ਸੰਸਾਰ 'ਚ ਹੁਣ ਲੋਕ 100 ਸਾਲ ਤੋਂ ਵੱਧ ਕਿਵੇਂ ਜਿਉਂ ਰਹੇ ਹਨ? ਲੰਮੀ ਉਮਰ ਦੇ ਕੀ ਰਾਜ਼ ਹਨ

    • ਲੇਖਕ, ਫਰਨਾਂਜੋ ਦੁਆਰਤੇ
    • ਰੋਲ, ਬੀਬੀਸੀ ਪੱਤਰਕਾਰ

ਨਵੰਬਰ ਦਾ ਆਖ਼ਰੀ ਹਫ਼ਤਾ ਜੋਆਓ ਮਾਰਿਨਹੋ ਨੇਟੋ ਲਈ ਹਮੇਸ਼ਾ ਵਾਂਗ ਹੀ ਸੀ। ਪਹਿਲਾਂ ਪਸ਼ੂ ਪਾਲਣ ਦਾ ਕੰਮ ਕਰਨ ਵਾਲੇ ਨੇਟੋ ਆਪਣੇ ਪੁਰਾਣੇ ਚਿਕਨ ਕੈਸਰੋਲ (ਡੱਬੇ) ਦਾ ਇੰਤਜ਼ਾਰ ਕਰ ਰਹੇ ਸਨ।

ਉਹ ਪਿਛਲੇ 10 ਸਾਲਾਂ ਤੋਂ ਬ੍ਰਾਜ਼ੀਲ ਦੇ ਉੱਤਰ-ਪੂਰਬ ਵਿੱਚ ਇੱਕ ਛੋਟੇ ਜਿਹੇ ਕਸਬੇ ਅਪੁਏਰੇਸ ਵਿੱਚ ਰਹਿ ਰਹੇ ਸਨ।

ਹਾਲਾਂਕਿ, ਤਿੰਨ ਦਿਨਾਂ ਬਾਅਦ 112 ਸਾਲਾਂ ਦੇ ਨੇਟੋ ਦੇਸ਼ਾਂ-ਵਿਦੇਸ਼ਾਂ ਵਿੱਚ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਵਜੋਂ ਸੁਰਖ਼ੀਆਂ ਵਿੱਚ ਆ ਗਏ।

ਜਿਸ ਨਰਸ ਨੇ ਉਨ੍ਹਾਂ ਨੂੰ ਇਹ ਖ਼ਬਰ ਦਿੱਤੀ, ਇਸੇ ਨਰਸ ਨੂੰ ਨੇਟੋ ਨੇ ਮਜ਼ਾਕ ਵਿੱਚ ਕਿਹਾ, "ਮੈਂ ਸਭ ਤੋਂ ਸੋਹਣਾ ਵੀ ਹਾਂ।"

ਜੌਹਨ ਟਿਨੀਸਵੁੱਡ ਦੀ ਮੌਤ ਤੋਂ ਬਾਅਦ ਨੇਟੋ ਦਾ ਬ੍ਰਿਟੇਨ ਦੀ ਗਿਨੀਜ਼ ਵਰਲਡ ਬੁੱਕ ਆਫ਼ ਰਿਕਾਰਡਜ਼ ਵਿੱਚ ਨਾ ਦਰਜ ਹੋਇਆ।

ਜੌਹਨ ਦਾ 25 ਨਵੰਬਰ ਨੂੰ 112 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।

ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਵਿਅਕਤੀ ਜਾਪਾਨ ਦੀ ਟੋਮਿਕਾ ਇਟੂਕਾ ਹਨ, ਜਿਨ੍ਹਾਂ ਨੇ 116 ਸਾਲ ਦੀ ਉਮਰ ਭੋਗੀ।

