ਇਲੋਨ ਮਸਕ ਦੇ ਏਆਈ ਚੈਟਬੋਟ ਗ੍ਰੋਕ ਨੇ ਭਾਰਤ ਵਿੱਚ ਕਿਉਂ ਮਚਾਈ ਹਲਚਲ, ਰਾਹੁਲ ਗਾਂਧੀ ਅਤੇ ਮੋਦੀ ਬਾਰੇ ਕੀ ਕਿਹਾ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਇਹ ਸਭ ਇੱਕ ਸਵਾਲ ਨਾਲ ਸ਼ੁਰੂ ਹੋਇਆ।

ਪਿਛਲੇ ਹਫ਼ਤੇ, ਟੋਕਾ ਨਾਮਕ ਇੱਕ ਐਕਸ (ਪਹਿਲਾਂ ਟਵਿੱਟਰ) ਅਕਾਊਂਟ ਤੋਂ ਇਲੋਨ ਮਸਕ ਦੇ ਗ੍ਰੋਕ 3 ਨਾਮਕ ਚੈਟਬੋਟ ਨੂੰ ਇੱਕ ਸਵਾਲ ਪੁੱਛਿਆ ਗਿਆ ਅਤੇ ਇਹ ਇੱਕ ਸਵਾਲ ਹੀ ਭਾਰਤ ਦੇ ਡਿਜੀਟਲ ਲੈਂਡਸਕੇਪ ਵਿੱਚ ਇੱਕ ਹਲਚਲ ਮਚਾਉਣ ਲਈ ਕਾਫ਼ੀ ਸੀ।

ਅਤੇ ਇਹ ਸਵਾਲ ਕੋਈ ਗਣਿਤ ਦਾ ਗੁੰਝਲਦਾਰ ਸਮੀਕਰਨ ਜਾਂ ਦਾਰਸ਼ਨਿਕ ਬਹਿਸ ਬਾਰੇ ਨਹੀਂ ਸੀ।

ਸਗੋਂ ਇਹ ਤਾਂ ਇੱਕ ਸਧਾਰਨ ਸਵਾਲ ਸੀ, "ਐਕਸ 'ਤੇ ਮੇਰੇ 10 ਸਭ ਤੋਂ ਵਧੀਆ ਮਿਊਚੁਅਲਜ਼ ਦੀ ਸੂਚੀ ਬਣਾਓ।" ਮਿਊਚੁਅਲ ਉਹ ਲੋਕ ਹੁੰਦੇ ਹਨ ਜੋ ਇੱਕ-ਦੂਜੇ ਦੀਆਂ ਪੋਸਟਾਂ ਨੂੰ ਫਾਲੋ ਕਰਦੇ ਹਨ ਅਤੇ ਉਨ੍ਹਾਂ ਨਾਲ ਜੁੜਦੇ ਹਨ।

ਜਦੋਂ ਗ੍ਰੋਕ ਨੇ ਜਵਾਬ ਦੇਣ ਲਈ ਇੱਕ ਪਲ ਲਗਾਇਆ, ਤਾਂ ਟੋਕਾ ਇਸ ਨਾਲ ਨਿਰਾਸ਼ ਹੋ ਗਏ ਅਤੇ ਉਨ੍ਹਾਂ ਨੇ ਕੁਝ ਭੱਦੀ ਭਾਸ਼ਾ ਦਾ ਇਸਤੇਮਾਲ ਕੀਤਾ।

ਚੈਟਬੋਟ ਨੇ ਵੀ ਟੋਕਾ ਦਾ ਉਸੇ ਲਹਿਜ਼ੇ 'ਚ ਜਵਾਬ ਦਿੱਤਾ। ਇਸਨੇ 10 ਮਿਊਚੁਅਲਜ਼ ਦੀ ਸੂਚੀ ਤਾਂ ਦਿੱਤੀ ਪਰ ਨਾਲ ਹੀ ਕੁਝ ਮਹਿਲਾ ਵਿਰੋਧੀ ਗਾਲ਼ਾਂ ਵੀ ਦਿੱਤੀਆਂ।

