"ਟਿੰਡਰ ਜ਼ਰੀਏ ਇੱਕ 'ਦਰਿੰਦੇ' ਨਾਲ ਹੋਈ 20 ਮਿੰਟ ਦੀ ਡੇਟ ਨੇ ਮੇਰੀ ਜ਼ਿੰਦਗੀ ਦੇ ਕਈ ਸਾਲ ਨਰਕ ਬਣਾ ਦਿੱਤੇ", ਨਾਦੀਆ ਨੇ ਕਿਵੇਂ ਇਸ ਸ਼ਖ਼ਸ ਖ਼ਿਲਾਫ਼ ਲੜਾਈ ਲੜੀ

    • ਲੇਖਕ, ਕੈਟਰੀਓਨਾ ਮੈਕਫੀ ਅਤੇ ਰੇਚਲ ਕੋਬਰਨ
    • ਰੋਲ, ਬੀਬੀਸੀ ਡਿਸਕਲੋਜ਼ਰ

ਟਿੰਡਰ 'ਤੇ ਮੈਚ ਹੋਏ ਇੱਕ ਵਿਅਕਤੀ ਕਾਰਨ ਇੱਕ ਮਹਿਲਾ ਨੂੰ ਜੋ-ਜੋ ਝੱਲਣਾ ਪਿਆ, ਉਸ ਕਾਰਨ ਕਈ ਸਾਲਾਂ ਤੱਕ ਉਹ ਮਾਸਿਕ ਤੌਰ 'ਤੇ ਪ੍ਰਤਾੜਨਾ ਝੱਲਦੀ ਰਹੀ।

ਇਸ ਸਭ ਝੱਲਣ ਵਾਲੇ ਨਾਦੀਆ ਕਹਿੰਦੇ ਹਨ ਕਿ ਕ੍ਰਿਸਟੋਫਰ ਹਾਰਕਿਨਸ ਇੱਕ ਦਰਿੰਦਾ ਹੈ ਤੇ ਉਸ ਨਾਲ ਇੱਕ ਨਿੱਜੀ ਜਿਹੀ 20 ਮਿੰਟਾਂ ਮੁਲਾਕਾਤ ਨੇ ਉਨ੍ਹਾਂ ਦੀ ਜ਼ਿੰਦਗੀ ਬਦਤਰ ਬਣਾ ਦਿੱਤੀ।

ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਦੁਰਵਿਵਹਾਰ ਕੀਤਾ ਗਿਆ, ਜਿਸ ਨੇ ਸਾਲਾਂ ਤੱਕ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਇਆ।

ਕ੍ਰਿਸਟੋਫਰ ਹਾਰਕਿਨਸ ਨੂੰ ਇੱਕ ਬਦਨਾਮ ਧੋਖੇਬਾਜ਼ ਅਤੇ ਬਲਾਤਕਾਰੀ ਵਜੋਂ ਪਛਾਣਿਆ ਗਿਆ ਹੈ। ਸਾਲ 2018 ਵਿੱਚ ਉਸ ਨਾਲ ਡੇਟ ਕਰਨ ਬਾਰੇ ਪਹਿਲੀ ਵਾਰ ਬੋਲਦੇ ਹੋਏ ਨਾਦੀਆ ਨੇ ਕਿਹਾ ਕਿ ਦੁਰਵਿਵਹਾਰ ਉਦੋਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਖਤਰੇ ਨੂੰ ਭਾਂਪਦੇ ਹੋਏ ਆਪਣੀ ਡੇਟ ਜਲਦੀ ਖਤਮ ਕਰ ਦਿੱਤੀ।

ਸਪੋਰਟਸ ਮਸਾਜ ਥੈਰੇਪਿਸਟ ਨਾਦੀਆ ਉਨ੍ਹਾਂ ਅੱਧਾ ਦਰਜਨ ਮਹਿਲਾਵਾਂ ਵਿੱਚੋਂ ਇੱਕ ਹਨ ਜੋ ਸਕਾਟਲੈਂਡ ਦੇ ਅਜਿਹੇ ਸਭ ਤੋਂ ਚਰਚਿਤ ਲੋਕਾਂ ਨਾਲ ਸੰਪਰਕ ਵਿੱਚ ਆਈਆਂ, ਜਿਨ੍ਹਾਂ ਨੇ ਉਨ੍ਹਾਂ ਮਹਿਲਾਵਾਂ ਨੂੰ ਪਰੇਸ਼ਾਨ ਕਰ ਦਿੱਤਾ। ਇਨ੍ਹਾਂ ਮਹਿਲਾਵਾਂ ਨੇ ਨਵੇਂ ਬੀਬੀਸੀ ਡਿਸਕਲੋਜ਼ਰ ਪੋਡਕਾਸਟ: ਮੈਚਡ ਵਿਦ ਏ ਪ੍ਰੀਡੇਟਰ ਵਿੱਚ ਆਪਣੇ ਪਰੇਸ਼ਾਨ ਕਰਨ ਵਾਲੇ ਅਤੇ ਅਜੀਬ ਤਜਰਬੇ ਸਾਂਝੇ ਕੀਤੇ।

ਬੀਬੀਸੀ ਦੀ ਇੱਕ ਜਾਂਚ ਤੋਂ ਪਤਾ ਲੱਗਾ ਹੈ ਕਿ ਸਾਲ 2012 ਦੇ ਸ਼ੁਰੂ ਵਿੱਚ ਹੀ 11 ਮਹਿਲਾਵਾਂ ਨੇ ਹਾਰਕਿਨਸ ਬਾਰੇ ਸਕਾਟਲੈਂਡ ਪੁਲਿਸ ਕੋਲ ਰਿਪੋਰਟ ਦਰਜ ਕਰਨ ਦੀ ਕੋਸ਼ਿਸ਼ ਕੀਤੀ ਸੀ।

