ਵਿਨੇਸ਼ ਫੋਗਾਟ ਦੇ ਪਿੰਡ ਵਿੱਚ ਮਾਂ ਨੇ ਪੰਜਾਬ ਦੇ ਮੁੱਖ ਮੰਤਰੀ ਲਈ ਘਰ ਦਾ ਗੇਟ ਵੀ ਨਾ ਖੁੱਲਣ ਦਿੱਤਾ

ਵਿਨੇਸ਼ ਫੋਗਾਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਨੇਸ਼ ਫੋਗਾਟ ਨੇ ਇਸ ਘਟਨਾ ਤੋਂ ਬਾਅਦ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਹੈ
    • ਲੇਖਕ, ਅਭਿਨਵ ਗੋਇਲ
    • ਰੋਲ, ਬੀਬੀਸੀ ਪੱਤਰਕਾਰ, ਹਰਿਆਣਾ ਦੇ ਬਲਾਲੀ ਪਿੰਡ ਤੋਂ

ਹਰਿਆਣੇ ਦੇ ਚਰਖੀ ਦਾਦਰੀ ਜ਼ਿਲ੍ਹੇ ਦਾ ਬਲਾਲੀ ਪਿੰਡ।

ਇੱਥੇ ਦਾਖ਼ਲ ਹੁੰਦੇ ਹੀ ਉਸ ਨਿਰਾਸ਼ਾ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਜੋ ਸ਼ਾਇਦ ਬੁੱਧਵਾਰ ਨੂੰ ਹਰ ਭਾਰਤੀ ਖੇਡ ਪ੍ਰੇਮੀ ਦੇ ਦਿਲ ਵਿੱਚ ਚੱਲ ਰਹੀ ਸੀ।

ਜੇ ਸਮਾਂ ਕੁਝ ਦੇਰ ਹੋਰ ਸਾਥ ਦਿੰਦਾ ਤਾਂ ਇਹ ਪਿੰਡ ਆਪਣੀ ਬੇਟੀ ਦੀ ਸਭ ਤੋਂ ਵੱਡੀ ਸਫ਼ਲਤਾ ਦਾ ਜਸ਼ਨ ਮਨਾ ਰਿਹਾ ਹੁੰਦਾ।

ਲੇਕਿਨ ਪੈਰਿਸ ਓਲੰਪਿਕ ਵਿੱਚੋਂ ਆਈ ਵਿਨੇਸ਼ ਫੋਗਾਟ ਦੀ ਖ਼ਬਰ ਨੇ ਜਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਦਾਸ ਖਾਮੋਸ਼ੀ ਵਿੱਚ ਬਦਲ ਦਿੱਤਾ।

ਬੁੱਧਵਾਰ ਸਵੇਰੇ 50 ਕਿੱਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਦੇ ਫਾਈਨਲ ਮੁਕਾਬਲੇ ਵਿੱਚੋਂ ਵਿਨੇਸ਼ ਫੋਗਾਟ ਨੂੰ ਭਾਰ ਜ਼ਿਆਦਾ ਹੋਣ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ।

ਗੋਲਡ ਦੀ ਦਾਅਵੇਦਾਰ ਮੰਨੀ ਜਾ ਰਹੀ ਵਿਨੇਸ਼ ਦੇ ਹਿੱਸੇ ਸਿਲਵਰ ਮੈਡਲ ਵੀ ਨਹੀਂ ਆਇਆ ਅਤੇ ਜਿਸ ਮੁਕਾਬਲੇ ਵਿੱਚ ਉਹ ਇੱਕ ਰਾਤ ਤੱਕ ਮਜ਼ਬੂਤੀ ਨਾਲ ਚੱਲ ਰਹੇ ਸਨ, ਉਸੇ ਵਿੱਚ ਉਹ ਬਿਨਾਂ ਕੋਈ ਮੁਕਾਬਲਾ ਹਾਰੇ ਸਭ ਤੋਂ ਹੇਠਲੀ ਪੌੜੀ ਉੱਤੇ ਪਹੁੰਚ ਗਏ।