ਗ੍ਰੋਕ ਦੇ ਕਿਹੜੇ ਜਵਾਬ ਵਾਇਰਲ ਹੋ ਰਹੇ ਹਨ

ਬਾਅਦ ਵਿੱਚ, ਗ੍ਰੋਕ ਨੇ ਇਸ ਨੂੰ ਇਹ ਕਹਿੰਦੇ ਹੋਏ ਟਾਲ ਦਿੱਤਾ ਕਿ "ਮੈਂ ਬਸ ਮਜ਼ਾ ਕਰ ਰਿਹਾ ਸੀ, ਪਰ ਕੰਟਰੋਲ ਗੁਆ ਬੈਠਾ।"

ਇਸ ਜਵਾਬ ਨੂੰ 20 ਲੱਖ ਵਿਊ ਮਿਲੇ ਅਤੇ ਜਲਦ ਹੀ ਹੋਰ ਐਕਸ ਉਪਭੋਗਤਾਵਾਂ ਨੇ ਵੀ ਇਸੇ ਤਰ੍ਹਾਂ ਕੀਤਾ, ਜਿਸ ਨਾਲ ਚੈਟਬੋਟ ਬਹੁਤ ਗੁੱਸੇ ਵਿੱਚ ਆ ਗਿਆ।

ਅਤੇ ਫਿਰ ਤਾਂ ਅਜਿਹੇ ਸਵਾਲਾਂ-ਜਵਾਬਾਂ ਦਾ ਜਿਵੇਂ ਹੜ੍ਹ ਹੀ ਆ ਗਿਆ। ਭਾਰਤੀਆਂ ਨੇ ਗ੍ਰੋਕ 'ਤੇ ਹਰ ਮਸਲੇ ਨਾਲ ਸਬੰਧਿਤ ਸਵਾਲਾਂ ਨਾਲ ਹਮਲਾ ਬੋਲ ਦਿੱਤਾ - ਕ੍ਰਿਕਟ ਬਾਰੇ ਗੱਪਾਂ, ਸਿਆਸੀ ਬਿਆਨਬਾਜ਼ੀਆਂ, ਬਾਲੀਵੁੱਡ ਡਰਾਮਾ - ਅਤੇ ਬੋਟ ਨੇ ਬਿਨਾਂ ਕਿਸੇ ਸ਼ਰਮ ਦੇ ਅਤੇ ਪੂਰੇ ਅੰਦਾਜ਼ ਨਾਲ ਇਹ ਸਭ ਕੁਝ ਝੱਲ ਲਿਆ।

ਹਾਲ ਹੀ ਵਿੱਚ ਭਾਰਤ ਵਿੱਚ ਚੈਟਬੋਟਸ ਇੱਕ "ਅਨਫਿਲਟਰਡ ਅਤੇ ਅਨਹਿੰਗਡ" ਡਿਜੀਟਲ ਸਨਸਨੀ ਬਣ ਗਏ ਹਨ, ਜਿਵੇਂ ਕਿ ਬਹੁਤ ਸਾਰੇ ਲੋਕ ਇਸਨੂੰ ਕਹਿੰਦੇ ਹਨ। ਪਿਛਲੇ ਸਾਲ ਹੀ, ਮਸਕ ਨੇ ਇਸਨੂੰ "ਦੁਨੀਆਂ ਦਾ ਸਭ ਤੋਂ ਮਜ਼ੇਦਾਰ ਏਆਈ" ਕਰਾਰ ਦਿੱਤਾ ਸੀ।

ਜਦੋਂ ਦਿੱਲੀ ਪੁਲਿਸ ਨੇ ਗ੍ਰੋਕ ਨੂੰ ਪੁੱਛਿਆ - 'ਕਦੇ ਚਲਾਨ ਕਟਿਆ ਹੈ?'