ਉਨ੍ਹਾਂ ਨੂੰ ਵੀ ਅਗਸਤ ਵਿੱਚ ਹੀ "ਤਾਜ" ਪਹਿਨਾਇਆ ਗਿਆ ਸੀ।

ਦੋਵੇਂ ਹੀ ਸੈਂਟੇਨਰੀਅਨਜ਼ ਹਨ ਯਾਨਿ ਉਹ ਲੋਕ ਜੋ ਆਪਣੇ 100ਵੇਂ ਜਨਮਦਿਨ ਤੋਂ ਬਾਅਦ ਵੀ ਜਿਉਂਦੇ ਹਨ ਅਤੇ ਇਹ ਇੱਕ ਸਮੂਹ ਹੈ ਜੋ ਦੁਨੀਆ ਭਰ ਵਿੱਚ ਵਧ ਰਿਹਾ ਹੈ।

2030 ਤੱਕ ਕਰੀਬ 10 ਲੱਖ ਸੈਂਟੇਨਰੀਅਨਜ਼ ਹੋਣਗੇ

ਸੰਯੁਕਤ ਰਾਸ਼ਟਰ ਆਬਾਦੀ ਵਿਭਾਗ ਦਾ ਅੰਦਾਜ਼ਾ ਹੈ ਕਿ ਸਾਲ 2024 ਵਿੱਚ ਘੱਟੋ-ਘੱਟ 100 ਸਾਲ ਦੀ ਉਮਰ ਵਾਲੇ ਕਰੀਬ 5 ਲੱਖ 88 ਹਜ਼ਾਰ ਲੋਕ ਰਹਿ ਰਹੇ ਹਨ।

ਅੰਦਾਜ਼ਾ ਹੈ ਕਿ ਦਹਾਕੇ ਦੇ ਅੰਤ ਤੱਕ ਇਹ ਅੰਕੜਾ 10 ਲੱਖ ਤੱਕ ਪਹੁੰਚ ਸਕਦਾ ਹੈ।

ਸਾਲ 1990 ਵਿੱਚ ਸਿਰਫ਼ 92 ਹਜ਼ਾਰ ਲੋਕ ਹੀ ਸੈਂਟੇਨਰੀਅਨਜ਼ ਸਨ।

ਮਨੁੱਖਾਂ ਨੇ ਜੀਵਨ ਦੀ ਸੰਭਾਵਨਾ ਦੇ ਮਾਮਲੇ ਵਿੱਚ ਕਾਫੀ ਤਰੱਕੀ ਕੀਤੀ ਹੈ ਕਿਉਂਕਿ ਉਨ੍ਹਾਂ ਖੇਤਰਾਂ ਵਿੱਚ ਤਰੱਕੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਪੁਰਖਿਆਂ ਦੇ ਮੁਕਾਬਲੇ ਸਾਨੂੰ ਬਿਹਤਰ ਦਵਾਈਆਂ, ਭੋਜਨ ਅਤੇ ਰਹਿਣ ਦੀਆਂ ਸਥਿਤੀਆਂ ਮੁਹੱਈਆ ਕਰਵਾਈਆਂ ਹਨ।

1960 ਵਿੱਚ ਪੈਦਾ ਹੋਏ ਔਸਤ ਵਿਅਕਤੀ 52 ਸਾਲਾਂ ਦੇ ਆਸਪਾਸ ਰਹਿਣ ਦੀ ਉਮੀਦ ਕਰ ਸਕਦਾ ਹੈ।

ਇਹ ਉਹੀ ਸਾਲ ਸੀ ਜਦੋਂ ਸੰਯੁਕਤ ਰਾਸ਼ਟਰ ਨੇ ਜੀਵਨ ਸੰਭਾਵਨਾ 'ਤੇ ਗਲੋਬਲ ਡੇਟਾ ਰੱਖਣਾ ਸ਼ੁਰੂ ਕੀਤਾ ਸੀ।

ਛੇ ਦਹਾਕੇ ਬਾਅਦ, ਵਿਸ਼ਵ ਔਸਤਨ ਜੀਵਨ ਦੀ ਸੰਭਾਵਨਾ ਹੁਣ 73 ਸਾਲ ਹੋ ਗਈ ਹੈ ਅਤੇ ਸਯੁੰਕਤ ਰਾਸ਼ਟਰ ਦਾ ਅੰਦਾਜ਼ਾ ਹੈ ਕਿ ਇਹ ਸਾਲ 2050 ਤੱਕ ਇਹ 77 ਸਾਲ ਹੋ ਜਾਵੇਗੀ।

