾਵਨੀ ਦਿੰਦੇ ਹੋਏ ਸਾਇਰਨ ਅਲਰਟ ਜਾਰੀ ਕੀਤੇ ਗਏ ਸਨ।
ਇਜ਼ਰਾਈਲ ਵਿੱਚ ਐਮਰਜੈਂਸੀ ਸੇਵਾਵਾਂ ਲਈ ਵੀ ਖੂਨ ਇਕੱਠਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਹਸਪਤਾਲਾਂ ਵਿੱਚ ਦਾਖਲ ਉਨ੍ਹਾਂ ਲੋਕਾਂ ਨੂੰ ਛੁੱਟੀ ਦਿੱਤੀ ਜਾ ਰਹੀ ਹੈ ਜੋ ਘਰ ਜਾਣ ਲਈ ਤੰਦਰੁਸਤ ਹਨ।
ਵੈਸਟ ਬੈਂਕ ਦੇ ਸਾਰੇ ਫਲਸਤੀਨੀ ਸ਼ਹਿਰਾਂ ਵਿੱਚ ਅਗਲੇ ਨੋਟਿਸ ਤੱਕ ਤਾਲਾਬੰਦੀ ਲਗਾ ਦਿੱਤੀ ਗਈ ਹੈ।
ਈਰਾਨ ਦੀ ਜਵਾਬੀ ਕਾਰਵਾਈ ਦੇ ਮੱਦੇਨਜ਼ਰ ਇਹ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਜ਼ਰਾਇਲੀ ਫੌਜ ਨੇ ਕਿਹਾ ਹੈ ਕਿ ਈਰਾਨ ਨੇ 100 ਤੋਂ ਜ਼ਿਆਦਾ ਡਰੋਨ ਦਾਗੇ ਹਨ।
ਰੈਵੋਲਿਊਸ਼ਨਰੀ ਗਾਰਡਜ਼ ਦੇ ਮੁਖੀ ਦੀ ਮੌਤ - ਈਰਾਨੀ ਸਰਕਾਰੀ ਮੀਡੀਆ
ਈਰਾਨ ਦੇ ਸਰਕਾਰੀ ਮੀਡੀਆ ਤੋਂ ਆ ਰਹੀਆਂ ਰਿਪੋਰਟ ਮੁਤਾਬਕ, ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦੇ ਮੁਖੀ ਹੁਸੈਨ ਸਲਾਮੀ ਦੀ ਇਜ਼ਰਾਇਲੀ ਹਮਲੇ ਵਿੱਚ ਮੌਤ ਹੋ ਗਈ ਹੈ।
ਇਸ ਹਮਲੇ ਵਿੱਚ ਹੋਰ ਕਈ ਸੀਨੀਅਰ ਆਗੂਆਂ ਦੇ ਮਾਰੇ ਜਾਣ ਦੀਆਂ ਵੀ ਰਿਪੋਰਟਾਂ ਹਨ।
ਇਸ ਤੋਂ ਪਹਿਲਾਂ ਰੈਵੋਲਿਊਸ਼ਨਰੀ ਗਾਰਡਜ਼ ਦੇ ਮੁੱਖ ਦਫਤਰ 'ਤੇ ਹਮਲੇ ਦੀ ਜਾਣਕਾਰੀ ਸਾਹਮਣੇ ਆਈ ਸੀ।
ਦੱਸ ਦੇਈਏ ਕਿ ਇਸਲਾਮੀ ਰੈਵੋਲਿਊਸ਼ਨਰੀ ਗਾਰਡਜ਼, ਈਰਾਨ ਦੀਆਂ ਹਥਿਆਰਬੰਦ ਫੌਜਾਂ ਦੀ ਇੱਕ ਸ਼ਾਖਾ ਹੈ ਅਤੇ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਸੰਗਠਨਾਂ ਵਿੱਚੋਂ ਇੱਕ ਹੈ।
ਈਰਾਨੀ ਸਰਕਾਰੀ ਟੀਵੀ ਨੇ ਇਜ਼ਰਾਈਲੀ ਹਮਲਿਆਂ ਵਿੱਚ ਮਾਰੇ ਗਏ ਦੋ ਸੀਨੀਅਰ ਪਰਮਾਣੂ ਵਿਗਿਆਨੀਆਂ ਦੇ ਨਾਮ ਵੀ ਦੱਸੇ ਹਨ।
