ਸ਼ੁਭਮਨ ਗਿੱਲ ਨੂੰ ਵਿਰਾਟ ਕੋਹਲੀ ਵਾਂਗ ਜੇ 'ਸਫ਼ਲ ਕ੍ਰਿਕਟਰ' ਬਣਨਾ ਹੈ ਤਾਂ ਇਨ੍ਹਾਂ ਔਕੜਾਂ ਨੂੰ ਪਾਰ ਕਰਨਾ ਪੈਣਾ ਹੈ

ਤਸਵੀਰ ਸਰੋਤ, Getty Images
- ਲੇਖਕ, ਸ਼ਾਰਦਾ ਉਗਰਾ
- ਰੋਲ, ਬੀਬੀਸੀ ਪੱਤਰਕਾਰ
ਕ੍ਰਿਕਟਰ ਸ਼ੁਭਮਨ ਗਿੱਲ ਦੀ ਤੁਲਨਾ ਵਿਰਾਟ ਕੋਹਲੀ ਨਾਲ ਕਰਨਾ ਅੱਜ ਦੇ ਸਮੇਂ ਵਿੱਚ ਸਹੀ ਨਹੀਂ ਲੱਗੇਗਾ, ਪਰ ਜੇਕਰ ਅਸੀਂ 2014 ਵਿੱਚ ਮਹਿੰਦਰ ਸਿੰਘ ਧੋਨੀ ਦੇ ਅਚਾਨਕ ਸੰਨਿਆਸ ਤੋਂ ਬਾਅਦ ਵਿਰਾਟ ਕੋਹਲੀ ਨੂੰ ਦਿੱਤੀ ਗਈ ਟੈਸਟ ਟੀਮ ਦੀ ਕਪਤਾਨੀ ਦੀ ਤੁਲਨਾ ਕਰੀਏ, ਤਾਂ ਮਾਮਲਾ ਥੋੜ੍ਹਾ ਵੱਖਰਾ ਦਿਖਾਈ ਦੇਵੇਗਾ।
ਜਦੋਂ ਵਿਰਾਟ ਕੋਹਲੀ ਨੂੰ 2014 ਵਿੱਚ ਟੈਸਟ ਟੀਮ ਦਾ ਕਪਤਾਨ ਬਣਾਇਆ ਗਿਆ ਸੀ, ਤਾਂ ਉਨ੍ਹਾਂ ਨੇ ਉਸ ਤੋਂ ਪਹਿਲਾਂ 29 ਟੈਸਟਾਂ ਵਿੱਚ 1,855 ਦੌੜਾਂ ਬਣਾਈਆਂ ਸਨ। ਇਨ੍ਹਾਂ ਵਿੱਚ ਛੇ ਸੈਂਕੜੇ ਅਤੇ ਨੌਂ ਅਰਧ ਸੈਂਕੜੇ ਸ਼ਾਮਲ ਸਨ। ਕੋਹਲੀ ਦੀ ਔਸਤ 39.46 ਸੀ ਅਤੇ ਉਹ ਮਹਿਜ਼ 26 ਸਾਲ ਦੇ ਸਨ।
ਜਦੋਂ ਸ਼ੁਭਮਨ ਗਿੱਲ 20 ਜੂਨ ਨੂੰ ਹੈਡਿੰਗਲੇ ਵਿੱਚ ਭਾਰਤ ਵੱਲੋਂ ਟਾਸ ਕਰਨ ਲਈ ਮੈਦਾਨ ਵਿੱਚ ਉਤਰਨਗੇ, ਤਾਂ ਉਨ੍ਹਾਂ ਦੀ ਉਮਰ 25 ਸਾਲ 285 ਦਿਨ ਹੋਵੇਗੀ। ਕਪਤਾਨੀ ਦੇ ਮਾਮਲੇ ਵਿੱਚ, ਸ਼ੁਭਮਨ ਗਿੱਲ ਟਾਈਗਰ ਪਟੌਦੀ, ਸਚਿਨ ਤੇਂਦੁਲਕਰ, ਕਪਿਲ ਦੇਵ ਅਤੇ ਰਵੀ ਸ਼ਾਸਤਰੀ (ਜਿਨ੍ਹਾਂ ਨੇ ਸਿਰਫ਼ ਇੱਕ ਟੈਸਟ ਦੀ ਕਪਤਾਨੀ ਕੀਤੀ ਸੀ) ਤੋਂ ਬਾਅਦ ਪੰਜਵੇਂ ਸਭ ਤੋਂ ਘੱਟ ਉਮਰ ਦੇ ਖਿਡਾਰੀ ਹੋਣਗੇ।
