ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਕਿਵੇਂ ਅਤੇ ਕਿਉਂ ਮਚੀ ਭਗਦੜ, 18 ਲੋਕਾਂ ਦੀ ਮੌਤ ਬਾਰੇ ਪ੍ਰਸ਼ਾਸਨ ਨੇ ਕੀ ਕਿਹਾ

ਸ਼ੋਭਾ
ਤਸਵੀਰ ਕੈਪਸ਼ਨ, ਸ਼ੋਭਾ ਨੇ ਦੱਸਿਆ ਕਿ ਉਨ੍ਹਾਂ ਦੇ ਦਿਓਰ ਜ਼ਖਮੀ ਹਨ ਅਤੇ ਦਰਾਣੀ ਦੀ ਮੌਤ ਹੋ ਗਈ ਹੈ
    • ਲੇਖਕ, ਦਿਲਨਵਾਜ਼ ਪਾਸ਼ਾ ਅਤੇ ਅਭਿਨਵ ਗੋਇਲ
    • ਰੋਲ, ਬੀਬੀਸੀ ਪੱਤਰਕਾਰ

ਰਾਜਧਾਨੀ ਦਿੱਲੀ ਦੇ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਭਗਦੜ ਮਚਣ ਕਾਰਨ 18 ਲੋਕਾਂ ਦੀ ਮੌਤ ਹੋ ਗਈ ਹੈ।

ਬੀਬੀਸੀ ਨਾਲ ਗੱਲ ਕਰਦੇ ਹੋਏ, ਲੋਕ ਨਾਇਕ ਹਸਪਤਾਲ (ਐਲਐਨਜੇਪੀ) ਦੇ ਸੀਐਮਐਸ ਰਿਤੂ ਸਕਸੈਨਾ ਨੇ ਕਿਹਾ ਹੈ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਹੋਈ ਭਗਦੜ ਵਿੱਚ 18 ਲੋਕਾਂ ਦੀ ਮੌਤ ਹੋ ਗਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਭਗਦੜ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਰੇਲਵੇ ਨੇ ਕੀਤਾ ਮੁਆਵਜ਼ੇ ਦਾ ਐਲਾਨ

ਭਾਰਤੀ ਰੇਲਵੇ ਵੱਲੋਂ ਇਸ ਹਾਦਸੇ ਨਾਲ ਪ੍ਰਭਾਵਿਤ ਹੋਏ ਲੋਕਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।

ਰੇਲਵੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ 2.5 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ਰੇਲਵੇ ਨੇ ਕੀ ਦੱਸਿਆ ਹਾਦਸੇ ਦਾ ਕਾਰਨ

ਹਿਮਾਂਸ਼ੂ ਸ਼ੇਖਰ ਉਪਾਧਿਆਏ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਹਿਮਾਂਸ਼ੂ ਸ਼ੇਖਰ ਉਪਾਧਿਆਏ

ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਖ਼ਬਰ ਏਜੰਸੀ ਏਐਨਆਈ ਨੂੰ ਘਟਨਾ ਦੇ ਮੁਢਲੇ ਕਾਰਨ ਬਾਰੇ ਦੱਸਿਆ।

ਉਨ੍ਹਾਂ ਕਿਹਾ, "ਕੱਲ੍ਹ ਜਦੋਂ ਇਹ ਦੁਖਦਾਈ ਘਟਨਾ ਵਾਪਰੀ, ਉਸ ਸਮੇਂ ਪਟਨਾ ਵੱਲ ਜਾ ਰਹੀ ਮਗਧ ਐਕਸਪ੍ਰੈਸ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 14 'ਤੇ ਖੜ੍ਹੀ ਸੀ ਅਤੇ ਜੰਮੂ ਵੱਲ ਜਾ ਰਹੀ ਉੱਤਰ ਸੰਪਰਕ ਕ੍ਰਾਂਤੀ ਪਲੇਟਫਾਰਮ ਨੰਬਰ 15 'ਤੇ ਖੜ੍ਹੀ ਸੀ।''

