You’re viewing a text-only version of this website that uses less data. View the main version of the website including all images and videos.
ਕੈਨੇਡਾ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਦਾ ਐਲਾਨ, ਕਿਹੜੀਆਂ ਮੁੱਖ ਪਾਰਟੀਆਂ ਚੋਣ ਮੈਦਾਨ 'ਚ ਤੇ ਟਰੰਪ ਦੇ ਦਖ਼ਲ ਦਾ ਕਿਹੋ ਜਿਹਾ ਹੋਵੇਗਾ ਅਸਰ
- ਲੇਖਕ, ਜੈਸਿਕਾ ਮਰਫੀ
- ਰੋਲ, ਬੀਬੀਸੀ ਨਿਊਜ਼, ਟੋਰਾਂਟੋ
ਕੈਨੇਡਾ ਦੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਚਾਨਕ ਚੋਣਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਦੇ ਤਹਿਤ ਦੇਸ਼ ਵਿੱਚ 28 ਅਪ੍ਰੈਲ ਨੂੰ ਵੋਟਾਂ ਹੋਣਗੀਆਂ।
ਇਹ ਚੋਣ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕੈਨੇਡਾ ਅਮਰੀਕਾ ਨਾਲ ਵਪਾਰ ਯੁੱਧ ਦਾ ਸਾਹਮਣਾ ਕਰ ਰਿਹਾ ਹੈ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸਨੂੰ 51ਵਾਂ ਅਮਰੀਕੀ ਸੂਬਾ ਬਣਨ ਦਾ ਸੱਦਾ ਦਿੱਤਾ ਹੈ।
ਇਨ੍ਹਾਂ ਚੋਣਾਂ ਵਿੱਚ ਅਜਿਹੇ ਹੀ ਕਈ ਮੁੱਦੇ ਹਨ ਜੋ ਵੋਟਰਾਂ ਦੇ ਦਿਮਾਗ 'ਚ ਸਭ ਤੋਂ ਜ਼ਿਆਦਾ ਹੋਣਗੇ।
ਐਤਵਾਰ ਨੂੰ ਕਾਰਨੀ ਨੇ ਓਟਾਵਾ ਵਿੱਚ ਬੋਲਦਿਆਂ ਕਿਹਾ ਕਿ ਟਰੰਪ ਨਾਲ ਨਜਿੱਠਣ ਲਈ ਉਨ੍ਹਾਂ ਨੂੰ ਇੱਕ ਸਪੱਸ਼ਟ, ਸਕਾਰਾਤਮਕ ਫਤਵੇ ਦੀ ਲੋੜ ਹੈ।
ਜਸਟਿਨ ਟਰੂਡੋ ਦੇ ਅਸਤੀਫ਼ੇ ਤੋਂ ਬਾਅਦ ਲਿਬਰਲ ਪਾਰਟੀ ਦੇ ਮਾਰਕ ਕਾਰਨੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ ਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਨੌਂ ਦਿਨ ਬਾਅਦ ਹੀ ਚੋਣਾਂ ਦਾ ਐਲਾਨ ਹੋ ਗਿਆ ਹੈ।
ਚੋਣਾਂ ਵਿੱਚ ਕਾਰਨੀ ਦਾ ਸਾਹਮਣਾ ਕੰਜ਼ਰਵੇਟਿਵ ਆਗੂ ਪੀਅਰੇ ਪੋਇਲੀਵਰ ਨਾਲ ਹੋਵੇਗਾ, ਜਿਨ੍ਹਾਂ ਦੀ ਪਾਰਟੀ 2023 ਦੇ ਮੱਧ ਤੋਂ ਕੌਮੀ ਚੋਣਾਂ ਵਿੱਚ ਅੱਗੇ ਚੱਲ ਰਹੀ ਹੈ, ਹਾਲਾਂਕਿ ਹਾਲ ਹੀ ਦੇ ਸਰਵੇਖਣਾਂ ਤੋਂ ਪਤਾ ਚੱਲਦਾ ਹੈ ਕਿ ਮੁਕਾਬਲਾ ਹੁਣ ਬਰਾਬਰੀ ਦਾ ਹੈ।
ਵੋਟਰ ਇਸ ਗੱਲ 'ਤੇ ਵਿਚਾਰ ਕਰਨਗੇ ਕਿ ਅਜਿਹੇ ਸਮੇਂ ਜਦੋਂ ਸੰਯੁਕਤ ਰਾਜ ਅਮਰੀਕਾ - ਇਸਦਾ ਗੁਆਂਢੀ ਅਤੇ ਸਭ ਤੋਂ ਵੱਡਾ ਆਰਥਿਕ ਭਾਈਵਾਲ - ਵਪਾਰ ਯੁੱਧ ਸ਼ੁਰੂ ਕਰ ਰਿਹਾ ਹੈ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਕੈਨੇਡਾ ਨੂੰ 51ਵਾਂ ਅਮਰੀਕੀ ਰਾਜ ਬਣਾਉਣ ਬਾਰੇ ਸੋਚ ਰਹੇ ਹਨ, ਕਿਸ ਪਾਰਟੀ ਨੂੰ ਦੇਸ਼ 'ਤੇ ਰਾਜ ਕਰਨਾ ਚਾਹੀਦਾ ਹੈ।
ਬੇਸ਼ੱਕ, ਰਿਹਾਇਸ਼ ਅਤੇ ਇਮੀਗ੍ਰੇਸ਼ਨ ਵਰਗੇ ਘਰੇਲੂ ਮੁੱਦੇ ਅਜੇ ਵੀ ਮਹੱਤਵਪੂਰਨ ਰਹਿਣਗੇ, ਪਰ ਦਹਾਕਿਆਂ ਵਿੱਚ ਪਹਿਲੀ ਵਾਰ, ਇਥੋਂ ਦੇ ਲੋਕਾਂ ਦੇ ਮਨਾਂ 'ਚ ਦੇਸ਼ ਦੇ ਭਵਿੱਖ ਬਾਰੇ ਬੁਨਿਆਦੀ ਸਵਾਲ ਵੀ ਹੋਣਗੇ।
ਕਿਹੜੀਆਂ ਮੁੱਖ ਪਾਰਟੀਆਂ ਚੋਣ ਮੈਦਾਨ ਵਿੱਚ ਹਨ?
