ਮੁਹੰਮਦ ਯੂਨਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਹਜ਼ਾਰ ਕਿਲੋ ਅੰਬ ਭੇਜੇ, ਜਾਣੋ 'ਮੈਂਗੋ ਡਿਪਲੋਮੇਸੀ' ਦਾ ਇਤਿਹਾਸ

ਤਸਵੀਰ ਸਰੋਤ, Getty Images
- ਲੇਖਕ, ਸ਼ੁਭਜਯੋਤੀ ਘੋਸ਼
- ਰੋਲ, ਬੀਬੀਸੀ ਨਿਊਜ਼ ਬੰਗਲਾ
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਵੱਲੋਂ 1,000 ਕਿਲੋ ਅੰਬਾਂ ਦੇ ਡੱਬੇ ਇਸ ਹਫ਼ਤੇ ਦਿੱਲੀ ਦੇ 7 ਲੋਕ ਕਲਿਆਣ ਮਾਰਗ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਵਾਸ ਸਥਾਨ 'ਤੇ ਭੇਜੇ ਗਏ।
ਘੱਟੋ-ਘੱਟ ਭਾਰਤੀ ਮੀਡੀਆ ਨੂੰ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅੰਬਾਂ ਦਾ ਇਹ ਤੋਹਫ਼ਾ ਬੰਗਲਾਦੇਸ਼ ਅਤੇ ਭਾਰਤ ਵਿਚਾਲੇ 'ਕੌੜੇ' ਦੁਵੱਲੇ ਸਬੰਧਾਂ ਵਿੱਚ ਕੁਝ 'ਮਿਠਾਸ' ਘੋਲਣ ਦੀ ਕੋਸ਼ਿਸ਼ ਹੈ।
ਇਸ ਤੋਂ ਪਹਿਲਾਂ ਵੀ, ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਹਰ ਸਾਲ ਗਰਮੀਆਂ ਦੇ ਮੌਸਮ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਅੰਬ ਭੇਜਦੀ ਸੀ।
ਉਸ ਵੇਲੇ ਦਿੱਲੀ ਵਿੱਚ ਬੰਗਲਾਦੇਸ਼ੀ ਰਾਜਦੂਤ ਨੇ ਇੱਕ ਪੱਤਰਕਾਰ ਨੂੰ ਕਿਹਾ ਸੀ, "ਸ਼ਾਕਾਹਾਰੀ ਨਰਿੰਦਰ ਮੋਦੀ ਨੂੰ ਪਦਯਾ ਹਿਲਸਾ ਭੇਜਣ ਦਾ ਕੋਈ ਮਤਲਬ ਨਹੀਂ ਹੈ। ਪਰ ਅੰਬ ਇੱਕ ਅਜਿਹਾ ਉਪਹਾਰ ਹੈ, ਜਿਸ ਨੂੰ ਇਸ ਪੂਰੇ ਉੱਪਮਹਾਂਦੀਪ ਵਿੱਚ ਹਰ ਕੋਈ ਪਸੰਦ ਕਰਦਾ ਹੈ।"