ਰਿਪੋਰਟ ਮੁਤਾਬਕ, ਮਾਰੇ ਗਏ ਵਿਗਿਆਨੀਆਂ ਵਿੱਚੋਂ ਇੱਕ ਫੇਰੇਦੂਨ ਅੱਬਾਸੀ ਹਨ, ਜੋ ਈਰਾਨ ਦੇ ਪਰਮਾਣੂ ਊਰਜਾ ਸੰਗਠਨ ਦੇ ਸਾਬਕਾ ਮੁਖੀ ਹਨ। ਅਤੇ ਦੂਜੇ ਵਿਗਿਆਨੀ ਮੁਹੰਮਦ ਮੇਹਦੀ ਤਹਿਰਾਨਚੀ ਹਨ, ਜੋ ਤਹਿਰਾਨ ਵਿੱਚ ਇਸਲਾਮਿਕ ਆਜ਼ਾਦ ਯੂਨੀਵਰਸਿਟੀ ਦੇ ਪ੍ਰਧਾਨ ਹਨ।
ਨਾਲ ਹੀ ਈਰਾਨ ਦੇ ਸਰਕਾਰੀ ਮੀਡੀਆ ਨੇ ਇਹ ਵੀ ਕਿਹਾ ਹੈ ਕਿ ਇਜ਼ਰਾਇਲ ਨੇ ਦੇਸ਼ 'ਚ ਤਹਿਰਾਨ ਅਤੇ ਹੋਰ ਸ਼ਹਿਰਾਂ ਦੇ ਰਿਹਾਇਸ਼ੀ ਇਲਾਕਿਆਂ 'ਤੇ ਹਮਲਾ ਕੀਤਾ ਹੈ।
ਖ਼ਬਰ ਏਜੰਸੀ ਰਾਇਟਰਜ਼ ਨੇ ਈਰਾਨ ਦੇ ਸਰਕਾਰੀ ਟੀਵੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਮਾਰੇ ਗਏ ਲੋਕਾਂ ਵਿੱਚ ਬੱਚੇ ਵੀ ਸ਼ਾਮਲ ਸਨ।
ਈਰਾਨ ’ਚ ਇਜ਼ਰਾਇਲ ਦੇ ਹਮਲੇ ਵਿੱਚ ਹੁਣ ਤੱਕ ਕਿਸ-ਕਿਸ ਦੀ ਮੌਤ?
ਇਜ਼ਰਾਇਲ ਨੇ ਕਿਹਾ ਹੈ ਕਿ ਉਸ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਖਤਮ ਕਰਨ ਦੇ ਇਰਾਦੇ ਨਾਲ ਉਸ 'ਤੇ ਹਮਲਾ ਕੀਤਾ ਹੈ। ਇਜ਼ਰਾਇਲ ਨੇ ਇਸ ਨੂੰ 'ਆਪਰੇਸ਼ਨ ਰਾਈਜ਼ਿੰਗ ਲਾਇਨ' ਨਾਮ ਦਿੱਤਾ ਹੈ।
ਇਜ਼ਰਾਇਲ ਨੇ ਹਮਲਿਆਂ ਵਿੱਚ ਈਰਾਨੀ ਫੌਜ ਦੇ ਕੁਝ ਸੀਨੀਅਰ ਕਮਾਂਡਰ ਅਤੇ ਪਰਮਾਣੂ ਵਿਗਿਆਨੀਆਂ ਦੀ ਮੌਤ ਹੋਣ ਦੀ ਖਬਰ ਹੈ।
ਈਰਾਨ ਦੇ ਸਰਕਾਰੀ ਮੀਡੀਆ ਨੇ ਵੀ ਆਪਣੇ ਕੁਝ ਸੀਨੀਅਰ ਅਧਿਕਾਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ:
ਹੁਸੈਨ ਸਲਾਮੀ: ਇਸਲਾਮਿਕ ਰੈਵੋਲਿਊਸ਼ਨਰੀ ਗਾਰਡਸ ਕੋਰ (ਆਈਆਰਜੀਸ) ਦੇ ਕਮਾਂਡਰ-ਇਨ-ਚੀਫ
ਘੋਲਾਮਲੀ ਰਾਸ਼ਿਦ: ਖ਼ਤਮ-ਅਲ ਅਨਹਿਆ ਸੈਂਟਰਲ ਹੈੱਡਕੁਆਰਟਰਜ਼ ਦੇ ਕਮਾਂਡਰ
ਫੇਰੇਦੂਨ ਅੱਬਾਸੀ: ਪਰਮਾਣੂ ਵਿਗਿਆਨੀ ਅਤੇ ਈਰਾਨ ਦੇ ਪਰਮਾਣੂ ਊਰਜਾ ਸੰਗਠਨ ਦੇ ਸਾਬਕ ਮੁਖੀ
ਮੁਹੰਮਦ ਮੇਹਦੀ ਤੇਹਰਾਂਚੀ: ਈਰਾਨ ਦੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਵਿੱਚ ਸ਼ਾਮਲ ਪ੍ਰਮਾਣੂ ਵਿਗਿਆਨੀ
ਮੁਹੰਮਦ ਬਘੇਰੀ: ਈਰਾਨ ਦੇ ਹਥਿਆਰਬੰਦ ਬਲਾਂ ਦੇ ਚੀਫ ਆਫ ਸਟਾਫ