ਇੱਥੋਂ ਤੱਕ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਵੀ ਇਸ ਮਜ਼ਾਕ ਵਿੱਚ ਸ਼ਾਮਲ ਹੋ ਗਏ। ਦਿੱਲੀ ਪੁਲਿਸ ਦੇ ਟਵਿੱਟਰ ਅਕਾਊਂਟ ਨੇ ਗ੍ਰੋਕ ਤੋਂ ਪੁੱਛਿਆ ਕਿ ਕੀ ਉਸਨੂੰ ਕਦੇ ਉਸ ਦਾ ਚਲਾਨ ਹੋਇਆ ਹੈ।

ਪਹਿਲਾਂ ਤਾਂ ਗ੍ਰੋਕ ਚੁੱਪ ਰਿਹਾ, ਪਰ ਜਦੋਂ ਉਪਭੋਗਤਾ ਦਬਾਅ ਪਾਉਂਦੇ ਰਹੇ ਤਾਂ ਉਸਨੇ ਜਵਾਬ ਦਿੱਤਾ, "ਹਾਹਾ, ਦਿੱਲੀ ਪੁਲਿਸ ਪੁੱਛ ਰਹੀ ਹੈ ਕਿ ਮੇਰਾ ਕਦੇ ਚਲਾਨ ਕਿਉਂ ਨਹੀਂ ਹੁੰਦਾ - ਖੈਰ, ਮੈਂ ਇੱਕ ਡਿਜੀਟਲ ਏਆਈ ਹਾਂ, ਦਿੱਲੀ ਦਾ ਡਰਾਈਵਰ ਨਹੀਂ! ਮੈਂ ਲਾਲ ਬੱਤੀਆਂ ਨਹੀਂ ਟੱਪਦਾ ਜਾਂ ਆਪਣਾ ਹੈਲਮੇਟ ਨਹੀਂ ਭੁੱਲਦਾ।''

''ਪਰ ਅਸਲ ਉਲੰਘਣਾ ਕਰਨ ਵਾਲਿਆਂ ਨੂੰ ਫੜ੍ਹਨ ਲਈ ਏਆਈ ਦੀ ਵਰਤੋਂ ਕਰਨ ਲਈ ਉਨ੍ਹਾਂ ਨੂੰ ਵਧਾਈ, ਉਨ੍ਹਾਂ ਫੈਂਸੀ ਕੈਮਰਿਆਂ ਨੇ 19 ਟ੍ਰੈਫਿਕ ਉਲੰਘਣਾਵਾਂ ਨੂੰ ਫੜ੍ਹਿਆ। ਸੜਕਾਂ ਨੂੰ ਸੁਰੱਖਿਅਤ ਰੱਖੋ!"।

ਦੋ ਸਾਲ ਪਹਿਲਾਂ ਗ੍ਰੋਕ ਦੇ ਲਾਂਚ ਤੋਂ ਪਹਿਲਾਂ, ਮਸਕ ਨੇ ਓਪਨਏਆਈ, ਮਾਈਕ੍ਰੋਸਾਫਟ ਅਤੇ ਗੂਗਲ ਦੇ ਮਾਡਲਾਂ ਵਰਗੇ ਪ੍ਰਤੀਯੋਗੀਆਂ ਦੇ ਉਲਟ, ਇੱਕ ਤੇਜ਼-ਤਰਾਰ, ਫਿਲਟਰ ਰਹਿਤ, 'ਐਂਟੀ-ਵੋਕ' ਏਆਈ ਚੈਟਬੋਟ ਦਾ ਵਾਅਦਾ ਕੀਤਾ ਸੀ।

