ਪੰਜਾਬ ਦੇ ਮਲੇਰਕੋਟਲਾ ਰਹਿ ਰਹੀ ਪੰਜ ਸਾਲਾ ਬੱਚੀ ਉੱਤੇ ਮਾਂ ਤੋਂ ਵੱਖ ਹੋਣ ਦਾ ਖ਼ਤਰਾ ਕਿਉਂ ਮੰਡਰਾ ਰਿਹਾ, ਕੀ ਹੈ ਉਸ ਦੀ ਕਹਾਣੀ

- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਸਹਿਯੋਗੀ
ਭਾਰਤੀ ਪੰਜਾਬ ਦੇ ਸੂਬੇ ਵਿੱਚ ਮਲੇਰਕੋਟਲਾ ਖੇਤਰ ਦੇ ਇੱਕ ਘਰ ਦਾ ਦ੍ਰਿਸ਼ ਕੁਝ ਇਸ ਤਰ੍ਹਾਂ ਹੈ। ਵਿਹੜੇ ਵਿੱਚ ਪੰਜ ਸਾਲਾ ਹਾਦੀਆ ਅਫ਼ਰੀਦੀ ਆਪਣੀ ਮਾਂ ਦੇ ਦੁਪੱਟੇ ਨੂੰ ਘੁੱਟ ਕੇ ਫੜੀ ਖੜ੍ਹੀ ਹੈ।
ਅਸੀਂ ਹਾਦੀਆ ਨਾਲ ਆਪਣੀ ਗੱਲਬਾਤ ਸ਼ੁਰੂ ਹੀ ਕੀਤੀ ਤਾਂ ਉਸਨੇ ਹੌਲੀ ਆਵਾਜ਼ ਵਿੱਚ ਕਿਹਾ, "ਮੈਂ ਆਪਣੀ ਮਾਂ ਨਾਲ ਰਹਿਣਾ ਚਾਹੁੰਦੀ ਹਾਂ।"
ਮਾਂ ਨਾਲ ਰਹਿਣ ਦੀ ਇੱਛਾ ਬਾਰੇ ਗੱਲ ਕਰਨ ਵਾਲੀ ਹਾਦੀਆ ਨੇ ਜਿੰਨੇ ਸਹਿਜ ਨਾਲ ਇਹ ਕਿਹਾ ਅਸਲ ਵਿੱਚ ਤਾਂ ਉਹ ਓਨਾਂ ਸੌਖਾ ਹੈ ਨਹੀਂ। ਹਾਦੀਆ ਇਸ ਗੱਲ ਤੋਂ ਅਣਜਾਣ ਹੈ ਕਿ ਉਸਦਾ ਬਚਪਨ ਸਰਹੱਦਾਂ, ਕਾਨੂੰਨੀ ਦਸਤਾਵੇਜ਼ਾਂ ਅਤੇ ਦੋ ਦੇਸ਼ਾਂ ਵਿਚਕਾਰ ਚੱਲ ਰਹੀ ਕੂਟਨੀਤਿਕ ਖਿੱਚੋਤਾਣ ਦੇ ਚੱਕਰਵਿਊ ਵਿੱਚ ਫਸਿਆ ਹੋਇਆ ਹੈ।
ਪੰਜ ਸਾਲਾ ਹਾਦੀਆ ਦੀ ਕਹਾਣੀ ਉਸ ਘਰ ਵਿੱਚ ਰਹਿਣ ਦੀ ਇਜਾਜ਼ਤ ਲਈ ਸੰਘਰਸ਼ ਵਿੱਚ ਫਸੀ ਹੋਈ ਹੈ ਜੋ ਉਸ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਉਸਦਾ ਇਕਲੌਤਾ ਘਰ ਰਿਹਾ ਹੈ। ਪਰ ਪਾਕਿਸਤਾਨ ਵਿੱਚ ਬੱਚਿਆਂ ਦੀ ਕਸਟਡੀ ਸੰਬੰਧੀ ਪਰਿਵਾਰਕ ਕਾਨੂੰਨ ਹਾਦੀਆ ਦੇ ਇੱਥੇ ਰਹਿਣ ਦੇ ਰਾਹ ਵਿੱਚ ਖੜ੍ਹਾ ਹੈ।