ਈਰਾਨ ਤੋਂ ਆ ਰਹੀਆਂ ਖਬਰਾਂ ਦੇ ਮੁਤਾਬਕ ਦੇਸ਼ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਸੀਨੀਅਰ ਸਲਾਹਕਾਰ ਅਲੀ ਸ਼ਮਖਾਨੀ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।
'ਹਮਲੇ ਓਨੇ ਦਿਨ ਜਾਰੀ ਰਹਿਣਗੇ, ਜਿੰਨੇ ਦਿਨ ਜ਼ਰੂਰਤ ਹੋਵੇਗੀ' - ਇਜ਼ਰਾਇਲੀ ਪੀਐਮ
ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਈਰਾਨ 'ਤੇ ਕੀਤੇ ਹਮਲੇ ਨੂੰ ਲੈ ਕੇ ਇੱਕ ਸੰਦੇਸ਼ ਜਾਰੀ ਕੀਤਾ ਹੈ। ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਇਜ਼ਰਾਇਲ ਨੇ "ਈਰਾਨ ਪਰਮਾਣੂ ਸੰਸ਼ੋਧਨ ਪ੍ਰੋਗਰਾਮ ਦੇ ਮੁੱਖ ਕੇਂਦਰ 'ਤੇ ਹਮਲਾ" ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਜ਼ਰਾਇਲ ਨੇ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਲਗਭਗ 225 ਕਿਲੋਮੀਟਰ ਦੱਖਣ ਵਿੱਚ, ਈਰਾਨ ਦੇ ਸ਼ਹਿਰ ਨਤਾਂਜ਼ ਵਿੱਚ ਈਰਾਨ ਦੇ ਮੁੱਖ ਸੰਸ਼ੋਧਨ ਕੇਂਦਰ 'ਤੇ ਹਮਲਾ ਕੀਤਾ ਹੈ।
ਅਪ੍ਰੈਲ 2021 ਵਿੱਚ, ਈਰਾਨ ਨੇ ਉਸੇ ਕੇਂਦਰ 'ਤੇ ਸਾਈਬਰ ਹਮਲੇ ਲਈ ਇਜ਼ਰਾਇਲ ਨੂੰ ਦੋਸ਼ੀ ਦੱਸਿਆ ਸੀ।
ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਨੇ "ਈਰਾਨੀ ਬੰਬ 'ਤੇ ਕੰਮ ਕਰ ਰਹੇ" ਈਰਾਨੀ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਇਆ ਸੀ।
ਨਾਲ ਹੀ ਉਨ੍ਹਾਂ ਕਿਹਾ ਕਿ ਇਹ ਹਮਲੇ "ਓਨੇ ਦਿਨ ਜਾਰੀ ਰਹਿਣਗੇ, ਜਿੰਨੇ ਦਿਨ ਜ਼ਰੂਰਤ ਹੋਵੇਗੀ''।
ਉਨ੍ਹਾਂ ਕਿਹਾ, "ਕੁਝ ਸਮਾਂ ਪਹਿਲਾਂ ਇਜ਼ਰਾਇਲ ਨੇ ਆਪ੍ਰੇਸ਼ਨ ਰਾਈਜ਼ਿੰਗ ਲਾਇਨ ਸ਼ੁਰੂ ਕੀਤਾ ਹੈ, ਜੋ ਕਿ ਇਜ਼ਰਾਇਲ ਦੀ ਹੋਂਦ ਲਈ ਈਰਾਨੀ ਖਤਰੇ ਨੂੰ ਘਟਾਉਣ ਲਈ ਇੱਕ ਟਾਰਗੇਟਿਡ ਫੌਜੀ ਕਾਰਵਾਈ ਹੈ।"