''ਇਸ ਦੌਰਾਨ, ਪਲੇਟਫਾਰਮ 14-15 ਵੱਲ ਆ ਰਿਹਾ ਇੱਕ ਯਾਤਰੀ ਫਿਸਲ ਕੇ ਪੌੜੀਆਂ 'ਤੇ ਡਿੱਗ ਪਿਆ ਅਤੇ ਉਸ ਦੇ ਪਿੱਛੇ ਖੜ੍ਹੇ ਕਈ ਯਾਤਰੀ ਵੀ ਡਿੱਗ ਗਏ, ਜਿਸ ਕਾਰਨ ਇਹ ਦੁਖਦਾਈ ਘਟਨਾ ਵਾਪਰੀ।''

ਹਾਲਾਂਕਿ ਉਨ੍ਹਾਂ ਅੱਗੇ ਕਿਹਾ ਕਿ ''ਇਸਦੀ ਜਾਂਚ ਇੱਕ ਉੱਚ-ਪੱਧਰੀ ਕਮੇਟੀ ਕਰ ਰਹੀ ਹੈ। ਨਾ ਤਾਂ ਕੋਈ ਰੇਲਗੱਡੀ ਰੱਦ ਕੀਤੀ ਗਈ ਸੀ ਅਤੇ ਨਾ ਹੀ ਕੋਈ ਪਲੇਟਫਾਰਮ ਬਦਲਿਆ ਗਿਆ ਸੀ।''

ਉਨ੍ਹਾਂ ਕਿਹਾ ਕਿ ''ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਇਸ ਲਈ ਕਮੇਟੀ ਨੂੰ ਆਪਣੀ ਰਿਪੋਰਟ ਅਤੇ ਨਤੀਜੇ ਪੇਸ਼ ਕਰਨ ਦਿਓ। ਪਲੇਟਫਾਰਮ 'ਤੇ ਸਥਿਤੀ ਹੁਣ ਠੀਕ ਹੈ। ਸਾਰੀਆਂ ਰੇਲਗੱਡੀਆਂ ਆਪਣੇ ਸਮੇਂ ਸਰ ਚੱਲ ਰਹੀਆਂ ਹਨ।"

ਕੁਝ ਚਸ਼ਮਦੀਦਾਂ ਨੇ ਭਗਦੜ ਦਾ ਕਾਰਨ ਦੱਸਿਆ

ਹੀਰਾਲਾਲ ਮਹਤੋ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਹੀਰਾਲਾਲ ਮਹਤੋ

ਇੱਕ ਚਸ਼ਮਦੀਦ ਹੀਰਾਲਾਲ ਮਹਤੋ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ, "ਜਦੋਂ ਇਹ ਐਲਾਨ ਹੋਇਆ ਕਿ ਪਲੇਟਫਾਰਮ ਨੰਬਰ 12 'ਤੇ ਆਉਣ ਵਾਲੀ ਰੇਲਗੱਡੀ ਪਲੇਟਫਾਰਮ 16 'ਤੇ ਆਵੇਗੀ, ਤਾਂ ਦੋਵੇਂ ਪਾਸਿਆਂ ਤੋਂ ਲੋਕ ਆਉਣੇ ਸ਼ੁਰੂ ਹੋ ਗਏ। ਅਜਿਹੀ ਸਥਿਤੀ ਵਿੱਚ ਭਗਦੜ ਮਚ ਗਈ।"

ਉਨ੍ਹਾਂ ਕਿਹਾ, "ਲੋਕ ਪੁਲ 'ਤੇ ਹੀ ਜ਼ਖਮੀ ਹੋ ਗਏ ਸਨ। ਕੁਝ ਲੋਕਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ। ਭੀੜ ਨੂੰ ਕਾਬੂ ਕਰਨ ਵਾਲਾ ਕੋਈ ਨਹੀਂ ਸੀ। ਪ੍ਰਸ਼ਾਸਨ ਇੱਕ ਘੰਟੇ ਬਾਅਦ ਇੱਥੇ ਪਹੁੰਚਿਆ। ਹੁਣ ਤਾਂ ਇੱਥੇ ਝਾੜੂ ਵੀ ਲੱਗ ਗਿਆ, ਸਫ਼ਾਈ ਹੋ ਗਈ। ਪਰ ਜਦੋਂ ਭਗਦੜ ਹੋਈ, ਉਦੋਂ ਇੱਥੇ ਕੋਈ ਨਹੀਂ ਸੀ।"

ਰਵੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰਵੀ

ਇੱਕ ਹੋਰ ਚਸ਼ਮਦੀਦ ਰਵੀ ਨੇ ਦੱਸਿਆ, "ਮੈਂ ਇੱਥੇ ਹੀ ਸੀ। ਭਗਦੜ ਰਾਤ 9:30 ਵਜੇ ਦੇ ਕਰੀਬ ਹੋ ਗਈ ਸੀ। ਜਦੋਂ ਪਲੇਟਫਾਰਮ ਨੰਬਰ 13 'ਤੇ ਮੌਜੂਦ ਲੋਕਾਂ ਨੇ ਪਲੇਟਫਾਰਮ ਨੰਬਰ 14 ਅਤੇ 15 'ਤੇ ਖੜ੍ਹੀਆਂ ਗੱਡੀਆਂ ਦੇਖੀਆਂ ਤਾਂ ਉਹ ਸਾਰੇ ਲੋਕ ਇਸ ਪਾਸੇ ਆ ਗਏ। ਭੀੜ ਇੰਨੀ ਜ਼ਿਆਦਾ ਸੀ ਕਿ ਰੁਕ ਹੀ ਨਹੀਂ ਸਕੀ। ਪਲੇਟਫਾਰਮ ਨਹੀਂ ਬਦਲਿਆ ਗਿਆ ਸੀ।''

ਜਿਨ੍ਹਾਂ ਨੇ ਆਪਣਿਆਂ ਨੂੰ ਗੁਆਇਆ

ਬੀਬੀਸੀ ਨਾਲ ਗੱਲ ਕਰਦੇ ਹੋਏ ਇੱਕ ਚਸ਼ਮਦੀਦ ਮਨੋਰੰਜਨ ਝਾਅ ਨੇ ਦੱਸਿਆ, "ਮੈਂ ਰਾਤ ਨੂੰ 9:15 ਵਜੇ ਸਟੇਸ਼ਨ 'ਤੇ ਆਇਆ ਸੀ। ਜਦੋਂ ਮੈਂ ਆਇਆ ਤਾਂ ਰੇਲਵੇ ਸਟੇਸ਼ਨ 'ਤੇ ਬਹੁਤ ਭੀੜ ਸੀ। ਮੇਰੀ ਮਾਂ ਮਰਦੇ-ਮਰਦੇ ਬਚੀ। ਅਸੀਂ ਬਚ ਗਏ।"

"ਭੀੜ ਬਹੁਤ ਜ਼ਿਆਦਾ ਸੀ। ਐਗਜ਼ਿਟ ਵਾਲੇ ਪਾਸਿਓਂ ਐਂਟਰੀ ਹੋ ਰਹੀ ਸੀ ਅਤੇ ਬਹੁਤ ਜ਼ਿਆਦਾ ਭੀੜ ਸੀ। ਇੱਕ ਟ੍ਰੇਨ ਦੇ ਜਾਣ ਤੋਂ ਬਾਅਦ ਉੱਥੇ ਭਗਦੜ ਦੀ ਸਥਿਤੀ ਬਣ ਗਈ। ਸਾਡੇ ਸਾਹਮਣੇ ਹੀ ਇੱਕ ਬਜ਼ੁਰਗ ਮਾਤਾ ਬੇਹੋਸ਼ ਹੋ ਗਈ।"

ਇੱਕ ਹੋਰ ਚਸ਼ਮਦੀਦ ਰੂਬੀ ਦੇਵੀ ਨੇ ਦੱਸਿਆ, "ਅਸੀਂ ਪਲੇਟਫਾਰਮ ਨੰਬਰ 13 'ਤੇ ਸੀ। ਇੰਨੀ ਭੀੜ ਸੀ ਕਿ ਅਸੀਂ ਅੰਦਰ ਹੀ ਨਹੀਂ ਜਾ ਸਕੇ। ਬਹੁਤ ਜ਼ਿਆਦਾ ਭੀੜ ਸੀ। ਅਸੀਂ ਬਚ ਗਏ। ਭਗਦੜ ਵਰਗੇ ਹਾਲਾਤ ਸਨ।