ਉਦੋਂ ਤੋਂ ਸ਼ੇਖ਼ ਹਸੀਨਾ ਵੱਲੋਂ ਭੇਜੀ ਗਈ ਰੰਗਪੁਰ ਦੀ ਹਰੀਭੰਗਾ ਜਾਂ ਰਾਜਸ਼ਾਹੀ ਦੀ ਆਮਰਪਾਲੀ ਦੀ ਟੋਕਰੀ ਨਾ ਕੇਵਲ ਦਿੱਲੀ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਤੱਕ ਪਹੁੰਚਾਉਣ ਲੱਗੇ, ਬਲਕਿ ਪੱਛਣ ਬੰਗਾਲ ਜਾਂ ਤ੍ਰਿਪੁਰਾ ਵਰਗੇ ਸੂਬਿਆਂ ਦੇ ਮੁੱਖ ਮੰਤਰੀ ਤੱਕ ਵੀ ਪਹੁੰਚਣ ਲੱਗੇ।
ਪਰ ਆਮ ਕੂਟਨੀਤੀ ਜਾਂ ਮੈਂਗੋ ਡਿਪਲੋਮੈਸੀ ਦਾ ਇੱਕ ਲੰਬਾ ਇਤਿਹਾਸ ਰਿਹਾ ਹੈ।

ਤਸਵੀਰ ਸਰੋਤ, Getty Images
ਬੰਗਲਾਦੇਸ਼ ਦੇ ਰੁਖ਼ ਵਿੱਚ ਨਰਮੀ ਕਿਉਂ ਆਈ
ਭੂ-ਰਾਜਨੀਤਿਕ ਵਿਸ਼ਲੇਸ਼ਕ ਪ੍ਰਿਯਜੀਤ ਦੇਬਸਰਕਰ ਕਹਿੰਦੇ ਹਨ, "ਮੇਰਾ ਮੰਨਣਾ ਹੈ ਕਿ ਡਾ. ਯੂਨਸ ਨੂੰ ਭਾਰਤ ਨਾਲ ਅੰਬ ਕੂਟਨੀਤੀ ਦਾ ਇਹ ਰਸਤਾ ਅਪਣਾਉਣਾ ਪਿਆ ਕਿਉਂਕਿ ਬੰਗਲਾਦੇਸ਼ ਕਈ ਕਾਰਨਾਂ ਕਰਕੇ ਬਹੁਤ ਦਬਾਅ ਹੇਠ ਹੈ ਭਾਵ ਅਮਰੀਕਾ ਤੋਂ ਟੈਰਿਫ ਦਬਾਅ, ਮੱਧ ਪੂਰਬ ਵਿੱਚ ਸੰਕਟ, ਗੁਆਂਢੀ ਮਿਆਂਮਾਰ ਦੀ ਸਥਿਤੀ।"
"ਉਹ ਹੁਣ ਖੁੱਲ੍ਹ ਕੇ ਦਿੱਲੀ ਨਾਲ ਸਬੰਧਾਂ ਨੂੰ ਬਹਾਲ ਕਰਨ ਬਾਰੇ ਗੱਲ ਕਰ ਰਹੇ ਹਨ। ਇਸ ਲਈ ਇਹ ਦੇਖਣਾ ਬਾਕੀ ਹੈ ਕਿ ਇਹ ਤਣਾਅਪੂਰਨ ਦੁਵੱਲੇ ਸਬੰਧਾਂ ਨੂੰ ਕਿਵੇਂ ਬਦਲੇਗਾ।"
ਦੁਨੀਆ ਦੇ ਤਿੰਨ ਸਭ ਤੋਂ ਵੱਡੇ ਅੰਬ ਨਿਰਯਾਤ ਕਰਨ ਵਾਲੇ ਦੇਸ਼ ਕ੍ਰਮਵਾਰ ਭਾਰਤ, ਮੈਕਸੀਕੋ ਅਤੇ ਪਾਕਿਸਤਾਨ ਹਨ।