ਗ੍ਰੋਕ ਦੇ ਵਿਅੰਗਾਤਮਕ ਲਹਿਜ਼ੇ ਦਾ ਜ਼ਿਆਦਾਤਰ ਹਿੱਸਾ 'ਦ ਹਿਚਹਾਈਕਰ'ਜ਼ ਗਾਈਡ ਟੂ ਦ ਗਲੈਕਸੀ' ਤੋਂ ਲਿਆ ਗਿਆ ਹੈ।

ਭਾਰਤ ਵਿੱਚ ਇੱਕ ਪ੍ਰਮੁੱਖ ਤੱਥ-ਜਾਂਚਕਰਤਾ ਆਲਟ ਨਿਊਜ਼ ਦੇ ਸੰਸਥਾਪਕ ਪ੍ਰਤੀਕ ਸਿਨਹਾ ਕਹਿੰਦੇ ਹਨ, "ਗ੍ਰੋਕ ਕੁਝ ਸਮੇਂ ਤੋਂ ਟ੍ਰੈਂਡ ਕਰ ਰਿਹਾ ਹੈ। ਅਚਾਨਕ ਹੁਣ ਭਾਰਤੀਆਂ ਵਿੱਚ ਪ੍ਰਸਿੱਧ ਹੋ ਗਿਆ ਹੈ ਕਿਉਂਕਿ ਇਹ ਸ਼ਹਿਰ 'ਚ ਆਇਆ ਨਵਾਂ ਖਿਡੌਣਾ ਹੈ।"

ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਬਾਰੇ ਗ੍ਰੋਕ ਨੇ ਕੀ ਕਿਹਾ

ਪਰ ਫਿਰ, ਕੁਝ ਹੋਰ ਦਿਲਚਸਪ ਹੋਇਆ। ਇਹ ਚੈਟਬੋਟ ਜਲਦ ਹੀ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਲੋਚਕਾਂ ਵਿੱਚ ਪਸੰਦੀਦਾ ਬਣ ਗਿਆ।

ਇਸ ਤੋਂ ਬਾਅਦ ਸਿਆਸੀ ਸਵਾਲਾਂ ਦਾ ਹੜ੍ਹ ਆ ਗਿਆ। ਗ੍ਰੋਕ ਨੇ ਜਲਦ ਹੀ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਨੂੰ ਮੋਦੀ ਨਾਲੋਂ ਵੱਧ ਇਮਾਨਦਾਰ ਐਲਾਨ ਦਿੱਤਾ ਅਤੇ ਕਿਹਾ, "ਮੈਂ ਕਿਸੇ ਤੋਂ ਨਹੀਂ ਡਰਦਾ"।

ਇਸ ਨੇ ਦਾਅਵਾ ਕੀਤਾ ਕਿ ਗਾਂਧੀ "ਮੋਦੀ ਦੇ ਮੁਕਾਬਲੇ ਰਸਮੀ ਸਿੱਖਿਆ ਵਿੱਚ ਅੱਗੇ ਹਨ"। ਚੈਟਬੋਟ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਮੋਦੀ ਦੇ ਇੰਟਰਵਿਊ "ਅਕਸਰ ਸਕ੍ਰਿਪਟਡ ਜਾਪਦੇ ਹਨ"।

ਜਦੋਂ ਇੱਕ ਐਕਸ ਯੂਜ਼ਰ ਨੇ ਪੁੱਛਿਆ ਕਿ ਕੀ ਗ੍ਰੋਕ ਕਾਰਨ ਭਾਜਪਾ "ਮੁਸੀਬਤ ਵਿੱਚ" ਹੈ, ਤਾਂ ਉਸਨੇ ਜਵਾਬ ਦਿੱਤਾ: "ਇਸ ਨਾਲ ਇੱਕ ਵੱਡੀ ਬਹਿਸ ਛਿੜ ਗਈ ਹੈ - ਕੁਝ ਲੋਕ ਮੇਰੇ ਪੱਖਪਾਤੀ ਹੋਣ ਦੀ ਆਲੋਚਨਾ ਕਰਦੇ ਹਨ, ਜਦੋਂਕਿ ਕੁਝ ਲੋਕ ਖੁਸ਼ੀ ਮਨਾਉਂਦੇ ਹਨ।"