ਗਿੱਲ ਨੇ ਹੁਣ ਤੱਕ 32 ਟੈਸਟ ਖੇਡੇ ਹਨ ਅਤੇ 1,893 ਦੌੜਾਂ ਬਣਾਈਆਂ ਹਨ। ਇਸ ਸਮੇਂ ਦੌਰਾਨ, ਉਨ੍ਹਾਂ ਨੇ ਪੰਜ ਸੈਂਕੜੇ ਅਤੇ ਸੱਤ ਅਰਧ ਸੈਂਕੜੇ ਲਗਾਏ ਹਨ। ਗਿੱਲ ਦੀ ਔਸਤ 35.05 ਹੈ।
2011 ਤੋਂ ਬਾਅਦ, ਵਿਰਾਟ ਕੋਹਲੀ ਨੇ ਇੱਕ ਰੋਜ਼ਾ ਕ੍ਰਿਕਟ 'ਤੇ ਦਬਦਬਾ ਬਣਾਇਆ, ਪਰ ਇਹ ਟੈਸਟ ਕਪਤਾਨੀ ਸੀ ਜਿਸਨੇ ਕੋਹਲੀ ਨੂੰ ਇੱਕ ਮਹਾਨ ਖਿਡਾਰੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਕੋਹਲੀ ਨੇ ਆਪਣੇ ਆਪ ਨੂੰ ਸਭ ਤੋਂ ਸਫ਼ਲ ਕਪਤਾਨ ਵਜੋਂ ਸਥਾਪਿਤ ਕੀਤਾ ਹੈ। ਗਿੱਲ ਨੇ ਕੋਹਲੀ ਦੇ ਇਸ ਉਭਾਰ ਨੂੰ ਦੇਖਿਆ ਹੈ।
ਉਹ ਜਾਣਦੇ ਹਨ ਕਿ ਜੇਕਰ ਉਹ ਇੱਕ ਚੰਗਾ ਭਾਰਤੀ ਕਪਤਾਨ ਬਣਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਪਹਿਲਾਂ ਟੈਸਟ ਕ੍ਰਿਕਟ ਦੀਆਂ ਮੁਸ਼ਕਲ ਮੰਗਾਂ ਨੂੰ ਪੂਰਾ ਕਰਨਾ ਪਵੇਗਾ।
ਗਿੱਲ ਕੋਲ ਸਮਾਂ ਹੈ ਕਿਉਂਕਿ ਉਹ ਅਜੇ ਜਵਾਨ ਹਨ। 2014 ਵਿੱਚ ਵੀ ਇਹੀ ਗੱਲ ਕੋਹਲੀ ਦੇ ਹੱਕ ਵਿੱਚ ਸੀ।
ਇਸ ਵੇਲੇ ਗਿੱਲ ਨੂੰ ਸਿਰਫ਼ ਇੰਗਲੈਂਡ ਦੌਰੇ ਲਈ ਕਪਤਾਨ ਬਣਾਇਆ ਗਿਆ ਹੈ, ਪਰ ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਨੇ ਕਿਹਾ ਹੈ, "ਤੁਸੀਂ ਇੱਕ ਜਾਂ ਦੋ ਦੌਰਿਆਂ ਲਈ ਕਪਤਾਨ ਨਹੀਂ ਚੁਣਦੇ। ਅਸੀਂ ਅਜਿਹਾ ਨਿਵੇਸ਼ ਕਰਨਾ ਚਾਹੁੰਦੇ ਹਾਂ ਜੋ ਭਵਿੱਖ ਵਿੱਚ ਸਾਡੇ ਲਈ ਲਾਭਦਾਇਕ ਹੋਵੇ।"