ਕੈਨੇਡਾ ਦੀਆਂ ਅਗਲੀਆਂ ਚੋਣਾਂ ਵਿੱਚ ਚਾਰ ਮੁੱਖ ਪਾਰਟੀਆਂ ਮੈਦਾਨ ਵਿੱਚ, ਜਿਨ੍ਹਾਂ ਵਿੱਚ ਲਿਬਰਲਜ਼, ਕੰਜ਼ਰਵੇਟਿਵ, ਨਿਊ ਡੈਮੋਕ੍ਰੇਟਸ (ਐੱਨਡੀਪੀ) ਅਤੇ ਦਿ ਬਲੌਕ ਕਿਊਬੀਕੋਇਸ।
ਲਿਬਰਲਜ਼ ਸਾਲ 2015 ਤੋਂ ਸੱਤਾ ਵਿੱਚ ਹਨ ਅਤੇ ਉਦੋਂ ਹੀ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਸਨ। ਉਨ੍ਹਾਂ ਕੋਲ ਮੌਜੂਦਾ ਸਮੇਂ ਵਿੱਚ 153 ਸੀਟਾਂ ਹਨ।
ਕੰਜ਼ਰਵੇਟਿਵਸ 120 ਸੀਟਾਂ ਦੇ ਨਾਲ ਅਧਿਕਾਰਤ ਤੌਰ ʼਤੇ ਵਿਰੋਧੀ ਧਿਰ ਹੈ।
ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਕਰਨ ਵਾਲੇ ਪਿਏਰ ਪੋਇਲੀਏਵਰਾ, ਲਿਬਰਲਜ਼ ਦੇ ਆਗੂ ਮਾਰਕ ਕਾਰਨੀ ਹਨ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਹਨ।
ਟਰੰਪ ਦਾ ਪ੍ਰਭਾਵ
ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੀਆਂ ਅਰਥਵਿਵਸਥਾਵਾਂ ਡੂੰਘੇ ਤੌਰ 'ਤੇ ਆਪਸ ਵਿੱਚ ਜੁੜੀਆਂ ਹੋਈਆਂ ਹਨ ਅਤੇ ਦੋਵੇਂ ਦੇਸ਼ਾਂ ਵਿਚਕਾਰ ਇੱਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੁਰੱਖਿਆ ਭਾਈਵਾਲੀ ਵੀ ਹੈ।
ਦੋਵੇਂ ਦੇਸ਼ ਦੁਨੀਆਂ ਦੀ ਸਭ ਤੋਂ ਲੰਬੀ ਅਜਿਹੀ ਸਰਹੱਦ ਨੂੰ ਵੀ ਸਾਂਝਾ ਕਰਦੇ ਹਨ ਜਿੱਥੇ ਸੁਰੱਖਿਆ ਲਗਾਉਣ ਦੀ ਲੋੜ ਨਹੀਂ ਪੈਂਦੀ।
ਇਸ ਲਈ ਜਦੋਂ ਰਾਸ਼ਟਰਪਤੀ ਡੌਨਲਡ ਟਰੰਪ ਕਹਿੰਦੇ ਹਨ ਕਿ ਉਹ ਅਮਰੀਕਾ ਦੇ ਗੁਆਂਢੀ ਵਿਰੁੱਧ "ਆਰਥਿਕ ਤਾਕਤ" ਦੀ ਵਰਤੋਂ ਕਰਨਾ ਚਾਹੁੰਦੇ ਹਨ, ਸਰਹੱਦ ਨੂੰ "ਨਕਲੀ ਤੌਰ 'ਤੇ ਖਿੱਚੀ ਗਈ ਲਕੀਰ" ਕਹਿੰਦੇ ਹਨ ਅਤੇ ਭਾਰੀ ਟੈਰਿਫ ਲਗਾਉਂਦੇ ਹਨ, ਤਾਂ ਇਹ ਦੋਵਾਂ ਸਹਿਯੋਗੀਆਂ ਵਿਚਕਾਰ ਸਬੰਧਾਂ ਵਿੱਚ ਇੱਕ ਡੂੰਘੀ ਤਬਦੀਲੀ ਨੂੰ ਉਜਾਗਰ ਕਰਨ ਵਾਲੀ ਗੱਲ ਹੈ।
ਮਾਰਸੀ ਸਰਕੇਸ, ਪਬਲਿਕ ਅਫੇਅਰਜ਼ ਫਰਮ ਕੰਪਾਸ ਰੋਜ਼ ਦੇ ਮੁੱਖ ਰਣਨੀਤੀ ਅਧਿਕਾਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਾਬਕਾ ਨੀਤੀ ਨਿਰਦੇਸ਼ਕ ਨੇ ਕਿਹਾ, "ਰਾਸ਼ਟਰਪਤੀ ਦੀਆਂ ਕਾਰਵਾਈਆਂ ਦੇ ਕੈਨੇਡੀਅਨ ਸਿਆਸਤ, ਕੈਨੇਡੀਅਨ ਮਾਨਸਿਕਤਾ ਅਤੇ ਕੈਨੇਡੀਅਨ ਕਾਰੋਬਾਰ 'ਤੇ ਪ੍ਰਭਾਵ ਨੂੰ ਵਧਾ-ਚੜ੍ਹਾ ਕੇ ਦੱਸਣਾ ਠੀਕ ਨਹੀਂ ਹੈ।"