ਵਿਨੇਸ਼ ਫੋਗਾਟ ਦੇ ਪਿੰਡ ਦਾ ਦਰਵਾਜ਼ਾ
ਤਸਵੀਰ ਕੈਪਸ਼ਨ, ਵਿਨੇਸ਼ ਫੋਗਾਟ ਦਾ ਪਿੰਡ ਬਲਾਲੀ, ਚਰਖ਼ੀ ਦਾਦਰੀ

ਵਿਨੇਸ਼ ਦੇ ਘਰ ਦਾ ਹਾਲ

ਕੌਮਾਂਤਰੀ ਮਹਿਲਾ ਪਹਿਲਵਾਨ ਗੀਤਾ, ਬਬੀਤਾ, ਵਿਨੇਸ਼, ਰਿੱਤੂ ਖਿਡਾਰੀਆਂ ਦੇ ਪਿੰਡ ਬਲਾਲੀ ਵਿੱਚ ਤੁਹਾਡਾ ਹਾਰਦਿਕ ਸੁਆਗਤ ਹੈ।

ਬੁੱਧਵਾਰ ਦੁਪਹਿਰੇ ਪਿੰਡ ਵਿੱਚ ਪੈਰ ਰੱਖਦੇ ਹੋਏ ਪਿੰਡ ਦੇ ਦਰਵਾਜ਼ੇ ਉੱਤੇ ਲਿਖੇ ਇਨ੍ਹਾਂ ਸ਼ਬਦਾਂ ਨੂੰ ਪੜ੍ਹਦੇ ਹੋਏ ਅਸਾਨੀ ਨਾਲ ਹੀ ਅੰਦਾਜ਼ਾ ਲਾ ਲਿਆ ਸੀ ਕਿ ਹੁਣ ਅਸੀਂ ਹਰਿਆਣਾ ਦੇ ਉਸ ਪਿੰਡ ਵਿੱਚ ਆ ਗਏ ਹਾਂ, ਜਿਸ ਦੀ ਪਛਾਣ ਉਸ ਦੀਆਂ ਧੀਆਂ ਦੇ ਨਾਮ ਤੋਂ ਹੈ।

ਕੁਝ ਦੂਰ ਜਾ ਕੇ ਅਸੀਂ ਪੁੱਛਿਆ ‘ਵਿਨੇਸ਼ ਫੋਗਾਟ ਦਾ ਘਰ ਕਿੱਥੇ ਹੈ?’

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪਿੰਡ ਵਾਸੀ ਨੇ ਅਣਮੰਨੇ ਮਨ ਨਾਲ ਕਿਹਾ, “ਘਰ ਤਾਂ ਸਾਹਮਣੇ ਹੈ ਪਰ ਉੱਥੇ ਤੁਹਾਨੂੰ ਕੋਈ ਮਿਲਣਾ ਨਹੀਂ। ਘਰ ਵਿੱਚ ਵਿਨੇਸ਼ ਦੀ ਮਾਂ ਅਤੇ ਭਾਬੀ ਹਨ ਪਰ ਉਹ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦੀਆਂ।”

ਲੇਕਿਨ ਅਸੀਂ ਵਿਨੇਸ਼ ਦੇ ਘਰ ਵੱਲ ਵਧੇ, ਜੋ ਗਲੀ ਵਿੱਚੋਂ ਦੂਰੋਂ ਹੀ ਦਿਖਾਈ ਦਿੰਦਾ ਹੈ। ਵੱਡੇ ਸਾਰੇ ਘਰ ਦੀ ਪਹਿਲੀ ਮੰਜ਼ਿਲ ਉੱਤੇ ਲੱਗੇ ਸ਼ੀਸ਼ਿਆਂ ਉੱਤੇ ਦੂਰੋਂ ਹੀ ਓਲੰਪਿਕ ਦੇ ਪੰਜ ਛੱਲੇ ਨਜ਼ਰ ਆਉਂਦੇ ਹਨ।