ਦੋ ਸਾਲ ਚੱਲਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਇੰਗਲੈਂਡ ਦੌਰੇ ਨਾਲ ਸ਼ੁਰੂ ਹੋਵੇਗੀ।
ਇੱਕ ਤਰ੍ਹਾਂ ਨਾਲ, ਗਿੱਲ ਨੂੰ ਸਿੱਧਾ ਡੂੰਘੇ ਪਾਣੀ ਵਿੱਚ ਸੁੱਟ ਦਿੱਤਾ ਗਿਆ ਹੈ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਉਹ ਤੈਰ ਸਕਦੇ ਹਨ ਜਾਂ ਨਹੀਂ।
ਹਰ ਕਪਤਾਨ ਇੱਕੋ ਜਿਹਾ ਨਹੀਂ ਹੁੰਦਾ। ਗਿੱਲ ਦੀ ਸ਼ਖਸੀਅਤ ਕੋਹਲੀ ਦੇ ਹਮਲਾਵਰ ਜਾਂ ਰੋਹਿਤ ਸ਼ਰਮਾ ਦੇ ਸ਼ਾਂਤਮਈ ਰਵੱਈਏ ਨਾਲ ਮੇਲ ਨਹੀਂ ਖਾਂਦੀ। ਗਿੱਲ ਵਿੱਚ ਕੋਹਲੀ ਅਤੇ ਰੋਹਿਤ ਦੋਵਾਂ ਦੇ ਕੁਝ ਗੁਣ ਹਨ।
ਉਹ ਰੋਹਿਤ ਵਾਂਗ ਸ਼ਾਂਤ ਸੁਭਾਅ ਅਤੇ ਕੋਹਲੀ ਵਾਂਗ ਸਵੈ-ਜਾਗਰੂਕਤਾ ਨਾਲ ਕੰਮ ਕਰਦੇ ਹਨ।
ਆਈਪੀਐੱਲ ਵਿੱਚ ਗਿੱਲ ਦੀ ਕਪਤਾਨੀ

ਤਸਵੀਰ ਸਰੋਤ, Getty Images
ਭਾਰਤੀ ਟੈਸਟ ਕ੍ਰਿਕਟ ਟੀਮ ਵਿੱਚ ਬਦਲਾਅ ਦੇ ਇਸ ਦੌਰ ਵਿੱਚ, ਚੋਣਕਾਰਾਂ ਨੇ ਗਿੱਲ ਵਿੱਚ ਉਨ੍ਹਾਂ ਦੀ ਬੱਲੇਬਾਜ਼ੀ ਯੋਗਤਾ ਤੋਂ ਇਲਾਵਾ ਸਭ ਤੋਂ ਅਹਿਮ ਚੀਜ਼ ਜੋ ਦੇਖੀ, ਉਹ ਹੈ ਉਨ੍ਹਾਂ ਦੀ ਸ਼ਖਸੀਅਤ ਵਿੱਚ 'ਸਥਿਰਤਾ'।
ਭਾਵੇਂ ਟੀ-20 ਕ੍ਰਿਕਟ ਵਿੱਚ ਮਿਲੀ ਸਫਲਤਾ ਦੀ ਤੁਲਨਾ ਟੈਸਟ ਕ੍ਰਿਕਟ ਨਾਲ ਕਰਨਾ ਸਹੀ ਨਹੀਂ ਹੈ, ਪਰ ਟੀ-20 ਵਿੱਚ ਕਪਤਾਨ ਹਰ ਗੇਂਦ 'ਤੇ ਪ੍ਰਤੀਕਿਰਿਆ ਕਰਦਾ ਹੈ। ਇਹ ਯਕੀਨੀ ਤੌਰ 'ਤੇ ਦਬਾਅ ਹੇਠ ਉਨ੍ਹਾਂ ਦੇ ਪ੍ਰਦਰਸ਼ਨ ਦੀ ਝਲਕ ਦਿੰਦਾ ਹੈ।