ਇਸਦਾ ਮਤਲਬ ਹੈ ਕਿ ਇਹ ਆਮ ਚੋਣਾਂ, ਅਮਰੀਕਾ ਅਤੇ ਕੈਨੇਡਾ ਵਿਚਲੇ ਸਬੰਧਾਂ ਦੇ ਨਾਲ-ਨਾਲ ਘਰੇਲੂ ਮਾਮਲਿਆਂ ਬਾਰੇ ਵੀ ਹਨ।
ਪਰ ਐਤਵਾਰ ਨੂੰ ਜਿਵੇਂ ਹੀ ਚੋਣ ਮੁਹਿੰਮ ਸ਼ੁਰੂ ਹੋਈ, ਸਾਰੇ ਪਾਰਟੀ ਆਗੂਆਂ ਨੇ ਆਪਣੇ ਸ਼ੁਰੂਆਤੀ ਸੰਦੇਸ਼ਾਂ ਨੂੰ ਅਮਰੀਕੀ ਧਮਕੀਆਂ 'ਤੇ ਹੀ ਕੇਂਦ੍ਰਿਤ ਕੀਤਾ।
ਟਰੰਪ ਦੇ ਦਖ਼ਲ ਦਾ ਅਸਰ
ਟਰੰਪ ਦੇ ਦਖਲ ਨੇ ਕੈਨੇਡਾ ਵਿੱਚ ਸਿਆਸਤ ਨੂੰ ਪਹਿਲਾਂ ਹੀ ਨਵਾਂ ਰੂਪ ਦੇ ਦਿੱਤਾ ਹੈ। ਪਹਿਲਾਂ ਜਿਥੇ ਲੱਗ ਰਿਹਾ ਸੀ ਕਿ ਇਸ ਵਾਰ ਕੰਜ਼ਰਵੇਟਿਵ ਪਾਰਟੀ ਦੀ ਜਿੱਤ ਹੋਵੇਗੀ, ਉੱਥੇ ਹੁਣ ਇਹ ਮੁਕਾਬਲਾ ਕੰਜ਼ਰਵੇਟਿਵ ਅਤੇ ਲਿਬਰਲਾਂ ਵਿਚਕਾਰ ਬਰਾਬਰੀ ਦਾ ਨਜ਼ਰ ਆਉਣ ਲੱਗਿਆ ਹੈ।
ਅਗਲੇ ਕੁਝ ਹਫ਼ਤਿਆਂ ਵਿੱਚ ਅਮਰੀਕੀ ਰਾਸ਼ਟਰਪਤੀ ਕੀ ਕਹਿੰਦੇ ਹਨ ਅਤੇ ਕਰਦੇ ਹਨ, ਇਹ ਨਿਸ਼ਚਤ ਤੌਰ 'ਤੇ ਚੋਣ ਦੌੜ ਵਿੱਚ ਅਹਿਮ ਭੂਮਿਕਾ ਨਿਭਾਵੇਗਾ।
ਉਦਾਹਰਨ ਲਈ, 2 ਅਪ੍ਰੈਲ ਨੂੰ ਚੋਣ ਮੁਹਿੰਮ ਦੇ ਦੂਜੇ ਹਫ਼ਤੇ ਦੌਰਾਨ, ਵ੍ਹਾਈਟ ਹਾਊਸ ਵੱਲੋਂ ਗਲੋਬਲ ਟੈਰਿਫਾਂ ਦਾ ਐਲਾਨ ਕਰਨ ਦੀ ਉਮੀਦ ਹੈ।
ਉਹ ਚੋਣਾਂ ਬਾਰੇ ਆਪਣੇ ਵਿਚਾਰ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ। 18 ਮਾਰਚ ਨੂੰ ਉਨ੍ਹਾਂ ਨੇ ਫੌਕਸ ਨਿਊਜ਼ ਦੀ ਹੋਸਟ ਲੌਰਾ ਇੰਗ੍ਰਾਹਮ ਨੂੰ ਕਿਹਾ ਕਿ ਕੰਜ਼ਰਵੇਟਿਵ ਆਗੂ ਪਿਏਰ ਪੋਲੀਏਵ "ਮੂਰਖਤਾਪੂਰਨ ਢੰਗ ਨਾਲ, ਮੇਰੇ ਦੋਸਤ ਨਹੀਂ ਹੈ" ਅਤੇ "ਅਸਲ ਵਿੱਚ ਇੱਕ ਉਦਾਰਵਾਦੀ ਨਾਲ ਨਜਿੱਠਣਾ ਆਸਾਨ ਹੋ ਸਕਦਾ ਹੈ।"
ਅਖੀਰ ਵਿੱਚ ਉਨ੍ਹਾਂ ਕਿਹਾ, ਕੌਣ ਜਿੱਤਦਾ ਹੈ "ਮੇਰੇ ਲਈ ਕੋਈ ਮਾਅਨੇ ਨਹੀਂ ਰੱਖਦਾ"।
ਇੱਕ ਬੈਂਕਰ ਦੀ ਸਿਆਸੀ ਦਿੱਗਜ ਨੂੰ ਟੱਕਰ
ਕੈਨੇਡੀਅਨ ਜਾਣਦੇ ਹਨ ਕਿ ਉਨ੍ਹਾਂ ਦੇ ਅਗਲੇ ਪ੍ਰਧਾਨ ਮੰਤਰੀ ਕੋਲ ਡੌਨਲਡ ਟਰੰਪ ਨਾਲ ਨਜਿੱਠਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ।
ਇਸ ਲਈ ਬਹੁਤ ਸਾਰੇ ਵੋਟਰਾਂ ਦੇ ਮਨਾਂ ਵਿੱਚ ਇਹ ਸਵਾਲ ਹੈ- ਇੱਕ ਮਨਮੌਜੀ ਅਮਰੀਕੀ ਰਾਸ਼ਟਰਪਤੀ ਨੂੰ ਸਭ ਤੋਂ ਵੱਧ ਕੁਸ਼ਲਤਾ ਨਾਲ ਕੌਣ ਸੰਭਾਲ ਸਕਦਾ ਹੈ?