ਸ਼ਾਇਦ ਇਹ ਛੱਲੇ ਵਿਨੇਸ਼ ਦੇ ਉਨ੍ਹਾਂ ਸੁਫ਼ਨਿਆਂ ਦੀ ਝਲਕ ਦਿੰਦੇ ਹਨ, ਜਿਨ੍ਹਾਂ ਨੂੰ ਮੁਕੰਮਲ ਕਰਨ ਦੀ ਵਾਹ ਉਹ ਪਿਛਲੇ ਨੌਂ ਸਾਲਾਂ ਤੋਂ ਕਰ ਰਹੇ ਹਨ।

ਕਾਫ਼ੀ ਦੇਰ ਘਰ ਦੇ ਬਾਹਰ ਇੰਤਜ਼ਾਰ ਕਰਨ ਅਤੇ ਅਵਾਜ਼ਾਂ ਲਾਉਣ ਤੋਂ ਬਾਅਦ ਵੀ ਘਰੋਂ ਕੋਈ ਬਾਹਰ ਨਹੀਂ ਆਇਆ। ਗੁਆਂਢੀਆਂ ਦੇ ਕੋਲ ਵੀ ਕਹਿਣ ਲਈ ਕੁਝ ਨਹੀਂ ਸੀ। ਸਾਰਿਆਂ ਦੀ ਜੀਭ ਉੱਤੇ ਬਸ ਇਹੀ ਸੀ, “ਇਸ ਕੁੜੀ ਨਾਲ ਬਹੁਤ ਬੁਰਾ ਹੋਇਆ।”

ਵਿਨੇਸ਼ ਫੋਗਾਟ ਦਾ ਘਰ
ਤਸਵੀਰ ਕੈਪਸ਼ਨ, ਇਸ ਗਲੀ ਵਿੱਚ ਥੋੜ੍ਹਾ ਅੱਗੇ ਜਾ ਕੇ ਵਿਨੇਸ਼ ਫੋਗਾਟ ਦਾ ਘਰ ਹੈ

ਘਰ ਦੇ ਬਾਹਰ ਸਾਨੂੰ ਮਿਲਣ ਵਿਨੇਸ਼ ਦੇ ਚਚਰੇ ਭਰਾ ਮੰਗੇਸ਼ ਫੋਗਾਟ ਨੇ ਕਿਹਾ, “ਸਵੇਰ ਤੋਂ ਅਸੀਂ ਅੱਖਾਂ ਗੱਡੀ ਬੈਠੇ ਸੀ। ਦੇਖ ਰਹੇ ਸੀ ਕਿ ਕਦੋਂ ਉਸ ਦਾ ਟਰਾਇਲ ਖ਼ਤਮ ਹੋਵੇਗਾ, ਆਦਿ। ਖ਼ਬਰਾਂ ਵਿੱਚ ਦੇਖਿਆ ਤਾਂ ਬਹੁਤ ਦੁੱਖ ਹੋਇਆ। ਉਹ ਗੋਲਡ ਮੈਡਲ ਦੀ ਮਜ਼ਬੂਤ ਦਾਅਵੇਦਾਰ ਸੀ। ਉਸਦੇ ਬਾਵਜੂਦ ਅਜਿਹੀ ਘਟਨਾ ਘਟੀ, ਬਹੁਤ ਦੁੱਖ ਦੀ ਗੱਲ ਹੈ।”