ਪਰ ਸਰੀਰਕ ਹਮਲੇ, ਧੋਖਾਧੜੀ, ਧਮਕੀਆਂ ਅਤੇ ਦੁਰਵਿਵਹਾਰ ਦੇ ਇਲਜ਼ਾਮਾਂ ਦੇ ਬਾਵਜੂਦ ਪੁਲਿਸ ਨੇ ਸਾਲ 2019 ਦੇ ਅਖੀਰ ਤੱਕ ਹਾਰਕਿਨਸ ਦੀ ਜਾਂਚ ਤੱਕ ਨਹੀਂ ਕੀਤੀ।

ਸਕਾਟਲੈਂਡ ਪੁਲਿਸ ਨੇ ਕਿਹਾ ਕਿ ਪਹਿਲਾਂ ਦੀਆਂ ਰਿਪੋਰਟਾਂ "ਮੁੱਖ ਤੌਰ 'ਤੇ ਵਿੱਤੀ ਮਾਮਲਿਆਂ ਬਾਰੇ" ਸਨ ਅਤੇ ਸਾਰੀਆਂ ਅਲੱਗ-ਥਲੱਗ ਸਨ - ਇੱਕ ਅਜਿਹੀ ਸਥਿਤੀ, ਜਿਸਦੀ ਉਹ ਉਮੀਦ ਕਰਦੇ ਹਨ ਕਿ "ਦੁਹਰਾਈ ਨਹੀਂ ਜਾਵੇਗੀ।"

ਹਾਰਕਿਨਸ ਨੇ ਸਾਲ 2024 ਵਿੱਚ ਜੇਲ੍ਹ ਜਾਣ ਤੋਂ ਪਹਿਲਾਂ ਸਕਾਟਲੈਂਡ ਅਤੇ ਲੰਦਨ ਵਿੱਚ ਔਨਲਾਈਨ ਮਿਲਣ ਵਾਲੀਆਂ ਮਹਿਲਾਵਾਂ ਵਿਰੁੱਧ ਲਗਭਗ ਇੱਕ ਦਹਾਕੇ ਤੱਕ ਅਪਰਾਧ ਕੀਤੇ।

ਨਾਦੀਆ ਦਾ ਮੰਨਣਾ ਹੈ ਕਿ ਉਸ ਨੂੰ ਪਹਿਲਾਂ ਰੋਕ ਦਿੱਤਾ ਜਾਣਾ ਚਾਹੀਦਾ ਸੀ।

ਉਹ ਕਈ ਪੀੜਤਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਸਕਾਟਲੈਂਡ ਪੁਲਿਸ ਤੋਂ ਉਨ੍ਹਾਂ ਲੋਕਾਂ ਕੋਲੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ ਜਿਨ੍ਹਾਂ ਨੇ ਉਸ ਦੀ ਰਿਪੋਰਟ ਕਰਨ ਦੀ ਕੋਸ਼ਿਸ਼ ਕੀਤੀ ਸੀ।

ਟਿੰਡਰ ਜ਼ਰੀਏ ਹੋਈ ਮੁਲਾਕਾਤ ਬਣੀ ਡਰਾਉਣਾ ਤਜ਼ਰਬਾ

ਨਾਦੀਆ, ਹੁਣ 34 ਸਾਲ ਦੇ ਹਨ ਅਤੇ ਹਾਰਕਿਨਸ ਹੁਣ 38 ਸਾਲ ਦਾ ਹੈ। ਸੱਤ ਸਾਲ ਪਹਿਲਾਂ ਉਹ ਟਿੰਡਰ 'ਤੇ ਮਿਲੇ ਸਨ।

ਸ਼ੁਰੂ ਵਿੱਚ ਉਹ ਮੈਸੇਜ ਰਾਹੀਂ ਗੱਲਬਾਤ ਕਰ ਰਹੇ ਸਨ ਅਤੇ ਕੁਝ ਹਫ਼ਤਿਆਂ ਬਾਅਦ ਉਨ੍ਹਾਂ ਨੇ ਗਲਾਸਗੋ ਵਿੱਚ ਰਾਤ ਦੇ ਖਾਣੇ 'ਤੇ ਮਿਲਣ ਦਾ ਫੈਸਲਾ ਕੀਤਾ।

ਨਾਦੀਆ ਦਾ ਮੱਥਾ ਪਹਿਲੀ ਵਾਰ ਉਦੋਂ ਠਣਕਿਆ ਉਦੋਂ ਉਹ ਡਿਨਰ ਡੇਟ 'ਤੇ ਜਾਣ ਲਈ ਹਾਰਕਿਨਸ ਨੂੰ ਲੈਣ ਕੰਬਰਨੌਲਡ ਵਿੱਚ ਉਸਦੇ ਫਲੈਟ 'ਤੇ ਪਹੁੰਚੇ।

ਨਾਦੀਆ ਦੱਸਦੇ ਹਨ ਕਿ ਜਦੋਂ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੇ ਜੌਗਿੰਗ ਟਰਾਊਜ਼ਰ ਅਤੇ ਵੈਸਟ ਪਹਿਨੀ ਸੀ ਅਤੇ ਉਸ ਨੇ ਕਿਹਾ ਕਿ ਉਹ ਕਾਫੀ ਥੱਕਿਆ ਹੋਇਆ ਹੈ ਤੇ ਬਾਹਰ ਜਾਣ ਦੀ ਹਿੰਮਤ ਨਹੀਂ ਹੋ ਰਹੀ। ਉਸ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਉਹ ਦੋਵੇਂ ਉਸ ਦੇ ਫਲੈਟ 'ਤੇ ਰਹਿਣ ਅਤੇ ਟੇਕਅਵੇਅ ਆਰਡਰ ਕਰਨ।

ਨਾਦੀਆ ਨੇ ਕਿਹਾ, "ਇੱਥੇ ਹੀ ਸਭ ਕੁਝ ਅਜੀਬ ਲੱਗਣ ਲੱਗ ਪਿਆ।'