ਉਨ੍ਹਾਂ ਕਿਹਾ, "ਹਾਲ ਹੀ ਦੇ ਮਹੀਨਿਆਂ ਵਿੱਚ ਈਰਾਨ ਨੇ ਉਹ ਕਦਮ ਚੁੱਕੇ ਹਨ ਜੋ ਇਸਨੇ ਪਹਿਲਾਂ ਕਦੇ ਨਹੀਂ ਚੁੱਕੇ। ਜੇਕਰ ਇਸਨੂੰ ਨਾ ਰੋਕਿਆ ਗਿਆ, ਤਾਂ ਈਰਾਨ ਬਹੁਤ ਘੱਟ ਸਮੇਂ ਵਿੱਚ ਪ੍ਰਮਾਣੂ ਹਥਿਆਰ ਬਣਾ ਸਕਦਾ ਹੈ। ਇਸ ਵਿੱਚ ਕੁਝ ਮਹੀਨੇ ਜਾਂ ਇੱਕ ਸਾਲ ਤੋਂ ਵੀ ਘੱਟ ਸਮਾਂ ਲੱਗ ਸਕਦਾ ਹੈ। ਇਹ ਇਜ਼ਰਾਇਲ ਦੀ ਹੋਂਦ ਲਈ ਇੱਕ ਸਪਸ਼ਟ ਅਤੇ ਮੌਜੂਦਾ ਖ਼ਤਰਾ ਹੈ।"
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪਰਮਾਣੂ ਪ੍ਰੋਗਰਾਮ ਗੱਲਬਾਤ 'ਤੇ 'ਲੀਡਰਸ਼ਿਪ' ਲਈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ, "ਉਨ੍ਹਾਂ ਨੇ ਵਾਰ-ਵਾਰ ਇਹ ਸਪਸ਼ਟ ਕੀਤਾ ਹੈ ਕਿ ਈਰਾਨ ਪਰਮਾਣੂ ਸੰਸ਼ੋਧਨ ਪ੍ਰੋਗਰਾਮ ਨਹੀਂ ਕਰ ਸਕਦਾ।"
ਡੌਨਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ "ਟਕਰਾਅ ਤੋਂ ਬਚਣ" ਦੀ ਉਮੀਦ ਕਰਦੇ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਵਾਸ਼ਿੰਗਟਨ ਇਨ੍ਹਾਂ ਹਮਲਿਆਂ ਵਿੱਚ ਸ਼ਾਮਲ ਨਹੀਂ ਹੈ।
'ਇਜ਼ਰਾਇਲ ਅਤੇ ਅਮਰੀਕਾ ਨੂੰ ਹਮਲਿਆਂ ਦੀ 'ਭਾਰੀ ਕੀਮਤ' ਚੁਕਾਉਣੀ ਪਵੇਗੀ' - ਈਰਾਨ
ਖ਼ਬਰ ਏਜੰਸੀ ਰਾਇਟਰਜ਼ ਦੀ ਰਿਪੋਰਟ ਅਨੁਸਾਰ, ਈਰਾਨ ਦੇ ਹਥਿਆਰਬੰਦ ਬਲਾਂ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਅਮਰੀਕਾ ਅਤੇ ਇਜ਼ਰਾਇਲ ਨੂੰ ਇਨ੍ਹਾਂ ਹਮਲਿਆਂ ਦੀ "ਭਾਰੀ ਕੀਮਤ" ਚੁਕਾਉਣੀ ਪਵੇਗੀ।
ਈਰਾਨੀ ਬੁਲਾਰੇ ਅਬੁਲਫਜ਼ਲ ਸ਼ੇਕਰਚੀ ਨੇ ਕਿਹਾ, "ਹਥਿਆਰਬੰਦ ਬਲ ਇਸ ਜ਼ਾਇਓਨਿਸਟ ਹਮਲੇ ਦਾ ਜਵਾਬ ਜ਼ਰੂਰ ਦੇਣਗੇ।''
ਈਰਾਨ ਦੇ ਸੁਪਰੀਮ ਲੀਡਰ, ਅਯਾਤੁੱਲਾ ਅਲੀ ਖਮੇਨੇਈ ਨੇ ਕਿਹਾ ਹੈ ਇਹ ਹਮਲੇ ਇਜ਼ਰਾਈਲ ਦੇ "ਘਿਣਾਉਣੇ ਸੁਭਾਅ" ਨੂੰ ਪ੍ਰਗਟ ਕਰਦੇ ਹਨ।