ਉਨ੍ਹਾਂ ਨੇ ਕਿਹਾ,“ਅਸੀਂ ਵੀ ਟੂਰਨਾਮੈਂਟ ਲੜੇ ਹਨ, ਜਦੋਂ ਵੀ ਵੱਡਾ ਮੈਚ ਹੁੰਦਾ ਹੈ, ਉੱਥੇ ਕੋਚ ਅਤੇ ਫਿਜ਼ੀਓ ਦੀ ਪੂਰੀ ਜ਼ਿੰਮੇਵਾਰੀ ਹੁੰਦੀ ਹੈ। ਦੋ ਘੰਟੇ ਪਹਿਲਾਂ ਸਾਡੇ ਕੋਚ ਸਾਡਾ ਭਾਰ ਤੋਲਦੇ ਸੀ। 100 ਗ੍ਰਾਮ ਜ਼ਿਆਦਾ ਦੱਸ ਰਹੇ ਹਨ, ਜੇ ਅਜਿਹਾ ਸੀ ਤਾਂ ਕੋਚ ਅਤੇ ਫਿਜ਼ੀਓ ਕੀ ਕਰ ਰਹੇ ਸਨ। 100 ਗ੍ਰਾਮ ਭਾਰ ਤੋੜਨਾ ਕੋਈ ਵੱਡੀ ਗੱਲ ਨਹੀਂ ਹੁੰਦੀ। ਇਹ ਸਾਜਿਸ਼ ਹੈ।”

ਘਰ ਦਾ ਦਰਵਾਜ਼ਾ ਖੁਲ੍ਹਵਾਉਣ ਦੀ ਕੋਸ਼ਿਸ਼

ਵਿਨੇਸ਼ ਫੋਗਾਟ ਦਾ ਘਰ
ਤਸਵੀਰ ਕੈਪਸ਼ਨ, ਪਿੰਡ ਬਲਾਲੀ ਵਿੱਚ ਵਿਨੇਸ਼ ਫੋਗਾਟ ਦਾ ਘਰ

ਸੱਤ ਅਗਸਤ ਦੀ ਦੁਪਹਿਰ ਕਰੀਬ ਤਿੰਨ ਵਜੇ ਤੇਜ਼ ਰਫਤਾਰ ਨਾਲ ਪੁਲਿਸ ਦੀਆਂ ਦੋ ਗੱਡੀਆਂ ਵਿਨੇਸ਼ ਦੇ ਘਰ ਦੀ ਪਿਛਲੀ ਗਲੀ ਵਿੱਚ ਆ ਕੇ ਰੁਕੀਆਂ।

ਪੁਲਿਸ ਵਾਲੇ ਆਸ-ਪਾਸ ਖੜ੍ਹੇ ਵਾਹਨਾਂ ਨੂੰ ਪਾਸੇ ਕਰਵਾਉਣ ਲੱਗੇ। ਪਤਾ ਕਰਨ ਉੱਤੇ ਜਾਣਕਾਰੀ ਮਿਲੀ ਕਿ ਮੁੱਖ ਮੰਤਰੀ ਵਿਨੇਸ਼ ਦੀ ਮਾਂ ਨੂੰ ਮਿਲਣਾ ਚਾਹੁੰਦੇ ਹਨ ਅਤੇ ਉਸੇ ਲਈ ਇਹ ਸਾਰੀ ਤਿਆਰੀ ਕੀਤੀ ਜਾ ਰਹੀ ਹੈ।

ਸ਼ੁਰੂ ਵਿੱਚ ਸਾਨੂੰ ਲੱਗਿਆ ਕਿ ਸ਼ਾਇਦ ਇਸ ਮੁਸ਼ਕਿਲ ਘੜੀ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਰਿਵਾਰ ਦਾ ਦੁੱਖ ਵੰਡਾਉਣ ਦੇ ਲਈ ਆ ਰਹੇ ਹਨ, ਲੇਕਿਨ ਹਰਿਆਣਾ ਪੁਲਿਸ ਦੇ ਇੱਕ ਜਵਾਨ ਨੇ ਦੱਸਿਆ, “ਹਰਿਆਣਾ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆ ਰਹੇ ਹਨ।”