ਸੰਖੇਪ ਵਿੱਚ ਕਹੀਏ ਤਾਂ 100 ਸਾਲ ਤੱਕ ਜੀਣਾ ਕੋਈ ਛੋਟੀ ਉਪਲਬਧੀ ਨਹੀਂ ਹੈ। ਸਯੁੰਕਤ ਰਾਸ਼ਟਰ ਮੁਤਾਬਕ, ਪੂਰੀ ਦੁਨੀਆਂ ਦੀ ਆਬਾਦੀ ਵਿੱਚ ਸੈਂਟੇਨਰੀਅਨਜ਼ ਸਿਰਫ਼ 0.0007 ਫੀਸਦ ਹੈ।

ਵਿਗਿਆਨੀ ਦੀ ਚਿਤਾਵਨੀ ਹੈ ਕਿ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਲਈ ਤਿੰਨ ਅੰਕਾਂ ਵਾਲੀ ਉਮਰ ਤੱਕ ਜੀਣ ਦੀ ਸੰਭਵਾਨਾ ਘੱਟ ਹੈ।

ਫਰਾਂਸ ਨੈਸ਼ਨਲ ਇੰਸਟੀਚਿਊਟ ਆਫ ਡੈਮੇਗ੍ਰਾਫਿਕ ਸਟੱਡੀਜ਼ ਨੇ ਅੰਦਾਜ਼ਾ ਲਗਾਇਆ ਹੈ ਕਿ ਸਾਲ 2023 ਵਿੱਚ ਪੈਦਾ ਹੋਣ ਵਾਲੇ 2 ਫੀਸਦ ਤੋਂ ਵੀ ਘੱਟ ਮੁੰਡੇ ਅਤੇ 5 ਫੀਸਦ ਤੋਂ ਘੱਟ ਕੁੜੀਆਂ ਇੰਨੀ ਲੰਬੀ ਉਮਰ ਜੀ ਸਕਣਗੀਆਂ।

ਇਹ ਵੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਬੁਢਾਪੇ ਤੱਕ ਪਹੁੰਚਣ ਵਾਲੇ ਲੋਕ ਜ਼ਿਆਦਾਤਰ ਪੁਰਾਣੀਆਂ ਬਿਮਾਰੀਆਂ ਨਾਲ ਪੀੜਤ ਹੋਣਗੇ।

ਯੂਕੇ ਦੀ ਬਰਮਿੰਘਮ ਯੂਨੀਵਰਸਿਟੀ ਦੇ ਸੈੱਲ ਬਾਓਲੋਜੀ ਪ੍ਰੋਫੈਸਰ ਜੈਨਟ ਲੋਰਡ ਦਾ ਕਹਿਣਾ ਹੈ, "ਲੰਬੀ ਜ਼ਿੰਦਗੀ ਜੀਣਾ ਵਧੀਆ ਜ਼ਿੰਦਗੀ ਜੀਣ ਵਾਂਗ ਨਹੀਂ ਹੈ।"

ਪ੍ਰੋਫੈਸਰ ਲੋਰਡ ਸਮਝਾਉਂਦੇ ਹਨ ਕਿ ਔਸਤ, ਮਰਦ ਆਪਣੇ ਆਖ਼ਰੀ 16 ਸਾਲ ਸ਼ੂਗਰ ਤੋਂ ਲੈ ਕੇ ਡਿਮੈਂਸ਼ੀਆ ਤੱਕ ਦੀਆਂ ਸਥਿਤੀਆਂ ਨਾਲ ਨਜਿੱਠਣ ਵਿੱਚ ਬਿਤਾਉਂਦੇ ਹਨ ਅਤੇ ਉੱਥੇ ਹੀ ਔਰਤਾਂ ਲਈ ਇਹ ਅੰਕੜਾ 19 ਸਾਲ ਹੈ।

ਕੀ ਹੈ 'ਸੁਪਰਸੈਂਟੇਨਰੀਅਨਜ਼' ਦਾ ਰਾਜ਼?