"ਮੈਂ ਅੰਦਰ ਗਈ। ਫਲੈਟ ਖਾਲੀ ਸੀ। ਕੋਈ ਫਰਨੀਚਰ ਤੱਕ ਨਹੀਂ ਸੀ। ਕੁਝ ਡੱਬਿਆਂ 'ਤੇ ਰੱਖੇ ਟੀਵੀ ਨੂੰ ਛੱਡ ਕੇ ਲਿਵਿੰਗ ਰੂਮ ਪੂਰੀ ਤਰ੍ਹਾਂ ਖਾਲੀ ਸੀ।"

ਹਾਰਕਿਨਸ ਨੇ ਨਾਦੀਆ ਲਈ ਵੋਡਕਾ ਡ੍ਰਿੰਕ ਬਣਾਉਣ ਦੀ ਪੇਸ਼ਕਸ਼ ਕੀਤੀ। ਜਦੋਂ ਉਨ੍ਹਾਂ ਨੇ ਸ਼ਰਾਬ ਪੀਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਆਪ ਲਈ ਡਾਈਟ ਕੋਕ ਗਲਾਸ 'ਚ ਪਾ ਲਿਆ ਤਾਂ ਨਾਦੀਆ ਮੁਤਾਬਕ, ਮਾਹੌਲ ਬਦਲ ਗਿਆ।

ਉਨ੍ਹਾਂ ਕਿਹਾ, "ਇੰਝ ਲੱਗ ਰਿਹਾ ਸੀ ਜਿਵੇਂ ਉਸ ਦੇ ਅੰਦਰ ਮਰਦਾਨਾ ਕਿਸਮ ਦਾ ਗੁੱਸਾ ਸੀ।''

"ਉਸ ਨੇ ਮੇਰੇ ਵੱਲ ਇਸ ਤਰ੍ਹਾਂ ਦੇਖਿਆ ਜਿਵੇਂ ਉਹ ਕਹਿ ਰਿਹਾ ਹੋਵੇ, 'ਤੂੰ ਆਪਣੇ ਆਪ ਨੂੰ ਸਮਝਦੀ ਕੀ ਹੈਂ? ਤੂੰ ਆਪਣੇ ਆਪ ਲਈ ਡ੍ਰਿੰਕ ਕਿਉਂ ਪਾ ਰਹੀ ਹੈਂ'?''

"ਮੈਂ ਥੋੜ੍ਹਾ ਘਬਰਾ ਗਈ ਸੀ ਅਤੇ ਇਸੇ ਕਾਰਨ ਕੋਕ ਨਾਲ ਗਲਾਸ ਉੱਪਰ ਤੱਕ ਭਰ ਲਿਆ ਸੀ। ਜਿਵੇਂ ਹੀ ਮੈਂ ਪਿੱਛੇ ਮੁੜੀ, ਡਾਈਟ ਕੋਕ ਡੁੱਲ ਗਿਆ।"

"ਉਸਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਪਾਗਲਪਣ ਸੀ। ਉਸ ਨੇ ਕੁਝ ਇਸ ਤਰ੍ਹਾਂ ਕਿਹਾ, 'ਤੂੰ ਬਹੁਤ ਬੇਢੰਗੀ ਹੈਂ, ਤੂੰ ਮੇਰੇ ਘਰ ਦੀ ਇਜ਼ਤ ਨਹੀਂ ਕਰ ਰਹੀ ਸੀ। ਤੂੰ ਮਸਖਰੀ ਕਰਦੀ ਹੈਂ।'

"ਮੈਨੂੰ ਯਾਦ ਹੈ ਕਿ ਮੈਂ ਸੋਚ ਰਹੀ ਸੀ, 'ਕੀ ਤੂੰ ਇਹ ਸਭ ਵਾਕਈ ਗੰਭੀਰਤਾ ਨਾਲ ਬੋਲ ਰਿਹਾ ਹੈਂ?' ਇਹ ਲੈਮੀਨੇਟ ਫਲੋਰਿੰਗ ਸੀ। (ਜਿਸ 'ਤੇ ਝਰੀਟਾਂ ਜਾਂ ਨਿਸ਼ਾਨ ਨਹੀਂ ਪੈਂਦੇ)

"ਮੈਂ ਕਿਹਾ, 'ਦੇਖੋ, ਮੈਂ ਹੁਣ ਜਾ ਰਹੀ ਹਾਂ।' ਅਤੇ ਉਸਨੇ ਦਰਵਾਜ਼ੇ ਵੱਲ ਇਸ਼ਾਰਾ ਕੀਤਾ ਅਤੇ ਗਾਲ਼ਾਂ ਦੇਣ ਲੱਗਾ।"

ਨਾਦੀਆ ਕਹਿੰਦੇ ਹਨ: "ਮੈਂ ਬਹੁਤ ਡਰੀ ਹੋਈ ਸੀ। ਮੈਂ ਸੋਚਿਆ ਸੀ ਕਿ ਉਹ ਮੇਰੇ ਪਿੱਛੇ ਬਾਹਰ ਆਵੇਗਾ। ਮੈਂ ਆਪਣੀ ਕਾਰ ਵਿੱਚ ਭੱਜ ਕੇ ਬੈਠ ਗਈ ਅਤੇ ਦਰਵਾਜ਼ੇ ਲੌਕ ਕਰ ਦਿੱਤੇ, ਅਤੇ ਬੱਸ।"

ਜਾਨੋਂ ਮਾਰਨ ਦੀਆਂ ਧਮਕੀਆਂ ਤੇ ਦੁਰਵਿਵਹਾਰ

"ਮੈਂ ਸੋਚਿਆ ਕਿ ਇਹ ਸਭ ਖਤਮ ਹੋ ਗਿਆ ਹੈ, ਪਰ ਇਹ ਤਾਂ ਹੋਰ ਵੀ ਵਿਗੜ ਗਿਆ ਸੀ।''

"ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ਇਸ ਆਦਮੀ ਨਾਲ 20 ਮਿੰਟ ਦੀ ਗੱਲਬਾਤ ਨੇ ਮੇਰੀ ਜ਼ਿੰਦਗੀ ਨੂੰ ਕਿੰਨਾ ਪ੍ਰਭਾਵਿਤ ਕੀਤਾ।"