ਚਰਖੀ ਦਾਦਰੀ ਵਿੱਚ ਵਿਨੇਸ਼ ਦੇ ਪਰਿਵਾਰ ਨੂੰ ਮਿਲਣ ਭਗਵੰਤ ਮਾਨ ਆ ਰਹੇ ਹਨ? ਇਹ ਗੱਲ ਅਜੀਬ ਲੱਗੀ ਪਰ ਥੋੜ੍ਹਾ ਪਤਾ ਕਰਨ ਤੇ ਜਾਣਕਾਰੀ ਮਿਲੀ ਕਿ ਮੁੱਖ ਮੰਤਰੀ ਜ਼ਿਲ੍ਹੇ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਨ ਆਏ ਸਨ ਅਤੇ ਵਾਪਸੀ ਉੱਤੇ ਉਨ੍ਹਾਂ ਨੂੰ ਵਿਨੇਸ਼ ਦੇ ਓਲੰਪਿਕ ਵਿੱਚੋਂ ਬਾਹਰ ਹੋ ਜਾਣ ਦੀ ਸੂਚਨਾ ਮਿਲੀ।

ਲੇਕਿਨ ਪੁਲਿਸ ਦੇ ਕਰੀਬ ਅੱਧਾ ਘੰਟਾ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਵਿਨੇਸ਼ ਦੀ ਮਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਆਖ਼ਰ ਪੁਲਿਸ ਦੇ ਕਹਿਣ ਉੱਤੇ ਪਰਿਵਾਰ ਦਾ ਇੱਕ ਮੈਂਬਰ ਕੰਧ ਉੱਤੋਂ ਦੀ ਘਰ ਦੇ ਅੰਦਰ ਵੜਿਆ ਅਤੇ ਜਿਵੇਂ-ਕਿਵੇਂ ਕਰਕੇ ਦਰਵਾਜ਼ਾ ਖੋਲ੍ਹਿਆ।

ਗਰਾਫਿਕਸ

ਬਾਵਜੂਦ ਇਸਦੇ ਵੀ ਵਿਨੇਸ਼ ਦੀ ਮਾਂ, ਮੁੱਖ ਮੰਤਰੀ ਨੂੰ ਮਿਲਣ ਲਈ ਤਿਆਰ ਨਹੀਂ ਸੀ। ਆਖ਼ਰਕਾਰ ਭਗਵੰਤ ਮਾਨ ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਵਿਨੇਸ਼ ਦੇ ਤਾਇਆ ਅਤੇ ਕੁਸ਼ਤੀ ਕੋਚ ਮਹਾਵੀਰ ਫੋਗਾਟ ਨੂੰ ਮਿਲ ਕੇ ਵਾਪਸ ਚਲੇ ਗਏ।

ਇਸੇ ਦੌਰਾਨ ਕਈ ਪੱਤਰਕਾਰਾਂ ਦੀ ਗੱਡੀ ਆ ਕੇ ਘਰ ਦੇ ਬਾਹਰ ਰੁਕਦੀ ਹੈ। ਲੇਕਿਨ ਕੁਝ ਹੀ ਦੇਰ ਵਿੱਚ ਹਰ ਕੋਈ ਸਿਰਫ਼ ਘਰ ਦੀਆਂ ਤਸਵੀਰਾਂ ਖਿੱਚਕੇ ਵਾਪਸ ਮੁੜਨ ਲੱਗਦਾ ਹੈ।

ਕਾਫ਼ੀ ਦੇਰ ਉਡੀਕ ਕਰਨ ਤੋਂ ਬਾਅਦ ਕੁਝ ਪਿੰਡ ਵਾਲਿਆਂ ਨੇ ਸਾਨੂੰ ਵੀ ਸਲਾਹ ਦਿੱਤੀ, “ਇੱਥੇ ਕੁਝ ਨਹੀਂ ਮਿਲੇਗਾ, ਤੁਸੀਂ ਵੀ ਅਕੈਡਮੀ ਚਲੇ ਜਾਓ, ਉੱਥੇ ਫੋਗਾਟ ਜੀ ਮੀਡੀਆ ਨਾਲ ਗੱਲ ਕਰ ਰਹੇ ਹਨ।”