ਬੰਗਲਾਦੇਸ਼ ਵੀ ਇਸ ਸੂਚੀ ਵਿੱਚ ਮੋਹਰੀ ਦਸਾਂ ਵਿੱਚ ਹੈ ਅਤੇ ਦੁਨੀਆ ਵਿੱਚ ਨਵੇਂ ਬਾਜ਼ਾਰ ਲੱਭਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿੱਚ ਇਨ੍ਹਾਂ ਦੇਸ਼ਾਂ ਵਿੱਚ ਸਖ਼ਤ ਮੁਕਾਬਲਾ ਹੈ।
37 ਸਾਲ ਪਹਿਲਾਂ ਪਾਕਿਸਤਾਨ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਫੌਜੀ ਸ਼ਾਸਕ ਅਤੇ ਰਾਸ਼ਟਰਪਤੀ ਜ਼ਿਆ-ਉਲ-ਹੱਕ ਦੀ ਰਹੱਸਮਈ ਮੌਤ ਵੀ ਅੰਬਾਂ ਦੀ ਪੇਟੀ ਨਾਲ ਜੁੜੀ ਹੋਈ ਹੈ।
ਦੁਨੀਆਂ ਦੇ ਇਨ੍ਹਾਂ ਹਿੱਸਿਆਂ ਵਿੱਚ ਅੰਬ ਸਿਰਫ ਇੱਕ ਸੁਆਦਲੇ ਫ਼ਲ ਨਹੀਂ ਹਨ। ਅੰਬ ਦੀ ਟੋਕਰੀ ਰਹੱਸ, ਰਾਜਨੀਤੀ, ਦੁਸ਼ਮਣੀ ਅਤੇ ਕੂਟਨੀਤੀ ਨਾਲ ਘਿਰੀ ਹੋਈ ਹੈ।

ਤਸਵੀਰ ਸਰੋਤ, Getty Images
ਨਹਿਰੂ ਦੇ ਸਮੇਂ ਤੋਂ ਮੈਂਗੋ ਡਿਪਲੋਮੈਸੀ
1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਉੱਭਰੇ ਆਜ਼ਾਦ ਮੁਲਕ ਭਾਰਤ ਅਤੇ ਪਾਕਿਸਤਾਨ ਦੋਵਾਂ ਦਾ 'ਰਾਸ਼ਟਰੀ ਫ਼ਲ' ਅੰਬ ਹੈ। ਦੋਵਾਂ ਦੇਸ਼ਾਂ ਨੇ ਆਪਣੀ ਵਿਸ਼ਵਵਿਆਪੀ ਪਹੁੰਚ ਜਾਂ ਕੂਟਨੀਤੀ ਵਿੱਚ ਅੰਬ ਨੂੰ ਇੱਕ ਮੁੱਖ ਸਾਧਨ ਵਜੋਂ ਵਰਤਿਆ ਹੈ।
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ 1950 ਦੇ ਦਹਾਕੇ ਵਿੱਚ ਜਦੋਂ ਵੀ ਵਿਦੇਸ਼ ਜਾਂਦੇ ਸਨ ਤਾਂ ਤੋਹਫ਼ੇ ਵਜੋਂ ਅੰਬਾਂ ਦਾ ਇੱਕ ਡੱਬਾ ਆਪਣੇ ਨਾਲ ਲੈ ਕੇ ਜਾਂਦੇ ਸਨ।
ਜਦੋਂ ਵੀ ਕੋਈ ਵਿਦੇਸ਼ੀ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਭਾਰਤ ਆਉਂਦੇ ਸਨ ਤਾਂ ਨਹਿਰੂ ਵੱਲੋਂ ਅੰਬ ਜ਼ਰੂਰ ਭੇਟ ਕੀਤਾ ਜਾਂਦਾ ਸੀ।