ਅਸਲ ਵਿੱਚ ਹਾਦੀਆ ਹਮੇਸ਼ਾ ਤੋਂ ਭਾਰਤੀ ਪੰਜਾਬ ਦੇ ਇਸ ਘਰ ਵਿੱਚ ਨਹੀਂ ਰਹੀ।
ਉਸਦਾ ਜਨਮ 2020 ਵਿੱਚ ਲਾਹੌਰ, ਪਾਕਿਸਤਾਨ ਵਿੱਚ ਹੋਇਆ ਸੀ। ਉਸਦੀ ਮਾਂ ਗੁਲਫ਼ਸ਼ਾਨ ਭਾਰਤ ਤੋਂ ਹੈ ਅਤੇ ਇੱਕ ਭਾਰਤੀ ਨਾਗਰਿਕ ਹੈ, ਪਰ ਉਸਦੇ ਪਿਤਾ ਮੋਈਜ਼ ਖਾਨ ਇੱਕ ਪਾਕਿਸਤਾਨੀ ਨਾਗਰਿਕ ਹਨ।
ਗੁਲਫ਼ਸ਼ਾਨ ਦਾ ਕਹਿਣਾ ਹੈ ਕਿ ਉਸਦਾ ਵਿਆਹ ਤਲਾਕ ਨਾਲ ਖ਼ਤਮ ਹੋ ਗਿਆ, ਜਿਸ ਤੋਂ ਬਾਅਦ ਉਸਨੇ ਪਾਕਿਸਤਾਨ ਦੇ ਲਾਹੌਰ ਹਾਈ ਕੋਰਟ ਵਿੱਚ ਆਪਣੀ ਛੋਟੀ ਧੀ (ਹਾਦੀਆ) ਦੀ ਕਸਟਿਡੀ ਸਬੰਧੀ ਕੇਸ ਦਾਇਰ ਕੀਤਾ।
ਫ਼ੈਸਲਾ ਗੁਲਫ਼ਸ਼ਾਨ ਦੇ ਹੱਕ ਵਿੱਚ ਆਇਆ ਅਤੇ ਉਹ ਹਾਦੀਆ ਨਾਲ ਭਾਰਤ ਆ ਰਹਿਣ ਲੱਗੀ।
ਭਾਰਤ ਵਾਪਸ ਆਉਣ 'ਤੇ, ਗੁਲਫ਼ਸ਼ਾਨ ਦੀ ਮੰਜ਼ਿਲ ਪੰਜਾਬ ਦੇ ਮਲੇਰਕੋਟਲਾ ਸ਼ਹਿਰ ਵਿੱਚ ਉਨ੍ਹਾਂ ਦੀ ਮਾਂ ਦਾ ਘਰ ਸੀ। ਇਹੀ ਘਰ ਜਿੱਥੇ ਅਸੀਂ ਹਾਦੀਆ ਅਤੇ ਗੁਲਫ਼ਸ਼ਾਨ ਨੂੰ ਮਿਲ ਰਹੇ ਸੀ।
ਉਦੋਂ ਤੋਂ ਹਾਦੀਆ ਮਲੇਰਕੋਟਲਾ ਦੇ ਇਸੇ ਘਰ ਵਿੱਚ ਪਲੀ ਹੈ। ਉਸਨੇ ਉੱਥੇ ਹੀ ਸਕੂਲੀ ਸਿੱਖਿਆ, ਬੋਲੀ ਸਿੱਖੀ ਤੇ ਮਾਂ ਦੇ ਹੀ ਰਿਸ਼ਤੇਦਾਰਾਂ ਨੂੰ ਆਪਣਾ ਮੰਨਦੀ ਹੈ।
ਗੁਲਫ਼ਸ਼ਾਨ ਕਹਿੰਦੇ ਹਨ, "ਭਾਰਤ ਹੁਣ ਉਸਦਾ ਘਰ ਹੈ।"

ਤਸਵੀਰ ਸਰੋਤ, Getty Images
ਰੁਕਾਵਟਾਂ ਭਰੀ ਇੱਕ ਨਵੀਂ ਜ਼ਿੰਦਗੀ
ਗੁਲਫ਼ਸ਼ਾਨ ਅਤੇ ਮੋਈਜ਼ ਅਫ਼ਰੀਦੀ ਦੋਵਾਂ ਨੇ ਤਲਾਕ ਲਿਆ ਅਤੇ ਦੋਵਾਂ ਨੇ ਦੂਜੀ ਵਾਰ ਵਿਆਹ ਕਰਵਾ ਲਿਆ।