ਜੇਕਰ 100 ਤੱਕ ਪਹੁੰਚਣਾ ਔਖਾ ਹੈ, ਤਾਂ ਹੋਰ ਅੱਗੇ ਜਾਣਾ ਹੋਰ ਵੀ ਔਖਾ ਹੈ।

ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਵੱਲੋਂ ਕੀਤੇ ਗਏ ਲੰਬੇ ਅਧਿਐਨ ਵਿੱਚ ਅੰਦਾਜ਼ਾ ਲਗਾਇਆ ਗਿਆ ਹੈ ਕਿ 50 ਲੱਖ ਅਮਰੀਕੀਆਂ ਵਿੱਚੋਂ ਸਿਰਫ਼ ਇੱਕ ਹੀ ਸੁਪਰਸੈਂਟੇਨੇਰੀਅਨ ਪੜਾਅ 'ਤੇ ਪਹੁੰਚਦਾ ਹੈ ਅਤੇ ਘੱਟੋ-ਘੱਟ 110 ਸਾਲ ਜਿਉਂਦਾ ਹੈ।

ਯੂਐੱਸ ਮਰਦਮਸ਼ੁਮਾਰੀ ਦੇ ਅੰਕੜੇ ਦਰਸਾਉਂਦੇ ਹਨ ਕਿ ਇਸ ਮਗਰੋਂ, 100 ਜਾਂ ਇਸ ਤੋਂ ਵੱਧ ਉਮਰ ਦੇ ਅਮਰੀਕੀਆਂ ਦੀ ਗਿਣਤੀ 2010 ਵਿੱਚ ਲਗਭਗ 50,000 ਤੋਂ ਵੱਧ ਕੇ 2020 ਵਿੱਚ 80,000 ਤੋਂ ਵੱਧ ਹੋ ਗਈ ਹੈ।

'ਸੁਪਰਸੈਂਟੇਨਰੀਅਨਜ਼' ਕੁਦਰਤੀ ਤੌਰ ʼਤੇ ਹੀ ਮਨੁੱਖੀ ਉਮਰ ʼਤੇ ਅਧਿਐਨ ਲਈ ਵਿਗਿਆਨੀਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ।

ਲੋਰਡ ਦਾ ਕਹਿਣਾ ਹੈ, "ਉਹ ਲੋਕ ਬੁਢਾਪੇ ਵਿੱਚ ਜ਼ਿਆਦਾਤਰ ਲੋਕਾਂ ਵਾਪਰਨ ਵਾਲੀਆਂ ਘਟਨਾਵਾਂ ਨੂੰ ਟਾਲ ਦਿੰਦੇ ਹਨ ਅਤੇ ਸਾਨੂੰ ਅਜੇ ਤੱਕ ਪੱਕਾ ਪਤਾ ਨਹੀਂ ਹੈ ਕਿ ਅਜਿਹਾ ਕਿਉਂ।"

ਲੰਬੀ ਉਮਰ ਦੇ ਨਾਲ-ਨਾਲ, ਸੁਪਰਸੈਂਟੇਨੇਰੀਅਨ ਆਪਣੀ ਉਮਰ ਦੇ ਮੁਕਾਬਲੇ ਚੰਗੀ ਸਿਹਤ ਲਈ ਵੀ ਜਾਣੇ ਜਾਂਦੇ ਹਨ।

ਸੁਪਰਸੈਂਟੇਨੀਅਨ ਦੀ ਦੇਖਭਾਲ ਕਰਨ ਵਾਲੀ ਇੱਕ ਨਰਸ ਅਲੇਲੂਆ ਟੇਕਸੀਰਾ ਦੇ ਅਨੁਸਾਰ ਨੇਟੋ ਨੂੰ ਘੱਟ ਨਜ਼ਰ ਤੋਂ ਇਲਾਵਾ, ਕੋਈ ਹੋਰ ਸਿਹਤ ਸਮੱਸਿਆ ਨਹੀਂ ਹਨ।

ਟੇਕਸੀਰਾ ਦਾ ਕਹਿਣਾ ਹੈ, "ਉਨ੍ਹਾਂ ਕਿਸੇ ਦਵਾਈ ਦੀ ਕੋਈ ਲੋੜ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਪਹਿਲਾਂ ਕਦੇ ਗੰਭੀਰ ਸਮੱਸਿਆ ਦਾ ਇਤਿਹਾਸ ਹੈ। ਇਹ 112 ਸਾਲ ਦੇ ਹਨ।"