1955 ਵਿੱਚ ਚੀਨ ਯਾਤਰਾ ਦੌਰਾਨ ਪੰਡਿਤ ਨਹਿਰੂ ਨੇ ਚੀਨੀ ਪ੍ਰਧਾਨ ਮੰਤਰੀ ਚਊ ਐਨਲਾਈ ਨੂੰ ਦੁਸਹਿਰੀ ਅਤੇ ਲੰਗੜਾ ਅੰਬਾਂ ਦੇ ਅੱਠ ਪੌਦੇ ਤੋਹਫ਼ੇ ਵਜੋਂ ਦਿੱਤੇ ਸਨ, ਜੋ ਗੁਆਂਗਜ਼ੂ ਪੀਪਲਜ਼ ਪਾਰਕ ਵਿੱਚ ਲਗਾਏ ਗਏ ਸਨ।
ਉਸੇ ਸਾਲ ਜਦੋਂ ਸੋਵੀਅਤ ਨੇਤਾ ਨਿਕਿਤਾ ਖਰੁਸ਼ਚੇਵ ਭਾਰਤ ਆਏ ਤਾਂ ਉਨ੍ਹਾਂ ਦੀ ਮਾਸਕੋ ਵਾਪਸੀ ਦੀ ਉਡਾਣ ਵਿੱਚ ਉੱਤਰ ਪ੍ਰਦੇਸ਼ ਦੇ ਮਸ਼ਹੂਰ ਮਲੀਹਾਬਾਦੀ ਦੁਸਹਿਰੀ ਅੰਬਾਂ ਦੀਆਂ ਕਈ ਟੋਕਰੀਆਂ ਸਨ, ਜੋ ਜਵਾਹਰ ਲਾਲ ਨਹਿਰੂ ਵੱਲੋਂ ਤੋਹਫ਼ੇ ਵਜੋਂ ਦਿੱਤੀਆਂ ਗਈਆਂ ਸਨ।
ਬਾਅਦ ਵਿੱਚ ਜਦੋਂ ਰਾਜੀਵ ਗਾਂਧੀ 1986 ਵਿੱਚ ਫਿਲੀਪੀਨਜ਼ ਗਏ ਸਨ, ਤਾਂ ਉਨ੍ਹਾਂ ਨੇ ਉਸ ਦੇਸ਼ ਦੇ ਰਾਸ਼ਟਰਪਤੀ ਨੂੰ ਅੰਬਾਂ ਦਾ ਇੱਕ ਡੱਬਾ ਭੇਟ ਕੀਤਾ।

ਦਿਲਚਸਪ ਗੱਲ ਇਹ ਹੈ ਕਿ ਫਿਲੀਪੀਨਜ਼ ਦਾ ਰਾਸ਼ਟਰੀ ਫ਼ਲ ਵੀ ਅੰਬ ਹੈ ਪਰ ਉੱਥੇ ਅੰਬਾਂ ਦਾ ਸੁਆਦ, ਖੁਸ਼ਬੂ ਅਤੇ ਗੁਣਵੱਤਾ ਭਾਰਤੀ ਅੰਬਾਂ ਤੋਂ ਬਹੁਤ ਵੱਖਰੀ ਹੈ।
ਪਾਕਿਸਤਾਨ ਅੰਬਾਂ ਨੂੰ ਤੋਹਫ਼ੇ ਵਜੋਂ ਦੇਣ ਵਿੱਚ ਪਿੱਛੇ ਨਹੀਂ ਸੀ ਅਤੇ ਚੀਨ ਨੂੰ ਦਿੱਤੇ ਗਏ ਪਾਕਿਸਤਾਨੀ ਅੰਬ ਉਸ ਦੇਸ਼ ਵਿੱਚ ਸੱਭਿਆਚਾਰਕ ਕ੍ਰਾਂਤੀ ਦਾ ਇੱਕ ਮਹੱਤਵਪੂਰਨ ਪ੍ਰਤੀਕ ਬਣ ਗਏ।
ਅਗਸਤ 1968 ਵਿੱਚ ਪਾਕਿਸਤਾਨੀ ਵਿਦੇਸ਼ ਮੰਤਰੀ ਮੀਆਂ ਅਰਸ਼ਦ ਹੁਸੈਨ ਨੇ ਬੀਜਿੰਗ ਦਾ ਦੌਰਾ ਕੀਤਾ ਅਤੇ ਚੀਨੀ ਚੇਅਰਮੈਨ ਮਾਓਤਸੇ ਤੁੰਗ ਨੂੰ ਅੰਬਾਂ ਦਾ ਇੱਕ ਡੱਬਾ ਭੇਟ ਕੀਤਾ।