ਲੱਗਦਾ ਹੈ ਕਿ ਇਸ ਤਰ੍ਹਾਂ ਅਸਵੀਕਾਰੇ ਜਾਣ ਕਾਰਨ ਹਾਰਕਿਨਸ ਚਿੜ ਗਿਆ ਸੀ। ਜਿਵੇਂ ਹੀ ਨਾਦੀਆ ਉੱਥੋਂ ਚਲੇ ਗਏ, ਉਸ ਨੇ ਉਨ੍ਹਾਂ ਨੂੰ ਲਗਾਤਾਰ ਫੋਨ ਤੇ ਮੈਸੇਜ ਕਰਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।

ਪਹਿਲੇ ਮੈਸੇਜ 'ਚ ਲਿਖਿਆ ਸੀ, "ਤੇਰੀ ਵਰਗੀ ਦੀ ਹਿੰਮਤ ਕਿਵੇਂ ਹੋਈ ਕਿ ਮੇਰੇ ਨਾਲ ਡੇਟ ਛੱਡ ਕੇ ਚਲੀ ਜਾਵੇ?"

ਨਾਦੀਆ ਕਹਿੰਦੇ ਹਨ ਕਿ ਜਿਵੇਂ-ਜਿਵੇਂ ਅਗਲੇ ਕੁਝ ਘੰਟਿਆਂ ਵਿੱਚ ਸਥਿਤੀ ਵਿਗੜਦੀ ਗਈ, ਹਾਰਕਿਨਸ ਨੇ ਉਨ੍ਹਾਂ ਦੇ ਘਰ 'ਤੇ "ਪੈਟਰੋਲ ਬੰਬ" ਨਾਲ ਹਮਲਾ ਕਰਨ, ਉਨ੍ਹਾਂ ਨੂੰ ਜਾਨੋਂ ਮਾਰਨ ਅਤੇ ਉਨ੍ਹਾਂ ਦੇ ਪਿਤਾ 'ਤੇ ਹਮਲਾ ਕਰਨ ਦੀ ਧਮਕੀ ਦਿੱਤੀ।

ਇੱਥੋਂ ਤੱਕ ਕਿ ਉਸ ਨੇ ਨਾਦੀਆ ਦੀ ਦਿੱਖ ਨੂੰ ਲੈ ਕੇ ਵੀ ਕਈ ਅਪਮਾਨਜਨਕ ਟਿੱਪਣੀਆਂ ਕੀਤੀਆਂ ਜਿਨ੍ਹਾਂ ਦਾ ਨਾਦੀਆ ਦੇ ਸਵੈ-ਮਾਣ 'ਤੇ ਡੂੰਘਾ ਪ੍ਰਭਾਵ ਪਿਆ।

ਆਪਣੀ ਜ਼ਿੰਦਗੀ ਦੇ ਮੁਸ਼ਕਲ ਦੌਰ ਵਿੱਚੋਂ ਲੰਘਣ ਤੋਂ ਬਾਅਦ ਨਾਦੀਆ ਨੂੰ ਆਪਣਾ ਸਵੈ-ਮਾਣ ਦੁਬਾਰਾ ਬਣਾਉਣ ਲਈ ਸਖ਼ਤ ਮਿਹਨਤ ਕਰਨੀ ਪਈ ਸੀ।

ਉਨ੍ਹਾਂ ਦੱਸਿਆ, "ਮੈਨੂੰ ਮੈਸੇਜ ਆਏ ਕਿ ਮੈਂ ਇੱਕ ਮੋਟੀ ਗਾਂ ਹਾਂ।''

"ਮੈਂ ਕੈਟਫਿਸ਼ ਸੀ (ਇੱਕ ਮੱਛੀ ਜਿਸ ਦੇ ਮੂੰਹ ਦੁਆਲੇ ਬਿੱਲੀ ਦੀਆਂ ਮੂਛਾਂ ਵਰਗੇ ਬਾਲ ਹੁੰਦੇ ਹਨ। ਮੈਂ ਸੂਰ ਵਰਗੀ ਦਿੱਸ ਰਹੀ ਸੀ। ਮੈਂ ਬਹੁਤ ਜ਼ਿਆਦਾ ਮੇਕਅੱਪ ਕੀਤਾ ਸੀ। ਇਹ ਸਭ ਸਾਰੀ ਰਾਤ ਜਾਰੀ ਰਿਹਾ। ਮੈਂ ਇੰਨਾ ਰੋਈ ਕਿ ਮੇਰਾ ਸਿਰ ਪੀੜਾਂ ਮਾਰਨ ਲੱਗਾ। ਉਹ ਫਿਰ ਵੀ ਸਵੇਰੇ ਛੇ ਵਜੇ ਤੱਕ ਮੈਨੂੰ ਮੈਸੇਜ ਭੇਜ-ਭੇਜ ਕੇ ਗਾਲਾਂ ਕੱਢ ਰਿਹਾ ਸੀ।''

"ਮੈਨੂੰ ਯਾਦ ਹੈ ਕਿ ਮੈਂ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖ ਰਹੀ ਸੀ ਅਤੇ ਆਪਣੇ ਆਪ 'ਤੇ ਸ਼ਰਮ ਮਹਿਸੂਸ ਕਰ ਰਹੀ ਸੀ।''

"ਉਹ ਜਾਣਦਾ ਸੀ ਕਿ ਮੇਰਾ ਭਾਰ ਘਟ ਗਿਆ ਹੈ ਅਤੇ ਮੈਂ ਜਿੰਮ ਜਾ ਰਹੀ ਸੀ।''

"ਜਦੋਂ ਮੈਨੂੰ ਲੱਗ ਰਿਹਾ ਸੀ ਕਿ ਮੈਂ ਆਪਣੇ ਸਭ ਤੋਂ ਵਧੀਆ ਦੌਰ ਵਿਚ ਹਾਂ, ਉਸ ਨੇ ਆਪਣੇ ਕੌੜੇ ਸ਼ਬਦਾਂ ਨਾਲ ਮੇਰੇ ਤੋਂ ਉਹ ਸਭ ਕੁਝ ਖੋਹ ਲਿਆ।"