ਉਮਰ ਸੰਬਧੀ ਮਾਹਰਾਂ ਨੂੰ ਹੋਰ ਵੀ ਵਧੇਰੇ ਹੈਰਾਨੀ ਇਸ ਗੱਲ ਨਾਲ ਹੈ ਕਿ 100 ਸਾਲ ਤੋਂ ਜਾਂ ਉਸ ਤੋਂ ਵਧ ਉਮਰ ਤੱਕ ਪਹੁੰਚਣ ਵਾਲੇ ਕੁਝ ਲੋਕ ਯਕੀਨੀ ਤੌਰ ʼਤੇ ਚੰਗੀ ਸਿਹਤ ਸਬੰਧ ਤੌਰ-ਤਰੀਕਿਆਂ ਦੇ ਆਦਰਸ਼ਕ ਨਹੀਂ ਹੁੰਦੇ।

ਹਾਲਾਂਕਿ, ਨੇਟੋ ਨੇ ਬਹੁਤ ਸਾਫ-ਸੁਥਰੀ ਜ਼ਿੰਦਗੀ ਜਿਉਂਦੇ ਹਨ ਅਤੇ ਉਨ੍ਹਾਂ ਦੇ ਵੱਡੇ ਪੁੱਤਰ ਮੁਤਾਬਕ ਸ਼ਰਾਬ ਤੋਂ ਦੂਰ ਰਹਿੰਦੇ ਸਨ ਜਦਕਿ ਹੋਰ ਸੁਪਰਸੈਂਟੇਰੀਅਨਜ਼ ਥੋੜ੍ਹੇ ਲਾਪਰਵਾਹ ਹੁੰਦੇ ਹਨ।

ਫਰਾਂਸ ਦੀ ਜੀਨ ਕੈਲਮੈਂਟ ਦੀ 1997 ਵਿੱਚ 122 ਸਾਲ ਦੀ ਉਮਰ ਵਿੱਚ ਮੌਤ ਹੋਈ ਸੀ ਅਤੇ ਅਧਿਕਾਰਤ ਤੌਰ 'ਤੇ 120 ਸਾਲ ਤੋਂ ਵੱਧ ਉਮਰ ਭੋਗਣ ਵਾਲੀ ਇਕਲੌਤੀ ਇਨਸਾਨ ਸੀ।

ਇੱਕ ਸਿਗਰਟ ਪੀਂਦੀ ਸੀ ਅਤੇ ਚੌਕਲੇਟ ਖਾਂਦੀ ਸੀ।

2011 ਵਿੱਚ ਜਰਨਲ ਆਫ਼ ਦਿ ਅਮੈਰੀਕਨ ਜੈਰੀਐਟ੍ਰਿਕ ਸੁਸਾਇਟੀ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ 95 ਸਾਲ ਜਾਂ ਇਸ ਤੋਂ ਵੱਧ ਉਮਰ ਦੇ 400 ਤੋਂ ਵੱਧ ਯੂਐੱਸ ਯਹੂਦੀਆਂ ਉੱਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਬੁਰੀਆਂ ਆਦਤਾਂ ਦੀ ਭਰਮਾਰ ਪਾਈ ਗਈ ਸੀ।

ਉਨ੍ਹਾਂ ਵਿੱਚੋਂ 60 ਫੀਸਦ ਵਧੇਰੇ ਸਿਗਰਟਨੋਸ਼ੀ ਕਰਦੇ ਸਨ, ਉਨ੍ਹਾਂ ਵਿੱਚੋਂ ਅੱਧੇ ਆਪਣੇ ਜੀਵਨ ਵਿੱਚ ਮੁਟਾਪੇ ਦੇ ਸ਼ਿਕਾਰ ਸਨ ਅਤੇ ਸਿਰਫ਼ 3 ਫੀਸਦ ਲੋਕ ਸ਼ਾਕਾਹਾਰੀ ਸਨ, ਇਸ ਤੋਂ ਇਲਾਵਾ ਇੱਕ ਹੋਰ ਹੈਰਾਨ ਕਰਨ ਵਾਲੇ ਤੱਥ ਸੀ ਕਿ ਜ਼ਿਆਦਾਤਰ ਲੋਕ ਕਸਰਤ ਵੀ ਨਹੀਂ ਕਰਦੇ ਸਨ।