ਰਾਇਟਰਜ਼ ਦੀ ਰਿਪੋਰਟ ਮੁਤਾਬਕ, ਉਨ੍ਹਾਂ ਕਿਹਾ ਕਿ ਇਜ਼ਰਾਇਲ ਨੂੰ ਇਸ ਹਮਲੇ ਦੇ ਨਤੀਜੇ ਭੁਗਤਣੇ ਪੈਣਗੇ।
ਇਸਦੇ ਨਾਲ ਹੀ ਈਰਾਨ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲੀ ਹਮਲਿਆਂ ਦੀ ਨਿੰਦਾ ਕਰਨ।
ਈਰਾਨ ਦਾ ਮੰਨਣਾ ਹੈ ਕਿ ਇਸ ਹਮਲੇ ਵਿੱਚ ਅਮਰੀਕਾ ਨੇ ਇਜ਼ਰਾਇਲ ਨੂੰ ਸਹਿਯੋਗ ਦਿੱਤਾ ਹੈ। ਹਾਲਾਂਕਿ ਅਮਰੀਕਾ ਨੇ ਕਿਸੇ ਵੀ ਸ਼ਮੂਲੀਅਤ ਤੋਂ ਪੂਰੇ ਤਰ੍ਹਾਂ ਨਾਲ ਇਨਕਾਰ ਕੀਤਾ ਹੈ।
ਤਹਿਰਾਨ 'ਚ ਤਾਜ਼ਾ ਧਮਾਕਿਆਂ ਦੀਆਂ ਰਿਪੋਰਟਾਂ
ਐਸੋਸੀਏਟਿਡ ਪ੍ਰੈਸ ਦੀ ਰਿਪੋਰਟ ਅਨੁਸਾਰ, ਈਰਾਨ ਦੀ ਰਾਜਧਾਨੀ ਤਹਿਰਾਨ ਦੇ ਲੋਕਾਂ ਨੇ ਸ਼ਹਿਰ ਭਰ ਵਿੱਚ ਦੁਬਾਰਾ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਹਨ।
ਈਰਾਨੀ ਸਰਕਾਰੀ ਮੀਡੀਆ ਨੇ ਵੀ ਤਹਿਰਾਨ ਵਿੱਚ ਤਾਜ਼ਾ ਇਜ਼ਰਾਇਲੀ ਹਮਲਿਆਂ ਦੀ ਰਿਪੋਰਟ ਕਰ ਰਿਹਾ ਹੈ ਅਤੇ ਖਬਰ ਏਜੰਸੀ ਰਾਇਟਰਜ਼ ਨੇ ਕਿਹਾ ਹੈ ਕਿ ਸ਼ਹਿਰ 'ਚ ਹਵਾਈ ਰੱਖਿਆ ਫਾਇਰ ਸੁਣਾਈ ਦੇ ਰਹੇ ਹਨ।
ਭਾਰਤ ਨੇ ਇਜ਼ਰਾਇਲ-ਈਰਾਨ 'ਚ ਰਹਿੰਦੇ ਭਾਰਤੀਆਂ ਲਈ ਜਾਰੀ ਕੀਤੀ ਐਡਵਾਇਜ਼ਰੀ
ਈਰਾਨ 'ਤੇ ਇਜ਼ਰਾਇਲ ਦੇ ਹਮਲੇ ਤੋਂ ਬਾਅਦ, ਤੇਲ ਅਵੀਵ ਅਤੇ ਤਹਿਰਾਨ ਦੋਵਾਂ ਵਿੱਚ ਭਾਰਤੀ ਦੂਤਘਰ ਨੇ ਆਪਣੇ ਨਾਗਰਿਕਾਂ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ।
ਇਜ਼ਰਾਈਲ ਅਤੇ ਈਰਾਨ ਵਿੱਚ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ, ਸਾਰੇ ਭਾਰਤੀ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਇਜ਼ਰਾਇਲ ਦੇ ਤੇਲ ਅਵੀਵ ਵਿੱਚ ਭਾਰਤੀ ਦੂਤਘਰ ਨੇ ਕਿਹਾ ਹੈ ਕਿ "ਸਾਰੇ ਨਾਗਰਿਕ ਇਜ਼ਰਾਈਲੀ ਅਧਿਕਾਰੀਆਂ ਅਤੇ ਹੋਮ ਫਰੰਟ ਕਮਾਂਡ ਦੁਆਰਾ ਨਿਰਧਾਰਤ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ। "
