ਆਸਟ੍ਰੇਲੀਆਈ ਕੁੜੀ ਦੇ ਕਤਲ ਕੇਸ ਵਿੱਚ ਇਸ ਪੰਜਾਬੀ ਬਾਰੇ ਕਿਸੇ ਫੈਸਲੇ ਉੱਤੇ ਕਿਉਂ ਨਹੀਂ ਪਹੁੰਚ ਸਕੀ ਜਿਊਰੀ

    • ਲੇਖਕ, ਸਿਮੋਨ ਅਤਕਿਨਸਨ
    • ਰੋਲ, ਬੀਬੀਸੀ ਨਿਊਜ਼

ਇੱਕ ਦੂਰ-ਦੁਰਾਡੇ ਆਸਟ੍ਰੇਲੀਆਈ ਬੀਚ 'ਤੇ ਕਤਲ ਕੀਤੀ ਗਈ ਇੱਕ ਔਰਤ ਦੇ ਕੇਸ ਵਿੱਚ ਜਿਊਰੀ ਨੂੰ ਖਾਰਜ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਕਿਸੇ ਫ਼ੈਸਲੇ 'ਤੇ ਨਹੀਂ ਪਹੁੰਚ ਸਕੇ।

ਟੋਯਾਹ ਕੋਰਡਿੰਗਲੇ ਨੂੰ ਅਕਤੂਬਰ 2018 ਵਿੱਚ ਆਪਣੇ ਕੁੱਤੇ ਨੂੰ ਘੁੰਮਾਉਂਦੇ ਸਮੇਂ ਘੱਟੋ-ਘੱਟ 26 ਵਾਰ ਚਾਕੂ ਮਾਰਿਆ ਗਿਆ ਸੀ।

24 ਸਾਲਾ ਕੁੜੀ ਦੀ ਲਾਸ਼ ਉਸ ਦੇ ਪਿਤਾ ਨੂੰ ਅਗਲੇ ਦਿਨ ਕੇਅਰਨਜ਼ ਅਤੇ ਪੋਰਟ ਡਗਲਸ ਦੇ ਪ੍ਰਸਿੱਧ ਸੈਲਾਨੀ ਸਥਾਨਾਂ ਦੇ ਵਿਚਕਾਰ ਵਾਂਗੇਟੀ ਬੀਚ 'ਤੇ ਰੇਤ ਦੇ ਟਿੱਬਿਆਂ ਵਿੱਚ ਅੱਧੀ ਦਫ਼ਨਾਈ ਹੋਈ ਮਿਲੀ ਸੀ।

40 ਸਾਲਾ ਰਾਜਵਿੰਦਰ ਸਿੰਘ ਕੁੜੀ ਦੀ ਲਾਸ਼ ਮਿਲਣ ਦੇ ਅਗਲੇ ਦਿਨ ਭਾਰਤ ਆ ਗਿਆ ਸੀ ਅਤੇ ਉਸ ਉੱਤੇ ਕਤਲ ਦੇ ਇਲਜ਼ਾਮ ਲੱਗੇ ਸਨ।

ਉਸ ਮਗਰੋਂ ਸਾਲ 2023 ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਕੇ ਆਸਟ੍ਰੇਲੀਆ ਦੇ ਹਵਾਲੇ ਕਰ ਦਿੱਤਾ ਗਿਆ ਸੀ।

ਕੁਈਨਜ਼ਲੈਂਡ ਦੀ ਪੁਲਿਸ ਮੁਤਾਬਕ ਰਾਜਵਿੰਦਰ ਨੂੰ ਨਵੀਂ ਦਿੱਲੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਉਨ੍ਹਾਂ ਉੱਤੇ ਆਸਟ੍ਰੇਲੀਆ ਸਰਕਾਰ ਨੇ ਕਰੀਬ 5.5 ਕਰੋੜ ਰੁਪਏ ਦਾ ਇਨਾਮ ਵੀ ਰੱਖਿਆ ਸੀ।