ਇੱਕ ਹੋਰ ਚਸ਼ਮਦੀਦ ਨੇ ਦੱਸਿਆ, "ਪੁਲਿਸ ਵਾਲੇ ਆਪਣਾ ਕੰਮ ਕਰ ਰਹੇ ਸਨ। ਪਰ ਭੀੜ ਬਹੁਤ ਜ਼ਿਆਦਾ ਹੋ ਗਈ।"

ਕਾਜਲ ਨਾਮ ਦੀ ਇੱਕ ਚਸ਼ਮਦੀਦ ਨੇ ਕਿਹਾ, "ਬਹੁਤ ਜ਼ਿਆਦਾ ਭੀੜ ਸੀ। ਹਰ ਕੋਈ ਇੱਕ-ਦੂਜੇ ਨੂੰ ਧੱਕਾ ਦੇ ਰਿਹਾ ਸੀ। ਅਸੀਂ ਪਲੇਟਫਾਰਮ ਨੰਬਰ 13 'ਤੇ ਸੀ। ਬਹੁਤ ਸਾਰੇ ਲੋਕ ਸਾਡੇ ਸਾਹਮਣੇ ਡਿੱਗੇ ਹਨ। ਧੱਕੇ ਮਾਰੀ ਹੀ ਜਾਂਦੇ ਸਨ। ਹੱਲਾ ਹੋ ਰਿਹਾ ਸੀ।"

ਗਿਰਧਾਰੀ
ਤਸਵੀਰ ਕੈਪਸ਼ਨ, ਗਿਰਧਾਰੀ ਆਪਣੀ ਮਾਮੀ ਲਲਿਤਾ ਦੇਵੀ ਨਾਲ ਨਵੀਂ ਦਿੱਲੀ ਤੋਂ ਪਾਣੀਪਤ ਜਾ ਰਿਹੇ ਸਨ ਪਰ ਹਾਦਸੇ ਵਿੱਚ ਉਸ ਦੀ ਮਾਮੀ ਦੀ ਮੌਤ ਹੋ ਗਈ।

ਬਿਹਾਰ ਦੇ ਪਟਨਾ ਦੀ ਰਹਿਣ ਵਾਲੇ ਲਲਿਤਾ ਦੇਵੀ ਆਪਣੇ ਭਾਣਜੇ ਗਿਰਧਾਰੀ ਨਾਲ ਨਵੀਂ ਦਿੱਲੀ ਤੋਂ ਪਾਣੀਪਤ ਜਾ ਰਹੇ ਸਨ। ਰਾਤ ਦੇ ਕਰੀਬ ਨੌਂ ਵਜੇ ਦਾ ਸਮਾਂ ਸੀ।

ਗਿਰਧਾਰੀ ਦੱਸਦੇ ਹਨ, "ਅਸੀਂ ਦੋਵੇਂ ਪਹਿਲਾਂ ਪਟਨਾ ਤੋਂ ਆਨੰਦ ਵਿਹਾਰ ਟ੍ਰੇਨ ਰਾਹੀਂ ਆਏ ਸੀ ਅਤੇ ਫਿਰ ਨਵੀਂ ਦਿੱਲੀ ਤੋਂ ਪਾਣੀਪਤ ਜਾਣ ਲਈ ਟ੍ਰੇਨ ਫੜ੍ਹ ਰਹੇ ਸੀ, ਪਰ ਪਲੇਟਫਾਰਮ 14 'ਤੇ ਭਗਦੜ ਮਚ ਗਈ ਅਤੇ ਮੇਰੀ ਮਾਸੀ ਦੀ ਮੌਤ ਹੋ ਗਈ।"