ਗੁਲਫਸ਼ਾਨ ਨੇ 2022 ਵਿੱਚ ਦੂਜਾ ਵਿਆਹ ਕੀਤਾ ਅਤੇ ਉਸਦਾ ਪਤੀ ਭਾਰਤ ਤੋਂ ਹੈ ਅਤੇ ਕੰਮ ਲਈ ਦੁਬਈ ਵਿੱਚ ਰਹਿੰਦਾ ਹੈ। 2024 ਵਿੱਚ ਉਨ੍ਹਾਂ ਦੇ ਘਰ ਇੱਕ ਧੀ ਦਾ ਜਨਮ ਹੋਇਆ।
ਥੋੜ੍ਹੀ ਦੇਰ ਬਾਅਦ, ਹਾਦੀਆ ਦੇ ਪਿਤਾ ਜੋ ਕਿ ਪਾਕਿਸਤਾਨ ਵਿੱਚ ਸਨ, ਨੇ ਨਵੀਂ ਦਿੱਲੀ ਵਿੱਚ ਪਾਕਿਸਤਾਨੀ ਦੂਤਾਵਾਸ ਨੂੰ ਇੱਕ ਪਟੀਸ਼ਨ ਦਰਜ ਕਰਵਾਈ।
ਇਸ ਵਿੱਚ ਭਾਰਤ ਵਿੱਚ ਰਹਿੰਦੀ ਆਪਣੀ ਧੀ ਦੀ ਕਸਟਿਡੀ ਦੀ ਮੰਗ ਕੀਤੀ ਗਈ ਸੀ ਅਤੇ ਇਸ ਗੱਲ 'ਤੇ ਇਤਰਾਜ਼ ਵੀ ਜਤਾਇਆ ਗਿਆ ਕਿ ਇੱਕ ਪਾਕਿਸਤਾਨੀ ਨਾਗਰਿਕ (ਹਾਦੀਆ) ਇੰਨੇ ਲੰਬੇ ਸਮੇਂ ਤੱਕ ਭਾਰਤ ਵਿੱਚ ਕਿਵੇਂ ਰਹਿ ਸਕਦੀ ਹੈ।
ਪਟੀਸ਼ਨ ਵਿੱਚ ਪਿਤਾ ਦੀ ਦਲੀਲ ਸੀ ਕਿ ਪਾਕਿਸਤਾਨ ਦੇ ਕਾਨੂੰਨਾਂ ਦੇ ਤਹਿਤ, ਜੋੜੇ ਦੇ ਤਲਾਕ ਤੋਂ ਬਾਅਦ ਨਾਬਾਲਗ ਬੱਚਿਆਂ ਦੀ ਕਸਟਿਡੀ ਮਾਂ ਨੂੰ ਦਿੱਤੀ ਜਾਂਦੀ ਹੈ, ਪਰ ਜੇਕਰ ਮਾਂ ਦੁਬਾਰਾ ਵਿਆਹ ਕਰ ਲੈਂਦੀ ਹੈ, ਤਾਂ ਉਹ ਨਾਬਾਲਗ ਬੱਚੇ ਦੀ ਕਸਟਿਡੀ ਗੁਆ ਦਿੰਦੀ ਹੈ।
ਕਿਉਂਕਿ ਹਾਦੀਆ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ, ਇਸ ਲਈ ਉਹ ਇੱਕ ਪਾਕਿਸਤਾਨੀ ਨਾਗਰਿਕ ਹੈ। ਉਹ ਆਪਣੀ ਮਾਂ ਨਾਲ ਇੱਕ ਨਿਸ਼ਚਿਤ ਮਿਆਦ ਦੇ ਵੀਜ਼ੇ 'ਤੇ ਭਾਰਤ ਗਈ ਸੀ।
ਜਦੋਂ ਹਾਦੀਆ ਦੀ ਮਾਂ ਨੇ ਹਾਲ ਹੀ ਵਿੱਚ ਆਪਣੀ ਧੀ ਦੇ ਵੀਜ਼ੇ ਦੀ ਮਿਆਦ ਵਧਾਉਣ ਲਈ ਅਰਜ਼ੀ ਦਿੱਤੀ ਸੀ, ਤਾਂ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਇਸਨੂੰ ਰੱਦ ਕਰ ਦਿੱਤਾ ਗਿਆ ਸੀ।

ਤਸਵੀਰ ਸਰੋਤ, Getty Images