ਅੰਬ ਅਜੇ ਵੀ ਚੀਨ ਵਿੱਚ ਇੱਕ ਅਣਜਾਣ ਫ਼ਲ ਸੀ ਅਤੇ ਮਾਓਤਸੇ ਤੁੰਗ ਖ਼ੁਦ ਇਸ ਨਵੇਂ ਫ਼ਲ ਨੂੰ ਅਜ਼ਮਾਉਣ ਲਈ ਖ਼ਾਸ ਤੌਰ 'ਤੇ ਉਤਸ਼ਾਹਿਤ ਨਹੀਂ ਸਨ... ਇਸ ਲਈ ਉਨ੍ਹਾਂ ਅੰਬਾਂ ਨੂੰ ਦੇਸ਼ ਭਰ ਦੀਆਂ ਵੱਖ-ਵੱਖ ਫੈਕਟਰੀਆਂ ਅਤੇ ਯੂਨੀਵਰਸਿਟੀਆਂ ਵਿੱਚ ਵੰਡਿਆ ਗਿਆ।
ਚੀਨ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਅਤੇ ਫੈਕਟਰੀਆਂ ਵੱਲੋਂ ਚੇਅਰਮੈਨ ਦੇ ਤੋਹਫ਼ੇ ਨੂੰ ਲੈ ਕੇ ਜੋ ਉਤਸ਼ਾਹ ਦਿਖਾਇਆ ਗਿਆ, ਉਹ ਅਜੇ ਵੀ ਇਤਿਹਾਸ ਦਾ ਹਿੱਸਾ ਹੈ। ਕਾਮਿਆਂ ਅਤੇ ਵਿਦਿਆਰਥੀਆਂ ਨੇ ਅੰਬਾਂ ਨੂੰ ਫਾਰਮਾਲਡੀਹਾਈਡ ਵਿੱਚ ਸੁਰੱਖਿਅਤ ਕਰਕੇ ਅਤੇ ਕੱਚ ਦੇ ਡੱਬਿਆਂ ਵਿੱਚ ਰੱਖ ਕੇ ਆਪਣਾ ਸਤਿਕਾਰ ਦਿਖਾਇਆ।

ਭਾਰਤ-ਪਾਕਿਸਤਾਨ ਵਿੱਚ ਅੰਬ ਕੂਟਨੀਤੀ ਅਤੇ ਦੁਸ਼ਮਣੀ
ਸਦੀਵੀ ਵਿਰੋਧੀ ਭਾਰਤ ਅਤੇ ਪਾਕਿਸਤਾਨ ਨੇ ਵੀ ਤਣਾਅ ਘਟਾਉਣ ਲਈ ਸਾਂਝੀ ਕੂਟਨੀਤੀ ਦਾ ਸਹਾਰਾ ਲਿਆ।
1981 ਵਿੱਚ ਪਾਕਿਸਤਾਨੀ ਰਾਸ਼ਟਰਪਤੀ ਜ਼ਿਆ-ਉਲ-ਹੱਕ ਨੇ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਅੰਬਾਂ ਦਾ ਇੱਕ ਡੱਬਾ ਭੇਜਿਆ, ਜਿਸ ਨੂੰ ਪਾਕਿਸਤਾਨ ਵਿੱਚ 'ਅਨਵਰ ਰਟੌਲ' ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ʻਰਟੌਲʼ ਭਾਰਤ ਦੇ ਉੱਤਰ ਪ੍ਰਦੇਸ਼ ਦਾ ਇੱਕ ਪਿੰਡ ਹੈ ਅਤੇ ਇਸ ਸ਼ਿਸ਼ਟਾਚਾਰੀ ਤੋਹਫ਼ੇ ਨੇ ਇਸ ਗੱਲ 'ਤੇ ਬਹਿਸ ਛੇੜ ਦਿੱਤੀ ਕਿ ਅੰਬ ਭਾਰਤ ਵਿੱਚ ਪੈਦਾ ਹੋਇਆ ਸੀ ਜਾਂ ਪਾਕਿਸਤਾਨ ਵਿੱਚ।