ਇਹ ਗੁਜਰਾਤ ਟਾਈਟਨਸ ਦੇ ਕਪਤਾਨ ਵਜੋਂ ਸ਼ੁਭਮਨ ਗਿੱਲ ਦਾ ਦੂਜਾ ਆਈਪੀਐੱਲ ਸੀਜ਼ਨ ਸੀ।
ਪਰ ਕੇਐੱਲ ਰਾਹੁਲ, ਸੰਜੂ ਸੈਮਸਨ ਅਤੇ ਰਿਸ਼ਭ ਪੰਤ ਦੇ ਉਲਟ, ਕਪਤਾਨੀ ਦਾ ਗਿੱਲ ਦੀ ਬੱਲੇਬਾਜ਼ੀ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਿਆ।
ਇਸ ਸਾਲ, ਗਿੱਲ ਨੇ ਨਾ ਸਿਰਫ਼ ਆਪਣੀ ਟੀਮ (ਗੁਜਰਾਤ ਟਾਈਟਨਜ਼) 'ਤੇ ਕੰਟਰੋਲ ਬਣਾਈ ਰੱਖਿਆ, ਸਗੋਂ ਜਿੱਤ ਅਤੇ ਹਾਰ ਦੋਵਾਂ ਸਥਿਤੀਆਂ ਵਿੱਚ ਸਬਰ ਅਤੇ ਸਮਝਦਾਰੀ ਵੀ ਦਿਖਾਈ।
ਗਿੱਲ ਦੀ ਅਸਲੀ ਪ੍ਰੀਖਿਆ ਕ੍ਰਿਕਟ ਦੇ ਸਭ ਤੋਂ ਔਖੇ ਫਾਰਮੈਟ ਯਾਨੀ ਟੈਸਟ ਵਿੱਚ ਸ਼ੁਰੂ ਹੋਣ ਵਾਲੀ ਹੈ।

ਆਈਪੀਐੱਲ ਵਿੱਚ ਆਪਣੀ ਸਫਲਤਾ ਦੇ ਬਾਵਜੂਦ, ਸ਼ੁਭਮਨ ਗਿੱਲ ਪੁਰਾਣੇ ਯੁੱਗ ਦੇ ਕ੍ਰਿਕਟਰ ਵਾਂਗ ਦਿਖਦੇ ਹਨ, ਬਿਨ੍ਹਾਂ ਦਾੜ੍ਹੀ ਦੇ ਸਾਫ਼ ਸੁਥਰੇ ਚਿਹਰੇ ਵਾਲੇ ਅਤੇ ਟੈਟੂ ਵੀ ਲੁਕੇ ਜਿਹੇ।
ਪਰ ਕੈਮਰਾ ਬੰਦ ਹੋਣ ਤੋਂ ਬਾਅਦ ਬੋਲਣਾ ਉਨ੍ਹਾਂ ਦੇ ਬੱਲੇ ਦਾ ਕੰਮ ਹੈ। ਪਿਛਲੀ ਬਾਰਡਰ-ਗਾਵਸਕਰ ਲੜੀ ਵਿੱਚ, ਗਿੱਲ ਨੇ ਪੰਜ ਵਿੱਚੋਂ ਸਿਰਫ਼ ਤਿੰਨ ਟੈਸਟ ਖੇਡੇ ਸਨ।
ਜਦੋਂ ਰੋਹਿਤ ਸ਼ਰਮਾ ਨੇ ਸਿਡਨੀ ਟੈਸਟ (ਆਖਰੀ ਟੈਸਟ) ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ, ਤਾਂ ਗਿੱਲ ਨੂੰ ਪਲੇਇੰਗ ਇਲੈਵਨ ਵਿੱਚ ਵਾਪਸੀ ਦਾ ਮੌਕਾ ਮਿਲਿਆ।