ਦੂਤਾਵਾਸ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਸਾਵਧਾਨ ਰਹਿਣ ਅਤੇ ਦੇਸ਼ ਦੇ ਅੰਦਰ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਸੁਰੱਖਿਆ ਸ਼ੈਲਟਰਾਂ ਦੇ ਨੇੜੇ ਰਹਿਣ।
ਇਰਾਨ ਵਿੱਚ ਵੀ ਭਾਰਤੀ ਦੂਤਘਰ ਨੇ ਕਿਹਾ ਹੈ, "ਸਾਰੇ ਨਾਗਰਿਕਾਂ ਬੇਲੋੜੀਆਂ ਗਤੀਵਿਧੀਆਂ ਤੋਂ ਬਚਣ ਅਤੇ ਦੂਤਘਰ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਨਜ਼ਰ ਬਣਾਏ ਰੱਖੋ ਅਤੇ ਸਥਾਨਕ ਅਧਿਕਾਰੀਆਂ ਦੁਆਰਾ ਸਲਾਹ ਅਨੁਸਾਰ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰੋ।''
ਤਹਿਰਾਨ ਨੇੜੇ ਸੁਣੇ ਗਏ ਧਮਾਕੇ
ਈਰਾਨ ਦੇ ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ ਤਹਿਰਾਨ ਨੇੜੇ ਧਮਾਕੇ ਸੁਣੇ ਗਏ ਹਨ।
ਨਿਊਜ਼ ਏਜੰਸੀ ਰਾਈਟਰਜ਼ ਨੇ ਈਰਾਨ ਦੇ ਸਰਕਾਰੀ ਮੀਡੀਆ ਨੂਰ ਨਿਊਜ਼ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ ਕਿ ਤਹਿਰਾਨ ਦੇ ਉੱਤਰ-ਪੂਰਬ ਵਿੱਚ ਧਮਾਕੇ ਸੁਣੇ ਗਏ ਹਨ।
ਹਾਲਾਂਕਿ ਧਮਾਕਿਆਂ ਦਾ ਕਾਰਨ ਤੁਰੰਤ ਸਪਸ਼ਟ ਨਹੀਂ ਹੋ ਸਕਿਆ।
ਬੀਬੀਸੀ ਪੱਤਰਕਾਰਾਂ ਨੇ ਤਹਿਰਾਨ ਵਿੱਚ ਲੋਕਾਂ ਤੋਂ ਧਮਾਕੇ ਸੁਣੇ ਜਾਣ ਦੀ ਪੁਸ਼ਟੀ ਕੀਤੀ ਹੈ।
‘ਈਰਾਨ ਕੋਲ 'ਦਿਨਾਂ ਅੰਦਰ' ਬੰਬ ਬਣਾਉਣ ਲਈ ਕਾਫ਼ੀ ਪਰਮਾਣੂ ਸਮੱਗਰੀ’
ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਈਰਾਨ ਕੋਲ 'ਦਿਨਾਂ ਦੇ ਅੰਦਰ' ਹੀ ਬੰਬ ਬਣਾਉਣ ਲਈ ਕਾਫ਼ੀ ਮਾਤਰਾ 'ਚ ਪਰਮਾਣੂ ਸਮੱਗਰੀ ਹੈ।
ਇਸ ਦੀ ਜਾਣਕਾਰੀ ਇੱਕ ਸੀਨੀਅਰ ਫੌਜੀ ਅਧਿਕਾਰੀ ਨੇ ਬੀਬੀਸੀ ਨੂੰ ਦਿੱਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਮਹੀਨਿਆਂ ਵਿੱਚ, ਇਨ੍ਹਾਂ ਹਥਿਆਰਾਂ ਨੂੰ ਇਕੱਠਾ ਕਰਨ ਦੀਆਂ ਗੁਪਤ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।