2008 ਵਿੱਚ ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਵੀ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਅੰਬਾਂ ਦਾ ਇੱਕ ਡੱਬਾ ਤੋਹਫ਼ੇ ਵਜੋਂ ਦਿੱਤਾ ਸੀ। ਹਾਲਾਂਕਿ, ਉਸ ਦੇ ਤੁਰੰਤ ਬਾਅਦ ਮੁੰਬਈ ਵਿੱਚ ਹੋਏ 26/11 ਦੇ ਹਮਲਿਆਂ ਨੇ ਉਸ ਗਰਮ ਜੋਸ਼ੀ ਨੂੰ ਠੰਢਾ ਕਰ ਦਿੱਤਾ।
ਸੱਤ ਸਾਲ ਬਾਅਦ 2015 ਵਿੱਚ ਪਾਕਿਸਤਾਨ ਦੇ ਤਤਕਾਲੀ ਨੇਤਾ ਨਵਾਜ਼ ਸ਼ਰੀਫ਼ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਵਿਰੋਧੀ ਧਿਰ ਦੀ ਨੇਤਾ ਸੋਨੀਆ ਗਾਂਧੀ ਨੂੰ ਅੰਬਾਂ ਦੀਆਂ ਟੋਕਰੀਆਂ ਭੇਜੀਆਂ, ਪਰ ਇਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਟਕਰਾਅ ਨੂੰ ਹੱਲ ਕਰਨ ਵਿੱਚ ਬਹੁਤੀ ਮਦਦ ਨਹੀਂ ਮਿਲੀ।
ਭਾਰਤ ਵਿੱਚ ਅੰਬ ਦੀਆਂ ਲਗਭਗ 1,200 ਕਿਸਮਾਂ ਪੈਦਾ ਹੁੰਦੀਆਂ ਹਨ ਜਦਕਿ ਪਾਕਿਸਤਾਨ ਵਿੱਚ ਲਗਭਗ 400 ਕਿਸਮਾਂ ਉਗਾਈਆਂ ਜਾਂਦੀਆਂ ਹਨ। ਹਮੇਸ਼ਾ ਵਾਂਗ ਭਾਰਤ ਵਿੱਚ ਅੰਬ ਦੀ ਪੈਦਾਵਾਰ ਵੀ ਕਾਫੀ ਹੁੰਦੀ ਹੈ।
ਹਾਲਾਂਕਿ, ਅੰਬ ਪਾਕਿਸਤਾਨ ਲਈ ਓਨੀ ਮਹੱਤਵਪੂਰਨ ਬਰਾਮਦ ਫ਼ਸਲ ਨਹੀਂ ਹੈ ਜਿੰਨੀ ਇਹ ਭਾਰਤ ਲਈ ਹੈ।

ਤਸਵੀਰ ਸਰੋਤ, Getty Images
ਇਸ ਤਰ੍ਹਾਂ ਅਮਰੀਕਾ ਨੇ ਭਾਰਤੀ ਅੰਬਾਂ 'ਤੇ ਪਾਬੰਦੀ ਹਟਾਈ
ਦੁਨੀਆ ਵਿੱਚ ਅੰਬਾਂ ਦੇ ਰਵਾਇਤੀ ਬਾਜ਼ਾਰ ਅਮਰੀਕਾ ਅਤੇ ਚੀਨ ਹਨ। ਇਸ ਤੋਂ ਇਲਾਵਾ, ਯੂਰਪ ਵਿੱਚ ਦੱਖਣੀ ਏਸ਼ੀਆਈ ਅੰਬਾਂ ਲਈ ਇੱਕ ਵੱਡਾ ਬਾਜ਼ਾਰ ਹੈ।