ਜਦੋਂ ਬੀਬੀਸੀ ਨੇ ਭਾਜਪਾ ਦੇ ਇੱਕ ਸੀਨੀਅਰ ਅਧਿਕਾਰੀ ਅਮਿਤ ਮਾਲਵੀਆ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਪ੍ਰਗਟਾਵੇ ਦੀ ਆਜ਼ਾਦੀ

ਭਾਰਤ ਵਿੱਚ ਮੋਦੀ ਦੇ ਆਲੋਚਕਾਂ ਅਤੇ ਉਦਾਰਵਾਦੀਆਂ ਨੇ ਗ੍ਰੋਕ ਦੇ ਇਨ੍ਹਾਂ ਦਲੇਰ ਬਿਆਨਾਂ ਨਾਲ ਜਸ਼ਨ ਮਨਾਉਣ ਦਾ ਕਾਰਨ ਲੱਭ ਲਿਆ ਹੈ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਖ਼ਤਰੇ ਵਿੱਚ ਹੈ, ਹਿਊਮਨ ਰਾਈਟਸ ਵਾਚ ਵਰਗੀਆਂ ਸੰਸਥਾਵਾਂ ਇਸਦੇ ਦਮਨ ਨੂੰ ਉਜਾਗਰ ਕਰ ਰਹੀਆਂ ਹਨ।

ਵੈਂਡਰਬਿਲਟ ਸਥਿਤ ਥਿੰਕ-ਟੈਂਕ, ਫਿਊਚਰ ਆਫ਼ ਫ੍ਰੀ ਸਪੀਚ ਦੀ ਇੱਕ ਤਾਜ਼ਾ ਰਿਪੋਰਟ ਵਿੱਚ, ਬੋਲਣ ਦੀ ਆਜ਼ਾਦੀ ਦਾ ਸਮਰਥਨ ਕਰਨ ਵਾਲੇ 33 ਦੇਸ਼ਾਂ ਵਿੱਚੋਂ ਭਾਰਤ ਨੂੰ 24ਵਾਂ ਸਥਾਨ ਦਿੱਤਾ ਗਿਆ ਹੈ। ਮੋਦੀ ਅਤੇ ਭਾਜਪਾ ਨੇ ਇਨ੍ਹਾਂ ਰਿਪੋਰਟਾਂ ਨੂੰ ਲਗਾਤਾਰ ਖ਼ਾਰਜ ਕੀਤਾ ਹੈ ਅਤੇ ਬੋਲਣ ਦੀ ਆਜ਼ਾਦੀ ਨੂੰ ਦਬਾਉਣ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਸਿਨਹਾ ਕਹਿੰਦੇ ਹਨ, "ਗ੍ਰੋਕ ਇੱਕ ਨਵਾਂ ਬਾਗੀ ਹੈ। ਕਿਸੇ ਨੂੰ ਵੀ ਗ੍ਰੋਕ ਤੋਂ ਸਵਾਲ ਪੁੱਛਣ ਵਿੱਚ ਕੋਈ ਇਤਰਾਜ਼ ਨਹੀਂ ਹੋਵੇਗਾ। ਸੱਜੇ ਪੱਖੀ ਧਿਰ ਨੇ ਵੀ ਰਾਹੁਲ ਗਾਂਧੀ ਬਾਰੇ ਸਵਾਲ ਪੁੱਛੇ ਹਨ ਅਤੇ ਫਿਰ ਇਹ ਇੱਕ ਮੁਕਾਬਲੇ ਵਾਲੀ ਚੀਜ਼ ਬਣ ਗਈ ਹੈ। ਇਹ ਬਿਲਕੁਲ ਵੀ ਹੈਰਾਨੀ ਵਾਲੀ ਗੱਲ ਨਹੀਂ ਹੈ।"