ਭਾਰਤ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਾਦੀਆ ਦੇ ਪਿਤਾ ਵੱਲੋਂ ਦਿੱਤੀ ਗਈ ਅਰਜ਼ੀ ਨੂੰ ਰੁਕਾਵਟ ਦੱਸਦੇ ਹੋਏ, ਵੀਜ਼ਾ ਐਕਸਟੈਂਸ਼ਨ ਅਰਜ਼ੀ ਨੂੰ ਰੱਦ ਕਰ ਦਿੱਤਾ।
ਇਹ ਇੱਕ ਅਜਿਹੀ ਸਥਿਤੀ ਸੀ ਜਿਸ ਨਾਲ ਇੱਕ ਪੰਜ ਸਾਲਾ ਕੁੜੀ ਨੂੰ ਇੱਕ ਅਜਿਹੇ ਦੇਸ਼ (ਪਾਕਿਸਤਾਨ) ਜਾਣਾ ਪਵੇਗਾ ਜਿਸ ਤੋਂ ਉਹ ਪੂਰੀ ਤਰ੍ਹਾਂ ਜਾਣੂ ਹੀ ਨਹੀਂ ਹੈ।
ਇਸ ਤੋਂ ਇਲਾਵਾ, ਹਾਲ ਹੀ ਦੇ ਸਮੇਂ ਵਿੱਚ ਜਿਸ ਚੀਜ਼ ਨੇ ਇਸ ਮੁੱਦੇ ਨੂੰ ਹੋਰ ਗੁੰਝਲਦਾਰ ਬਣਾਇਆ ਉਹ ਸੀ ਮਈ 2025 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਇਆ ਤਣਾਅ ਝੜਪਾਂ, ਜਿਸ ਨੇ ਦੋਵਾਂ ਦੇਸ਼ਾਂ ਨੂੰ ਜੰਗ ਦੇ ਕੰਢੇ 'ਤੇ ਪਹੁੰਚਾ ਦਿੱਤਾ ਸੀ।
ਤਣਾਅ ਦੇ ਦਿਨ੍ਹਾਂ ਦੌਰਾਨ ਭਾਰਤ ਸਰਕਾਰ ਨੇ ਭਾਰਤ ਵਿੱਚ ਆਏ ਹੋਏ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਜਾਣ ਦੇ ਹੁਕਮ ਦਿੱਤੇ ਸਨ।
'ਮੈਂ ਅੰਦਰੋਂ ਡਰੀ ਹੋਈ ਹਾਂ'
ਗੁਲਫ਼ਸ਼ਾਨ ਕਹਿੰਦੇ ਹਨ, "ਉਹ (ਹਾਦੀਆ) ਮੈਨੂੰ ਪੁੱਛਦੀ ਹੈ ਕਿ ਕੀ ਹੁਣ ਕੋਈ ਮੈਨੂੰ ਆਪਣੇ ਨਾਲ ਲੈ ਜਾਣ ਲਈ ਆਵੇਗਾ। ਮੈਂ ਉਸਨੂੰ ਭਰੋਸਾ ਦਿਵਾਉਂਦੀ ਹਾਂ, 'ਨਹੀਂ ਪੁੱਤ, ਮੈਂ ਇੱਥੇ ਹਾਂ।' ਪਰ ਸੱਚ ਇਹ ਹੈ ਕਿ ਮੈਂ ਅੰਦਰੋਂ ਡਰੀ ਹੋਈ ਹਾਂ।"
ਹਾਦੀਆ ਦੇ ਪਾਕਿਸਤਾਨੀ ਪਾਸਪੋਰਟ ਦੀ ਮਿਆਦ ਅਕਤੂਬਰ 2025 ਵਿੱਚ ਖ਼ਤਮ ਹੋਣ ਵਾਲੀ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਫ਼ੈਸਲਾ ਹਾਦੀਆ ਦੇ ਹੱਕ ਵਿੱਚ ਨਹੀਂ ਹੁੰਦਾ, ਤਾਂ ਉਸਨੂੰ ਭਾਰਤ ਸਰਕਾਰ ਦੁਆਰਾ ਇੱਕ ਗ਼ੈਰ-ਕਾਨੂੰਨੀ ਵਿਦੇਸ਼ੀ ਨਾਗਰਿਕ ਐਲਾਨਿਆ ਜਾ ਸਕਦਾ ਹੈ।