ਉਨ੍ਹਾਂ ਕਿਹਾ, "ਜਿਵੇਂ ਹੀ ਅਸੀਂ ਪਲੇਟਫਾਰਮ 'ਤੇ ਜਾਣ ਲਈ ਸਟੇਸ਼ਨ ਅੰਦਰ ਆਏ ਤਾਂ ਭਾਰੀ ਭੀੜ ਸੀ। ਪੌੜੀਆਂ 'ਤੇ ਧੱਕਾ-ਮੁੱਕੀ ਕਾਰਨ ਅਸੀਂ ਵੱਖ ਹੋ ਗਏ।"

"ਜਦੋਂ ਮੈਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਉੱਧਰ ਵੱਲ ਦੇਖਣ ਲਈ ਗਿਆ ਤਾਂ ਦੋ ਜਾਂ ਤਿੰਨ ਲੋਕਾਂ ਦੀਆਂ ਬਚਾਓ-ਬਚਾਓ ਦੀਆਂ ਚੀਕਾਂ ਸੁਣਾਈ ਦਿੱਤੀਆਂ। ਮੈਂ ਚਾਦਰ ਤੋਂ ਆਪਣੀ ਮਾਸੀ ਨੂੰ ਪਛਾਣਿਆ। ਜਿਵੇਂ ਹੀ ਚਾਦਰ ਹਟਾਈ ਤਾਂ ਉਨ੍ਹਾਂ ਦੇ ਸਾਹ ਹਲਕੇ-ਹਲਕੇ ਚੱਲ ਰਹੇ ਸਨ।''

ਗਿਰਧਾਰੀ
ਤਸਵੀਰ ਕੈਪਸ਼ਨ, ਭੀੜ ਕਾਰਨ ਗਿਰਧਾਰੀ ਅਤੇ ਉਨ੍ਹਾਂ ਦੇ ਮਾਮੀ ਵੱਖਰੇ ਹੋ ਗਏ ਸਨ ਅਤੇ ਉਸੇ ਦੌਰਾਨ ਭਗਦੜ ਮਚ ਗਈ

ਇਸ ਘਟਨਾ ਵਿੱਚ, ਦਿੱਲੀ ਦੇ ਕਿਰਾੜੀ ਦੇ ਵਸਨੀਕ ਉਮੇਸ਼ ਗਿਰੀ ਨੇ ਆਪਣੀ 45 ਸਾਲਾ ਪਤਨੀ ਸੀਲਮ ਦੇਵੀ ਨੂੰ ਗੁਆ ਦਿੱਤਾ।

ਉਮੇਸ਼ ਗਿਰੀ ਕਹਿੰਦੇ ਹਨ, "ਅਸੀਂ ਮਹਾਂਕੁੰਭ ​​ਜਾ ਰਹੇ ਸੀ। ਅਸੀਂ ਅਜਮੇਰੀ ਗੇਟ ਵਾਲੇ ਪਾਸਿਓਂ ਚੜ੍ਹੇ ਸੀ, ਪਲੇਟਫਾਰਮ ਨੰਬਰ 14 ਤੋਂ ਸਾਡੀ ਪ੍ਰਯਾਗਰਾਜ ਐਕਸਪ੍ਰੈਸ ਟ੍ਰੇਨ ਸੀ। ਮੇਰੀ ਟਿਕਟ ਏਸੀ ਕੋਚ ਵਿੱਚ ਸੀ।"

ਉਨ੍ਹਾਂ ਕਿਹਾ, "ਉੱਪਰ ਚੜ੍ਹਨ ਤੋਂ ਬਾਅਦ ਭੀੜ ਕਾਫ਼ੀ ਬੇਕਾਬੂ ਹੋ ਗਈ। ਬਹੁਤ ਜ਼ਿਆਦਾ ਭੀੜ ਕਾਰਨ ਇਹ ਘਟਨਾ ਵਾਪਰੀ।"