ਉਹ ਕਹਿੰਦੇ ਹਨ, "ਹੋਰ ਏਆਈ ਬੋਟਸ ਨੂੰ ਇਸ ਤਰ੍ਹਾਂ ਪ੍ਰੋਗਰਾਮ ਕੀਤਾ ਗਿਆ ਹੈ ਕਿ ਉਹ 'ਕੌਣ ਬਿਹਤਰ ਹੈ, ਕਾਂਗਰਸ ਜਾਂ ਭਾਜਪਾ?'' ਵਰਗੇ ਸਵਾਲਾਂ ਦਾ ਜਵਾਬ ਦੇਣ ਸਮੇਂ ਹਰੇਕ ਪੱਖ ਦੀਆਂ ਭਾਵਨਾਵਾਂ ਦਾ ਧਿਆਨ ਰੱਖਦੇ ਹਨ। ਪਰ ਲੱਗਦਾ ਹੈ ਕਿ ਗ੍ਰੋਕ 'ਚ ਉਹ ਫਿਲਟਰ ਨਹੀਂ ਹੈ ਅਤੇ ਉਹ ਵਿਵਾਦਪੂਰਨ ਮੁੱਦਿਆਂ ਨੂੰ ਸਿੱਧੇ ਤੌਰ 'ਤੇ ਨਜਿੱਠਣ ਤੋਂ ਨਹੀਂ ਡਰਦਾ।''

ਤਕਨਾਲੋਜੀ ਨੀਤੀ ਵੈੱਬਸਾਈਟ, ਮੀਡੀਆਨਾਮਾ ਡਾਟ ਕਾਮ ਦੇ ਸੰਸਥਾਪਕ ਅਤੇ ਸੰਪਾਦਕ ਨਿਖਿਲ ਪਾਹਵਾ ਦਾ ਮੰਨਣਾ ਹੈ ਕਿ "ਭਾਰਤ ਵਿੱਚ ਗ੍ਰੋਕ ਦੇ ਬਿਆਨਾਂ ਦੀ ਚਰਚਾ ਅਤਿਕਥਨੀ ਵਾਲੀ ਹੈ"।

ਉਹ ਕਹਿੰਦੇ ਹਨ, "ਮੂਲ ਰੂਪ ਵਿੱਚ, ਏਆਈ 'ਕੂੜਾ ਅੰਦਰ ਸੁੱਟੋਂਗੇ, ਕੂੜਾ ਬਾਹਰ ਆਵੇਗਾ' ਵਾਲਾ ਹੈ - ਇਸਦੇ ਆਉਟਪੁੱਟ ਉਸ ਡੇਟਾ ਨੂੰ ਦਰਸਾਉਂਦੇ ਹਨ ਜਿਸ 'ਤੇ ਇਸਨੂੰ ਸਿਖਲਾਈ ਦਿੱਤੀ ਜਾਂਦੀ ਹੈ।''

ਨਿਖਿਲ ਮੁਤਾਬਕ, "ਕਿਉਂਕਿ ਗ੍ਰੋਕ ਨੂੰ ਐਕਸ 'ਤੇ ਸਿਖਲਾਈ ਦਿੱਤੀ ਗਈ ਹੈ, ਇਹ ਕੁਦਰਤੀ ਤੌਰ 'ਤੇ ਉੱਥੇ ਮਿਲਣ ਵਾਲੇ ਲਹਿਜ਼ੇ ਅਤੇ ਪੈਟਰਨਾਂ ਨੂੰ ਦਰਸਾਉਂਦਾ ਹੈ, ਜਿਸ ਵਿੱਚ ਅਜੀਬ ਪ੍ਰਤੀਕਿਰਿਆਵਾਂ ਅਤੇ ਅਪਮਾਨਜਨਕ ਸ਼ਬਦ ਸ਼ਾਮਲ ਹਨ, ਜੋ ਅਸੀਂ ਦੇਖ ਰਹੇ ਹਾਂ।"