ਯੂਕੇ ਦੀ ਬ੍ਰਾਇਟਨ ਯੂਨੀਵਰਸਿਟੀ ਦੇ ਬਾਇਓਜੀਰੋਨਟੋਲੋਜੀ ਦੇ ਪ੍ਰੋਫੈਸਰ ਅਤੇ ਬੁਢਾਪੇ ਦੇ ਅਧਿਐਨ ਵਿੱਚ ਇੱਕ ਪ੍ਰਮੁੱਖ ਮਾਹਰ ਰਿਚਰਡ ਫਰਾਗਰ ਕਹਿੰਦੇ ਹਨ, "ਸਭ ਤੋਂ ਪਹਿਲਾਂ ਸਾਨੂੰ ਲੰਬੇ ਸਮੇਂ ਤੱਕ ਜਿਉਣ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਸੈਂਟੇਨਰੀਅਨ ਜਾਂ ਸੁਪਰਸੈਂਟੇਨੇਰੀਅਨਾਂ ਤੋਂ ਜੀਵਨਸ਼ੈਲੀ ਦੇ ਸੁਝਾਅ ਨਾ ਲੈਣ।"

ਫਰਾਗਰ ਅੱਗੇ ਕਹਿੰਦੇ ਹਨ, "ਉਨ੍ਹਾਂ ਬਾਰੇ ਕੁਝ ਕੁਦਰਤੀ ਤੌਰ 'ਤੇ ਆਸਾਧਰਣ ਹੈ ਕਿਉਂਕਿ ਉਹ ਬਿਲਕੁਲ ਉਹੀ ਕਰਦੇ ਹਨ ਜੋ ਅਸੀਂ ਜਾਣਦੇ ਹਾਂ ਕਿ ਕਿਸੇ ਨੂੰ ਲੰਬੇ ਸਮੇਂ ਤੱਕ ਜਿਉਣ ਵਿੱਚ ਮਦਦ ਦੇ ਉਲਟ ਹੈ।"

ਵਿਗਿਆਨੀਆਂ ਨੂੰ ਸ਼ੱਕ ਹੈ ਕਿ ਇਸ ਲੰਬੀ ਉਮਰ ਵਿੱਚ ਜੈਨੇਟਿਕਸ ਦੀ ਵੱਡੀ ਭੂਮਿਕਾ ਹੈ।

ਸੈਂਟੇਨਰੀਅਨ (ਅਤੇ ਸੁਪਰਸੈਂਟੇਨੇਰੀਅਨ) ਆਪਣੇ-ਆਪ ਨੂੰ ਟੁੱਟ-ਭੱਜ ਤੋਂ ਬਚਾਉਣ ਦੇ ਯੋਗ ਜਾਪਦੇ ਹਨ ਜੋ ਸਮੇਂ ਦੇ ਬੀਤਣ ਨਾਲ ਨੌਜਵਾਨਾਂ ਪ੍ਰਭਾਵਿਤ ਕਰਦੇ ਹਨ। ਉਹ ਸਿਹਤ ਸਬੰਧ ਉਨ੍ਹਾਂ ਆਦਤਾਂ ਨੂੰ ਵੀ ਸਹਿਣ ਦੇ ਯੋਗ ਹੁੰਦੇ ਹਨ, ਜਿਨ੍ਹਾਂ ਕਾਰਨ ਸਾਡੇ ਵਿੱਚੋਂ ਵਧੇਰੇ ਲੋਕ ਕਬਰ ਤੱਕ ਪਹੁੰਚ ਜਾਂਦੇ ਹਨ।

ਕੀ ਅਸੀਂ ਹੋਰ ਵੀ ਬੁੱਢੇ ਹੋ ਸਕਦੇ ਹਾਂ?