ਮੀਡੀਆ ਨਾਲ ਘਿਰੇ ਮਹਾਵੀਰ ਫੋਗਾਟ

ਆਖ਼ਰ ਵਿੱਚ ਅਸੀਂ ਵੀ ਰਾਹ ਪੁੱਛਦੇ ਹੋਏ ਮਹਾਵੀਰ ਫੋਗਾਟ ਨਾਲ ਮਿਲਣ ਰੈਸਲਿੰਗ ਅਕੈਡਮੀ ਪਹੁੰਚੇ, ਜਿੱਥੇ ਮੀਡੀਆ ਦਾ ਵੱਡਾ ਇਕੱਠ ਹੋਇਆ ਸੀ।

ਉੱਥੇ ਕਰੀਬ ਦੋ ਦਰਜਣ ਖਿਝੇ ਹੋਏ ਪਿੰਡ ਦੇ ਲੋਕ ਮਹਾਵੀਰ ਫੋਗਾਟ ਦੇ ਕੋਲ ਬੈਠੇ ਸਨ।

ਅੱਖਾਂ ਵਿੱਚ ਨਿਰਾਸ਼ਾ ਅਤੇ ਚਿਹਰੇ ਉੱਤੇ ਥਕਾਨ ਲਈ ਮਹਾਵੀਰ ਪਿਛਲੇ ਕਈ ਘੰਟਿਆਂ ਤੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।

ਮਹਾਵੀਰ ਫੋਗਾਟ
ਤਸਵੀਰ ਕੈਪਸ਼ਨ, ਮਹਾਬੀਰ ਅਕੈਡਮੀ ਵਿੱਚ ਬੈਠੇ ਪਿੰਡ ਵਾਲੇ ਖ਼ਬਰਾਂ ਦੇਖਦੇ ਹੋਏ

ਕਦੇ ਕੋਈ ਪੱਤਰਕਾਰ ਉਨ੍ਹਾਂ ਨੂੰ ਆਪਣੇ ਚੈਨਲ ਨਾਲ ਲਾਈਵ ਜੋੜ ਰਿਹਾ ਸੀ ਤਾਂ ਕੋਈ ਉਨ੍ਹਾਂ ਦਾ ਇੰਟਰਵਿਊ ਲੈ ਰਿਹਾ ਸੀ।

ਕਮਰੇ ਦਾ ਮਾਹੌਲ ਅਜਿਹਾ ਸੀ ਜਿਵੇਂ ਸਾਰੇ ਸੋਗ ਵਿੱਚ ਆਏ ਹੋਣ। ਰੁਕ-ਰੁਕ ਕੇ ਹੁੱਕੇ ਦੀ ਗੁੜਗੁੜ ਕੰਨਾਂ ਵਿੱਚ ਤੇਜ਼ ਸੁਣਾਈ ਦਿੰਦੀ ਹੈ। ਸਾਰਿਆਂ ਦੇ ਚਿਹਰਿਆਂ ਉੱਤੇ ਇਸੇ ਗੱਲ ਦਾ ਦੁੱਖ ਸੀ ਕਿ ‘ਵਿਨੇਸ਼ ਦੇ ਨਾਲ ਗ਼ਲਤ ਹੋਇਆ ਹੈ।’

ਮਹਾਵੀਰ ਫੋਗਾਟ ਨਾਲ ਗੱਲਬਾਤ ਕਰਨ ਲਈ ਪੱਤਰਕਾਰਾਂ ਦੀ ਲਾਈਨ ਲੱਗਣ ਤੋਂ ਬਾਅਦ ਜਦੋਂ ਸਾਡੀ ਵਾਰੀ ਆਈ ਤਾਂ ਉਨ੍ਹਾਂ ਨੇ ਕਿਹਾ, “ਵਿਨੇਸ਼ ਫਾਈਨਲ ਵਿੱਚ ਪਹੁੰਚ ਗਈ ਸੀ। ਅਸੀਂ ਬਹੁਤ ਤਿਆਰੀ ਕੀਤੀ ਸੀ। ਪਟਾਕੇ ਅਤੇ ਮਠਿਆਈਆਂ ਤਿਆਰ ਸਨ। ਸਵੇਰੇ ਖ਼ਬਰ ਮਿਲੀ ਕਿ ਉਸ ਨੂੰ ਅਯੋਗ ਕਰ ਦਿੱਤਾ ਗਿਆ। ਬਹੁਤ ਦੁੱਖ ਹੋਇਆ।”