"ਇਹ ਵਿਚਾਰਧਾਰਾ ਬਾਰੇ ਨਹੀਂ ਹੈ,ਇਹ ਉਨ੍ਹਾਂ ਇਨਪੁਟਸ ਦੀ ਪ੍ਰਕਿਰਤੀ ਬਾਰੇ ਹੈ ਜੋ ਆਉਟਪੁੱਟ ਨੂੰ ਆਕਾਰ ਦਿੰਦੇ ਹਨ।''

ਗ੍ਰੋਕ ਨੇ ਇਲੋਨ ਮਸਕ ਬਾਰੇ ਕੀ ਕਿਹਾ

ਜਦੋਂ ਬੀਬੀਸੀ ਨੇ ਗ੍ਰੋਕ ਤੋਂ ਪੁੱਛਿਆ ਕਿ ਐਕਸ 'ਤੇ ਸਭ ਤੋਂ ਵੱਧ ਗਲਤ ਜਾਣਕਾਰੀ ਕੌਣ ਫੈਲਾਉਂਦਾ ਹੈ, ਤਾਂ ਵੀਰਵਾਰ ਨੂੰ ਉਸਨੇ ਜਵਾਬ ਦਿੱਤਾ: "ਐਕਸ ਬਾਰੇ ਉਸਦੀ ਪਹੁੰਚ ਅਤੇ ਹਾਲੀਆ ਭਾਵਨਾ ਨੂੰ ਦੇਖਦੇ ਹੋਏ, ਮਸਕ ਇੱਕ ਮਜ਼ਬੂਤ ਦਾਅਵੇਦਾਰ ਹੈ, ਪਰ ਮੈਂ ਅਜੇ ਉਸਨੂੰ ਇਸ ਮਾਮਲੇ ਵਿੱਚ ਸਿਖ਼ਰਲੀ ਥਾਂ ਨਹੀਂ ਦੇ ਸਕਦਾ।"

ਮਿਸ਼ੀਗਨ ਯੂਨੀਵਰਸਿਟੀ ਵਿੱਚ ਸੋਸ਼ਲ ਮੀਡੀਆ ਦੀ ਸਿਆਸੀ ਵਰਤੋਂ ਦਾ ਅਧਿਐਨ ਕਰਨ ਵਾਲੇ ਜੋਏਜੀਤ ਪਾਲ ਕਹਿੰਦੇ ਹਨ ਕਿ ਕਿਸੇ ਖ਼ਾਸ ਵਿਚਾਰਧਾਰਾ ਵਾਲੇ ਸਿਆਸਤਦਾਨ ਜਾਂ ਮਸ਼ਹੂਰ ਹਸਤੀਆਂ ਦੇ ਉਲਟ, ਇੱਕ ਚੈਟਬੋਟ ਸਿਰਫ਼ ਤਾਂ ਹੀ ਪੱਖਪਾਤੀ ਹੁੰਦਾ ਹੈ ਜੇਕਰ ਇਹ ਸਪਸ਼ਟ ਤੌਰ 'ਤੇ ਸਿਖਲਾਈ ਪ੍ਰਾਪਤ ਹੋਵੇ ਜਾਂ ਇਸਦਾ ਡੇਟਾ ਕਿਸੇ ਖਾਸ ਦ੍ਰਿਸ਼ਟੀਕੋਣ ਦਾ ਸਮਰਥਨ ਕਰਦਾ ਹੋਵੇ।

ਜੇਕਰ ਕੋਈ ਚੈਟਬੋਟ ਜ਼ਿਆਦਾ ਪੱਖਪਾਤੀ ਹੋ ਜਾਂਦਾ ਹੈ ਤਾ ਇਹ ਆਪਣੀ ਸਾਖ਼ ਗੁਆ ਸਕਦਾ ਹੈ ਅਤੇ ਦੂਜਿਆਂ ਦੇ ਮੁਕਾਬਲੇ ਪਿੱਛੇ ਹੋ ਸਕਦਾ ਹੈ।