ਇਹ ਮੁਕਾਬਲਾ ਮੂਲ ਰੂਪ ਵਿੱਚ ਨਵੇਂ ਲਿਬਰਲ ਆਗੂ ਮਾਰਕ ਕਾਰਨੀ ਅਤੇ ਪਿਅਰ ਪੋਲੀਏਵ ਵਿਚਕਾਰ ਹੈ, ਜੋ 2022 ਤੋਂ ਕੰਜ਼ਰਵੇਟਿਵਾਂ ਦੀ ਅਗਵਾਈ ਕਰ ਰਹੇ ਹਨ।
ਦੋ ਹੋਰ ਵੱਡੀਆਂ ਪਾਰਟੀਆਂ ਹਨ - ਖੱਬੇ-ਪੱਖੀ ਨਿਊ ਡੈਮੋਕਰੇਟਸ (ਐਨਡੀਪੀ) ਅਤੇ ਬਲੋਕ ਕੀਬੀਕੁਆ - ਪਰ ਕੈਨੇਡੀਅਨਾਂ ਨੇ ਇਤਿਹਾਸਕ ਤੌਰ 'ਤੇ ਕੰਜ਼ਰਵੇਟਿਵ ਜਾਂ ਲਿਬਰਲ ਸਰਕਾਰਾਂ ਹੀ ਚੁਣੀਆਂ ਹਨ।
60 ਸਾਲਾ ਕਾਰਨੀ ਇੱਕ ਸਾਬਕਾ ਕੇਂਦਰੀ ਬੈਂਕਰ ਹਨ ਜੋ ਸਿਆਸਤ ਵਿੱਚ ਨਵੇਂ ਹਨ। ਜਦੋਂ ਉਨ੍ਹਾਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਜਸਟਿਨ ਟਰੂਡੋ ਤੋਂ ਅਹੁਦਾ ਸੰਭਾਲਿਆ, ਤਾਂ ਉਹ ਕੈਨੇਡਾ ਦੇ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਬਣੇ ਜੋ ਕਦੇ ਵੀ ਸੰਸਦ ਮੈਂਬਰ ਨਹੀਂ ਰਹੇ।।
ਉਨ੍ਹਾਂ ਕੋਲ ਵਿਸ਼ਵ ਪੱਧਰ ਦਾ ਤਜ਼ਰਬਾ ਹੈ। ਉਨ੍ਹਾਂ ਨੇ 2013-2020 ਤੱਕ ਬੈਂਕ ਆਫ਼ ਇੰਗਲੈਂਡ ਨੂੰ ਸੰਭਾਲਿਆ ਹੈ ਪਰ ਸਿਆਸੀ ਮੁਹਿੰਮ ਵਿੱਚ ਉਨ੍ਹਾਂ ਕੋਲ ਸਮਾਂ ਘੱਟ ਹੈ ਅਤੇ ਇਹ ਆਮ ਚੋਣਾਂ ਉਨ੍ਹਾਂ ਦੀ ਪਹਿਲੀ ਅਸਲ ਪ੍ਰੀਖਿਆ ਹੋਣਗੀਆਂ।
ਜੇਕਰ ਲਿਬਰਲ ਚੋਣ ਜਿੱਤਣ ਵਿੱਚ ਅਸਫਲ ਰਹਿੰਦੇ ਹਨ, ਤਾਂ ਉਨ੍ਹਾਂ ਦਾ ਕਾਰਜਕਾਲ ਦੇਸ਼ ਦੇ ਇਤਿਹਾਸ ਵਿੱਚ ਕਿਸੇ ਵੀ ਪ੍ਰਧਾਨ ਮੰਤਰੀ ਦਾ ਸਭ ਤੋਂ ਛੋਟਾ ਕਾਰਜਕਾਲ ਹੋ ਸਕਦਾ ਹੈ।
ਟਰੰਪ 'ਤੇ ਨਿਸ਼ਾਨਾ ਸਾਧਦੇ ਹੋਏ ਕਾਰਨੀ ਨੇ ਕਿਹਾ ਹੈ ਕਿ "ਰਾਸ਼ਟਰਪਤੀ ਟਰੰਪ ਦੀਆਂ ਅਣਉਚਿਤ ਵਪਾਰਕ ਕਾਰਵਾਈਆਂ ਅਤੇ ਸਾਡੀ ਪ੍ਰਭੂਸੱਤਾ ਲਈ ਉਨ੍ਹਾਂ ਦੇ ਖਤਰਿਆਂ ਕਾਰਨ ਅਸੀਂ ਆਪਣੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਸੰਕਟ ਦਾ ਸਾਹਮਣਾ ਕਰ ਰਹੇ ਹਾਂ।''
ਉਨ੍ਹਾਂ ਕਿਹਾ, "ਉਹ ਸਾਨੂੰ ਤੋੜਨਾ ਚਾਹੁੰਦੇ ਹਨ ਤਾਂ ਜੋ ਅਮਰੀਕਾ ਸਾਡਾ ਮਾਲਕ ਬਣ ਜਾਵੇ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।"