ਉਨ੍ਹਾਂ ਨੇ ਕਿਹਾ,“ਮੈਂ ਕੋਚ ਨੂੰ ਜ਼ਿੰਮੇਵਾਰ ਮੰਨਦਾ ਹਾਂ, ਜਿਸ ਨੂੰ ਉਸਦੀ ਡਾਈਟ ਦਾ ਧਿਆਨ ਰੱਖਣਾ ਚਾਹੀਦਾ ਸੀ... ਭਾਰ ਘੱਟ ਹੈ ਜਾਂ ਜ਼ਿਆਦਾ ਹੈ ਇਹ ਦੇਖਣਾ ਸੀ।... ਮੈਂ ਕੋਚ ਦੀ ਲਾਪ੍ਰਵਾਹੀ ਮੰਨਦਾ ਹਾਂ। 200 ਗ੍ਰਾਮ ਤਾਂ ਉਸ ਦੇ ਸਿਰ ਦੇ ਵਾਲ ਸਨ। ਜੇ ਉਹ, ਵਾਲ਼ ਵੀ ਕਟਵਾ ਦਿੰਦਾ ਤਾਂ ਭਾਰ ਪੂਰਾ ਹੋ ਜਾਂਦਾ। ਇਹ ਗੱਲ ਦਿਮਾਗ ਵਿੱਚ ਨਹੀਂ ਆਈ ਅਤੇ ਮੇਰੇ ਨਾਲ ਰਾਬਤਾ ਨਹੀਂ ਹੋ ਸਕਿਆ।”

ਬਜਰੰਗ ਪੁਨੀਆਂ ਨੇ ਕੀ ਕਿਹਾ

ਬਜਰੰਗ ਪੁਨੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਜਰੰਗ ਪੂਨੀਆਂ ਨੇ ਪਹਿਲਾਂ ਹੀ ਜਤਾਈ ਸੀ ਚਿੰਤਾ

ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਨੌਂ ਵਜੇ ਅਸੀਂ ਸੋਨੀਪਤ ਵਿੱਚ ਬਜਰੰਗ ਪੁਨੀਆਂ ਨਾਲ ਗੱਲ ਕੀਤੀ ਸੀ।

ਇਸ ਸਮੇਂ ਤੱਕ ਉਹ ਓਲੰਪਿਕ ਵਿੱਚੋਂ ਬਾਹਰ ਹੋਣ ਦੀ ਖ਼ਬਰ ਨਹੀਂ ਆਈ ਸੀ। ਉਹ ਵਿਨੇਸ਼ ਦੀ ਸੈਮੀਫਾਈਲਨ ਵਿੱਚ ਜਿੱਤ ਤੋਂ ਬਹੁਤ ਖੁਸ਼ ਸਨ।

ਇੰਟਰਵਿਊ ਵਿੱਚ ਉਹ ਵਾਰ-ਵਾਰ ਕਹਿ ਰਹੇ ਸੀ ਕਿ ਅੱਜ ਵਿਨੇਸ਼ ਗੋਲਡ ਲੈ-ਕੇ ਆਵੇਗੀ ਅਤੇ ਸੈਮੀਫਾਈਨਲ ਦੀ ਜਿੱਤ ਉਨ੍ਹਾਂ ਲੋਕਾਂ ਦੇ ਮੂੰਹ ਉੱਤੇ ਤਮਾਚਾ ਹੈ ਜਿਨ੍ਹਾਂ ਨੇ ਸਾਡਾ ਸਾਥ ਨਹੀਂ ਦਿੱਤਾ।

ਬੁੱਧਵਾਰ ਸਵੇਰੇ ਗੱਲ ਕਰਦੇ ਹੋਏ ਬਜਰੰਗ ਪੂਨੀਆਂ ਨੇ ਵੀ ਵਿਨੇਸ਼ ਫੋਗਾਟ ਦੇ ਭਾਰ ਬਾਰੇ ਚਿੰਤਾ ਜ਼ਾਹਰ ਕੀਤੀ ਸੀ।