ਚੀਨ ਨੂੰ ਅੰਬ ਬਰਾਮਦ ਕਰਨ ਦੇ ਭਾਰਤ ਦੇ ਯਤਨ ਕਦੇ ਵੀ ਸਫ਼ਲ ਨਹੀਂ ਹੋਏ।
ਚੀਨ ਨੇ 2004 ਵਿੱਚ ਭਾਰਤੀ ਅੰਬਾਂ ਲਈ ਆਪਣੇ ਬਾਜ਼ਾਰ ਤੱਕ ਪਹੁੰਚ ਖੋਲ੍ਹੀ ਸੀ ਪਰ ਫਿਰ ਵੀ ਭਾਰਤੀ ਬਰਾਮਦਕਾਰ ਉੱਥੇ ਬਹੁਤਾ ਪ੍ਰਭਾਵ ਨਹੀਂ ਪਾ ਸਕੇ।
ਅਮਰੀਕਾ ਨੇ ਵੀ ਲਗਭਗ ਦੋ ਦਹਾਕਿਆਂ ਤੱਕ ਭਾਰਤੀ ਅੰਬਾਂ ਦੇ ਨਿਰਯਾਤ 'ਤੇ ਪਾਬੰਦੀ ਲਗਾਈ ਹੋਈ ਸੀ।
2006 ਵਿੱਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਦੀ ਭਾਰਤ ਫੇਰੀ ਦੌਰਾਨ, ਪਾਬੰਦੀ ਹਟਾ ਦਿੱਤੀ ਗਈ ਸੀ ਅਤੇ 'ਮੈਂਗੋ ਇਨੀਸ਼ੀਏਟਿਵ' ਸ਼ੁਰੂ ਕੀਤਾ ਗਿਆ ਸੀ।
ਕਿਹਾ ਜਾਂਦਾ ਹੈ ਕਿ ਰਾਸ਼ਟਰਪਤੀ ਬੁਸ਼ ਭਾਰਤੀ ਅੰਬ ਖਾਣ ਦੇ ਬਹੁਤ ਚਾਹਵਾਨ ਸਨ ਅਤੇ ਉਨ੍ਹਾਂ ਦੀ ਨਿੱਜੀ ਦਿਲਚਸਪੀ ਕਾਰਨ ਹੀ ਇਹ ਪਾਬੰਦੀ ਹਟਾਈ ਗਈ ਸੀ।
ਫਿਰ 17 ਅਪ੍ਰੈਲ 2007 ਨੂੰ ਜਦੋਂ ਭਾਰਤੀ ਅੰਬਾਂ ਦੇ 150 ਡੱਬੇ ਨਿਊਯਾਰਕ ਦੇ ਜੇਐੱਫਕੇ ਹਵਾਈ ਅੱਡੇ 'ਤੇ ਉਤਰੇ ਤਾਂ ਨਿਊਯਾਰਕ ਟਾਈਮਜ਼ ਨੇ ਲਿਖਿਆ, "ਇਹ ਇਤਿਹਾਸ ਵਿੱਚ ਸਭ ਤੋਂ ਵੱਧ ਉਮੀਦ ਕੀਤੀ ਜਾਣ ਵਾਲੀ ਫ਼ਲ ਡਿਲੀਵਰੀ ਹੋ ਸਕਦੀ ਹੈ।"
ਵਾਸ਼ਿੰਗਟਨ ਵਿੱਚ ਪਾਕਿਸਤਾਨੀ ਦੂਤਾਵਾਸ ਵੀ ਨਿਯਮਿਤ ਤੌਰ 'ਤੇ ਅਮਰੀਕੀ ਸੈਨੇਟਰਾਂ, ਸਿਆਸਤਦਾਨਾਂ ਅਤੇ ਮੰਤਰੀਆਂ ਨੂੰ ਅੰਬਾਂ ਦੇ ਤੋਹਫ਼ੇ ਭੇਜਦਾ ਹੈ ਅਤੇ ਅਕਸਰ ਦੂਤਾਵਾਸ ਵਿੱਚ 'ਮੈਂਗੋ ਪਾਰਟੀਆਂ' ਦੀ ਮੇਜ਼ਬਾਨੀ ਕਰਦਾ ਹੈ।