ਉਮੇਸ਼ ਆਪਣੀਆਂ ਅੱਖਾਂ ਦੇਖਿਆ ਹਾਲ ਦੱਸਦੇ ਹੋਏ ਕਹਿੰਦੇ ਹਨ ਕਿ "ਮੇਰੇ ਸਾਹਮਣੇ, ਕਈ ਲੋਕਾਂ ਦੀਆਂ ਲਾਸ਼ਾਂ ਪਹਿਲਾਂ ਹੀ ਡਿੱਗੀਆਂ ਹੋਈਆਂ ਸਨ। ਉਸ ਤੋਂ ਬਾਅਦ, ਉਹ ਲੋਕ ਟਕਰਾ ਗਏ ਅਤੇ ਲੋਕ ਉਨ੍ਹਾਂ ਦੇ ਉੱਪਰੋਂ ਹੀ ਤੁਰਨ ਲੱਗ ਪਏ।"

ਉਨ੍ਹਾਂ ਦੱਸਿਆ, "ਉਸ ਸਮੇਂ ਲੋਕਾਂ (ਲਾਸ਼ਾਂ) ਨੂੰ ਪੁਲ ਦੇ ਸਾਹਮਣੇ ਲਗਾ ਰੱਖਿਆ ਸੀ। ਉਸ ਸਮੇਂ ਉੱਥੇ ਨਾ ਕੋਈ ਮੀਡੀਆ ਸੀ ਅਤੇ ਨਾ ਕੋਈ ਪ੍ਰਸ਼ਾਸਨ।''

ਮਦਦ ਬਾਰੇ ਉਮੇਸ਼ ਕਹਿੰਦਾ ਹੈ, "ਮਦਦ ਤਾਂ ਕੁਝ ਨਹੀਂ ਮਿਲੀ। ਬਾਅਦ ਵਿੱਚ ਬਹੁਤ ਦੇਰ ਹੋ ਚੁੱਕੀ ਸੀ। ਮੈਂ ਕਈ ਪੁਲਿਸ ਵਾਲਿਆਂ ਅਤੇ ਆਰਪੀਐਫ ਵਾਲਿਆਂ ਨੂੰ ਕਿਹਾ ਪਰ ਕੋਈ ਵੀ ਸੁਣਨ ਲਈ ਤਿਆਰ ਨਹੀਂ ਸੀ।"

ਉਮੇਸ਼ ਗਿਰੀ
ਤਸਵੀਰ ਕੈਪਸ਼ਨ, ਉਮੇਸ਼ ਗਿਰੀ ਕਹਿੰਦੇ ਹਨ ਕਿ ਇਹ ਸਭ ਕੁਝ ਬਹੁਤ ਜ਼ਿਆਦਾ ਭੀੜ ਕਾਰਨ ਹੋਇਆ

ਦਿੱਲੀ ਦੇ ਸੁਲਤਾਨਪੁਰੀ ਦੇ ਰਹਿਣ ਵਾਲੇ ਸ਼ੋਭਾ ਮੂਲ ਰੂਪ ਵਿੱਚ ਬਿਹਾਰ ਤੋਂ ਹਨ। ਇਸ ਘਟਨਾ ਵਿੱਚ ਉਨ੍ਹਾਂ ਨੇ ਆਪਣੀ ਦਰਾਣੀ ਨੂੰ ਗੁਆ ਦਿੱਤਾ ਹੈ।

ਸ਼ੋਭਾ ਕਹਿੰਦੇ ਹਨ, "ਮੇਰਾ ਦਿਓਰ ਜ਼ਖਮੀ ਸਨ। ਉਨ੍ਹਾਂ ਨੇ ਫ਼ੋਨ ਕਰਕੇ ਕਿਹਾ ਦੱਸਿਆ ਕਿ ਉਹ ਜ਼ਖਮੀ ਹਨ, ਜਲਦੀ ਆ ਜਾਓ।''

ਉਹ ਦੱਸਦੇ ਹਨ, "ਮੇਰੇ ਦਿਓਰ ਨੇ ਫ਼ੋਨ ਕੀਤਾ, ਇੱਥੇ ਭਗਦੜ ਮਚ ਗਈ ਹੈ, ਮੈਂ ਜ਼ਖਮੀ ਹਾਂ ਅਤੇ ਪਤਨੀ ਦੀ ਮੌਤ ਹੋ ਗਈ। ਉਨ੍ਹਾਂ ਦੇ ਦੋਵੇਂ ਬੱਚੇ ਦਬੇ ਹੋਏ ਸਨ, ਉਹ ਸੁਰੱਖਿਅਤ ਹਨ, ਪਰ ਪਤਨੀ ਦੀ ਮੌਤ ਹੋ ਗਈ ਹੈ।"