ਇਸ ਤੋਂ ਬਾਅਦ ਉਸਨੂੰ ਪਾਕਿਸਤਾਨ ਭੇਜਿਆ ਜਾਣਾ ਤੈਅ ਹੋਵੇਗਾ।

ਗੁਲਫ਼ਸ਼ਾਨ ਦਾ ਦਾਅਵਾ ਹੈ ਕਿ ਹਾਦੀਆ ਨਾ ਤਾਂ ਪਾਕਿਸਤਾਨ ਵਿੱਚ ਕਿਸੇ ਨੂੰ ਜਾਣਦੀ ਹੈ ਅਤੇ ਨਾ ਹੀ ਉੱਥੇ ਕੋਈ ਹੈ ਜੋ ਉਸਦੀ ਦੇਖਭਾਲ ਕਰ ਸਕੇ।
ਹਾਲਾਂਕਿ, ਹਾਦੀਆ ਦੇ ਪਿਤਾ ਮੋਈਜ਼ ਅਫ਼ਰੀਦੀ, ਜੋ ਪਾਕਿਸਤਾਨ ਵਿੱਚ ਹਨ, ਦਾ ਕਹਿਣਾ ਹੈ ਕਿ ਕਿਉਂਕਿ ਹਾਦੀਆ ਦੀ ਮਾਂ ਨੇ ਦੁਬਾਰਾ ਵਿਆਹ ਕਰਵਾ ਲਿਆ ਹੈ, ਇਸ ਲਈ ਉਹ ਹੁਣ ਧੀ ਦੀ ਕਸਟਿਡੀ ਦੀ ਹੱਕਦਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਸ਼ਰਿਆ ਤਹਿਤ, ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਪਿਤਾ ਦੀ ਹੈ, ਜਿਸ ਕਰਕੇ ਉਹ ਇਸ ਜ਼ਿੰਮੇਵਾਰੀ ਨੂੰ ਨਹੀਂ ਛੱਡਣਗੇ।
ਜਦੋਂ ਮੋਈਜ਼ ਅਫ਼ਰੀਦੀ ਤੋਂ ਪੁੱਛਿਆ ਗਿਆ ਕਿ ਉਹ ਬੱਚੀ ਦੀ ਦੇਖਭਾਲ ਕਿਵੇਂ ਕਰਨਗੇ, ਤਾਂ ਉਨ੍ਹਾਂ ਕਿਹਾ ਕਿ ਤਲਾਕ ਤੋਂ ਬਾਅਦ ਜਦੋਂ ਉਹ ਇਕੱਲੇ ਸਨ ਉਸ ਸਮੇਂ ਸਥਿਤੀ ਕੁਝ ਅਲੱਗ ਸੀ।
ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੇ ਦੁਬਾਰਾ ਵਿਆਹ ਕਰਵਾ ਲਿਆ ਹੈ ਅਤੇ ਹੁਣ ਇਸ ਜ਼ਿੰਮੇਵਾਰੀ ਨੂੰ ਆਰਾਮ ਨਾਲ ਨਿਭਾ ਸਕਦੇ ਹਨ।