ਪਿਅਰ ਪੋਲੀਏਵ ਦੀ ਕੀ ਪਛਾਣ
45 ਸਾਲ ਦੇ ਪਿਅਰ ਪੋਲੀਏਵ ਉਮਰ ਵਿੱਚ ਭਾਵੇਂ ਛੋਟੇ ਹਨ ਪਰ ਸਿਆਸਤ ਦਾ ਉਨ੍ਹਾਂ ਦਾ ਤਜ਼ਰਬਾ ਵੱਡਾ ਹੈ। ਉਹ 25 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਹਾਊਸ ਆਫ਼ ਕਾਮਨਜ਼ ਲਈ ਚੁਣੇ ਗਏ ਸਨ।
ਉਨ੍ਹਾਂ ਕੋਲ ਸੰਘੀ ਸਿਆਸਤ ਵਿੱਚ ਦੋ ਦਹਾਕਿਆਂ ਦਾ ਤਜ਼ਰਬਾ ਹੈ, ਜਿਸ ਵਿੱਚ ਕੈਬਨਿਟ ਵਿੱਚ ਬਿਤਾਇਆ ਸਮਾਂ ਵੀ ਸ਼ਾਮਲ ਹੈ, ਅਤੇ ਉਹ ਆਪਣੀ ਸਿਆਸੀ ਸੂਝ-ਬੂਝ ਲਈ ਜਾਣੇ ਜਾਂਦੇ ਹਨ।
ਪਾਰਟੀ ਆਗੂ ਵਜੋਂ ਉਨ੍ਹਾਂ ਨੇ ਕੈਨੇਡੀਅਨ ਪਰਿਵਾਰਾਂ 'ਤੇ ਪਈ ਮਹਿੰਗਾਈ ਦੀ ਮਾਰ ਦਾ ਮੁੱਦਾ ਚੁੱਕਿਆ ਹੈ ਅਤੇ ਇਮੀਗ੍ਰੇਸ਼ਨ ਵਰਗੇ ਮੁੱਦਿਆਂ 'ਤੇ ਵੀ ਟਰੂਡੋ ਅਤੇ ਲਿਬਰਲਾਂ ਪ੍ਰਤੀ ਵਿਆਪਕ ਗੁੱਸੇ ਦਾ ਫਾਇਦਾ ਉਠਾਉਂਦੇ ਰਹੇ ਹਨ।
ਉਨ੍ਹਾਂ ਦੀ ਟੈਗ ਲਾਈਨ "ਕੈਨੇਡਾ ਇਜ਼ ਬਰੋਕਨ" ਹਾਲ ਹੀ ਦੇ ਹਫ਼ਤਿਆਂ ਵਿੱਚ ਬਦਲ ਕੇ "ਕੈਨੇਡਾ ਫਰਸਟ" ਬਣ ਗਈ ਹੈ। ਇਸ ਤਰ੍ਹਾਂ ਨਾਲ ਉਹ ਜਦੋਂ ਉਹ ਆਪਣੇ ਆਪ ਨੂੰ ਟਰੰਪ ਦੇ ਸਾਹਮਣੇ ਖੜ੍ਹੇ ਹੋਣ ਵਾਲੇ ਆਗੂ ਵਜੋਂ ਪੇਸ਼ ਕਰ ਰਹੇ ਹਨ।
ਹੋਰ ਕਿਹੜੇ ਵੱਡੇ ਸਵਾਲਾਂ 'ਤੇ ਨਜ਼ਰ
ਇਹ ਦਹਾਕਿਆਂ ਵਿੱਚ ਪਹਿਲੀ ਵਾਰ ਹੋਵੇਗਾ ਜਦੋਂ ਕੈਨੇਡੀਅਨ ਚੋਣਾਂ ਘਰੇਲੂ ਮੁੱਦਿਆਂ 'ਤੇ ਕੇਂਦ੍ਰਿਤ ਨਹੀਂ ਹੋਣਗੀਆਂ।
ਇਸ ਦੀ ਬਜਾਏ, ਇਹ ਚੋਣ ਦੇਸ਼ ਨਾਲ ਜੁੜੇ ਵੱਡੇ ਸਵਾਲਾਂ ਬਾਰੇ ਹੈ, ਜਿਵੇ - ਕੈਨੇਡਾ ਦੀ ਪ੍ਰਭੂਸੱਤਾ ਅਤੇ ਅਨਿਸ਼ਚਿਤ ਸਹਿਯੋਗੀਆਂ ਦੇ ਨਾਲ ਇੱਕ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰਨ ਲਈ ਦੇਸ਼ ਨੂੰ ਕੀ ਕਰਨਾ ਚਾਹੀਦਾ ਹੈ।
ਪਿਅਰ ਪੋਲੀਏਵ ਨੇ ਇਸ ਸਥਿਤੀ ਦੀ ਤੁਲਨਾ 1988 ਦੀਆਂ ਚੋਣਾਂ ਨਾਲ ਕੀਤੀ ਹੈ, ਜਦੋਂ ਕੈਨੇਡਾ ਦੇ ਸੰਯੁਕਤ ਰਾਜ ਅਮਰੀਕਾ ਨਾਲ ਸਬੰਧ ਕੇਂਦਰ ਵਿੱਚ ਸਨ ਕਿਉਂਕਿ ਦੇਸ਼ ਉੱਤਰੀ ਅਮਰੀਕੀ ਮੁਕਤ ਵਪਾਰ ਸਮਝੌਤੇ ਵਿੱਚ ਸ਼ਾਮਲ ਹੋਣ ਬਾਰੇ ਵਿਚਾਰ ਕਰ ਰਿਹਾ ਸੀ।