ਪਿਛਲੇ ਟੈਸਟ ਦੀਆਂ ਦੋਵੇਂ ਪਾਰੀਆਂ ਵਿੱਚ ਗਿੱਲ ਜਲਦੀ ਆਊਟ ਹੋ ਗਏ ਸਨ। ਪਹਿਲੀ ਪਾਰੀ ਵਿੱਚ, ਨਾਥਨ ਲਿਓਨ ਨੇ ਲੰਚ ਤੋਂ ਠੀਕ ਪਹਿਲਾਂ ਗਿੱਲ ਨੂੰ ਆਪਣੀ ਸਪਿਨ ਵਿੱਚ ਫਸਾਇਆ ਅਤੇ ਦੂਜੀ ਪਾਰੀ ਵਿੱਚ, ਮੱਧਮ ਤੇਜ਼ ਗੇਂਦਬਾਜ਼ ਬਿਊ ਵੈਬਸਟਰ ਨੇ ਗਿੱਲ ਨੂੰ ਆਊਟ ਕੀਤਾ।
ਚਾਰ ਮਹੀਨੇ ਬਾਅਦ ਗਿੱਲ ਨੂੰ ਟੈਸਟ ਕਪਤਾਨ ਬਣਾਉਣਾ ਇੱਕ ਅਜਿਹਾ ਫ਼ੈਸਲਾ ਸਾਬਤ ਹੋ ਸਕਦਾ ਹੈ ਜੋ ਨਾ ਸਿਰਫ਼ ਇੱਕ ਖਿਡਾਰੀ ਦੇ ਕਰੀਅਰ ਨੂੰ ਬਦਲ ਦੇਵੇਗਾ, ਸਗੋਂ ਭਾਰਤੀ ਕ੍ਰਿਕਟ ਦੀ ਦਿਸ਼ਾ ਵੀ ਬਦਲ ਦੇਵੇਗਾ।
ਭਾਰਤੀ ਟੀਮ ਦੀ ਚਿੰਤਾ

ਤਸਵੀਰ ਸਰੋਤ, Getty Images
ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਨੇ ਕਿਹਾ ਹੈ, "ਗਿੱਲ ਨੂੰ ਪਹਿਲਾਂ ਆਪਣੇ ਆਪ ਨੂੰ ਇੱਕ ਬੱਲੇਬਾਜ਼ ਵਜੋਂ ਸਥਾਪਿਤ ਕਰਨਾ ਹੋਵੇਗਾ ਪਰ ਸੱਟ ਦੇ ਬਾਵਜੂਦ, ਉਨ੍ਹਾਂ ਨੂੰ ਹੁਣ ਕਪਤਾਨ ਵਜੋਂ ਆਪਣੇ ਪੈਰ ਜਮਾਉਣ ਲਈ ਘੱਟੋ-ਘੱਟ ਦਸ ਪਾਰੀਆਂ ਖੇਡਣ ਦੀ ਲੋੜ ਹੋਵੇਗੀ।"
ਗਿੱਲ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੰਗਲੈਂਡ ਵਿੱਚ ਉਨ੍ਹਾਂ ਦੇ ਅੰਕੜੇ ਮਾੜੇ ਹਨ। ਉਨ੍ਹਾਂ ਨੇ ਛੇ ਪਾਰੀਆਂ ਵਿੱਚ 14.66 ਦੀ ਔਸਤ ਨਾਲ ਸਿਰਫ਼ 88 ਦੌੜਾਂ ਬਣਾਈਆਂ ਹਨ।