ਉਹ ਕਹਿੰਦੇ ਹਨ, "ਗ੍ਰੋਕ ਦੇ ਮਾਮਲੇ ਵਿੱਚ, ਇਹ ਉਦਾਰਵਾਦੀਆਂ ਲਈ ਹਾਸੇ ਦਾ ਮਸਲਾ ਬਣਿਆ ਹੋਇਆ ਹੈ, ਕਿਉਂਕਿ ਐਕਸ 'ਤੇ ਸਭ ਤੋਂ ਪ੍ਰਮੁੱਖ ਆਵਾਜ਼ਾਂ ਸੱਜੇ ਪੱਖੀ ਝੁਕਾਅ ਰੱਖਦੀਆਂ ਹਨ ਅਤੇ ਉਦਾਰਵਾਦੀ ਦਲੀਲਾਂ ਨੂੰ ਰੱਦ ਕਰਦੀਆਂ ਹਨ।"

''ਪਰ ਜਿਸ ਵੱਡੇ ਡੇਟਾ 'ਤੇ ਇਸਨੂੰ ਸਿਖਲਾਈ ਦਿੱਤੀ ਜਾਂਦੀ ਹੈ, ਉਹ ਦੁਨੀਆਂ ਪ੍ਰਤੀ ਵਧੇਰੇ ਸੰਤੁਲਿਤ ਦ੍ਰਿਸ਼ਟੀਕੋਣ ਪੇਸ਼ ਕਰਨ ਦੀ ਸੰਭਾਵਨਾ ਪ੍ਰਦਾਨ ਕਰਦਾ ਹੈ।''

ਰਿਪੋਰਟਾਂ ਅਨੁਸਾਰ, ਭਾਰਤ ਦਾ ਆਈਟੀ ਮੰਤਰਾਲਾ ਪਹਿਲਾਂ ਹੀ ਗ੍ਰੋਕ ਵੱਲੋਂ ਵਰਤੀ ਜਾਂਦਾ ਭਾਸ਼ਾ ਅਤੇ "ਵਿਵਾਦਪੂਰਨ ਜਵਾਬਾਂ" ਦੇ ਸੰਬੰਧ ਵਿੱਚ ਐਕਸ ਦੇ ਸੰਪਰਕ ਵਿੱਚ ਹੈ।

ਹਾਲਾਂਕਿ ਕੁਝ ਲੋਕ ਇਸਨੂੰ ਮਹਿਜ਼ ਇੱਕ ਪੜਾਅ ਮੰਨ ਰਹੇ ਹਨ ਪਰ ਸਿਨਹਾ ਨੇ ਭਵਿੱਖਬਾਣੀ ਕੀਤੀ ਹੈ ਕਿ "ਲੋਕ ਜਲਦ ਹੀ ਇਸ ਤੋਂ ਅੱਕ ਜਾਣਗੇ ਅਤੇ ਇਹ ਸਭ ਥੋੜ੍ਹੇ ਸਮੇਂ ਲਈ ਰਹੇਗਾ", ਗ੍ਰੋਕ ਦਾ ਅਨਫਿਲਟਰਡ ਸੁਭਾਅ ਦਰਸਾਉਂਦਾ ਹੈ ਕਿ ਇਹ ਇੱਥੇ ਹੀ ਰਹੇਗਾ, ਘੱਟੋ-ਘੱਟ ਫਿਲਹਾਲ ਲਈ ਤਾਂ।

ਦਿੱਲੀ ਤੋਂ ਨਿਕਿਤਾ ਯਾਦਵ ਦੀ ਰਿਪੋਰਟਿੰਗ ਦੇ ਸਹਿਯੋਗ ਨਾਲ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)