ਅਮਰੀਕੀ ਅਧਿਕਾਰੀਆਂ ਨੂੰ ਸੀ ਹਮਲੇ ਦੀ ਜਾਣਕਾਰੀ
ਬੀਬੀਸੀ ਦੇ ਅਮਰੀਕੀ ਭਾਈਵਾਲ ਸੀਬੀਐੱਸ ਨੇ ਇਸ ਮਾਮਲੇ ਤੋਂ ਜਾਣੂ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ ਹੈ ਕਿ ਅਮਰੀਕੀ ਅਧਿਕਾਰੀਆਂ ਨੂੰ ਬੁੱਧਵਾਰ ਨੂੰ ਦੱਸਿਆ ਗਿਆ ਸੀ ਕਿ ਇਜ਼ਰਾਇਲ ਈਰਾਨ ਵਿੱਚ ਇੱਕ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਇਹ ਵੀ ਇੱਕ ਕਾਰਨ ਸੀ ਕਿ ਅਮਰੀਕਾ ਨੇ ਕੁਝ ਅਮਰੀਕੀਆਂ ਨੂੰ ਉਹ ਖੇਤਰ ਛੱਡਣ ਦੀ ਸਲਾਹ ਦਿੱਤੀ ਸੀ, ਅਤੇ ਅਮਰੀਕਾ ਨੂੰ ਖਦਸ਼ਾ ਸੀ ਕਿ ਈਰਾਨ ਇਰਾਕ ਵਿੱਚ ਕੁਝ ਅਮਰੀਕੀ ਥਾਵਾਂ 'ਤੇ ਜਵਾਬੀ ਕਾਰਵਾਈ ਕਰ ਸਕਦਾ ਹੈ।
ਅਮਰੀਕਾ ਹਮਲਿਆਂ 'ਚ ਸ਼ਾਮਲ ਨਹੀਂ - ਅਮਰੀਕੀ ਵਿਦੇਸ਼ ਮੰਤਰੀ
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਅਮਰੀਕਾ ਇਨ੍ਹਾਂ ਹਮਲਿਆਂ ਵਿੱਚ ਸ਼ਾਮਲ ਨਹੀਂ ਹੈ।
ਉਨ੍ਹਾਂ ਕਿਹਾ, "ਅੱਜ ਰਾਤ, ਇਜ਼ਰਾਇਲ ਨੇ ਈਰਾਨ ਵਿਰੁੱਧ ਇੱਕਪਾਸੜ ਕਾਰਵਾਈ ਕੀਤੀ। ਅਸੀਂ ਇਰਾਨ ਵਿਰੁੱਧ ਹਮਲਿਆਂ ਵਿੱਚ ਸ਼ਾਮਲ ਨਹੀਂ ਹਾਂ ਅਤੇ ਸਾਡੀ ਮੁੱਖ ਤਰਜੀਹ ਖੇਤਰ ਵਿੱਚ ਅਮਰੀਕੀ ਫੌਜਾਂ ਦੀ ਰੱਖਿਆ ਕਰਨਾ ਹੈ।''
''ਇਜ਼ਰਾਇਲ ਨੇ ਸਾਨੂੰ ਸਲਾਹ ਦਿੱਤੀ ਕਿ ਉਹ ਮੰਨਦੇ ਹਨ ਕਿ ਇਹ ਕਾਰਵਾਈ (ਉਨ੍ਹਾਂ ਦੀ) ਸਵੈ-ਰੱਖਿਆ ਲਈ ਜ਼ਰੂਰੀ ਸੀ। ਰਾਸ਼ਟਰਪਤੀ ਟਰੰਪ ਅਤੇ ਅਮਰੀਕੀ ਪ੍ਰਸ਼ਾਸਨ ਨੇ ਸਾਡੀਆਂ ਫੌਜਾਂ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਹਨ ਅਤੇ ਸਾਡੇ ਖੇਤਰੀ ਭਾਈਵਾਲਾਂ ਨਾਲ ਲਗਾਤਾਰ ਸੰਪਰਕ ਬਣਿਆ ਹੋਇਆ ਹੈ। ਮੈਨੂੰ ਸਪਸ਼ਟ ਕਰ ਦਿਆਂ ਕਿ ਈਰਾਨ ਨੂੰ ਅਮਰੀਕੀ ਹਿੱਤਾਂ ਜਾਂ ਕਰਮਚਾਰੀਆਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