ਉਨ੍ਹਾਂ ਕਿਹਾ, "ਇਸੇ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਸਨ ਕਿ ਕੀ ਕੈਨੇਡਾ ਦੀ ਪ੍ਰਭੂਸੱਤਾ, ਆਰਥਿਕ ਪ੍ਰਭੂਸੱਤਾ, ਆਰਥਿਕ ਆਜ਼ਾਦੀ ਦੀ ਉਲੰਘਣਾ ਕੀਤੀ ਜਾਵੇਗੀ।''
ਇਸ ਵਾਰ, ਦੋਵੇਂ ਮੁੱਖ ਪਾਰਟੀਆਂ ਦੇਸ਼ ਦੇ ਵਿਕਾਸ ਅਤੇ ਆਜ਼ਾਦੀ ਦੇ ਦ੍ਰਿਸ਼ਟੀਕੋਣ ਮੁਖ ਰੱਖ ਰਹੀਆਂ ਹਨ। ਇਸ ਵਿੱਚ ਜ਼ਰੂਰੀ ਰਿਹਾਇਸ਼ ਦਾ ਨਿਰਮਾਣ, ਵੱਡੇ ਊਰਜਾ ਅਤੇ ਸਰੋਤ ਪ੍ਰੋਜੈਕਟਾਂ 'ਤੇ ਅੱਗੇ ਵਧਣਾ, ਅਮਰੀਕੀ ਟੈਰਿਫਾਂ ਦਾ ਜਵਾਬ ਦੇਣਾ ਅਤੇ ਕੈਨੇਡਾ ਦੀਆਂ ਰੱਖਿਆ ਤਾਕਤਾਂ ਨੂੰ ਮਜ਼ਬੂਤ ਕਰਨਾ।
ਦੋਵਾਂ ਪਾਰਟੀਆਂ ਵਿੱਚ ਅੰਤਰ ਕਿੱਥੇ ਹੈ?
ਕਾਰਨੀ ਨੇ ਲਿਬਰਲਾਂ ਨੂੰ ਸਿਆਸੀ ਕੇਂਦਰ ਵੱਲ ਹੋਰ ਵੀ ਪ੍ਰੇਰਿਤ ਕੀਤਾ ਹੈ ਕਿਉਂਕਿ ਉਹ ਆਪਣੇ ਆਪ ਨੂੰ ਟਰੂਡੋ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਨੇ ਬਹੁਤ ਹੀ ਅਲੋਕਪ੍ਰਿਯ ਢੰਗ ਨਾਲ ਇਹ ਅਹੁਦਾ ਛੱਡਿਆ ਸੀ।
ਕਾਰਨੀ ਨੇ "ਘੱਟ ਖਰਚ ਕਰਨ ਅਤੇ ਵਧੇਰੇ ਨਿਵੇਸ਼ ਕਰਨ" ਅਤੇ ਰਿਹਾਇਸ਼, ਫੌਜੀ ਬੁਨਿਆਦੀ ਢਾਂਚੇ ਅਤੇ ਕੰਪਿਊਟਿੰਗ ਸਰੋਤਾਂ ਵਰਗੀਆਂ ਚੀਜ਼ਾਂ ਵਿੱਚ ਪੂੰਜੀ ਨਿਵੇਸ਼ ਨੂੰ ਵਧਾਉਣ ਦਾ ਵਾਅਦਾ ਕੀਤਾ ਹੈ।
ਦੂਜੇ ਪਸੇ, ਦੇਸ਼ ਦੇ ਵਿੱਤੀ ਮਾਮਲਿਆਂ ਦੇ ਜਾਣਕਾਰ ਪੋਲੀਏਵ ਨੇ ਉਦਯੋਗ ਨੂੰ ਹੁਲਾਰਾ ਦੇਣ ਅਤੇ ਬੁਨਿਆਦੀ ਢਾਂਚੇ ਅਤੇ ਘਰਾਂ ਦੀ ਉਸਾਰੀ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਲਾਲ ਫੀਤਾਸ਼ਾਹੀ ਅਤੇ ਟੈਕਸਾਂ ਵਿੱਚ ਕਟੌਤੀ ਦੀ ਵਕਾਲਤ ਕੀਤੀ ਹੈ।
ਕੰਜ਼ਰਵੇਟਿਵਾਂ ਨੇ ਅਪਰਾਧ ਵਰਗੇ ਮੁੱਦਿਆਂ 'ਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਹੈ।
ਰਹਿਣ-ਸਹਿਣ ਦੇ ਖਰਚੇ ਦਾ ਮੁੱਦਾ
ਕੈਨੇਡੀਅਨਾਂ ਦੀਆਂ ਮੁੱਖ ਘਰੇਲੂ ਚਿੰਤਾਵਾਂ - ਕਿਫਾਇਤੀ ਰਿਹਾਇਸ਼, ਸਿਹਤ ਸੰਭਾਲ - ਹਾਲ ਹੀ ਦੇ ਸਾਲਾਂ ਵਿੱਚ ਘਟੀਆਂ ਨਹੀਂ ਹਨ।