ਹਸਪਤਾਲ ਦੀ ਹਾਲਤ ਬਾਰੇ ਸ਼ੋਭਾ ਕਹਿੰਦੇ ਹਨ, "ਪੂਰਾ ਵਾਰਡ ਜ਼ਖਮੀਆਂ ਨਾਲ ਭਰਿਆ ਪਿਆ ਹੈ। ਉੱਥੇ ਬਹੁਤ ਸਾਰੀਆਂ ਲਾਸ਼ਾਂ ਹਨ। ਮੈਂ ਆਪ ਦੇਖੀਆਂ ਹਨ। ਇੱਕ ਬੈੱਡ 'ਤੇ ਚਾਰ-ਚਾਰ ਲੋਕ ਪਏ ਹਨ। ਜਿਸ ਬੈੱਡ 'ਤੇ ਮੇਰੀ ਦਰਾਣੀ ਪਈ ਹੈ, ਉਸ 'ਤੇ ਤਿੰਨ ਲੋਕ ਹਨ।"

ਨਵੀਂ ਦਿੱਲੀ ਰੇਲਵੇ ਸਟੇਸ਼ਨ

ਪ੍ਰਧਾਨ ਮੰਤਰੀ ਮੋਦੀ ਨੇ ਜਤਾਇਆ ਸ਼ੋਕ

ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਦੁੱਖ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ, "ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਹੋਈ ਭਗਦੜ ਤੋਂ ਦੁਖੀ ਹਾਂ।"

"ਮੇਰੀ ਹਮਦਰਦੀ ਉਨ੍ਹਾਂ ਲੋਕਾਂ ਨਾਲ ਹੈ ਜਿਨ੍ਹਾਂ ਨੇ ਆਪਣਿਆਂ ਨੂੰ ਗੁਆਇਆ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਪ੍ਰਸ਼ਾਸਨ ਭਗਦੜ ਤੋਂ ਪ੍ਰਭਾਵਿਤ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।"

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, Narendra Modi/X

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਉਹ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਹੋਏ ਹਾਦਸੇ ਤੋਂ ਬਹੁਤ ਦੁਖੀ ਹਨ।

ਉਨ੍ਹਾਂ ਕਿਹਾ, "ਇਸ ਗੱਲ ਨਾਲ ਧੱਕਾ ਲੱਗਿਆ ਹੈ ਕਿ ਰੇਲਵੇ ਪਲੇਟਫਾਰਮ 'ਤੇ ਭਗਦੜ ਕਾਰਨ ਜਾਨਾਂ ਚਲੀਆਂ ਗਈਆਂ ਹਨ। ਇਸ ਦੁੱਖ ਦੀ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਦੁਖੀ ਪਰਿਵਾਰਾਂ ਨਾਲ ਹਨ। ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ।"

ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਿਖਿਆ, "ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਹੋਏ ਹਾਦਸੇ ਬਾਰੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਜੀ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਗੱਲ ਕੀਤੀ।"

"ਦਿੱਲੀ ਦੇ ਉਪ ਰਾਜਪਾਲ ਅਤੇ ਦਿੱਲੀ ਪੁਲਿਸ ਕਮਿਸ਼ਨਰ ਨਾਲ ਗੱਲ ਕਰਕੇ ਉਨ੍ਹਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੈਂ ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਜ਼ਖਮੀਆਂ ਦਾ ਹਰ ਸੰਭਵ ਇਲਾਜ ਕੀਤਾ ਜਾ ਰਿਹਾ ਹੈ। ਮੈਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।"

ਅਮਿਤ ਸ਼ਾਹ

ਤਸਵੀਰ ਸਰੋਤ, Amit Shah/X

ਵਿਰੋਧੀਆਂ ਨੇ ਸਰਕਾਰ 'ਤੇ ਚੁੱਕੇ ਸਵਾਲ

ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਨਾਲ-ਨਾਲ ਬਸਪਾ ਮੁਖੀ ਮਾਇਆਵਤੀ ਨੇ ਇਸ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ।

ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਐਕਸ 'ਤੇ ਲਿਖਿਆ, "ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਭਗਦੜ ਕਾਰਨ ਕਈ ਲੋਕਾਂ ਦੇ ਮਰਨ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਖ਼ਬਰ ਬਹੁਤ ਦੁਖਦਾਈ ਹੈ। ਮੈਂ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।''

ਸਰਕਾਰ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਲਿਖਿਆ, "ਇਹ ਘਟਨਾ ਇੱਕ ਵਾਰ ਫਿਰ ਰੇਲਵੇ ਦੀ ਅਸਫਲਤਾ ਅਤੇ ਸਰਕਾਰ ਦੀ ਅਸੰਵੇਦਨਸ਼ੀਲਤਾ ਨੂੰ ਉਜਾਗਰ ਕਰਦੀ ਹੈ। ਪ੍ਰਯਾਗਰਾਜ ਜਾਣ ਵਾਲੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ, ਸਟੇਸ਼ਨ 'ਤੇ ਬਿਹਤਰ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ। ਸਰਕਾਰ ਅਤੇ ਪ੍ਰਸ਼ਾਸਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸੇ ਨੂੰ ਵੀ ਮਾੜੇ ਪ੍ਰਬੰਧਾਂ ਅਤੇ ਲਾਪਰਵਾਹੀ ਕਾਰਨ ਆਪਣੀ ਜਾਨ ਨਾ ਗੁਆਉਣੀ ਪਵੇ।''

ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਇਹ ਹਾਦਸਾ ਰੇਲਵੇ ਦੀ ਅਸਫਲਤਾ ਅਤੇ ਸਰਕਾਰ ਦੀ ਅਸੰਵੇਦਨਸ਼ੀਲਤਾ ਨੂੰ ਉਜਾਗਰ ਕਰਨ ਵਾਲਾ ਹੈ

ਬਸਪਾ ਮੁਖੀ ਮਾਇਆਵਤੀ ਨੇ ਵੀ ਪੂਰੀ ਘਟਨਾ 'ਤੇ ਦੁੱਖ ਪ੍ਰਗਟ ਕੀਤੇ ਤੇ ਕਿਹਾ ਕਿ ਸਰਕਾਰ ਨੂੰ ਦੋਸ਼ੀਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਪੀੜਤਾਂ ਨੂੰ ਪੂਰੀ ਮਦਦ ਦੇਣੀ ਚਾਹੀਦੀ ਹੈ।

ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ ਸੀ ਕਿ, "ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਨਰਿੰਦਰ ਮੋਦੀ ਸਰਕਾਰ ਵੱਲੋਂ ਸੱਚਾਈ ਨੂੰ ਛੁਪਾਉਣ ਦੀ ਕੋਸ਼ਿਸ਼ ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ ਹੈ।"

ਆਰਜੇਡੀ ਆਗੂ ਤੇਜਸਵੀ ਯਾਦਵ ਨੇ ਵੀ ਕਿਹਾ ਕਿ "ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਹਫੜਾ-ਦਫੜੀ ਅਤੇ ਭਗਦੜ ਕਾਰਨ ਹੋਈਆਂ ਬੇਵਕਤੀ ਮੌਤਾਂ ਤੋਂ ਮਨ ਦੁਖੀ ਹੈ। ਇੰਨੇ ਸਾਰੇ ਸਰਕਾਰੀ ਸਾਧਨਾਂ ਦੇ ਬਾਵਜੂਦ, ਸ਼ਰਧਾਲੂ ਭਗਦੜ ਵਿੱਚ ਆਪਣੀਆਂ ਜਾਨਾਂ ਗੁਆ ਰਹੇ ਹਨ ਅਤੇ ਡਬਲ ਇੰਜਣ ਸਰਕਾਰ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਦੀ ਲੀਪਾਪੋਤੀ ਕਰਕੇ ਪੀਆਰ ਕਰਨ ਵਿੱਚ ਰੁੱਝੀ ਹੋਈ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)