ਪੁਲਿਸ ਨੇ ਕੋਈ ਜਾਂਚ ਨਹੀਂ ਕੀਤੀ

ਉਨ੍ਹਾਂ ਦੀ ਡੇਟ ਤੋਂ ਅਗਲੇ ਦਿਨ, ਨਾਦੀਆ ਨੇ ਸਕਾਟਲੈਂਡ ਪੁਲਿਸ ਨੂੰ ਧਮਕੀਆਂ ਅਤੇ ਦੁਰਵਿਵਹਾਰ ਦੀ ਰਿਪੋਰਟ ਦਿੱਤੀ। ਉਨ੍ਹਾਂ ਨੇ ਹਾਰਕਿਨਸ ਤੋਂ ਆਏ ਇੱਕ ਫੋਨ ਕਾਲ ਦੀ ਰਿਕਾਰਡਿੰਗ ਵੀ ਸੁਣਾਈ।

ਇਸ ਵਿੱਚ, ਉਸ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਹ ਉਸ ਦੇ ਪਿਤਾ ਦੇ ਘਰ ਜਾਵੇਗਾ, ਉਨ੍ਹਾਂ ਨੂੰ ਖਿੱਚ ਕੇ ਬਾਹਰ ਕੱਢੇਗਾ ਅਤੇ ਲੱਤਾਂ ਨਾਲ ਮਾਰੇਗਾ।

ਨਾਦੀਆ ਨੇ ਕਿਹਾ, "ਮੈਨੂੰ ਕਿਹਾ ਗਿਆ ਸੀ ਕਿ ਮੇਰੇ ਲਈ ਕੁਝ ਨਹੀਂ ਕੀਤਾ ਜਾ ਸਕਦਾ।''

"ਉਨ੍ਹਾਂ ਨੇ ਕਿਹਾ ਕਿ ਕੋਈ ਸਿੱਧਾ ਖਤਰਾ ਨਹੀਂ ਸੀ - ਜੇ ਉਸ ਨੇ ਕੁਝ ਕੀਤਾ ਤਾਂ ਉਹ ਉਨ੍ਹਾਂ ਨੂੰ ਤੁਰੰਤ ਬੁਲਾ ਲਵੇ।''

"ਕਿਸੇ ਨੇ ਬਿਆਨ ਨਹੀਂ ਲਿਆ। ਉਹ ਮੇਰੀ ਮਦਦ ਹੀ ਨਹੀਂ ਕਰਨਾ ਚਾਹੁੰਦੇ ਸਨ। ਮੈਂ ਆਪਣੇ ਹਲਕ ਪਾੜ-ਪਾੜ ਕੇ ਚੀਕ ਰਹੀ ਸੀ, 'ਮੈਂ ਇਹ ਨਹੀਂ ਸਹਿ ਸਕਦੀ, ਤੁਹਾਨੂੰ ਨਹੀਂ ਪਤਾ ਕਿ ਉਹ ਕੀ ਕਰ ਸਕਦਾ ਹੈ, ਉਹ ਮੈਨੂੰ ਧਮਕੀ ਦੇ ਰਿਹਾ ਹੈ'।''

ਨਾਦੀਆ ਨੇ ਕਿਹਾ: "ਜੇ ਉਨ੍ਹਾਂ ਨੇ ਉਦੋਂ ਕੁਝ ਕੀਤਾ ਹੁੰਦਾ, ਤਾਂ ਉਨ੍ਹਾਂ ਕੁੜੀਆਂ ਲਈ ਬਹੁਤ ਕੁਝ ਕੀਤਾ ਜਾ ਸਕਦਾ ਸੀ, ਜਿਨ੍ਹਾਂ ਨੇ ਮੇਰੇ ਤੋਂ ਬਾਅਦ ਇਹ ਸਭ ਝੱਲਿਆ।"

ਹਾਰਕਿਨਸ ਨੇ ਆਪਣੀ ਡੇਟ ਖਤਮ ਹੋਣ ਤੋਂ ਬਹੁਤ ਬਾਅਦ ਵੀ ਦੁਰਵਿਵਹਾਰ ਜਾਰੀ ਰੱਖਿਆ।

ਨਾਦੀਆ ਨੇ ਉਸ ਦਾ ਨੰਬਰ ਬਲਾਕ ਕਰ ਦਿੱਤਾ, ਪਰ ਇੱਕ ਸਾਲ ਤੋਂ ਵੀ ਵੱਧ ਸਮੇਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਨਾਦੀਆ ਦੇ ਜਾਣਕਾਰ ਲੋਕਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਪਰੇਸ਼ਾਨ ਕਰ ਰਿਹਾ ਸੀ।

ਉਨ੍ਹਾਂ ਕਿਹਾ: "ਜਿਸ ਮਾਨਸਿਕ ਸਥਿਤੀ ਵਿੱਚ ਉਸ ਨੇ ਮੈਨੂੰ ਪਾ ਦਿੱਤਾ ਸੀ, ਜੇਕਰ ਮੇਰੀ ਧੀ ਨਾ ਹੁੰਦੀ ਤਾਂ ਮੈਂ ਆਪਣੀ ਜਾਨ ਲੈ ਲੈਂਦੀ।"

10 ਮਹਿਲਾਵਾਂ, 19 ਅਪਰਾਧ ਅਤੇ 12 ਸਾਲ ਦੀ ਕੈਦ

10 ਮਹਿਲਾਵਾਂ ਵਿਰੁੱਧ 19 ਅਪਰਾਧਾਂ ਲਈ ਦੋਸ਼ੀ ਸਾਬਤ ਹੋਣ ਤੋਂ ਬਾਅਦ -ਸਰੀਰਕ ਅਤੇ ਜਿਨਸੀ ਹਿੰਸਾ ਵੀ ਸ਼ਾਮਲ ਹੈ - ਹਾਰਕਿਨਸ ਇਸ ਸਮੇਂ 12 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ।