ਇੰਗਲੈਂਡ ਵਿੱਚ, ਕੇਐੱਲ ਰਾਹੁਲ ਨੇ 18 ਪਾਰੀਆਂ ਵਿੱਚ 34.11 ਦੀ ਔਸਤ ਨਾਲ 614 ਦੌੜਾਂ ਬਣਾਈਆਂ ਹਨ। ਇਸ ਵਿੱਚ ਇੱਕ ਸੈਂਕੜਾ ਅਤੇ ਇੱਕ ਅਰਧ ਸੈਂਕੜਾ ਸ਼ਾਮਲ ਹੈ।
ਇਸ ਦੇ ਨਾਲ ਹੀ, ਉਪ-ਕਪਤਾਨ ਰਿਸ਼ਭ ਪੰਤ ਨੇ 15 ਪਾਰੀਆਂ ਵਿੱਚ 34.06 ਦੀ ਔਸਤ ਨਾਲ 511 ਦੌੜਾਂ ਬਣਾਈਆਂ ਹਨ। ਪੰਤ ਨੇ ਇਸ ਸਮੇਂ ਦੌਰਾਨ ਦੋ ਸੈਂਕੜੇ ਅਤੇ ਦੋ ਅਰਧ ਸੈਂਕੜੇ ਲਗਾਏ ਹਨ।
ਇਨ੍ਹਾਂ ਦੋਵਾਂ ਤੋਂ ਇਲਾਵਾ, ਕਿਸੇ ਹੋਰ ਬੱਲੇਬਾਜ਼ ਨੂੰ ਇੰਗਲੈਂਡ ਵਿੱਚ ਕੋਈ ਟੈਸਟ ਮੈਚ ਖੇਡਣ ਦਾ ਤਜਰਬਾ ਜਾਂ ਸਫ਼ਲਤਾ ਨਹੀਂ ਮਿਲੀ ਹੈ, ਇਸ ਲਈ ਕੁਦਰਤੀ ਤੌਰ 'ਤੇ ਭਾਰਤੀ ਪ੍ਰਸ਼ੰਸਕ ਚਿੰਤਤ ਹੋਣਗੇ।
ਗਿੱਲ ਦੇ ਹੱਕ ਵਿੱਚ ਕਿਹੜੇ ਕਾਰਕ ਹਨ

ਤਸਵੀਰ ਸਰੋਤ, ANI
ਸ਼ੁਭਮਨ ਅਤੇ ਭਾਰਤ ਦੇ ਹੱਕ ਵਿੱਚ ਦੋ ਗੱਲਾਂ ਚੰਗੀਆਂ ਹਨ। ਸ਼ੁਭਮਨ ਆਪਣੇ ਕਰੀਅਰ ਦੇ ਉਸ ਪੜਾਅ 'ਤੇ ਹੈ ਜਦੋਂ ਬਾਹਰੀ ਮੰਗਾਂ ਅਤੇ ਦਬਾਅ ਬੱਲੇਬਾਜ਼ਾਂ ਨੂੰ ਅੱਗੇ ਵਧਣ ਅਤੇ ਆਪਣੀ ਖੇਡ ਨੂੰ ਬਿਹਤਰ ਬਣਾਉਣ ਲਈ ਪ੍ਰੇਰਿਤ ਕਰਦੇ ਹਨ - ਜਿਵੇਂ ਕਿ ਕੋਹਲੀ ਲਈ ਹੋਇਆ ਸੀ।
ਫ਼ਿਲਹਾਲ ਗਿੱਲ, 2014 ਦੇ ਕੋਹਲੀ ਵਾਂਗ, ਸਿਰਫ਼ ਇੱਕ ਫਾਰਮੈਟ ਦੇ ਕਪਤਾਨ ਹਨ।
ਦੂਜੀ ਗੱਲ ਇਹ ਹੈ ਕਿ ਤੇਜ਼ ਗੇਂਦਬਾਜ਼ਾਂ ਜਿੰਮੀ ਐਂਡਰਸਨ ਅਤੇ ਸਟੂਅਰਟ ਬ੍ਰਾਡ ਦੇ ਸੰਨਿਆਸ ਤੋਂ ਬਾਅਦ ਇੰਗਲੈਂਡ ਵੀ ਆਪਣੀ ਗੇਂਦਬਾਜ਼ੀ ਵਿੱਚ ਬਦਲਾਅ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ।