ਉਮਰ ਨੂੰ 100 ਤੱਕ ਪਹੁੰਚਾਉਣ ਵਾਲੇ ਲੋਕਾਂ ਦੀ ਵੱਧ ਰਹੀ ਗਿਣਤੀ ਨੇ ਵਿਗਿਆਨੀਆਂ ਨੂੰ ਇਹ ਪੁੱਛਣ ਲਈ ਪ੍ਰੇਰਿਤ ਕੀਤਾ ਹੈ ਕਿ ਕੀ ਮਨੁੱਖੀ ਲੰਬੀ ਉਮਰ ਦੀਆਂ ਸੀਮਾਵਾਂ ਵੱਧ ਜਾਣਗੀਆਂ।

ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਦੇ ਖੋਜਕਾਰ ਦਾਅਵਾ ਕਰਦੇ ਹਨ ਕਿ ਇਸ ਸਦੀ ਵਿੱਚ ਬਹੁਤ ਲੰਬੀ ਉਮਰ ਨਵੀਆਂ ਉਚਾਈਆਂ ਤੱਕ ਪਹੁੰਚ ਜਾਵੇਗੀ ਅਤੇ ਸੰਭਵ ਤੌਰ 'ਤੇ ਅਜਿਹੇ ਕੇਸ ਹੋਣਗੇ ਜਦੋਂ ਲੋਕ ਆਪਣੇ ਜਨਮ ਦਿਨ ਦੇ ਕੇਕ 'ਤੇ 125 ਜਾਂ 130 ਮੋਮਬੱਤੀਆਂ ਵੀ ਜਗਾਉਣਗੇ।

ਅਧਿਐਨ ਅੰਕੜਾ ਵਿਗਿਆਨੀ ਅਤੇ ਸਹਿ-ਲੇਖਕ ਮਾਈਕਲ ਪੀਅਰਸ ਦਲੀਲ ਦਿੰਦੇ ਹਨ, "ਸਾਡਾ ਮੰਨਣਾ ਹੈ ਕਿ ਇਹ ਲਗਭਗ ਤੈਅ ਹੈ ਕਿ ਮਨੁੱਖ 2100 ਤੱਕ ਮੌਜੂਦਾ ਉਮਰ ਦੇ ਰਿਕਾਰਡ ਨੂੰ ਤੋੜ ਦੇਵੇਗਾ ਅਤੇ ਇਹ ਵੀ ਸੰਭਵ ਹੈ ਕਿ ਕੋਈ 126, 128 ਜਾਂ 130 ਸਾਲ ਤੱਕ ਜੀ ਸਕਦਾ ਹੈ।"

ਪੀਅਰਸ ਅਤੇ ਪ੍ਰੋਫੈਸਰ ਐਡਰੀਅਨ ਰਾਫਟਰੀ ਨੇ ਅਗਲੇ ਦਹਾਕਿਆਂ ਲਈ ਲੰਬੀ ਉਮਰ ਦੀਆਂ ਸੀਮਾਵਾਂ ਦੀ ਨਕਲ ਕਰਨ ਲਈ ਲੰਬੀ ਉਮਰ 'ਤੇ ਕੌਮਾਂਤਰੀ ਡੇਟਾਬੇਸ ਦੀ ਵਰਤੋਂ ਕੀਤੀ।

ਉਨ੍ਹਾਂ ਨੇ ਸਿੱਟਾ ਕੱਢਿਆ ਕਿ ਕੈਲਮੇਟ ਦੇ ਰਿਕਾਰਡ ਦੇ ਟੁੱਟਣ ਦੀ ਲਗਭਗ 100 ਫੀਸਦ ਸੰਭਾਵਨਾ ਹੈ ਅਤੇ 68 ਫੀਸਦ ਸੰਭਾਵਨਾ ਹੈ ਕਿ ਕੋਈ ਆਪਣਾ 127ਵਾਂ ਜਨਮਦਿਨ ਵੀ ਮਨਾਏਗਾ।

ਔਰਤ ਹੋਣਾ ਵੀ ਸਹਾਇਕ ਹੁੰਦਾ ਹੈ, 9 ਸਤੰਬਰ 2024 ਤੱਕ ਦੁਨੀਆਂ ਦੇ 50 ਵਿੱਚੋਂ 50 ਸਭ ਤੋਂ ਬਜ਼ੁਰਗ ਜੀਵਤ ਵਿਅਕਤੀ ਔਰਤਾਂ ਹੀ ਹਨ ਜਦਕਿ ਨੇਟੋ 54ਵੇਂ ਸਥਾਨ ʼਤੇ ਸਨ।