ਪਰ ਅਬਾਕਸ ਡੇਟਾ ਦੇ ਸੀਈਓ, ਪੋਲਸਟਰ ਡੇਵਿਡ ਕੋਲੇਟੋ ਦਾ ਕਹਿਣਾ ਹੈ ਕਿ ਇਹ ਚਿੰਤਾਵਾਂ ਅਮਰੀਕਾ ਨਾਲ ਵਪਾਰ ਯੁੱਧ ਦੇ "ਮੌਜੂਦਾ ਖ਼ਤਰੇ" ਹੇਠਾਂ ਦਬ ਗਈਆਂ ਹਨ।
ਉਨ੍ਹਾਂ ਕਿਹਾ, "ਭਾਵੇਂ ਰਹਿਣ-ਸਹਿਣ ਦੀ ਲਾਗਤ ਅਜੇ ਵੀ ਸਭ ਤੋਂ ਵੱਡਾ ਮੁੱਦਾ ਹੈ, ਪਰ ਇਹ ਇੰਨਾ ਵੱਡਾ ਮੁੱਦਾ ਵੀ ਨਹੀਂ ਹੈ ਕਿ ਇਸ ਕਰਕੇ 'ਵਪਾਰ ਯੁੱਧ' ਦੇ ਖਤਰੇ ਨੂੰ ਭੁੱਲਿਆ ਜਾਵੇ।''
ਇਸ ਲਈ ਪਾਰਟੀਆਂ ਅੱਗੇ ਇਹ ਚੁਣੌਤੀ ਹੋਵੇਗੀ ਕਿ ਉਹ ਇਨ੍ਹਾਂ ਚਿੰਤਾਵਾਂ ਨੂੰ ਹੱਲ ਕਰਨ ਲਈ ਠੋਸ ਨੀਤੀਆਂ ਬਣਾਉਣ ਪਰ ਇਹ ਸਭ ਉਨ੍ਹਾਂ ਨੂੰ ਵਿਆਪਕ ਆਰਥਿਕ ਖਤਰੇ ਦੇ ਸੰਦਰਭ ਵਿੱਚ ਹੀ ਤਿਆਰ ਕਰਨਾ ਪਵੇਗਾ।
ਇਸ ਹਫ਼ਤੇ, ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਨੇ ਇਸ ਸਾਲ ਅਤੇ ਅਗਲੇ ਸਾਲ ਕੈਨੇਡਾ ਲਈ ਆਪਣੇ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਅੱਧੇ ਤੋਂ ਵੱਧ ਘਟਾ ਦਿੱਤਾ ਹੈ।
ਚੋਣ ਮੁਹਿੰਮ ਵਿੱਚ ਕੌਣ ਅੱਗੇ
ਹਾਲ ਹੀ ਦੇ ਹਫ਼ਤਿਆਂ ਵਿੱਚ ਨੈਸ਼ਨਲ ਓਪੀਨਿਅਨ ਪੋਲਾਂ ਵਿੱਚ ਇੱਕ ਹੈਰਾਨੀਜਨਕ ਉਲਟਫੇਰ ਦੇਖਿਆ ਗਿਆ ਹੈ, ਜਿਸ ਵਿੱਚ ਕੰਜ਼ਰਵੇਟਿਵਾਂ ਨੇ ਲਿਬਰਲਾਂ ਉੱਤੇ 20-ਪੁਆਇੰਟ ਦੀ ਲੀਡ ਗੁਆ ਦਿੱਤੀ ਹੈ, ਜੋ ਉਨ੍ਹਾਂ ਨੇ ਇੱਕ ਸਾਲ ਦੌਰਾਨ ਜ਼ਿਆਦਾਤਰ ਸਮੇਂ ਲਈ ਬਣਾਈ ਹੋਈ ਸੀ।
ਕੋਲੇਟੋ ਨੇ ਕਿਹਾ ਕਿ ਤਿੰਨ ਕਾਰਕਾਂ ਨੇ ਪੋਲ ਵਿੱਚ "ਇਹ ਤੂਫਾਨ" ਲਿਆਂਦਾ ਹੈ - ਬਹੁਤ ਹੀ ਅਲੋਕਪ੍ਰਿਯ ਟਰੂਡੋ ਦਾ ਅਸਤੀਫਾ, ਇਸ ਕਾਰਨ ਸ਼ੁਰੂ ਹੋਈ ਲਿਬਰਲ ਲੀਡਰਸ਼ਿਪ ਦੀ ਦੌੜ, ਅਤੇ ਵ੍ਹਾਈਟ ਹਾਊਸ ਵਿੱਚ ਡੌਨਲਡ ਟ੍ਰੰਪ ਦੀ ਵਾਪਸੀ।