ਪਰ ਕੇਅਰਨਜ਼ ਦੀ ਸੁਪਰੀਮ ਕੋਰਟ ਦੇ ਜਿਊਰੀ ਮੈਂਬਰਾਂ ਨੇ ਕਿਹਾ ਕਿ ਉਹ ਢਾਈ ਦਿਨਾਂ ਦੀ ਵਿਚਾਰ-ਵਟਾਂਦਰੇ ਤੋਂ ਬਾਅਦ ਵੀ ਉਸ ਦੇ ਇਲਜ਼ਾਮਾਂ 'ਤੇ ਸਰਬਸੰਮਤੀ ਨਾਲ ਫ਼ੈਸਲੇ 'ਤੇ ਪਹੁੰਚਣ ਵਿੱਚ ਅਸਮਰੱਥ ਸਨ। ਜੱਜ ਨੇ ਜਿਊਰੀ ਦਾ ਉਨ੍ਹਾਂ ਦੀ "ਮਿਹਨਤ" ਲਈ ਧੰਨਵਾਦ ਕੀਤਾ।

ਸਬੂਤ ਕਿਵੇਂ ਮਿਲੇ ਸਨ

ਕੁਈਨਜ਼ਲੈਂਡ ਕਾਨੂੰਨ ਦੇ ਤਹਿਤ, ਕਤਲ ਦੇ ਮਾਮਲਿਆਂ ਵਿੱਚ ਜਿਊਰੀ ਦੇ ਫ਼ੈਸਲੇ ਸਰਬਸੰਮਤੀ ਨਾਲ ਹੋਣੇ ਚਾਹੀਦੇ ਹਨ। ਇਸ ਲਈ ਰਾਜਵਿੰਦਰ ਸਿੰਘ ਨੂੰ ਇੱਕ ਹੋਰ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ।

ਪੰਜਾਬ ਦੇ ਬੁੱਟਰ ਕਲਾਂ ਨਾਲ ਸਬੰਧਤ ਰਾਜਵਿੰਦਰ ਸਿੰਘ ਕਥਿਤ ਕਤਲ ਤੋਂ ਬਾਅਦ ਭਾਰਤ ਆ ਗਏ ਸਨ। ਬਚਾਅ ਪੱਖ ਦਾ ਕਹਿਣਾ ਹੈ ਕਿ ਉਸ ਦਾ ਕੋਰਡਿੰਗਲੇ ਨੂੰ ਮਾਰਨ ਦਾ ਕੋਈ ਉਦੇਸ਼ ਨਹੀਂ ਸੀ।

ਕੋਰਡਿੰਗਲੇ ਹੈਲਥ ਸਟੋਰ ਦੇ ਕੰਮ ਕਰਦੀ ਸੀ ਅਤੇ ਜਾਨਵਰਾਂ ਦੀ ਭਲਾਈ ਲਈ ਵਲੰਟੀਅਰ ਵਜੋਂ ਕੰਮ ਕਰਦੀ ਸੀ। ਉਸ ਦੇ ਕਤਲ ਦੌਰਾਨ ਜਿਨਸੀ ਸੋਸ਼ਨ ਦੇ ਵੀ ਕੋਈ ਸਬੂਤ ਨਹੀਂ ਸਨ।

ਕੇਅਰਨਜ਼ ਸੁਪਰੀਮ ਕੋਰਟ ਵਿੱਚ ਮੁਕੱਦਮੇ ਦੀ ਸੁਣਵਾਈ ਦੌਰਾਨ ਸਾਹਮਣੇ ਆਇਆ ਗਿਆ ਕਿ ਰਾਜਵਿੰਦਰ ਸਿੰਘ ਦਾ ਡੀਐੱਨਏ ਉਸ ਥਾਂ ਤੋਂ ਸੋਟੀ 'ਤੇ ਮਿਲਿਆ ਜਿੱਥੇ ਕੋਰਡਿੰਗਲੇ ਦੀ ਲਾਸ਼ ਦਫਨਾਈ ਗਈ ਸੀ।