ਦੂਜੇ ਪਾਸੇ, ਗੁਲਫ਼ਸ਼ਾਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਵੀ ਮਦਦ ਲਈ ਭਾਰਤ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਸਰਕਾਰ ਤੋਂ ਢੁੱਕਵਾਂ ਜਵਾਬ ਨਾ ਮਿਲਣ ਤੋਂ ਬਾਅਦ, ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੈ।
ਇੱਕ ਅਸਾਧਾਰਨ ਕਦਮ ਵਿੱਚ ਹਾਈ ਕੋਰਟ ਨੇ ਹਾਦੀਆ ਦੀ ਪਾਕਿਸਤਾਨੀ ਨਾਗਰਿਕਤਾ ਨੂੰ ਮਾਨਤਾ ਦੇ ਦਿੱਤੀ ਪਰ ਕੁੜੀ ਦੀ ਛੋਟੀ ਉਮਰ ਅਤੇ ਉਸਦੀ ਮਾਂ 'ਤੇ ਨਿਰਭਰਤਾ ਦਾ ਹਵਾਲਾ ਦਿੱਤਾ।
ਅਦਾਲਤ ਨੇ ਭਾਰਤ ਸਰਕਾਰ ਨੂੰ ਪਰਿਵਾਰ ਦੀ ਬੇਨਤੀ 'ਤੇ 'ਪੂਰੀ ਹਮਦਰਦੀ ਨਾਲ' ਵਿਚਾਰ ਕਰਨ ਅਤੇ ਤਿੰਨ ਮਹੀਨਿਆਂ ਦੇ ਅੰਦਰ ਇਸ 'ਤੇ ਫ਼ੈਸਲਾ ਲੈਣ ਦੇ ਨਿਰਦੇਸ਼ ਦਿੱਤੇ ਹਨ।
ਕਾਨੂੰਨੀ ਸਥਿਤੀ

ਤਸਵੀਰ ਸਰੋਤ, Getty Images
ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਹਾਦੀਆ ਦਾ ਮਾਮਲਾ ਕੌਮੀਅਤ ਅਤੇ ਕਸਟਿਡੀ ਵਰਗੇ ਮੁੱਦਿਆਂ ਦੀ ਸਖ਼ਤ ਵਿਆਖਿਆ ਦੀ ਮਨੁੱਖੀ ਕੀਮਤ ਨੂੰ ਉਜਾਗਰ ਕਰਦਾ ਹੈ।
ਹਾਲਾਂਕਿ, ਮਾਹਰਾਂ ਦਾ ਕਹਿਣਾ ਹੈ ਕਿ ਇਸ ਨੁਕਤੇ 'ਤੇ ਕਾਨੂੰਨ ਬਹੁਤ ਸਪੱਸ਼ਟ ਹੈ।
ਭਾਰਤ ਦੇ ਵਧੀਕ ਸਾਲਿਸਿਟਰ ਜਨਰਲ ਸੱਤਿਆ ਪਾਲ ਜੈਨ ਨੇ ਕਿਹਾ, "ਕਿਉਂਕਿ ਕੁੜੀ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ, ਇਸ ਲਈ ਉਹ ਕਾਨੂੰਨ ਮੁਤਾਬਿਕ ਅਤੇ ਜਨਮ ਤੋਂ ਪਾਕਿਸਤਾਨੀ ਨਾਗਰਿਕ ਹੈ।"