ਸ਼ੁਰੂ ਵਿੱਚ ਉਸ 'ਤੇ ਨਾਦੀਆ ਨੂੰ ਧਮਕਾਉਣ ਅਤੇ ਦੁਰਵਿਵਹਾਰ ਕਰਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ ਦੇਣ ਦਾ ਇਲਜ਼ਾਮ ਲਗਾਇਆ ਗਿਆ ਸੀ।

ਇੱਕ ਪਟੀਸ਼ਨ ਸਮਝੌਤੇ ਦੇ ਹਿੱਸੇ ਵਜੋਂ, ਉਸ ਇਲਜ਼ਾਮ ਵਿੱਚ ਦੋਸ਼ੀ ਨਾ ਹੋਣ ਦੀ ਉਸ ਦੀ ਪਟੀਸ਼ਨ ਸਵੀਕਾਰ ਕਰ ਲਈ ਗਈ ਸੀ - ਹਾਲਾਂਕਿ ਹਾਲੀਡੇਅ ਸਕੈਮ, ਜਾਅਲੀ ਨਿਵੇਸ਼ ਯੋਜਨਾਵਾਂ ਦੇ ਨਾਮ ਤੋਂ ਮਹਿਲਾਵਾਂ ਕੋਲੋਂ 2 ਲੱਖ 14 ਹਜ਼ਾਰ ਪੌਂਡ ਹੜਪਣ ਅਤੇ ਬੈਂਕ ਕਰਜ਼ੇ ਪ੍ਰਾਪਤ ਕਰਨ ਲਈ ਦੇ ਮਾਮਲੇ 'ਚ ਹਾਰਕਿਨਸ ਨੂੰ ਦੋਸ਼ੀ ਪਾਇਆ ਗਿਆ।

ਫਿਰ ਜਦੋਂ ਇੱਕ ਮਹਿਲਾ ਨੇ ਹਾਰਕਿਨਸ ਨੂੰ ਬੇਨਕਾਬ ਕਰਨ ਅਤੇ ਹੋਰ ਮਹਿਲਾਵਾਂ ਨੂੰ ਉਸ ਤੋਂ ਬਚਾਉਣ ਲਈ ਮੀਡੀਆ ਦਾ ਰੁਖ ਕੀਤਾ ਤਾਂ ਆਖਿਰਕਾਰ ਸਕਾਟਲੈਂਡ ਪੁਲਿਸ ਨੇ ਇੱਕ ਜਾਂਚ ਸ਼ੁਰੂ ਕੀਤੀ।

ਹਾਰਕਿਨਸ ਨੇ ਉਸ ਮਹਿਲਾ ਕੋਲੋਂ ਝੂਠੇ ਹਾਲੀਡੇਅ ਦੇ ਨਾਮ 'ਤੇ 3,247 ਪੌਂਡ ਦੀ ਧੋਖਾਧੜੀ ਕੀਤੀ ਸੀ ਪਰ ਪੁਲਿਸ ਨੇ ਸ਼ਿਕਾਇਤ ਦਰਜ ਕਰਾਉਣ ਆਈ ਉਸ ਮਹਿਲਾ ਨੂੰ ਵੀ ਮੋੜ ਦਿੱਤਾ ਸੀ।

ਉਸ ਮਹਿਲਾ ਦੀ ਕਹਾਣੀ ਅਕਤੂਬਰ 2019 ਵਿੱਚ ਪ੍ਰਕਾਸ਼ਿਤ ਹੋਈ ਸੀ।

ਹਾਰਕਿਨਸ ਦੇ ਅਪਰਾਧਾਂ ਦੀ ਗੰਭੀਰਤਾ ਜਲਦੀ ਹੀ ਸਪਸ਼ਟ ਹੋ ਗਈ ਅਤੇ ਪੁਲਿਸ ਨੇ ਇੱਕ ਰਸਮੀ ਜਾਂਚ ਸ਼ੁਰੂ ਕੀਤੀ।

ਨਾਦੀਆ ਅਤੇ ਉਨ੍ਹਾਂ ਵਾਂਗ ਪਹਿਲਾਂ ਪੁਲਿਸ ਕੋਲ ਰਿਪੋਰਟ ਕਰਨ ਪਹੁੰਚੀਆਂ ਮਹਿਲਾਵਾਂ ਇੱਕ ਵਾਰ ਫਿਰ ਪੁਲਿਸ ਕੋਲ ਆਈਆਂ ਅਤੇ ਇਸ ਵਾਰ ਉਨ੍ਹਾਂ ਦੇ ਬਿਆਨ ਵੀ ਦਰਜ ਕਰਵਾਈਏ ਗਏ।

'ਉਸ ਕੁੜੀ ਨੂੰ ਪੂਰੀ ਤਰ੍ਹਾਂ ਬਚਾਇਆ ਜਾ ਸਕਦਾ ਸੀ'

ਹਾਰਕਿਨਸ 'ਤੇ 2024 ਵਿੱਚ ਮੁਕੱਦਮਾ ਚਲਾਇਆ ਗਿਆ।

ਜਦੋਂ ਨਾਦੀਆ ਨੇ ਇੱਕ ਮਹਿਲਾ ਦੀ ਗਵਾਹੀ ਪੜ੍ਹੀ, ਜਿਸਦਾ ਹਾਰਕਿਨਸ ਨੇ ਬਲਾਤਕਾਰ ਕੀਤਾ ਸੀ, ਤਾਂ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਿਆ, ਕਿਉਂਕਿ ਇਹ ਉਨ੍ਹਾਂ ਨਾਲ ਡੇਟ ਤੋਂ ਦੋ ਮਹੀਨੇ ਬਾਅਦ ਦੀ ਗੱਲ ਸੀ।

ਉਨ੍ਹਾਂ ਕਿਹਾ, "ਉਸ ਕੁੜੀ ਨੂੰ ਪੂਰੀ ਤਰ੍ਹਾਂ ਬਚਾਇਆ ਜਾ ਸਕਦਾ ਸੀ।''

"ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਅਤੇ ਉਹ ਕਦੇ ਵੀ ਉਸ ਨਾਲ ਗੱਲ ਨਹੀਂ ਕਰਦੀ।"

"ਘਿਣਾਉਣਾ। ਮੈਂ ਇਸ ਬਾਰੇ ਇੰਨਾ ਹੀ ਕਹਿ ਸਕਦੀ ਹਾਂ। ਇਹ ਘਿਣਾਉਣਾ ਹੈ।"

ਸਾਡੀ ਜਾਂਚ ਨੇ ਹਾਰਕਿਨਸ ਦੁਆਰਾ ਲਗਭਗ 70,000 ਪੌਂਡ ਦੀ ਹੋਰ ਕਥਿਤ ਧੋਖਾਧੜੀ ਦਾ ਪਰਦਾਫਾਸ਼ ਕੀਤਾ ਹੈ।

ਬੀਬੀਸੀ ਨੂੰ ਪਤਾ ਲੱਗਾ ਹੈ ਕਿ ਉਸ ਨੇ ਘੱਟੋ-ਘੱਟ 30 ਔਰਤਾਂ ਨੂੰ ਨਿਸ਼ਾਨਾ ਬਣਾਇਆ ਸੀ।

ਅਸੀਂ ਇਨ੍ਹਾਂ ਇਲਜ਼ਾਮਾਂ ਬਾਰੇ ਪੁੱਛਣ ਲਈ ਜੇਲ੍ਹ ਵਿੱਚ ਹਾਰਕਿਨਸ ਨੂੰ ਲਿਖਿਆ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ।

ਜਾਂਚ ਅਧਿਕਾਰੀ ਨੇ ਕੀ ਕਿਹਾ?

ਡੀਸੀਆਈ ਲਿੰਡਸੇ ਲੇਅਰਡ ਨੇ ਹਾਰਕਿਨਸ ਸਬੰਧੀ ਸਕਾਟਲੈਂਡ ਪੁਲਿਸ ਦੀ ਜਾਂਚ ਦੀ ਅਗਵਾਈ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਹ ਕਹਿਣਾ ਮੁਸ਼ਕਲ ਸੀ ਕਿ ਇਨ੍ਹਾਂ ਰਿਪੋਰਟਾਂ ਦੀ ਪਹਿਲਾਂ ਜਾਂਚ ਕਿਉਂ ਨਹੀਂ ਕੀਤੀ ਗਈ ਸੀ।

ਉਨ੍ਹਾਂ ਕਿਹਾ, "ਹਰੇਕ ਦੀ ਰਿਪੋਰਟ ਵੱਖ-ਵੱਖ ਪੜਾਵਾਂ 'ਤੇ ਸੀ, ਇਸ ਲਈ ਉਨ੍ਹਾਂ ਸਾਰਿਆਂ ਦੀ ਰਿਪੋਰਟ ਇਕੱਠੇ ਨਹੀਂ ਕੀਤੀ ਗਈ ਸੀ, ਸਗੋਂ ਸਕਾਟਲੈਂਡ ਪੁਲਿਸ ਦੇ ਅੰਦਰ ਵੀ ਵੱਖ-ਵੱਖ ਵਿਭਾਗਾਂ ਵਿੱਚ ਕੀਤੀ ਗਈ ਸੀ।''

"ਉਸ ਸਮੇਂ ਪੁਲਿਸ ਨੂੰ ਸਰੀਰਕ ਜਾਂ ਜਿਨਸੀ ਸ਼ੋਸ਼ਣ ਦੀ ਕੋਈ ਰਿਪੋਰਟ ਨਹੀਂ ਦਿੱਤੀ ਗਈ ਸੀ।''

ਉਨ੍ਹਾਂ ਕਿਹਾ, "ਇਹ ਮੁੱਖ ਤੌਰ 'ਤੇ ਵਿੱਤੀ ਮਾਮਲਿਆਂ ਨਾਲ ਸਬੰਧਤ ਸਨ, ਤਾਂ ਉਨ੍ਹਾਂ ਨੂੰ ਵੱਖੋ-ਵੱਖਰੇ ਤੌਰ 'ਤੇ ਦੇਖੀਏ ਤਾਂ ਉਨ੍ਹਾਂ ਨੂੰ ਸਿਵਿਲ ਦੇ ਮਾਮਲੇ ਮੰਨਿਆ ਜਾਵੇਗਾ।"

ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਇਹ ਕਹਿਣਾ ਉਚਿਤ ਹੈ ਕਿ ਸ਼ੁਰੂਆਤੀ ਰਿਪੋਰਟ ਤੋਂ ਬਾਅਦ ਪੁਲਿਸਿੰਗ ਵਿੱਚ ਕਾਫ਼ੀ ਬਦਲਾਅ ਆਇਆ ਹੈ।"

ਕਈ ਮਹਿਲਾਵਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਪੁਲਿਸ ਜਾਂਚ ਤੋਂ ਪਹਿਲਾਂ ਦੇ ਸਾਲਾਂ ਵਿੱਚ ਸਰੀਰਕ ਹਮਲਿਆਂ ਅਤੇ ਜਿਨਸੀ ਦੁਰਵਿਵਹਾਰ ਦੀ ਰਿਪੋਰਟ ਕੀਤੀ ਸੀ।

ਇਹ ਪੁੱਛੇ ਜਾਣ 'ਤੇ ਕਿ ਕੀ ਸਕਾਟਲੈਂਡ ਪੁਲਿਸ ਹਾਰਕਿਨਸ ਦੀ ਰਿਪੋਰਟ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪੀੜਤਾਂ ਤੋਂ ਮੁਆਫੀ ਮੰਗੇਗੀ, ਡੀਸੀਆਈ ਲੇਅਰਡ ਨੇ ਕਿਹਾ: "ਮੈਨੂੰ ਲੱਗਦਾ ਹੈ ਕਿ ਇਸ ਦਾ ਜਵਾਬ ਦੇਣਾ ਬਹੁਤ ਮੁਸ਼ਕਲ ਹੈ।''

"ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਹੁਣ ਕੀਤੀ ਗਈ ਜਾਂਚ ਦੇ ਆਧਾਰ 'ਤੇ ਇੱਕ ਸਫਲ ਅਦਾਲਤੀ ਨਤੀਜਾ ਮਿਲਿਆ ਹੈ।''

"ਮੈਂ ਕਹਾਂਗੀ ਕਿ ਉਸ ਸਮੇਂ ਤੋਂ ਅਸੀਂ ਜੋ ਕੁਝ ਕੀਤਾ ਹੈ, ਮੈਨੂੰ ਉਮੀਦ ਹੈ ਕਿ ਉਹ ਅਨੁਭਵ ਦੁਹਰਾਇਆ ਨਹੀਂ ਜਾਵੇਗਾ।"

ਇਸ ਦੇ ਜਵਾਬ ਵਿੱਚ, ਨਾਦੀਆ ਨੇ ਕਿਹਾ: "ਮੈਂ ਜਾਣਦੀ ਹਾਂ ਕਿ ਉਨ੍ਹਾਂ ਨੇ ਇਸ ਬਾਰੇ ਕੁਝ ਕਰਨ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ, ਪਰ ਉਨ੍ਹਾਂ ਨੂੰ ਪਹਿਲਾਂ ਹੀ ਕੁਝ ਕਰਨਾ ਚਾਹੀਦਾ ਸੀ।''

"ਉਹ ਸਾਲਾਂ ਤੋਂ ਅਜਿਹਾ ਕਰ ਰਿਹਾ ਹੈ। ਇਸ ਤੋਂ ਬਚਿਆ ਜਾ ਸਕਦਾ ਸੀ। ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਉਹ ਉਸ ਨੂੰ ਰੋਕ ਸਕਦੇ ਸਨ।"

ਹਾਰਕਿਨਸ ਨੂੰ ਪਹਿਲੀ ਵਾਰ ਗ੍ਰਿਫ਼ਤਾਰ ਕੀਤੇ ਜਾਣ ਤੋਂ ਲਗਭਗ ਪੰਜ ਸਾਲ ਬਾਅਦ ਪਿਛਲੇ ਸਾਲ ਜੇਲ੍ਹ ਭੇਜ ਦਿੱਤਾ ਗਿਆ ਹੈ। 10 ਮਹਿਲਾਵਾਂ ਦੀ ਗਵਾਹੀ ਦੇ ਆਧਾਰ 'ਤੇ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ।

'ਹੁਣ ਮੈਂ ਕਦੇ ਵੀ ਕਿਸੇ ਖਤਰੇ ਦੇ ਸੰਕੇਤ ਨੂੰ ਨਜ਼ਰਅੰਦਾਜ਼ ਨਹੀਂ ਕਰਾਂਗੀ'

ਨਾਦੀਆ ਨੂੰ ਇੱਕ ਫ਼ੋਨ ਕਾਲ ਆਇਆ ਜਿਸ ਵਿੱਚ ਉਸ ਨੂੰ ਅਦਾਲਤ ਦੇ ਫੈਸਲੇ ਬਾਰੇ ਦੱਸਿਆ ਗਿਆ।

ਉਨ੍ਹਾਂ ਕਿਹਾ, "ਉਨ੍ਹਾਂ ਔਰਤਾਂ ਨੇ ਤੁਹਾਡੀ ਸੋਚ ਤੋਂ ਵੱਧ (ਵੱਡਾ ਫੈਸਲਾ) ਪ੍ਰਾਪਤ ਕਰ ਲਿਆ ਹੈ।''

"ਹੁਣ ਉਹ ਸਾਰੀਆਂ (ਮਹਿਲਾਵਾਂ) ਜੋ ਭਵਿੱਖ ਵਿੱਚ ਉਸ ਨੂੰ ਮਿਲਣ ਵਾਲੀਆਂ ਸਨ, ਉਨ੍ਹਾਂ ਨੂੰ ਅਜਿਹਾ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਜੋ ਕੀਤਾ ਉਹ ਹੈਰਾਨੀਜਨਕ ਸੀ - ਬਹੁਤ ਵੱਡਾ।"

ਦੋ ਬੱਚਿਆਂ ਦੀ ਮਾਂ ਨਾਦੀਆ ਵੀ ਹੁਣ ਆਪਣੀ ਜ਼ਿੰਦਗੀ ਅਤੇ ਆਤਮਵਿਸ਼ਵਾਸ ਨੂੰ ਮੁੜ ਖੁਸ਼ਹਾਲ ਬਣਾਉਣ 'ਚ ਕਾਮਯਾਬ ਹੋ ਗਈ ਹੈ, ਪਰ ਇਸ ਡਰਾਉਣੇ ਤਜਰਬੇ ਨੇ ਉਨ੍ਹਾਂ ਦੇ ਮਨ 'ਤੇ ਆਪਣੀ ਛਾਪ ਜ਼ਰੂਰ ਛੱਡ ਦਿੱਤੀ ਹੈ।

ਉਨ੍ਹਾਂ ਕਿਹਾ, "ਮੈਂ ਹੁਣ ਕਾਫੀ ਬਿਹਤਰ ਹਾਂ।''

"ਮੈਂ ਪੂਰੀ ਤਰ੍ਹਾਂ ਬਦਲ ਗਈ ਹਾਂ ਅਤੇ ਬਹੁਤ ਜ਼ਿਆਦਾ ਆਤਮਵਿਸ਼ਵਾਸੀ ਹਾਂ। ਮੈਂ ਬੋਲਣ ਤੋਂ ਨਹੀਂ ਡਰਦੀ ਅਤੇ ਹੁਣ ਮੈਂ ਕਦੇ ਵੀ ਕਿਸੇ ਵੀ ਖਤਰੇ ਦੇ ਸੰਕੇਤ ਨੂੰ ਨਜ਼ਰਅੰਦਾਜ਼ ਨਹੀਂ ਕਰਾਂਗੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)