ਉਨ੍ਹਾਂ ਕਿਹਾ ਕਿ ਦੋਵੇਂ ਉਮੀਦਵਾਰ ਹੁਣ "ਆਪਣੇ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਵਿੱਚ ਲਿਆਉਣ" ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਇਸ ਦਾ ਫਾਇਦਾ ਚੁੱਕ ਸਕਣ। ਕਾਰਨੀ, ਪਿਅਰ ਪੋਲੀਏਵ ਨੂੰ "ਟਰੰਪ-ਲਾਈਟ" ਵਜੋਂ ਪੇਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਪਿਅਰ ਪੋਲੀਏਵ ਜਤਾ ਰਹੇ ਹਨ ਕਿ ਕਾਰਨੀ "ਬਿਲਕੁਲ ਜਸਟਿਨ ਵਾਂਗ" ਹਨ।
ਕੋਲੇਟੋ ਕਹਿੰਦੇ ਹਨ ਕਿ ਹਰ ਮੁਹਿੰਮ ਦੇ ਕੁਦਰਤੀ ਤੌਰ 'ਤੇ ਕੁਝ ਫਾਇਦੇ ਹੁੰਦੇ ਹਨ।
ਕੰਜ਼ਰਵੇਟਿਵਾਂ ਕੋਲ "ਇੱਕ ਐਨੀਮੇਟਿਡ ਬੇਸ ਹੈ ਜੋ ਸਰਕਾਰ ਵਿੱਚ ਤਬਦੀਲੀ ਚਾਹੁੰਦਾ ਹੈ", ਅਤੇ ਨਾਲ ਹੀ ਇੱਕ ਚੰਗੀ ਤਰ੍ਹਾਂ ਫੰਡ ਪ੍ਰਾਪਤ ਸਿਆਸੀ ਮਸ਼ੀਨਰੀ ਵੀ ਹੈ।
ਲਿਬਰਲਜ਼ ਪ੍ਰਤੀ, ਲੋਕਾਂ ਦੀ ਇਸ ਵੇਲੇ ਧਾਰਨਾ ਉਨ੍ਹਾਂ ਦੇ ਹੱਕ ਵਿੱਚ ਨਜ਼ਰ ਆ ਰਹੀ ਹੈ ਜੋ ਉਨ੍ਹਾਂ ਨੂੰ ਫਾਇਦਾ ਦੇ ਸਕਦੀ ਹੈ।
ਦੋ ਹੋਰ ਅਧਿਕਾਰਤ ਪਾਰਟੀਆਂ - ਐਨਡੀਪੀ ਅਤੇ ਬਲੋਕ ਦੀ ਲੋਕਪ੍ਰਿਅਤਾ ਵਿੱਚ ਗਿਰਾਵਟ ਆਈ ਹੈ।
ਖੱਬੇ-ਪੱਖੀ ਝੁਕਾਅ ਵਾਲੀ ਐਨਡੀਪੀ ਕੋਲ ਪਿਛਲੀ ਸੰਸਦ ਵਿੱਚ 24 ਸੀਟਾਂ ਸਨ। ਇਸ ਨੇ ਘੱਟ ਆਮਦਨ ਵਾਲੇ ਕੈਨੇਡੀਅਨਾਂ ਲਈ ਦੰਦਾਂ ਦੀ ਦੇਖਭਾਲ ਵਰਗੀਆਂ ਪ੍ਰਗਤੀਸ਼ੀਲ ਨੀਤੀਆਂ ਦੇ ਸਮਰਥਨ ਦੇ ਬਦਲੇ ਹਾਲ ਹੀ ਦੇ ਸਾਲਾਂ ਵਿੱਚ ਇੱਕ ਲਿਬਰਲ ਘੱਟ ਗਿਣਤੀ ਸਰਕਾਰ ਨੂੰ ਸਮਰਥਨ ਦੇਣ ਵਿੱਚ ਮਦਦ ਕੀਤੀ।
ਪਰ ਸਿਆਸਤਦਾਨ ਜਗਮੀਤ ਸਿੰਘ, ਕਾਰਨੇ ਦੇ ਖਿਲਾਫ ਲੜਨ ਲਈ ਸਖ਼ਤ ਮਿਹਨਤ ਕਰ ਰਹੇ ਹਨ। ਉਹ ਕਾਰਨੇ ਨੂੰ ਇੱਕ ਅਜਿਹੇ ਵਿਅਕਤੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ "ਅਰਬਪਤੀਆਂ ਅਤੇ ਵੱਡੇ ਕਾਰੋਬਾਰਾਂ ਦੀ ਰੱਖਿਆ ਕਰੇਗਾ"।
ਦੂਜੇ ਪਾਸੇ, ਬਲੋਕ ਦੇ ਆਗੂ ਬਲੈਂਚੇਟ ਨੇ ਐਤਵਾਰ ਨੂੰ ਕਿਹਾ ਕਿ ਉਹ ਕਿਊਬਿਕ ਕੰਪਨੀਆਂ ਅਤੇ ਕਾਮਿਆਂ ਲਈ ਲੜਨਗੇ ਜੋ ਅਮਰੀਕੀ ਟੈਰਿਫਾਂ ਕਾਰਨ ਸੰਘਰਸ਼ ਕਰ ਰਹੇ ਹਨ, ਖਾਸ ਕਰਕੇ ਐਲੂਮੀਨੀਅਮ ਉਦਯੋਗ ਵਿੱਚ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