ਤਸਵੀਰ ਸਰੋਤ, Getty Images
ਅੰਬਾਂ ਦੀ ਸ਼ੈਲਫ ਲਾਈਫ
ਦਿੱਲੀ ਦੇ ਅੰਬ ਮਾਹਰ ਪ੍ਰਦੀਪ ਕੁਮਾਰ ਦਾਸਗੁਪਤਾ ਨੇ ਬੀਬੀਸੀ ਨੂੰ ਦੱਸਿਆ, "ਦਰਅਸਲ, ਅੰਬਾਂ ਦੀ ʻਸ਼ੈਲਫ ਲਾਈਫʼ ਜਿੰਨੀ ਲੰਬੀ ਹੋਵੇਗੀ ਉਹ ਬਰਾਮਦ ਲਈ ਓਨੇ ਹੀ ਢੁਕਵੇਂ ਹੋਣਗੇ ਕਿਉਂਕਿ ਇੱਕ ਅੰਬ ਨੂੰ ਲੰਡਨ ਜਾਂ ਨਿਊਯਾਰਕ ਵਿੱਚ ਬਾਗ਼ ਤੋਂ ਦੁਕਾਨ ਤੱਕ ਪਹੁੰਚਣ ਵਿੱਚ ਪੰਜ ਤੋਂ ਸੱਤ ਦਿਨ ਲੱਗਦੇ ਹਨ ਅਤੇ ਉਦੋਂ ਤੱਕ ਇਹ ਬਿਲਕੁਲ ਵੀ ਖ਼ਰਾਬ ਨਹੀਂ ਹੁੰਦਾ।"
ਭਾਰਤ ਦੇ ਕੋਂਕਣ ਖੇਤਰ ਅਤੇ ਮਹਾਰਾਸ਼ਟਰ ਦੇ ਅਲਫੋਂਸੋ ਅੰਬਾਂ ਨੂੰ ਛੱਡ ਕੇ, ਜ਼ਿਆਦਾਤਰ ਅੰਬਾਂ ਦੀਆਂ ਕਿਸਮਾਂ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਉਹ ਜਲਦੀ ਖ਼ਰਾਬ ਵੀ ਹੋ ਜਾਂਦੇ ਹਨ, ਹਾਲਾਂਕਿ ਇਹ ਸੁਆਦ ਅਤੇ ਖੁਸ਼ਬੂ ਵਿੱਚ ਘੱਟ ਨਹੀਂ ਹੁੰਦੇ ਹਨ।
ਪਰ ਪਾਕਿਸਤਾਨ ਦੇ ਖੁਸ਼ਕ ਜਲਵਾਯੂ ਦੇ ਕਾਰਨ, ਅੰਬਾਂ ਵਿੱਚ ਬਹੁਤ ਘੱਟ ਫਾਈਬਰ ਅਤੇ ਉਨ੍ਹਾਂ ਦੀ ਸ਼ੈਲਫ ਲਾਈਫ ਲੰਬੀ ਹੁੰਦੀ ਹੈ।
ਪ੍ਰਦੀਪ ਕੁਮਾਰ ਦਾਸਗੁਪਤਾ ਨੇ ਕਿਹਾ, "ਇਹੀ ਕਾਰਨ ਹੈ ਕਿ ਭਾਰਤ ਤੋਂ ਅਲਫੋਂਸੋ ਤੋਂ ਇਲਾਵਾ ਹੋਰ ਅੰਬ ਹੋਰ ਅੰਬਾਂ ਦੀ ਬਰਾਮਦਗੀ ਬਹੁਤ ਘੱਟ ਹੁੰਦੀ ਹੈ, ਜਦਕਿ ਪਾਕਿਸਤਾਨੀ ਸਿੰਦੂਰੀ, ਚੌਸਾ ਜਾਂ ਅਨਵਰ ਰਟੌਲ ਨੂੰ ਬਹੁਤ ਵੱਧ ਮਹੱਤਵ ਦਿੱਤਾ ਜਾਂਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