ਇਹ ਪੁੱਛੇ ਜਾਣ 'ਤੇ ਕਿ ਕੀ ਉਹ ਭਾਰਤ ਵਿੱਚ ਜ਼ਿਆਦਾ ਦੇਰ ਰਹਿ ਸਕਦੀ ਹੈ ਅਤੇ ਕੀ ਉਸਨੂੰ ਭਾਰਤੀ ਨਾਗਰਿਕਤਾ ਮਿਲ ਸਕਦੀ ਹੈ, ਸੱਤਿਆਪਾਲ ਜੈਨ ਨੇ ਕਿਹਾ ਕਿ ਇਸ ਸਬੰਧ ਵਿੱਚ ਭਾਰਤੀ ਨਾਗਰਿਕਤਾ ਐਕਟ ਦੇ ਤਹਿਤ ਇੱਕ ਵਿਸਤ੍ਰਿਤ ਪ੍ਰਕਿਰਿਆ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਅਜੇ ਤੱਕ ਗੁਲਫ਼ਸ਼ਾਨ ਅਤੇ ਹਾਦੀਆ ਦੀ ਅਰਜ਼ੀ (ਭਾਰਤ ਵਿੱਚ ਠਹਿਰਾਅ ਵਧਾਉਣ ਲਈ) 'ਤੇ ਅੰਤਿਮ ਫ਼ੈਸਲਾ ਨਹੀਂ ਦਿੱਤਾ ਹੈ।
ਗੁਲਫ਼ਸ਼ਾਨ ਨੂੰ ਉਮੀਦ ਹੈ ਕਿ ਫ਼ੈਸਲਾ ਉਨ੍ਹਾਂ ਦੇ ਹੱਕ ਵਿੱਚ ਹੋਵੇਗਾ।
"ਮੈਂ ਆਪਣੀ ਧੀ ਨੂੰ ਇੱਥੇ (ਭਾਰਤ) ਗ਼ੈਰ-ਕਾਨੂੰਨੀ ਢੰਗ ਨਾਲ ਨਹੀਂ ਲਿਆਈ, ਮੈਂ ਉਸਨੂੰ ਪਾਕਿਸਤਾਨ ਦੀਆਂ ਅਦਾਲਤਾਂ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਇੱਥੇ ਲਿਆਈ ਹਾਂ। ਹੁਣ ਮੈਂ ਉਸਨੂੰ ਸ਼ਾਂਤੀ ਨਾਲ ਪਾਲਨਾ ਚਾਹੁੰਦੀ ਹਾਂ।'
ਪਾਕਿਸਤਾਨ ਵਿੱਚ ਪਰਿਵਾਰਿਕ ਕਾਨੂੰਨ ਦੇ ਮਾਹਰ ਐਡਵੋਕੇਟ ਸਦਾਫ਼ ਜਮੀਲ ਨੇ ਕਿਹਾ ਕਿ ਇੱਕ ਜੋੜੇ ਵਿਚਕਾਰ ਤਲਾਕ ਦੀ ਸਥਿਤੀ ਵਿੱਚ, ਨਾਬਾਲਗ ਬੱਚਿਆਂ ਦੀ ਕਸਟਿਡੀ ਦੇ ਮਾਮਲਿਆਂ ਦਾ ਫ਼ੈਸਲਾ ਆਮ ਤੌਰ 'ਤੇ ਗਾਰਡੀਅਨਜ਼ ਐਂਡ ਵਾਰਡਜ਼ ਐਕਟ 1890 ਅਤੇ ਇਸਲਾਮੀ (ਸ਼ਰੀਆ) ਕਾਨੂੰਨਾਂ ਦੇ ਤਹਿਤ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ, ਅਦਾਲਤਾਂ ਫ਼ੈਸਲੇ ਲੈਂਦੇ ਸਮੇਂ ਬੱਚੇ ਦੀ ਭਲਾਈ ਨੂੰ ਸਭ ਤੋਂ ਵੱਧ ਤਰਜੀਹ ਦਿੰਦੀਆਂ ਹਨ ਅਤੇ ਇਹ ਦੇਖਦੀਆਂ ਹਨ ਕਿ ਬੱਚੇ ਦੀ ਪਰਵਰਿਸ਼ ਮਾਂ ਵੱਲੋਂ ਬਿਹਤਰ ਢੰਗ ਨਾਲ ਕੀਤੀ ਜਾ ਸਕਦੀ ਹੈ ਜਾਂ ਪਿਤਾ ਅਜਿਹਾ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਬੱਚਾ ਸੱਤ ਸਾਲ ਤੋਂ ਘੱਟ ਉਮਰ ਦਾ ਹੈ, ਤਾਂ ਆਮ ਤੌਰ 'ਤੇ ਇਹ ਦੇਖਿਆ ਗਿਆ ਹੈ ਕਿ ਕਸਟਿਡੀ ਮਾਂ ਨੂੰ ਦਿੱਤੀ ਜਾਂਦੀ ਹੈ, ਪਰ ਸੱਤ ਸਾਲ ਦੀ ਉਮਰ ਤੱਕ ਪਹੁੰਚਣ ਤੋਂ ਬਾਅਦ, ਪਿਤਾ ਵੀ ਕਸਟਿਡੀ ਦਾ ਦਾਅਵਾ ਕਰ ਸਕਦਾ ਹੈ।
ਉਨ੍ਹਾਂ ਕਹਿੰਦੇ ਹਨ, ਜੇਕਰ ਮਾਂ ਲੜਕਾ ਜਾਂ ਲੜਕੀ ਸੱਤ ਸਾਲ ਦੀ ਉਮਰ ਤੱਕ ਪਹੁੰਚਣ ਤੋਂ ਪਹਿਲਾਂ ਦੁਬਾਰਾ ਵਿਆਹ ਕਰ ਲੈਂਦੀ ਹੈ, ਤਾਂ ਪਿਤਾ ਇਸ ਆਧਾਰ 'ਤੇ ਕਸਟਿਡੀ ਦਾ ਦਾਅਵਾ ਕਰ ਸਕਦਾ ਹੈ।
ਸਦਾਫ਼ ਕਹਿੰਦੇ ਹਨ ਕਿ ਹਾਲਾਂਕਿ, ਇਸ ਮਾਮਲੇ ਵਿੱਚ ਵੀ ਅਦਾਲਤ ਬੱਚੇ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ੈਸਲਾ ਕਰਦੀ ਹੈ, ਜਿੱਥੇ ਬੱਚਿਆਂ ਦੀ ਪਰਵਰਿਸ਼ ਸਭ ਤੋਂ ਵਧੀਆ ਤਰੀਕੇ ਨਾਲ ਕੀਤੀ ਜਾ ਸਕਦੀ ਹੈ।
ਜਦੋਂ ਅਸੀਂ ਗੁਲਫ਼ਸ਼ਾਨ ਨਾਲ ਗੱਲ ਕਰ ਰਹੇ ਸੀ, ਹਾਦੀਆ ਆਪਣੇ ਰੰਗ- ਬਰੰਗੀਆਂ ਪੈਨਸਲਾਂ ਨਾਲ ਕਾਗਜ਼ 'ਤੇ ਕੁਝ ਲਿਖ ਰਹੀ ਸੀ।
ਹਾਦੀਆ ਨੂੰ ਦੂਤਾਵਾਸ ਦੇ ਮਾਮਲਿਆਂ, ਬੱਚਿਆਂ ਦੀ ਕਸਟਿਡੀ ਜਾਂ ਦੇਸ਼ ਨਿਕਾਲੇ ਬਾਰੇ ਕੁਝ ਨਹੀਂ ਪਤਾ।
ਗੁਲਫ਼ਸ਼ਾਨ ਨੇ ਹਾਦੀਆ ਨੂੰ ਨੇੜੇ ਲਿਆਉਂਦੇ ਹੋਏ ਕਿਹਾ, "ਇਹ (ਹਾਦੀਆ) ਕੋਈ ਸਿਆਸੀ ਮੁੱਦਾ ਨਹੀਂ ਹੈ। ਉਹ ਸਿਰਫ਼ ਇੱਕ ਛੋਟੀ ਕੁੜੀ ਹੈ, ਜੋ ਮੇਰੀ ਧੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