ਹਾਲਾਂਕਿ, ਅਜਿਹੇ ਵਿੱਚ ਕਈ ਸਵਾਲ ਹਨ ਜਿਨ੍ਹਾਂ ਦਾ ਉੱਤਰ ਵਿਗਿਆਨ ਨੂੰ ਅਜੇ ਵੀ ਉਮਰ ਵਧਣ ਦੇ ਖੇਡ ਨੂੰ ਪੂਰੀ ਤਰ੍ਹਾਂ ਨਾਲ ਸਮਝਣ ਲਈ ਦੇਣਾ ਹੋਵੇਗਾ।

ਕਿੰਗਜ਼ ਕਾਲਜ ਲੰਡਨ ਦੇ ਏਜਿੰਗ ਰਿਸਰਚ ਦੇ ਨਿਰਦੇਸ਼ਕ ਡਾਕਟਰ ਰਿਚਰਡ ਸੀਓ ਵਰਗੇ ਮਾਹਿਰਾਂ ਦਾ ਮੰਨਣਾ ਹੈ ਕਿ ਵਧਦੀ ਉਮਰ ਦੇ ਵਿਸ਼ਵ ਵਿਆਪੀ ਆਬਾਦੀ ਦੇ ਨਾਲ ਜੀਵਨ ਦੀ ਗੁਣਵੱਤਾ ਨੂੰ ਸੰਬੋਧਿਤ ਕਰਨ ਲਈ ਇਹ ਮਹੱਤਵਪੂਰਨ ਸਮਝ ਹੈ।

ਸੰਯੁਕਤ ਰਾਸ਼ਟਰ ਅੰਦਾਜ਼ਾ ਹੈ ਕਿ ਦੁਨੀਆਂ ਵਿੱਚ ਪਹਿਲਾਂ ਹੀ 5 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਤੁਲਨਾ ਵਿੱਚ 65 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕ ਜ਼ਿਆਦਾ ਹਨ।

ਸੀਓ ਦੱਸਦੇ ਹਨ, "ਸਭ ਤੋਂ ਵੱਡਾ ਸਵਾਲ ਇਹ ਨਹੀਂ ਹੈ ਕਿ ਅਸੀਂ ਕਿੰਨੀ ਲੰਬੀ ਉਮਰ ਤੱਕ ਜ਼ਿੰਦਾ ਰਹਿ ਸਕਦੇ ਹਾਂ ਬਲਕਿ ਇਹ ਹੈ ਕਿ ਅਸੀਂ ਉਮਰ ਨਾਲ ਸਬੰਧਤ ਗਿਰਾਵਟ ਦੀ ਸ਼ੁਰੂਆਤ ਨੂੰ ਕਿਵੇਂ ਟਾਲ ਸਕਦੇ ਹਾਂ ਅਤੇ ਹੁਣ ਦੀ ਤੁਲਨਾ ਵਿੱਚ ਵਧੇਰੇ ਸਮੇ ਤੱਕ ਸਿਹਤਮੰਦ ਕਿਵੇਂ ਰਹਿ ਸਕਦੇ ਹਾਂ।"

"ਇਸੇ ਤਰ੍ਹਾਂ ਜੇਕਰ ਅਸੀਂ ਬੁਢਾਪੇ ਤੱਕ ਪਹੁੰਚਣ ਲਈ ਕਿਸਮਤ ਵਾਲੇ ਹੁੰਦੇ ਹਾਂ ਤਾਂ ਅਸੀਂ ਉਨ੍ਹਾਂ ਸਾਲਾਂ ਦਾ ਆਨੰਦ ਲੈ ਸਕਦੇ ਹਾਂ ਨਾ ਕਿ ਉਨ੍ਹਾਂ ਭੁਗਤਣਾ ਪਵੇ।"

ਵਧੇਰੇ ਰਿਪੋਟਿੰਗ ਜੋਸੁ ਸੀਕਸਸ, ਬੀਬੀਸੀ ਨਿਊਜ਼ ਬ੍ਰਾਜ਼ੀਲ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)