ਮੋਬਾਈਲ ਫੋਨ ਟਾਵਰਾਂ ਤੋਂ ਮਿਲੇ ਡਾਟਾ ਨੇ ਇਹ ਵੀ ਸੁਝਾਇਆ ਕਿ ਜਿਸ ਦਿਨ ਕੋਰਡਿੰਗਲੇ ਲਾਪਤਾ ਹੋਏ ਤਾਂ ਉਨ੍ਹਾਂ ਦੇ ਫੋਨ ਦੀ ਲੋਕੇਸ਼ਨ ਰਾਜਵਿੰਦਰ ਸਿੰਘ ਦੀ ਨੀਲੀ ਅਲਫ਼ਾ ਰੋਮੀਓ ਕਾਰ ਵਾਲੀ ਦਿਸ਼ਾ ਵੱਲ ਵੀ ਗਈ ਸੀ।

ਇਸਤਗਾਸਾ ਪੱਖ ਨੇ ਇਹ ਵੀ ਸੁਝਾਅ ਦਿੱਤਾ ਕਿ ਰਾਜਵਿੰਦਰ ਸਿੰਘ ਜਿਸ ਤਰ੍ਹਾਂ ਕਾਹਲ਼ੀ ਵਿੱਚ ਆਪਣੇ ਪਰਿਵਾਰ ਜਾਂ ਸਾਥੀਆਂ ਨੂੰ ਅਲਵਿਦਾ ਕਹੇ ਬਿਨਾਂ ਆਸਟ੍ਰੇਲੀਆ ਛੱਡ ਕੇ ਗਏ, ਉਹ ਵੀ ਉਨ੍ਹਾਂ ਦੇ ਅਪਰਾਧ ਵੱਲ ਇੱਕ ਇਸ਼ਾਰਾ ਹੈ।

ਹਾਲਾਂਕਿ, ਰਾਜਵਿੰਦਰ ਸਿੰਘ ਨੇ ਇਸ ਕਤਲ ਤੋਂ ਇਨਕਾਰ ਕੀਤਾ ਅਤੇ ਉਨ੍ਹਾਂ ਨੇ ਅੰਡਰਕਵਰ ਪੁਲਿਸ ਅਧਿਕਾਰੀ ਨੂੰ ਦੱਸਿਆ ਕਿ ਉਨ੍ਹਾਂ ਨੇ ਕਤਲ ਨੂੰ ਦੇਖਿਆ ਹੈ।

ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਤਨੀ ਅਤੇ ਬੱਚਿਆਂ ਨੂੰ ਪਿੱਛੇ ਛੱਡ ਕੇ ਦੇਸ਼ ਛੱਡ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਆਪਣੀ ਜਾਨ ਦਾ ਖ਼ਤਰਾ ਸੀ।

ਉਨ੍ਹਾਂ ਦੇ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਉਹ "ਕਾਇਰ" ਸੀ ਪਰ ਕਾਤਲ ਨਹੀਂ ਸੀ ਅਤੇ ਪੁਲਿਸ 'ਤੇ "ਨੁਕਸ ਭਰੀ" ਜਾਂਚ ਦਾ ਇਲਜ਼ਾਮ ਲਗਾਇਆ , ਇਲਜ਼ਾਮ ਲਾਇਆ ਕਿ ਹੋਰ ਸੰਭਾਵਿਤ ਸ਼ੱਕੀਆਂ ਉੱਤੇ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਘਟਨਾ ਸਥਾਨ 'ਤੇ ਮਿਲਿਆ ਡੀਐੱਨਏ, ਜਿਸ ਵਿੱਚ ਪੀੜਤ ਦੀ ਸੁੱਟੀ ਗਈ ਸੈਲਫੀ ਸਟਿੱਕ ਵੀ ਸ਼ਾਮਲ ਹੈ, ਰਾਜਵਿੰਦਰ ਸਿੰਘ ਦੇ ਪ੍ਰੋਫਾਈਲ ਨਾਲ ਮੇਲ ਨਹੀਂ ਖਾਂਦਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)