ਵਿਨੇਸ਼ ਫੋਗਾਟ

ਤਸਵੀਰ ਸਰੋਤ, Getty Images

ਉਨ੍ਹਾਂ ਨੇ ਕਿਹਾ ਸੀ, “ਕੋਈ ਵੀ ਖਿਡਾਰੀ ਪਹਿਲਾਂ ਖੁਸ਼ੀ ਨਹੀਂ ਮਨਾਉਂਦਾ ਹੈ। ਪਹਿਲਾਂ ਭਾਰ ਘਟਾਉਣਾ ਹੈ। 50 ਕਿੱਲੋਗ੍ਰਾਮ ਤੋਂ ਭਾਰ ਥੱਲੇ ਲੈ ਕੇ ਆਉਣਾ ਮੁਸ਼ਕਿਲ ਹੁੰਦਾ ਹੈ। ਮੁੰਡਿਆਂ ਦਾ ਭਾਰ ਛੇਤੀ ਘੱਟ ਹੁੰਦਾ ਹੈ। ਮੁੰਡਿਆਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ। ਕੁੜੀਆਂ ਨੂੰ ਮੁਸ਼ਕਿਲ ਹੁੰਦੀ ਹੈ। ਉਨ੍ਹਾਂ ਨੂੰ 50 ਕਿੱਲੋਗ੍ਰਾਮ ਤੋਂ ਥੱਲੇ ਆਪਣਾ ਭਾਰ ਲਿਆਉਣ ਵਿੱਚ ਮੁਸ਼ਕਿਲ ਹੁੰਦੀ ਹੈ।”

ਬਜਰੰਗ ਪੁਨੀਆਂ ਨੇ ਇਹ ਵੀ ਕਿਹਾ ਸੀ , “ਵਿਨੇਸ਼ ਫੋਗਾਟ ਦਾ ਉੱਥੇ ਖੜ੍ਹੇ ਰਹਿਣਾ ਹੀ ਸਾਡੇ ਲਈ ਮੈਡਲ ਹੈ।”

ਅਸੀਂ ਸੰਗੀਤਾ ਫੋਗਾਟ ਦਾ ਇੰਟਰਵਿਊ ਵੀ ਕਰਨਾ ਸੀ, ਜੋ ਬਜਰੰਗ ਦੀ ਪਤਨੀ ਹਨ ਅਤੇ ਵਿਨੇਸ਼ ਦੀ ਭੈਣ ਹਨ। ਬਜਰੰਗ ਖ਼ੁਦ ਉਨ੍ਹਾਂ ਨੂੰ ਲੈਣ ਲਈ ਗਏ ਪਰ ਥੋੜ੍ਹੀ ਦੇਰ ਵਿੱਚ ਹੀ ਸਾਨੂੰ ਦੱਸਿਆ ਗਿਆ ਕਿ ਇੰਟਰਵਿਊ ਨਹੀਂ ਹੋ ਸਕੇਗਾ।

ਦੁਖੀ ਅਵਾਜ਼ ਵਿੱਚ ਸਿਰਫ਼ ਇੰਨਾ ਹੀ ਕਿਹਾ ਗਿਆ, ‘ਉਨ੍ਹਾਂ ਦਾ ਮਨ ਠੀਕ ਨਹੀਂ ਹੈ।’

ਇਹ ਉਹੀ ਸਮਾਂ ਸੀ ਜਦੋਂ ਬਜਰੰਗ ਪੂਨੀਆਂ ਅਤੇ ਪਰਿਵਾਰ ਨੂੰ ਵਿਨੇਸ਼ ਦੇ ਓਲੰਪਿਕ ਤੋਂ ਅਯੋਗ ਕੀਤੇ ਜਾਣ ਦੀ ਜਾਣਕਾਰੀ ਮਿਲੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)