ਸ਼ੁਰੂਆਤੀ ਲੜੀ ਵਿੱਚ ਗਿੱਲ ਲਈ ਸਭ ਤੋਂ ਅਹਿਮ ਗੱਲ ਕੋਚ ਗੌਤਮ ਗੰਭੀਰ ਨਾਲ ਉਨ੍ਹਾਂ ਦਾ ਤਾਲਮੇਲ ਹੋਵੇਗਾ।
ਕਿਹਾ ਜਾ ਰਿਹਾ ਸੀ ਕਿ ਰੋਹਿਤ ਅਤੇ ਗੰਭੀਰ ਵਿਚਕਾਰ ਇੱਕ ਕੜੀ ਦੀ ਭੂਮਿਕਾ ਨਿਭਾਉਣ ਲਈ ਅਭਿਸ਼ੇਕ ਨਾਇਰ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।
ਪਰ ਹੁਣ ਨਾਇਰ ਚਲਾ ਗਿਆ ਹੈ ਅਤੇ ਗਿੱਲ ਨੂੰ ਗੰਭੀਰ ਨਾਲ ਤਾਲਮੇਲ ਬਿਠਾਉਣ ਦਾ ਆਪਣਾ ਰਸਤਾ ਲੱਭਣਾ ਪਵੇਗਾ।
ਗਿੱਲ ਨੂੰ ਬੰਗਲਾਦੇਸ਼, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਰੁੱਧ ਲੜੀ ਵਿੱਚ ਗੰਭੀਰ ਦੇ ਪ੍ਰਬੰਧਨ ਅਤੇ ਫ਼ੈਸਲਾ ਲੈਣ ਦੀ ਸ਼ੈਲੀ ਨੂੰ ਦੇਖਣ ਦਾ ਮੌਕਾ ਮਿਲਿਆ ਹੈ।
ਉਨ੍ਹਾਂ ਨੂੰ ਇਹ ਵੀ ਪਤਾ ਹੋਵੇਗਾ ਕਿ ਅਸਫ਼ਲਤਾਵਾਂ ਤੋਂ ਬਾਅਦ, ਕ੍ਰਿਕਟ ਵਿੱਚ ਬਦਲਾਅ ਦਾ ਇੱਕ ਦੌਰ ਜਾਰੀ ਰਹਿੰਦਾ ਹੈ।
ਪਹਿਲਾਂ ਕਪਤਾਨ ਜਾਂਦਾ ਹੈ ਅਤੇ ਫਿਰ ਕੋਚ ਜਾਂਦਾ ਹੈ। ਭਾਰਤ ਆਪਣੀਆਂ ਪਿਛਲੀਆਂ ਦੋ ਟੈਸਟ ਸੀਰੀਜ਼ ਹਾਰ ਚੁੱਕਾ ਹੈ।
ਇਨ੍ਹਾਂ ਹਾਰਾਂ ਤੋਂ ਬਾਅਦ, ਕਪਤਾਨ ਚਲਾ ਗਿਆ ਹੈ ਅਤੇ ਹੁਣ ਕੋਚ ਗੰਭੀਰ ਦੇ ਗਲੇ 'ਤੇ ਤਲਵਾਰ ਲਟਕ ਰਹੀ ਹੈ।
ਫ਼ਿਲਹਾਲ ਸ਼ੁਭਮਨ ਗਿੱਲ ਕੋਲ ਕਪਤਾਨੀ ਵਿੱਚ ਆਪਣੇ ਆਪ ਨੂੰ ਸਾਬਤ ਕਰਨ ਦਾ ਇੱਕ ਚੰਗਾ ਮੌਕਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












